ਕੌਸਟਾ ਗਾਵਰਸ ਦੀ ਫਿਲਮ ਕਲਾ

ਫਿਲਮਸਾਜ਼ ਰਾਜੀਵ ਸ਼ਰਮਾ ਨੇ ਪੰਜਾਬੀ ਫਿਲਮ ਸਨਅਤ ਨੂੰ ‘ਨਾਬਰ’ ਅਤੇ ‘ਚੰਮ’ ਵਰਗੀਆਂ ਫਿਲਮਾਂ ਦਿੱਤੀਆਂ ਹਨ। ਉਨ੍ਹਾਂ ਦਾ ਇਹ ਲੇਖ ਕੌਮਾਂਤਰੀ ਫਿਲਮ ਨਿਰਦੇਸ਼ਕ ਕੌਸਟਾ ਗਾਵਰਸ ਦੀਆਂ ਫਿਲਮਾਂ ਦੀ ਜਾਣ-ਪਛਾਣ ਕਰਵਾਉਂਦਾ ਹੈ।

-ਸੰਪਾਦਕ

ਰਾਜੀਵ ਸ਼ਰਮਾ
ਫੋਨ: +91-75062-52262

ਕੁਝ ਸਾਲ ਪਹਿਲਾਂ ਇਕ ਅੰਗਰੇਜ਼ੀ ਫਿਲਮ ਦੇਖ ਕੇ ਅਜਿਹੀ ਖੁਸ਼ੀ ਮਹਿਸੂਸ ਹੋਈ ਸੀ, ਜਿਹੜੀ ਬਿਗਾਨੇ ਦੇਸ਼ ਵਿਚ ਕਿਸੇ ਆਪਣੇ ਨੂੰ ਦੇਖ ਕੇ ਹੁੰਦੀ ਹੈ। ਫਿਲਮ ਸੀ ‘ਮੈਡਸਿਟੀ’। ਇਸ ਦਾ ਮੁੱਖ ਪਾਤਰ ਸ਼ਾਮ ਅਜਾਇਬ ਘਰ ਵਿਚ ਸੁਰੱਖਿਆ ਮੁਲਾਜ਼ਮ ਹੈ। ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਉਹ ਆਪਣੀ ਮੁਖੀ ਅਤੇ ਅਜਾਇਬ ਘਰ ਦੇਖਣ ਆਏ ਸਕੂਲ ਦੇ ਬੱਚਿਆਂ ਨੂੰ ਬੰਦੂਕ ਦੀ ਨੋਕ ‘ਤੇ ਬੰਦੀ ਬਣਾ ਲੈਂਦਾ ਹੈ। ਉਸ ਦਾ ਮਕਸਦ ਸਿਰਫ ਆਪਣੀ ਪਤਨੀ ਅਤੇ ਦੋ ਬੱਚਿਆਂ ਵਾਸਤੇ ਨੌਕਰੀ ਦਾ ਤਰਲਾ ਪਾਉਣਾ ਹੈ।
ਉਸ ਸਮੇਂ ਦੌਰਾਨ ਟੀ.ਵੀ. ਪੱਤਰਕਾਰ ਮੈਕਸ ਵੀ ਉਸ ਅਜਾਇਬ ਘਰ ਵਿਚ ਹਾਜ਼ਰ ਹੈ, ਜੋ ਫੰਡਾਂ ਦੀ ਘਾਟ ਕਾਰਨ ਅਜਾਇਬ ਘਰ ਦੀ ਮਾੜੀ ਹਾਲਤ ਬਾਰੇ ਮੁੱਖ ਅਧਿਕਾਰੀ ਨਾਲ ਮੁਲਾਕਾਤ ਕਰਨ ਆਇਆ ਹੈ। ਸ਼ਾਮ ਤੋਂ ਗਲਤੀ ਨਾਲ ਇਕ ਪੁਰਾਣਾ ਸਾਥੀ ਜ਼ਖ਼ਮੀ ਹੋ ਜਾਂਦਾ ਹੈ। ਫਿਲਮ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਮੈਕਸ ਆਪਣੀ ਸਹਾਇਕ ਕੁੜੀ ਨਾਲ ਹਾਲਾਤ ਤੋਂ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦਾ ਹੈ। ਭਾਰਤੀ ਟੀ.ਵੀ. ਪੱਤਰਕਾਰੀ ਵਿਚ ਜੋ ਅੱਜ ਹੋ ਰਿਹਾ ਹੈ, ਇਸ ਫਿਲਮ ਵਿਚ ਦਸ ਸਾਲ ਪਹਿਲਾਂ ਉਹੀ ਦਿਖਾਇਆ ਗਿਆ ਸੀ ਜਿਸ ਵਿਚ ਖਬਰ ਨੂੰ ਕੀ ਦਾ ਕੀ ਬਣਾ ਦਿੱਤਾ ਜਾਂਦਾ ਹੈ।
ਪਿਛਲੇ ਸਮੇਂ ਇਕ ਫਿਲਮ ਮੇਲੇ ਦੌਰਾਨ ਫਿਲਮ ‘ਦਿ ਐਕਸ’ ਦੇਖਣ ਦਾ ਮੌਕਾ ਮਿਲਿਆ ਜਿਸ ਨੂੰ ਦੇਖ ਕੇ ਮੇਰੇ ਲੂੰ ਕੰਢੇ ਖੜ੍ਹੇ ਹੋ ਗਏ। ਇਸ ਫਿਲਮ ਵਿਚ ਫਰਾਂਸ ਵਿਚ ਲੀ ਕਾਰਪੋਰੇਟ ਕੰਪਨੀ ਦੇ ਇਕ ਕਰਮਚਾਰੀ ਬਰੂਨੋ ਨੂੰ ਦਿਖਾਇਆ ਗਿਆ ਹੈ, ਜਿਸ ਦੀ ਨੌਕਰੀ ਘੱਟ ਪੈਸੇ ਵਿਚ ਕੰਮ ਕਰਨ ਕਾਰਨ ਕਿਸੇ ਰੋਮਾਨੀਅਮ ਨੂੰ ਦੇ ਦਿੱਤੀ ਜਾਂਦੀ ਹੈ। ਨੌਕਰੀ ਜਾਣ ਤੋਂ ਦੋ ਸਾਲ ਬਾਅਦ ਤੱਕ ਤਾਂ ਉਹ ਆਪਣੇ ਖਰਚੇ ਘੱਟ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਕੋਈ ਗੱਲ ਨਹੀਂ ਬਣਦੀ ਤਾਂ ਉਹ ਹਾਲਾਤ ਨਾਲ ਨਜਿੱਠਣ ਲਈ ਨਵੀਂ ਤਰਕੀਬ ਬਣਾਉਂਦਾ ਹੈ। ਉਹ ਆਪਣੇ ਵਰਗੀ ਵਿਦਿਅਕ ਯੋਗਤਾ ਰੱਖਣ ਵਾਲੇ ਸਾਰੇ ਬੰਦਿਆਂ ਨੂੰ ਇਕ-ਇਕ ਕਰਕੇ ਮਾਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਕਿ ਨੌਕਰੀ ਲਈ ਕੋਈ ਮੁਕਾਬਲਾ ਨਾ ਰਹੇ। ਪਿਛਲੇ ਕੁਝ ਸਮੇਂ ਦੌਰਾਨ ਭਾਰਤ ਵਿਚ ਵੀ ਅਜਿਹੀਆਂ ਘਟਨਾਵਾਂ ਹੋਈਆਂ ਹਨ, ਜਿਸ ਵਿਚ ਨੌਕਰੀ ਤੋਂ ਕੱਢੇ ਗਏ ਕਰਮਚਾਰੀਆਂ ਨੇ ਅਧਿਕਾਰੀਆਂ ਨੂੰ ਜਾਨੋਂ ਮਾਰਿਆ ਹੈ। ਇਨ੍ਹਾਂ ਘਟਨਾਵਾਂ ਨੂੰ ਭਾਵੇਂ ਜਾਇਜ਼ ਨਹੀਂ ਕਿਹਾ ਜਾ ਸਕਦਾ ਪਰ ਆਲਮੀ ਅਰਥਚਾਰੇ ਵਿਚ ਕੀ ਗਲਤ ਹੈ, ਇਸ ਬਾਰੇ ਸੋਚਿਆ ਜ਼ਰੂਰ ਜਾ ਸਕਦਾ ਹੈ।
ਕੁਝ ਮਹੀਨੇ ਪਹਿਲਾਂ ਮੈਂ ਇਕ ਹੋਰ ਫਿਲਮ ਦੇਖੀ ‘ਮਿਸਿੰਗ’ ਜੋ ਕੌਸਟਾ ਗਾਵਰਸ ਨੇ 1982 ਵਿਚ ਬਣਾਈ ਸੀ। ਇਸ ਦੀ ਕਹਾਣੀ 1973 ਵਿਚ ਚਿੱਲੀ ਵਿਚ ਵਾਪਰਦੀ ਹੈ। ਇਸ ਵਿਚ ਲੋਕ ਪੱਖੀ ਅਮਰੀਕੀ ਪੱਤਰਕਾਰ ਚਾਰਲਸ ਹੋਰਮਨ ਚਿੱਲੀ ਵਿਚ ਆਪਣੀ ਪਤਨੀ ਨਾਲ ਇਸ ਗੱਲ ਦੇ ਸਬੂਤ ਲੱਭ ਰਿਹਾ ਹੈ ਕਿ ਚਿੱਲੀ ਵਿਚ ਖੱਬੇ ਪੱਖੀ ਹਕੂਮਤ ਦਾ ਰਾਜ ਪਲਟਾ ਕਰਵਾ ਕੇ ਅਮਰੀਕਾ ਨੇ ਆਪਣੀ ਪਸੰਦ ਦਾ ਤਾਨਾਸ਼ਾਹ ਰਾਸ਼ਟਰਪਤੀ ਬਣਵਾਇਆ ਹੈ ਤਾਂ ਕਿ ਉਸ ਦੀਆਂ ਕੰਪਨੀਆਂ ਆਪਣੇ ਢੰਗ ਨਾਲ ਕੰਮ ਕਰ ਸਕਣ। ਅਮਰੀਕਾ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ। ਇਕ ਦਿਨ ਚਾਰਲਸ ਹੋਰਮਨ ਗਾਇਬ ਹੋ ਜਾਂਦਾ ਹੈ। ਉਸ ਦੀ ਪਤਨੀ ਜਦੋਂ ਉਸ ਨੂੰ ਲੱਭਣ ਵਿਚ ਨਾਕਾਮ ਹੋ ਜਾਂਦੀ ਹੈ ਤਾਂ ਉਸ ਦੇ ਪਿਤਾ ਐਦ ਹੋਰਮਨ ਨੂੰ ਸੁਨੇਹਾ ਭੇਜਦੀ ਹੈ ਜੋ ਖਾਂਦਾ-ਪੀਂਦਾ ਅਮਰੀਕੀ ਹੈ।
ਐਦ ਹੋਰਮਨ ਆਪਣੇ ਮੁੰਡੇ ਦੇ ਕੰਮ ਤੋਂ ਬਹੁਤਾ ਖੁਸ਼ ਨਹੀਂ ਹੈ। ਉਸ ਨੂੰ ਲੱਗਦਾ ਹੈ ਕਿ ਚਾਰਲਸ ਨੂੰ ਇਸ ਪੰਗੇ ਵਿਚ ਪੈਣ ਦੀ ਕੀ ਲੋੜ ਸੀ। ਅਮਰੀਕੀ ਸਰਕਾਰ ‘ਤੇ ਉਸ ਨੂੰ ਪੂਰਾ ਭਰੋਸਾ ਹੈ। ਜਦੋਂ ਉਹ ਆਪਣੀ ਨੂੰਹ ਨਾਲ ਚਿੱਲੀ ਵਿਚ ਆਪਣੇ ਮੁੰਡੇ ਦੀ ਖੋਜ ਸ਼ੁਰੂ ਕਰਦਾ ਹੈ ਤਾਂ ਨਾ ਤਾਂ ਚਿੱਲੀ ਦੀ ਮੌਜੂਦਾ ਸਰਕਾਰ ਦੇ ਅਧਿਕਾਰੀ ਅਤੇ ਨਾ ਹੀ ਅਮਰੀਕੀ ਦੂਤਾਵਾਸ ਉਸ ਨੂੰ ਕੋਈ ਰਾਹ ਫੜਾਉਂਦੇ ਹਨ। ਹੌਲੀ-ਹੌਲੀ ਉਸ ਨੂੰ ਪਤਾ ਲੱਗਦਾ ਹੈ ਕਿ ਚਿੱਲੀ ਵਿਚ ਜੋ ਵੀ ਹੋ ਰਿਹਾ ਹੈ, ਉਹ ਅਮਰੀਕੀ ਸਰਕਾਰ ਦਾ ਕੰਮ ਹੈ, ਜਿਸ ਉਤੇ ਉਸ ਵਰਗੇ ਕਰੋੜਾਂ ਅਮਰੀਕੀ ਵਿਸ਼ਵਾਸ ਕਰਦੇ ਹਨ। ਇਸੇ ਦੌਰਾਨ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਚਾਰਲਸ ਦਾ ਵੀ ਬਾਕੀ ਦੇ ਖੱਬੇ ਪੱਖੀ ਲੋਕਾਂ ਵਾਂਗ ਚਿੱਲੀ ਦੇ ਸਰਕਾਰੀ ਅਧਿਕਾਰੀਆਂ ਵਲੋਂ ਕਤਲ ਹੋ ਚੁੱਕਿਆ ਹੈ।
ਫਿਲਮ ਦੀ ਪ੍ਰਾਪਤੀ ਐਦ ਹੋਰਮਨ ਨਾਂ ਦੇ ਪਾਤਰ ਦੀ ਚੇਤਨਾ ਹੈ। ਉਸ ਨੂੰ ਆਪਣੇ ਮੁੰਡੇ ਦੇ ਕੰਮ ਦੀ ਅਹਿਮੀਅਤ ਦਾ ਅਹਿਸਾਸ ਹੁੰਦਾ ਹੈ। ਇਹ ਫਿਲਮ ਸੀਵਿਲ ਥੌਮਸ ਹਾਊਸ ਦੀ ਕਿਤਾਬ ‘ਤੇ ਆਧਾਰਿਤ ਹੈ। ਇਸ ਕਿਤਾਬ ਵਿਰੁਧ ਇਕ ਅਮਰੀਕੀ ਰਾਜਦੂਤ ਨੇ ਕੇਸ ਵੀ ਕੀਤਾ ਸੀ ਕਿ ਇਸ ਵਿਚ ਉਸ ਨੂੰ ਬਦਨਾਮ ਕੀਤਾ ਗਿਆ ਹੈ। ਲੋਕਾਂ ਨੇ ਇਸ ਫਿਲਮ ਨੂੰ ਹੁੰਗਾਰਾ ਦਿੱਤਾ ਤੇ ਇਸ ਨੂੰ ਬਿਹਤਰੀਨ ਪਟਕਥਾ ਲਈ ਆਸਕਰ ਐਵਾਰਡ ਵੀ ਮਿਲਿਆ।
ਇਹ ਫਿਲਮ ਦੇਖਣ ਤੋਂ ਬਾਅਦ ਮੇਰੀ ਕੌਸਟਾ ਗਾਵਰਸ ਬਾਰੇ ਜਾਣਨ ਦੀ ਇੱਛਾ ਬਹੁਤ ਤੀਬਰ ਹੋ ਗਈ। ਪਤਾ ਲੱਗਿਆ ਕਿ ਕੌਸਟਾ ਗਾਵਰਸ ਦਾ ਜਨਮ 13 ਫਰਵਰੀ 1933 ਨੂੰ ਯੂਨਾਨ ਦੇ ਛੋਟੇ ਜਿਹੇ ਪਿੰਡ ਲੌਟਰਾ ਇਰਾਇਸ ਅਕਾਡੀਆ ਵਿਚ ਹੋਇਆ। ਉਸ ਦਾ ਪਿਤਾ ਦੂਜੀ ਸੰਸਾਰ ਜੰਗ ਦੌਰਾਨ ਯੂਨਾਨ ਦੀ ਖੱਬੇ ਪੱਖੀ ਲਹਿਰ ਵਿਚ ਸ਼ਾਮਿਲ ਸੀ। ਇਸ ਕਰਕੇ ਉਸ ਨੂੰ ਜੇਲ੍ਹ ਵੀ ਜਾਣਾ ਪਿਆ। ਇਸ ਤਰ੍ਹਾਂ ਕੌਸਟਾ ਗਾਵਰਸ ਨੇ ਸਿਆਸਤ ਦਾ ਪਹਿਲਾ ਪਾਠ ਆਪਣੇ ਪਿਤਾ ਦੀ ਗੋਦੀ ਵਿਚ ਬੈਠ ਕੇ ਸਿੱਖਿਆ।
ਉਸ ਦੀ ਮਾਂ ਹਮੇਸ਼ਾ ਚਾਹੁੰਦੀ ਸੀ ਕਿ ਉਹ ਸਿਆਸਤ ਤੋਂ ਦੂਰ ਰਹੇ ਤਾਂ ਕਿ ਉਸ ਨੂੰ ਮੁਸੀਬਤਾਂ ਨਾ ਝੱਲਣੀਆਂ ਪੈਣ। ਸੰਨ 1951 ਵਿਚ ਉਹ ਯੂਨਾਨ ਤੋਂ ਕਾਨੂੰਨ ਦੀ ਪੜ੍ਹਾਈ ਕਰਨ ਲਈ ਫਰਾਂਸ ਚਲਿਆ ਗਿਆ ਅਤੇ 1956 ਵਿਚ ਉਸ ਨੇ ਫਰਾਂਸ ਦੇ ਫਰੈਂਚ ਨੈਸ਼ਨਲ ਫਿਲਮ ਸਕੂਲ ਵਿਚ ਦਾਖ਼ਲਾ ਲੈ ਲਿਆ।
ਸੰਨ 1969 ਵਿਚ ਬਣਾਈ ਗਈ ‘ਜ਼ੈੱਡ-2’ ਉਹ ਫਿਲਮ ਸੀ, ਜਿਸ ਨੇ ਉਸ ਨੂੰ ਸਿਆਣੇ ਨਿਰਦੇਸ਼ਕ ਦੇ ਤੌਰ ‘ਤੇ ਸਥਾਪਤ ਕੀਤਾ। ਇਸ ਫਿਲਮ ਵਿਚ ਇਕ ਜੱਜ ਯੂਨਾਨ ਵਿਚ ਖੱਬੇ ਪੱਖੀ ਨੇਤਾ ਦੇ ਕਤਲ ਦੀ ਜਾਂਚ ਕਰਦਾ ਹੈ। ਸਰਕਾਰ ਤੇ ਫੌਜੀ ਅਧਿਕਾਰੀ ਇਸ ਕਤਲ ‘ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਕਿ ਉਨ੍ਹਾਂ ਦੀ ਇਸ ਕਤਲ ਵਿਚ ਭੂਮਿਕਾ ਜੱਗ ਜ਼ਾਹਿਰ ਨਾ ਹੋ ਜਾਵੇ। ਇਹ ਫਿਲਮ 1963 ਵਿਚ ਕਤਲ ਹੋਏ ਯੂਨਾਨੀ ਨੇਤਾ ਗਿਰੀ ਗੋਰਿਸ ਲਮਵਾਰਕਿਸ ਦੀ ਮੌਤ ਤੋਂ ਬਾਅਦ ਹੋਈਆਂ ਘਟਨਾਵਾਂ ‘ਤੇ ਆਧਾਰਿਤ ਸੀ। ਇਸ ਫਿਲਮ ਨੂੰ ਵਿਦੇਸ਼ੀ ਬੋਲੀ ਵਾਲੀ ਬਿਹਤਰੀਨ ਫਿਲਮ ਦਾ ਆਸਕਰ ਮਿਲਿਆ।
ਯੂਨਾਨ ਦੇ ਮੁੱਖ ਸ਼ਹਿਰ ਏਥਨਜ਼ ਵਿਚ ਆਪਣੀ ਰਿਹਾਇਸ਼ ਦੌਰਾਨ ਬਾਕੀ ਨੌਜਵਾਨਾਂ ਵਾਂਗ ਕੌਸਟਾ ਗਾਵਰਸ ਵੀ ਰੁਮਾਂਚਕਾਰੀ ਅਮਰੀਕੀ ਫਿਲਮਾਂ ਦਾ ਦੀਵਾਨਾ ਸੀ। ਇਰੱਕ ਵੋਨ ਸਤਰੋਹੀਮਸ ਦੀ 1924 ਵਿਚ ਬਣਾਈ ਗਈ ਫਿਲਮ ‘ਗਰੀਡ’ ਨੇ ਉਸ ਦਾ ਫਿਲਮਾਂ ਬਾਰੇ ਰਵੱਈਆ ਬਦਲ ਦਿੱਤਾ। ਇਸ ਫਿਲਮ ਵਿਚ ਦਿਖਾਇਆ ਗਿਆ ਸੀ ਕਿ ਦੰਦਾਂ ਦੇ ਡਾਕਟਰ ਦੀ ਪਤਨੀ ਦੀ ਲਾਟਰੀ ਨਿਕਲ ਆਉਂਦੀ ਹੈ ਤੇ ਫਿਰ ਲਾਲਚ ਕਿਸ ਤਰ੍ਹਾਂ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੰਦਾ ਹੈ।
ਕੌਸਟਾ ਗਾਵਰਸ ਦਾ ਮੰਨਣਾ ਹੈ ਕਿ ਸਾਰੀਆਂ ਫਿਲਮਾਂ ਵਿਚ ਹੀ ਸਿਆਸਤ ਹੁੰਦੀ ਹੈ। ਤੁਸੀਂ ਕਿਸੇ ਧਿਰ ਨਾਲ ਵੀ ਨਹੀਂ ਹੋ, ਅਜਿਹਾ ਕਦੇ ਨਹੀਂ ਹੁੰਦਾ। ਤੁਸੀਂ ਇਸ ਤਰ੍ਹਾਂ ਦੇ ਹਾਲਾਤ ਲੈ ਕੇ ਵੀ ਇਕ ਧਿਰ ਨਾਲ ਜ਼ਰੂਰ ਹੁੰਦੇ ਹੋ। ਕੌਸਟਾ ਗਾਵਰਸ ਨੇ ਆਪਣੀਆਂ ਫਿਲਮਾਂ ਵਿਚ ਸੱਤਾ ਦੀ ਕੁਵਰਤੋਂ ਨੂੰ ਵੰਗਾਰਿਆ ਹੈ। ਉਸ ਦੀਆਂ ਫਿਲਮਾਂ ਆਮ ਤੌਰ ‘ਤੇ ਸੱਚੀਆਂ ਘਟਨਾਵਾਂ ਜਾਂ ਪਾਤਰਾਂ ‘ਤੇ ਆਧਾਰਿਤ ਹੁੰਦੀਆਂ ਹਨ।
ਜਿਥੇ ਕੌਸਟਾ ਗਾਵਰਸ ਨੇ ਸੱਤਾ ਨੂੰ ਵੰਗਾਰਿਆ ਹੈ, ਉਥੇ ਹੀ ਧਰਮ ਦੀ ਸਾਰਥਕਤਾ ਨੂੰ ਵੀ ਆਪਣੀ ਫਿਲਮ ਦਾ ਵਿਸ਼ਾ ਬਣਾਇਆ ਹੈ। ‘ਅਮੀਨ’ ਵਿਚ ਉਸ ਨੇ ਦੂਜੀ ਆਲਮੀ ਜੰਗ ਦੌਰਾਨ ਵੈਟੀਕਨ ਦੀ ਭੂਮਿਕਾ ‘ਤੇ ਸਵਾਲ ਉਠਾਇਆ ਹੈ ਕਿ ਕਿਉਂ ਉਸ ਵੇਲੇ ਦੇ ਪੋਪ ਨੇ ਨਾਜ਼ੀ ਕੈਂਪਾਂ ਵਿਚ ਯਹੂਦੀਆਂ ਦੇ ਹਾਲਾਤ ਬਾਰੇ ਜਾਣੂ ਹੋਣ ਦੇ ਬਾਵਜੂਦ ਕੁਝ ਨਹੀਂ ਕੀਤਾ। ਪੂੰਜੀਵਾਦੀ ਸਰਕਾਰਾਂ ਦੇ ਨਾਲ-ਨਾਲ ਉਸ ਨੇ ਆਪਣੀ ਫਿਲਮ ‘ਦਿ ਕਨਫੈਸ਼ਨ’ ਵਿਚ ਖੱਬੇ ਪੱਖੀ ਸਰਕਾਰ ਦੀਆਂ ਕਮਜ਼ੋਰੀਆਂ ਨੂੰ ਵੀ ਉਭਾਰਿਆ ਜੋ ਚੈਕੋਸਲੋਵਾਕੀਆ ਦੇ ਇਕ ਖੱਬੇ ਪੱਖੀ ਨੇਤਾ ‘ਤੇ ਝੂਠਾ ਕੇਸ ਚਲਾਉਣ ਬਾਰੇ ਹੈ। ਕੌਸਟਾ ਗਾਵਰਸ ਦੀ ਨਵੀਂ ਫਿਲਮ ‘ਈਡਨ ਇਨ ਵੈਸਟ’ ਉਸ ਦੀਆਂ ਹੁਣ ਤੱਕ ਦੀਆਂ ਫਿਲਮਾਂ ਤੋਂ ਹਟ ਕੇ ਹੈ। ਇਸ ਵਿਚ ਉਸ ਨੇ ਹਲਕੇ-ਫੁਲਕੇ ਢੰਗ ਨਾਲ ਗੈਰ-ਕਾਨੂੰਨੀ ਪਰਵਾਸੀ ਦੀ ਜ਼ਿੰਦਗੀ ਨੂੰ ਦਿਖਾਇਆ ਹੈ। ਉਸ ਦਾ ਹਰ ਪੱਧਰ ‘ਤੇ ਸ਼ੋਸ਼ਣ ਹੁੰਦਾ ਹੈ।
ਇਸ ਫਿਲਮ ਬਾਰੇ ਉਸ ਦੇ ਕੱਟੜ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਇਸ ਫਿਲਮ ਵਿਚ ਉਸ ਦੀ ਸੁਰ ਮੱਠੀ ਪੈ ਗਈ ਹੈ। ਜੋ ਵੀ ਹੈ, ਕੌਸਟਾ ਗਾਵਰਸ ਨੇ ਸੰਸਾਰ ਸਿਨੇਮਾ ਦੇ ਇਤਿਹਾਸ ਵਿਚ ਦਲੇਰੀ ਨਾਲ ਆਪਣਾ ਯੋਗਦਾਨ ਪਾਇਆ ਹੈ। ਸਾਨੂੰ ਉਸ ਤੋਂ ਹੋਰ ਵੀ ਚੰਗੀਆਂ ਫਿਲਮਾਂ ਦੀ ਆਸ ਹੈ।