ਘਰ ਪਰਤਣ ਦਾ ਚਾਅ ਤੇ ਉਦਾਸੀ

ਸੰਤੋਖ ਮਿਨਹਾਸ
ਫੋਨ: 559-283-6376
ਘਰ ਮਨੁੱਖ ਦਾ ਸੁਨਹਿਰੀ ਸੁਪਨਾ। ਘਰ ਸਾਡੇ ਚਾਵਾਂ, ਖੁਸ਼ੀਆਂ, ਉਮੀਦਾਂ ਦਾ ਬਸੇਰਾ। ਘਰ ਸਾਡਾ ਚੈਨ, ਸਕੂਨ, ਸਾਡੇ ਕਰਮ ਦਾ ਫਲ। ਜੋ ਅਸੀਂ ਬੀਜਦੇ ਹਾਂ, ਵੱਢਦੇ ਹਾਂ; ਫਿਰ ਪੂਰਤੀ ਦਾ ਮਾਣਦੇ ਹਾਂ। ਘਰ ਰਿਸ਼ਤਿਆਂ ਦੀ ਨਰਸਰੀ, ਜਿੱਥੇ ਰਿਸ਼ਤੇ ਪ੍ਰਵਾਨ ਚੜ੍ਹਦੇ। ਘਰ ਸਾਡੀ ਪਹਿਲੀ ਮੰਜ਼ਿਲ ਦੀ ਪਗਡੰਡੀ। ਘਰ ਸਾਡੀ ਰੂਹ ਦਾ ਮੰਦਿਰ। ਸਾਡੀਆਂ ਅਰਦਾਸਾਂ, ਅਰਜੋਈਆਂ ਤੇ ਸੁੱਚੀ ਕਿਰਤ ਦੀ ਬਰਕਤ। ਘਰ ਥੱਕੇ-ਟੁੱਟੇ ਬੰਦੇ ਦੀ ਆਖਰੀ ਢੋਈ। ਘਰ ਸੁਰੱਖਿਆ ਦੀ ਕਵਚ। ਘਰ ਬਾਹਰੀ ਅਲਾਮਤਾਂ ਤੋਂ ਆਖਰੀ ਆਸਰਾ। ਘਰ ਚੇਤਿਆਂ ਦੀ ਸਿਰਜਣਾ ਦੀ ਮਮਟੀ। ਘਰ ਸ਼ਾਮ ਨੂੰ ਪਰਤਣ ਦੀ ਹਾਕ। ਸੱਚ ਹੀ ਕਿਸੇ ਨੇ ਕਿਹਾ ਹੈ, ‘ਜੋ ਸ਼ਖਸ ਸ਼ਾਮ ਪਈ ਘਰ ਨਹੀਂ ਪਰਤਿਆ, ਸਮਝੋ ਉਸ ਦਾ ਕੋਈ ਸੁਪਨਾ ਮਰ ਗਿਆ।’

ਘਰ ਕੁਦਰਤ ਦੀਆਂ ਝੋਲੀ ‘ਚ ਪਾਈਆਂ ਬਰਕਤਾਂ ਦਾ ਸ਼ੁਕਰਾਨਾ। ਘਰ ਭਟਕੇ ਰਾਹੀਆਂ ਦੇ ਵਾਪਸ ਪਰਤਣ ਦੀ ਉਮੀਦ। ਘਰ ਪਿਉ ਦਾਦੇ ਦੀ ਮਿਹਨਤ-ਮੁਸ਼ੱਕਤ, ਪਸੀਨੇ ਦੀ ਮਹਿਕ। ਘਰ ਵਡੇਰਿਆਂ ਦੀ ਅਸੀਸ ਦਾ ਖੁਸ਼ਨੁਮਾ ਖਤ। ਘਰ ਉਹ ਥਾਂ ਹੈ, ਜਿਸ ਸਦਕਾ ਬੰਦਾ ਵਸਦਾ ਹੈ। ਵੱਸਣਾ ਕਿਸੇ ਥਾਂ ਨਾਲ ਜੁੜਿਆ ਹੁੰਦਾ ਹੈ, ਘਰ ਉਸੇ ਥਾਂ ‘ਤੇ ਬਣਿਆ ਹੁੰਦਾ ਹੈ।
ਮੈਂ ਇੰਡੀਆ ਜਾਣ ਵਾਲੇ ਜਹਾਜ ਵਿਚ ਬੈਠਾ ਸੋਚ ਰਿਹਾ ਸਾਂ। ਕੁਝ ਹਫਤੇ ਪਹਿਲਾਂ ਜਦੋਂ ਮੈਂ ਛੁੱਟੀ ਲਈ ਅਪਲਾਈ ਕੀਤਾ ਸੀ ਤਾਂ ਮੇਰੇ ਨਾਲ ਕੰਮ ਕਰਦੇ ਅਮਰੀਕੀ ਦੋਸਤਾਂ ਨੇ ਪੁਛਿਆ ਸੀ, “ਕਿੱਥੇ ਜਾ ਰਿਹਾਂ?” ਮੈਂ ਕਿਹਾ, “ਆਪਣੇ ਘਰ।” “ਘਰ ਤਾਂ ਤੇਰਾ ਐਥੇ ਐ।” ਮੈਂ ਇੱਕ ਦਮ ਝੰਜੋੜਿਆ ਗਿਆ ਸਾਂ। ਸੱਚ ਮੁੱਚ ਘਰ ਤਾਂ ਮੇਰਾ ਇੱਥੇ ਵੀ ਹੈ। ਉਹ ਕਿਹੜੀ ਗੱਲ ਹੈ, ਉਸ ਘਰ ਵਿਚ ਜੋ ਹਰ ਸਾਲ ਮੈਨੁੰ ਖਿੱਚ ਕੇ ਲੈ ਜਾਂਦੀ ਹੈ।
ਮੈਨੂੰ ਯਾਦ ਆ ਰਿਹਾ ਸੀ, ਬਾਬਾ ਉਜਾਗਰ ਸਿੰਹੁ, ਜੋ ਰੋਜ਼ ਮੈਨੂੰ ਪਾਰਕ ਵਿਚ ਮਿਲਦਾ। ਉਹ ਹਾਣੀਆਂ ਦੀ ਢਾਣੀ ਵਿਚ ਬੈਠਾ ਜਦੋਂ ਵੀ ਕੋਈ ਗੱਲ ਕਰਦਾ, ਪਾਕਿਸਤਾਨ ਵਿਚ ਛੱਡੇ ਘਰ ਦੀ ਗੱਲ ਕਰਦਾ। ਉਸ ਦੀ ਹਰ ਗੱਲ ਦਾ ਮੁੱਢ ਜਾਂ ਅੰਤ ਲਾਇਲਪੁਰ ਵਿਚ ਛੱਡੇ ਘਰ ‘ਤੇ ਆ ਕੇ ਹੁੰਦਾ। ਚੇਤਿਆਂ ‘ਚ ਵੱਸਿਆ ਉਹ ਘਰ ਅਜੇ ਵੀ ਉਹ ਆਪਣੇ ਨਾਲ ਲਈ ਫਿਰਦਾ ਹੈ, ਭਾਵੇਂ ਅਮਰੀਕਾ ਵਿਚ ਉਸ ਕੋਲ ਸਾਰੀਆਂ ਸੁੱਖ ਸਹੂਲਤਾਂ ਹਨ। ਪਾਕਿਸਤਾਨ ਬਣਨ ਪਿਛੋਂ ਇੰਡੀਆ ਵਿਚ ਲੰਮੀਆਂ ਟੱਕਰਾਂ ਤੇ ਸਖਤ ਮਿਹਨਤ ਨਾਲ ਸੋਹਣੀ ਜਾਇਦਾਦ ਤੇ ਘਰ ਦਾ ਮਾਲਕ ਬਣ ਗਿਆ ਸੀ, ਪਰ ਬੱਚਿਆਂ ਦੇ ਪੰਜਾਬ ਵਿਚਲਾ ਘਰ ਮੇਚ ਨਹੀਂ ਆਇਆ। ਉਨ੍ਹਾਂ ਹੋਰ ਚੰਗੇਰੇ ਭਵਿੱਖ ਦੀ ਤਲਾਸ਼ ਵਿਚ ਵਿਦੇਸ਼ ਵੱਲ ਮੂੰਹ ਕਰ ਲਿਆ। ਪਾਕਿਸਤਾਨ ਤੋਂ ਉਜਾੜਾ ਮਜਬੂਰਨ ਸੀ, ਪਰ ਇਹ ਦੇਸ਼ ਤੋਂ ਪਰਦੇਸੀ ਹੋਣਾ ਬੱਚਿਆਂ ਦੀ ਚੋਣ ਸੀ। ਪਰ ਉਜਾਗਰ ਸਿੰਹੁ ਲਈ ਘਰ ਛੱਡਣਾ ਉਜਾੜੇ ਤੋਂ ਘਟ ਨਹੀਂ ਸੀ। ਬਾਪੂ ਫਿਰ ਮਜ਼ਬੂਰੀ ਵਸ ਪਰਦੇਸੀ ਹੋ ਗਿਆ। ਉਜਾੜਾ ਦਰ ਉਜਾੜਾ।
ਇਹ ਹੋਣੀ ਇੱਕਲੇ ਉਜਾਗਰ ਸਿੰਹੁ ਦੀ ਹੀ ਨਹੀਂ ਸਗੋਂ ਹੋਰ ਹਜ਼ਾਰਾਂ, ਲੱਖਾਂ ਲੋਕਾਂ ਦੀ ਵੀ ਹੈ। ਕਿਤੇ ਮਜਬੂਰੀ, ਕਿਤੇ ਹੋਰ ਚੰਗੇਰੇ ਭਵਿੱਖ ਦੀ ਲਾਲਸਾ, ਪਰ ਮਨੁੱਖੀ ਹਿਰਦਿਆਂ ਵਿਚ ਵਸੇ ਘਰਾਂ ਦਾ ਮੋਹ ਤੇ ਹੇਰਵਾ ਸਾਰੀ ਉਮਰ ਨਹੀਂ ਗਵਾਚਦਾ। ਜਦੋਂ ਮੈਂ ਆਪਣੇ ਬਾਰੇ ਸੋਚਦਾਂ, ਮੈਨੂੰ ਕਿਸ ਗੱਲ ਦੀ ਥੁੜ ਸੀ ਕਿ ਮੈਂ ਆਪਣਾ ਹੱਸਦਾ-ਵੱਸਦਾ ਘਰ ਛੱਡ ਪਰਦੇਸੀਂ ਚਾਲੇ ਪਾ ਦਿੱਤੇ। ਕਈ ਵਾਰੀ ਘਰ ਛੱਡਣਾ ਮਜ਼ਬੂਰੀ ਤੇ ਲਾਲਸਾ-ਦੋਵੇਂ ਗੱਲਾਂ ਵੀ ਹੋ ਸਕਦੀਆਂ ਹਨ। ਮੈਂ ਤੇ ਮੇਰੀ ਪਤਨੀ-ਦੋਵੇਂ ਚੰਗੀ ਸਰਕਾਰੀ ਨੌਕਰੀ ‘ਤੇ ਸਾਂ। ਸੋਹਣਾ ਘਰ-ਬਾਰ ਸੀ, ਸਭ ਮਾਡਰਨ ਸੁੱਖ ਸਹੂਲਤਾਂ ਸਨ। ਮੈਂ ਵੀ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਚੰਗੀਆਂ ਨੌਕਰੀਆਂ ਛੱਡ ਉਨ੍ਹਾਂ ਲੋਕਾਂ ਵਿਚ ਸ਼ਾਮਲ ਹੋ ਗਿਆ, ਜੋ ਕਿਸੇ ਥੁੜ ਕਾਰਨ ਨਹੀਂ, ਸਗੋਂ ਮ੍ਰਿਗ ਤ੍ਰਿਸ਼ਨਾ ਦੀ ਭਟਕਣ ਨਿਆਈਂ ਘਰ ਛੱਡ ਤੁਰਦੇ ਹਨ। ਪਤਨੀ ਨੇ ਘਰ ਛੱਡਣ ਵੇਲੇ ਕਿਹਾ ਸੀ, “ਬੱਚਿਆਂ ਦੀ ਜ਼ਿੰਦਗੀ ਬਾਰੇ ਤਾਂ ਪਤਾ ਨਹੀਂ ਚੰਗੇਰੀ ਬਣੂ ਕਿ ਨਾ, ਆਪਣੀ ਬਾਰੇ ਤਾਂ ਪਤਾ ਕਿ ਅਸੀਂ ਆਪਣੀ ਤਾਂ ਗਵਾ ਲਈ ਹੈ।”
ਅਮਰੀਕਾ ਆ ਕੇ ਜ਼ਿੰਦਗੀ ਫਿਰ ਸਿਫਰ ਤੋਂ ਸ਼ੁਰੂ ਕਰਨੀ ਪਈ। ਬੜੀਆਂ ਤੰਗੀਆਂ ਤੁਰਸ਼ੀਆਂ ਸਹਿ ਸਖਤ ਮਿਹਨਤ ਕਰਕੇ ਫਿਰ ਘਰ ਬਣਾ ਲਿਆ ਹੈ। ਬੱਚੇ ਪੜ੍ਹ-ਲਿਖ ਗਏ ਹਨ। ਪਹਿਲਾਂ ਨਾਲੋਂ ਕੁਝ ਸੌਖਾ ਵੀ ਹੋ ਗਿਆ ਹਾਂ, ਪਰ ਪੰਜਾਬ ਵਾਲਾ ਜੱਦੀ ਘਰ ਹੱਡਾਂ ਵਿਚੋਂ ਨਹੀਂ ਗਿਆ। ਜਦੋਂ ਵੀ ਕਦੇ ਕੋਈ ਸੁਪਨਾ ਆਉਂਦਾ ਹੈ, ਪੰਜਾਬ ਛੱਡੇ ਘਰ ਦਾ ਆਉਂਦਾ ਹੈ। ਹਰ ਸਾਲ ਲੱਖਾਂ ਦੀ ਗਿਣਤੀ ਵਿਚ ਲੋਕ ਪਰਦੇਸਾਂ ਵਿਚੋਂ ਆਪਣੇ ਵਤਨੀਂ ਗੇੜਾ ਮਾਰਨ ਜਾਂਦੇ ਹਨ। ਉਹ ਕਿਹੜੀ ਖਿੱਚ ਹੈ, ਜੋ ਉਨ੍ਹਾਂ ਨੂੰ ਆਪਣੇ ਘਰ, ਗਲੀਆਂ, ਖੇਤਾਂ ਨੂੰ ਵੇਖਣ ਲਈ ਬੁਲਾਉਂਦੀ ਹੈ। ਅਸਲ ਵਿਚ ਜਦੋਂ ਮਨੁੱਖ ਘਰੋਂ ਤੁਰਦਾ ਹੈ, ਬੜਾ ਕੁਝ ਪਿਛੇ ਛੱਡ ਆਉਂਦਾ ਹੈ, ਭਾਵੇਂ ਸਰੀਰਕ ਤੌਰ ‘ਤੇ ਉਹ ਸਬੂਤਾ ਘਰੋਂ ਤੁਰਦਾ ਹੈ, ਪਰ ਮਾਨਸਿਕ ਤੌਰ ‘ਤੇ ਉਸ ਦਾ ਇੱਕ ਹਿੱਸਾ ਪਿੱਛੇ ਰਹਿ ਜਾਂਦਾ ਹੈ। ਸ਼ਾਇਦ ਇਹ ਪਿੱਛੇ ਰਹਿ ਗਿਆ ਹਿੱਸਾ ਹੀ ਸਾਨੂੰ ਵਾਰ ਵਾਰ ਬੁਲਾਉਂਦਾ ਹੈ। ਇੱਕ ਘਰ ਬਾਹਰ ਉਸਰਿਆ ਹੁੰਦਾ ਹੈ, ਇੱਕ ਮਨੁੱਖ ਦੇ ਅੰਦਰ ਵਸਿਆ ਹੁੰਦਾ ਹੈ। ਬਾਹਰਲੀ ਸਿਰਜਣਾ ਦਾ ਦਮ-ਗਮ ਦਿਖਾਵੇ ਦੀ ਨਿਆਈਂ ਦਾ ਭਰਮ ਹੁੰਦਾ ਹੈ। ਇਸ ਲਈ ਅਜੋਕੇ ਯੁੱਗ ਵਿਚ ਘਰ ਦੀ ਮਹੱਤਤਾ ਗਵਾਚਦੀ ਜਾ ਰਹੀ ਹੈ। ਪੈਸੇ ਨੇ ਘਰ ਨੂੰ ਵਸਤੂ ਬਣਾ ਦਿੱਤਾ ਹੈ। ਵਸਤੂ ਦਾ ਮੁੱਲ ਸਥਿਰ ਨਹੀਂ ਹੁੰਦਾ ਤੇ ਨਾ ਹੀ ਮੋਹ ਸਦੀਵੀ ਹੁੰਦਾ ਹੈ। ਹੁਣ ਮੋਹ ਨਾਲੋਂ ਮੁੱਲ ਬਲਵਾਨ ਹੈ।
ਮਨ ਵਿਚ ਬੜਾ ਚਾਅ ਹੁੰਦਾ ਹੈ, ਜਦੋਂ ਇੰਡੀਆ ਜਾਣ ਦੀ ਟਿਕਟ ਬੁੱਕ ਕਰਾਈਦੀ ਹੈ। ਕਈ ਹਫਤਿਆਂ ਤੋਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਯਾਰਾਂ ਮਿੱਤਰਾਂ ਨੂੰ ਫੋਨ ਘੁਮਾਈਦੇ ਹਨ ਕਿ ਫਲਾਣੀ ਤਰੀਕ ਨੂੰ ਆ ਰਹੇ ਹਾਂ। ਸੱਚ-ਮੁੱਚ ਵਿਆਹ ਜਿੰਨਾ ਚਾਅ ਹੁੰਦਾ ਹੈ। ਇਹ ਉਮਾਹ ਖੁਸ਼ੀ, ਖੇੜਾ ਆਪ ਮੁਹਾਰੇ ਮਨੁੱਖ ਦੇ ਅੰਦਰੋਂ ਉਪਜਦਾ ਹੈ। ਇਸ ਵੇਗ ਦੀ ਤਲਾਸ਼ ਹੀ ਬੰਦੇ ਨੂੰ ਪਿੱਛੇ ਵਲ ਝਾਤੀ ਮਾਰਨ ਲਈ ਖੌਰੂ ਪਾਉਂਦੀ ਹੈ। ਇਸੇ ਲਈ ਪਰਦੇਸੀ ਬਣਾਏ ਰੈਣ-ਬਸੇਰੇ ਛੱਡ ਵਤਨੀਂ ਖਾਲੀ ਪਏ ਘਰਾਂ ਦੇ ਬੂਹਿਆਂ ‘ਤੇ ਦਸਤਕ ਦੇਣ ਨੂੰ ਦਿਲ ਅਹੁਲਦਾ ਰਹਿੰਦਾ ਹੈ। ਕਦੇ ਕਦੇ ਐਂ ਲੱਗਦਾ, ਜਿਵੇਂ ਛੋਟੇ ਹੁੰਦੇ ਘਰ ਘਰ ਬਣਾਉਣ ਖੇਡਦੇ ਹੁੰਦੇ ਸਾਂ, ਆਪੇ ਹੀ ਬਣਾ ਕੇ ਆਪੇ ਹੀ ਢਾਹ ਦਿੰਦੇ ਸਾਂ। ਇਹ ਘਰ ਬਣਾਉਣ ਤੇ ਢਾਹੁਣ ਦੀ ਖੇਡ ਮਨੁੱਖ ਸਾਰੀ ਉਮਰ ਖੇਡਦਾ ਰਹਿੰਦਾ ਹੈ। ਇਸੇ ਲਈ ਬੰਦਾ ਜਿੱਥੇ ਵੀ ਜਾਂਦਾ ਹੈ, ਘਰ ਨਾਲ ਸਫਰ ਕਰਦਾ ਹੈ।
ਪਰ ਘਰ ਪਹੁੰਚਦਿਆਂ ਸਾਰ ਹੀ ਮਨ ਉਦਾਸ ਹੋ ਜਾਂਦਾ ਹੈ। ਘਰ ਦਾ ਹਾਲ ਚਾਲ ਵੇਖ ਕੇ। ਘਰ ਦਾ ਹਰ ਰੰਗ ਉਦਾਸ। ਵਿਹੜੇ ਦੇ ਫਰਸ਼ ਤੇ ਕਲਰ। ਬੂਹੇ ਬਾਰੀਆਂ ਮਿੱਟੀ ਜਾਲੇ ਨਾਲ ਭਰੀਆਂ। ਘਰ ਦੀ ਹਰ ਚੀਜ਼ ਜਿਵੇਂ ਮਿਹਣਾ ਮਾਰ ਰਹੀ ਹੋਵੇ, ਸਾਨੂੰ ਕਿਸ ਆਸਰੇ ਛੱਡ ਗਿਆ ਸੈਂ? ਘਰ ਦੇ ਰੁੱਖ ਵੀ ਪਿਉ-ਦਾਦੇ ਵਾਂਗ ਬੁੱਢੇ ਹੋ ਗਏ ਲੱਗਦੇ। ਬੂਹਿਆਂ ਨੂੰ ਵੱਜੇ ਜੰਗਾਲੇ ਜਿੰਦਰੇ ਤੁਰ ਗਿਆਂ ਦੀ ਕਹਾਣੀ ਮੂੰਹ ਜਬਾਨੀ ਦੱਸਦੇ ਲੱਗਦੇ। ਇੱਕ ਵਾਰ ਤਾਂ ਬੰਦਾ ਝੰਜੋੜਿਆ ਜਾਂਦਾ ਹੈ। ਇਹ ਹੋ ਕੀ ਗਿਆ? ਇਸ ਰੌਣਕਾਂ ਭਰੇ ਘਰ ਵਿਚ ਜਿੱਥੇ ਪਹਿਲਾਂ ਹਾਸੇ ਗੂੰਜਦੇ ਸਨ, ਅੱਜ ਸੁੰਨਸਾਨ ਦਿਖਾਈ ਦਿੰਦੀ ਹੈ। ਪਰ ਕੁਝ ਦਿਨਾਂ ਬਾਅਦ ਘਰ ਦੀ ਉਦਾਸੀ ਕੁਝ ਕੁ ਘਟਣ ਲੱਗਦੀ ਹੈ। ਫਿਰ ਉਹੀ ਸਾਂਝ ਹਰ ਚੀਜ਼ ਨਾਲ ਪਨਪਣ ਲੱਗਦੀ ਹੈ। ਮੋਹ ਅਪਣੱਤ ਦੀਆਂ ਕਰੂੰਬਲਾਂ ਫਿਰ ਫੁੱਟਣ ਲੱਗਦੀਆਂ ਹਨ। ਗਵਾਂਢੀਆਂ ਦੀ ਦੁਆ ਸਲਾਮ ਮਨ ਨੂੰ ਹੌਸਲਾ ਬਖਸ਼ਦੀ ਹੈ। ਗਲੀਆਂ ਦੀ ਚਹਿਲ-ਪਹਿਲ, ਬੋਲਾਂ ਦੀ ਪਛਾਣ, ਦੋਸਤਾਂ ਮਿੱਤਰਾਂ ਦੀ ਆਮਦ ਆਲੇ ਦੁਆਲੇ ਨੂੰ ਭਰਪੂਰ ਬਣਾ ਦਿੰਦੀ ਹੈ। ਇਹ ਸੱਚ ਹੈ, ਪਰਵਾਸ ਹੰਢਾਉਂਦਿਆਂ ਅਸੀਂ ਭਾਵੇਂ ਜਿੰਨੇ ਮਰਜੀ ਸੌਖੇ ਹੋ ਜਾਈਏ, ਪਰ ਆਂਢ ਗਵਾਂਢ ਅਸੀਂ ਅਜਨਬੀਆਂ ਵਾਂਗ ਹੀ ਵਿਚਰਦੇ ਹਾਂ। ਸਾਡੀ ਉਨ੍ਹਾਂ ਨਾਲ ਕੋਈ ਸਾਂਝ ਨਹੀਂ ਬਣਦੀ। ਉਨ੍ਹਾਂ ਦੇ ਮੋਹ-ਮਿਲਾਪ ਤੋਂ ਸੱਖਣੇ ਰਹਿੰਦੇ ਹਾਂ, ਪਰ ਆਪਣੇ ਜੱਦੀ ਗਲੀ-ਮੁਹੱਲੇ ਦੇ ਪਿਆਰ ਦਾ ਕੋਈ ਮੁੱਲ ਨਹੀਂ। ਬਸ ਇਸੇ ਪਿਆਰ ਦੀ ਤਲਾਸ਼ ਸਾਨੂੰ ਖਿੱਚ ਕੇ ਪਰਦੇਸਾਂ ‘ਚੋਂ ਮੁੜ ਘਰ ਨੂੰ ਮੋੜਦੀ ਹੈ।
ਪਰਦੇਸ ਵੱਸਦਿਆਂ ਜਿਹੜਾ ਮਨ ਅੰਦਰ ਖਲਾਅ ਪੈਦਾ ਹੁੰਦਾ ਹੈ, ਉਸੇ ਦੀ ਪੂਰਤੀ ਲਈ ਅਸੀਂ ਭੱਜੇ ਵਤਨੀਂ ਗੇੜਾ ਮਾਰਦੇ ਹਾਂ, ਇਹੀ ਪਰਦੇਸੀਆਂ ਦੀ ਤ੍ਰਾਸਦੀ ਹੈ। ਜੰਮਣ-ਭੋਇੰ ਦਾ ਹੇਰਵਾ ਸਾਰੀ ਉਮਰ ਮਨੁੱਖ ਦੇ ਹੱਡਾਂ ਵਿਚੋਂ ਨਹੀਂ ਜਾਂਦਾ। ਇਸੇ ਲਈ ਕਈ ਲੋਕ ਪਰਵਾਸ ਨੂੰ ਮਿੱਠੀ ਜੇਲ੍ਹ ਆਖਦੇ ਹਨ। ਸਾਡਾ ਹਾਲ ਤਾਂ ਕੈਮਲੂਨ ਦੀਆਂ ਮੱਛੀਆਂ ਵਰਗਾ ਹੈ, ਜੋ ਪਹਿਲਾਂ ਤਾਂ ਪਾਣੀ ਦੇ ਵਹਾ ਦੇ ਰੁਖ ਦੂਰ ਨਿਕਲ ਜਾਂਦੀਆਂ ਹਨ, ਫਿਰ ਆਪਣੀ ਘਰ ਵਾਪਸੀ ਲਈ ਪਾਣੀ ਦੇ ਵਹਾ ਦੇ ਉਲਟ ਜੱਦੋ-ਜਹਿਦ ਕਰਦੀਆਂ ਹਨ। ਪੰਛੀ ਵੀ ਹਜ਼ਾਰਾਂ ਮੀਲ ਤੈਅ ਕਰਕੇ ਆਪੋ ਆਪਣੇ ਦੇਸ਼ ਤੋਂ ਹੋਰ ਦੇਸ਼ਾਂ ਨੂੰ ਪਰਵਾਸ ਕਰਦੇ ਹਨ, ਪਰ ਮੌਸਮ ਬਦਲਣ ‘ਤੇ ਆਪਣੇ ਵਤਨਾਂ ਨੂੰ ਚਾਲੇ ਪਾ ਦਿੰਦੇ ਹਨ। ਇਸੇ ਲਈ ਬਹੁਤੇ ਲੋਕ ਮਜਾਕ ਵਜੋਂ ਵਤਨੀਂ ਪਰਤੇ ਪਰਦੇਸੀਆਂ ਨੂੰ ਪਰਵਾਸੀ ਪੰਛੀ ਵੀ ਆਖ ਦਿੰਦੇ ਹਨ।
ਛੱਜੂ ਅਮੀਰ ਵਪਾਰੀ ਸੀ। ਵਪਾਰ ਲਈ ਦੇਸ-ਪਰਦੇਸ ਗਾਹੇ। ਬਲਖ ਬੁਖਾਰੇ ਵਰਗੇ ਸੁੰਦਰ ਸ਼ਹਿਰਾਂ ਵਿਚ ਵੀ ਰਿਹਾ। ਸਭ ਸੁੱਖ-ਸਹੂਲਤਾਂ ਦਾ ਨਜ਼ਾਰਾ ਵੀ ਵੇਖਿਆ। ਮਨ ਫਿਰ ਵੀ ਉਚਾਟ ਰਿਹਾ। ਆਖਰ ਘਰ ਪਰਤਿਆ। ਘਰ ਦਾ ਸਕੂਨ ਮੇਚ ਆਇਆ। ਆਪ-ਮੁਹਾਰੇ ਮੂੰਹੋਂ ਨਿਕਲਿਆ, “ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਉਹ ਬਲਖ ਨਾ ਬੁਖਾਰੇ।” ਪਲਿਨੀ ਦਿ ਯੰਗਰ ਆਖਦਾ ਹੈ, “ਘਰ ਉਹ ਹੁੰਦਾ ਹੈ, ਜਿੱਥੇ ਦਿਲ ਹੁੰਦਾ ਹੈ।”