ਵੱਡੇ ਵੱਡੇ ਰੇਡਰਾਂ ਨੂੰ ਡੱਕਣ ਵਾਲਾ ਰਾਵਲ ਮਾਣਕ ਢੇਰੀ

ਇਕਬਾਲ ਸਿੰਘ ਜੱਬੋਵਾਲੀਆ
ਹੁਸ਼ਿਆਰਪੁਰ ਨੇ ਮਾਨਗੜ੍ਹੀਆ ਤੋਖੀ (ਟਾਈਗਰ) ਤੇ ਤੋਖੀ ਐਟਮ ਬੰਬ ਵਰਗੇ ਥੰਮ੍ਹ ਖਿਡਾਰੀ ਸਾਡੀ ਝੋਲੀ ਪਾਏ ਨੇ, ਜਿਨ੍ਹਾਂ ਦੀ ਖੇਡ ਦਾ ਦੁਨੀਆਂ ਅੱਜ ਵੀ ਲੋਹਾ ਮੰਨਦੀ ਐ। ਉਨ੍ਹਾਂ ਜਿਲੇ ਨੂੰ ਖੇਡ ਨਕਸ਼ੇ ‘ਤੇ ਲਿਆ ਕੇ ਸੁਨਹਿਰੀ ਇਤਿਹਾਸ ਰਚਿਆ। ਉਨ੍ਹਾਂ ਦੀਆਂ ਗੱਲਾਂ ਪਿੰਡਾਂ ਦੀਆਂ ਸੱਥਾਂ ਤੇ ਗਲੀਆਂ, ਬਾਜ਼ਾਰਾਂ ਵਿਚ ਹੁੰਦੀਆਂ। ਉਨ੍ਹਾਂ ਦੀਆਂ ਖੇਡ ਬਾਤਾਂ ਦਾ ਨੌਜਵਾਨਾਂ ‘ਤੇ ਅਸਰ ਹੁੰਦਾ। ਖੂਨ ਉਬਾਲੇ ਮਾਰਨ ਲੱਗਦਾ। ਉਨ੍ਹਾਂ ਦੇ ਕਿੱਸੇ ਸੁਣ ਸੁਣ ਮਾਣਕ ਢੇਰੀ ਦੇ ਰਾਵਲ ਦਾ ਖੂਨ ਖੌਲਣ ਲੱਗਦਾ।

ਉਨ੍ਹਾਂ ਦੇ ਮਾਰਗ ਦਰਸ਼ਨ ‘ਤੇ ਚਲਦਿਆਂ ਰਾਵਲ ਨੇ ਤਕੜੀ ਮਿਹਨਤ ਕੀਤੀ ਅਤੇ ਜਿਲਾ ਹੁਸ਼ਿਆਰਪੁਰ ਦੀ ਕਬੱਡੀ ਦਾ ਲੱਠਾ ਨਾਇਕ ਬਣ ਕੇ ਖੇਡ ਜਗਤ ਵਿਚ ਚਮਕਿਆ ਤੇ ਜਿਲੇ ਦਾ ਨਾਂ ਚਮਕਾਇਆ। ਕਬੱਡੀ ਦੇ ਬੁਰਜ਼ ‘ਤੇ ਖੜ੍ਹ ਕੇ ਉਨ੍ਹੇ ਕਈ ਸਾਲ ਕਬੱਡੀ ਖੇਡੀ ਤੇ ਸ਼ੰਕਰੀਏ ਘੁੱਗੇ ਦਾ ਸਾਥੀ ਖਿਡਾਰੀ ਬਣ ਵੱਡੇ ਵੱਡੇ ਰੇਡਰਾਂ ਨੂੰ ਥੰਮਿਆ। ਪਿੰਡਾਂ ਦੇ ਸ਼ੋਅ-ਮੈਚ, ਸਟੇਟ ਲੈਵਲ, ਸਟੇਟ ਚੈਂਪੀਅਨਸ਼ਿਪਾਂ ਤੇ ਜਿਲਿਆਂ ਦੇ ਮੈਚ ਰੱਜ ਕੇ ਖੇਡੇ ਅਤੇ ਲੋਕਾਂ ਦਾ ਪਿਆਰ ਵੀ ਰੱਜ ਕੇ ਮਾਣਿਆ।
ਮਾਤਾ ਪ੍ਰੀਤਮ ਕੌਰ ਤੇ ਪਿਤਾ ਸ਼ ਮੋਤਾ ਸਿੰਘ ਦੇ ਲਾਡਲੇ ਪੁੱਤ ਨੇ 8ਵੀਂ ਜਮਾਤ ਅਬੋਹਰ ਮੰਡੀ, ਜਿਲਾ ਫਿਰੋਜ਼ਪੁਰ ਤੋਂ ਕੀਤੀ, ਕਿਉਂਕਿ ਪਿਤਾ ਜੀ ਦਾ ਉਥੇ ਟਰੱਕਿੰਗ ਦਾ ਕਾਰੋਬਾਰ ਸੀ। ਫਿਰ ਪਿਤਾ ਜੀ ਪਰਿਵਾਰ ਸਮੇਤ ਪਿੰਡ ਮਾਣਕ ਢੇਰੀ ਜਾ ਵੱਸੇ। 9ਵੀਂ ਅਤੇ 10ਵੀਂ ਦੀ ਪੜ੍ਹਾਈ ਲਾਗਲੇ ਪਿੰਡ ਦੇ ਹਾਈ ਸਕੂਲ ਸਰਹਾਲਾ ਮੁੰਡੀਆਂ, ਜਿਲਾ ਹੁਸ਼ਿਆਰਪੁਰ ਤੋਂ ਕੀਤੀ। ਮਾਤਾ ਜੀ ਨੂੰ ਵੀ ਸ਼ੌਕ ਸੀ ਕਿ ਪੁੱਤ ਜਾਨਦਾਰ ਖਿਡਾਰੀ ਬਣੇ। ਖੁਰਾਕ ਦੀ ਕੋਈ ਕਸਰ ਨਾ ਛੱਡੀ। ਪਿੰਡ ਦੇ ਪੁਰਾਣੇ ਖਿਡਾਰੀਆਂ ਵੱਲ ਵੇਖ ਹੋਰ ਸ਼ੌਕ ਵਧਿਆ, ਜੋ ਬੋਰੀ ਚੁੱਕਦੇ ਤੇ ਮੂੰਗਲੀਆਂ ਫੇਰਦੇ। ਪਰਿਵਾਰ ‘ਚੋਂ ਚਾਰ ਮੈਂਬਰ ਵਧੀਆ ਖਿਡਾਰੀ ਹੋਣ ਕਰਕੇ ਖੁਦ ਵੀ ਤਕੜਾ ਖਿਡਾਰੀ ਬਣਨ ਦੀ ਇੱਛਾ ਵਧਣ ਲੱਗੀ।
ਜਵਾਨੀ ‘ਚ ਉਨ੍ਹੇ ਲਾਗਲੇ ਪਿੰਡ ਬਹਿਰਾਮ-ਸ਼ਰਿਸਤਾ ਆਪਣੇ ਪਿੰਡ ਦੀ ਫਸਵੀਂ ਟੱਕਰ ਮਹਿੰਦਰ ਬੋਲੇ ਨਾਲ ਵੇਖੀ। ਪਿੰਡ ਦਾ ਪੁਰਾਣਾ ਖਿਡਾਰੀ ਸੰਤੋਖ ਗਿੱਦੜ ਸਾਹ ਪਾ ਰਿਹਾ ਸੀ। ਸੰਤੋਖ ਗਿੱਦੜ ਤੇ ਮਹਿੰਦਰ ਬੋਲੇ ਦਾ ਜ਼ਬਰਦਸਤ ਮੁਕਾਬਲਾ ਹੋ ਰਿਹਾ ਸੀ। ਜਦੋਂ ਸੰਤੋਖ ਗਿੱਦੜ ਨੰਬਰ ਲੈ ਜਾਂਦਾ ਤਾਂ ਲੋਕ ਤਾੜੀਆਂ ਮਾਰਦੇ, ਉਚੀ ਅਵਾਜ਼ਾਂ ਕੱਸਦੇ, “ਵਾਹ ਓਏ ਗਿੱਦੜਾ! ਸਵਾਦ ਕਰ ‘ਤਾ।” (ਗੰਨੇ ਜ਼ਿਆਦਾ ਚੂਪਦਾ ਹੋਣ ਕਰਕੇ ਉਹਦੀ ਅੱਲ ਗਿੱਦੜ ਪਈ ਸੀ, ਕਦੇ ਗੁੱਸਾ ਨਹੀਂ ਸੀ ਕਰਦਾ)
ਬਾਹਰ ਬੈਠਾ ਰਾਵਲ ਉਹ ਮੈਚ ਵੇਖ ਰਿਹਾ ਸੀ ਤੇ ਉਹਦਾ ਖੂਨ ਉਬਾਲੇ ਖਾਣ ਲੱਗਦਾ ਕਿ ਇਕ ਦਿਨ ਉਹ ਵੀ ਉਚ ਕੋਟੀ ਦਾ ਖਿਡਾਰੀ ਬਣੇਗਾ ਤੇ ਲੋਕ ਤਾੜੀਆਂ ਤੇ ਕਿਲਕਾਰੀਆਂ ਮਾਰ ਕੇ ਉਹਦੀ ਖੇਡ ਦੀ ਦਾਦ ਦੇਣਗੇ। ਇਹ ਰਾਵਲ ਦੇ ਸ਼ੁਰੂਆਤੀ ਦਿਨਾਂ ਦੀ ਗੱਲ ਹੈ। ਉਦੋਂ ਉਹ ਨੌਵੀਂ ‘ਚ ਪੜ੍ਹਦਾ ਸੀ ਤੇ ਜਵਾਨੀ ਦੀ ਦਹਿਲੀਜ਼ ‘ਤੇ ਅੱਪੜ ਚੁਕਾ ਸੀ। ਉਹ ਕਬੱਡੀ ਨੂੰ ਦਿਲ-ਓ-ਜਾਨ ਨਾਲ ਸਮਰਪਿਤ ਹੋ ਚੁਕਾ ਸੀ। ਵੱਡੇ ਵੱਡੇ ਰੇਡਰਾਂ ਨੂੰ ਰੋਕਣ ਦਾ ਦਮ ਰੱਖਣ ਲੱਗਾ। ਤਕੜੇ ਰੇਡਰ ਉਹਦੀ ਖੇਡ, ਤਾਕਤ ਤੇ ਦਾਅ ਤੋਂ ਕੰਨੀ ਕਤਰਾਉਣ ਲੱਗੇ।
ਮੂਨਕਾਂ ਵਾਲਾ ਤਾਰੀ ਪੰਜਾਬ ਦਾ ਤਕੜਾ ਰੇਡਰ ਹੋਇਐ। ਰਈਏ ਚੈਂਪੀਅਨਸ਼ਿਪ ਵਿਚ ਤਾਰੀ ਇਕ ਵਾਰ ਵੀ ਨਾ ਰੁਕਿਆ। ਖੇਡ ਹਲਕਿਆਂ ‘ਚ ਤਾਰੀ-ਤਾਰੀ ਹੋਈ ਪਈ ਸੀ। ਇਧਰ ਰਾਵਲ ਵੀ ਚੜ੍ਹਦੀ ਜਵਾਨੀ ਦਾ ਗੱਭਰੂ ਕਬੱਡੀ ਦਾ ਸ਼ੇਰ ਦੁੱਲਾ ਪੂਰੀ ਤਿਆਰੀ ‘ਚ ਸੀ ਤੇ ਸੱਚੇ ਪਾਤਸ਼ਾਹ ਵੀ ਰਾਵਲ ‘ਤੇ ਪੂਰਾ ਮਿਹਰਬਾਨ ਸੀ। ਭੋਗਪੁਰ ਦੁਸ਼ਹਿਰੇ ‘ਤੇ ਮੂਨਕਾਂ ਤੇ ਮਾਣਕ ਢੇਰੀ-ਦੋਵੇਂ ਪਿੰਡ ਓਪਨ ਫਾਈਨਲ ਵਿਚ ਆਹਮੋ-ਸਾਹਮਣੇ ਜਾ ਖੜ੍ਹੇ ਹੋਏ। ਦੋਹਾਂ ਪਿੰਡਾਂ ਵਿਚ ਤਾਰੀ ਤੇ ਰਾਵਲ ਵਰਗੇ ਨਾਮੀ ਖਿਡਾਰੀ ਸਨ। ਮੈਚ ਵੇਖਣ ਲਈ ਲੋਕ ਟੁੱਟਣੇ ਆਏ ਹੋਏ ਸਨ। ਮੈਚ ਸ਼ੁਰੂ ਹੋਏ ‘ਤੇ ਸਾਹ ਆਏ ਤਾਰੀ ਨੂੰ ਰਾਵਲ ਨੇ ਬੜੀ ਜ਼ੋਰ ਨਾਲ ਕੈਂਚੀ ਮਾਰ ਕੇ ਰੋਕਿਆ। ਲੋਕ ਤਾੜੀਆਂ ਮਾਰਨ ਲੱਗੇ ਤੇ ਚੀਕ ਚਿਹਾੜਾ ਪਾ ਦਿਤਾ, ਕਿਉਂਕਿ ਪੰਜਾਬ ਦਾ ਰੇਡਰ ਤਾਰੀ ਰੋਕ ਦਿਤਾ ਸੀ। ਉਸ ਮੈਚ ਵਿਚ ਤਾਰੀ ਨੂੰ ਰਾਵਲ ਨੇ ਕਈ ਵਾਰ ਰੋਕਿਆ। ਉਸ ਮੈਚ ਤੋਂ ਬਾਅਦ ਰਾਵਲ ਦੀ ਹਰ ਪਾਸੇ ਚੜ੍ਹਤ ਹੋ ਗਈ ਕਿ ਤਾਰੀ ਨੂੰ ਡੱਕਣ ਵਾਲਾ ਕੋਈ ਖਿਡਾਰੀ ਉਠਿਐ! ਰਾਵਲ ਦੇ ਦੱਸਣ ਅਨੁਸਾਰ ਮੂਨਕਾਂ ਪਿੰਡ ਦੇ ਤਾਰੀ ਅਤੇ ਤੀਰਥ ਤਕੜੇ ਖਿਡਾਰੀ ਸਨ। ਇਹ ਗੱਲ ਸੰਨ 1970-71 ਦੀ ਹੈ।
ਭੋਗਪੁਰ ਦੁਸ਼ਹਿਰੇ ਦੇ ਉਸ ਇਤਿਹਾਸਕ ਮੈਚ ਪਿਛੋਂ ਰਾਵਲ ਦੀ ਹਰ ਪਾਸੇ ਬੱਲੇ ਬੱਲੇ ਹੋ ਗਈ। ਉਹਦੀ ਤਕੜੀ ਗੇਮ ਵੇਖ ਰਿਸ਼ਤੇਦਾਰੀ ‘ਚੋਂ ਲੱਗਦੇ ਮਾਮਾ ਜੀ, ਜੋ ਆਪ ਵੀ ਖੇਡਾਂ ਦਾ ਸ਼ੌਕੀਨ ਸੀ, ਨੇ ਰਾਵਲ ਨੂੰ ਸਪੋਰਟਸ ਕਾਲਜ ਜਲੰਧਰ ਦਾਖਲ ਕਰਾ ਦਿਤਾ। ਕਾਲਜ ਵੀ ਬੜੀ ਮਿਹਨਤ ਕੀਤੀ। ਖਿਡਾਰੀਆਂ ਦਾ ਤਕੜਾ ਸੈਟ ਬਣਾ ਪਿੰਡਾਂ ਦੇ ਸ਼ੋਅ-ਮੈਚ ਜਾ ਲਾਉਂਦੇ। ਇਸੇ ਤਰ੍ਹਾਂ ਹੀ ਇਕ ਵਾਰ ਰਈਏ ਲਾਗੇ ਸ਼ ਮੋਹਣ ਸਿੰਘ ਤੁੜ ਦੇ ਪਿੰਡ ਖੇਡਣ ਚਲੇ ਗਏ। ਉਥੇ ਕਾਲਜ ਦੇ ਨਾਮੀ ਖਿਡਾਰੀ ਲਸ਼ਕਰ ਸਿੰਘ ਨੇ ਵੀ ਟੀਮ ਐਂਟਰ ਕਰਾਈ ਹੋਈ ਸੀ ਤੇ ਉਹ ਵੀ ਨਾਮੀ ਖਿਡਾਰੀ ਲੈ ਕੇ ਪਹੁੰਚਿਆ ਹੋਇਆ ਸੀ। ਵਿਰੋਧੀ ਟੀਮ ਵਿਚ ਲੁਧਿਆਣੇ ਵਾਲਾ ਦਰਬਾਰਾ ਬੋਲਾ, ਘੁੱਦਾ, ਕੌਡਾ ਤੇ ਹੋਰ ਖਿਡਾਰੀ ਸਨ। ਰਾਵਲ ਦੇ ਦੱਸਣ ਅਨੁਸਾਰ ਕੌਡਾ ਤਕੜਾ ਧਾਵੀ ਸੀ ਤੇ ਰਾਵਲ ਵੀ ਪੂਰੀ ਤਿਆਰੀ ‘ਚ। ਧਾਵਾ ਕਰਨ ਆਉਂਦੇ ਕੌਡੇ ਨੂੰ ਇਕ ਵਾਰ ਨਹੀਂ, ਕਈ ਵਾਰ ਖੁੱਚ ਪੁੱਟ ਕੇ ਰੋਕਿਆ। ਖੇਡ ਦਾ ਵਧੀਆ ਪ੍ਰਦਰਸ਼ਨ ਹੋਣ ਕਰਕੇ ਉਥੋਂ 74 ਰੁਪਏ ਬਣੇ। ਉਦੋਂ ਇਕ ਇਕ ਰੁਪਿਆ ਦੇ ਕੇ ਖਿਡਾਰੀਆਂ ਦਾ ਹੌਸਲਾ ਵਧਾਇਆ ਜਾਂਦਾ ਸੀ।
ਸੁਲਤਾਨਪੁਰ ਲੋਧੀ ਗੁਰੂ ਨਾਨਕ ਦੇਵ ਜੀ ਦੇ ਜਨਮ ਪੁਰਬ ‘ਤੇ ਮੈਚਾਂ ਦੀ ਸ਼ੁਰੂਆਤ ਸੰਨ 1972 ‘ਚ ਹੋਈ ਸੀ। ਪਹਿਲੇ ਸਾਲ ਟੂਰਨਾਮੈਂਟ ਕਮੇਟੀ ਨੇ ਮੈਚਾਂ ਵਿਚ ਪ੍ਰੀਤੇ ਤੇ ਰਾਵਲ ਦੀਆਂ ਟੀਮਾਂ ਵੀ ਸੱਦੀਆਂ ਹੋਈਆਂ ਸਨ। ਰਾਵਲ ਪ੍ਰੀਤੇ ਦੇ ਵਿਰੁਧ ਖੇਡ ਰਿਹਾ ਸੀ। ਮੂਨਕਾਂ ਵਾਲੇ ਤਾਰੀ ਦਾ ਪੇਂਡੂ ਤੀਰਥ ਧਾਵੀ ਸੀ ਤੇ ਰਾਵਲ ਜੱਫੇ ਲਾ ਰਿਹਾ ਸੀ। ਡਾਜ਼ ਮਾਰਨ ਦਾ ਮਾਹਰ ਤੀਰਥ ਇਕ ਵਾਰ ਵੀ ਨਾ ਰੁਕਿਆ। ਜਿੱਤ ਦਾ ਸਿਹਰਾ ਰਾਵਲ ਹੋਰਾਂ ਵੱਲ ਜਾ ਰਿਹਾ ਸੀ। ਰਾਵਲ ਨੇ ਕਹਿੰਦੇ ਕਹਾਉਂਦੇ ਸਾਰੇ ਰੇਡਰ ਰੋਕੇ, ਪਰ ਤਕੜਾ ਖਿਡਾਰੀ ਹੋਣ ਕਰਕੇ ਪ੍ਰੀਤਾ ਇਕ ਵਾਰ ਵੀ ਨਾ ਰੁਕਿਆ। ਮੈਚ ਖਤਮ ਹੋਣ ਪਿਛੋਂ ਦਰਸ਼ਕ ਰਾਵਲ ਦੁਆਲੇ ‘ਕੱਠੇ ਹੋ ਗਏ। ਬੜੀ ਦਾਦ ਤੇ ਹੌਸਲਾ ਦਿਤਾ। ਉਸ ਮੈਚ ਪਿਛੋਂ ਚਾਰੇ-ਪਾਸੇ ਰਾਵਲ-ਰਾਵਲ ਹੋ ਗਈ।
ਸੰਨ 1975 ‘ਚ ਟੀਮ ਇੰਗਲੈਂਡ ਜਾਣੀ ਸੀ, ਪਰ ਇੰਦਰਾ ਗਾਂਧੀ ਨੇ ਐਮਰਜੈਂਸੀ ਲਾ ਦਿੱਤੀ। ਇੰਗਲੈਂਡ ਜਾਣ ਦਾ ਸੁਪਨਾ ਚਕਨਾਚੂਰ ਹੋ ਗਿਆ। ਕੈਂਪਾਂ ‘ਚ ਤਿਆਰੀ ਚਲਦੀ ਰਹੀ, ਜਿਥੇ ਜਾਫੀਆਂ ‘ਚ ਸ਼ੰਕਰੀਆ ਘੁੱਗਾ, ਰਾਵਲ, ਸ਼ਿਵਦੇਵ (ਨਿਊ ਯਾਰਕ) ਤੇ ਦਰਬਾਰਾ ਬੋਲਾ ਹੁੰਦੇ।
ਚੱਕਾਂ ਵਾਲੇ ਕਮਲ ਪੰਡਿਤ (ਨਿਊ ਯਾਰਕ) ਤੇ ਰਾਵਲ ਨੇ ਕਈ ਸਾਲ ‘ਕੱਠਿਆਂ ਮੈਚ ਖੇਡੇ। ਰਾਵਲ ਜੱਫੇ ਲਾਉਂਦਾ ਤੇ ਕਮਲ ਰੇਡਾਂ ਕਰਦਾ। ਰਾਵਲ ਨੇ ਆਪਣੇ ਪਿੰਡ ਕਮਲ ਦੇ ਨਾਂ ਥੋੜੀ ਜਿਹੀ ਜਗ੍ਹਾ ਲੁਆ ਦਿੱਤੀ ਸੀ ਤਾਂ ਕਿ ਕਮਲ ਉਹਦੇ ਪਿੰਡ ਵਲੋਂ ਖੇਡਦਾ ਰਹੇ। ਕਮਲ ਦੀ ਰੇਡ ਪੱਕੀ ਹੁੰਦੀ। ਆਮ ਜਾਫੀ ਤਾਂ ਕੀ, ਤਕੜਿਆਂ ਕੋਲੋਂ ਵੀ ਨਹੀਂ ਸੀ ਰੁਕਦਾ।
1975-76 ‘ਚ ਕਾਲਜ ਪਿਛੋਂ ਵੀ ਰਾਵਲ ਖੇਡਦਾ ਰਿਹਾ। ਆਲੇ-ਦੁਆਲੇ ਦੇ ਮੈਚਾਂ ‘ਚ ਸੱਘਵਾਲ ਵਾਲਾ ਜਗੀਰ ਸਿੰਘ (ਜਗੀਰੀ ਕੋਚ) ਖੇਡਣ ਲੈ ਜਾਂਦਾ। ਦਸੂਹੇ ਦੀ ਸਟੇਟ ਪੰਚਾਇਤ ਚੈਂਪੀਅਨਸ਼ਿਪ ਖੇਡੀ। ਪਾਲੇ ਦੇ ਪਿੰਡ ਸ਼ੰਕਰ ਵੀ ਖੇਡਣ ਜਾਂਦੇ ਰਹੇ। ਸ਼ੰਕਰੀਏ ਪਾਲੇ ਤੇ ਪੱਤੜੀਏ ਬੋਲੇ ਨਾਲ ਬੜੇ ਮੈਚ ਲਾਏ। ਬਾਹਰ ਪੱਕੇ ਯਾਰ ਤੇ ਗਰਾਊਂਡ ਵਿਚ ਪੂਰੇ ਵਿਰੋਧੀ। ਸਿਰ ਧੜ ਦੀ ਬਾਜ਼ੀ ਹੁੰਦੀ, ਕਿਉਂਕਿ ਜਿੱਤ-ਹਾਰ ਦਾ ਮਸਲਾ ਹੁੰਦਾ। ਰਾਵਲ ਦੱਸ ਰਿਹਾ ਸੀ ਕਿ ਕਬੱਡੀ ਤਿਲਕਣਬਾਜ਼ੀ ਹੁੰਦੀ ਹੈ, ਪਤਾ ਨ੍ਹੀਂ ਹੁੰਦਾ ਗੇਮ ਕਿਧਰ ਨੂੰ ਜਾਣੀ ਹੈ। ਜਲੰਧਰ ਲਾਗੇ ਉਗੀ-ਚਿੱਟੀ ਬੋਲੇ ਹੋਰਾਂ ਨਾਲ ਮੈਚ ਹੋਇਆ ਤੇ ਬੋਲਾ ‘ਕੱਲਾ ਹੀ ਉਨ੍ਹਾਂ ਨੂੰ ਜਿੱਤ ਗਿਆ ਸੀ। ਚਮਕੌਰ ਤਲਵੰਡੀ ਤੇ ਸੋਂਧੀ ਕੋਚ ਦੇ ਛੋਟੇ ਭਰਾ ਜੈਲੇ ਨਾਲ ਵੀ ਖੇਡਿਆ।
ਸੰਨ 1971 ਤੋਂ 1978 ਤੱਕ ਉਹ ਸ੍ਰੀ ਅਨੰਦਪੁਰ ਸਾਹਿਬ ਖੇਡਣ ਜਾਂਦਾ ਰਿਹਾ। ਖਿਡਾਰੀਆਂ ਦਾ ਤਕੜਾ ਸੈਟ ਹੋਣ ਕਰਕੇ ਹਰ ਮੈਦਾਨ ਫਤਿਹ ਹੁੰਦੀ। ਹੁਸ਼ਿਆਰਪੁਰ ਜਿਲੇ ਦੀ ਟੀਮ ਵਿਚ ਬਹੁਤੇ ਨੌਕਰੀ ਪੇਸ਼ੇ ਵਾਲੇ ਖਿਡਾਰੀ ਹੁੰਦੇ, ਕੋਈ ਪੀ. ਟੀ. ਆਈ., ਡੀ. ਪੀ. ਈ. ਜਾਂ ਕੋਈ ਹੋਰ ਨੌਕਰੀ ਵਾਲਾ ਹੁੰਦਾ। ਉਹਦੇ ਕੋਲ ਕੋਈ ਨੌਕਰੀ ਨਾ ਹੋਣ ਦੇ ਬਾਵਜੂਦ ਪੱਲਿਓਂ ਆਪਣਾ ਕਿਰਾਇਆ ਖਰਚ ਕੇ ਦੂਰ ਦੂਰ ਬੱਸਾਂ ‘ਚ ਮੈਚ ਖੇਡਣ ਜਾਂਦਾ। ਅਨੰਦਪੁਰ ਸਾਹਿਬ ਜ਼ਿਆਦਾ ਕਰਕੇ ਹੁਸ਼ਿਆਰਪੁਰ ਦਾ ਕਪੂਰਥਲੇ ਨਾਲ ਮੁਕਾਬਲਾ ਹੁੰਦਾ। ਕਦੇ ਹੁਸ਼ਿਆਰਪੁਰ ਜੇਤੂ ਹੁੰਦਾ ਤੇ ਕਦੀ ਕਪੂਰਥਲਾ। ਕਪੂਰਥਲੇ ਵਲੋਂ ਰਮੀਦੀ ਵਾਲੇ ਸਰਬਣ ਬੱਲ ਅਤੇ ਹੁਸ਼ਿਆਰਪੁਰ ਵਲੋਂ ਮਹਿੰਦਰ ਬੋਲਾ (ਪੱਜੋਦਿਤਾ) ਆਪੋ ਆਪਣੇ ਜਿਲੇ ਨੂੰ ਮਾਣ ਬਖਸ਼ਦੇ ਰਹੇ।
ਸ਼ੰਕਰੀਆ ਪਾਲਾ ਦੱਸਦਾ ਕਿ ਪੁਰਾਣੇ ਖਿਡਾਰੀਆਂ ਵਿਚ ਬੜਾ ਪਿਆਰ ਤੇ ਤਾਲਮੇਲ ਹੁੰਦਾ ਸੀ। ਇਹ ਵੀ ਕਿ ਇਕ ਵਾਰ ਅਨੰਦਪੁਰ ਸਾਹਿਬ ਮੈਚ ਖੇਡਣ ਪਿਛੋਂ ਜਲੰਧਰ ਦੇ ਖਾਲਸਾ ਕਾਲਜ ਜਾ ਕੇ ਆਪੋ ਆਪਣੇ ਕਮਰਿਆਂ ‘ਚ ਸੌਣ ਚਲੇ ਗਏ। ਕਮਰੇ ‘ਚ ਜਾ ਕੇ ਵੇਖਿਆ ਤਾਂ ਉਹਦੀ ਰਜਾਈ ਗੁੰਮ। ਪਤਾ ਲੱਗਾ ਕਿ ਰਜਾਈ ਉਹਦੀ ਚੱਕਾਂ ਵਾਲਾ ਪੰਡਿਤ ਤੇ ਰਾਵਲ ਚੁੱਕ ਕੇ ਲੈ ਗਏ। ਜਦੋਂ ਜਾ ਕੇ ਉਨ੍ਹਾਂ ਦਾ ਦਰਵਾਜਾ ਖੜਕਾਇਆ ਤਾਂ ਉਨ੍ਹਾਂ ਸ਼ੇਰਾਂ ਨੇ ਪਹਿਲਾਂ ਹੀ ਅੰਦਰੋਂ ਕੁੰਡੀ ਮਾਰ ਕੇ ਦਰਵਾਜਾ ਬੰਦ ਕਰ ਲਿਆ। ਪਾਲਾ ਸਾਰੀ ਰਾਤ ਦਰਵਾਜਾ ਖੜਕਾਉਂਦਾ ਰਿਹਾ ਤੇ ਘੁੰਮਦਾ ਰਿਹਾ ਅਤੇ ਪਾਣੀ ਦੀਆਂ ਭਰ ਭਰ ਬਾਲਟੀਆਂ ਰੋਸ਼ਨਦਾਨਾਂ ਥਾਣੀਂ ਕਮਰੇ ‘ਚ ਸੁੱਟਦਾ ਰਿਹਾ। ਉਹ ਘੇਸਲ ਮਾਰ ਕੇ ਸੌਂ ਗਏ, ਕੁਸਕੇ ਨਾ ਜਰਾ ਵੀ। ਫਿਰ ਪਾਲੇ ਨੇ ਬਿਨਾ ਰਜਾਈ ਤੋਂ ਸਾਰੀ ਰਾਤ ਕੱਟੀ। ਪੁਰਾਣੇ ਸਮਿਆਂ ਨੂੰ ਯਾਦ ਕਰਦਾ ਪਾਲਾ ਹੱਸ ਰਿਹਾ ਸੀ। ਉਦੋਂ ਇਕ ਦੂਜੇ ਨਾਲ ਛੋਟੀਆਂ-ਮੋਟੀਆਂ ਸ਼ਰਾਰਤਾਂ ਵੀ ਕਰ ਲੈਂਦੇ ਸਨ। ਕਿਸੇ ਦੀ ਤੇਲ ਦੀ ਸ਼ੀਸ਼ੀ ਚੁੱਕ ਲੈਣੀ, ਨਿੱਕਰ ਲੁਕਾ ਲੈਣੀ ਜਾਂ ਕਿਸੇ ਦਾ ਲੰਗੋਟ ਲੁਕੋ ਦੇਣਾ।
ਮਾਣਕ ਢੇਰੀ ਮਰਾਸੀਆਂ ਕਰਕੇ ਵੀ ਜਾਣਿਆ ਜਾਂਦਾ ਸੀ। ਜਦੋਂ ਕਦੇ ਉਹ ਦੂਰ-ਦੁਰਾਡੇ ਨਕਲਾਂ ਕਰਨ ਜਾਂਦੇ ਤਾਂ ਲੋਕ ਪੁੱਛਦੇ, “ਕਿਹੜਾ ਪਿੰਡ ਐ ਤੁਹਾਡਾ?” “ਜੀ, ਮਾਣਕ ਢੇਰੀ।” “ਅੱਛਾ, ਅੱਛਾ ਰਾਵਲ ਵਾਲਾ!” ਪਿੰਡ ਜਾ ਕੇ ਰਾਵਲ ਨੂੰ ਕਹਿਣਾ, “ਮਾਣਕ ਢੇਰੀ ਦੋ ਬੰਦਿਆਂ ਕਰਕੇ ਮਸ਼ਹੂਰ ਐ ਰਾਵਲਾ, ਇਕ ਤੇਰੇ ਕਰਕੇ, ਦੂਜਾ ਉਨ੍ਹਾਂ ਕਰਕੇ।” ਕਹਿੰਦਿਆਂ ਨੇ ਠਹਾਕੇ ਮਾਰ ਕੇ ਹੱਸ ਪੈਣਾ।
1975-76 ‘ਚ ਪ੍ਰੀਤੇ ਦੀ ਗੁੱਡੀ ਅਸਮਾਨੀਂ ਚੜ੍ਹੀ ਹੋਈ ਸੀ। ਰਾਵਲ ਦਾ ਉਹਦੇ ਨਾਲ ਬੜਾ ਪਿਆਰ ਸੀ। ਇਹ ਵੀ ਦੱਸਿਆ ਕਿ ਪ੍ਰੀਤੇ ਵਰਗੇ ਖਿਡਾਰੀ ਮੁਸ਼ਕਿਲ ਨਾਲ ਪੈਦਾ ਹੋਣਗੇ। ਸ਼ੰਕਰੀਏ ਘੁੱਗੇ ਬਾਰੇ ਵੀ ਦੱਸਿਆ ਕਿ ਦੋਆਬੇ ‘ਚ ਘੁੱਗੇ ਵਰਗੇ ਜਾਫੀ ਨਹੀਂ ਪੈਦਾ ਹੋਣੇ। ਕਹਿੰਦਾ, ਜੇ ਘੁੱਗਾ ਪੰਜਾਬ ‘ਚ ਰਹਿੰਦਾ ਤਾਂ ਬਹੁਤੇ ਖਿਡਾਰੀ ਖੇਡਣਾ ਛੱਡ ਜਾਂਦੇ। ਤਕੜੇ ਤਕੜੇ ਰੇਡਰਾਂ ਨੂੰ ਗਰਾਊਂਡ ‘ਚ ਖੜ੍ਹੇ ਕਰ ਦਿੰਦਾ ਸੀ। ਸੰਨ 1975 ‘ਚ ਘੁੱਗਾ ਕੈਨੇਡਾ ਚਲਾ ਗਿਆ। ਕੈਨੇਡਾ ਪਹੁੰਚ ਕੇ ਵੀ ਮੈਚ ਖੇਡੇ ਤੇ ਤਕੜੇ ਧਾਵੀ ਥੰਮੇ।
ਜਾਫੀਆਂ ‘ਚ ਸੰਨ 1952-58 ਦੇ ਦਹਾਕੇ ‘ਚ ਮਾਨਗੜ੍ਹੀਆ ਤੋਖੀ, 1965-66 ‘ਚ ਮਹਿੰਦਰ ਬੋਲਾ, 1972-75 ‘ਚ ਸ਼ੰਕਰੀਆ ਘੁੱਗਾ ਅਤੇ 1975-76 ‘ਚ ਮੱਖਣ ਪੁਆਦੜਾ ਹੋਏ ਨੇ। ਮੱਖਣ ਨੇ ਤਾਂ 1974-75 ‘ਚ ਮਾਹਿਲ ਗਹਿਲਾਂ ਦੇ ਇੰਟਰ ਬਲਾਕਾਂ ਦੇ ਮੈਚਾਂ ਵਿਚ ਮੂਨਕਾਂ ਵਾਲੇ ਤਾਰੀ ਨੂੰ ਬੜੇ ਜ਼ੋਰ ਨਾਲ ਡੱਕਿਆ ਸੀ।
1977-78 ‘ਚ ਕਮਲ ਪੰਡਿਤ ਉਹਨੂੰ ਹਿਸਾਰ ਖੇਡਣ ਲੈ ਗਿਆ। ਕਬੱਡੀ ਦੇ ਸ਼ੌਕੀਨ ਕਮਲ ਦੇ ਪੇਂਡੂ ਹਰਿਆਣੇ ਰਹਿੰਦੇ ਸਨ। ਮੂਹਰੇ ਵੀ ਤਕੜੀ ਟੀਮ ਤਿਆਰ ਕੀਤੀ ਹੋਈ ਸੀ। ਖੇਡ ਪ੍ਰੇਮੀਆਂ ਦਾ ਠਾਠਾ ਮਾਰਦਾ ਇਕੱਠ। ਰਾਵਲ ਨੇ ਤਕੜੇ ਜੱਫੇ ਲਾਏ ਤੇ ਕਮਲ ਨੇ ਤਕੜੀਆਂ ਰੇਡਾਂ ਪਾਈਆਂ। ਰਾਵਲ ਹੋਰੀਂ ਬਹੁਤੇ ਨੰਬਰਾਂ ‘ਤੇ ਜਿੱਤ ਰਹੇ ਸਨ। ਕਾਪੀ ਵੇਖਣ ਦੇ ਬਹਾਨੇ ਹਰਿਆਣੇ ਵਾਲੇ ਨੰਬਰਾਂ ਵਾਲਾ ਵਰਕਾ ਹੀ ਪਾੜ ਕੇ ਲੈ ਗਏ। ਹੋਈ ਬੇਇਨਸਾਫੀ ਦੀ ਕਿਸੇ ਇਕ ਨਾ ਸੁਣੀ, ਉਹ ਰੌਲਾ ਪਾਉਂਦੇ ਹੀ ਰਹਿ ਗਏ।
ਸੰਨ 1981 ‘ਚ ਉਹ ਕੈਨੇਡਾ ਖੇਡਣ ਗਏ। ਮਾਨਗੜ੍ਹੀਆਂ ਤੋਖੀ ਟੀਮ ਨਾਲ ਗਿਆ ਸੀ। ਖਿਡਾਰੀਆਂ ‘ਚ ਰਾਵਲ, ਮੂਨਕਾਂ ਵਾਲਾ ਤਾਰੀ, ਪਰਮਜੀਤ ਪੰਮਾ ਹੁਸ਼ਿਆਰਪੁਰ, ਬਲਵੀਰ ਬਿੱਲਾ, ਮੰਦਰ ਫਰੀਦਕੋਟ, ਬੀਰੂ ਫਰੀਦਕੋਟ, ਸੂਬੀ ਸੰਗਰੂਰ ਤੇ ਕੁਲਦੀਪ ਮੱਲ੍ਹਾ ਸਨ। ਉਥੇ ਜਾ ਕੇ ਮੈਚ ਖੇਡੇ ਤੇ ਜਿੱਤੇ ਵੀ। ਇਸੇ ਤਰ੍ਹਾਂ ਹੀ ਸੰਨ 1982 ‘ਚ ਰਾਵਲ, ਮਾਨਗੜ੍ਹੀਆ ਤੋਖੀ ਤੇ ਰੈਸਲਿੰਗ ਕੋਚ ਜਸਮੋਹਣ ਕਬੱਡੀ ਖਿਡਾਰੀਆਂ ਤੇ ਪਹਿਲਵਾਨਾਂ ਦੀ ਟੀਮ ਲੈ ਕੇ ਇੰਗਲੈਂਡ ਗਏ।
ਕਬੱਡੀ ਖਿਡਾਰੀਆਂ ‘ਚ ਲੁਧਿਆਣੇ ਦਾ ਸਾਰਾ ਸੈਟ ਸੀ ਜਿਵੇਂ-ਬਲਜੀਤ ਦੁੱਗਰੀ, ਬਲਜੀਤ ਗੋਲਾ ਜਰਗ, ਪਾਲੀ ਮਾਦਪੁਰ ਤੇ ਰਸ਼ਪਾਲ ਤੋਤਾ ਅਤੇ ਪਹਿਲਵਾਨਾਂ ‘ਚ ਪਾਲਾ ਰਾਮ ਸੀ। ਪਾਲਾ ਰਾਮ ਨੇ ਉਥੇ ਸਾਰੀਆਂ ਕੁਸ਼ਤੀਆਂ ਲੜੀਆਂ ਤੇ ਸਾਰੇ ਭਲਵਾਨਾਂ ਨੂੰ ਢਾਹਿਆ ਵੀ। ਰਾਵਲ ਦੇ ਦੱਸਣ ਅਨੁਸਾਰ ਰਸ਼ਪਾਲ ਸਿੰਘ, ਜੋ ਕਬੱਡੀ ਜਗਤ ਵਿਚ ‘ਤੋਤੇ’ ਦੇ ਨਾਂ ਨਾਲ ਪ੍ਰਸਿੱਧ ਹੋਇਐ, ਤਕੜਾ ਜਾਫੀ ਸੀ। ਹਰਿਆਣੇ ‘ਚ ਪੈਂਦੇ ਚਨਾਰਥ ਮੈਚਾਂ ‘ਚ ਤਕੜੇ ਧਾਵੀ ਫਿੱਡੂ ਨੂੰ ਕਈ ਵਾਰ ਰੋਕਿਆ ਸੀ। ਰਸ਼ਪਾਲ ਸਿੰਘ ਤੋਤਾ ਦਾ ਲੁਧਿਆਣੇ ‘ਚ ਸਾਹਨੇਵਾਲ ਕੋਲ ਛੋਟਾ ਜਿਹਾ ਪਿੰਡ ਹੈ, ਨੰਦਪੁਰ। ਇਸ ਵਕਤ ਉਹ ਡੀ. ਐਸ਼ ਪੀ. ਦੇ ਅਹੁਦੇ ਤੋਂ ਰਿਟਾਇਰ ਹੋ ਕੇ ਪਟਿਆਲੇ ਰਹਿ ਰਿਹੈ।
ਸਾਂਝੇ ਪੰਜਾਬ ਦੀ ਵੰਡ ਪਿਛੋਂ ਭਾਰਤੀ ਪੰਜਾਬ ‘ਚ ਖੇਡਣ ਆਏ 7-7 ਫੁਟੇ ਪਾਕਿਸਤਾਨੀ ਰੇਡਰਾਂ ਨੂੰ ਰੋਕਣ ਵਾਲਾ ਮਾਨਗੜ੍ਹੀਆ ਤੋਖੀ (ਟਾਈਗਰ) ਰਾਵਲ ਦਾ ਵਿਚੋਲਾ ਹੈ। ਰਾਵਲ ਦੀ ਖੇਡ ਤੋਂ ਉਹ ਬੜਾ ਪ੍ਰਭਾਵਿਤ ਸੀ। ਦੂਜਾ, ਪਰਿਵਾਰਕ ਸਬੰਧ ਵੀ ਸਨ, ਜਿਸ ਕਰਕੇ ਸੰਨ 1980 ‘ਚ ਉਨ੍ਹੇ ਰਾਵਲ ਦਾ ਜਸਵੀਰ ਕੌਰ ਨਾਲ ਰਿਸ਼ਤਾ ਕਰਵਾ ਦਿਤਾ। ਹੁਸ਼ਿਆਰਪੁਰ ਜਿਲੇ ਦਾ ਕਬੱਡੀ ਕੋਚ ਵੀ ਤੋਖੀ ਹੀ ਹੁੰਦਾ ਸੀ। ਕੈਂਪਾਂ ‘ਚ ਅਜੀਤ ਸਿੰਘ ਮਾਲੜੀ ਤੇ ਸਰਬਣ ਬੱਲ ਉਹਦੇ ਕੋਚ ਹੁੰਦੇ ਸਨ। ਉਨ੍ਹਾਂ ਦੀ ਦੇਖ-ਰੇਖ ਹੇਠ ਤਕੜੇ ਤਕੜੇ ਖਿਡਾਰੀ ਤਿਆਰ ਹੋਏ। ਉਨ੍ਹਾਂ ਦੀ ਚੰਗੀ ਸਿਖਿਆ ਨੂੰ ਅੱਜ ਵੀ ਪੁਰਾਣੇ ਖਿਡਾਰੀ ਯਾਦ ਕਰਦੇ ਨੇ।
ਉਮਰ ਦੇ ਲਿਹਾਜ ਨਾਲ ਤੋਖੀ ਨੇ ਕਬੱਡੀ ਖੇਡਣੀ ਛੱਡ ਦਿੱਤੀ ਤੇ ਪਿੰਡ ਵਾਲਿਆਂ ਨੇ ਉਹਨੂੰ ਸਰਪੰਚ ਬਣਾ ਦਿਤਾ। ਕਈ ਸਾਲ ਉਹ ਪਿੰਡ ਦਾ ਸਰਪੰਚ ਰਿਹੈ, ਪਰ ਪਿੰਡ ‘ਚ ਕਿਸੇ ਨਿੱਜੀ ਰੰਜਿਸ਼ ਦਾ ਸ਼ਿਕਾਰ ਹੋ ਗਿਆ ਸੀ। ਤੋਖੀ ਦਾ ਕਬੱਡੀ ਖਿਡਾਰੀ ਬੇਟਾ ਯਾਦਵੀਰ ਪਿਛਲੇ ਸਾਲ ਕੈਨੇਡਾ ਵਿਚ ਇਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।
66 ਸਾਲਾਂ ਨੂੰ ਢੁੱਕਾ ਕਬੱਡੀ ਦਾ ਪਿਆਰਾ ਖਿਡਾਰੀ ਰਾਵਲ ਅੱਜ ਕੱਲ੍ਹ ਪਰਿਵਾਰ ਸਮੇਤ ਅਮਰੀਕਾ ਰਹਿੰਦਾ ਹੈ। ਪੁਰਾਣੇ ਖਿਡਾਰੀ ਤੇ ਪੁਰਾਣੀ ਕਬੱਡੀ ਨੂੰ ਉਹ ਅੱਜ ਵੀ ਯਾਦ ਕਰਦਾ ਹੈ। ਪੁਰਾਣੇ ਖਿਡਾਰੀਆਂ ‘ਚੋਂ ਸਰਬਣ ਬੱਲ, ਅਜੀਤ ਸਠਿਆਲਾ, ਪ੍ਰੀਤਾ, ਦੇਵੀ ਦਿਆਲ ਜਿਉਂਦੇ ਹਨ। ਕਾਲਜਾਂ ਤੇ ਕੈਪਾਂ ਵਿਚ ਰਹੇ ਕੋਚ ਅਜੀਤ ਸਠਿਆਲਾ (ਅੱਜ ਕੱਲ੍ਹ ਕੈਲੀਫੋਰਨੀਆ) ਨੇ ਰਾਵਲ ਨੂੰ ਸ਼ੰਕਰੀਏ ਘੁੱਗੇ ਵਰਗਾ ਤਕੜਾ ਜਾਫੀ ਮੰਨਿਆ। ਨਡਾਲੇ ਵਾਲੇ ਪ੍ਰੀਤੇ (ਆਇਆ ਪ੍ਰੀਤਾ, ਗਿਆ ਪ੍ਰੀਤਾ) ਨੇ ਰਾਵਲ ਨਾਲ ਬੜੇ ਮੈਚ ਲਾਏ, ਉਨ੍ਹੇ ਵੀ ਰਾਵਲ ਦੀ ਖੇਡ ਨੂੰ ਬੜਾ ਪਸੰਦ ਕੀਤਾ। ਅਜੀਤ ਸਠਿਆਲਾ, ਪ੍ਰੀਤੇ ਤੇ ਰਾਵਲ ਦਾ ਕਹਿਣਾ ਹੈ ਕਿ ਸਾਰੀ ਉਮਰ ਉਹ ਬਿਨਾ ਨਸ਼ੇ ਤੇ ਬਿਨਾ ਕਿਸੇ ਲੋਭ-ਲਾਲਚ ਦੇ ਖੇਡੇ। ਪਿੰਡਾਂ ‘ਚੋਂ ਭਰ ਭਰ ਟਰਾਲੀਆਂ ਉਨ੍ਹਾਂ ਦਾ ਮੈਚ ਵੇਖਣ ਆਉਂਦੀਆਂ। ਕਿਰਾਇਆ ਬਗੈਰਾ ਵੀ ਪੱਲਿਓਂ ਖਰਚਦੇ। ਕਬੱਡੀ ਹਮੇਸ਼ਾ ਸਿਰ ਚੜ੍ਹ ਬੋਲਦੀ। ਛੋਟੇ-ਮੋਟੇ ਇਨਾਮ ਲੈ ਕੇ ਬੜੇ ਖੁਸ਼ ਹੁੰਦੇ ਜਿਵੇਂ ਪਲਾਸਟਿਕ ਵਾਲੇ ਡੱਬੇ, ਟਰੇਆਂ, ਤੌਲੀਏ ਜਾਂ ਬੁਨੈਣਾਂ ਵਗੈਰਾ। ਉਹ ਬੁਨੈਣ ਇਕ ਵਾਰ ਹੀ ਪੈਂਦੀ ਸੀ ਤੇ ਦੂਜੇ ਧੋ ਨੂੰ ਛਾਣਨੀ ਬਣ ਜਾਂਦੀ। ਦਰਸ਼ਕਾਂ ਵਲੋਂ ਇਕ ਜਾਂ ਦੋ ਰੁਪਏ ਦੇ ਕੇ ਖਿਡਾਰੀ ਦਾ ਹੌਸਲਾ ਵਧਾਇਆ ਜਾਂਦਾ। ਉਦੋਂ ਉਹੀ ਵੱਡੀ ਰਕਮ ਹੁੰਦੀ ਸੀ। ਅੱਜ ਦੀ ਕਬੱਡੀ ਤਾਂ ਲੱਖਾਂ-ਕਰੋੜਾਂ ਦੀ ਹੋ ਕੇ ਵੱਡੇ-ਵੱਡੇ ਇਨਾਮਾਂ ਤੱਕ ਪਹੁੰਚ ਕੇ ਵਿਦੇਸ਼ੀ ਗਰਾਊਂਡਾਂ ਦਾ ਸ਼ਿੰਗਾਰ ਬਣ ਗਈ ਹੈ। ਅਜੋਕੇ ਨਸ਼ੇ ਵਾਲੇ ਖਿਡਾਰੀਆਂ ਤੋਂ ਉਹ ਦੁਖੀ ਹੈ, ਜੋ ਨਸ਼ਿਆਂ ਦੇ ਰੁਝਾਨ ਵੱਲ ਵੱਧ ਰਹੇ ਹਨ। ਮੌਤਾਂ ਵੀ ਹੋ ਰਹੀਆਂ ਹਨ। ਨਸ਼ੇ ਰੋਕਣ ਲਈ ਕੋਚਾਂ, ਖੇਡ ਪ੍ਰੋਮੋਟਰਾਂ ਤੇ ਖੇਡ ਸੰਸਥਾਵਾਂ ਨੂੰ ਬੇਨਤੀ ਹੈ ਕਿ ਨਸ਼ਾ ਕਰਨ ਵਾਲੇ ਖਿਡਾਰੀਆਂ ਨੂੰ ਬਿਲਕੁਲ ਨਾ ਖਿਡਾਇਆ ਜਾਵੇ। ਨਸ਼ਾ ਮੁਕਤ ਕਬੱਡੀ ਦਾ ਸੁਨੇਹਾ ਦਿਤਾ ਹੈ। ਪ੍ਰੀਤੇ ਨੇ ਤਾਂ ਇਹ ਵੀ ਕਿਹਾ ਹੈ ਕਿ ਹੁਣ ਕਬੱਡੀ ਗੁੰਗੀ ਹੋ ਗਈ ਹੈ। ਗੁੰਗੀ ਕਬੱਡੀ ਪਾਕਿਸਤਾਨ ਵਿਚੋਂ ਆਈ ਹੈ। ਕਬੱਡੀ-ਕਬੱਡੀ ਕਹਿਣ ਨਾਲ ਖਿਡਾਰੀ ਦਾ ਅੰਦਰ ਤੇ ਦਿਲ ਮਜ਼ਬੂਤ ਹੁੰਦਾ ਹੈ। ਉਸ ਵੇਲੇ ਖਿਡਾਰੀਆਂ ਦੇ ਢਿੱਡ (ਪੇਟ) ਬਿਲਕੁਲ ਨਹੀਂ ਸਨ ਹੁੰਦੇ। ਹੁਣ ਦੇ ਖਿਡਾਰੀ ਕਬੱਡੀ ਖਿਡਾਰੀ ਘੱਟ ਤੇ ਪਹਿਲਵਾਨ ਵੱਧ ਲੱਗਦੇ ਹਨ। ਮਿਹਨਤ ਘੱਟ ਕਰਦੇ ਹਨ। ਰਾਤੋ-ਰਾਤ ਸਟਾਰ ਬਣਨ ਦੇ ਚੱਕਰਾਂ ‘ਚ ਗਲਤ ਪਦਾਰਥਾਂ ਦਾ ਸੇਵਨ ਕਰਦੇ ਹਨ, ਜੋ ਸਹੀ ਨਹੀਂ। ਤਨੋਂ, ਮਨੋਂ, ਧਨੋਂ ਕਬੱਡੀ ਨੂੰ ਪ੍ਰੋਮੋਟ ਕਰਨ ਵਾਲੇ ਕੈਲੀਫੋਰਨੀਆ ਦੇ ਅਮੋਲਕ ਸਿੰਘ ਗਾਖਲ ਤੇ ਗਾਖਲ ਭਰਾ ਅਤੇ ਮੱਖਣ ਸਿੰਘ ਬੈਂਸ ਵੀ ਨਸ਼ਿਆਂ ਦੇ ਸਖਤ ਖਿਲਾਫ ਹਨ।
ਬਿਨਾ ਨਸ਼ੇ ਤੋਂ ਮਹਿਬੂਬ ਖੇਡ ਦੀ ਲਾਜ ਰੱਖੀ,
ਦਿਨ ਰਾਤ ਮਿਹਨਤ ਕੀਤੀ ਖੇਡ ਮੈਦਾਨਾਂ ‘ਚ।
‘ਇਕਬਾਲ ਸਿੰਹਾਂ’ ਪੰਜਾਂ ਪਾਣੀਆਂ ਦੇ
ਸ਼ੇਰਾਂ ਨੇ ਸ਼ੌਕ ਪਾਲੇ,
ਆਸ ਰੱਖੀ ਨਾ ਕਦੇ ਮਾਨਾਂ-ਸਨਮਾਨਾਂ ‘ਚ।
ਰਾਵਲ ਨਾਲ ਸੰਪਰਕ ਫੋਨ: 805-598-7092 ਰਾਹੀਂ ਹੋ ਸਕਦਾ ਹੈ।