ਸਿਮਰਨਜੀਤ ਤੇ ਸ਼ੇਰੇ ਪੰਜਾਬ ਅਕੈਡਮੀ ਚਕਰ ਨੂੰ ਮੁਬਾਰਕਾਂ!

ਪ੍ਰਿੰ. ਸਰਵਣ ਸਿੰਘ ਚਕਰ
ਮੇਰੇ ਪਿੰਡ ਚਕਰ ਦੀ ਜੰਮਪਲ ਹੈ, ਸਿਮਰਨਜੀਤ ਕੌਰ ਬਾਠ। ਨਿੱਕਾ ਨਾਂ ‘ਸਿਮਰ ਚਕਰ।’ ਨਿਮਨ ਕਿਸਾਨ ਦੀ ਹੋਣਹਾਰ ਧੀ। ਮੇਰੇ ਮ੍ਰਿਤਕ ਮਿੱਤਰ ਮਹਿੰਦਰ ਸਿੰਘ ਚਕਰ ਦੀ ਪੋਤੀ। ਮਹਿੰਦਰ ਮੈਥੋਂ ਇਕ ਸਾਲ ਵੱਡਾ ਸੀ। ਉਹ ਲੇਖਕ ਸੀ ਅਤੇ ਪਿੰਡ ਦੀ ਸਹਿਕਾਰੀ ਸਭਾ ਦਾ ਸੈਕਟਰੀ। ਉਸ ਨੂੰ ‘ਮਹਿੰਦਰ ਸੈਕਟਰੀ’ ਕਿਹਾ ਜਾਂਦਾ ਸੀ। ਉਸ ਦਾ ਪਹਿਲਾ ਨਾਵਲ ‘ਕੱਲਰ ਦੇ ਕੰਵਲ’ ਸੀ। ਉਸ ਦੀ ਪੋਤੀ ਸੱਚਮੁੱਚ ਕੱਲਰ ਦਾ ਕੰਵਲ ਬਣ ਖਿੜੀ ਹੈ। ਕਾਮਰੇਡ ਮਹਿੰਦਰ ਸਿੰਘ ਚਕਰ ਨੂੰ ਦਹਿਸ਼ਤੀ ਦੌਰ ਵਿਚ ਦੋ ਪਾਗਲ ਬੰਦਿਆਂ ਨੇ ਏ. ਕੇ. 47 ਦਾ ਬ੍ਰਸਟ ਮਾਰ ਕੇ ਮਾਰ ਕਰ ਦਿੱਤਾ ਸੀ। ਉਸ ਦਿਨ ਮੈਂ ਉਹਦੇ ਨਾਲ ਨਹੀਂ ਸਾਂ। ਕੁਦਰਤੀ ਮੇਰਾ ਬਚਾਓ ਹੋ ਗਿਆ। ਨਾਲ ਹੁੰਦਾ ਤਾਂ ਸ਼ਾਇਦ ਉਹ ਵੀ ਬਚ ਜਾਂਦਾ ਜਾਂ ਉਹਦੇ ਨਾਲ ਹੀ ਮੈਂ ਵੀ ਤੁਰ ਜਾਂਦਾ। ਵੇਰਵਾ ਮੇਰੀ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਦੇ ਕਾਂਡ ‘ਮੌਤ ਦਾ ਪਹਿਰਾ’ ਵਿਚ ਦਰਜ ਹੈ।

ਅੱਜ ਮੈਂ ਸੋਚਦਾਂ, ਮਹਿੰਦਰ ਜਿਉਂਦਾ ਹੁੰਦਾ ਤਾਂ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਹੁੰਦੇ ਵੇਖਦਾ। ਹੁਣ ਤਾਂ ਸਿਮਰਨਜੀਤ ਦਾ ਪਿਤਾ ਕਮਲਜੀਤ ਵੀ ਜੱਗ ‘ਤੇ ਨਹੀਂ ਰਿਹਾ। ਹਾਂ, ਉਹਦੀ ਮਾਂ ਜੱਗ ‘ਤੇ ਹੈ, ਜੋ ਔਖੇ ਸੌਖੇ ਦੋ ਧੀਆਂ ਤੇ ਦੋ ਪੁੱਤਰਾਂ ਨੂੰ ਪਾਲ ਰਹੀ ਹੈ। ਦਾਦੀ ਵਿਚਾਰੀ ਬੁਢਾਪਾ ਕੱਟ ਰਹੀ ਹੈ।
ਗੱਲਾਂ ਬਹੁਤ ਹਨ, ਜੋ ਕਦੇ ਫੇਰ ਕਰਾਂਗਾ। ਅੱਜ ਸਿਮਰਨ ਦੇ ਗੋਲਡ ਮੈਡਲ ਜਿੱਤਣ ਦੀ ਗੱਲ ਕਰਦੇ ਹਾਂ। ਉਸ ਨੇ ਇੰਡੋਨੇਸ਼ੀਆ ਵਿਚ ਹੋਏ 23ਵੇਂ ਪ੍ਰੈਜ਼ੀਡੈਂਟ ਕੱਪ ਇੰਟਰਨੈਸ਼ਨਲ ਬਾਕਸਿੰਗ ਟੂਰਨਾਮੈਂਟ ਵਿਚੋਂ 28 ਜੁਲਾਈ ਨੂੰ ਗੋਲਡ ਮੈਡਲ ਜਿੱਤਿਆ ਹੈ। ਦੇਸ਼ਵਾਸੀਆਂ ਵੱਲੋਂ ‘ਸਿਮਰ ਚਕਰ’ ਨੂੰ ਹਾਰਦਿਕ ਵਧਾਈਆਂ! ਉਹ ਉਚੇਰੀਆਂ ਮੰਜ਼ਿਲਾਂ ਵੱਲ ਵਧ ਰਹੀ ਹੈ। ਉਹਦਾ ਨਿਸ਼ਾਨਾ ਓਲੰਪਿਕ ਖੇਡਾਂ ਦਾ ਗੋਲਡ ਮੈਡਲ ਜਿੱਤਣਾ ਹੈ।
ਪੰਜਾਬ ਦੀ ਮੈਰੀਕਾਮ ਕਹੀ ਜਾਂਦੀ ਸਿਮਰ ਚਕਰ ਨੇ 2018 ਵਿਚ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ‘ਚੋਂ ਕਾਂਸੀ ਦਾ ਮੈਡਲ ਜਿੱਤ ਕੇ ਆਪਣਾ ਪਿੰਡ ਚਕਰ ਚਰਚਾ ਵਿਚ ਲੈ ਆਂਦਾ ਸੀ। ਪਹਿਲਾਂ ਇਸੇ ਪਿੰਡ ਦੀ ਮਨਦੀਪ ਕੌਰ ਸੰਧੂ ਨੇ ਜੂਨੀਅਰ ਵਰਲਡ ਚੈਂਪੀਅਨ ਬਣ ਕੇ ਚਕਰ ਚਰਚਾ ਵਿਚ ਲਿਆਂਦਾ ਸੀ। ਦੋਹੇਂ ਲੜਕੀਆਂ ਸ਼ੇਰੇ ਪੰਜਾਬ ਸਪੋਰਟਸ ਅਕੈਡਮੀ ਚਕਰ ਦੀ ਦੇਣ ਹਨ। ਉਨ੍ਹਾਂ ਨੂੰ ਬਚਪਨ ਤੋਂ ਮੁੱਕੇਬਾਜ਼ੀ ਦੀ ਟ੍ਰੇਨਿੰਗ ਦੇਣ ਵਾਲੀ ਚਕਰ ਦੀ ਅਕੈਡਮੀ ਨੇ ਪੰਜਾਬ ਦੀ ਮੁੱਕੇਬਾਜ਼ੀ ਦਾ ਮਾਣ ਹੋਰ ਵਧਾ ਦਿੱਤਾ ਹੈ।
ਇਹ ਪਹਿਲੀ ਵਾਰ ਹੋਇਐ ਕਿ ਪੰਜਾਬ ਦੀ ਕੋਈ ਲੜਕੀ ਵਿਸ਼ਵ ਵੁਮਨ ਬਾਕਸਿੰਗ ਚੈਂਪੀਅਨਸ਼ਿਪ ਦੇ ਜਿੱਤ ਮੰਚ ‘ਤੇ ਚੜ੍ਹਨ ਵਿਚ ਕਾਮਯਾਬ ਹੋਈ। ਗਰੀਬ ਪਰਿਵਾਰ ਦੀ ਧੀ, ਚਕਰ ਦੇ ਸਰਕਾਰੀ ਸਕੂਲਾਂ ਵਿਚ ਪੜ੍ਹੀ, ਚਕਰ ਦੀ ਸਪੋਰਟਸ ਅਕੈਡਮੀ ਦੀ ਤਰਾਸ਼ੀ ਮੁੱਕੇਬਾਜ਼ ਕੁੜੀ ਸਿਮਰ ਦਾ ਵਿਸ਼ਵ ਦੀਆਂ ਉਪਰਲੀਆਂ ਚਾਰ ਮੁੱਕੇਬਾਜ਼ਾਂ ਵਿਚ ਆ ਖੜ੍ਹਨਾ ਬੜੀ ਵੱਡੀ ਪ੍ਰਾਪਤੀ ਹੈ। 24 ਸਾਲਾਂ ਦੀ ਇਸ ਪੇਂਡੂ ਲੜਕੀ ਤੋਂ ਸਤੰਬਰ 2019 ਦੀ ਵਿਸ਼ਵ ਵੁਮਨ ਚੈਂਪੀਅਨਸ਼ਿਪ ਅਤੇ ਟੋਕੀਓ ਦੀਆਂ ਓਲੰਪਿਕ ਖੇਡਾਂ ਵਿਚ ਹੋਰ ਵੱਡੀਆਂ ਪ੍ਰਾਪਤੀਆਂ ਦੀ ਆਸ ਹੈ। ਪੰਜਾਬ ਦੇ ਖੇਡ ਮੰਤਰੀ ਨੇ ਸਿਮਰਨਜੀਤ, ਉਹਦੇ ਮਾਪਿਆਂ ਤੇ ਚਕਰ ਦੀ ਸ਼ੇਰੇ ਪੰਜਾਬ ਸਪੋਰਟਸ ਅਕੈਡਮੀ ਨੂੰ ਵਧਾਈ ਦਿੱਤੀ ਹੈ। ਵੇਖਦੇ ਹਾਂ, ਹੁਣ ਤਕ ਸਰਕਾਰੀ ਇਮਦਾਦ ਤੋਂ ਬਿਨਾ ਚੱਲ ਰਹੀ ਸ਼ੇਰੇ ਪੰਜਾਬ ਸਪੋਰਟਸ ਅਕੈਡਮੀ ਚਕਰ ਨੂੰ ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਕਿਹੋ ਜਿਹੀ ‘ਸਰਪ੍ਰਸਤੀ’ ਦਿੰਦੀਆਂ ਹਨ? ਉਸ ਨੂੰ ਭਾਰਤ ਸਰਕਾਰ ‘ਸਾਈ’ ਦਾ ਕੋਚਿੰਗ ਕੇਂਦਰ ਬਣਾਉਂਦੀ ਹੈ ਜਾਂ ਪੰਜਾਬ ਸਰਕਾਰ ਸਪੋਰਟਸ ਵਿਭਾਗ ਦਾ ਕੋਚਿੰਗ ਕੇਂਦਰ?
ਚਕਰ ਦਾ ਮਸੀਹਾ, ਸ਼ੇਰੇ ਪੰਜਾਬ ਅਕੈਡਮੀ ਦੀ ਜਿੰਦ ਜਾਨ ਸਵਰਗੀ ਅਜਮੇਰ ਸਿੰਘ ਸਿੱਧੂ ਜੇ ਅੱਜ ਜ਼ਿੰਦਾ ਹੁੰਦਾ ਤਾਂ ਪਤਾ ਨਹੀਂ ਕਿੰਨਾ ਖੁਸ਼ ਹੁੰਦਾ! ਉਸ ਦਾ ਜੌੜਾ ਭਰਾ ਬਲਦੇਵ ਸਿੰਘ ਸਿੱਧੂ ਆਪਣੇ ਭਰਾ ਦੇ ਸੁਪਨਿਆਂ ਨੂੰ ਸਾਕਾਰ ਕਰਨ ਲੱਗਾ ਹੋਇਐ। ਸਾਰੇ ਚਕਰੀਏ ਹੀ ਬਣਦਾ ਸਰਦਾ ਯੋਗਦਾਨ ਪਾ ਰਹੇ ਹਨ। ਅਕੈਡਮੀ ਦਾ ਬੂਟਾ ਡਾ. ਬਲਵੰਤ ਸਿੰਘ ਸੰਧੂ ਨੇ ਲਾਇਆ ਸੀ, ਜੋ ਹੁਣ ਬਰੋਟਾ ਬਣ ਚੁਕਾ ਹੈ। ਉਹ ਆਪਣੇ ਪਿੰਡ ਚਕਰ ਵਿਚ ਹੀ ਰਹਿੰਦਾ ਹੈ ਅਤੇ ਹੁਣ ਕਲਗੀਧਰ ਕਾਲਜ ਕਮਾਲਪੁਰੇ ਦਾ ਪਿੰ੍ਰਸੀਪਲ ਹੈ। ਸੰਤ ਸੀਚੇਵਾਲ, ਐਸ਼ ਪੀ. ਦੇਵਿੰਦਰ ਸਿੰਘ, ਬਾਕਸਿੰਗ ਕੋਚ ਗੁਰਬਖਸ਼ ਸਿੰਘ ਸੰਧੂ, ਸਾਡੇ ਪਿੰਡ ਵਾਸੀ ਤੇ ਪਰਵਾਸੀ ‘ਚਕਰ’ ਨੂੰ ਦੇਸ਼ ਦਾ ਮਾਡਲ ਪਿੰਡ ਬਣਾਉਣ ਲੱਗੇ ਹੋਏ ਹਨ, ਪਰ ਸਰਕਾਰਾਂ ਨੂੰ ਵੀ ਤਾਂ ਜਾਗਣਾ ਚਾਹੀਦੈ। ਜੇ ਨਹੀਂ ਜਾਗਦੀਆਂ ਤਾਂ ਜਾਗਦੇ ਲੋਕਾਂ ਨੂੰ ਜਗਾਉਣਾ ਬਣਦੈ। ਗਰਕਦੇ ਪੰਜਾਬ ਵਿਚ ਜਿਥੇ ਕਿਤੇ ਅਜੇ ਵੀ ਚਾਨਣ ਦਾ ਛੱਟਾ ਦਿੱਤਾ ਜਾ ਰਿਹੈ, ਉਨ੍ਹਾਂ ਛੱਟਿਆਂ ਨੂੰ ਵੇਖਣਾ ਚਾਹੀਦੈ। ਸਿਮਰਨ ਧੀਏ! ਕੁਝ ਵੀ ਹੋਵੇ, ਤੂੰ ਉਦੋਂ ਤਕ ਸੰਘਰਸ਼ ਜਾਰੀ ਰੱਖੀ ਜਦੋਂ ਤਕ ਆਪਣੀ ਮਿਥੀ ਮੰਜ਼ਿਲ ‘ਤੇ ਨਹੀਂ ਪਹੁੰਚਦੀ।