ਧਰਤੀ ਅਤੇ ਲੋਕਾਂ ਦੀ ਸਿਹਤ ਨੂੰ ਕਿਵੇਂ ਬਚਾਇਆ ਜਾਵੇ?

ਡਾ. ਗੁਰਿੰਦਰ ਕੌਰ*
ਫੋਨ: 408-493-9776
ਯੂਨਾਈਟਿਡ ਨੇਸ਼ਨਜ਼ ਦੀ ਗਲੋਬਲ ਇਨਵਾਇਰਨਮੈਂਟਲ ਆਊਟਲੁਕ ਦੀ ਛੇਵੀਂ ਰਿਪੋਰਟ ‘ਸਿਹਤਮੰਦ ਗ੍ਰਹਿ, ਸਿਹਤਮੰਦ ਲੋਕ’ ਦੇ ਸਿਰਲੇਖ ਹੇਠ ਮਾਰਚ 2019 ਵਿਚ ਛਪੀ ਹੈ। ਇਸ ਰਿਪੋਰਟ ਵਿਚ ਵਿਗਿਆਨੀਆਂ ਨੇ ਧਰਤੀ ਉਪਰਲੇ ਵਾਤਾਵਰਣ ਵਿਚ ਮਨੁੱਖੀ ਗਤੀਵਿਧੀਆਂ ਕਾਰਨ ਆ ਰਹੀਆਂ ਅਣਕਿਆਸੀਆਂ ਤਬਦੀਲੀਆਂ ਅਤੇ ਉਨ੍ਹਾਂ ਨਾਲ ਪੈਦਾ ਹੋਏ ਵਿਗਾੜਾਂ ਬਾਰੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਧਰਤੀ ਗ੍ਰਹਿ ਅਤੇ ਇਸ ‘ਤੇ ਵਿਚਰ ਰਹੇ ਹਰ ਪ੍ਰਕਾਰ ਦੇ ਜੈਵਿਕਾਂ ਦੀ ਹੋਂਦ ਤੇ ਉਨ੍ਹਾਂ ਦੇ ਸਿਹਤਮੰਦ ਜੀਵਨ ਲਈ ਛੇਤੀ ਛੇਤੀ ਉਪਰਾਲੇ ਕਰਨ ਲਈ ਪੁਰਜ਼ੋਰ ਸਿਫਾਰਸ਼ ਕੀਤੀ ਹੈ। ਇਸ ਰਿਪੋਰਟ ਵਿਚਲੇ ਨਤੀਜੇ ਵਿਗਿਆਨੀਆਂ ਦੀਆਂ ਦੁਨੀਆਂ ਦੇ ਵੱਖ ਵੱਖ ਖੇਤਰਾਂ ਵਿਚ ਕੀਤੀਆਂ ਗਈਆਂ ਖੋਜਾਂ ਉਤੇ ਆਧਾਰਿਤ ਹਨ।

ਰਿਪੋਰਟ ਵਿਚ ਧਰਤੀ ਅਤੇ ਲੋਕਾਂ ਦੀ ਸਿਹਤ ਦੀ ਮੌਜੂਦਾ ਸਥਿਤੀ, ਧਰਤੀ ਦੇ ਵਾਤਾਵਰਣ ਵਿਚ ਆਏ ਵਿਗਾੜਾਂ ਕਾਰਨ ਲੋਕਾਂ ਦੇ ਰਹਿਣ-ਸਹਿਣ ਅਤੇ ਹੋਰ ਜੈਵਿਕਾਂ ਦੀ ਜ਼ਿੰਦਗੀ ‘ਤੇ ਪੈ ਰਹੇ ਪ੍ਰਭਾਵਾਂ ਦਾ ਵੀ ਵਿਸਥਾਰਪੂਰਕ ਅਧਿਐਨ ਕੀਤਾ ਗਿਆ ਹੈ। ਰਿਪੋਰਟ ਵਿਚ ਧਰਤੀ ਉਪਰਲੇ ਹਰ ਤਰ੍ਹਾਂ ਦੇ ਈਕੋਸਿਸਟਮ ਵਿਚ ਆ ਰਹੇ ਵਿਗਾੜਾਂ ਦੇ ਕਾਰਨਾਂ, ਕਾਰਕਾਂ ਅਤੇ ਉਨ੍ਹਾਂ ਦੇ ਚੰਗੇ ਤੇ ਮਾੜੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕਰਦਿਆਂ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਸੁਝਾਅ ਵੀ ਦਿੱਤੇ ਗਏ ਹਨ।
ਰਿਪੋਰਟ ਅਨੁਸਾਰ ਧਰਤੀ ਦੀ ਸਿਹਤ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਕਾਰਕ ਅਤੇ ਕਾਰਨ ਤੇਜ਼ੀ ਨਾਲ ਵਧਦੀ ਮਨੁੱਖੀ ਆਬਾਦੀ, ਸ਼ਹਿਰੀਕਰਣ, ਆਰਥਕ ਵਿਕਾਸ, ਤਕਨੀਕੀ ਉਨਤੀ ਅਤੇ ਮੌਸਮੀ ਤਬਦੀਲੀਆਂ ਹਨ। 1955 ਵਿਚ ਦੁਨੀਆਂ ਦੀ ਆਬਾਦੀ ਸਿਰਫ 2.7 ਬਿਲੀਅਨ ਸੀ, ਜੋ 2019 ਤੱਕ (5 ਬਿਲੀਅਨ ਵਧ ਕੇ) 7.7 ਬਿਲੀਅਨ ਹੋ ਗਈ ਹੈ ਅਤੇ ਇਸੇ ਸਮੇਂ ਵਿਚ ਸ਼ਹਿਰੀ ਆਬਾਦੀ 32% ਤੋਂ ਵਧ ਕੇ 50% ਹੋ ਗਈ। ਇਸ ਵਧਦੀ ਹੋਈ ਆਬਾਦੀ ਲਈ ਰਹਿਣ ਲਈ ਥਾਂ, ਖਾਣ ਲਈ ਅਨਾਜ ਅਤੇ ਜ਼ਿੰਦਗੀ ਦੀਆਂ ਹੋਰ ਲੋੜਾਂ ਪੂਰੀਆਂ ਕਰਨ ਲਈ ਹੌਲੀ ਹੌਲੀ ਜੰਗਲ ਤੇ ਹੋਰ ਬਨਸਪਤੀ ਤੇਜ਼ੀ ਨਾਲ ਵੱਢੇ ਜਾਣ ਲੱਗੇ। ਵੱਧ ਅਨਾਜ ਉਗਾਉਣ ਲਈ ਰਸਾਇਣਕ ਖਾਦਾਂ, ਕੀੜੇ-ਮਾਰ ਦਵਾਈਆਂ, ਧਰਤੀ ਹੇਠਲੇ ਪਾਣੀ ਦੀ ਵੱਧ ਵਰਤੋਂ ਆਦਿ ਨਾਲ ਹਰ ਤਰ੍ਹਾਂ ਦੇ ਈਕੋਸਿਸਟਮ ਗੜਬੜਾ ਗਏ। ਧਰਤੀ ਉਤੇ ਹਰ ਤਰ੍ਹਾਂ ਦੇ ਜੀਵਨ ਲਈ ਇਕ ਸੰਤੁਲਿਤ ਈਕੋਸਿਸਟਮ ਚਾਹੀਦਾ ਹੈ, ਜਿਸ ਵਿਚ ਅਜੈਵਿਕ (ਹਵਾ, ਪਾਣੀ, ਮਿੱਟੀ, ਖਣਿਜ ਆਦਿ) ਅਤੇ ਜੈਵਿਕ (ਬਨਸਪਤੀ, ਪਸੂ-ਪੰਛੀ, ਕੀੜੇ-ਮਕੌੜੇ, ਮਨੁੱਖ) ਤੱਤ ਕ੍ਰਮਬੱਧ ਤਰੀਕੇ ਨਾਲ ਕੰਮ ਕਰਦੇ ਹਨ। ਇਨ੍ਹਾਂ ਵਿਚੋਂ ਜੇ ਕਿਸੇ ਇਕ ਵੀ ਤੱਤ ਵਿਚ ਵਿਗਾੜ ਪੈਦਾ ਹੋ ਜਾਵੇ ਤਾਂ ਉਹ ਵਿਗਾੜ ਦੂਜੇ ਤੱਤ ਨੂੰ ਪ੍ਰਭਾਵਿਤ ਕਰ ਦਿੰਦਾ ਹੈ ਅਤੇ ਦੂਜਾ ਤੀਜੇ ਨੂੰ, ਤੀਜਾ ਚੌਥੇ ਨੂੰ। ਇੰਜ ਉਸ ਈਕੋਸਿਸਟਮ ਦੇ ਸਾਰੇ ਤੱਤ ਪ੍ਰਭਾਵਿਤ ਹੋ ਜਾਂਦੇ ਹਨ ਅਤੇ ਉਸ ਦਾ ਸੰਤੁਲਨ ਵਿਗੜ ਜਾਂਦਾ ਹੈ। ਜੰਗਲਾਂ ਦੇ ਥੱਲੇ ਰਕਬਾ ਘਟਣ ਨੇ ਜ਼ਿੰਦਗੀ ਦੀਆਂ ਮੁਢਲੀਆਂ ਲੋੜਾਂ ਹਵਾ, ਤਾਜੇ ਤੇ ਸਮੁੰਦਰੀ ਪਾਣੀ, ਜੰਗਲ, ਜ਼ਮੀਨ, ਖਣਿਜਾਂ, ਜੀਵ-ਵਿਭਿੰਨਤਾ ਆਦਿ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ।
ਨਤੀਜੇ ਵਜੋਂ ਧਰਤੀ ਦੀ ਸਿਹਤ ਖਰਾਬ ਹੋਣੀ ਸ਼ੁਰੂ ਹੋ ਗਈ, ਜਿਸ ਦਾ ਭਾਵ ਹੈ ਕਿ ਵਾਤਾਵਰਣ ਵਿਚ ਵਿਗਾੜ ਆਉਣੇ ਸ਼ੁਰੂ ਹੋ ਗਏ ਅਤੇ ਵਿਗਾੜਾਂ ਨੇ ਮਨੁੱਖੀ ਜ਼ਿੰਦਗੀ ਨੂੰ ਨਵੀਂਆਂ ਬਿਮਾਰੀਆਂ ਵੱਲ ਧੱਕਣਾ ਸ਼ੁਰੂ ਕਰ ਦਿੱਤਾ। ਵਾਤਾਵਰਣ ਵਿਚ ਕਾਰਬਨਡਾਈਆਕਸਾਈਡ ਦੀ ਮਾਤਰਾ ਵਧ ਗਈ ਹੈ, ਜੋ ਤਾਪਮਾਨ ਵਿਚ ਵਾਧਾ ਕਰਨ ਵਾਲੀ ਮੁੱਖ ਗੈਸ ਹੈ। ਇਸ ਦੇ ਨਾਲ ਸ਼ਹਿਰੀਕਰਣ, ਆਰਥਕ ਵਿਕਾਸ ਅਤੇ ਤਕਨੀਕੀ ਉਨਤੀ ਨਾਲ ਵੀ ਵਾਤਾਵਰਣ ‘ਚ ਤਾਪਮਾਨ ਵਧਾਉਣ ਵਾਲੀਆਂ ਗੈਸਾਂ ਦੀ ਵੀ ਮਾਤਰਾ ਵਧਣ ਨਾਲ, ਧਰਤੀ ਦੇ ਔਸਤ ਤਾਪਮਾਨ ਵਿਚ ਉਦਯੋਗਿਕ ਇਨਕਲਾਬ ਦੇ ਸਮੇਂ ਦੇ ਔਸਤ ਤਾਪਮਾਨ ਤੋਂ ਹੁਣ ਤੱਕ ਇਕ ਡਿਗਰੀ ਸੈਲਸੀਅਸ ਦਾ ਵਾਧਾ ਹੋ ਗਿਆ ਹੈ। ਇਸ ਨਾਲ ਧਰੁਵਾਂ ਤੋਂ ਬਰਫ ਪਿਘਲਣ ਨਾਲ ਸਮੁੰਦਰ ਜਲ ਪੱਧਰ ਉਚਾ ਹੋਣ ਨਾਲ ਦੁਨੀਆਂ ਵਿਚ ਸਮੁੰਦਰੀ ਤੂਫਾਨਾਂ ਅਤੇ ਚੱਕਰਵਾਤਾਂ ਦੀ ਆਮਦ, ਸੁਨਾਮੀਆਂ, ਗਰਮੀ ਤੇ ਸਰਦੀ ਅਤੇ ਹੜ੍ਹਾਂ ਤੇ ਸੋਕੇ ਦੀਆਂ ਘਟਨਾਵਾਂ ਵਿਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।
ਰਿਪੋਰਟ ਵਿਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਦੁਨੀਆਂ ਦੀ ਉਪਰਲੀ 10% ਅਮੀਰ ਆਬਾਦੀ ਕੁੱਲ ਗਰੀਨ ਹਾਊਸ ਗੈਸਾਂ ਦਾ 50% ਨਿਕਾਸ ਕਰਦੀ ਹੈ, ਜਦਕਿ ਹੇਠਲੇ ਤਬਕੇ ਦੀ 50% ਗਰੀਬ ਆਬਾਦੀ ਸਿਰਫ 13% ਨਿਕਾਸ ਕਰਦੀ ਹੈ, ਪਰ ਇਨ੍ਹਾਂ ਗੈਸਾਂ ਦੀ ਨਿਕਾਸੀ ਦੀ ਵੱਧ ਮਾਰ ਇਸ ਗਰੀਬ ਆਬਾਦੀ ਨੂੰ ਹੀ ਪੈਂਦੀ ਹੈ। ਆਰਥਕ ਵਿਕਾਸ ਦੇ ਨਾਂ ‘ਤੇ ਪੈਦਾ ਹੋਏ ਹਵਾ ਦੇ ਪ੍ਰਦੂਸ਼ਣ ਕਾਰਨ ਹਰ ਸਾਲ 7 ਮਿਲੀਅਨ ਲੋਕ ਸਮੇਂ ਤੋਂ ਪਹਿਲਾਂ ਮਰ ਜਾਂਦੇ ਹਨ ਅਤੇ 10 ਵਿਚੋਂ 9 ਲੋਕ, ਡਬਲਿਓ. ਐਚ. ਓ. ਦੀ ਰਿਪੋਰਟ ਅਨੁਸਾਰ ਪ੍ਰਦੂਸ਼ਿਤ ਹਵਾ ਵਿਚ ਸਾਹ ਲੈਂਦੇ ਹਨ, ਜਿਸ ਨਾਲ ਦਮੇ, ਖੰਘ, ਕੈਂਸਰ ਆਦਿ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ। ਨਤੀਜੇ ਵਜੋਂ ਹਰ ਸਾਲ 5 ਟ੍ਰਿਲੀਅਨ ਅਮਰੀਕੀ ਡਾਲਰ ਦਾ ਨੁਕਸਾਨ ਹੁੰਦਾ ਹੈ।
ਇਸ ਤੋਂ ਇਲਾਵਾ ਕੁਦਰਤੀ ਆਫਤਾਂ ਨਾਲ ਹਰ ਸਾਲ 90,000 ਲੋਕ ਮਰ ਜਾਂਦੇ ਹਨ ਅਤੇ ਲਗਭਗ 160 ਮਿਲੀਅਨ ਲੋਕ ਇਨ੍ਹਾਂ ਆਫਤਾਂ ਦੀ ਮਾਰ ਝੱਲਦੇ ਹਨ ਤੇ ਧਰਤੀ ਹੇਠਲੇ ਪਾਣੀ ਦੀ ਥੁੜ੍ਹ ਵਾਲੇ ਇਲਾਕਿਆਂ ਵਿਚ ਰਹਿੰਦੇ ਹਨ। ‘ਬਨੀਥ ਦਿ ਸਰਫੇਸ ਦਿ ਸਟੇਟ ਆਫ ਦਿ ਵਰਲਡ’ਜ਼ ਵਾਟਰ 2019’ ਨਾਂ ਦੀ ਰਿਪੋਰਟ ਅਨੁਸਾਰ ਜੇ ਪਾਣੀ ਦੀ ਵਰਤੋਂ ਹੁਣ ਵਾਲੇ ਹਿਸਾਬ ਨਾਲ ਹੀ ਕੀਤੀ ਜਾਂਦੀ ਰਹੀ ਤਾਂ ਇਨ੍ਹਾਂ ਲੋਕਾਂ ਦੀ ਗਿਣਤੀ 5 ਬਿਲੀਅਨ ਹੋ ਜਾਵੇਗੀ। ਇਕ ਹੋਰ ਰਿਪੋਰਟ ਅਨੁਸਾਰ 2040 ਤਕ ਦੁਨੀਆਂ ਦੇ 33 ਮੁਲਕਾਂ ਨੂੰ ਪਾਣੀ ਦੀ ਅੱਤ ਦਰਜੇ ਦੀ ਘਾਟ ਦਾ ਸਾਹਮਣਾ ਕਰਨਾ ਪਵੇਗਾ। ਦੁਨੀਆਂ ਭਰ ਦੇ ਦਰਿਆਵਾਂ, ਝੀਲਾਂ ਅਤੇ ਹੋਰ ਤਾਜ਼ੇ ਪਾਣੀ ਦੇ ਸਰੋਤਾਂ ਵਿਚ ਹਰ ਰੋਜ਼ 2 ਮਿਲੀਅਨ ਟਨ ਮਨੁੱਖੀ ਮਲ-ਮੂਤਰ, ਉਦਯੋਗਾਂ ਅਤੇ ਖੇਤੀਬਾੜੀ ਤੋਂ ਪੈਦਾ ਹੋਇਆ ਕਚਰਾ ਅਤੇ ਰਸਾਇਣ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਇਨ੍ਹਾਂ ਸਰੋਤਾਂ ਦਾ ਜਲਪ੍ਰਦੂਸ਼ਿਤ ਹੋ ਗਿਆ ਹੈ। ਤਾਜ਼ੇ ਪੀਣ ਵਾਲੇ ਪਾਣੀ ਦੀ ਘਾਟ ਹੋਣ ਕਰਕੇ ਲਗਭਗ 2 ਬਿਲੀਅਨ ਲੋਕਾਂ ਨੂੰ ਇਸ ਤਰ੍ਹਾਂ ਦਾ ਪ੍ਰਦੂਸ਼ਿਤ ਪਾਣੀ ਪੀਣਾ ਪੈਂਦਾ ਹੈ, ਜਿਸ ਨਾਲ ਹੈਜਾ, ਟਾਈਫਾਇਡ, ਬਦਹਜ਼ਮੀ ਅਤੇ ਪੀਲੀਏ ਵਰਗੀਆਂ ਬਿਮਾਰੀਆਂ ਨਾਲ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਹਰ ਰੋਜ਼ ਲਗਭਗ 5 ਸਾਲ ਤੋਂ ਛੋਟੀ ਉਮਰ ਦੇ 700 ਬੱਚੇ ਪ੍ਰਦੂਸ਼ਿਤ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਨਾਲ ਮਰ ਜਾਂਦੇ ਹਨ। ਜੇ ਪਾਣੀ ਦੀ ਦੁਰਵਰਤੋਂ ਹੁਣ ਵਾਲੇ ਹਿਸਾਬ ਨਾਲ ਹੀ ਹੁੰਦੀ ਰਹੀ ਤਾਂ ਸੰਨ 2030 ਤੱਕ 700 ਮਿਲੀਅਨ ਲੋਕਾਂ ਨੂੰ ਪਾਣੀ ਦੀ ਘਾਟ ਕਾਰਨ ਆਪਣਾ ਘਰ-ਬਾਰ ਛੱਡਣਾ ਪੈ ਸਕਦਾ ਹੈ।
ਹਵਾ, ਪਾਣੀ ਅਤੇ ਜ਼ਮੀਨ ਦੇ ਪ੍ਰਦੂਸ਼ਣ ਦੇ ਨਾਲ ਨਾਲ ਜੰਗਲਾਂ ਅਤੇ ਜਲਗਾਹਾਂ ਦਾ ਰਕਬਾ ਘਟਣ ਕਾਰਨ 14 ਈਕੋਸਿਸਟਮਾਂ ਵਿਚੋਂ 10 ਦੀ ਹੋਂਦ ਖਤਰੇ ਵਿਚ ਹੈ, ਜਿਸ ਨਾਲ ਜੀਵ-ਵਿਭਿੰਨਤਾ ਤੇਜ਼ੀ ਨਾਲ ਘਟਦੀ ਜਾ ਰਹੀ ਹੈ। ਧਰਤੀ ਉਤੇ ਰਹਿਣ ਵਾਲੇ ਬਿਨਾ ਰੀੜ ਦੀ ਹੱਡੀ ਵਾਲੇ ਜੈਵਿਕਾ ਦੀ 42%; ਦਰਿਆਵਾਂ, ਝੀਲਾਂ ਅਤੇ ਝਰਨਿਆਂ ਵਾਲੇ ਜੈਵਿਕਾਂ ਦਾ 34% ਅਤੇ ਸਮੁੰਦਰ ਵਿਚ ਰਹਿਣ ਵਾਲੀਆਂ 25% ਪਰਜਾਤੀਆਂ ਦੇ ਦੁਨੀਆਂ ਤੋਂ ਅਲੋਪ ਹੋ ਜਾਣ ਦਾ ਖਦਸ਼ਾ ਹੈ।
ਇਸ ਰਿਪੋਰਟ ਤੋਂ ਇਹ ਬਿਲਕੁਲ ਸਾਫ ਨਜ਼ਰ ਆ ਰਿਹਾ ਹੈ ਕਿ ਜੇ ਅਸੀਂ ਹੁਣ ਵੀ ਨਾ ਸੰਭਲੇ ਤਾਂ ਧਰਤੀ ਅਤੇ ਇਸ ਉਪਰ ਵੱਸਦੀ ਆਬਾਦੀ ਨੂੰ ਬਚਾਉਣਾ ਅਸੰਭਵ ਹੋ ਜਾਵੇਗਾ।
ਮਨੁੱਖੀ ਸਿਹਤ ਅਤੇ ਖੁਸ਼ਹਾਲੀ ਸਿੱਧੇ ਤੌਰ ਉਤੇ ਸਾਡੇ ਆਲੇ-ਦੁਆਲੇ ਨਾਲ ਜੁੜੀ ਹੈ। ਜੇ ਸਾਡਾ ਆਲਾ-ਦੁਆਲਾ ਭਾਵ ਵਾਤਾਵਰਣ ਬਿਮਾਰ ਹੈ ਤਾਂ ਅਸੀਂ ਕਿਵੇਂ ਸਿਹਤਮੰਦ ਹੋ ਸਕਦੇ ਹਾਂ। ਸਾਡੀ ਹਵਾ ਜ਼ਹਿਰੀਲੀ ਅਤੇ ਪਲੀਤ, ਪੀਣ ਵਾਲਾ ਪਾਣੀ ਵੀ ਪਲੀਤ, ਸਮੁੰਦਰ ਦਾ ਪਾਣੀ ਗੰਦਾ, ਤੇਜ਼ਾਬੀ ਅਤੇ ਜ਼ਹਿਰੀਲਾ, ਦਰਿਆਵਾਂ ਵਿਚਲਾ ਪਾਣੀ ਬਿਮਾਰੀਆਂ ਦੇ ਕੀਟਾਣੂਆਂ ਨਾਲ ਗ੍ਰਸਤ ਅਤੇ ਜੰਗਲਾਂ ਤੋਂ ਵਿਹੂਣੀ ਕੰਕਰੀਟ ਦੀਆਂ ਇਮਾਰਤਾਂ ਦੇ ਜੰਗਲਾਂ ਨਾਲ ਲੱਦੀ ਹੋਈ ਭੱਠੀ ਬਣਦੀ ਧਰਤੀ ਉਤੇ ਕੋਈ ਕਿੰਨੀ ਦੇਰ ਤੱਕ ਸਿਹਤਮੰਦ ਜ਼ਿੰਦਗੀ ਜੀ ਸਕਦਾ ਹੈ? ਮਨੁੱਖੀ ਜਿੰ.ਦਗੀ ਦੇ ਨਾਲ ਨਾਲ ਹਰ ਤਰ੍ਹਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਲਈ ਸਾਨੂੰ ਧਰਤੀ ਨੂੰ ਸਿਹਤਮੰਦ ਰੱਖਣਾ ਹੋਵੇਗਾ। ਧਰਤੀ ਦੀ ਸਿਹਤ ਹੁਣ ਇੰਨੀ ਖਰਾਬ ਹੋ ਚੁਕੀ ਹੈ ਕਿ ਆਏ ਦਿਨ ਵੱਡੀ ਗਿਣਤੀ ਵਿਚ ਜੀਵ-ਜੰਤੂ ਤਾਂ ਮਰ ਹੀ ਰਹੇ ਹਨ ਅਤੇ ਉਨ੍ਹਾਂ ਦੇ ਨਾਲ ਨਾਲ ਹਰ ਰੋਜ਼ ਪ੍ਰਦੂਸ਼ਣ ਕਾਰਨ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦੀ ਮਾਰ ਹੇਠ ਆ ਕੇ ਲੱਖਾਂ ਦੀ ਗਿਣਤੀ ਵਿਚ ਮਨੁੱਖੀ ਜਾਨਾਂ ਵੀ ਜਾ ਰਹੀਆਂ ਹਨ। ਧਰਤੀ ਨੂੰ ਬਚਾਉਣ ਲਈ ਸਾਨੂੰ ਆਪਣੇ ਰਹਿਣ ਸਹਿਣ, ਖਾਣ-ਪੀਣ ਦੇ ਤਰੀਕਿਆਂ ਨੂੰ ਬਦਲਣਾ ਪਵੇਗਾ। ਉਸ ਲਈ ਸਾਨੂੰ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਉਪਰਾਲੇ ਕਰਨ ਦੀ ਸਖਤ ਲੋੜ ਹੈ। ਸਭ ਤੋਂ ਪਹਿਲਾਂ ਤਾਂ ਜਦੋਂ ਵੀ ਕੋਈ ਵਾਤਾਵਰਣ ਨਾਲ ਸਬੰਧਿਤ ਰਿਪੋਰਟ ਆਉਂਦੀ ਹੈ ਤਾਂ ਉਸ ਨੂੰ ਨਕਾਰਨ ਦੀ ਥਾਂ ਉਸ ਨੂੰ ਠੀਕ ਮੰਨ ਕੇ ਬਣਦੇ ਉਪਰਾਲੇ ਕਰਕੇ ਵਾਤਾਵਰਣ ਵਿਚ ਸੁਧਾਰ ਲਿਆਉਣ ਦੇ ਯਤਨ ਕਰਨੇ ਚਾਹੀਦੇ ਹਨ।
ਇਸ ਰਿਪੋਰਟ ਨੂੰ ਵੀ ਹਮੇਸ਼ਾ ਵਾਂਗ ਅਮਰੀਕਨ ਸਰਕਾਰ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਸਿਰਫ ਆਈ. ਪੀ. ਸੀ. ਸੀ. ਦੀ ਅਕਤੂਬਰ 2018 ਵਿਚ ਆਈ ਰਿਪੋਰਟ ਵਾਂਗ ਸਵਾਗਤ ਹੀ ਕੀਤਾ ਹੈ, ਜਦਕਿ ਇਸ ਰਿਪੋਰਟ ਦੇ ਆਉਣ ਤੋਂ ਬਾਅਦ ਤੇਜ਼ੀ ਨਾਲ ਧਰਤੀ ਉਤੇ ਆਏ ਵਿਗਾੜਾਂ ਨੂੰ ਸੁਧਾਰਨ ਲਈ ਉਪਰਾਲੇ ਕਰਨ ਦੀ ਲੋੜ ਹੈ। 2014 ਵਿਚ ਆਈ. ਪੀ. ਸੀ. ਸੀ. ਦੀ ਆਈ ਰਿਪੋਰਟ ਨੂੰ ਭਾਵੇਂ ਉਸ ਸਮੇਂ ਦੁਨੀਆਂ ਦੇ ਸਾਰੇ ਮੁਲਕਾਂ ਨੇ ਗੰਭੀਰਤਾ ਨਾਲ ਲਿਆ ਸੀ ਅਤੇ ਉਪਰਾਲੇ ਸ਼ੁਰੂ ਕਰਨ ਲਈ ਪੈਰਿਸ ਮੌਸਮੀ ਸੰਧੀ ਵੀ ਕੀਤੀ ਸੀ, ਪਰ ਅਸਲ ਵਿਚ ਸਾਡੇ ਕੋਲ ਇੰਨਾ ਵਕਤ ਨਹੀਂ ਬਚਿਆ ਕਿ ਕਿਸੇ ਵੀ ਸੰਧੀ ਨੂੰ ਅਮਲ ਵਿਚ ਲਿਆਉਣ ਲਈ ਸਾਲਾਂਬੱਧੀ ਇੰਤਜਾਰ ਕੀਤਾ ਜਾ ਸਕੇ।
ਇਸ ਲਈ ਕੌਮਾਂਤਰੀ ਪੱਧਰ ‘ਤੇ ਧਰਤੀ ਨੂੰ ਸਿਹਤਮੰਦ ਰੱਖਣ ਅਤੇ ਬਿਨਾ ਦੇਰੀ ਕੀਤੇ ਓਜ਼ੋਨ ਪਰਤ ਨੂੰ ਛਿੱਜਣ ਤੋਂ ਬਚਾਉਣ ਲਈ ਮੋਂਟਰੀਅਲ ਸੰਧੀ ਵਰਗੇ ਉਪਰਾਲੇ ਕਰਨ ਦੀ ਲੋੜ ਹੈ। ਇਸ ਦੇ ਨਾਲ ਨਾਲ ਊਰਜਾ ਪੈਦਾ ਕਰਨ ਲਈ ਤੇਲ ਅਤੇ ਕੋਲੇ ਦੀ ਥਾਂ ਹਵਾ, ਪਾਣੀ ਅਤੇ ਸੂਰਜ ਵਰਗੇ ਕੁਦਰਤੀ ਸਰੋਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜਨਤਕ ਆਵਾਜਾਈ ਦੇ ਸਾਧਨਾਂ ਨੂੰ ਚੁਸਤ-ਦਰੁਸਤ ਬਣਾ ਕੇ ਲੋਕਾਂ ਨੂੰ ਨਿੱਜੀ ਵਾਹਨਾਂ ਤੋਂ ਛੁਟਕਾਰਾ ਦਵਾਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਇਕ ਤਾਂ ਹਵਾ ਪ੍ਰਦੂਸ਼ਿਤ ਹੋਣ ਤੋਂ ਬਚ ਜਾਵੇਗੀ ਅਤੇ ਦੂਜਾ ਧਰਤੀ ਦਾ ਔਸਤ ਤਾਪਮਾਨ ਵੀ ਨਹੀਂ ਵਧੇਗਾ। ਸਮੁੰਦਰ ਅਤੇ ਨਦੀਆਂ ਦੇ ਪਾਣੀ ਨੂੰ ਸਾਫ-ਸੁਥਰਾ ਰੱਖਣ ਲਈ ਉਸ ਵਿਚ ਕਿਸੇ ਵੀ ਤਰ੍ਹਾਂ ਦੇ ਗੰਦੇ ਪਾਣੀ ਦੀ ਨਿਕਾਸੀ ਸਮੁੱਚੇ ਤੌਰ ‘ਤੇ ਬੰਦ ਕਰਨੀ ਹੋਵੇਗੀ।
ਅਸਲ ਵਿਚ ਦੁਨੀਆਂ ਦੇ ਸਾਰੇ ਮੁਲਕਾਂ ਨੂੰ ਆਪਣੀਆਂ ਅਜਿਹੀਆਂ ਸਾਰੀਆਂ ਗਤੀਵਿਧੀਆਂ ਉਤੇ ਰੋਕ ਲਾਉਣੀ ਹੋਵੇਗੀ, ਜੋ ਹਵਾ, ਪਾਣੀ, ਜ਼ਮੀਨ, ਜੰਗਲ ਆਦਿ ਬਹੁਮੁੱਲੇ ਕੁਦਰਤੀ ਸਰੋਤਾਂ ਨੂੰ ਮਲੀਨ ਕਰ ਰਹੀਆਂ ਹਨ ਅਤੇ ਮਨੁੱਖੀ ਸਿਹਤ ਦੇ ਨਾਲ ਨਾਲ ਧਰਤੀ ਦੀ ਸਿਹਤ ਨਾਲ ਵੀ ਬੁਰੀ ਤਰ੍ਹਾਂ ਨਾਲ ਖਿਲਵਾੜ ਕਰ ਰਹੀਆਂ ਹਨ। ਜੇ ਅਸੀਂ ਹੁਣ ਵਾਲੇ ਰਾਹ ਉਤੇ ਚੱਲਦੇ ਰਹੇ ਤਾਂ ਸਾਡਾ, ਖਾਸ ਕਰਕੇ ਸਾਡੇ ਬੱਚਿਆਂ ਦਾ ਭਵਿੱਖ ਬਹੁਤ ਹੀ ਧੁੰਦਲਾ ਹੋ ਸਕਦਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਵੀ ਮੁਆਫ ਨਹੀਂ ਕਰਨਗੀਆਂ।

ਪ੍ਰੋਫੈਸਰ, ਜਿਓਗਰਾਫੀ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।