ਚੰਡੀਗੜ੍ਹ: ਕੈਪਟਨ ਸਰਕਾਰ ਵਲੋਂ ਨਸ਼ਿਆਂ ਖਿਲਾਫ ਮੁਹਿੰਮ ਲਈ ਬਣਾਈ ਸਪੈਸ਼ਲ ਟਾਸਕ ਫੋਰਸ (ਐਸ਼ਟੀæਐਫ਼) ਦਾ ਮੁਖੀ ਇਕ ਵਾਰ ਮੁੜ ਬਦਲ ਦਿੱਤਾ ਗਿਆ ਹੈ। ਦੋ ਸਾਲ ਵਿਚ ਇਹ ਚੌਥਾ ਮੌਕਾ ਹੈ, ਜਦੋਂ ਨਸ਼ਿਆਂ ਖਿਲਾਫ ਮੁਹਿੰਮ ਦਾ ਮੁਖੀ ਬਦਲਿਆ ਗਿਆ ਹੈ। ਸਰਕਾਰ ਨੇ ਐਸ਼ਟੀæਐਫ਼ ਦੇ ਪਹਿਲੇ ਮੁਖੀ ਏæਡੀæਜੀæਪੀæ ਹਰਪ੍ਰੀਤ ਸਿੰਘ ਸਿੱਧੂ ਨੂੰ ਮੁੜ ਇਸ ਮੁਹਿੰਮ ਦੀ ਅਗਵਾਈ ਸੌਂਪੀ ਹੈ। ਇਸ ਫੈਸਲੇ ਪਿਛੋਂ ਵਿਰੋਧੀ ਧਿਰਾਂ ਨੇ ਕੈਪਟਨ ਸਰਕਾਰ ਨੂੰ ਘੇਰਿਆ ਹੋਇਆ ਹੈ।
ਮੰਨਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਅੰਦਰੋਂ ਤੇ ਸਰਹੱਦ ਉਤੇ ਹੈਰੋਇਨ, ਅਫੀਮ ਅਤੇ ਨਸ਼ੀਲੀਆਂ ਦਵਾਈਆਂ ਦੀਆਂ ਵੱਡੀਆਂ ਖੇਪਾਂ ਫੜੇ ਜਾਣ ਤੇ ਨਸ਼ਿਆਂ ਦੀ ਵੱਧ ਮਾਤਰਾ ਨਾਲ ਨੌਜਵਾਨਾਂ ਦੀਆਂ ਰੋਜ਼ਾਨਾ ਮੌਤਾਂ ਕਾਰਨ ਪੰਜਾਬ ਸਰਕਾਰ ਦੇ ਨਸ਼ਿਆਂ ਨੂੰ ਠੱਲ੍ਹ ਪਾਉਣ ਦੇ ਦਾਅਵਿਆਂ ਉਤੇ ਸਵਾਲ ਉਠਣ ਲੱਗੇ ਸਨ। ਹੁਣ ਅਣਸਰਦੇ ਨੂੰ ਸਰਕਾਰ ਨੂੰ ਇਹ ਕਦਮ ਚੁੱਕਣਾ ਪਿਆ ਹੈ। ਕੈਪਟਨ ਸਰਕਾਰ ਬਣਦਿਆਂ ਹੀ ਨਸ਼ਿਆਂ ਖਿਲਾਫ ਮੁਹਿੰਮ ਚਲਾਉਣ ਲਈ ਸਪੈਸ਼ਲ ਟਾਸਕ ਫੋਰਸ (ਐਸ਼ਟੀæਐਫ਼) ਦਾ ਗਠਨ ਕਰਦਿਆਂ ਪੁਲਿਸ ਦੇ ਸਖਤ ਅਫਸਰ ਸਮਝੇ ਜਾਂਦੇ ਏæਡੀæਜੀæਪੀæ ਹਰਪ੍ਰੀਤ ਸਿੰਘ ਸਿੱਧੂ ਨੂੰ ਇਸ ਦੀ ਕਮਾਨ ਸੰਭਾਲੀ ਸੀ। ਉਹ ਉਸ ਸਮੇਂ ਸੀæਆਰæਪੀæਐਫ਼ ਵਿਚ ਡੈਪੂਟੇਸ਼ਨ ‘ਤੇ ਸਨ ਅਤੇ ਛੱਤੀਸਗੜ੍ਹ ‘ਚ ਨਕਸਲੀ ਲਹਿਰ ਨੂੰ ਕੁਚਲਣ ਲਈ ਚਲਾਈ ਮੁਹਿੰਮ ਵਿਚ ਸਰਗਰਮ ਸਨ।
ਸ੍ਰੀ ਸਿੱਧੂ ਦੀਆਂ ਵਾਗਾਂ ਇੰਨੀਆਂ ਖੁੱਲ੍ਹੀਆਂ ਕੀਤੀਆਂ ਗਈਆਂ ਸਨ ਕਿ ਉਹ ਡੀæਜੀæਪੀæ ਅਧੀਨ ਨਹੀਂ ਸਨ ਅਤੇ ਸਿੱਧਾ ਮੁੱਖ ਮੰਤਰੀ ਦੀ ਕਮਾਨ ਹੇਠ ਸਨ। ਉਨ੍ਹਾਂ ਨੂੰ ਨਾਲ ਹੀ ਏæਡੀæਜੀæਪੀæ (ਸਰਹੱਦੀ ਖੇਤਰ) ਦਾ ਚਾਰਜ ਵੀ ਦਿੱਤਾ ਗਿਆ ਸੀ ਪਰ ਐਸ਼ਟੀæਐਫ਼ ਦੀ ਨਸ਼ਿਆਂ ਵਿਰੋਧੀ ਮੁਹਿੰਮ ਦਾ ਸੇਕ ਜਦੋਂ ਵੱਡੇ ਅਫਸਰਾਂ ਤੱਕ ਪੁੱਜਣ ਲੱਗਾ ਤਾਂ ਅਫਸਰਸ਼ਾਹੀ ਵਿਚ ਹਲਚਲ ਮੱਚ ਗਈ। ਪੁਲਿਸ ਅਫਸਰਸ਼ਾਹੀ ‘ਚ ਪੈਦਾ ਹੋਈ ਧੜੇਬੰਦੀ ਸ੍ਰੀ ਸਿੱਧੂ ਦੀ ਮੁੱਖ ਮੰਤਰੀ ਦਫਤਰ ਨਾਲ ਨੇੜਤਾ ਨੂੰ ਵੀ ਪ੍ਰਭਾਵਿਤ ਕਰਨ ਲੱਗੀ ਅਤੇ ਇਹ ਪ੍ਰਭਾਵ ਬਣਿਆ ਕਿ ਸ੍ਰੀ ਸਿੱਧੂ ਡੀæਜੀæਪੀæ ਚਟੋਉਪਾਧਿਆ ਦੀ ਹਮਾਇਤ ਕਰ ਹਨ ਜਿਨ੍ਹਾਂ ਪੰਜਾਬ ਦੇ ਦੋ ਡੀæਜੀæਪੀæ ਰੈਂਕ ਦੇ ਅਧਿਕਾਰੀਆਂ ‘ਤੇ ਨਸ਼ਿਆਂ ਦੇ ਵਪਾਰ ‘ਚ ਉਲਝੇ ਕਈ ਅਧਿਕਾਰੀਆਂ ਦੀ ਹਮਾਇਤ ਕੀਤੇ ਜਾਣ ਦਾ ਖੁਲਾਸਾ ਹਾਈਕੋਰਟ ਵਿਚ ਕੀਤਾ ਸੀ। ਇਸੇ ਕਾਰਨ ਤਤਕਾਲੀ ਡੀæਜੀæਪੀæ ਸੁਰੇਸ਼ ਅਰੋੜਾ ਅਤੇ ਮੌਜੂਦਾ ਡੀæਜੀæਪੀæਦਿਨਕਰ ਗੁਪਤਾ ਜੋ ਉਸ ਸਮੇਂ ਖੁਫੀਆ ਵਿੰਗ ਦੇ ਮੁਖੀ ਸਨ, ਨਾਲ ਸ੍ਰੀ ਸਿੱਧੂ ਵੀ ਟਕਰਾਅ ‘ਚ ਆ ਗਏ ਤੇ ਆਖਰ ਅਫ਼ਸਰਸ਼ਾਹੀ ‘ਚ ਪੈਦਾ ਹੋਈ ਧੜੇਬੰਦੀ ਦਾ ਤਵਾਜ਼ਨ ਕਾਇਮ ਰੱਖਣ ਦੀ ਮਜਬੂਰੀ ਵਿਚ ਮੁੱਖ ਮੰਤਰੀ ਨੂੰ ਆਪਣੇ ਚਹੇਤੇ ਹਰਪ੍ਰੀਤ ਸਿੰਘ ਸਿੱਧੂ ਨੂੰ ਇਸ ਅਹੁਦੇ ਤੋਂ ਹਟਾਉਣ ਦਾ ਕੌੜਾ ਘੁੱਟ ਭਰਨਾ ਪਿਆ ਸੀ।
ਸਤੰਬਰ 2018 ਨੂੰ ਸ੍ਰੀ ਸਿੱਧੂ ਨੂੰ ਬਦਲ ਕੇ ਮੁੱਖ ਮੰਤਰੀ ਦਫਤਰ ‘ਚ ਵਿਸ਼ੇਸ਼ ਸਕੱਤਰ ਦੇ ਬਹੁਤ ਹੀ ਘੱਟ ਅਹਿਮ ਅਹੁਦੇ ‘ਤੇ ਤਾਇਨਾਤ ਕਰ ਦਿੱਤਾ ਗਿਆ ਸੀ। ਉਨ੍ਹਾਂ ਤੋਂ ਬਾਅਦ ਐਸ਼ਟੀæਐਫ਼ ਦਾ ਮੁਖੀ ਡੀæਜੀæਪੀæ ਮੁਹੰਮਦ ਮੁਸਤਫਾ ਅਤੇ ਫਿਰ ਏæਡੀæਜੀæਪੀæਗੁਰਪ੍ਰੀਤ ਕੌਰ ਦਿਓ ਨੂੰ ਬਣਾਇਆ ਗਿਆ ਸੀ। ਸਿੱਧੂ ਨੂੰ ਐਸ਼ਟੀæਐਫ਼ ਵਿਚੋਂ ਬਦਲੇ ਜਾਣ ਬਾਅਦ ਬਹੁਤ ਸਾਰੇ ਅਹਿਮ ਪੁਲਿਸ ਅਧਿਕਾਰੀਆਂ ਨੇ ਬਦਲੀਆਂ ਕਰਵਾ ਲਈਆਂ ਤੇ ਐਸ਼ਟੀæਐਫ਼ ਡੀæਜੀæਪੀæ ਦੇ ਅਧੀਨ ਕਰ ਦਿੱਤੀ ਗਈ। ਹੁਣ ਇਸ ਗੱਲ ‘ਤੇ ਸਵਾਲੀਆ ਚਿੰਨ੍ਹ ਹੀ ਲੱਗਾ ਹੈ ਕਿ ਸਿੱਧੂ ਦੀ ਵਾਪਸੀ ਨਾਲ ਐਸ਼ਟੀæਐਫ਼ ਪਹਿਲਾਂ ਵਾਂਗ ਆਜ਼ਾਦ ਹੋਵੇਗੀ ਜਾਂ ਡੀæਜੀæਪੀæ ਦੇ ਅਧੀਨ ਕੰਮ ਕਰੇਗੀ; ਕਿਉਂਕਿ ਇਸ ਅਫਸਰ ਦੀ ਵਾਪਸੀ ਦੇ ਨਾਲ ਹੀ ਨਸ਼ਿਆਂ ਦੇ ਮਾਮਲੇ ਵਿਚ ਘਿਰੇ ਉਚ ਅਫਸਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਇਸੇ ਲਈ ਕੈਪਟਨ ਨੂੰ ਸਖਤ ਲਹਿਜੇ ਵਿਚ ਆਖਣਾ ਪਿਆ ਹੈ ਕਿ ਜਾਂ ਤਾਂ ਅਨੁਸ਼ਾਸਨ ਵਿਚ ਰਹੋ, ਨਹੀਂ ਤਾਂ ਬਦਲੀ ਕਰਵਾ ਕੇ ਪੰਜਾਬ ਤੋਂ ਬਾਹਰ ਚਲੇ ਜਾਵੋ।
ਦੱਸ ਦਈਏ ਕਿ ਪਿਛਲੇ ਦੋ ਕੁ ਮਹੀਨੇ ਤੋਂ ਪੰਜਾਬ ਅੰਦਰੋਂ ਤੇ ਸਰਹੱਦ ਤੋਂ ਅਫੀਮ, ਹੈਰੋਇਨ ਤੇ ਨਸ਼ੀਲੀਆਂ ਦਵਾਈਆਂ ਸਮੇਤ ਹੋਰ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਫੜੀਆਂ ਗਈਆਂ ਹਨ। ਅਟਾਰੀ ਸਰਹੱਦ ਦੇ ਵਪਾਰਕ ਚੌਕੀ ਤੋਂ ਕੁਇੰਟਲ ਤੋਂ ਵਧੇਰੇ ਇਕੋ ਤਸਕਰ ਤੋਂ ਅਫੀਮ ਫੜੀ ਗਈ ਹੈ। ਜਲੰਧਰ ਦਿਹਾਤੀ ਪੁਲਿਸ ਨੇ ਪਿਛਲੇ ਦਿਨਾਂ ਵਿਚ 62 ਕਿੱਲੋ ਅਫੀਮ, 34 ਕਿੱਲੋ ਹੈਰੋਇਨ ਤੋਂ ਇਲਾਵਾ ਵੱਡੀ ਮਾਤਰਾ ‘ਚ ਹੋਰ ਨਸ਼ੀਲੇ ਪਦਾਰਥ ਫੜੇ ਹਨ। ਹੋਰਨਾਂ ਜ਼ਿਲ੍ਹਿਆਂ ਤੋਂ ਵੀ ਨਸ਼ਿਆਂ ਦੀ ਵਿੱਕਰੀ ਤੇ ਸੇਵਨ ‘ਚ ਵੱਡੇ ਛਾਪੇ ਦੀਆਂ ਖਬਰਾਂ ਆਮ ਛਪਣ ਲੱਗੀਆਂ ਹਨ। ਇਕ ਗੱਲ ਤਾਂ ਸਪਸ਼ਟ ਹੈ ਕਿ ਜਿਸ ਤਰ੍ਹਾਂ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਫੜੇ ਜਾ ਰਹੇ ਹਨ ਅਤੇ ਨਸ਼ਿਆਂ ਦੇ ਸੇਵਨ ‘ਚ ਵਾਧੇ ਨਾਲ ਮੌਤਾਂ ਦੀ ਗਿਣਤੀ ਵਧ ਰਹੀ ਹੈ, ਉਹ ਪੰਜਾਬ ਵਿਚ ਨਸ਼ਿਆਂ ਦੀ ਸਪਲਾਈ ਨਾ ਟੁੱਟਣ ਦਾ ਹੀ ਸੰਕੇਤ ਹੈ। ਇਸ ਗੱਲ ‘ਚ ਕੋਈ ਸ਼ੱਕ ਨਹੀਂ ਕਿ ਸ੍ਰੀ ਸਿੱਧੂ ਨੇ ਪੁਲਿਸ ‘ਚ ਕਈ ਨਵੀਆਂ ਤੇ ਪੱਕੀਆਂ ਪਿਰਤਾਂ ਪਾਈਆਂ ਸਨ।
ਪੰਜਾਬ ਪੁਲਿਸ ‘ਚ ਪੀæਸੀæਆਰæ (ਸ਼ਹਿਰਾਂ ‘ਚ ਥਾਣਿਆਂ ਤੋਂ ਇਲਾਵਾ ਕੰਟਰੋਲ ਰੂਮ ਅਧੀਨ ਕੰਮ ਕਰਨ ਵਾਲੀਆਂ ਗਸ਼ਤ ਪਾਰਟੀਆਂ) ਦਾ ਆਰੰਭ ਉਨ੍ਹਾਂ ਕੀਤਾ ਸੀ। ਐਸ਼ਟੀæਐਫ਼ ਵਲੋਂ ਵੱਡੀ (ਜੋਟੀਦਾਰ) ਅਤੇ ਡੈਪੋ (ਨਸ਼ਾ ਰੋਕੂ ਅਫਸਰ) ਤਾਇਨਾਤ ਕਰਨ ਦੀ ਕਾਢ ਵੀ ਉਨ੍ਹਾਂ ਦੀ ਹੀ ਹੈ। ਮੁੜ ਇਸ ਸੰਸਥਾ ਦੇ ਮੁਖੀ ਬਣਨ ਬਾਅਦ ਵੀ ਪਹਿਲੇ ਸਵਾਲ ਉਨ੍ਹਾਂ ਅੱਗੇ ਮੂੰਹ ਅੱਡੀ ਖੜ੍ਹੇ ਹਨ ਕਿ ਨਸ਼ਿਆਂ ਵਿਰੁਧ ਮੁਹਿੰਮ ‘ਚ ਨਸ਼ਿਆਂ ਦੇ ਵਪਾਰ ‘ਚ ਸਹਿਯੋਗੀ ਜਾਂ ਗਲਤਾਨ ਪੁਲਿਸ ਵਾਲਿਆਂ ਖਿਲਾਫ ਕਾਰਵਾਈ ਨੂੰ ਉਹ ਕਿਵੇਂ ਅੱਗੇ ਤੋਰਨਗੇ ਤੇ ਇਸ ਮਾਮਲੇ ‘ਤੇ ਪੈਦਾ ਹੁੰਦੀ ਅਫਸਰਸ਼ਾਹੀ ਦੀ ਧੜੇਬੰਦੀ ਤੋਂ ਕਿਵੇਂ ਬਚਣਗੇ? ਸਿਆਸੀ ਹਲਕਿਆਂ ਤੇ ਪੁਲਿਸ ਅਫਸਰਸ਼ਾਹੀ ‘ਚ ਇਹ ਵੀ ਚਰਚਾ ਹੈ ਕਿ ਸਿਆਸੀ ਸਰਪ੍ਰਸਤੀ ਹਾਸਲ ਕਰਨ ਵਾਲੇ ਤਸਕਰਾਂ ਨੂੰ ਹੱਥ ਪਾਉਣ ‘ਚ ਉਨ੍ਹਾਂ ਨੂੰ ਕਿੰਨੀ ਕੁ ਖੁੱਲ੍ਹ ਮਿਲੇਗੀ।