ਲਹਿੰਦੇ ਚੜ੍ਹਦੇ ਪੰਜਾਬ ਦੇ ਸੁਭਾਅ ਦੀ ਦਸਤਾਵੇਜ਼ ‘ਚੱਲ ਮੇਰਾ ਪੁੱਤ’

ਫਿਲਮ ‘ਚੱਲ ਮੇਰਾ ਪੁੱਤ’ ਦੀ ਕੋਈ ਕਹਾਣੀ ਨਹੀਂ ਹੈ। ਬੱਸ, ਹਾਲਾਤ ਨੇ, ਹਾਸੇ ਨੇ, ਸੰਵਾਦ ਨੇ ਅਤੇ ਪੂਰਾ ਮਨੋਰੰਜਨ ਹੈ। ਇਸ ਫਿਲਮ ਨੂੰ ਹਦਾਇਤਕਾਰ (ਨਿਰਦੇਸ਼ਕ) ਨੇ ਕਹਾਣੀ ਤੋਂ ਨਹੀਂ ਸਗੋਂ ਹਾਲਾਤ ਨੂੰ ਇਕੱਠੇ ਕਰਕੇ ਉਨ੍ਹਾਂ ਮੁਤਾਬਕ ਪੇਸ਼ਕਾਰੀ ਕੀਤੀ ਹੈ।

ਇਹਨੂੰ ਹੋਰ ਚੰਗੇ ਢੰਗ ਨਾਲ ਕਹਿਣਾ ਹੋਵੇ ਤਾਂ ਫਿਲਮ ਦੀ ਕਹਾਣੀ ਹੀ ਇਹਦਾ ਕਮਾਲ ਹੈ। ਇਹ ਪਿਛੋਕੜ ਦੀ ਕਹਾਣੀ ਹੈ। ਪਰਦੇ ‘ਤੇ ਕਿਰਦਾਰ ਹਨ, ਉਨ੍ਹਾਂ ਦੇ ਹਾਲਾਤ ਹਨ ਅਤੇ ਕਹਾਣੀ ਉਹ ਹੈ ਜੋ ਪਰਦੇ ‘ਤੇ ਨਹੀਂ ਹੈ। ਇਹ ਕਹਾਣੀ ਉਨ੍ਹਾਂ ਹਾਲਾਤ ਦੇ ਪਿਛੋਕੜ ਵਿਚ ਪਈ ਹੈ ਜੋ ਦੇਖਣ ਵਾਲੇ ‘ਤੇ ਛੱਡ ਦਿੱਤੀ ਗਈ ਹੈ ਕਿ ਉਹ ਉਸ ਕਹਾਣੀ ਤੱਕ ਪਹੁੰਚੇ। ਫਿਲਮ ਦੇਖਦੇ ਹੋਏ ਸਾਡੇ ਸਾਹਮਣੇ ਸਵੀ ਹੈ, ਪਿਛੋਕੜ ਵਿਚ ਉਹਦੀ ਉਹ ਕਹਾਣੀ ਜਿਸ ਵਿਚ ਉਹਦਾ ਪਿਓ ਨਹੀਂ, ਉਹਦਾ ਸੰਘਰਸ਼ ਹੈ ਜੋ ਦੇਖਣ ਵਾਲੇ ਦੇ ਖਿਆਲ ਵਿਚ ਸਾਫ ਹੈ ਕਿ ਸਵੀ ਕੀ ਹੈ। ਚਾਚਾ (ਹਰਦੀਪ ਗਿੱਲ) ਦੀ ਕਹਾਣੀ ਵਿਚ ਪਰਵਾਸੀ ਪਿਓ ਅਤੇ ਪਿੱਛੇ ਉਹਦੀ ਮਿਹਨਤ ‘ਤੇ ਰਿਜ਼ਕ ਹੰਢਾਉਂਦਾ ਉਹਦਾ ਟੱਬਰ ਹੈ। ਨਸੀਰ ਚਿਨਓਟੀ, ਗੁਰਸ਼ਬਦ, ਅਕਰਮ ਵਾਲੇ ਹਰ ਕਿਰਦਾਰ ਵਿਚ ਪੰਜਾਬੀਆਂ ਦੇ ਸੰਘਰਸ਼, ਉਨ੍ਹਾਂ ਦੇ ਪੱਕੇ ਹੋਣ ਦੇ ਜੁਗਾੜੀ ਪ੍ਰਬੰਧ ਅਤੇ ਪਰਵਾਸੀ ਪੰਜਾਬੀਆਂ ਦੇ ਜਾਨ ਤਲੀ ‘ਤੇ ਧਰ ਕੇ ਕਮਾਈਆਂ ਕਰਦੇ ਹਾਲਾਤ ਦਾ ਕਹਾਣੀ ਪ੍ਰਵਾਹ ਹੈ।
ਅਮਰਿੰਦਰ ਗਿੱਲ ਦੀ ਪ੍ਰੋਡਕਸ਼ਨ ਵਿਚ ਜੋ ਫਿਲਮਾਂ ਆ ਰਹੀਆਂ ਹਨ, ਉਹ ਲੜੀਬੱਧ ਪੰਜਾਬੀ ਜ਼ਿੰਦਗੀ ਦੀ ਉਸ ਖਿੜਕੀ ਨੂੰ ਪੇਸ਼ ਕਰ ਰਿਹਾ ਹੈ ਜੋ ਪੰਜਾਬ ਤੋਂ ਬਾਹਰ ਨਵਾਂ ਪੰਜਾਬ ਹੈ ਅਤੇ ਉਹਦਾ ਆਪਣਾ ਸਮਾਜ ਅਤੇ ਦੁਨੀਆਂਦਾਰੀ ਹੈ। ਫਿਲਮ ‘ਲਵ ਪੰਜਾਬ’ ਡਸਟਿਨ ਹਾਫਮੈਨ ਦੀ ‘ਕ੍ਰਾਇਮਰ ਵਰਸਜ਼ ਕ੍ਰਾਇਮਰ’ ਵਰਗੀ ਹੈ। ਮਾਂ ਪਿਓ ਅਤੇ ਉਨ੍ਹਾਂ ਦੇ ਆਪਸੀ ਝਗੜੇ ਵਿਚ ਪਰੇਸ਼ਾਨ ਉਨ੍ਹਾਂ ਦਾ ਮੁੰਡਾ ਹੈ ਪਰ ‘ਲਵ ਪੰਜਾਬ’ ਦੀ ਇਸ ਕਹਾਣੀ ਮਗਰ ਉਹਦੇ ਪਿਛੋਕੜ ਦੀ ਕਹਾਣੀ ਹੈ। ਇਸ ਕਹਾਣੀ ਵਿਚ ਪੰਜਾਬ ਵਿਚ ਰਹਿੰਦੇ ਲੋਕਾਂ ਦੀ ਜ਼ਿੰਦਗੀ, ਲੋਕਾਚਾਰੀ ‘ਤੇ ਵਿਅੰਗ ਵੀ ਹੈ ਅਤੇ ਉਹ ਬੇਵੱਸ ਹਾਲਾਤ ਵੀ ਹਨ ਜਿਥੋਂ ਵਿਦੇਸ਼ ਵਿਚ ਨਵੀਂ ਕਹਾਣੀ ਆ ਖੜ੍ਹੀ ਹੁੰਦੀ ਹੈ ਜੋ ‘ਲਵ ਪੰਜਾਬ’ ਹੈ। ਫਿਲਮ ‘ਲਾਹੌਰੀਏ’ ਦੀ ਕਹਾਣੀ ਦੇ ਮਗਰ ਵੀ ਪਿਛੋਕੜ ਦੀ ਕਹਾਣੀ ਹੈ। ‘ਲਾਈਏ ਜੇ ਯਾਰੀਆਂ’ ਵਿਚ ਕੈਨੇਡਾ ਦੇ ਜਿਸ ਪੰਜਾਬੀ ਸਮਾਜ ਨੂੰ ਦਿਖਾਇਆ ਹੈ, ਉਨ੍ਹਾਂ ਦੇ ਆਪਣੇ ਮਸਲੇ ਹਨ, ਪੰਜਾਬੀ ਸਮਾਜ ਹੈ, ਹਾਲਾਤ ਹਨ ਅਤੇ ਇਸ ਪੂਰੇ ਤਾਣੇ-ਬਾਣੇ ਵਿਚ ਪੰਜਾਬ ਨੂੰ ਮਿੱਟੀ ‘ਵਾਜਾਂ ਮਾਰਦੀ ਨਹੀਂ ਹੈ। ਇਹ ਮੰਨ ਲੈਣਾ ਚਾਹੀਦਾ ਹੈ ਕਿ ਪੰਜਾਬ ਤੋਂ ਬਾਹਰ ਹੁਣ ਹੋਰ ਬਹੁਤ ਪੰਜਾਬ ਹਨ ਜੋ ਆਪਣੇ ਆਪ ਵਿਚ ਮੁਕੰਮਲ ਹਨ ਅਤੇ ਉਨ੍ਹਾਂ ਦੀ ਆਪਣੀ ਦੁਨੀਆਂਦਾਰੀ ਹੈ।
ਪੰਜਾਬ ਦੇ ਪਿਛੋਕੜ ਵਿਚ ਵੰਡ 1947 ਹੈ। ਜ਼ਮੀਨੀ ਸਚਾਈ ਹੈ ਕਿ ਹੁਣ ਇਕ ਚੜ੍ਹਦਾ ਪੰਜਾਬ ਹੈ, ਦੂਜਾ ਲਹਿੰਦਾ ਪੰਜਾਬ ਹੈ ਅਤੇ ਵਿਚਕਾਰ ਖੂਨ ਨਾਲ ਖਿੱਚੀ ਲਕੀਰ ਹੈ। ਇਸ ਲਕੀਰ ਦੇ ਆਰ-ਪਾਰ ਪੰਜਾਬ ਦੀਆਂ ਸਾਂਝਾ ਇਕ ਦੂਜੇ ਨੂੰ ਮਿਲ ਨਹੀਂ ਸਕਦੀਆਂ। ਇਸੇ ਖਿੱਚ ਤੋਂ ਤੀਜੇ ਬਣ ਰਹੇ ਪੰਜਾਬ ਵਿਚ ਉਹ ਖਿੱਚ ਮੁੜ ਮੁਹੱਬਤ ਵਿਚ ਬਦਲ ਰਹੀ ਹੈ। ਬਾਹਰ ਵੱਸਦੇ ਦੋਹਾਂ ਪੰਜਾਬਾਂ ਦੇ ਬੰਦਿਆਂ ਨੂੰ ਇਕ ਹੋਣ ਦਾ, ਗੁਆਂਢ ਉਸਾਰਨ ਦਾ ਆਜ਼ਾਦ ਮੌਕਾ ਮਿਲਦਾ ਹੈ।
ਸੋ ਫਿਲਮ ‘ਚੱਲ ਮੇਰਾ ਪੁੱਤ’ ਦੀ ਕਹਾਣੀ ਹੀ ਇਹਦਾ ਕਮਾਲ ਹੈ। ਇਹ ਪਿਛੋਕੜ ਦੀ ਕਹਾਣੀ ਹੈ। ਇਹ ਫਿਲਮ ਲਿਖਣ ਵਾਲੇ ਰਾਕੇਸ਼ ਧਵਨ, ਬਣਾਉਣ ਵਾਲੇ ਜਨਜੋਤ ਸਿੰਘ ਜਾਂ ਇਸ ਫਿਲਮ ਦੇ ਅਦਾਕਾਰਾਂ ਨੇ ਇਸ ਕਹਾਣੀ ਨੂੰ ਲੋੜੀਂਦਾ ਮਾਹੌਲ ਦਿੱਤਾ ਹੈ। ਕਿਸੇ ਕਹਾਣੀ ਨੂੰ ਬਿਹਤਰ ਪੇਸ਼ ਕਰਨ ਲਈ ਉਸ ਕਹਾਣੀ ਦਾ ਮੁਹਾਵਰਾ ਬੋਲਦੇ ਬੰਦੇ ਨੂੰ ਹੀ ਦੇਣਾ ਪਵੇਗਾ। ਇਸੇ ਲਈ ਇਸ ਕਹਾਣੀ ਵਿਚ ਇਲਾਕਾਈ ਮੁਹਾਵਰੇ ਲਈ ਉਸੇ ਖਿੱਤੇ ਦੇ ਕਿਰਦਾਰਾਂ ਨੂੰ ਲੱਭਿਆ ਹੈ। ਇਹ ਸਰਬਜੀਤ ਚੀਮਾ ਦੀ ਫਿਲਮ ‘ਪਿੰਡ ਦੀ ਕੁੜੀ’ ਵਾਂਗੂ ਸਿਰਫ ਭਾਰਤ-ਪਾਕਿਸਤਾਨ ਸਾਂਝੀ ਪ੍ਰੋਡਕਸ਼ਨ ਨਹੀਂ ਸੀ। ਇਸ ਵਿਚ ਜ਼ੁਬਾਨ, ਸੁਭਾਅ, ਸੰਵਾਦ ਤੋਂ ਬੰਦੇ ਦੇ ਇਲਾਕਾਈ ਰੰਗ ਮੁਤਾਬਕ ਹੀ ਸਭ ਕੁਝ ਸਿਰਜਿਆ ਹੈ। ‘ਚੱਲ ਮੇਰਾ ਪੁੱ’ਤ ਦੀ ਇਹੋ ਪੇਸ਼ਕਾਰੀ ਇਹਨੂੰ ਖੂਬਸੂਰਤ ਬਣਾਉਂਦੀ ਹੈ। ਇਫਤਿਖਾਰ ਠਾਕੁਰ, ਨਸੀਰ ਚਨਿਓਟੀ, ਅਕਰਮ ਉਦਾਸ, ਆਗਾ ਮਾਜ਼ਿਦ ਦੇ ਕਿਰਦਾਰ ਲਹਿੰਦੇ ਪੰਜਾਬ ਤੋਂ ਅਤੇ ਅਮਰਿੰਦਰ ਗਿੱਲ, ਸਿੰਮੀ, ਗੁਰਸ਼ਬਦ, ਹਰਦੀਪ ਗਿੱਲ, ਰੂਪ ਕੌਰ ਖਟਕੜ ਦੇ ਕਿਰਦਾਰ ਚੜ੍ਹਦੇ ਪੰਜਾਬ ਤੋਂ ਦੀ ਤਰਤੀਬ ਕਹਾਣੀ ਦੀ ਤਾਕਤ ਹੈ।
‘ਚੱਲ ਮੇਰਾ ਪੁੱਤ’ ਨਿਰੋਲ ਹਾਲਾਤ ਦੀ ਹਾਸ-ਰੰਗ ਹੈ। ਇਹਦੇ ਸੰਵਾਦ ਵੀ ਉਸੇ ਵਹਾਅ ਵਿਚ ਜੁਗਤਾਂ ਦੀ ਬਣਤਰ ਵਿਚ ਹਨ। ਫਿਲਮ ਦੇ ਮੁੱਖ ਕਿਰਦਾਰਾਂ ਜਿਹਾ ਕੋਈ ਬੰਦੋਬਸਤ ਨਹੀਂ। ਸਾਰੇ ਕਿਰਦਾਰ ਹੀ ਇਕੋ ਪਰਦੇ ‘ਤੇ ਹਨ। ਅਮਰਿੰਦਰ ਦੇ ਨਾਲ ਹਰਦੀਪ ਅਤੇ ਗੁਰਸ਼ਬਦ ਵੀ ਇਸ ਫਿਲਮ ਵਿਚ ਉਭਰ ਕੇ ਨਿਕਲੇ ਹਨ। ਇਫਤਿਖਾਰ ਠਾਕੁਰ, ਨਸੀਰ ਚਨਿਓਟੀ, ਅਕਰਮ ਉਦਾਸ, ਆਗਾ ਮਾਜ਼ਿਦ ਦੇ ਕਿਰਦਾਰਾਂ ਨਾਲ ਚੰਗੀ ਸਮਝ ਇਹ ਰੱਖੀ ਹੈ ਕਿ ਹਦਾਇਤਕਾਰ ਨੇ ਫਿਲਮ ਮੁਤਾਬਕ ਇਨ੍ਹਾਂ ਨੂੰ ਨਾ ਰੱਖ ਕੇ ਫਿਲਮ ਨੂੰ ਇਨ੍ਹਾਂ ਮੁਤਾਬਕ ਰੱਖ ਦਿੱਤਾ ਹੈ। ਇੰਜ ਇਹ ਫਿਲਮ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਸੁਭਾਅ ਦਾ ਦਸਤਾਵੇਜ਼ ਬਣਦੀ ਹੈ।
ਫਿਲਮ ਦੀ ਸਭ ਤੋਂ ਸ਼ਾਨਦਾਰ ਵਿਆਖਿਆ ਇਹ ਹੈ ਕਿ ਆਪਣੀ ਸੀਮਤ ਕਹਾਣੀ ਨੂੰ ਇਹ ਇਸ ਦੌਰ ਦੀ ਸਭ ਤੋਂ ਵੱਡੀ ਸਿਆਸੀ ਬਹਿਸ ਵਿਚ ਪੰਜਾਬੀਆਂ ਦੀ ਟਿੱਪਣੀ ਦੇ ਰੂਪ ਵਿਚ ਦਰਜ ਕਰਦੀ ਹੈ। 47 ਦੀ ਵੰਡ ਤੋਂ ਜਿਹੜਾ ਜ਼ਖਮ ਪੰਜਾਬੀਆਂ ਦੇ ਪਿੰਡੇ ‘ਤੇ ਉਕਰਿਆ ਹੈ, ਜਿਹੜੇ ਅਹਿਸਾਸ ਸਾਡੇ ਗੀਤਾਂ, ਲੇਖਾਂ ਅਤੇ ਤਕਰੀਰਾਂ ਵਿਚ ਸਾਂਝੇ ਪੰਜਾਬ ਦੇ ਸੱਭਿਆਚਾਰ ਨੂੰ ਲੈ ਕੇ ਆਉਂਦੇ ਹਨ, ਇਹ ਫਿਲਮ ਉਥੇ ਟਿੱਪਣੀ ਕਰਦੀ ਹੈ: “ਕੋਈ ਮਾੜੀ ਜਿਹੀ ਚਵਾਤੀ ਲਾ ਦੇਵੇ, ਅਸੀਂ ਝੱਟ ਡਾਂਗਾਂ ਕੱਢ ਲੈਂਦੇ ਆਂ ਪਰ ਜਿੱਦਣ ਇਹ ਡਾਂਗਾਂ ‘ਕੱਠੀਆਂ ਹੋ ਗਈਆਂ, ਓਦਣ ਦਿੱਲੀ ਤੋਂ ਖੈਬਰ ਤੱਕ ਪੰਜਾਬ ਹੋਊ।”
ਇਹ ਸੰਵਾਦ ਉਸ ਇਤਿਹਾਸ ਨੂੰ ਸਮੇਟ ਕੇ ਬੈਠਾ ਹੈ ਜਿਥੇ ਆਪਸੀ ਫੁੱਟ ਨਾਲ ਸਿੱਖ ਰਾਜ ਗਿਆ; ਜਿਥੇ 47 ਦੀ ਵੰਡ ਵਿਚ ਅਸੀਂ ਸਿੱਖ, ਮੁਸਲਮਾਨ ਤੇ ਹਿੰਦੂ ਆਪਣੇ ਅੰਦਰਲੀ ਪੰਜਾਬੀਅਤ ਭੁੱਲ ਗਏ। ਇਹ ਸਿੰਧੂ ਤਹਿਜ਼ੀਬ ਸੀ ਜਿਹੜੀ ਪੰਜ ਦਰਿਆਵਾਂ ਦੇ ਇਕੱਠੇ ਹੋਣ ਤੋਂ ਬਣੀ ਸੀ। ਇੰਜ ‘ਚੱਲ ਮੇਰਾ ਪੁੱਤ’ ਸ਼ੁਰੂ ਤੋਂ ਜਿੰਨੀ ਮਜ਼ਾਹੀਆ ਹੈ, ਅੰਤ ਆਉਂਦੇ-ਆਉਂਦੇ ਮੁਕੰਮਲ ਪੰਜਾਬੀਅਤ ਦੀ ਟਿੱਪਣੀ ਬਣਦੀ ਹੈ।
ਇਹ ਫਿਲਮ ਆਪਣੇ ਅੰਤ ਵਿਚ ਉਸੇ ਖਿਆਲ ਵਿਚ ਮਹਿਸੂਸ ਹੁੰਦੀ ਹੈ ਕਿ ਜਿਵੇਂ ਕਿਸੇ ਕਰਨੈਲ ਸਿੰਘ ਨੇ ਆਪਣੇ ਯਾਰ ਦਿਲ ਮੁਹੰਮਦ ਨੂੰ 47 ਵਿਚ ਵਿਛੜਦੇ ਕਿਹਾ ਸੀ ਕਿ ਹਾਲਾਤ ਠੀਕ ਹੁੰਦਿਆਂ ਉਹ ਮੁੜ ਆਵੇਗਾ ਅਤੇ ਦਿਲ ਮੁਹੰਮਦ ਨੇ ਵੀ ਉਹਦੀ ਉਡੀਕ ਰੱਖੀ ਹੋਵੇ ਅਤੇ ਇਕ ਦਿਨ ਕਰਨੈਲ ਸਿੰਘ ਮੁੜਿਆ…
ਓਦਣ ਦਿਲ ਮੁੰਹਮਦ ਦੀ ਉਡੀਕ ਖਤਮ ਹੋਈ ਹੋਵੇਗੀ!