ਚੰਦਰਯਾਨ-2 ਨਾਲ ਭਾਰਤ ਸੰਸਾਰ ਦਾ ਅਜਿਹਾ ਚੌਥਾ ਮੁਲਕ ਬਣ ਜਾਵੇਗਾ, ਜੋ ਚੰਦ ਉਤੇ ਅਪੜਿਆ। ਇਸ ਤੋਂ ਪਹਿਲਾਂ ਅਮਰੀਕਾ, ਰੂਸ ਅਤੇ ਚੀਨ ਇਹ ਮੱਲ ਮਾਰ ਚੁਕੇ ਹਨ। ਇਸ ਮਿਸ਼ਨ ਦੀ ਸਫਲਤਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਕਈ ਆਗੂਆਂ ਦੇ ਬਿਆਨ ਦਾਗੇ ਹਨ ਅਤੇ ਇਸ ਨੂੰ ਮਾਣ-ਮੱਤੀ ਪ੍ਰਾਪਤੀ ਗਰਦਾਨਿਆ ਹੈ। ਕਾਂਗਰਸੀ ਲੀਡਰ ਵੀ ਇਸ ਮਾਮਲੇ ਵਿਚ ਪਿਛੇ ਨਹੀਂ ਰਹੇ, ਸਗੋਂ ਉਨ੍ਹਾਂ ਨੇ ਇਸ ਮਿਸ਼ਨ ਦੀ ਸਫਲਤਾ ਲਈ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਨਰਸਿਮਹਾ ਰਾਓ, ਮਨਮੋਹਨ ਸਿੰਘ ਆਦਿ ਪ੍ਰਧਾਨ ਮੰਤਰੀਆਂ ਦਾ ਨਾਂ ਵੀ ਲਿਆ, ਜੋ ਕਾਂਗਰਸ ਨਾਲ ਸਬੰਧਤ ਰਹੇ ਹਨ। ਇਸ ‘ਤੇ ਭਾਰਤੀ ਜਨਤਾ ਪਾਰਟੀ ਵਾਲੇ ਪਾਸਿਓਂ ਇਹ ਇਤਰਾਜ਼ ਤੁਰੰਤ ਆਇਆ ਹੈ ਕਿ ਇਸ ਪ੍ਰਾਪਤੀ ਉਤੇ ਕਾਂਗਰਸ ਸਿਆਸਤ ਖੇਡ ਰਹੀ ਹੈ।
ਇਹ ਇਤਰਾਜ਼ ਉਸ ਪਾਰਟੀ ਦੇ ਆਗੂ ਕਰ ਰਹੇ ਹਨ, ਜਿਸ ਦੇ ਆਗੂ ਹਰ ਮਸਲੇ ਨੂੰ ਸਿਆਸੀ ਰੰਗਤ ਦੇਣ ਵਿਚ ਕਦੇ ਉੱਕੇ ਨਹੀਂ, ਮੁਲਕ ਦੇ ਆਵਾਮ ਦਾ ਭਾਵੇਂ ਜਿੰਨਾ ਮਰਜ਼ੀ ਘਾਣ ਹੋ ਜਾਵੇ। ਇਸ ਪ੍ਰਾਪਤੀ ਅਤੇ ਸਿਆਸਤ ਬਾਰੇ ਜਦੋਂ ਬਹਿਸ ਚੱਲ ਰਹੀ ਸੀ ਤਾਂ ਪੰਜਾਬ ਵਿਚ ਘੱਗਰ ਦਰਿਆ ਪਿੰਡਾਂ ਵਿਚ ਤਬਾਹੀ ਮਚਾ ਰਿਹਾ ਸੀ। ਇਹ ਕੋਈ ਇਤਫਾਕ ਨਹੀਂ ਸੀ, ਇਹ ਅਸਲ ਵਿਚ ਮੁਲਕ ਦੀ ਸਿਆਸਤ ਅੰਦਰ ਦਾਖਲ ਹੋ ਚੁਕੀ ਗੈਰ ਸੰਵੇਦਨਸ਼ੀਲਤਾ ਦੀ ਸਿਖਰ ਸੀ। ਘੱਗਰ ਦਰਿਆ ਆਏ ਸਾਲ ਲੋਕਾਂ ਨੂੰ ਅਤੇ ਫਸਲਾਂ ਉਜਾੜਦਾ ਹੈ, ਪਰ ਕਰੋੜਾਂ ਰੁਪਏ ਰੋੜ੍ਹਨ ਦੇ ਬਾਵਜੂਦ ਲੋਕਾਂ ਦੇ ਜਾਨ-ਮਾਲ ਸੁਰੱਖਿਅਤ ਨਹੀਂ ਹਨ। ਹਰ ਵਾਰ ਚਰਚਾ ਡਰੇਨਾਂ ਦੀ ਸਫਾਈ ਨਾ ਕਰਨ/ਕਰਵਾਉਣ ‘ਤੇ ਜਾ ਕੇ ਟੁੱਟਦੀ ਹੈ। ਸਰਕਾਰੀ ਅਫਸਰ ਹਰ ਸਾਲ ਪੂਰੇ ਨੇਮ ਨਾਲ ਖਾਨਾਪੂਰਤੀ ਕਰਦੇ ਹਨ, ਪਰ ਦਹਾਕਿਆਂ ਤੋਂ ਇਨ੍ਹਾਂ ਹਾਲਾਤ ਵਿਚ ਕੋਈ ਫਰਕ ਨਹੀਂ ਪਿਆ ਹੈ ਅਤੇ ਕਹਿਣ ਨੂੰ ਅਸੀਂ ਚੰਦ ‘ਤੇ ਪੁੱਜ ਗਏ ਹਾਂ ਤੇ ਸੰਸਾਰ ਪੱਧਰ ਉਤੇ ਮੁਲਕ ਦੀ ਕਲਗੀ ਹੋਰ ਉਚੀ ਹੋ ਗਈ ਹੈ।
ਚੰਦਰਯਾਨ ਵਾਲੇ ਮਾਣ ਅਤੇ ਹੜ੍ਹਾਂ ਦੀ ਮਾਰ ਦੌਰਾਨ ਹੋਰ ਵੀ ਬਥੇਰੀਆਂ ਘਟਨਾਵਾਂ ਵਾਪਰੀਆਂ, ਜੋ ਇਨ੍ਹਾਂ ਖਬਰਾਂ ਦੇ ਘੜਮੱਸ ਵਿਚ ਅਣਗੌਲੀਆਂ ਰਹਿ ਗਈਆਂ। ਮਾਨਸਾ ਜਿਲੇ ਦੇ ਪਿੰਡ ਚੱਕ ਭਾਈਕਾ ਵਿਚ 30 ਵਰ੍ਹਿਆਂ ਦੇ ਦਲਿਤ, ਅੰਗਹੀਣ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਮਜ਼ਦੂਰ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਇਹ ਨੌਜਵਾਨ ਜਗਸੀਰ ਸਿੰਘ ਐਮæਏæ ਐਮæ ਫਿਲ਼, ਬੀæਐਡæ, ਟੈਟ ਅਤੇ ਯੂæਜੀæਸੀæ ਨੈਟ ਪਾਸ ਸੀ, ਪਰ ਨੌਕਰੀ ਹਾਸਲ ਨਾ ਕਰ ਸਕਿਆ। ਪਿਤਾ ਦੀ ਮੌਤ ਤੋਂ ਬਾਅਦ ਉਹ ਆਪਣੇ ਭਰਾਵਾਂ ਵਾਂਗ ਹੀ ਦਿਹਾੜੀਆਂ ਕਰਨ ਲਈ ਮਜਬੂਰ ਹੋ ਗਿਆ ਸੀ। ਇਸ ਮੌਤ ਉਤੇ ਵੀ ਸਿਆਸਤ ਦਾ ਰੰਗ ਤੁਰੰਤ ਚੜ੍ਹ ਗਿਆ। ਜਦੋਂ ਹੀ ਇਹ ਮਸਲਾ ਭਖਿਆ, ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਦਾ ਲੰਮਾ-ਚੌੜਾ ਬਿਆਨ ਆ ਗਿਆ ਕਿ ਇਸ ਸਭ ਕਾਸੇ ਲਈ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਜ਼ਿੰਮੇਵਾਰ ਹੈ। ਮੀਡੀਆ ਨੇ ਜਗਸੀਰ ਸਿੰਘ ਵਾਲੀ ਖਬਰ ਭਾਵੇਂ ਛੋਟੀ ਜਿਹੀ ਛਾਪੀ ਸੀ, ਪਰ ਹਰਸਿਮਰਤ ਕੌਰ ਬਾਦਲ ਦਾ ਬਿਆਨ ਪੂਰਾ ਜਚਾ ਕੇ ਛਾਪਿਆ। ਉਸ ਨੂੰ ਕੋਈ ਪੁੱਛਣ ਵਾਲਾ ਨਹੀਂ ਸੀ ਕਿ ਦੋ-ਢਾਈ ਸਾਲ ਪਹਿਲਾਂ ਤਾਂ ਦਸ ਸਾਲਾਂ ਤੱਕ ਪੰਜਾਬ ਵਿਚ ਉਨ੍ਹਾਂ ਦੀ ਪਾਰਟੀ ਦੀ ਹੀ ਸਰਕਾਰ ਸੀ, ਉਸ ਵਕਤ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਨੇ ਬੇਰੁਜ਼ਗਾਰ ਨੌਜਵਾਨਾਂ ਲਈ ਕਿਹੜੀਆਂ ਨੀਤੀਆਂ ਬਣਾਈਆਂ ਸਨ? ਉਹ ਖੁਦ ਪਿਛਲੇ ਪੰਜ ਸਾਲ ਤੋਂ ਕੇਂਦਰੀ ਹਕੂਮਤ ਵਿਚ ਮੰਤਰੀ ਹਨ, ਉਨ੍ਹਾਂ ਪੰਜਾਬ ਲਈ ਕਿਹੜੀ ਸਨਅਤ ਜਾਂ ਪ੍ਰਾਜੈਕਟ ਕੇਂਦਰ ਤੋਂ ਲਿਆਂਦਾ ਹੈ? ਜਾਂ ਪੰਜਾਬ ਦਾ ਕਿਹੜਾ ਮਸਲਾ ਕੇਂਦਰ ਸਰਕਾਰ ਅੱਗੇ ਕਦੀ ਰੱਖਿਆ ਹੈ?
ਦਰਅਸਲ, ਪੰਜਾਬ ਦੀ ਉਲਝੀ ਤਾਣੀ ਲਈ ਅੱਜ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਜਿੰਨੀ ਜ਼ਿੰਮੇਵਾਰ ਹੈ, ਓਨੀ ਹੀ ਜ਼ਿੰਮੇਵਾਰੀ ਅਕਾਲੀ-ਭਾਜਪਾ ਗਠਜੋੜ ਸਰਕਾਰ ਦੀ ਬਣਦੀ ਹੈ। ਅੱਜ ਮਹਿੰਗਾਈ ਦੇ ਇਸ ਜ਼ਮਾਨੇ ਵਿਚ ਕੀ ਕੋਈ ਇਹ ਸੋਚ ਸਕਦਾ ਹੈ ਕਿ ਨੌਜਵਾਨਾਂ ਨੂੰ 15-15 ਹਜ਼ਾਰ ਰੁਪਏ ਦੀਆਂ ਨੌਕਰੀਆਂ ਦਿੱਤੀਆਂ ਜਾਣ? ਪਿਛਲੇ ਕੁਝ ਸਮੇਂ ਤੋਂ ਪੰਜਾਬ ਅੰਦਰ ਬਹੁਤ ਰੌਲਾ ਪੈ ਰਿਹਾ ਹੈ ਕਿ ਨੌਜਵਾਨ ਧੜਾ-ਧੜ ਵਿਦੇਸ਼ ਜਾ ਰਹੇ ਹਨ, ਪੰਜਾਬ ਖਾਲੀ ਹੋ ਰਿਹਾ ਹੈ। ਪਿਛਲੇ ਸਮੇਂ ਦੌਰਾਨ ਖੁੱਲ੍ਹੇ ਪ੍ਰਾਈਵੇਟ ਕਾਲਜਾਂ ਵਿਚ ਦਾਖਲਾ ਲੈਣ ਲਈ ਜਿਥੇ ਕਦੀ ਭੀੜਾਂ ਉਮੜਦੀਆਂ ਸਨ, ਅੱਜ ਕੱਲ੍ਹ ਉਥੇ ਪੂਰੀਆਂ ਸੀਟਾਂ ਵੀ ਭਰੀਆਂ ਨਹੀਂ ਜਾ ਰਹੀਆਂ। ਬਹੁਤਿਆਂ ਲਈ ਨੌਜਵਾਨਾਂ ਦੇ ਵਿਦੇਸ਼ ਜਾਣ ਵਾਲਾ ਦੁੱਖ-ਦਰਦ ਦੂਣ-ਸਵਾਇਆ ਹੋ ਰਿਹਾ ਹੈ, ਕਿਉਂਕਿ ਉਨ੍ਹਾਂ ਦਾ ਇਕ ਦੁੱਖ ਇਹ ਵੀ ਹੈ ਕਿ ਦੂਜੇ ਸੂਬਿਆਂ ਦੇ ਪਰਵਾਸੀ ਮਜ਼ਦੂਰ ਪੰਜਾਬ ਵਲ ਆ ਰਹੇ ਹਨ। ਚਿੰਤਕਾਂ ਦੀ ਚਿੰਤਾ ਹੈ ਕਿ ਛੇਤੀ ਹੀ ਪੰਜਾਬ ਦੀ ਡੈਮੋਗ੍ਰਾਫੀ ਬਦਲਣ ਵਾਲੀ ਹੈ। ਨਸ਼ਿਆਂ ਦੇ ਵਗਦੇ ਦਰਿਆ ਨੇ ਪੰਜਾਬ ਨੂੰ ਹਾਲੋਂ-ਬੇਹਾਲ ਕੀਤਾ ਹੋਇਆ ਹੈ। ਕੈਂਸਰ ਵਰਗੀਆਂ ਮਾਰੂ ਬਿਮਾਰੀਆਂ ਨੇ ਘਰ-ਘਰ ਸੱਥਰ ਵਿਛਾ ਦਿੱਤੇ ਹਨ। ਇਹ ਸਾਰੀਆਂ ਬਿਮਾਰੀਆਂ ਅਸਲ ਵਿਚ ਮੁਲਕ ਦੀ ਬਿਮਾਰ ਸਿਆਸਤ ਦਾ ਹੀ ਨਤੀਜਾ ਹਨ। ਇਸ ਬਿਮਾਰ ਸਿਆਸਤ ਦੇ ਏਜੰਡੇ ਵਿਚੋਂ ਆਮ ਆਦਮੀ ਮਨਫੀ ਹੋ ਚੁਕਾ ਹੈ। ਕੋਈ ਵੀ ਨੀਤੀ ਜਾਂ ਰਣਨੀਤੀ ਆਮ ਆਦਮੀ ਨੂੰ ਧਿਆਨ ਵਿਚ ਰੱਖ ਕੇ ਨਹੀਂ ਬਣਾਈ ਜਾ ਰਹੀ। ਕਰੀਬ ਤਿੰਨ ਦਹਾਕੇ ਪਹਿਲਾਂ ਲਾਗੂ ਹੋਈਆਂ ਨਵੀਆਂ ਆਰਥਕ ਨੀਤੀਆਂ ਕਾਰਨ ਆਮ ਆਦਮੀ ਹੋਰ ਵੀ ਹਾਸ਼ੀਏ ‘ਤੇ ਧੱਕਿਆ ਗਿਆ ਹੈ ਅਤੇ ਰਹਿੰਦੀ-ਖੂੰਹਦੀ ਕਸਰ ਪੰਜ ਸਾਲ ਬਣੀ ਮੋਦੀ ਸਰਕਾਰ ਨੇ ਕਰ ਦਿੱਤੀ ਹੈ। ਇਸ ਸਰਕਾਰ ਦੇ ਨੀਤੀਘਾੜਿਆਂ ਦੇ ਏਜੰਡੇ ਉਤੇ ਹਿੰਦੂ ਰਾਸ਼ਟਰਵਾਦ ਹੈ ਅਤੇ ਇਹ ਆਪਣੇ ਇਸ ਟੀਚੇ ਦੀ ਪ੍ਰਾਪਤੀ ਲਈ ਹਰ ਸੰਭਵ ਕਵਾਇਦ ਕਰ ਰਹੇ ਹਨ। ਮੁਲਕ ਦੇ ਵਿਗਿਆਨੀਆਂ ਅਤੇ ਹੋਰ ਮਾਹਰਾਂ ਦੀਆਂ ਪ੍ਰਾਪਤੀਆਂ ਨੂੰ ਵੀ ਇਸੇ ਪ੍ਰਸੰਗ ਵਿਚ ਵਰਤਿਆ ਜਾ ਰਿਹਾ ਹੈ। ਫਿਲਹਾਲ ਇਸ ਦੇ ਟਾਕਰੇ ਲਈ ਵਿਰੋਧੀ ਧਿਰ ਦੀ ਅਵਾਜ਼ ਮੱਠੀ ਹੋਈ ਪਈ ਹੈ।