ਹਾਈਕਮਾਨ ਨਾਲ ਯਾਰੀ ਵੀ ਨਾ ਬਚਾ ਸਕੀ ਸਿੱਧੂ ਦੀ ਕੁਰਸੀ

ਕੈਪਟਨ ਅਮਰਿੰਦਰ ਨੇ ਦਿੱਤਾ ਪੰਜਾਬ ਕਾਂਗਰਸ ਦਾ ‘ਅਸਲ ਕਪਤਾਨ’ ਹੋਣ ਦਾ ਸਬੂਤ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਜਪਾਲ ਵੀ.ਪੀ.ਐਸ਼ ਬਦਨੌਰ ਦੋਵਾਂ ਨੇ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ ਜਿਸ ਨਾਲ ਉਹ ਪੰਜਾਬ ਵਜ਼ਾਰਤ ਵਿਚੋਂ ਬਾਹਰ ਹੋ ਗਏ ਹਨ। ਸਿੱਧੂ ਅਤੇ ਮੁੱਖ ਮੰਤਰੀ ਦੋਵਾਂ ਵਿਚਾਲੇ ਲੋਕ ਸਭਾ ਤੋਂ ਪਹਿਲਾਂ ਅਤੇ ਚੋਣਾਂ ਸਮੇਂ ਪੈਦਾ ਹੋਏ ਮੱਤਭੇਦ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਦੇ ਦਖਲ ਨਾਲ ਵੀ ਹੱਲ ਨਹੀਂ ਹੋ ਸਕੇ ਕਿਉਂਕਿ ਦੋਵਾਂ ਧਿਰਾਂ ਆਪੋ ਆਪਣੇ ਸਟੈਂਡ ‘ਤੇ ਅਡਿੱਗ ਰਹੀਆਂ। ਸਿੱਧੂ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਸਥਾਨਕ ਸਰਕਾਰਾਂ ਵਿਭਾਗ ਹੀ ਦਿੱਤਾ ਜਾਵੇ ਪਰ ਮੁੱਖ ਮੰਤਰੀ ਨੇ ਇਹ ਵਿਭਾਗ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਮੁੱਖ ਮੰਤਰੀ ਨੇ ਸਿੱਧੂ ਦਾ ਅਸਤੀਫਾ ਪ੍ਰਵਾਨ ਕਰਕੇ ਵੱਲੋਂ ਰਾਜਪਾਲ ਨੂੰ ਭੇਜ ਦਿੱਤਾ ਤੇ ਕੁਝ ਘੰਟਿਆਂ ਵਿਚ ਹੀ ਉਨ੍ਹਾਂ ਨੇ ਇਸ ਨੂੰ ਪ੍ਰਵਾਨ ਕਰਕੇ ਇਸ ਦੀ ਜਾਣਕਾਰੀ ਮੁੱਖ ਮੰਤਰੀ ਦਫਤਰ ਨੂੰ ਦੇ ਦਿੱਤੀ। ਸਿੱਧੂ ਦੇ ਅਸਤੀਫੇ ਬਾਰੇ ਜਿਸ ਤਰ੍ਹਾਂ ਦੀ ਫੁਰਤੀ ਵਿਖਾਈ ਗਈ, ਇਹ ਇਹੀ ਸੰਕੇਤ ਦੇ ਗਈ ਕਿ ਪੰਜਾਬ ਕਾਂਗਰਸ ਵਿਚ ਕੈਪਟਨ ਅਮਰਿੰਦਰ ਸਿੰਘ ਹੀ ‘ਅਸਲੀ ਕਪਤਾਨ’ ਹਨ ਤੇ ਉਨ੍ਹਾਂ ਦੇ ਫੈਸਲੇ ਨੂੰ ਹਾਈਕਮਾਨ ਵੀ ਟਾਲ ਨਹੀਂ ਸਕਦੀ। ਦੱਸ ਦਈਏ ਕਿ ਸਿੱਧੂ ਦੀ ਹਾਈਕਮਾਨ ਦੀ ਚੋਟੀ ਦੀ ਲੀਡਰਸ਼ਿਪ ਨਾਲ ਕਾਫੀ ਨੇੜਤਾ ਹੈ। ਰਾਹੁਲ ਗਾਂਧੀ ਤੋਂ ਲੈ ਕੇ ਸਿੱਧੂ ਕਈ ਸੀਨੀਅਰ ਆਗੂਆਂ ਨੂੰ ਮਿਲੇ ਤੇ ਕੈਪਟਨ ਤੱਕ ਇਹ ਸਿਫਾਰਸ਼ਾਂ ਪਹੁੰਚੀਆਂ ਵੀ ਪਰ ਇਨ੍ਹਾਂ ਉਤੇ ਕੋਈ ਗੌਰ ਨਾ ਹੋਈ। ਸਿੱਧੂ ਦਾ ਅਸਤੀਫਾ ਇਕ ਮਹੀਨਾ ਰਾਹੁਲ ਗਾਂਧੀ ਕੋਲ ਪਿਆ ਰਿਹਾ ਪਰ ਜਦੋਂ ਇਹ ਕੈਪਟਨ ਤੱਕ ਪਹੁੰਚਿਆ ਤਾਂ ਕੁਝ ਘੰਟਿਆਂ ਵਿਚ ਹੀ ਸਿੱਧੂ ਦੀ ਹੋਣੀ ਤੈਅ ਹੋ ਗਈ।
ਦੱਸ ਦਈਏ ਕਿ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਹੋਈ ਲੱਕ ਤੋੜਵੀਂ ਹਾਰ ਕਰਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕਮਜ਼ੋਰ ਪੈ ਗਏ ਹਨ ਤੇ ਉਨ੍ਹਾਂ ਨੇ ਖੁਦ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਪੰਜਾਬ ਵਿਚ 13 ਵਿਚੋਂ ਅੱਠ ਲੋਕ ਸਭਾ ਸੀਟਾਂ ਜਿੱਤਣ ਕਰਕੇ ਕੈਪਟਨ ਦੀ ਸਥਿਤੀ ਮਜ਼ਬੂਤ ਹੋ ਗਈ ਹੈ ਜਿਸ ਸਦਕਾ ਕਾਂਗਰਸ ਹਾਈਕਮਾਂਡ ਉਨ੍ਹਾਂ ਕੋਲੋਂ ਮਨਮਰਜ਼ੀ ਦੇ ਫੈਸਲੇ ਨਹੀਂ ਕਰਵਾ ਸਕਦੀ। ਕ੍ਰਿਕਟ ਖਿਡਾਰੀ ਤੋਂ ਮੰਤਰੀ ਬਣੇ ਸਿੱਧੂ ਵੀ ਇਸ ਬਦਲੀ ਹੋਈ ਸਥਿਤੀ ਨੂੰ ਸਮਝਣ ਵਿਚ ਅਸਮਰਥ ਰਹੇ ਹਨ ਤੇ ਇਸ ਕਰਕੇ ਉਨ੍ਹਾਂ ਨੂੰ ਵਜ਼ਾਰਤ ਵਿਚੋਂ ਬਾਹਰ ਹੋਣਾ ਪੈ ਗਿਆ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਨਾਲ ਮਤਭੇਦ ਪੈਦਾ ਹੋਣ ਕਰਕੇ ਸਿੱਧੂ ਨੇ 10 ਜੂਨ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ ਅਸਤੀਫਾ ਦੇ ਦਿੱਤਾ ਸੀ ਅਤੇ ਇਕ ਮਹੀਨੇ ਪਿੱਛੋਂ 14 ਜੂਨ ਨੇ ਉਨ੍ਹਾਂ ਨੇ ਟਵੀਟ ਰਾਹੀ ਇਸ ਦੀ ਜਾਣਕਾਰੀ ਦਿੱਤੀ ਸੀ। ਇਸ ਨਾਲ ਹੀ ਕਿਹਾ ਸੀ ਕਿ ਉਹ ਆਪਣਾ ਅਸਤੀਫਾ ਮੁੱਖ ਮੰਤਰੀ ਨੂੰ ਭੇਜ ਦੇਣਗੇ ਅਤੇ ਅਗਲੇ ਦਿਨ 15 ਜੂਨ ਉਨ੍ਹਾਂ ਦੇ ਇਕ ਕਰੀਬੀ ਮਿੱਤਰ ਅਸਤੀਫਾ ਮੁੱਖ ਮੰਤਰੀ ਦੇ ਓ.ਐਸ਼ਡੀ. ਐਮ.ਪੀ. ਸਿੰਘ ਨੂੰ ਦੇ ਆਏ ਸਨ। ਉਸ ਸਮੇਂ ਦੋ ਕੈਬਨਿਟ ਮੰਤਰੀਆਂ ਨੇ ਕਿਹਾ ਸੀ ਕਿ ਸਿੱਧੂ ਅਸਤੀਫੇ ਬਾਰੇ ਡਰਾਮਾ ਕਰ ਰਹੇ ਹਨ ਤੇ ਉਨ੍ਹਾਂ ਨੂੰ ਕਾਂਗਰਸ ਪ੍ਰਧਾਨ ਨੂੰ ਅਸਤੀਫਾ ਭੇਜਣ ਦੀ ਥਾਂ ਮੁੱਖ ਮੰਤਰੀ ਨੂੰ ਅਸਤੀਫਾ ਭੇਜਣਾ ਚਾਹੀਦਾ ਹੈ।
ਛੇ ਜੂਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਵਜ਼ਾਰਤ ਦੀ ਮੀਟਿੰਗ ਕਰ ਰਹੇ ਸਨ ਤਾਂ ਉਸ ਸਮੇਂ ਸਿੱਧੂ ਨੇ ਆਪਣੇ ਨਿਵਾਸ ਸਥਾਨ ‘ਤੇ ਕੁਝ ਪੱਤਰਕਾਰਾਂ ਨੂੰ ਸੱਦ ਕੇ ਮੁੱਖ ਮੰਤਰੀ ਵੱਲੋਂ ਕਾਂਗਰਸ ਨੂੰ ਸ਼ਹਿਰੀ ਖੇਤਰਾਂ ਵਿਚ ਘੱਟ ਵੋਟਾਂ ਪੈਣ ਦੇ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਸ਼ਹਿਰੀ ਖੇਤਰਾਂ ਵਿਚ ਪਿਛਲੀਆਂ ਚੋਣਾਂ ਦੇ ਮੁਕਾਬਲੇ ਵੱਧ ਵੋਟਾਂ ਪਈਆਂ ਹਨ ਅਤੇ ਉਨ੍ਹਾਂ ਨੇ ਇਸ ਦੀ ਜਾਣਕਾਰੀ ਕਾਂਗਰਸ ਹਾਈਕਮਾਂਡ ਨੂੰ ਦੇ ਦਿੱਤੀ ਹੈ। ਉਸੇ ਸ਼ਾਮ ਮੁੱਖ ਮੰਤਰੀ ਨੇ ਆਪਣੀ ਵਜ਼ਾਰਤ ਦੇ 13 ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਕਰਦਿਆਂ ਸਿੱਧੂ ਕੋਲੋਂ ਸਥਾਨਕ ਸਰਕਾਰਾਂ, ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਲੈ ਕੇ ਬਿਜਲੀ ਵਿਭਾਗ ਅਤੇ ਨਵੀਂ ਅਤੇ ਨਵਿਆਉਣ ਊਰਜਾ ਵਿਭਾਗ ਦੇ ਦਿੱਤਾ ਸੀ ਜਿਸ ਦਾ ਸਿੱਧੂ ਨੇ ਚਾਰਜ ਨਹੀਂ ਸੀ ਲਿਆ। ਉਨ੍ਹਾਂ ਦਾ ਤਰਕ ਸੀ ਇਹ ਵਿਭਾਗ ਦਾ ਚਾਰਜ ਲੈ ਕੇ ਉਹ ਲਾਏ ਜਾ ਦੋਸ਼ਾਂ ਨੂੰ ਪ੍ਰਵਾਨ ਨਹੀਂ ਕਰਨਾ ਚਾਹੁੰਦੇ। ਉਂਜ ਵੀ ਉਨ੍ਹਾਂ ਨੇ ਉਸ ਦਿਨ ਇਕ ਸ਼ੇਅਰ ਪੜ੍ਹਿਆ ਸੀ ‘ਅਸੂਲੋਂ ਪੇ ਆਂਚ ਆਏ ਤੋਂ ਟਕਰਾਨਾ ਚਾਹੀਏ, ਜ਼ਿੰਦਾ ਹੈ ਤੋਂ ਜ਼ਿੰਦਾ ਨਜ਼ਰ ਆਨਾ ਚਾਹੀਏ’। ਇਸ ਤੋਂ ਸਪੱਸ਼ਟ ਸੀ ਕਿ ਉਨ੍ਹਾਂ ਅਤੇ ਮੁੱਖ ਮੰਤਰੀ ਵਿਚਾਲੇ ਸਮਝੌਤਾ ਹੋਣ ਦੇ ਆਸਾਰ ਮੱਧਮ ਹਨ ਅਤੇ ਇਸੇ ਕਰਕੇ ਕਾਂਗਰਸ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਦਖਲ ਨਾਲ ਵੀ ਮਾਮਲਾ ਸੁਲਝ ਨਹੀਂ ਸਕਿਆ।
______________________
ਸਿੱਧੂ ਦੇ ਤੀਜੀ ਸਿਆਸੀ ਧਿਰ ਨਾਲ ਜੁੜਨ ਦੇ ਚਰਚੇ
ਸਿੱਧੂ ਦਾ ਕਾਂਗਰਸ ਛੱਡ ਕੇ ਪੰਜਾਬ ਵਿਚ ਤੀਸਰੀ ਸਿਆਸੀ ਧਿਰ ਨਾਲ ਹੱਥ ਮਿਲਾਉਣ ਦੀ ਚਰਚਾ ਚੱਲ ਰਹੀ ਹੈ ਪਰ ਇਸ ਦੇ ਅਸਾਰ ਵੀ ਨਾਮਾਤਰ ਹੀ ਹਨ। ਦਰਅਸਲ, ਪੰਜਾਬ ਵਿਚ ਕਾਂਗਰਸ, ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਇਲਾਵਾ ਤੀਸਰੀ ਧਿਰ ਵਜੋਂ ਆਮ ਆਦਮੀ ਪਾਰਟੀ (ਆਪ) ਅਤੇ ਪੰਜਾਬ ਜਮਹੂਰੀ ਗੱਠਜੋੜ (ਪੀ.ਡੀ.ਏ.) ਹੀ ਸਰਗਰਮ ਹਨ। ਜਿਥੋਂ ਤੱਕ ‘ਆਪ’ ਦਾ ਸਵਾਲ ਹੈ ਸ੍ਰੀ ਸਿੱਧੂ ਸਾਲ 2017 ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਪਾਰਟੀ ਨਾਲ ਹੱਥ ਮਿਲਾਉਣ ਦਾ ਯਤਨ ਕਰਨ ਦਾ ਤਜਰਬਾ ਕਰ ਚੁੱਕੇ ਹਨ ਅਤੇ ਲੋਕ ਸਭਾ ਚੋਣਾਂ ‘ਚ ਮਿਲੀ ਭਾਰੀ ਹਾਰ ਤੋਂ ਬਾਅਦ ਪੀ.ਡੀ.ਏ. ਦੀਆਂ ਧਿਰਾਂ ਵੀ ਤਕਰੀਬਨ ਖਿੰਡ ਚੁੱਕੀਆਂ ਹਨ। ਪੀ.ਡੀ.ਏ. ਵਿਚਲੀ ਇਕ ਮੁੱਖ ਧਿਰ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸੁਪਰੀਮੋ ਮਾਇਆਵਤੀ ਪਹਿਲਾਂ ਹੀ ਕਿਸੇ ਵੀ ਧਿਰ ਨਾਲ ਗੱਠਜੋੜ ਕਰਕੇ ਚੋਣ ਨਾ ਲੜਨ ਦਾ ਐਲਾਨ ਕਰ ਚੁੱਕੀ ਹੈ। ਇਸ ਤੋਂ ਇਲਾਵਾ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਪੀ.ਡੀ.ਏ. ਤੋਂ ਦੂਰੀਆਂ ਬਣਾ ਕੇ ਆਪਣੇ ਪੱਧਰ ‘ਤੇ ਸਿਆਸੀ ਸਰਗਰਮੀਆਂ ਵਿੱਢ ਦਿੱਤੀਆਂ ਹਨ। ਇਸ ਤਰ੍ਹਾਂ ਸ੍ਰੀ ਸਿੱਧੂ ਕੋਲ ਫਿਲਹਾਲ ਪੰਜਾਬ ਵਿਚ ਕੋਈ ਤੀਸਰੀ ਸਿਆਸੀ ਧਿਰ ਉਸਾਰਨ ਦਾ ਵੀ ਬਦਲ ਨਾਮਾਤਰ ਹੀ ਹੈ।
______________________
ਨਵਜੋਤ ਸਿੰਘ ਸਿੱਧੂ ਦੀ ਗੁੰਮਸ਼ੁਦਗੀ ਦੇ ਲੱਗੇ ਪੋਸਟਰ
ਬਠਿੰਡਾ: ਬਠਿੰਡਾ ਦੇ ਸਾਬਕਾ ਅਕਾਲੀ ਕੌਂਸਲਰ ਵਿਜੇ ਕੁਮਾਰ ਨੇ ਪੰਜਾਬ ਕਾਂਗਰਸ ਦੇ ਆਗੂ ਤੇ ਸਾਬਕਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਆਪਣੀ ਸਰਕਾਰ ਨਾਲ ਚੱਲ ਰਹੇ ਕਲੇਸ਼ ਮਗਰੋਂ ਅਸਤੀਫਾ ਦੇਣ ‘ਤੇ ਸ੍ਰੀ ਸਿੱਧੂ ਦੇ ਗੁੰਮਸ਼ੁਦਾ ਹੋਣ ਵਾਲਾ ਫਲੈਕਸ ਬਠਿੰਡਾ ਦੇ ਪਰਸ ਰਾਮ ਚੌਕ ਵਿਚ ਵਿਚ ਰੱਖ ਦਿੱਤਾ ਹੈ। ਇਹ ਫਲੈਕਸ ਹਰ ਰਾਹਗੀਰ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ ਤੇ ਲੋਕਾਂ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਪੋਸਟਰ ਸਬੰਧੀ ਗੱਲ ਕਰਦਿਆਂ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ‘ਤੇ ਟਿੱਪਣੀਆਂ ਕੀਤੀਆਂ। ਪੋਸਟਰ ਵਿਚ ਨਵਜੋਤ ਸਿੰਘ ਸਿੱਧੂ ਦੇ ਗੁੰਮ ਹੋਣ ਵਾਲੇ ਦਿਨ ਦੀ ਪੱਗ ਅਤੇ ਕੱਪੜਿਆਂ ਦਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਨੇ ਆਖਿਆ ਕਿ ਨਵਜੋਤ ਸਿੰਘ ਸਿੱਧੂ ਸਰਕਾਰ ਛੱਡ ਕੇ ਭਗੌੜਾ ਹੋ ਗਿਆ ਹੈ ਅਤੇ ਜੇ ਉਨ੍ਹਾਂ ਨੂੰ ਪੰਜਾਬ ਦਾ ਸੱਚਮੁੱਚ ਦਰਦ ਸੀ ਤਾਂ ਉਹ ਬਿਜਲੀ ਮੰਤਰਾਲਾ ਸੰਭਾਲਦੇ ਅਤੇ ਲੋਕਾਂ ਨੂੰ ਬਿਜਲੀ ਚਾਰ ਰੁਪਏ ਪ੍ਰਤੀ ਯੂਨਿਟ ਪ੍ਰਦਾਨ ਕਰਦੇ।