ਨਸ਼ਿਆਂ ਤੋਂ ਬਾਅਦ ਏਡਜ਼ ਦੀ ਜਕੜ ‘ਚ ਪੰਜਾਬ

ਚੰਡੀਗੜ੍ਹ: ਨਸ਼ਿਆਂ ਵਿਚ ਗਲਤਾਨ ਹੋਏ ਪੰਜਾਬ ਦੀ ਜਵਾਨੀ ਹੁਣ ਐਚ.ਆਈ.ਵੀ. ਏਡਜ਼ ਦੀ ਗ੍ਰਿਫਤ ਵਿਚ ਵੀ ਫਸਦੀ ਜਾ ਰਹੀ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਏਡਜ਼ ਦੇ ਮਰੀਜ਼ਾਂ ਦੇ ਤਾਜ਼ਾ ਅੰਕੜਿਆਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਫਾਜ਼ਿਲਕਾ ‘ਚ 50 ਤੋਂ ਵੱਧ ਤੇ ਬਰਨਾਲਾ ਜ਼ਿਲ੍ਹੇ ‘ਚ 40 ਤੋਂ ਵੱਧ ਐਚ.ਆਈ.ਵੀ. ਪੀੜਤ ਨੌਜਵਾਨਾਂ ਦੀ ਖਬਰ ਨੇ ਸਾਰਿਆਂ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ।

ਪਿਛਲੇ ਦੋ ਮਹੀਨਿਆਂ ਵਿਚ ਜਲਾਲਾਬਾਦ ਦੇ ਨਸ਼ਾ ਛੁਡਾਊ ਸੈਂਟਰ ਵਿਚ ਕੁੱਲ 60 ਨਸ਼ੇ ਦੇ ਆਦੀਆਂ ਦੀ ਰਜਿਸਟਰੇਸ਼ਨ ਹੋਈ ਸੀ, ਜਿਨ੍ਹਾਂ ਵਿਚ ਨੌਕਰੀ ਪੇਸ਼ਾ, ਵੱਡੇ ਘਰਾਂ ਦੇ ਕਾਕੇ ਅਤੇ ਪੁਲਿਸ ਤੇ ਹੋਰਨਾਂ ਸਰਕਾਰੀ ਮੁਲਾਜ਼ਮਾਂ ਦੇ ਕਰਮਚਾਰੀ ਤੇ ਉਨ੍ਹਾਂ ਦੇ ਬੱਚੇ ਵੀ ਸ਼ਾਮਲ ਹਨ। ਇਸ ਮਾਮਲੇ ‘ਤੇ ਆਮ ਆਦਮੀ ਪਾਰਟੀ ਦੀਆਂ ਮਹਿਲਾ ਵਿਧਾਇਕਾਂ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਨੇ ਐਚ.ਆਈ.ਵੀ. ਪੀੜਤ ਨਸ਼ਈਆਂ ਦੀ ਗਿਣਤੀ ‘ਤੇ ਕੈਪਟਨ ਸਰਕਾਰ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਜਾਨਲੇਵਾ ਅਲਾਮਤਾਂ ਨਾ ਪਿਛਲੀਆਂ ਸਰਕਾਰਾਂ ਦੇ ਏਜੰਡੇ ‘ਤੇ ਸਨ ਅਤੇ ਨਾ ਹੀ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਏਜੰਡੇ ਉਤੇ ਹਨ।
ਇਸ ਸਾਲ ਅਪਰੈਲ, ਮਈ ਅਤੇ ਜੂਨ ਮਹੀਨੇ ਵਿਚ ਏਡਜ਼ ਦੇ 40 ਮਰੀਜ਼ਾਂ ਦੀ ਪੁਸ਼ਟੀ ਸਰਕਾਰੀ ਰਿਕਾਰਡ ਵਿਚ ਹੋਈ ਹੈ। ਏਡਜ਼ ਦੇ 40 ਮਰੀਜ਼ਾਂ ਵਿਚ ਪੰਜ ਨਵਜੰਮੇ ਬੱਚੇ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਐਚ.ਆਈ.ਵੀ. ਆਪਣੇ ਮਾਪਿਆਂ ਤੋਂ ਹੋਇਆ ਹੈ। ਇਨ੍ਹਾਂ ਵਿਚ 15 ਔਰਤਾਂ (ਇਕ ਬੱਚੀ) ਤੇ 25 ਪੁਰਸ਼ (4 ਬੱਚੇ) ਸ਼ਾਮਲ ਹਨ। ਐਚ.ਆਈ.ਵੀ. ਪਾਜ਼ੀਟਿਵ ਆਏ ਇਨ੍ਹਾਂ ਮਰੀਜ਼ਾਂ ਦੀ ਉਮਰ 25 ਤੋਂ 50 ਸਾਲ ਦੇ ਵਿਚਕਾਰ ਹੈ। ਜ਼ਿਆਦਾਤਰ ਮਰੀਜ਼ ਖੇਤੀਬਾੜੀ ਅਤੇ ਡਰਾਈਵਿੰਗ ਦੇ ਕਿੱਤੇ ਨਾਲ ਸਬੰਧਤ ਹਨ। ਇਨ੍ਹਾਂ ਵਿਚ ਕੁਝ ਪਰਵਾਸੀ ਮਜ਼ਦੂਰ ਤੇ ਤਿੰਨ ਨਸ਼ੇੜੀ ਵੀ ਸ਼ਾਮਲ ਹਨ। ਬਹੁਗਿਣਤੀ ਮਰੀਜ਼ ਭਦੌੜ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਤੋਂ ਹਨ। ਭਦੌੜ ਵਿਚ ਪਿਛਲੇ ਦਿਨੀਂ ਲੱਗੇ ਖੂਨਦਾਨ ਕੈਂਪਾਂ ਵਿਚੋਂ ਬਹੁਤੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਮਰੀਜ਼ਾਂ ਵਿਚ ਬਹੁਤਿਆਂ ਨੂੰ ਏਡਜ਼ ਹੋਣ ਦਾ ਕਾਰਨ ਨਾਜਾਇਜ਼ ਸਬੰਧ ਸਮਝਿਆ ਜਾ ਰਿਹਾ ਹੈ।
ਸਰਕਾਰੀ ਹਸਪਤਾਲ ਦੇ ਅੰਕੜਿਆਂ ਅਨੁਸਾਰ ਪਿਛਲੇ ਵਰ੍ਹਿਆਂ ਦੇ ਮੁਕਾਬਲੇ ਇਸ ਸਾਲ ਇਹ ਅੰਕੜਾ ਜ਼ਿਆਦਾ ਹੈ। 2018 ਵਿਚ ਜ਼ਿਲ੍ਹੇ ਵਿਚ ਕੁੱਲ 58 ਮਰੀਜ਼ਾਂ ਨੂੰ ਏਡਜ਼ ਦੀ ਪੁਸ਼ਟੀ ਹੋਈ ਸੀ। 2017 ਵਿਚ 76 ਮਰੀਜ਼ ਏਡਜ਼ ਦੇ ਸਨ, ਜਿਨ੍ਹਾਂ ਵਿਚ 45 ਪੁਰਸ਼, 28 ਔਰਤਾਂ ਅਤੇ 3 ਗਰਭਵਤੀ ਔਰਤਾਂ ਸ਼ਾਮਲ ਸਨ। 2016 ਵਿਚ ਵੀ 54 ਮਰੀਜ਼ ਐਚ.ਆਈ.ਵੀ. ਪਾਜ਼ੀਟਿਵ ਪਾਏ ਗਏ ਸਨ, ਜਿਨ੍ਹਾਂ ਵਿਚ 29 ਪੁਰਸ਼, 19 ਔਰਤਾਂ ਅਤੇ 6 ਗਰਭਵਤੀ ਔਰਤਾਂ ਸ਼ਾਮਲ ਹਨ। ਜ਼ਿਲ੍ਹੇ ਵਿਚ ਹੁਣ ਤੱਕ ਏਡਜ਼ ਦੇ ਮਰੀਜ਼ਾਂ ਵਿਚ ਪੁਰਸ਼ਾਂ ਦੀ ਗਿਣਤੀ ਵੱਧ ਹੈ। ਪੁਰਸ਼ਾਂ ਤੋਂ ਹੀ ਐਚ.ਆਈ.ਵੀ. ਦੀ ਬਿਮਾਰੀ ਔਰਤਾਂ ਤੱਕ ਸਬੰਧ ਬਣਾਉਣ ਸਮੇਂ ਪਹੁੰਚਦੀ ਹੈ। ਜਣੇਪੇ ਸਮੇਂ ਇਹ ਬਿਮਾਰੀ ਮਾਂ ਤੋਂ ਬੱਚੇ ਤੱਕ ਪੁੱਜ ਰਹੀ ਹੈ। ਇਸ ਵਰ੍ਹੇ ਸਿਰਫ ਤਿੰਨ ਮਹੀਨਿਆਂ ਵਿਚ ਏਡਜ਼ ਦੇ 40 ਮਰੀਜ਼ ਸਾਹਮਣੇ ਆਉਣਾ ਚਿੰਤਾ ਦਾ ਵਿਸ਼ਾ ਹੈ। ਸਿਹਤ ਵਿਭਾਗ ਨੂੰ ਜਾਗਰੂਕਤਾ ਮੁਹਿੰਮ ਤੇਜ਼ ਕਰਨ ਦੀ ਲੋੜ ਹੈ।