ਕਸ਼ਮੀਰਾ ਸਿੰਘ (ਪ੍ਰੋ.)
ਫੋਨ: 801-414-0171
ਸਿੰਘ ਬਨਨਿ ਚਾਹੋ ਤੂੰ ਧੰਨ॥੪੭॥
ਕਵੀ ਸੰਤੋਖ ਸਿੰਘ ਲਿਖਦਾ ਹੈ ਕਿ ਕੇਸ਼ਵ ਦਾਸ ਬ੍ਰਾਹਮਣ ਗੁਰੂ ਜੀ ਨੂੰ ਕਹਿ ਰਿਹਾ ਹੈ, ਤੁਹਾਡਾ ਪੰਥ ਧਰਤੀ ‘ਤੇ ਬਹੁਤ ਰਾਜ ਕਰੇਗਾ, ਉਸ ਦਾ ਜਨਮ ਸਿੱਖਾਂ ਵਿਚ ਹੋਵੇਗਾ। ਕੇਸ਼ਵ ਦਾਸ ਦੀ ਇਹ ਗੱਲ ਸੁਣ ਕੇ ਗੁਰੂ ਜੀ ਬੜੇ ਪ੍ਰਸੰਨ ਹੋਏ। ਗੁਰੂ ਜੀ ਨੇ ਕੇਸ਼ਵ ਦਾਸ ਨੂੰ ਕਿਹਾ, ਤੂੰ ਧੰਨੁ ਹੈਂ ਜੋ ਸਿੱਖ ਬਣਨਾ ਚਾਹਿਆ ਹੈ।
ਵਿਚਾਰ: ਦੇਖੋ ਕੇਸ਼ਵ ਦਾਸ ਬ੍ਰਾਹਮਣ ਨੂੰ, ਜਿਸ ਨੇ ਦੁਰਗਾ ਦੇਵੀ ਦੀ ਪੂਜਾ ਦੀ ਵਿਧੀ ਗੁਰੂ ਜੀ ਨੂੰ ਦੱਸੀ, ਗੁਰੂ ਜੀ ਤੋਂ ਵੱਧ ਸਿਆਣਾ ਵਡੇਰਾ ਬਣਾ ਕੇ ਕਵੀ ਸੰਤੋਖ ਸਿੰਘ ਨੇ ਗੁਰੂ ਪਾਤਿਸ਼ਾਹ ਦੀ ਕਿਵੇਂ ਨਿਰਾਦਰੀ ਕੀਤੀ ਹੈ। ਕੇਸ਼ਵ ਦਾਸ ਵੀ ਗੁਰੂ ਜੀ ਨੂੰ ਵਰ ਦੇ ਰਿਹਾ ਹੈ ਜਿਵੇਂ ਦੁਰਗਾ ਦੇਵੀ ਤੋਂ ਕਵੀ ਨੇ ਗੁਰੂ ਜੀ ਨੂੰ ਵਰ ਦਿਵਾਇਆ ਹੈ। ਜੋ ਕੇਸ਼ਵ ਦਾਸ ਭਵਿੱਖਵਾਣੀ ਕਰਦਾ ਹੈ, ਗੁਰੂ ਜੀ ਇੰਨ-ਬਿੰਨ ਮੰਨਦੇ ਜਾ ਰਹੇ ਹਨ, ਇਹ ਕਵੀ ਦੀ ਗੱਪ ਹੈ, ਜੋ ਉਸ ਨੇ ‘ਸੌ ਸਾਖੀ’ ਵਿਚੋਂ ਨਕਲ ਮਾਰ ਕੇ ਲਿਖੀ ਹੈ, ਜਿਸ ਵਿਚ ਲਿਖਿਆ ਹੋਇਆ ਹੈ ਕਿ ਇਹ ਬ੍ਰਾਹਮਣ ਤੀਸਰੇ ਜਨਮ ਲਾਹੌਰ ਦਾ ਮਾਲਕ (ਮਹਾਰਾਜਾ ਰਣਜੀਤ ਸਿੰਘ) ਬਣੇਗਾ। ਦੇਖੋ ਕਵੀ ਦੀ ਲਿਖਤ,
ਤੀਨ ਵਾਰ ਹੁਇ ਪੰਥ ਮਝਾਰੀ।
ਲੈ ਹੈਣ ਸਿੰਘਨ ਮਹਿ ਸਿਰਦਾਰੀ।
ਇਹੁ ਬਰ ਪਾਇ ਹਰਖ ਕੋ ਧਰਿ ਕੈ।
ਬਿਪ੍ਰ ਕਲੇਵਰ ਕੋ ਤਜਿ ਕਰਿ ਕੈ॥੪੮॥
ਕਵੀ ਲਿਖਦਾ ਹੈ, ਗੁਰੂ ਜੀ ਵੀ ਕੇਸ਼ਵ ਦਾਸ ਦੀ ਭਵਿੱਖਵਾਣੀ ਮੰਨ ਕੇ ਕਹਿ ਰਹੇ ਹਨ, ਕੇਸ਼ਵ ਦਾਸ ਤਿੰਨ ਵਾਰ ਪੰਥ ਵਿਚ ਪੈਦਾ ਹੋਵੇਗਾ। ਕਵੀ ਨੇ ਗੁਰੂ ਜੀ ਤੋਂ ਕਹਾਇਆ ਹੈ ਕਿ ਕੇਸ਼ਵ ਦਾਸ ਸਿੰਘਾਂ ਵਿਚ ਸਰਦਾਰ (ਮਹਾਰਾਜਾ ਰਣਜੀਤ ਸਿੰਘ) ਬਣ ਜਾਵੇਗਾ। ਕਵੀ ਅਨੁਸਾਰ ਗੁਰੂ ਜੀ ਨੇ ਵੀ ਕੇਸ਼ਵ ਦਾਸ ਨੂੰ ਜਦੋਂ ਵਰ ਦਿੱਤਾ ਤਾਂ ਉਹ ਬ੍ਰਾਹਮਣ ਸਰੀਰ ਤਿਆਗ ਕੇ ਪਰਲੋਕ ਚਲਾ ਗਿਆ।
ਵਿਚਾਰ: ਅਜਿਹੀਆਂ ਕਰਾਮਾਤੀ ਕਹਾਣੀਆਂ ਗੁਰੂ ਪਾਤਿਸ਼ਾਹਾਂ ਨਾਲ ਜੋੜਨਾ ਗੁਰੂ ਪਾਤਿਸ਼ਾਹਾਂ ਦੀ ਨਿਰਾਦਰੀ ਹੈ। ਅਜਿਹੀਆਂ ਭਵਿੱਖਵਾਣੀਆਂ ਨਿਰੀਆਂ ਗੱਪਾਂ ਹਨ ਕਿਉਂਕਿ ਰੂਹਾਂ ਮਰ ਕੇ ਕਿੱਥੇ ਜਾਂਦੀਆਂ ਹਨ, ਕਿਸੇ ਨੂੰ ਕੁੱਝ ਵੀ ਪਤਾ ਨਹੀਂ ਹੈ। ਕੀ ਕੇਸ਼ਵ ਦਾਸ ਗੁਰੂ ਪਾਤਿਸ਼ਾਹ ਤੋਂ ਵੱਧ ਸਿਆਣਾ ਹੈ, ਜੋ ਮਰ ਕੇ ਸਿੱਖ ਬਣਨ ਦੀ ਭਵਿੱਖਵਾਣੀ ਕਰ ਰਿਹਾ ਹੈ ਅਤੇ ਉਹ ਵੀ ਗੁਰੂ ਜੀ ਦੇ ਸਾਹਮਣੇ ਬੈਠ ਕੇ? ਗੁਰਬਾਣੀ ਦਾ ਪ੍ਰਮਾਣ ਦੇਖੋ,
ਮ: ੧॥ ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ॥
ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ॥
ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥੨॥
ਪਦਅਰਥ: ਦਝਹਿ-ਸਾੜੇ ਜਾਂਦੇ ਹਨ। ਉਸਟੀਅਹਿ-ਸੁੱਟੇ ਜਾਂਦੇ ਹਨ। ਹਸਣਿ-ਹੱਸਣ ਵਿਚ। ਹਸਣ-ਉਹ ਸੁੱਕਾ ਖੂਹ, ਜਿਸ ਵਿਚ ਪਾਰਸੀ ਲੋਕ ਆਪਣੇ ਮੁਰਦੇ ਰੱਖ ਕੇ ਗਿਰਝਾਂ ਨੂੰ ਖੁਆ ਦਿੰਦੇ ਹਨ। ਏਵ-ਇਸ ਤਰ੍ਹਾਂ, (ਭਾਵ ਸਾੜ੍ਹਨ ਦੱਬਣ ਆਦਿ ਨਾਲ)। ਨ ਜਾਪਈ-ਪਤਾ ਨਹੀਂ ਲੱਗਦਾ।
ਅਰਥ: (ਮਰਨ ‘ਤੇ) ਕੋਈ ਸਾੜ੍ਹੇ ਜਾਂਦੇ ਹਨ, ਕੋਈ ਦੱਬੇ ਜਾਂਦੇ ਹਨ, ਇਕਨਾਂ ਨੂੰ ਕੁੱਤੇ ਖਾਂਦੇ ਹਨ, ਕੋਈ ਜਲਪ੍ਰਵਾਹ ਕੀਤੇ ਜਾਂਦੇ ਹਨ ਤੇ ਕੋਈ ਸੁੱਕੇ ਖੂਹ ਵਿਚ ਰੱਖੇ ਜਾਂਦੇ ਹਨ। ਪਰ, ਹੇ ਨਾਨਕ! (ਸਰੀਰ ਦੇ) ਇਸ ਸਾੜਨ ਦੱਬਣ ਆਦਿ ਨਾਲ ਇਹ ਨਹੀਂ ਪਤਾ ਲੱਗ ਸਕਦਾ ਕਿ ਰੂਹਾਂ ਕਿੱਥੇ ਜਾ ਵੱਸਦੀਆਂ ਹਨ।
ਕਵੀ ਸੰਤੋਖ ਸਿੰਘ ਕੇਸ਼ਵ ਦਾਸ ਬ੍ਰਾਹਮਣ ਬਾਰੇ ਭਵਿੱਖਵਾਣੀ ਕਰਦਾ ਲਿਖਦਾ ਹੈ,
ਭਯੋ ਖਾਲਸੇ ਮਹਿ ਸਰਦਾਰ।
ਹਨੇ ਤੁਰਕ ਬਹੁ ਜੰਗ ਮਝਾਰ।
ਬ੍ਰਿੰਦ ਭੋਗ ਭੋਗੇ ਸੁਖ ਪਾਇ।
ਕਥਾ ਬਿਪ੍ਰ ਕੀ ਭੀ ਇਸ ਭਾਇ॥੪੯॥
ਕਵੀ ਸੰਤੋਖ ਸਿੰਘ ਕੇਸ਼ਵ ਦਾਸ ਬਾਰੇ ਦੱਸਦਾ ਹੈ ਕਿ ਉਹ ਖਾਲਸੇ ਵਿਚ ਬਹੁਤ ਵੱਡਾ ਸਰਦਾਰ ਹੋਇਆ ਹੈ। ਕੇਸ਼ਵ ਦਾਸ ਨੇ ਜੰਗ ਵਿਚ ਬਹੁਤ ਤੁਰਕਾਂ ਨੂੰ ਮਾਰਿਆ। ਸੁੱਖ ਪਾ ਕੇ ਬਹੁਤ ਭੋਗ ਭੋਗੇ ਅਤੇ ਇਉਂ ਬ੍ਰਾਹਮਣ ਦੀ ਕਥਾ ਸੰਪੂਰਨ ਹੋਈ।
ਵਿਚਾਰ: ਕਵੀ ਸੰਤੋਖ ਸਿੰਘ ਨੇ ਲਿਖਿਆ ਹੈ ਕਿ ਕੇਸ਼ਵ ਦਾਸ ਨੇ ਅਗਲੇ ਜਨਮ ਵਿਚ ਸਿੱਖ ਸਰਦਾਰ ਬਣ ਕੇ ਬਹੁਤ ਤੁਰਕ ਮਾਰੇ ਪਰ ਕਵੀ ਨੇ ਉਸ ਸਿੱਖ ਦਾ ਨਾਂ ਤਕ ਨਹੀਂ ਲਿਖਿਆ, ਜੋ ਕੇਸ਼ਵ ਦਾਸ ਤੋਂ ਬਣਿਆ ਸੀ। ਕਿਹੜੇ ਜੰਗ ਵਿਚ ਤੁਰਕਾਂ ਨੂੰ ਮਾਰਿਆ, ਇਸ ਦਾ ਵੀ ਕਵੀ ਨੇ ਜ਼ਿਕਰ ਨਹੀਂ ਕੀਤਾ। ਇਹ ਫਰਜ਼ੀ ਕਹਾਣੀ ਹੈ।
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ
ਤ੍ਰਿਤੀਯ ਰੁਤੇ ਬਿਪ੍ਰ ਪ੍ਰਸੰਗ
ਬਰਨਨ ਨਾਮਦੁਆਦਸ਼ਮੋ ਅੰਸੂ॥੧੨॥
ਸਿੱਟਾ: ਕਵੀ ਸੰਤੋਖ ਸਿੰਘ ਨੇ ਦਸਵੇਂ ਗੁਰੂ ਜੀ ਨੂੰ ਦੇਵੀ ਪੂਜਕ ਬਣਾਉਣ ਲਈ ਆਪਣੇ ਗ੍ਰੰਥ ਦੇ ਤੀਜੀ ਰੁੱਤ ਦੇ 12 ਅਧਿਆਇ ਫੂਕੇ ਹਨ, ਉਸ ਨੇ ਅਜਿਹਾ ਲਿਖ ਕੇ ਆਪਣੇ ਗੁਰਬਾਣੀ ਗਿਆਨ ਅਤੇ ਸਿੱਖੀ ਵਿਚਾਰਧਾਰਾ ਦੀ ਪਕੜ ਦਾ ਦਿਵਾਲਾ ਕੱਢਿਆ ਹੈ। ਗੁਰਬਾਣੀ ਗਿਆਨ ਤੋਂ ਸੱਖਣਾ ਕੋਈ ਵੀ ਲਿਖਾਰੀ ਗੁਰ ਇਤਿਹਾਸ ਲਿਖਣ ਵਿਚ ਇਨਸਾਫ ਨਹੀਂ ਕਰ ਸਕਦਾ। ਬੇਇਨਸਾਫੀ ਨਾਲ ਲਿਖੇ ਇਸ ਕਵੀ ਦੇ ਗੁਰ-ਇਤਿਹਾਸ ਨੂੰ ਕਥਾ ਕਰ ਕੇ ਸੰਗਤਾਂ ਨੂੰ ਸੁਣਾਉਣਾ ਕੀ ਬ੍ਰਾਹਣਮਣਵਾਦ ਦੀਆਂ ਸਿੱਖੀ ਵਿਚ ਜੜ੍ਹਾਂ ਪੱਕੀਆਂ ਕਰਨਾ ਨਹੀਂ ਹੈ? ਗੁਰੂ ਪਾਤਿਸ਼ਾਹ ਦੀ ਨਿਰਾਦਰੀ ਵਾਲਾ ਲਿਖਿਆ ਅਜਿਹਾ ਇਤਿਹਾਸ ਅੱਗ ਵਿਚ ਸਾੜ ਦੇਣਾ ਬਣਦਾ ਹੈ। ਟੀ. ਵੀ. ਚੈਨਲਾਂ ਰਾਹੀਂ ਇਸ ਗ੍ਰੰਥ ਦੀ ਲੜੀਵਾਰ ਕਥਾ ਸੁਣਾ ਕੇ ਸਿੱਖ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਦੂਰ ਕੀਤਾ ਜਾ ਰਿਹਾ ਹੈ।
ਕਥਾ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਹੋਣੀ ਚਾਹੀਦੀ ਹੈ, ਜੋ ਸਿੱਖੀ ਦਾ ਧੁਰਾ ਹੈ। ਜੋ ਕਵੀ ਖੁਦ ਹੀ ਗੁਰਬਾਣੀ ਦੇ ਸਿਧਾਂਤਾਂ ਤੋਂ ਅਗਿਆਨੀ ਹੈ ਅਤੇ ਦਸਵੇਂ ਗੁਰੂ ਜੀ ਨੂੰ ਦੇਵੀ ਦੇ ਪੁਜਾਰੀ ਤੇ ਮਾਰੂ ਨਸ਼ਿਆਂ ਦਾ ਭੋਗੀ ਲਿਖਿਆ ਹੈ, ਸਾਬਤ ਕਰ ਰਿਹਾ ਹੈ, ਕੀ ਉਸ ਦਾ ਲਿਖਿਆ ਸਿੱਖ ਇਤਿਹਾਸ ਸਿੱਖਾਂ ਨੂੰ ਕੋਈ ਸੇਧ ਦੇ ਸਕਦਾ?
ਇਸ ਲੇਖ ਲੜੀ ਵਿਚ ਕੇਵਲ ਗੁਰੂ ਜੀ ਵਲੋਂ ਕਵੀ ਸੰਤੋਖ ਸਿੰਘ ਦੁਆਰਾ ਕਰਾਈ ਦੁਰਗਾ ਦੇਵੀ ਪਾਰਬਤੀ/ਭਗਉਤੀ/ ਗਿਰਿਜਾ/ਭਵਾਨੀ/ਚੰਡੀ/ਚੰਡਿਨਾ/ਦੁਰਗਸ਼ਾਹ/ਅੰਬੇ/ਜਗਦੰਬੇ ਦੀ ਪੂਜਾ ਅਤੇ ਦਸਮ ਪਾਤਿਸ਼ਾਹ ਨਾਲ ਧੱਕੇ ਨਾਲ ਜੋੜੇ ਮਾਰੂ ਨਸ਼ਿਆਂ ਦਾ ਹੀ ਜ਼ਿਕਰ ਕੀਤਾ ਹੈ। ਇਸ ਤੋਂ ਬਿਨਾ ਹੋਰ ਬਹੁਤ ਸਾਰੇ ਖੇਤਰ ਹਨ, ਜਿੱਥੇ ਕਵੀ ਸੰਤੋਖ ਸਿੰਘ ਨੇ ਸਿੱਖੀ ਵਿਚ ਬ੍ਰਾਹਮਣਵਾਦ ਵਾੜਿਆ ਹੈ।
ਅੱਜ ਤਕ ਸ਼੍ਰੋਮਣੀ ਕਮੇਟੀ, ਤਖਤਾਂ ਦੇ ਸੇਵਾਦਾਰ, ਕੋਈ ਹੋਰ ਸਿੱਖ ਸੰਸਥਾ ਸੂਰਜ ਪ੍ਰਕਾਸ਼ ਸਮੇਤ ਪੰਥ ਪ੍ਰਕਾਸ਼, ਗੁਰ ਬਿਲਾਸ ਪਾ: 6 ਅਤੇ 10 ਆਦਿਕ ਗ੍ਰੰਥਾਂ ਵਿਚੋਂ ਬ੍ਰਾਹਮਣਵਾਦੀ ਅੰਸ਼ਾਂ ਨੂੰ ਬਾਹਰ ਕੱਢਣ ਵਿਚ ਸਭ ਚੁੱਪ ਵੱਟੀ ਬੈਠੇ ਹਨ, ਜੋ ਬ੍ਰਾਹਮਣਵਾਦ ਦੀਆਂ ਜੜ੍ਹਾਂ ਹੋਰ ਪੱਕੀਆਂ ਕਰਨ ਵਿਚ ਸਹਾਈ ਹੋ ਰਹੀ ਹੈ।
ਗੁਰਦੁਆਰਿਆਂ ਵਿਚ ਹੁੰਦੀ ਅਜਿਹੇ ਗ੍ਰੰਥਾਂ ਦੀ ਕਥਾ ਦੇਖ-ਸੁਣ ਕੇ ਆਮ ਸਿੱਖ ਇਹੀ ਸਮਝਦਾ ਹੈ ਕਿ ਇਹ ਗ੍ਰੰਥ ਸਿੱਖ ਇਤਿਹਾਸ ਦੇ ਵਧੀਆ ਗ੍ਰੰਥ ਹਨ, ਪਰ ਇਨ੍ਹਾਂ ਗ੍ਰੰਥਾਂ ਵਿਚ ਸਿੱਖੀ ਵਿਰੋਧੀ ਕੀ ਕੁਝ ਭਰਿਆ ਪਿਆ ਹੈ, ਨਾ ਕਦੇ ਉਨ੍ਹਾਂ ਆਪ ਪੜ੍ਹਿਆ ਹੈ ਅਤੇ ਨਾ ਕਦੇ ਕਿਸੇ ਤੋਂ ਸੁਣਿਆ ਹੈ। ਹਾਂ, ਇਹ ਗ੍ਰੰਥ ਗੁਰਦੁਆਰਾ ਲਾਇਬਰੇਰੀਆਂ ਵਿਚ ਕੱਪੜਿਆਂ ਵਿਚ ਲਪੇਟੇ ਜ਼ਰੂਰ ਸੰਭਾਲੇ ਪਏ ਹਨ ਤਾਂ ਜੋ ਆਉਣ ਵਾਲੀਆਂ ਸਿੱਖ ਪੀੜ੍ਹੀਆਂ ਲਈ ਵੀ ਇਨ੍ਹਾਂ ਤੋਂ ਸਿੱਖ-ਮਾਰੂ ਸੰਦੇਸ਼ ਮਿਲਦਾ ਰਹੇ ਕਿ ਗੁਰੂ ਵੀ ਭੰਗ, ਅਫੀਮ, ਸੁੱਖਾ ਆਦਿ ਨਸ਼ੇ ਕਰਦੇ ਸਨ ਅਤੇ ਦੇਵੀ ਦੁਰਗਾ ਦੇ ਪੁਜਾਰੀ ਸਨ।
ਸੂਰਜ ਪ੍ਰਕਾਸ਼ ਗ੍ਰੰਥ ਵਿਚ ਕਵੀ ਸੰਤੋਖ ਸਿੰਘ ਵਲੋਂ ਦਸਵੇਂ ਗੁਰੂ ਜੀ ਤੋਂ ਕਰਾਈ ਦੁਰਗਾ ਦੀ ਪੂਜਾ, ਦਸਵੇਂ ਗੁਰੂ ਜੀ ਬਾਰੇ ਲਿਖੇ ਸਾਰੇ ਗੁਰਬਿਲਾਸਾਂ ਵਿਚ, ਦਸਮ ਗ੍ਰੰਥ ਵਿਚ ‘ਮਹਾਂਕਾਲ ਕਾਲਕਾ ਆਰਾਧੀ’ ਅਤੇ ਕਿਸੇ ਫਰਜ਼ੀ ਨਾਂ ਗੁਰਦਾਸ ਸਿੰਘ ਦੀ ਵਾਰ ਵਿਚ ‘ਗੁਰ ਸਿਮਰਿ ਮਨਾਈ ਕਾਲਕਾ ਖੰਡੇ ਕੀ ਵੇਲਾ’ ਨਾਲ ਮਿਲਦੀ ਹੈ। (ਹਿੰਦੂ ਮੱਤ ਦੀ ਦੇਵੀ ਦਾ ਨਾਂ ਕਾਲਿਕਾ ਹੈ ਜਿਸ ਨੂੰ ਪੰਜਾਬੀ ਵਿਚ ਕਾਲਕਾ ਲਿਖਿਆ ਹੋਇਆ ਹੈ। ਕਾਲਕਾ ਨੂੰ ਦੁਰਗਾ ਨੇ ਹੀ ਆਪਣਾ ਮੱਥਾ ਫੋੜ ਕੇ ਪੈਦਾ ਕੀਤਾ ਸੀ, ਜਿਹਾ ਕਿ ਦਸਮ ਗ੍ਰੰਥ ਵਿਚ ‘ਵਾਰ ਦੁਰਗਾ ਕੀ’ ਵਿਚ ਲਿਖਿਆ ਹੋਇਆ ਹੈ, ਜਿਵੇਂ ‘ਚੰਡ ਚਿਤਾਰੀ ਕਾਲਕਾ ਮਨ ਬਹਲਾ ਰੋਸ ਬਢਾਇਕੈ॥ ਨਿਕਲੀ ਮਥਾ ਫੋੜ ਕੈ ਜਣ ਫਤਹਿ ਨੀਸ਼ਾਣ ਬਜਾਇਕੈ॥੪੧॥’ ਇਸੇ ਕਾਲਕਾ ਨੂੰ ਕਾਲੀ ਵੀ ਇਸੇ ਹੀ ‘ਵਾਰ ਦੁਰਗਾ ਕੀ’ ਵਿਚ ਲਿਖਿਆ ਗਿਆ ਹੈ॥ ਜਿਵੇਂ ‘ਕਾਲੀ ਖੇਤ ਖਪਾਈਆਂ ਸਭੇ ਸੂਰਤਾਂ॥ ਬਹੁਤੀ ਸਿਰੀ ਬਿਹਾਈਆਂ ਘੜੀਆਂ ਕਾਲ ਦੀਆਂ॥੪੩੦॥’ ਦਸਮ ਗ੍ਰੰਥ, ਪੰਨਾ 124)
ਸਾਰੇ ਬ੍ਰਾਹਮਣਵਾਦੀ ਅੰਸ਼ਾਂ ਵਾਲੇ ਗ੍ਰੰਥਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੀ ਰੋਸ਼ਨੀ ਵਿਚ ਸੋਧਣ ਦੀ ਲੋੜ ਹੈ ਪਰ ਬ੍ਰਾਹਮਣਵਾਦ ਅਜਿਹਾ ਕਦੇ ਵੀ ਨਹੀਂ ਹੋਣ ਦੇਵੇਗਾ ਅਤੇ ਅੱਜ ਤਕ ਨਹੀਂ ਹੋਣ ਦਿੱਤਾ। ਸਿੱਖਾਂ ਦੀ ਆਪਸੀ ਗੁੱਟਬੰਦੀ, ਫੁੱਟ ਅਤੇ ਢਿੱਲ ਦਾ ਉਹ ਪੂਰਾ ਲਾਭ ਲੈ ਰਿਹਾ ਹੈ। ਸਿੱਖ ਪੰਥੀਆਂ ਦੀ ਅਗਵਾਈ ਕਰਨ ਵਾਲੀਆਂ ਚੁਣੀਆਂ ਹੋਈਆਂ ਧਿਰਾਂ ਨੇ ਵਰਤਮਾਨ ਨੂੰ ਨਾ ਸੰਭਾਲਿਆ ਤਾਂ ਦੋ ਤਿੰਨ ਸਦੀਆਂ ਪਿੱਛੋਂ ਇਨ੍ਹਾਂ ਗ੍ਰੰਥਾਂ ਦੇ ਆਧਾਰ ‘ਤੇ ਬ੍ਰਾਹਮਣਵਾਦ ਵਲੋਂ ਲਿਖੀ ਸਿੱਖੀ ਦੀ ਪਰਿਭਾਸ਼ਾ ਕੀ ਹੋਵੇਗੀ, ਇਹ ਸਭ ਦੇ ਸਾਹਮਣੇ ਹੈ।
(ਸਮਾਪਤ)