ਪਰਦੀਪ ਠੱਕਰਵਾਲ, ਸੈਨ ਹੋਜੇ
ਫੋਨ: 408-540-4547
16 ਅਕਤੂਬਰ 1968 ਨੂੰ ਮੈਕਸੀਕੋ ਸਿਟੀ ਦੇ ਸਟੇਡੀਅਮ ਵਿਚ ਓਲੰਪਿਕਸ ਦੀ 200 ਮੀਟਰ ਦੌੜ ਲਈ ਮੈਡਲ ਸਮਾਰੋਹ ਹੋ ਰਿਹਾ ਸੀ। ਇਸ ਨੂੰ ਵੇਖਣ ਲਈ ਕੋਈ 50,000 ਦਰਸ਼ਕਾਂ ਦਾ ਇਕੱਠ ਸੀ। ਅਮਰੀਕਾ ਦਾ ਟਾਮੀ ਸਮਿਥ ਸੋਨੇ ਦਾ ਤਮਗਾ ਅਤੇ ਜਾਨ ਕਾਰਲੋਸ ਕਾਂਸੀ ਦਾ ਤਮਗਾ ਜਿੱਤੇ ਸਨ, ਤੇ ਇਹ ਦੋਵੇਂ ਜਣੇ ਕਾਲੇ ਅਥਲੀਟ ਸਨ। ਚਾਂਦੀ ਦਾ ਤਮਗਾ ਜੇਤੂ ਆਸਟਰੇਲੀਆ ਦਾ ਗੋਰਾ ਪੀਟਰ ਨੌਰਮੈਨ ਸੀ। ਜਿਸ ਸਮੇਂ ਅਮਰੀਕਾ ਦੇ ਨੈਸ਼ਨਲ ਐਂਥਮ ਦਾ ਸੰਗੀਤ ਅਤੇ ਫਲੈਗ ਸਮਾਰੋਹ ਸ਼ੁਰੂ ਹੋਇਆ ਤਾਂ ਅਮਰੀਕਾ ਦੇ ਦੋਹਾਂ ਦੌੜਾਕਾਂ ਨੇ ਨੰਗੇ ਪੈਰੀਂ ਕਾਲੀਆਂ ਜੁਰਾਬਾਂ ਪਾ ਕੇ ਅਤੇ ਇੱਕ-ਇੱਕ ਹੱਥ ਵਿਚ ਕਾਲਾ ਗਲਵ ਪਾ ਕੇ ਬੰਦ ਮੁੱਠੀ ਅਸਮਾਨ ਵੱਲ ਕੀਤੀ।
ਇਹ ਉਨ੍ਹਾਂ ਦਾ ਰੋਸ ਕਰਨ ਦਾ ਤਰੀਕਾ ਸੀ। ਨੰਗੇ ਪੈਰੀਂ ਕਾਲੀਆਂ ਜੁਰਾਬਾਂ ਦਾ ਮਤਲਬ ਗਰੀਬੀ ਅਤੇ ਕਾਲਿਆਂ ਨਾਲ ਹੁੰਦੇ ਵਿਤਕਰੇ ਦਾ ਸੰਕੇਤ ਸੀ। ਬੰਦ ਮੁੱਠੀ ਅਤੇ ਕਾਲੇ ਗਲਵ ਬਲੈਕ ਪਾਵਰ ਦਾ ਸਲੂਟ ਸੀ। ਭਾਵੇਂ ਦੂਜੇ ਨੰਬਰ ‘ਤੇ ਆਉਣ ਵਾਲਾ ਆਸਟਰੇਲੀਆ ਦਾ ਪੀਟਰ ਨੌਰਮੈਨ ਗੋਰਾ ਸੀ, ਪਰ ਉਸ ਨੇ ਹਿਊਮਨ ਰਾਈਟਸ ਦਾ ਬੈਜ਼ ਗਲ ਵਿਚ ਪਾ ਕੇ ਇਨ੍ਹਾਂ ਦਾ ਸਾਥ ਦਿੱਤਾ।
ਇਸ ਖਬਰ ਅਤੇ ਫੋਟੋ ਦੀ ਦੁਨੀਆਂ ਭਰ ਵਿਚ ਚਰਚਾ ਹੋਈ, ਪਰ ਅਮਰੀਕਾ ਵਿਚ ਇਸ ਕਾਰਨਾਮੇ ਦਾ ਸਖਤ ਵਿਰੋਧ ਹੋਇਆ। ਇਸ ਘਟਨਾ ਨੇ ਆਉਣ ਵਾਲੇ ਸਮੇਂ ਲਈ ਇੱਕ ਰੋਲ ਮਾਡਲ ਦਾ ਕੰਮ ਕੀਤਾ ਅਤੇ ਅੱਜ ਵੀ ਇਸ ਫੋਟੋ ਵਾਲੀਆਂ ਸ਼ਰਟਾਂ ਵਿਕਦੀਆਂ ਹਨ, ਪਰ ਇਨ੍ਹਾਂ ਖਿਡਾਰੀਆਂ ਨੂੰ ਬਹੁਤ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ।
ਇਹ ਸਮਾਂ ਅਮਰੀਕਾ ਵਿਚ ਵਾਪਰ ਰਹੀਆਂ ਘਟਨਾਵਾਂ ਕਰਕੇ ਚਿੰਤਾ ਵਾਲਾ ਸੀ। 1955 ਤੋਂ 1975 ਤਕ ਅਮਰੀਕਾ ਦੀ ਵੀਅਤਨਾਮ ਨਾਲ ਚਲੀ ਜੰਗ ਕਾਰਨ 58,318 ਫੌਜੀ ਮਾਰੇ ਗਏ ਅਤੇ 303,644 ਜਖਮੀ ਹੋ ਗਏ ਸਨ। ਇਸ ਜੰਗ ਵਿਚ ਸ਼ਾਮਿਲ ਹੋਣਾ ਅਤੇ ਹਰ ਰੋਜ਼ ਹੁੰਦੀਆਂ ਮੌਤਾਂ ਕਾਰਨ ਵਿਦਿਆਰਥੀ ਇਸ ਦਾ ਵਿਰੋਧ ਕਰਦੇ ਸਨ। ਕਈ ਲੋਕ ਸਮਝਦੇ ਸਨ ਕਿ ਬਿਨਾ ਵਜ੍ਹਾ ਇਸ ਜੰਗ ਵਿਚ ਸ਼ਾਮਿਲ ਹੋਣਾ ਗਲਤੀ ਹੈ। ਮੁਹੰਮਦ ਅਲੀ 1960 ਵਿਚ ਰੋਮ ਓਲੰਪਿਕਸ ਦਾ ਬਾਕਸਿੰਗ ਚੈਂਪੀਅਨ ਅਤੇ ਪਿਛੋਂ ਪੇਸ਼ਾਵਰ ਵਰਲਡ ਚੈਂਪੀਅਨ ਸੀ। ਉਸ ਸਮੇਂ ਦੇ ਨਿਯਮ ਅਨੁਸਾਰ ਜਦ ਉਸ ਦੀ ਜੰਗ ਵਿਚ ਸ਼ਾਮਿਲ ਹੋਣ ਦੀ ਵਾਰੀ ਆਈ ਤਾਂ ਉਸ ਨੇ ਜਾਣ ਤੋਂ ਨਾਂਹ ਕਰ ਦਿੱਤੀ। ਉਹ ਵੀ ਇਸ ਜੰਗ ਦਾ ਵਿਰੋਧੀ ਸੀ। ਉਸ ਤੋਂ ਚੈਂਪੀਅਨ ਦਾ ਖਿਤਾਬ ਖੋਹ ਲਿਆ ਅਤੇ ਉਸ ਨੂੰ ਕਈ ਸਾਲ ਕਾਨੂੰਨੀ ਲੜਾਈ ਲੜਨੀ ਪਈ। ਇਸ ਲੜਾਈ ਵਿਚ ਕਾਲੇ ਲੋਕਾਂ ਨੇ ਅਲੀ ਦਾ ਸਾਥ ਦਿੱਤਾ।
22 ਨਵੰਬਰ 1963 ਨੂੰ ਅਮਰੀਕਾ ਦੇ ਹਰਮਨ ਪਿਆਰੇ ਪ੍ਰੈਜ਼ੀਡੈਂਟ ਜਾਨ ਐਫ ਕੈਨੇਡੀ ਦਾ ਕਤਲ ਹੋ ਗਿਆ। ਨੇਸ਼ਨ ਆਫ ਇਸਲਾਮ ਦਾ ਲੀਡਰ ਮੈਲਕਮ ਐਕਸ ਸੀ, ਜਦ ਉਹ ਇਸ ਦਾ ਵਿਰੋਧੀ ਹੋ ਗਿਆ ਤਾਂ 21 ਫਰਵਰੀ 1965 ਨੂੰ ਉਸ ਨੂੰ ਗੋਲੀ ਮਾਰ ਦਿੱਤੀ ਗਈ। ਸਿਵਲ ਰਾਈਟਸ ਦੇ ਮਸ਼ਹੂਰ ਲੀਡਰ ਡਾ. ਮਾਰਟਿਨ ਲੂਥਰ ਕਿੰਗ ਨੂੰ 4 ਅਪਰੈਲ 1968 ਨੂੰ ਮਾਰ ਦਿੱਤਾ ਤਾਂ ਕਾਲੇ ਲੋਕਾਂ ਵਿਚ ਗੁੱਸੇ ਦੀ ਲਹਿਰ ਦੌੜ ਪਈ। ਇਸੇ ਸਾਲ 6 ਜੂਨ 1968 ਨੂੰ ਅਗਲੇ ਸੰਭਾਵੀ ਪ੍ਰੈਜ਼ੀਡੈਂਟ ਬਾਬੀ ਕੈਨੇਡੀ (ਜਾਨ ਐਫ ਕੈਨੇਡੀ ਦਾ ਭਰਾ) ਨੂੰ ਗੋਲੀ ਮਾਰ ਦਿੱਤੀ ਗਈ। ਇਨ੍ਹਾਂ ਮੰਦਭਾਗੀ ਘਟਨਾਵਾਂ ਤੋਂ ਇਲਾਵਾ ਕਾਲੇ ਲੋਕਾਂ ਵਿਚ ਆਪਣੇ ਨਾਲ ਹੁੰਦੇ ਵਿਤਕਰੇ ਅਤੇ ਨਾਇਨਸਾਫੀ ਕਰ ਕੇ ਰੋਹ ਸੀ।
ਉਸ ਸਮੇਂ ਕਾਲਜਾਂ ਵਿਚ ਪੜ੍ਹਦੇ ਅਤੇ ਸਪੋਰਟਸਮੈਨ ਕਾਲੇ ਵੀ ਇਸ ਨਸਲੀ ਵਿਤਕਰੇ ਨੂੰ ਲੈ ਕੇ ਗੁੱਸੇ ਵਿਚ ਸਨ। 1968 ਦੀ ਓਲੰਪਿਕਸ ਮੈਕਸੀਕੋ ਵਿਚ ਹੋਣੀ ਸੀ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਨੇ ‘ਓਲੰਪਿਕ ਪ੍ਰਾਜੈਕਟ ਫਾਰ ਹਿਊਮਨ ਰਾਈਟਸ’ ਨਾਂ ਦੀ ਜਥੇਬੰਦੀ ਕਾਇਮ ਕੀਤੀ। ਉਸ ਸਮੇਂ ਡਾ. ਮਾਰਟਿਨ ਲੂਥਰ ਕਿੰਗ ਅਤੇ ਮੁਹੰਮਦ ਅਲੀ ਵਰਗੇ ਲੋਕਾਂ ਦਾ ਵੀ ਸਾਥ ਸੀ। ਸੈਨ ਹੋਜੇ ਸਟੇਟ ਕਾਲਜ ਦਾ ਡਾ. ਹੈਰੀ ਐਡਵਰਡ, ਜੋ ਪਹਿਲਾਂ ਐਥਲੀਟ ਅਤੇ ਬਾਅਦ ਵਿਚ ਪ੍ਰੋਫੈਸਰ ਬਣਿਆ, ਇਸ ਜਥੇਬੰਦੀ ਦਾ ਮੋਹਰੀ ਸੀ। ਟਾਮੀ ਸਮਿਥ, ਜਾਨ ਕਾਰਲੋਸ ਅਤੇ ਲੀ ਐਵਨ ਵਰਗੇ ਨਾਮੀ ਐਥਲੀਟ ਇਥੇ ਹੋਣ ਕਰਕੇ ਸੈਨ ਹੋਜੇ ਨੂੰ ਸਪੀਡ ਸਿਟੀ ਕਿਹਾ ਜਾਂਦਾ ਸੀ। ਇਸ ਜਥੇਬੰਦੀ ਦਾ ਪਹਿਲਾਂ ਵਿਚਾਰ ਓਲੰਪਿਕਸ ਦਾ ਬਾਈਕਾਟ ਕਰਨ ਦਾ ਸੀ, ਪਰ ਇਸ ਲਈ ਸਾਰੇ ਸਹਿਮਤ ਨਾ ਹੋ ਸਕੇ। ਇਨ੍ਹਾਂ ਦੇ ਮਤਭੇਦ ਹੋਣ ਕਰਕੇ ਹਰ ਇੱਕ ਨੂੰ ਆਪਣੀ ਮਰਜ਼ੀ ਅਨੁਸਾਰ ਰੋਸ ਕਰਨ ਲਈ ਖੁੱਲ੍ਹ ਦੇ ਦਿੱਤੀ ਗਈ।
ਸੋ, ਇਸ ਲਈ ਕੋਈ ਮਿਥੀ ਯੋਜਨਾ ਨਾ ਬਣ ਸਕੀ। ਜਦ ਇਸ ਦੀ ਜਾਣਕਾਰੀ ਅਮਰੀਕਾ ਦੀ ਓਲੰਪਿਕਸ ਕਮੇਟੀ ਨੂੰ ਮਿਲੀ ਤਾਂ ਉਹ ਬਹੁਤ ਪ੍ਰੇਸ਼ਾਨ ਹੋਏ। ਜਦ ਸਾਰੇ ਮੈਕਸੀਕੋ ਪਹੁੰਚੇ ਤਾਂ ਕਮੇਟੀ ਨੇ 1936 ਓਲੰਪਿਕਸ ਦੇ ਚਾਰ ਗੋਲਡ ਮੈਡਲ ਜੇਤੂ ਜੈਸੀ ਉਅਨ ਨੂੰ ਇਨ੍ਹਾਂ ਨਾਲ ਗੱਲ ਕਰਨ ਲਈ ਭੇਜਿਆ, ਪਰ ਜੈਸੀ ਤਾਂ ਖੁਦ ਨਸਲਵਾਦ ਦਾ ਸ਼ਿਕਾਰ ਸੀ। ਚਾਰ ਗੋਲਡ ਮੈਡਲ ਜਿੱਤਣ ਪਿਛੋਂ ਵੀ ਉਸ ਨੂੰ ਗੈਸ ਸਟੇਸ਼ਨ ਅਤੇ ਜੈਨੀਟਰ ਵਰਗੇ ਕੰਮ ਕਰਨੇ ਪਏ। ਪੈਸੇ ਦੀ ਲੋੜ ਨੂੰ ਪੂਰਾ ਕਰਨ ਲਈ ਉਸ ਨੂੰ ਘੋੜਿਆਂ ਦੇ ਨਾਲ ਮੁਕਾਬਲੇ ਵਿਚ ਦੌੜਨਾ ਪਿਆ।
ਇਸ ‘ਬਲੈਕ ਪਾਵਰ ਸਲੂਟ’ ਸਮੇਂ ਸਟੇਡੀਅਮ ਵਿਚ ਹਾਜ਼ਰ ਅਮਰੀਕਾ ਦੇ ਲੋਕਾਂ ਨੇ ਇਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਅਤੇ ਦੇਸ਼ ਧ੍ਰੋਹੀ ਕਿਹਾ। ਇਨ੍ਹਾਂ ਨੂੰ ਓਲੰਪਿਕਸ ਪਿੰਡ ਵਿਚੋਂ ਬਾਹਰ ਤਾਂ ਕੱਢਿਆ ਹੀ, ਸਗੋਂ ਮੈਕਸੀਕੋ ਦਾ ਵੀਜ਼ਾ ਰੱਦ ਕਰ ਕੇ ਅਮਰੀਕਾ ਵਾਪਸ ਭੇਜ ਦਿੱਤਾ ਗਿਆ। ਇਸ ਪਿਛੋਂ ਹੋਰ ਵੀ ਕਈਆਂ ਨੇ ਆਪਣੇ ਤੌਰ ‘ਤੇ ਰੋਸ ਪ੍ਰਗਟਾਇਆ, ਪਰ ਇਨ੍ਹਾਂ ਦੀ ਖਿੱਚੀ ਫੋਟੋ ਨੇ ਦੁਨੀਆਂ ਭਰ ਵਿਚ ਤਰਥੱਲੀ ਮਚਾ ਦਿੱਤੀ।
ਅਮਰੀਕਾ ਵਿਚ ਕਾਲਿਆਂ ਖਿਲਾਫ ਹੋ ਰਹੇ ਵਿਤਕਰੇ ਦਾ ਪਰਦਾਫਾਸ਼ ਹੋ ਗਿਆ, ਪਰ ਸਮਿਥ ਅਤੇ ਕਾਰਲੋਸ ਨੂੰ ਇਸ ਦੀ ਬਹੁਤ ਕੀਮਤ ਚੁਕਾਉਣੀ ਪਈ। ਉਨ੍ਹਾਂ ਦੀ ਜ਼ਿੰਦਗੀ ਨੂੰ ਮੌਤ ਅਤੇ ਗਰੀਬੀ ਨੇ ਘੇਰੀ ਰੱਖਿਆ। ਜਾਰਜ ਫੋਰਮੈਨ (ਬਾਕਸਰ) ਉਸੇ ਓਲੰਪਿਕਸ ਵਿਚ ਗੋਲਡ ਮੈਡਲ ਜਿੱਤ ਕੇ ਅਮਰੀਕਾ ਦਾ ਫਲੈਗ ਲਹਿਰਾ ਕੇ ਹੀਰੋ ਬਣ ਗਿਆ ਅਤੇ ਸਾਰੀ ਉਮਰ ਮਿਲੀਅਨਜ਼ ਡਾਲਰ ਕਮਾਉਂਦਾ ਰਿਹਾ। ਓਲੰਪਿਕਸ ਕਮੇਟੀ ਨੇ ਇਨ੍ਹਾਂ ਦੋਹਾਂ ਨੂੰ ਸਸਪੈਂਡ ਕਰ ਦਿੱਤਾ। ਇਨ੍ਹਾਂ ਨੇ ਆਪਣੀ-ਆਪਣੀ ਕਿਤਾਬ ਵੀ ਲਿਖੀ ਹੈ, ਜੋ ਇਨ੍ਹਾਂ ਦੇ ਸੁਭਾਅ ਅਨੁਸਾਰ ਵੱਖਰੇ ਤੱਤ ਬਿਆਨ ਕਰਦੀਆਂ ਹਨ। ਸੈਨ ਹੋਜੇ ਸਟੇਟ ਕਾਲਜ ਵਿਚ ਸਾਲ 2005 ਵਿਚ ਇਨ੍ਹਾਂ ਦੋਹਾਂ ਦਾ ‘ਬਲੈਕ ਪਾਵਰ ਸਲੂਟ’ ਵਾਲਾ ਬੁੱਤ ਬਣਾਇਆ ਗਿਆ।
ਪੀਟਰ ਨਾਰਮੈਨ ਨੂੰ ਵੀ ਗਲ ਵਿਚ ‘ਓਲੰਪਿਕਸ ਪ੍ਰਾਜੈਕਟ ਫਾਰ ਹਿਊਮਨ ਰਾਈਟਸ’ ਦਾ ਬੈਜ਼ ਪਾਉਣ ਕਾਰਨ ਆਪਣੇ ਦੇਸ਼ ਪਰਤਣ ‘ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਸ ਨੂੰ 1972 ਦੀ ਮਿਊਨਿਖ ਓਲੰਪਿਕਸ ਲਈ ਟੀਮ ਵਿਚ ਸ਼ਾਮਿਲ ਨਾ ਕੀਤਾ ਗਿਆ। ਉਸ ਪਿਛੋਂ ਉਹ ਰਿਟਾਇਰ ਹੋ ਕੇ ਅਧਿਆਪਕ ਵਜੋਂ ਨੌਕਰੀ ਕਰਦਾ ਰਿਹਾ। ਤਿੰਨ ਦਹਾਕੇ ਬਾਅਦ ਸੰਨ 2000 ਸਿਡਨੀ ਓਲੰਪਿਕਸ ਸਮੇਂ ਵੀ ਉਸ ਨੂੰ ਚੇਤੇ ਨਾ ਕੀਤਾ ਗਿਆ। ਪੀਟਰ ਦੀ ਮੌਤ 3 ਅਕਤੂਵਰ 2006 ਨੂੰ ਹਾਰਟ ਅਟੈਕ ਨਾਲ ਹੋ ਗਈ, ਉਸ ਸਮੇਂ ਉਹ 64 ਸਾਲ ਦਾ ਸੀ। ਟਾਮੀ ਸਮਿਥ ਅਤੇ ਜਾਨ ਕਾਰਲੋਸ ਉਸ ਦੇ ਅੰਤਿਮ ਸਸਕਾਰ ਵਿਚ ਸ਼ਾਮਿਲ ਸਨ, ਪਰ ਅਗਸਤ 2012 ਵਿਚ ਆਸਟਰੇਲੀਆ ਦੀ ਸਰਕਾਰ ਨੇ ਆਪਣੇ ਕੀਤੇ ਵਰਤਾਰੇ ‘ਤੇ ਪੀਟਰ ਤੋਂ ਮੁਆਫੀ ਦਾ ਮਤਾ ਪਾਸ ਕਰਕੇ ਉਸ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਪੀਟਰ ਨੂੰ ਸੈਨ ਹੋਜੇ ਸਟੇਟ ਵਿਚ ਬੁੱਤ ਲਾਉਣ ਸਮੇਂ ਸ਼ਾਮਿਲ ਹੋਣ ਲਈ ਬੇਨਤੀ ਕੀਤੀ, ਪਰ ਉਸ ਨੇ ਨਾਂਹ ਕਰ ਦਿੱਤੀ। ਉਸ ਦਾ ਵਿਚਾਰ ਸੀ ਕਿ ਮੇਰੀ ਖਾਲੀ ਥਾਂ ਉਪਰ ਖੜ੍ਹੇ ਹੋ ਕੇ ਲੋਕ ਟਾਮੀ ਅਤੇ ਜਾਨ ਨਾਲ ਫੋਟੋ ਖਿਚਵਾ ਸਕਦੇ ਹਨ। ਇਹ ਉਸ ਦੀ ਮਹਾਨਤਾ ਦਾ ਸਬੂਤ ਸੀ।
ਜਾਨ ਕਾਰਲੋਸ ਦਾ ਜਨਮ 5 ਜੂਨ 1945 ਨੂੰ ਨਿਊ ਯਾਰਕ ਸ਼ਹਿਰ ਦੇ ਹਾਰਲਿਨ ਇਲਾਕੇ ਵਿਚ ਹੋਇਆ। ਉਸ ਦਾ ਪਿਉ ਆਰਮੀ ‘ਚੋਂ ਸੇਵਾ ਮੁਕਤ ਹੋ ਕੇ ਸ਼ੂਅ ਮੇਕਰ (ਮੋਚੀ) ਵਜੋਂ ਕੰਮ ਕਰਦਾ ਸੀ ਅਤੇ ਮਾਂ ਨਰਸ ਸੀ। ਉਹ ਬਚਪਨ ਤੋਂ ਹੀ ਸਰੀਰਕ ਤੌਰ ‘ਤੇ ਤਕੜਾ ਸੀ ਅਤੇ ਨਿਊ ਯਾਰਕ ਦੇ ਮਾਹੌਲ ਅਨੁਸਾਰ ਲੜਾਈ-ਝਗੜੇ ਵਿਚ ਸ਼ਾਮਿਲ ਰਹਿੰਦਾ ਸੀ। ਇਸ ਤੋਂ ਇਲਾਵਾ ਉਹ ਆਪਣੇ ਦੋਸਤਾਂ ਨਾਲ ਮਿਲ ਕੇ ਚੋਰੀਆਂ ਵੀ ਕਰਦਾ ਸੀ। ਇੱਕ ਵਾਰ ਉਸ ਨੇ ਰੇਡੀਓ ‘ਤੇ ਓਲੰਪਿਕਸ ਬਾਰੇ ਸੁਣਿਆ ਤਾਂ ਉਸ ਦਾ ਮਨ ਇਸ ਵਿਚ ਸ਼ਾਮਿਲ ਹੋਣ ਲਈ ਸੋਚਣ ਲੱਗਾ। ਉਸ ਦੇ ਘਰ ਦੇ ਨੇੜੇ ਹੀ ਇੱਕ ਸਵਿਮਿੰਗ ਪੂਲ ਸੀ, ਜਿਸ ਵਿਚ ਉਹ ਤੈਰਨ ਲੱਗਾ। ਜਦ ਉਸ ਨੂੰ ਵਧੀਆ ਟ੍ਰੇਨਿੰਗ ਲਈ ਹੋਰ ਪੂਲ ਦੀ ਲੋੜ ਪਈ ਤਾਂ ਮੁਸੀਬਤ ਖੜ੍ਹੀ ਹੋ ਗਈ, ਕਿਉਂਕਿ ਇਸ ਤਰ੍ਹਾਂ ਦੇ ਪੂਲ ਸਿਰਫ ਗੋਰਿਆਂ ਲਈ ਸਨ। ਇੱਕ ਵਾਰ ਉਹ ਇਸ ਤਰ੍ਹਾਂ ਦੇ ਪੂਲ ਵਿਚ ਵੜ ਗਿਆ ਤਾਂ ਸਾਰੇ ਗੋਰੇ ਬਾਹਰ ਨਿਕਲ ਗਏ। ਇਸ ਨਾਲ ਉਸ ਨੂੰ ਕਾਲੇ ਲੋਕਾਂ ਪ੍ਰਤੀ ਨਫਰਤ ਦਾ ਅਹਿਸਾਸ ਹੋਰ ਵੀ ਗੂੜ੍ਹਾ ਹੋ ਗਿਆ। ਫਿਰ ਉਸ ਨੇ ਬਾਕਸਿੰਗ ਕਰਨੀ ਸ਼ੁਰੂ ਕੀਤੀ ਤਾਂ ਉਸ ਦੀ ਮਾਂ ਨੇ ਇਸ ਦਾ ਸਖਤ ਵਿਰੋਧ ਕੀਤਾ।
ਆਖਿਰ ਕਾਰਲੋਸ ਨੇ ਅਥਲੀਟ ਬਣਨ ਦੀ ਸੋਚ ਲਈ ਅਤੇ ਮਿਹਨਤ ਕਰਨ ਲੱਗਾ। ਇਹ ਕੰਮ ਤਾਂ ਉਹ ਚੋਰੀਆਂ ਲਈ ਵੀ ਕਰਦਾ ਸੀ, ਇਸ ਲਈ ਉਸ ਨੂੰ ਵਧੀਆ ਲੱਗਾ। ਆਪਣੇ ਹਾਈ ਸਕੂਲ ਦੇ ਸਮੇਂ ਵਿਚ ਹੀ ਉਹ ਵੱਡੀਆਂ ਦੌੜਾਂ ਜਿੱਤਣ ਲੱਗ ਪਿਆ। ਉਸ ਦੇ ਨਾਂ ਦੀ ਚਰਚਾ ਕਾਲਜਾਂ ਵਿਚ ਹੋਣ ਲੱਗੀ, ਪਰ ਕਈ ਕਾਲਜਾਂ ਨੇ ਉਸ ਨੂੰ ਵਜੀਫਾ ਦੇਣ ਤੋਂ ਨਾਂਹ ਕਰ ਦਿੱਤੀ ਅਤੇ ਉਸ ਤੋਂ ਦੂਰੀ ਬਣਾਉਣ ਲੱਗੇ। ਇਸ ਸਾਰੇ ਦਾ ਕਾਰਨ ਇਹ ਸੀ ਕਿ ਕਾਰਲੋਸ ਨੇ ਆਪਣੇ ਹਾਈ ਸਕੂਲ ਦੌਰਾਨ ਸ਼ਾਦੀ ਕਰ ਲਈ ਅਤੇ ਇੱਕ ਬੱਚੇ ਦਾ ਬਾਪ ਵੀ ਬਣ ਗਿਆ।
ਆਖਿਰ ਉਸ ਨੂੰ ਈਸਟ ਟੈਕਸਸ ਯੂਨੀਵਰਸਿਟੀ ਤੋਂ ਵਜੀਫਾ ਪ੍ਰਾਪਤ ਹੋ ਗਿਆ ਅਤੇ ਉਹ ਆਪਣੀ ਪਤਨੀ ਤੇ ਬੱਚੇ ਨਾਲ ਇੱਥੇ ਆ ਗਿਆ, ਪਰ ਛੇਤੀ ਹੀ ਉਸ ਨੂੰ ਪਤਾ ਲੱਗ ਗਿਆ ਕਿ ਇੱਥੇ ਨਸਲਵਾਦ ਦਾ ਜ਼ੋਰ ਭਾਰੀ ਹੈ ਤੇ ਉਸ ਦਾ ਕੋਚ ਵੀ ਕਾਲੇ ਲੋਕਾਂ ਨੂੰ ਪਸੰਦ ਨਹੀਂ ਕਰਦਾ। ਕਾਰਲੋਸ ਨੇ ਪੂਰਾ ਸਾਲ ਵੀ ਨਾ ਕੱਟਿਆ, ਵਾਪਸ ਨਿਊ ਯਾਰਕ ਚਲਾ ਗਿਆ। ਉਸ ਸਮੇਂ 1968 ਵਾਲੀ ਓਲੰਪਿਕਸ ਦੇ ਬਾਈਕਾਟ ਦੀ ਚਰਚਾ ਚੱਲਦੀ ਸੀ, ਇਹ ਵੀ ਉਸ ਵਿਚ ਹਿੱਸਾ ਲੈਣ ਲੱਗ ਪਿਆ। ਇੱਥੇ ਹੀ ਇੱਕ ਮੀਟਿੰਗ ਵਿਚ ਇਸ ਦੀ ਮੁਲਾਕਾਤ ਡਾ. ਮਾਰਟਿਨ ਲੂਥਰ ਕਿੰਗ ਨਾਲ ਹੋਈ, ਜੋ ਬਾਈਕਾਟ ਦਾ ਹਾਮੀ ਸੀ। ਇਨ੍ਹਾਂ ਨੇ ਇੱਕ ‘ਓਲੰਪਿਕਸ ਪ੍ਰਾਜੈਕਟ ਫਾਰ ਹਿਊਮਨ ਰਾਈਟਸ’ ਨਾਂ ਦੀ ਜਥੇਬੰਦੀ ਬਣਾਈ, ਜਿਸ ਦਾ ਮੋਹਰੀ ਪ੍ਰੋ. ਹੈਰੀ ਐਡਵਰਡ ਸੀ।
ਹੈਰੀ ਸੈਨ ਹੋਜੇ ਸਟੇਟ ਵਿਚ ਪਹਿਲਾਂ ਅਥਲੀਟ ਸੀ, ਫਿਰ ਪ੍ਰੋਫੈਸਰ ਬਣ ਗਿਆ। ਇਸ ਸਮੇਂ ਦੌਰਾਨ ਕਾਰਲੋਸ ਨੂੰ ਵੀ ਸੈਨ ਹੋਜੇ ਤੋਂ ਵਜੀਫਾ ਪ੍ਰਾਪਤ ਹੋ ਗਿਆ ਅਤੇ ਉਹ ਟਾਮੀ ਸਮਿਥ, ਲੀ ਐਵਨ ਵਰਗੇ ਅਥਲੀਟ ਦਾ ਸਾਥੀ ਬਣ ਗਿਆ। ਸਮਿਥ ਅਤੇ ਕਾਰਲੋਸ 1968 ਦੀ ਓਲੰਪਿਕਸ ਲਈ 200 ਮੀਟਰ ਦੌੜ ਲਈ ਚੁਣੇ ਗਏ। ਟਾਮੀ ਸਮਿਥ ਸੋਨੇ ਦਾ ਅਤੇ ਜਾਨ ਕਾਰਲੋਸ ਕਾਂਸੇ ਦਾ ਤਮਗਾ ਜਿੱਤ ਕੇ ਮੈਡਲ ਸਟੈਂਡ ‘ਤੇ ‘ਬਲੈਕ ਪਾਵਰ ਸਲੂਟ’ ਮਾਰ ਕੇ ਇਤਿਹਾਸ ਦੇ ਪਾਤਰ ਬਣ ਗਏ।
ਇਸ ਘਟਨਾ ਪਿਛੋਂ ਕਾਰਲੋਸ ਦੀਆਂ ਮੁਸ਼ਕਿਲਾਂ ਸ਼ੁਰੂ ਹੋ ਗਈਆਂ। ਅਮਰੀਕਾ ਦੀ ਓਲੰਪਿਕਸ ਕਮੇਟੀ ਨੇ ਸਸਪੈਂਡ ਕਰ ਦਿੱਤਾ ਅਤੇ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਰੋਜ਼ਾਨਾ ਮੌਤ ਦੀਆਂ ਧਮਕੀਆਂ ਸਹਿਣੀਆਂ ਪਈਆਂ। ਰੋਜ਼ੀ ਰੋਟੀ ਲਈ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਨੀ ਪਈ। ਕਾਲਜ ਦੀ ਡਿਗਰੀ ਵੀ ਪੂਰੀ ਨਾ ਹੋਈ। ਥੋੜ੍ਹੇ ਸਮੇਂ ਲਈ ਪੇਸ਼ੇਵਰ ਫੁਟਬਾਲ ਵੀ ਖੇਡਿਆ, ਪਰ ਤੰਗੀ ਨੇ ਪਿੱਛਾ ਨਾ ਛੱਡਿਆ। ਇਸ ਤਰ੍ਹਾਂ ਦੀ ਹਾਲਤ ਵਿਚ ਉਸ ਦੀ ਪਤਨੀ ਨੇ ਖੁਦਕੁਸ਼ੀ ਕਰ ਲਈ। ਫਿਰ ਉਹ ਖੇਡ ਮੈਦਾਨ ਵਿਚ ਘਾਹ ਕੱਟਣ ਦੀ ਨੌਕਰੀ ਕਰਨ ਲੱਗ ਪਿਆ।
ਲਾਸ ਏਂਜਲਸ ਦੇ ਉਸ ਸਮੇਂ ਦੇ ਮੇਅਰ ਬਰੈਡਲੀ ਦੀ ਮਦਦ ਨਾਲ ਉਸ ਨੂੰ ਸਕੂਲ ਵਿਚ ਟਰੇਨਰ ਦੀ ਨੌਕਰੀ ਮਿਲ ਗਈ, ਜਿਸ ਨਾਲ ਜ਼ਿੰਦਗੀ ਅੱਗੇ ਤੁਰ ਪਈ। 1984 ਦੀ ਓਲੰਪਿਕਸ ਵਿਚ ਉਸ ਨੂੰ ਮਿਸ਼ਾਲ ਫੜਨ ਦਾ ਮਾਣ ਪ੍ਰਾਪਤ ਹੋਇਆ ਅਤੇ ਹਾਲ ਆਫ ਫੇਮ ਬਣਿਆ। 2005 ਵਿਚ ਸੈਨ ਹੋਜੇ ਸਟੇਟ ਕਾਲਜ ਵਿਚ ਇਨ੍ਹਾਂ ਦਾ ਬੁੱਤ ਲਾਇਆ ਗਿਆ ਅਤੇ 2008 ਵਿਚ ਉਸ ਦਾ ਆਰਥਰ ਐਸ਼ ਅਵਾਰਡ (ਹੌਸਲੇ ਵਾਲਾ) ਨਾਲ ਸਨਮਾਨ ਕੀਤਾ ਗਿਆ। ਉਸ ਨੇ ‘ਦਾ ਜਾਨ ਕਾਰਲੋਸ ਸਟੋਰੀ’ ਨਾਂ ਦੀ ਕਿਤਾਬ ਲਿਖੀ ਤੇ ਅੱਜ ਕੱਲ ਇਕ ਸੋਸ਼ਲਿਸਟ ਜਥੇਬੰਦੀ ਵਿਚ ਸ਼ਾਮਿਲ ਹੈ।
ਟਾਮੀ ਸਮਿਥ ਦਾ ਜਨਮ 6 ਜੂਨ 1944 ਨੂੰ ਟੈਕਸਸ ਵਿਚ ਹੋਇਆ ਅਤੇ ਉਸ ਦੇ ਮਾਂ-ਪਿਉ ਫਾਰਮ ਵਿਚ ਲੇਬਰ ਦਾ ਕੰਮ ਕਰਦੇ ਸਨ। ਉਹ 12 ਭੈਣ-ਭਰਾ ਸਨ ਅਤੇ ਜ਼ਿੰਦਗੀ ਗਰੀਬੀ ਵਿਚ ਗੁਲਾਮਾਂ ਵਾਲੀ ਸੀ। ਸਾਰੇ ਪਾਸੇ ਕਾਲੇ ਮਜ਼ਦੂਰ ਹੀ ਸਨ, ਪਰ ਕਦੀ-ਕਦਾਈਂ ਗੋਰਾ ਮਾਲਕ ਵੇਖਣ ਨੂੰ ਮਿਲਦਾ ਸੀ। ਫਿਰ ਪਰਿਵਾਰ ਕੈਲੀਫੋਰਨੀਆ ਸੈਂਟਰਲ ਵੈਲੀ ਵਿਚ ਮੂਵ ਹੋ ਗਿਆ ਅਤੇ ਲੇਬਰ ਕੈਂਪ ਵਿਚ ਰਹਿਣ ਲੱਗਾ। ਸਾਰੇ ਟੱਬਰ ਨੂੰ ਫਾਰਮ ਵਿਚ ਕੰਮ ਕਰਨਾ ਪਿਆ ਤਾਂ ਜੋ ਘਰ ਦੀਆਂ ਲੋੜਾਂ ਪੂਰੀਆਂ ਹੋ ਸਕਣ। ਇਸ ਸਖਤ ਮਿਹਨਤ ਨੇ ਪਰਿਵਾਰ ਨੂੰ ਪੜ੍ਹਾਈ ਵਾਲੇ ਰਸਤੇ ਤੋਰ ਦਿੱਤਾ ਤਾਂ ਜੋ ਭਵਿੱਖ ਵਧੀਆ ਹੋ ਜਾਵੇ। ਟਾਮੀ ਸਕੂਲ ਵਿਚ ਇੱਕ ਵਧੀਆ ਖਿਡਾਰੀ ਵੀ ਸੀ ਅਤੇ ਕਈ ਖੇਡਾਂ ਵਿਚ ਹਿੱਸਾ ਲੈਂਦਾ ਸੀ। ਇਸ ਕਰਕੇ ਹਾਈ ਸਕੂਲ ਪਿਛੋਂ ਉਸ ਨੂੰ ਪੰਜ ਕਾਲਜਾਂ ਤੋਂ ਵਜ਼ੀਫੇ ਪ੍ਰਾਪਤ ਹੋਏ ਸਨ, ਪਰ ਉਸ ਨੇ ਸੈਨ ਹੋਜੇ ਸਟੇਟ ਨੂੰ ਚੁਣਿਆ। ਉਸ ਨੂੰ 95 ਡਾਲਰ ਪ੍ਰਤੀ ਮਹੀਨਾ ਅਤੇ ਕਈ ਹੋਰ ਸਹੂਲਤਾਂ ਪ੍ਰਾਪਤ ਸਨ। ਸੈਨ ਹੋਜੇ ਸਟੇਟ ਵਿਚ 20,000 ਵਿਦਿਆਰਥੀਆਂ ਵਿਚ ਕਾਲਿਆਂ ਦੀ ਗਿਣਤੀ ਸੌ ਤੋਂ ਵੀ ਘੱਟ ਸੀ। ਆਪਣੇ ਦੂਜੇ ਸਾਲ ਵਿਚ ਟਾਮੀ ਨੇ ਬਾਸਕਿਟਬਾਲ ਤੇ ਫੁਟਬਾਲ ਨੂੰ ਛੱਡ ਦਿੱਤਾ ਅਤੇ ਅਥਲੈਟਿਕਸ ਵੱਲ ਸਾਰਾ ਧਿਆਨ ਦੇਣ ਲੱਗਾ। ਟਾਮੀ ਨੇ 200 ਮੀਟਰ ਦੌੜ 20 ਸੈਕੰਡ ਵਿਚ ਦੌੜ ਕੇ ਵਿਸ਼ਵ ਰਿਕਾਰਡ ਬਣਾਇਆ, ਜੋ ਉਸ ਦੇ ਬਣਾਏ ਗਿਆਰਾਂ ਰਿਕਾਰਡਾਂ ਵਿਚੋਂ ਪਹਿਲਾ ਸੀ।
ਜਿਸ ਸਮੇਂ 1968 ਓਲੰਪਿਕਸ ਦੀ ਤਿਆਰੀ ਸ਼ੁਰੂ ਹੋਣ ਲੱਗੀ ਤਾਂ ਕਾਲੇ ਖਿਡਾਰੀਆਂ ਵਿਚ ਇਸ ਦੇ ਬਾਈਕਾਟ ਦੀ ਚਰਚਾ ਵੀ ਹੋਣ ਲੱਗ ਪਈ। ‘ਓਲੰਪਿਕਸ ਪ੍ਰਾਜੈਕਟ ਫਾਰ ਹਿਊਮਨ ਰਾਈਟਸ’ ਦੇ ਬਹੁਤੇ ਲੀਡਰ ਸੈਨ ਹੋਜੇ ਸਟੇਟ ਵਿਚ ਸਨ। ਅੰਤ ਵਿਚ ਬਾਈਕਾਟ ਦਾ ਵਿਚਾਰ ਛੱਡ ਕੇ ਆਪਣੇ ਤੌਰ ‘ਤੇ ਰੋਸ ਕਰਨ ਦਾ ਵਿਚਾਰ ਬਣਾਇਆ ਗਿਆ, ਜਿਸ ਨੂੰ ਟਾਮੀ ਸਮਿਥ ਅਤੇ ਜਾਨ ਕਾਰਲੋਸ ਨੇ ‘ਬਲੈਕ ਪਾਵਰ ਸਲੂਟ’ ਨਾਲ ਸਾਰੇ ਵਿਸ਼ਵ ਵਿਚ ਮਸ਼ਹੂਰ ਕੀਤਾ। ਭਾਵੇਂ ਇਸ ਲਈ ਇਨ੍ਹਾਂ ਨੂੰ ਬਹੁਤ ਕੀਮਤ ਦੇਣੀ ਪਈ, ਪਰ ਨਸਲਵਾਦ ਖਿਲਾਫ ਅੰਦੋਲਨ ਦੇ ਇਹ ਹੀਰੋ ਬਣ ਗਏ। ਅੱਜ ਵੀ ਇਨ੍ਹਾਂ ਦੀ ਉਸ ਪ੍ਰੋਟੈਸਟ ਵਾਲੀ ਫੋਟੋ ਦੀਆਂ ਸ਼ਰਟਾਂ ਕਾਲੇ ਪਾਉਂਦੇ ਹਨ।
ਟਾਮੀ ਦੀ ਜ਼ਿੰਦਗੀ ਵੀ ਮੌਤ ਦੇ ਡਰ ਥੱਲੇ ਨਿਕਲੀ ਅਤੇ ਤੰਗੀ ਵੀ ਰਹੀ, ਪਰ ਜਾਨ ਕਾਰਲੋਸ ਤੋਂ ਕੁਝ ਚੰਗੀ ਸੀ। ਇਸ ਦਾ ਕਾਰਨ ਸੀ ਕਿ ਟਾਮੀ ਸੈਨ ਹੋਜੇ ਤੋਂ ਹੀ ਡਿਗਰੀ ਪ੍ਰਾਪਤ ਕਰਕੇ ਓਹਾਇਓ ਵਿਚ ਕੋਚ ਬਣ ਗਿਆ। ਫਿਰ ਉਸ ਨੇ ਮਾਸਟਰ ਦੀ ਡਿਗਰੀ ਵੀ ਕਰ ਲਈ। ਪਿਛੋਂ ਉਹ ਕਈ ਸਾਲ ਸੈਂਟਾ ਮੋਨਿਕਾ ਵਿਖੇ ਕੋਚ ਬਣਿਆ ਰਿਹਾ। ਉਸ ਨੂੰ ‘ਹਾਲ ਆਫ ਫੇਮ’ ਅਤੇ ‘ਆਰਥਰ ਐਸ਼’ ਵਰਗੇ ਮਾਣਮੱਤੇ ਸਨਮਾਨ ਦਿੱਤੇ ਗਏ। ਟਾਮੀ ਨੇ ‘ਸਾਈਲੈਂਟ ਗੈਸਟਰ’ ਨਾਮੀ ਕਿਤਾਬ ਵੀ ਲਿਖੀ ਅਤੇ ਕਾਲਜਾਂ ਵਿਚ ਹਿਊਮਨ ਰਾਈਟਸ ਬਾਰੇ ਲੈਕਚਰ ਦਿੰਦਾ ਹੈ।