ਮਾਪੇ ਵਿਚਾਰੇ ਕੀ ਕਰਨ

ਕਲਵੰਤ ਸਿੰਘ ਸਹੋਤਾ
ਫੋਨ: 604-589-5919
ਮਾਪੇ ਵਿਚਾਰੇ ਕੀ ਕਰਨ! ਪੱਛਮੀ ਦੇਸ਼ਾਂ ‘ਚ ਪਰਵਾਸ ਤਾਂ ਆ ਕੀਤਾ, ਪਰ ਮਨ ਦੀ ਅੰਦਰੂਨੀ ਖੁਸ਼ੀ ਤੇ ਰੁਚੀਆਂ ਪੂਰੀਆਂ ਨਹੀਂ ਹੋਈਆਂ, ਜੋ ਚਿਤਵੀਆਂ ਸਨ। ਸਾਰੀ ਉਮਰ ਕੰਮ ਕਰਦਿਆਂ ਲੰਘੀ, ਓਵਰ ਟਾਈਮ ਕਰਨੋਂ ਵੀ ਸੰਕੋਚ ਨਹੀਂ ਕੀਤਾ; ਵਾਰੋ ਵਾਰੀ ਸ਼ਿਫਟਾਂ ਕਰ ਬੱਚੇ ਪਾਲੇ, ਪੜ੍ਹਾਏ ਤੇ ਵਿਆਹੇ। ਤਾਂਘ ਸੀ ਕਿ ਇਹ ਸਾਰੇ ਫਰਜ਼ ਨਿਭਾਉਣ ਉਪਰੰਤ ਉਨ੍ਹਾਂ ਦੇ ਤੇ ਅਗਾਂਹ ਉਨ੍ਹਾਂ ਦੇ ਬੱਚਿਆਂ ਦੇ ਪਿਆਰ ਤੇ ਨੇੜਤਾ ਦਾ ਨਿੱਘ ਮਾਣਨ ਦਾ ਸਦਾ ਬਹਾਰ ਸਮਾਂ ਆਏਗਾ। ਸਾਲਾਂਬੱਧੀ ਕੀਤੇ ਕੰਮ, ਝੱਲੀਆਂ ਔਖਿਆਈਆਂ, ਨਵੇਂ ਥਾਂ ਬਦਲਵੇਂ ਮਾਹੌਲ ‘ਚ ਰਹਿਣ ਸਹਿਣ ਦੇ ਤੌਰ ਤਰੀਕਿਆਂ ਦੀ ਜਾਂਚ ਸਿੱਖਣਾ ਤੇ ਮਾਹੌਲ ਦੇ ਆਦੀ ਹੋਣਾ; ਨਾਲ ਹੀ ਆਪਣਾ ਤੇ ਆਪਣੇ ਪੁਰਖਿਆਂ ਦੇ ਸਦੀਆਂ ਪੁਰਾਣੇ ਰਹਿਣ ਸਹਿਣ ਦੇ ਤੌਰ ਤਰੀਕੇ ਤੇ ਵਿਰਸੇ ਦੀ ਯਾਦ ਦੀ, ਅੰਦਰ ਇਕ ਖਲਬਲੀ ਜਿਹੀ ਮਚਦੀ ਰਹਿਣ ਦਾ ਸਾਹਮਣਾ ਕਰਦੇ ਰਹਿਣਾ, ਆਪਣੇ ਆਪ ‘ਚ ਇੱਕ ਵੱਖਰੀ ਜਦੋ ਜਹਿਦ ਸੀ।

ਸਮਾਂ ਬੀਤਿਆ, ਸਿਰਜੇ ਸੁਪਨਿਆਂ ਦੇ ਦਿਨ ਆਉਣ ਦਾ ਝੌਲਾ ਪੈਣ ਲੱਗਾ। ਹੱਡ ਭੰਨਵੀਂ ਕੀਤੀ ਮਿਹਨਤ ਦਾ ਫਲ ਮਿਲਣ ਲੱਗਾ। ਸਮਾਂ ਲੰਘਦਿਆਂ ਚਿਰ ਨਾ ਲੱਗਾ, ਪੈਂਤੀ ਚਾਲੀ ਸਾਲ ਦਾ ਸਮਾਂ ਅੱਖ ਝਪੱਕੇ ‘ਚ ਹੀ ਲੰਘ ਗਿਆ ਲੱਗਿਆ। ਸਰੀਰ ਦੀ ਵੀ ਉਹ ਟਹਿਕ ਬਹਿਕ ਨਾ ਰਹੀ, ਜੋ ਹੋਇਆ ਕਰਦੀ ਸੀ। ਸਮੇਂ ਤੇ ਕੰਮ ਨੇ ਸਰੀਰ ਦਾ ਨਿੰਬੂ ਵਾਂਗ ਰਸ ਨਚੋੜ ਕੇ ਬੇਢਬਾ ਰੂਪ ਬਣਾ ਦਿੱਤਾ। ਲਗਾਤਾਰ ਕੰਮ ਦੀ ਮਾਰ ਤੇ ਉਮਰ ਦੇ ਤਕਾਜ਼ੇ ਨੇ ਕਈ ਨਿੱਕੇ ਮੋਟੇ ਰੋਗਾਂ ਨੂੰ ਵੀ ਸਰੀਰ ਦੁਆਲੇ ਭਿਣਕਣ ਲਾ ਦਿੱਤਾ; ਮਨ ‘ਚ ਚੜ੍ਹਦੇ-ਉਤਰਦੇ ਚੰਗੇ ਮਾੜੇ ਪ੍ਰਭਾਵਾਂ ਨੇ ਸਰੀਰ ਨੂੰ ਹੋਰ ਭੀ ਪਿੰਜਣੀਂ ਥਾਂਈਂ ਪਿੰਜ ਦਿੱਤਾ। ਵਿਚਾਰਾ ਭੱਜਿਆ, ਟੁੱਟਿਆ, ਝੰਬਿਆ ਸਰੀਰ ਹੁਣ ਇਸ ਆਸ ਦੇ ਮਲਟੀ-ਵਿਟਾਮਿਨਾਂ ਰੂਪੀ ਦਵਾਈ ਦੇ ਸੁਪਨਿਆਂ ਦੀ ਝਾਕ ਕਿ ਉਨ੍ਹਾਂ ਦੀ ਔਲਾਦ ਹੁਣ ਉਨ੍ਹਾਂ ਦੀ ਕੀਤੀ ਘਾਲਣਾ ਤੇ ਉਨ੍ਹਾਂ ਲਈ ਬਣਾਈ ਸੁੱਖ ਸੁਵਿਧਾ ਦਾ ਮੁੱਲ ਪਾ, ਉਨ੍ਹਾਂ ਦੇ ਹੁਣ ਤੱਕ ਦੇ ਸਿਰਜੇ ਸੁਪਨਿਆਂ ਦਾ ਸੰਪੂਰਨ ਸਬਜ਼ਬਾਗ ਦਿਖਾਉਣਗੇ।
ਸਾਲਾਂਬੱਧੀ ਮਨਾਂ ਅੰਦਰ ਇਹ ਖਿਆਲ ਉਪਜਦੇ ਜਮਾਂ ਹੁੰਦੇ, ਮਨ ਦੇ ਅੰਦਰ ਪਰਤ ਦਰ ਪਰਤ ਸਾਂਭ ਹੁੰਦੇ ਰਹੇ। ਇਨ੍ਹਾਂ ਸਾਂਭ ਸੰਭਾਲ ਹੋ ਰਹੇ ਤਰ੍ਹਾਂ ਤਰ੍ਹਾਂ ਦੇ ਸਬਜ਼ਬਾਗਾਂ ਦੇ ਸੁਪਨਿਆਂ ਦਾ ਅਗਲੀ ਪੀੜ੍ਹੀ ਨੂੰ ਨਾ ਤਾਂ ਕੋਈ ਇਲਮ ਸੀ ਅਤੇ ਨਾ ਹੀ ਉਨ੍ਹਾਂ ਅੰਦਰ ਇਨ੍ਹਾਂ ਦੀ ਮਹੱਤਤਾ ਤੇ ਕੀਮਤ ਦਾ ਕੋਈ ਅਨੁਭਵ। ਇਹ ਮਾਪਿਆਂ ਦੇ ਨਿਰੇ ਖਿਆਲੀ ਪਲਾਉ ਸਨ। ਆਪਣਾ ਦੇਸ਼ ਛੱਡਣ ਲੱਗਿਆਂ ਨਾਲ ਲਿਆਂਦੇ ਖਿਆਲ, ਰੀਤੀ ਰਿਵਾਜ਼, ਸਮਾਜਕ ਭਾਈਚਾਰਕ ਮਿਲਵਰਤੋਂ ਤੇ ਹੋਰ ਬੇਅੰਤ ਕਿਸਮ ਦੇ ਸਿਰਜੇ ਸੁਪਨੇ ਤਾਂ ਉੱਥੋਂ ਆਉਣ ਵਾਲਿਆਂ ਦੇ ਹੱਡਾਂ ‘ਚ ਰਚੇ ਹੋਏ ਸਨ। ਪੱਛਮੀ ਸਮਾਜ ‘ਚ ਜੰਮੀ ਅਗਲੀ ਪੀੜ੍ਹੀ ਦੀਆਂ ਆਪਣੀਆਂ ਤਰਜੀਹਾਂ ਸਨ, ਜੋ ਮਾਪਿਆਂ ਨਾਲ Aੁੱਕਾ ਹੀ ਸੁਮੇਲ ਨਹੀਂ ਸਨ ਖਾਂਦੀਆਂ। ਮਾਪਿਆਂ ਦਾ ਇਹ ਭਰਮ ਕਿ ਉਨ੍ਹਾਂ ਦੀ ਹੱਡ ਭੰਨਵੀਂ ਮਿਹਨਤ, ਕਮਾਇਆ ਪੈਸਾ ਧੇਲਾ, ਬੱਚਿਆਂ ਲਈ ਮੁਹੱਈਆ ਕਰਵਾਈਆਂ ਸੁੱਖ ਸਹੂਲਤਾਂ ਸਹਿਜ ਸੁਭਾ ਅਗਲੀ ਔਲਾਦ ਨੂੰ ਆਪਣੇ ਸਿਰਜੇ ਸੁਪਨੇ ਤੇ ਅੰਦਰ ਦੀਆਂ ਭਾਵਨਾਵਾਂ ਦੇ ਸਹਿਜੇ ਹੀ ਦਰਸ਼ਨ ਕਰਵਾ ਦੇਣਗੀਆਂ; ਇਹ ਉਨ੍ਹਾਂ ਦੇ ਅੰਦਰ ਸਿਰਜਿਆ ਇਕ ਸਿਰੇ ਦਾ ਭੁਲੇਖਾ ਸੀ। ਇਨ੍ਹਾਂ ਅੰਦਰ ਸਿਰਜੇ ਗਏ ਸਬਜ਼ਬਾਗਾਂ ਦੇ ਸੁਪਨਿਆਂ ਨੂੰ ਨਾ ਤਾਂ ਮਾਪੇ ਹੀ ਭੁੱਲਣ ਤੇ ਵਿਸਾਰਨ ਨੂੰ ਤਿਆਰ ਸਨ ਤੇ ਨਾ ਹੀ ਅਗਲੀ ਪੀੜ੍ਹੀ ਇਨ੍ਹਾਂ ਨੂੰ ਮਾਨਤਾ ਦੇ ਕੇ ਉਨ੍ਹਾਂ ਪ੍ਰਤੀ ਸੁਹਿਰਦ ਹੋ ਉਨ੍ਹਾਂ ਨੂੰ ਕੋਈ ਮਹੱਤਤਾ ਪ੍ਰਦਾਨ ਕਰਨ ਦੇ ਰੁਝਾਨ ਵਿਚ ਸਨ। ਇਹ ਇਕ ਵੱਡੀ ਦੁਬਿਧਾ ਦਾ ਚੌਰਾਹਾ ਹੈ, ਦੋ ਪ੍ਰਮੁੱਖ ਪੀੜ੍ਹੀਆਂ ਦੇ ਦੋ ਵੱਖੋ ਵੱਖਰੇ ਰਾਹ ਹਨ।
ਚੌਰਾਹੇ ‘ਤੇ ਮਿਲਣ ਵਾਲੀਆਂ ਸੜਕਾਂ ਕਦੇ ਵੀ ਸਮਾਨੰਤਰ ਨਹੀਂ ਚੱਲ ਸਕਦੀਆਂ। ਉੱਤਰ ਤੋਂ ਦੱਖਣ ਨੂੰ ਜਾਣ ਵਾਲੀ ਤੇ ਪੂਰਬ ਤੋਂ ਪੱਛਮ ਨੂੰ ਜਾ ਰਹੀ ਸੜਕ ਦਾ ਇਕ ਖਾਸ ਥਾਂ ‘ਤੇ ਮਿਲਣ ਬਿੰਦੂ ਤਾਂ ਹੈ, ਪਰ ਇਹ ਇੱਕ ਦਿਸ਼ਾ ਵਲ ਸਮਾਨੰਤਰ ਨਹੀਂ ਚੱਲ ਸਕਦੀਆਂ। ਇਹੀ ਗੱਲ ਮਾਪਿਆਂ ਤੇ ਬੱਚਿਆਂ ਦੇ ਵਿਚਾਰਾਂ ਦੇ ਸੁਮੇਲ ਦੀ ਹੈ, ਇਥੇ ਹੀ ਵਿਚਾਰਾਂ ਦਾ ਬਖੇੜਾ ਸ਼ੁਰੂ ਹੁੰਦਾ ਹੈ।
ਬੱਚੇ ਪੱਛਮ ‘ਚ ਜੰਮੇ ਤੇ ਉਨ੍ਹਾਂ ‘ਤੇ ਪੱਛਮ ਦੇ ਰਹਿਣ ਸਹਿਣ ਤੇ ਵਰਤ ਵਤੀਰੇ ਦਾ ਪ੍ਰਭਾਵ ਭਾਰੂ ਹੈ, ਮਾਪੇ ਪੂਰਬ ‘ਚ ਪਲੇ ਤੇ ਵੱਡੇ ਹੋਏ ਤੇ ਆਉਂਦੇ ਹੋਏ ਸਾਰਾ ਪ੍ਰਭਾਵ ਲੈ ਪੱਛਮ ਆ ਵੜੇ। ਮਾਪਿਆਂ ਦੇ ਮਨਾਂ ਦੇ ਬਣੇ ਤੇ ਅਖਤਿਆਰ ਹੋਏ ਪ੍ਰਭਾਵਾਂ ਨੇ ਆਪ ਹੁਦਰੇ ਹੀ ਮਨਾਂ ਅੰਦਰ ਇਹ ਵਿਸ਼ਵਾਸ ਬਣਾ ਦਿੱਤਾ ਕਿ ਪੱਛਮ ਦੀ ਜੰਮੀ ਅਗਲੀ ਪੀੜ੍ਹੀ ਸਾਡੀ, ਸਾਡੇ ਆਪ ਮੁਹਾਰੇ ਬਣੇ ਪ੍ਰਭਾਵਾਂ ਤੇ ਖਾਹਿਸ਼ਾਂ ਉਤੇ ਸਹਿਜ ਸੁਭਾ ਹੀ ਫੁੱਲ ਚੜ੍ਹਾਏਗੀ। ਇਹ ਨਿਰੇ ਹਵਾਈ ਖਿਆਲ ਸਨ। ਅਸੀਂ ਖਾਸ ਕਰ ਪੰਜਾਬੀ ਲੋਕ ਵੱਡੇ ਸਾਂਝੇ ਪਰਿਵਾਰਾਂ ‘ਚ ਰਹਿਣ ਦੇ ਆਦੀ ਹੋਣ ਕਾਰਨ ਇਹੀ ਧਾਰਨਾ ਬਣਾਈ ਚਲੇ ਆ ਰਹੇ ਹਾਂ ਕਿ ਪੱਛਮ ‘ਚ ਸਾਡੇ ਜੰਮੇ ਬੱਚੇ ਸਾਡੀਆਂ ਧਾਰਨਾਵਾਂ ਨੂੰ ਸਹਿਜੇ ਹੀ ਪੜ੍ਹ ਪਹਿਲੀ ਪੀੜ੍ਹੀ ਵਾਂਗ ਹੀ ਸੋਚਣ ਅਤੇ ਵਿਚਰਨਗੇ। ਇਹ ਇਕ ਸੰਪੂਰਨ ਹਨੇਰੇ ‘ਚ ਵਿਚਰਨ ਵਾਲੀ ਗੱਲ ਹੈ। ਅਗਾਂਹ ਨਿਰਾਸ਼ਾ ਦਾ ਦਰਿਆ ਵੀ ਇਥੋਂ ਹੀ ਵਗਣਾ ਤੇ ਕੰਢਿਆਂ ਉਪਰ ਦੀ ਉਛਲਣਾ ਸ਼ੁਰੂ ਹੁੰਦਾ ਹੈ। ਬੱਚਿਆਂ ਦੇ ਆਪਣੇ ਰਾਹ ਤਾਂ ਸਾਡੇ ਸਿਰਜੇ ਰਾਹਾਂ ਤੇ ਆਸਾਂ ਦੇ ਅਨਕੂਲ ਹੀ ਨਹੀਂ।
ਮਾਪਿਆਂ ਨੂੰ ਆਪਣੀਆਂ ਉਮੰਗਾਂ ਦੀ ਨਾਪੂਰਤੀ ਦਾ ਝਲਕਾ ਉਨ੍ਹਾਂ ਦੇ ਆਲੇ ਦੁਆਲੇ ਇਕ ਉਦਾਸੀ ਦਾ ਵਾਤਾਵਰਣ ਸਿਰਜਣਾ ਸ਼ੁਰੂ ਕਰ ਦਿੰਦਾ ਹੈ। ਮਾਪੇ ਅੰਦਰੋ ਅੰਦਰੀ ਕੁੜ੍ਹਦੇ ਹਨ, ਝੂਠੀਆਂ ਖੁਸ਼ੀਆਂ ਤੇ ਫੋਕੀਆਂ ਤਸੱਲੀਆਂ ਰੂਪੀ ਥੰਮੀ ਨਾਲ ਮਨ ਨੂੰ ਕੁਝ ਢਾਰਸ ਦੇਣਾ ਚਿਤਵਦੇ ਹਨ। ਬੱਚਿਆਂ ਨੂੰ ਛੱਡ ਵੀ ਨਹੀਂ ਸਕਦੇ ਤੇ ਨਾਲ ਚੱਲਣ ਲਈ ਵੀ ਅੰਦਰ ਉਕਸਾਹਟ ਨਹੀਂ ਪੈਦਾ ਹੁੰਦੀ, ਵਿਚ ਵਿਚਾਲੇ ਹੀ ਘੜੀਸ ਹੁੰਦੇ ਦਿਨ ਕਟੀ ਕਰਦੇ ਬੁਢੇਪੇ ਦੀ ਪੌੜੀ ਦੇ ਅਗਲੇ ਡੰਡੇ ਪੈਰ ਧਰਦੇ ਜਾਂਦੇ ਹਨ। ਮਨ ‘ਚ ਮ੍ਰਿਗ ਤ੍ਰਿਸ਼ਨਾ ਦੀ ਧਾਰਨਾ ਦੀ ਗੱਡੀ ਚੜ੍ਹਦੇ ਮਨ ਦੀਆਂ ਆਸਾਂ ਦੇ ਫਲ ਨੂੰ ਬੂਰ ਪੈਣ ਦੀ ਝਾਕ ਹਾਲੇ ਵੀ ਰੱਖਦੇ ਹਨ। ਮੌਕਾ ਭਾਲਦੇ ਹਨ ਕਿ ਕਿਸੇ ਬਹਾਨੇ ਉਨ੍ਹਾਂ ਦੇ ਬੱਚੇ ਉਨ੍ਹਾਂ ਕੋਲ ਆਉਣ, ਦਿਨ-ਦਿਹਾਰ ‘ਤੇ ਉਡੀਕ ਕਰਦੇ ਹਨ, ਪਾਰਟੀਆਂ ਤੇ ਡਿਨਰਾਂ ਦਾ ਅਡੰਬਰ ਰਚਦੇ ਹਨ। ਬੱਧੇ ਰੁੱਧੇ ਬੱਚੇ ਪਰਿਵਾਰਾਂ ਸਮੇਤ ਆ ਤਾਂ ਜਾਂਦੇ ਹਨ ਥੋੜ੍ਹੇ ਸਮੇਂ ਲਈ, ਇਸ ਨਾਲ ਮਾਪਿਆਂ ਅੰਦਰ ਲੱਗੀ ਝੋਰੇ ਦੀ ਤਪਸ਼ ਕੁਝ ਦੇਰ ਲਈ ਘਟ ਜਾਂਦੀ ਹੈ, ਪਰ ਸ਼ਾਂਤ ਨਹੀਂ ਹੁੰਦੀ; ਇਹ ਆਰਜੀ ਤਸੱਲੀ ਹੁੰਦੀ ਹੈ। ਬੱਚੇ ਘੜੀ ਵਲ ਹੀ ਵੇਖਦੇ ਕੁਝ ਘੰਟੇ ਬਿਤਾ ਮੁੜ ਆਪੋ ਆਪਣੇ ਘਰੀਂ ਚਲੇ ਜਾਂਦੇ ਹਨ: ਮਾਪੇ ਫਿਰ ਕੱਲਮ ਕੱਲੇ ਕੰਧਾਂ ਦੇ ਖੂੰਜਿਆਂ ਵਲ ਬਿਟਰ ਬਿਟਰ ਝਾਕਦੇ ਰਹਿ ਜਾਂਦੇ ਹਨ।
ਕਮਾਇਆ ਪੈਸਾ, ਵਧੀਆ ਬਣਾਏ ਘਰ ਤੇ ਘਰ ਦੇ ਅੰਦਰ ਬੇਅੰਤ ਪਈਆਂ ਮਹਿੰਗੀਆਂ ਸਜਾਵਟੀ ਵਸਤਾਂ ਵੀ ਖਾਣ ਨੂੰ ਆਉਂਦੀਆਂ ਹਨ। ਇਹ ਮਨ ਦਾ ਝੋਰਾ ਕਿਸੇ ਨੂੰ ਦੱਸਦੇ ਵੀ ਨਹੀਂ ਤੇ ਮੂਹਰੇ ਕੋਈ ਦੁੱਖੜਾ ਸੁਣ ਕੇ ਦੁਆ ਦਾਰੂ ਦੱਸਣ ਵਾਲਾ ਵੀ ਨਹੀਂ ਹੁੰਦਾ, ਕਿਉਂਕਿ ਜਿਸ ਕੋਲ ਦੱਸਣਾ ਹੈ, ਉਸ ਦਾ ਤਾਂ ਆਪ ਉਨ੍ਹਾਂ ਵਾਲਾ ਹੀ ਹਾਲ ਹੈ। ਸਭ ਇਕ ਦੂਜੇ ਤੋਂ ਚੋਰੀ ਕੋਠੀ ‘ਚ ਮੂੰਹ ਦੇਈ ਝੂਰੀ ਜਾ ਰਹੇ ਹੁੰਦੇ ਹਨ। ਆਪਣੇ ਪੁਸ਼ਤੀ ਸੁਭਾ ਮੁਤਾਬਕ ਨਾ ਤਾਂ ਆਪਣੇ ਮਨ ਨੂੰ ਹੀ ਇਸ ਤਬਦੀਲੀ ਲਈ ਤਿਆਰ ਕਰ ਸਕੇ ਤੇ ਨਾ ਹੀ ਆਪਣੀ ਅਗਲੀ ਪੀੜ੍ਹੀ ਦੀ ਆਲੇ ਦੁਆਲੇ ਦੀ ਮਜ਼ਬੂਰੀ ਨੂੰ ਸਮਝ, ਕੋਈ ਵਿਚਲਾ ਰਾਹ ਹੀ ਅਖਤਿਆਰ ਕੀਤਾ। ਸਾਲਾਂ ਬੱਧੀ ਘਰੋਂ ਕੰਮ ਤੇ ਕੰਮ ਤੋਂ ਘਰ ਵਾਲਾ ਚੰਡੋਲ ਚੜ੍ਹੇ ਰਹਿਣ ਕਾਰਨ ਕੋਈ ਹੋਰ ਰੁਝੇਵਾਂ ਬਣਿਆ ਨਹੀਂ ਜਾਂ ਬਣਾAਣ ਦੀ ਲੋੜ ਨਹੀਂ ਸਮਝੀ ਤੇ ਰਿਟਾਇਰ ਹੋਣ ਪਿਛੋਂ ਕੋਈ ਰੌਚਕਤਾ ਨਾ ਹੋਣ ਕਾਰਨ ਸਮਾਂ ਬਿਤਾਉਣਾ ਹੋਰ ਵੀ ਦੁੱਭਰ ਹੋ ਗਿਆ। ਪਰਵਾਸ ਕਰ ਕੇ ਆਈ ਪਹਿਲੀ ਪੀੜ੍ਹੀ ਨੂੰ ਖਾਸ ਕਰਕੇ ਇਸ ਕਸੂਤੀ ਕੁਠਾਲੀ ਵਿਚਦੀ ਵਿਚਰਨਾ ਪੈਂਦਾ ਹੈ। ਇਕੱਲ ਕਾਰਨ ਕੁੱਤਿਆਂ ਬਿੱਲੀਆਂ ਦਾ ਆਸਰਾ ਭਾਲਦੇ ਹਨ, ਜੋ ਨਿੱਘ ਤੇ ਸਕੂਨ ਬੱਚਿਆਂ ਤੇ ਅਗਾਂਹ ਉਨ੍ਹਾਂ ਦੇ ਬੱਚਿਆਂ ਨੇ ਦੇਣਾ ਸੀ, ਉਹ ਮਿਲਦਾ ਨਹੀਂ ਤੇ ਇੰਜ ਅੰਦਰ ਖਾਲੀ ਤੇ ਖੋਖਲਾ ਲਗਦਾ ਰਹਿੰਦਾ ਹੈ।
ਔਖੇ ਹੋ ਹੋ ਲਾਇਆ ਓਵਰ ਟਾਈਮ, ਬਣਾਈ ਦੌਲਤ ਜਾਇਦਾਦ ਇਕੱਲਾਪਣ ਦੂਰ ਨਹੀਂ ਕਰਦੀ। ਜਿਉਂ ਜਿਉਂ ਬੁਢੇਪਾ ਹੋਰ ਨੇੜੇ ਹੁੰਦਾ ਜਾਂਦਾ ਹੈ, ਤਿਉਂ ਤਿਉਂ ਸਰੀਰਕ ਸ਼ਕਤੀ, ਸਹਿਣਸ਼ੀਲਤਾ ਘਟਣ ਕਾਰਨ ਇਕੱਲੇਪਣ ਦਾ ਸਾਹਮਣਾ ਕਰਨ ਦੀ ਸਮਰੱਥਾ ਵੀ ਪਹਿਲਾਂ ਵਾਲੀ ਨਹੀਂ ਰਹਿੰਦੀ, ਇੰਜ ਉਦਾਸੀ ਤੇ ਨਿਰਾਸ਼ਾ ਦਾ ਆਲਮ ਹੋਰ ਭਾਰੂ ਹੁੰਦਾ ਜਾਂਦਾ ਹੈ। ਹਾਣੀ ਪਰਵਾਣੀ ਤੇ ਆਪ ਤੋਂ ਵਡੇਰੇ, ਜੋ ਕਿਸੇ ਵੇਲੇ ਮਨ ਦੀ ਡਿਗਦੀ ਕੋਠੀ ਨੂੰ ਢਾਰਸ ਦਿਆ ਕਰਦੇ ਸਨ, ਉਹ ਜਾਂ ਤਾਂ ਚੱਲ ਗਏ ਜਾਂ ਕਿਤੇ ਦੂਰ ਦੁਰਾਡੇ ਜਾ ਵਸੇ। ਭਾਵੇਂ ਸੰਚਾਰ ਸਾਧਨ ਬੇਅੰਤ ਬਣ ਗਏ ਹਨ, ਪਰ ਜਿਨ੍ਹਾਂ ਨਾਲ ਸੰਚਾਰ ਕਰਨਾ ਹੈ, ਜੇ ਉਹ ਹੀ ਨਾ ਹੋਣ ਤਾਂ ਇਹ ਸਭ ਨਵੇਂ ਸਾਧਨ ਵੀ ਕਿਸ ਕੰਮ? ਚਿੱਠੀਆਂ ਰਾਹੀਂ ਪਾਈਆਂ ਸਾਂਝਾਂ ਦਿਲਾਂ ਦਾ ਨਿਚੋੜ ਹੋਇਆ ਕਰਦੀਆਂ ਸਨ, ਹੁਣ ਉਹ ਵੀ ਗਾਇਬ; ਟੈਲੀਫੋਨ ‘ਤੇ ਵੀ ਇੱਕ ਦੂਜੇ ਦੀ ਅਵਾਜ਼ ਸੁਣ ਦਿਲ ਦੀ ਭਾਫ ਕੱਢੀ ਜਾ ਸਕਦੀ ਹੈ, ਹੁਣ ਈ ਮੇਲਾਂ ਨੇ ਤਾਂ ਉਹ ਵੀ ਮਨੁੱਖੀ ਲਗਾਉ ਦਾ ਆਖਰੀ ਸਾਧਨ ਅੱਖਰਾਂ ‘ਚ ਹੀ ਬਦਲ ਦਿੱਤਾ ਹੈ। ਸਾਡੀ ਸੱਤਰਵਿਆਂ ਨੂੰ ਢੁੱਕੀ ਪੀੜ੍ਹੀ ‘ਚ ਬਹੁਤਿਆਂ ਨੂੰ ਇਹ ਤਕਨਾਲੋਜੀ ਰਾਸ ਵੀ ਨਹੀਂ। ਇਨ੍ਹਾਂ ਸਭ ਨਵੀਆਂ ਕਾਢਾਂ ਤੇ ਨਵੇਂ ਸਾਧਨਾਂ ‘ਚ ਵੀ ਬਜੁਰਗ ਮਾਪੇ ਕੈਦ ਹੋ ਕੇ ਰਹਿ ਗਏ ਹਨ। ਸਭ ਤੋਂ ਵੱਡਾ ਦੁੱਖ ਤੇ ਝੋਰਾ ਤਾਂ ਸਾਲਾਂ ਬੱਧੀ ਮਨਾਂ ‘ਚ ਬਣ ਰਹੀਆਂ ਉਮੰਗਾਂ, ਆਸਾਂ ਤੇ ਖਾਹਿਸ਼ਾਂ ਤੋਂ ਸੱਖਣੇ ਜਿਹੇ ਹੋ ਕੇ ਰਹਿ ਜਾਣ ਦਾ ਹੈ, ਜੋ ਆਪਣੇ ਬੱਚਿਆਂ ਪ੍ਰਤੀ ਪੀਂਜੋ ਪੀਂਜ ਮਨਾਂ ‘ਚ ਚਿਣੀਆਂ ਹੋਈਆਂ ਸਨ। ਪੈਸਾ, ਸੁਖ ਸਹੂਲਤਾਂ ਤੇ ਹੋਰ ਸੁਵਿਧਾਵਾਂ ਹੋਣ ਦੇ ਬਾਵਜੂਦ ਮਨ ਅੰਦਰ ਇਕ ਖਾਲੀਪਣ ਦੀ ਖੋਹ ਪੈਂਦੀ ਹੈ, ਜੋ ਆਪਣੇ ਬੱਚਿਆਂ ਤੇ ਅਗਾਂਹ ਉਨ੍ਹਾਂ ਦੇ ਬੱਚਿਆਂ ‘ਚ ਰਚਮਿਚ, ਰਲਮਿਲ਼ ਤੇ ਨੇੜਤਾ ‘ਚ ਰਹਿਣ ਨਾਲ ਪੂਰੀ ਹੋਣੀ ਸੀ। ਅਗਲੀ ਪੀੜ੍ਹੀ ਦੇ ਮਨ ਦੀ ਤਾਂ ਵੇਵ ਲਿੰਥ ਹੀ ਹੋਰ ਹੈ, ਜੋ ਸਮੇਂ ਦੀ ਤਬਦੀਲੀ ਦੀ ਨਿਸ਼ਾਨੀ ਹੈ ਤੇ ਵਿਚਾਰੇ ਮਾਪਿਆਂ ਨੂੰ ਇਹ ਗੱਲ ਹਜ਼ਮ ਕਰਨੀ ਔਖੀ ਹੈ; ਇਹੀ ਝੋਰਾ ਉਨ੍ਹਾਂ ਨੂੰ ਵੱਢ ਵੱਢ ਖਾਂਦਾ ਅੰਦਰ ਘੁਣ ਵਾਂਗੂੰ ਲੱਗਿਆ, ਅੰਦਰ ਦੀਆਂ ਪਰਤਾਂ ਦਾ ਆਟਾ ਬਣਾਈ ਜਾ ਰਿਹਾ ਹੈ। ਬਾਹਰੋਂ ਭਾਵੇਂ ਮਾਪੇ ਦੇਖਣ ਨੂੰ ਸਹੀ ਸਲਾਮਤ ਲਗਦੇ ਹਨ, ਜਿਵੇਂ ਘੁਣ ਖਾਧੇ ਮੰਜੇ ਦਾ ਪਾਵਾ ਅੰਦਰੋਂ ਘੁਣ ਨਾਲ ਖੋਖਲਾ ਹੋਣ ਪਿਛੋਂ ਵੀ ਬਾਹਰੋਂ ਚੰਗਾ ਭਲਾ ਤੇ ਸਾਬਤ ਸੂਰਤ ਲਗਦਾ ਹੁੰਦਾ ਹੈ। ਇਹੀ ਗੱਲ ਵਿਚਾਰੇ ਮਾਪਿਆਂ ਦੀ ਹੋ ਕੇ ਰਹਿ ਗਈ ਹੈ ਤੇ ਪਤਾ ਨਹੀਂ ਲਗਦਾ ਚੌਰਾਹੇ ਤੇ ਖੜ੍ਹੇ ਕਿਹੜੀ ਦਸ਼ਾ ਵਲ ਸੇਧ ਕਰਨ।