ਸੁਰਾਂ ਦੇ ਬਨੇਰੇ ਦੀ ਬੱਤੀ ਸ਼ਮਸ਼ਾਦ ਬੇਗ਼ਮ

ਪੰਜਾਬੀ, ਹਿੰਦੀ, ਬੰਗਾਲੀ, ਮਰਾਠੀ, ਗੁਜਰਾਤੀ, ਤਾਮਿਲ ਤੇ ਹੋਰ ਭਾਸ਼ਾਵਾਂ ਵਿਚ ਹਜ਼ਾਰਾਂ ਗੀਤ ਗਾਉਣ ਵਾਲੀ ਸੁਰੀਲੀ ਆਵਾਜ਼ ਦੀ ਮਲਿਕਾ ਸ਼ਮਸ਼ਾਦ ਬੇਗ਼ਮ ਆਖਰਕਾਰ 23 ਅਪਰੈਲ 2013 ਨੂੰ ਮੁੰਬਈ ਵਿਖੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ। ਉਸ ਦਾ ਜਨਮ 14 ਅਪਰੈਲ 1919 ਨੂੰ ਅੰਮ੍ਰਿਤਸਰ ਵਿਚ ਹੋਇਆ ਸੀ। ਕੁਝ ਖੋਜੀਆਂ ਨੇ ਉਸ ਦਾ ਜਨਮ ਸਥਾਨ ਲਾਹੌਰ ਵੀ ਦੱਸਿਆ ਹੈ। ਮੁੰਬਈ ਵਿਚ ਉਹ ਆਪਣੀ ਧੀ ਊਸ਼ਾ ਰੱਤੜਾ ਕੋਲ ਰਹਿੰਦੀ ਸੀ।

ਮੀਨਾਕਸ਼ੀ ਵਰਮਾ
ਸ਼ਮਸ਼ਾਦ ਬੇਗ਼ਮ ਦੀ ਪ੍ਰਤਿਭਾ ਸਭ ਤੋਂ ਪਹਿਲਾਂ ਪ੍ਰਾਇਮਰੀ ਸਕੂਲ ਦੀ ਪ੍ਰਿੰਸੀਪਲ ਨੇ ਪਛਾਣੀ ਸੀ। ਇਹ ਕੋਈ ਸਾਲ 1924 ਦੀ ਗੱਲ ਹੈ ਅਤੇ ਉਸ ਵੇਲੇ ਨੰਨ੍ਹੀ ਸ਼ਮਸ਼ਾਦ ਸਿਰਫ ਪੰਜਾਂ ਕੁ ਵਰ੍ਹਿਆਂ ਦੀ ਸੀ। ਉਸ ਦੀ ਆਵਾਜ਼ ਨੇ ਸਭ ਨੂੰ ਕੀਲ ਲਿਆ। ਫਿਰ ਪ੍ਰਿੰਸੀਪਲ ਨੇ ਉਸ ਨੂੰ ਸਵੇਰ ਦੀ ਪ੍ਰਾਰਥਨਾ ਲਈ ਪੱਕੇ ਤੌਰ ‘ਤੇ ਹੀ ਲਾ ਦਿੱਤਾ। 10 ਸਾਲ ਦੀ ਉਮਰ ਤੱਕ ਪੁੱਜਦਿਆਂ ਉਸ ਨੇ ਧਾਰਮਿਕ ਅਤੇ ਪਰਿਵਾਰਕ ਸਮਾਗਮਾਂ ਵਿਚ ਗਾਉਣਾ ਸ਼ੁਰੂ ਕੀਤਾ। ਉਸ ਨੇ ਗਾਉਣ ਦੀ ਕੋਈ ਰਸਮੀ ਸਿਖਲਾਈ ਨਹੀਂ ਸੀ ਲਈ। 1931 ਵਿਚ ਉਸ ਦਾ ਚਾਚਾ ਜੋ ਕੱਵਾਲੀਆਂ ਅਤੇ ਗ਼ਜ਼ਲਾਂ ਦਾ ਬੜਾ ਸ਼ੌਕੀਨ ਸੀ, ਉਸ ਨੂੰ ‘ਜੀਨੋਫੋਨ ਸੰਗੀਤ ਕੰਪਨੀ’ ਵਿਚ ਅਡੀਸ਼ਨ ਲਈ ਲੈ ਗਿਆ। ਇਹ ਕੰਪਨੀ ਲਾਹੌਰ ਦੇ ਮਸ਼ਹੂਰ ਸੰਗੀਤਕਾਰ ਗੁਲਾਮ ਹੈਦਰ ਦੀ ਸੀ। ਉਥੇ ਸ਼ਮਸ਼ਾਦ ਨੇ ਬਹਾਦਰ ਸ਼ਾਹ ਜ਼ਫ਼ਰ ਦੀ ਗ਼ਜ਼ਲ ‘ਮੇਰਾ ਯਾਰ ਮੁਝੇ ਮਿਲੇਗਾ’ ਗਾ ਕੇ ਗੁਲਾਮ ਹੈਦਰ ਦੇ ਦਿਲ ਵਿਚ ਸਦਾ-ਸਦਾ ਲਈ ਥਾਂ ਬਣਾ ਲਈ। ਉਸ ਨੇ ਸ਼ਮਸ਼ਾਦ ਨਾਲ 12 ਗੀਤਾਂ ਦਾ ਇਕਰਾਰ ਕੀਤਾ ਅਤੇ ਉਸ ਨੂੰ ਉਹ ਸਹੂਲਤਾਂ ਦਿੱਤੀਆਂ ਜਿਹੜੀਆਂ ਉਸ ਵੇਲੇ ਕਹਿੰਦੇ-ਕਹਾਉਂਦੇ ਗਾਇਕਾਂ ਨੂੰ ਦਿੱਤੀਆਂ ਜਾਂਦੀਆਂ ਸਨ। ਉਸ ਦਾ ਅੱਬਾ ਮੀਆਂ ਹੁਸੈਨ ਬਖਸ਼ ਸ਼ਮਸ਼ਾਦ ਦੇ ਗਾਉਣ ‘ਤੇ ਖੁਸ਼ ਨਹੀਂ ਸੀ, ਪਰ ਉਸ ਦੇ ਚਾਚੇ ਨੇ ਅੱਬਾ ਨੂੰ ਮਨਾ ਲਿਆ। ਸ਼ਰਤ ਇਹ ਰੱਖੀ ਗਈ ਕਿ ਇਕ ਤਾਂ ਉਹ ਬੁਰਕਾ ਪਾ ਕੇ ਹੀ ਰਿਕਾਡਿੰਗ ਕਰਵੇਗੀ ਅਤੇ ਦੂਜੇ ਕਦੀ ਫ਼ੋਟੋ ਨਹੀਂ ਖਿਚਵਾਏਗੀ। ਉਦੋਂ ਉਸ ਨੂੰ ਇਕ ਗੀਤ ਦੇ 15 ਰੁਪਏ ਮਿਲੇ ਸਨ ਅਤੇ ਪ੍ਰੋਜੈਕਟ ਪੂਰਾ ਹੋਣ ‘ਤੇ ਉਸ ਦੀ ਝੋਲੀ ਵਿਚ 5000 ਰੁਪਏ ਦਾ ਇਨਾਮ ਆ ਗਿਆ ਸੀ। ਇਸ ਤੋਂ ਬਾਅਦ 1937 ਵਿਚ ਉਸ ਨੇ ਆਲ ਇੰਡੀਆ ਰੇਡਿਓ ਪੇਸ਼ਾਵਰ ਅਤੇ ਲਾਹੌਰ ਤੋਂ ਗਾਉਣਾ ਸ਼ੁਰੂ ਕਰ ਦਿੱਤਾ। ਨਿਰਮਾਤਾ ਦਿਲਸੁਖ ਪੰਚੋਲੀ ਚਾਹੁੰਦਾ ਸੀ ਕਿ ਸ਼ਮਸ਼ਾਦ ਫ਼ਿਲਮਾਂ ਵਿਚ ਵੀ ਕੰਮ ਕਰੇ; ਉਹ ਸਹਿਮਤ ਵੀ ਹੋ ਗਈ ਅਤੇ ਸਕਰੀਨ ਟੈਸਟ ਵੀ ਪਾਸ ਕਰ ਲਿਆ; ਪਰ ਉਸ ਦਾ ਅੱਬਾ ਉਸ ਨਾਲ ਰੁੱਸ ਗਿਆ। ਅੱਬਾ ਖਾਤਰ ਸ਼ਮਸ਼ਾਦ ਨੇ ਅਦਾਕਾਰੀ ਦੀ ਜ਼ਿੱਦ ਨਹੀਂ ਕੀਤੀ ਅਤੇ ਸੁਰਾਂ ਨੂੰ ਹੀ ਸਮਰਪਿਤ ਹੋ ਗਈ। 1932 ਵਿਚ ਸ਼ਮਸ਼ਾਦ ਬੇਗ਼ਮ ਦਾ ਪਿਆਰ ਐਡਵੋਕੇਟ ਗਣਪਤ ਲਾਲ ਭਾਟੂ ਨਾਲ ਪੈ ਗਿਆ। ਘਰਦਿਆਂ ਦੇ ਵਿਰੋਧ ਦੇ ਬਾਵਜੂਦ 1934 ਵਿਚ ਦੋਹਾਂ ਨੇ ਵਿਆਹ ਕਰਵਾ ਲਿਆ। ਉਸ ਵੇਲੇ ਉਸ ਦੀ ਉਮਰ 15 ਸਾਲ ਸੀ। ਉਨ੍ਹਾਂ ਦੇ ਘਰ ਬੇਟੀ ਊਸ਼ਾ ਰੱਤੜਾ ਨੇ ਜਨਮ ਲਿਆ ਜੋ ਲੈਫ਼ਟੀਨੈਟ ਕਰਨਲ ਯੋਗੇਸ਼ ਰੱਤੜਾ ਨਾਲ ਵਿਆਹੀ ਹੋਈ ਹੈ। 1955 ਵਿਚ ਭਾਟੂ ਦੀ ਮੌਤ ਹੋ ਗਈ। ਉਸ ਤੋਂ ਬਾਅਦ ਸ਼ਮਸ਼ਾਦ ਦਾ ਗਾਉਣਾ ਘਟਦਾ ਘਟਦਾ ਘਟ ਗਿਆ। ਫਿਰ ਬਾਅਦ ਵਿਚ ‘ਮਦਰ ਇੰਡੀਆ’ ਦੇ ਨਿਰਦੇਸ਼ਕ ਮਹਿਬੂਬ ਖ਼ਾਨ ਨੇ ਉਸ ਨੂੰ ਗਾਉਣ ਲਈ ਬੁਲਾਇਆ। ਉਸ ਨੇ ‘ਪੀ ਕੇ ਘਰ ਆਜ ਪਿਆਰੀ ਦੁਲਹਨੀਆ ਚਲੀ’ ਗੀਤ ਗਾ ਕੇ ਸਫ਼ਲਤਾਪੂਰਵਕ ਮੁੜ ਵਾਪਸੀ ਕੀਤੀ। ਗਾਇਕੀ ਦੇ ਖੇਤਰ ਵਿਚ ਪਾਏ ਅਣਮੁੱਲੇ ਯੋਗਦਾਨ ਸਦਕਾ 31 ਮਾਰਚ, 2009 ਨੂੰ ਤਤਕਾਲੀ ਰਾਸ਼ਟਰਪਤੀ ਪ੍ਰਤਿਭਾ ਦੇਵੀਸਿੰਘ ਪਾਟਿਲ ਨੇ ਉਨ੍ਹਾਂ ਨੂੰ ਪਦਮ ਭੂਸ਼ਣ ਐਵਾਰਡ ਨਾਲ ਸਨਮਾਨਿਤ ਕੀਤਾ। ਸ਼ਮਸ਼ਾਦ ਬੇਗ਼ਮ ਨੇ ਫਿਲਮੀ ਦੁਨੀਆਂ ਦੇ ਉੱਘੇ ਸੰਗੀਤ ਨਿਰਦੇਸ਼ਕਾਂ ਐਸ਼ਡੀæ ਬਰਮਨ, ਓæਪੀæ ਨਈਅਰ, ਸ਼ਾਮ ਸੁੰਦਰ, ਨੌਸ਼ਾਦ, ਮਦਨ ਮੋਹਨ ਤੇ ਹੋਰਨਾਂ ਨਾਲ ਗੀਤ ਗਾਏ।
ਮੌਤ ਬਾਰੇ ਵਿਵਾਦ: ਸ਼ਮਸ਼ਾਦ ਬੇਗਮ ਦੀ ਮੌਤ ਨਾਲ ਸਬੰਧਤ ਵਿਵਾਦ ਇਕ ਵਾਰ ਫਿਰ ਉਠ ਖੜ੍ਹਾ ਹੋਇਆ ਹੈ। ਅਸਲ ਵਿਚ ਗੀਤਕਾਰ ਸ਼ਮਸ਼ੇਰ ਸਿੰਘ ਸੰਧੂ ਨੇ 15 ਅਗਸਤ 1998 ਨੂੰ ਸ਼ਮਸ਼ਾਦ ਬੇਗਮ ਨੂੰ ਸ਼ਰਧਾਂਜਲੀ ਵਜੋਂ ਇਕ ਲੇਖ ਲਿਖਿਆ ਸੀ-‘ਟੱਲੀ ਵਰਗੀ ਆਵਾਜ਼ ਸੀ ਸ਼ਮਸ਼ਾਦ ਬੇਗਮ ਦੀ’। ਉਦੋਂ ਜਿਹੜੀ ਸ਼ਮਸ਼ਾਦ ਬੇਗਮ ਫੌਤ ਹੋਈ ਸੀ, ਉਹ ਫਿਲਮੀ ਅਦਾਕਾਰਾ ਸਾਇਰਾ ਬਾਨੋ ਦੀ ਨਾਨੀ ਤੇ ਕਲਾਸੀਕਲ ਗਾਇਕਾ ਸ਼ਮਸ਼ਾਦ ਬੇਗਮ ਸੀ। ਉਦੋਂ ਮੁੰਬਈ ਡੇਟਲਾਈਟ ਤੋਂ ਸ਼ਮਸ਼ਾਦ ਬੇਗਮ ਦੀ ਮੌਤ ਦੀ ਖਬਰ ਜਾਰੀ ਹੋਈ ਤਾਂ ਸਭ ਨੇ ਇਸ ਨੂੰ ‘ਕੱਤਿਆ ਕਰੂੰ ਤੇਰਾ ਰੂੰ’ ਵਾਲੀ ਸ਼ਮਸ਼ਾਦ ਬੇਗਮ ਸਮਝ ਲਿਆ ਅਤੇ ਸ਼ਮਸ਼ੇਰ ਸਿੰਘ ਸੰਧੂ ਨੇ ਲੇਖ ਲਿਖ ਦਿੱਤਾ। ਨਤੀਜੇ ਵਜੋਂ ਬਾਅਦ ਵਿਚ ਜਿਹੜੇ ਲੇਖ ਸਾਹਮਣੇ ਆਏ, ਉਨ੍ਹਾਂ ਵਿਚ ਇਹੀ ਤਾਰੀਖ ਚੱਲਦੀ ਰਹੀ। ਭਾਸ਼ਾ ਵਿਭਾਗ ਵੱਲੋਂ 2004 ਵਿਚ ਪ੍ਰਕਾਸ਼ਿਤ ‘ਪੰਜਾਬ ਕੋਸ਼’ (ਜਿਲਦ ਪਹਿਲੀ) ਵਿਚ ਲਿਖਿਆ ਮਿਲਦਾ ਹੈ ਕਿ ਸ਼ਮਸ਼ਾਦ ਬੇਗਮ ਦਾ 14 ਅਗਸਤ 1998 ਨੂੰ ਮੁੰਬਈ ਵਿਖੇ ਦੇਹਾਂਤ ਹੋ ਗਿਆ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਤ ਨਿੰਦਰ ਘੁਗਿਆਣਵੀ ਦੀ ਪੁਸਤਕ ‘ਸਾਡੀਆਂ ਲੋਕ ਗਾਇਕਾਵਾਂ’ ਵਿਚ ਵੀ ਸ਼ਮਸ਼ਾਦ ਬੇਗਮ ਦੀ ਮੌਤ ਦੀ ਇਹੀ ਮਿਤੀ ਦਰਜ ਹੈ। ਮਾੜੀ ਗੱਲ ਇਹ ਹੋਈ ਕਿ ਇਹ ਗਲਤੀ ਵਾਰ-ਵਾਰ ਹੋ ਗਈ। ਹੁਣ ਇਸ ਇਸ ਗਲਤੀ ਨੂੰ ਸੁਧਾਰ ਲੈਣਾ ਚਾਹੀਦਾ ਹੈ।
ਸ਼ਮਸ਼ਾਦ ਬੇਗ਼ਮ ਦੀ ਹਵੇਲੀ: ਅੱਜ ਦੀ ਨੌਜਵਾਨ ਪੀੜ੍ਹੀ ਵਿਚ ਵੀ ਆਪਣੇ ਗੀਤਾਂ ਕਰ ਕੇ ਮਸ਼ਹੂਰ ਸ਼ਮਸ਼ਾਦ ਬੇਗਮ ਦੇ ਦੇਹਾਂਤ ਤੋਂ ਬਾਅਦ ਉਸ ਦੀ ਜੱਦੀ ਹਵੇਲੀ ਨੂੰ ਵਿਰਾਸਤੀ ਸਮਾਰਕ ਐਲਾਨਣ ਦੀ ਮੰਗ ਉੱਠ ਪਈ ਹੈ। ਅੰਮ੍ਰਿਤਸਰ ਬਾਰੇ ਪਿਛਲੇ 17-18 ਵਰ੍ਹਿਆਂ ਤੋਂ ਖੋਜ ਕਰ ਰਹੇ ਤੇ ‘ਅੰਮ੍ਰਿਤਸਰ: ਅਰੰਭ ਤੋਂ ਅੱਜ ਤੱਕ’ ਪੁਸਤਕ ਦੇ ਲੇਖਕ ਸੁਰਿੰਦਰ ਕੋਛੜ ਨੇ ਦੱਸਿਆ ਕਿ ਸ਼ਮਸ਼ਾਦ ਬੇਗ਼ਮ ਦਾ ਜਨਮ ਜੱਲ੍ਹਿਆਂਵਾਲਾ ਬਾਗ਼ ਕਾਂਡ ਦੇ ਅਗਲੇ ਦਿਨ, ਭਾਵ 14 ਅਪਰੈਲ 1919 ਨੂੰ ਅੰਮ੍ਰਿਤਸਰ ਦੇ ਕਟੜਾ ਘਨਈਆ ‘ਚ ਹੋਇਆ ਸੀ।
______________________________
ਪੰਜਾਬੀ ਗਾਣੇ
ਬੱਤੀ ਬਾਲ ਕੇ ਬਨੇਰੇ ਉਤੇ ਰੱਖਨੀ ਆਂ
ਲਗਦੀ ਕਿਸੇ ਨਾ ਦੇਖੀ
ਤੇਰੀ ਕਣਕ ਦੀ ਰਾਖੀ ਮੁੰਡਿਆ
ਭਾਵੇਂ ਬੋਲ ਤੇ ਭਾਵੇਂ ਨਾ ਬੋਲ
ਬਾਜਰੇ ਦਾ ਸਿੱਟਾ
ਵੇ ਰੱਬ ਨਾ ਕਰੇ
ਕੱਚੀ ਟੁੱਟ ਗਈ ਜਿਨ੍ਹਾਂ ਦੀ ਯਾਰੀ
ਮੇਰੇ ਸੱਜਣਾਂ ਦੀ ਡਾਚੀ ਬਦਾਮੀ ਰੰਗ ਦੀ
ਮੇਰਾ ਹਾਲ ਵੇਖ ਕੇ ਲੋਗ ਰੋਂਦੇ ਨੇ
ਉਹ ਵੇਲਾ ਯਾਦ ਕਰ
ਛੱਡ ਦੇ ਤੂੰ ਮੇਰਾ ਦੁਪੱਟਾ
ਮੁੱਲ ਵਿਕਦਾ ਸੱਜਣ
__________________________
ਚਰਚਿਤ ਹਿੰਦੀ ਗਾਣੇ
ਕਭੀ ਆਰ ਕਭੀ ਪਾਰ (ਫਿਲਮ ਆਰ ਪਾਰ)
ਲੇ ਕੇ ਪਹਿਲਾ ਪਹਿਲਾ ਪਿਆਰ (ਸੀæਆਈæਡੀæ)
ਕਹੀਂ ਪੇ ਨਿਗਾਹੇਂ ਕਹੀਂ ਪੇ ਨਿਸ਼ਾਨਾ (ਸੀæਆਈæਡੀæ)
ਤੇਰੀ ਮਹਿਫਲ ਮੇਂ ਕਿਸਮਤ ਆਜ਼ਮਾ ਕਰ (ਮੁਗਲ-ਏੇ-ਆਜ਼ਮ)
ਮੇਰੇ ਪੀਆ ਗਏ ਰੰਗੂਨ (ਪਤੰਗਾ)
ਸਈਂਆ ਦਿਲ ਮੇਂ ਆਨਾ ਰੇ (ਬਹਾਰ)
ਓ ਗਾਡੀ ਵਾਲੇ (ਮਦਰ ਇੰਡੀਆ)
ਪੀ ਕੇ ਘਰ ਆਜ ਪਿਆਰੀ ਦੁਲਹਨੀਆ ਚਲੀ (ਮਦਰ ਇੰਡੀਆ)
ਚਲੀ ਪੀ ਕੇ ਨਗਰ (ਮਿਰਜ਼ਾ ਗਾਲਿਬ)
ਮਤਵਾਲੀ ਆਖੋਂ ਵਾਲੇ (ਛੋਟਾ ਨਵਾਬ)
ਦਿਲ ਤੇਰਾ ਹੋ ਰਹੇਗਾ (ਛੋਟੇ ਨਵਾਬ)
ਰੇਸ਼ਮੀ ਸਲਵਾਰ ਕੁੜਤਾ ਜਾਲੀ ਕਾ (ਨਯਾ ਦੌਰ)
ਨੈਨਾ ਭਰ ਆਏ (ਹਿਮਾਯੂੰ)
ਨਜ਼ਰ ਫੇਰੋ ਨਾ ਹਮਸੇ (ਦੀਦਾਰ)
ਕਜਰਾ ਮੁਹੱਬਤ ਵਾਲਾ (ਕਿਸਮਤ)
ਛੋੜ ਬਾਬੁਲ ਕਾ ਘਰ (ਬਾਬੁਲ)
ਚਲੀ ਚਲੀ ਕੈਸੀ ਯੇ ਹਵਾ (ਬਲੱਫ ਮਾਸਟਰ)
ਮੇਰੀ ਨੀਂਦੋ ਮੇਂ ਤੁਮ (ਨਯਾ ਅੰਦਾਜ਼)

Be the first to comment

Leave a Reply

Your email address will not be published.