ਘੱਗਰ ਦਰਿਆ ਨੇ ਕਿਸਾਨਾਂ ਦੀਆਂ ਆਸਾਂ ‘ਤੇ ਮੁੜ ਫੇਰਿਆ ਪਾਣੀ

ਹਜ਼ਾਰਾਂ ਏਕੜ ਫਸਲ ਬਰਬਾਦ, ਲੋਕ ਦੇ ਘਰਾਂ ਵਿਚ ਭਰਿਆ ਪਾਣੀ
ਸੰਗਰੂਰ: ਘੱਗਰ ਦਰਿਆ ਨੇ ਪਟਿਆਲਾ ਤੇ ਸੰਗਰੂਰ ਜਿਲ੍ਹਿਆਂ ਵਿਚ ਭਾਰੀ ਤਬਾਹੀ ਮਚਾਈ ਹੋਈ ਹੈ। ਹਜ਼ਾਰਾਂ ਏਕੜ ਫਸਲ ਪਾਣੀ ਵਿਚ ਡੁੱਬਣ ਕਾਰਨ ਤਬਾਹ ਹੋ ਗਈ ਹੈ। ਘਰਾਂ ਵਿਚ ਪਾਣੀ ਦਾਖਲ ਹੋਣ ਕਾਰਨ ਲੋਕਾਂ ਨੂੰ ਕੋਠਿਆਂ ਉਤੇ ਦਿਨ ਗੁਜਾਰਨੇ ਪਏ ਰਹੇ ਹਨ। ਸੰਗਰੂਰ ਜ਼ਿਲ੍ਹੇ ‘ਚੋਂ ਲੰਘਦੇ ਘੱਗਰ ਦਰਿਆ ਦੇ ਬੰਨ੍ਹ ਵਿਚ ਮੂਨਕ ਦੇ ਪਿੰਡ ਫੂਲਦ ਕੋਲ ਵੱਡਾ ਪਾੜ ਪੈਣ ਕਾਰਨ ਨੇੜਲੇ ਕਈ ਪਿੰਡਾਂ ਦੀ ਫਸਲ ਪਾਣੀ ਵਿਚ ਡੁੱਬ ਗਈ ਹੈ।

ਅਜੇ ਇਥੇ ਪਾੜ ਉਤੇ ਕਾਬੂ ਪਾਉਣ ਦੀਆਂ ਤਿਆਰੀਆਂ ਕੀਤੀਆਂ ਹੀ ਜਾ ਰਹੀਆਂ ਸਨ ਕਿ ਸਮਾਣਾ ਤੋਂ ਲੈ ਕੇ ਸੰਗਰੂਰ ਜਿਲ੍ਹੇ ਦੀ ਹੱਦ ਤੱਕ ਕਈ ਪਾੜ ਪੈ ਗਏ। ਦਰਿਆ ਦੇ ਪਾਣੀ ਦਾ ਪੱਧਰ ਇੰਨਾ ਵਧ ਗਿਆ ਕਿ ਹਾਲਾਤ ਉਤੇ ਕਾਬੂ ਪਾਉਣਾ ਪ੍ਰਸ਼ਾਸਨ ਤੇ ਆਮ ਲੋਕਾਂ ਦੇ ਵੱਸੋਂ ਬਾਹਰ ਹੋ ਗਿਆ। ਇਸ ਪਾਣੀ ਨੇ ਭਾਰੀ ਤਬਾਹੀ ਮਚਾਈ ਹੈ। ਘੱਗਰ ਨੇੜਲੇ ਪਿੰਡਾਂ ਦੇ ਲੋਕਾਂ ‘ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਘੱਗਰ ਦੇ ਬੰਨ੍ਹਾਂ ‘ਚ ਕਈ ਥਾਈਂ ਆਈਆਂ ਦਰਾੜਾਂ ਕਾਰਨ ਲੋਕ ਸਹਿਮੇ ਹੋਏ ਹਨ। ਇਸ ਸਥਿਤੀ ਨਾਲ ਨਜਿੱਠਣ ਲਈ ਫੌਜ, ਐਨ.ਡੀ.ਆਰ.ਐਫ਼ ਅਤੇ ਐਸ਼ਡੀ.ਆਰ.ਐਫ਼ ਦੀਆਂ ਟੀਮਾਂ ਮੌਕੇ ‘ਤੇ ਪੁੱਜ ਕੇ ਪਾੜ ਪੂਰਨ ਦੇ ਕਾਰਜ ਵਿਚ ਜੁਟੀਆਂ ਰਹੀਆਂ। ਘੱਗਰ ਦਰਿਆ ‘ਚ ਪਾੜ ਪੈਣ ਕਾਰਨ ਲਗਾਤਾਰ ਫੈਲ ਰਹੇ ਪਾਣੀ ਦੇ ਮੱਦੇਨਜ਼ਰ ਮੂਨਕ ਸ਼ਹਿਰ ਅਤੇ ਨੇੜਲੇ ਪਿੰਡਾਂ ਵਿਚ ਸਪੀਕਰਾਂ ਰਾਹੀਂ ਹੋਕੇ ਦੇ ਕੇ ਲੋਕਾਂ ਨੂੰ ਸੁਚੇਤ ਕੀਤਾ।
ਪਿੰਡ ਮਕੋਰੜ ਸਾਹਿਬ, ਫੂਲਦ ਅਤੇ ਸੁਰਜਨ ਭੈਣੀ ਦੀ ਕਰੀਬ ਤਿੰਨ ਤੋਂ ਚਾਰ ਹਜ਼ਾਰ ਏਕੜ ਫਸਲ ਪਾਣੀ ਵਿਚ ਡੁੱਬ ਗਈ ਹੈ ਅਤੇ ਪਾਣੀ ਦਾ ਤੇਜ਼ ਵਹਾਅ ਲਗਾਤਾਰ ਅੱਗੇ ਵਧ ਰਿਹਾ ਹੈ। ਪਿੰਡ ਸੁਰਜਨ ਭੈਣੀ, ਸਲੇਮਗੜ੍ਹ, ਮਕੋਰੜ ਸਾਹਿਬ, ਕੜੈਲ ਆਦਿ ਵਿਚ ਸਹਿਮ ਦਾ ਮਾਹੌਲ ਹੈ ਕਿਉਂਕਿ ਇਨ੍ਹਾਂ ਪਿੰਡਾਂ ਦੇ ਲੋਕ ਪਹਿਲਾਂ ਵੀ ਘੱਗਰ ਦੀ ਮਾਰ ਝੱਲ ਚੁੱਕੇ ਹਨ। ਮਾਲਵਾ ਖਿੱਤੇ ‘ਚ ਮੀਹਾਂ ਦੇ ਪਾਣੀ ਨੇ ਕਰੀਬ ਇਕ ਲੱਖ ਏਕੜ ਫਸਲ ਝੰਬ ਦਿੱਤੀ ਹੈ, ਜਿਸ ਨਾਲ ਕਿਸਾਨਾਂ ਦੇ ਫਿਕਰ ਅਤੇ ਲਾਗਤ ਖਰਚੇ ਵਧ ਜਾਣੇ ਹਨ। ਪਹਿਲਾਂ ਸੋਕੇ ਨੇ ਖੇਤ ਸੁੱਕਣੇ ਪਾਏ ਸਨ ਅਤੇ ਹੁਣ ਮੀਂਹ ਨੇ ਤਰਥੱਲੀ ਮਚਾ ਦਿੱਤੀ। ਬਠਿੰਡਾ ਜ਼ਿਲ੍ਹੇ ਵਿਚ ਤਕਰੀਬਨ 30 ਹਜ਼ਾਰ ਏਕੜ ਰਕਬਾ ਪਾਣੀ ‘ਚ ਡੁੱਬ ਗਿਆ। ਸਭ ਤੋਂ ਵੱਧ ਪ੍ਰਭਾਵਿਤ ਕਰੀਬ 16 ਹਜ਼ਾਰ ਏਕੜ ਰਕਬਾ ਨਰਮੇ ਵਾਲਾ ਹੈ।
ਗੋਨਿਆਣਾ ਦੇ ਪਿੰਡ ਮਹਿਮਾ ਸਰਜਾ, ਮਹਿਜਾ ਸਰਕਾਰੀ ਅਤੇ ਮਹਿਮਾ ਸਵਾਈ ਵਿਚ ਸਭ ਤੋਂ ਵੱਧ ਸੱਟ ਮੀਂਹ ਦੇ ਪਾਣੀ ਨੇ ਮਾਰੀ ਹੈ। ਮਾਨਸਾ ਜ਼ਿਲ੍ਹੇ ਵਿਚ ਵੀ ਕਰੀਬ 40 ਹਜ਼ਾਰ ਏੇਕੜ ਰਕਬੇ ਵਿਚ ਪਾਣੀ ਭਰ ਗਿਆ ਹੈ। ਜ਼ਿਲ੍ਹੇ ਦੇ ਪਿੰਡ ਖੀਵਾ ਖੁਰਦ ਵਿਚ 400 ਏਕੜ, ਭੈਣੀ ਬਾਘਾ ਵਿਚ 400 ਏਕੜ, ਕੋਟਧਰਮੂ ਵਿਚ 100 ਏਕੜ, ਅਲੀਸ਼ੇਰ ਕਲਾਂ ਤੇ ਖੁਰਦ ਵਿਚ 200 ਏਕੜ ਫਸਲ ਨੁਕਸਾਨੀ ਗਈ ਹੈ। ਜ਼ਿਲ੍ਹਾ ਖੇਤੀਬਾੜੀ ਅਫਸਰ ਮਾਨਸਾ ਗੁਰਮੇਲ ਸਿੰਘ ਨੇ ਦੱਸਿਆ ਕਿ ਬੁਢਲਾਡਾ, ਮਾਨਸਾ ਤੇ ਭੀਖੀ ਦੇ ਪਿੰਡਾਂ ਵਿਚ ਝੋਨੇ ਦੇ ਖੇਤਾਂ ਵਿਚ ਪਾਣੀ ਖੜ੍ਹਿਆ ਅਤੇ ਕਰੀਬ 16 ਹਜ਼ਾਰ ਹੈਕਟੇਅਰ ਰਕਬਾ ਪਾਣੀ ਦੀ ਮਾਰ ਹੇਠ ਆ ਗਿਆ ਹੈ। ਵੇਰਵਿਆਂ ਅਨੁਸਾਰ ਮੁਕਤਸਰ ਦੇ ਸੇਮ ਪ੍ਰਭਾਵਿਤ ਇਲਾਕਿਆਂ ਨੂੰ ਸਭ ਤੋਂ ਵੱਧ ਮਾਰ ਪਈ ਹੈ। ਮੁਕਤਸਰ ਜ਼ਿਲ੍ਹੇ ਵਿਚ ਪਹਿਲੇ ਦਿਨ 172 ਐਮ.ਐਮ ਅਤੇ ਦੂਸਰੇ ਦਿਨ 76 ਐਮ.ਐਮ ਵਰਖਾ ਹੋਈ ਹੈ। ਇਸ ਜ਼ਿਲ੍ਹੇ ਵਿਚ 22 ਹਜ਼ਾਰ ਏਕੜ ਫਸਲ ਪਾਣੀ ਦੀ ਮਾਰ ਹੇਠ ਆ ਗਈ ਹੈ, ਜਿਸ ‘ਚੋਂ ਚਾਰ ਹਜ਼ਾਰ ਏਕੜ ਫਸਲ ਇਕੱਲੀ ਨਰਮੇ ਦੀ ਹੈ। ਉਧਰ, ਸਰਕਾਰ ਇਸ ਸਮੱਸਿਆ ਦਾ ਪੱਕਾ ਹੱਲ ਕਰਨ ਦੀ ਥਾਂ ਕਿਸਾਨਾਂ ਨੂੰ ਬੱਸ ਹੌਸਲਾ ਹੀ ਦੇ ਰਹੀ ਹੈ।
ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦਾ ਕਹਿਣਾ ਹੈ ਕਿ ਘੱਗਰ ਵੱਲੋਂ ਕੀਤੇ ਜਾਂਦੇ ਨੁਕਸਾਨ ਦੇ ਹੱਲ ਲਈ ਪਿਛਲੀ ਸਰਕਾਰ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ ਬਲਕਿ ਮਹਿਜ਼ ਬਿਆਨਬਾਜ਼ੀ ਹੀ ਕੀਤੀ ਗਈ ਹੈ ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਇਸ ਦੇ ਪੱਕੇ ਹੱਲ ਲਈ ਸੁਹਿਰਦ ਯਤਨ ਕੀਤੇ ਜਾ ਰਹੇ ਹਨ। ਜਲ ਸਰੋਤ ਮੰਤਰੀ ਨੇ ਦੱਸਿਆ ਕਿ ਇਸ ਵਾਰ ਸਾਲ ਦੀ ਸ਼ੁਰੂਆਤ ਵਿੱਚ ਹੀ ਹੜ੍ਹ ਰੋਕੂ ਪ੍ਰਬੰਧਾਂ ਸਬੰਧੀ ਮੀਟਿੰਗ ਕੀਤੀ ਗਈ ਸੀ, ਜੋ ਕਿ ਪਹਿਲਾਂ ਬਰਸਾਤਾਂ ਦੇ ਮੌਸਮ ਵਿਚ ਹੁੰਦੀ ਸੀ, ਜਿਸ ਸਦਕਾ ਇਸ ਵਾਰ ਸੂਬੇ ਵਿਚ 15 ਤੋਂ 17 ਜੁਲਾਈ ਦਰਮਿਆਨ ਰਿਕਾਰਡ ਭਾਰੀ ਮੀਂਹ ਪੈਣ ਦੇ ਬਾਵਜੂਦ ਪਿਛਲੇ ਸਾਲਾਂ ਨਾਲੋਂ ਘੱਟ ਨੁਕਸਾਨ ਹੋਇਆ ਹੈ ਕਿਉਂਕਿ ਸਾਰੇ ਪ੍ਰਬੰਧ ਸਮੇਂ ਸਿਰ ਕਰ ਲਏ ਸਨ।
_____________________________
ਘੱਗਰ ਦਾ ਮਸਲਾ ਲੋਕ ਸਭਾ ‘ਚ ਉਠਾਵਾਂਗੇ: ਪ੍ਰਨੀਤ ਕੌਰ
ਪਟਿਆਲਾ: ਪਟਿਆਲਾ-ਸੰਗਰੂਰ ਜਿਲ੍ਹਿਆਂ ਵਿਚ ਲੰਬੇ ਸਮੇਂ ਤੋਂ ਤਬਾਹੀ ਮਚਾਉਂਦੇ ਘੱਗਰ ਦੇ ਸਥਾਈ ਹੱਲ ਲਈ ਇਸ ਮੁੱਦੇ ਨੂੰ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਸੰਸਦ ਦੇ ਚੱਲ ਰਹੇ ਸੈਸ਼ਨ ਵਿਚ ਉਠਾਉਣਗੇ। ਪਟਿਆਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਬਾਅਦ ਪ੍ਰਨੀਤ ਕੌਰ ਨੇ ਦੱਸਿਆ ਕਿ ਇਹ ਮੁੱਦਾ ਉਠਾਉਣ ਲਈ ਉਨ੍ਹਾਂ ਨੇ ਅਰਜ਼ੀ ਦੇ ਦਿੱਤੀ ਹੈ ਤੇ ਕੁਝ ਹੀ ਦਿਨਾਂ ਤੱਕ ਸੰਸਦ ‘ਚ ਮੁੱਦਾ ਉਠਾ ਕੇ ਕੇਂਦਰ ਸਰਕਾਰ ਤੋਂ ਇਸ ਦੇ ਸਥਾਈ ਹੱਲ ਦੀ ਮੰਗ ਕਰਨਗੇ। ਪ੍ਰਨੀਤ ਕੌਰ ਦਾ ਕਹਿਣਾ ਸੀ ਕਿ ਇਸ ਮਸਲੇ ਦੇ ਸਥਾਈ ਹੱਲ ਲਈ ਸਬੰਧਤ ਵਿਭਾਗਾਂ, ਇਲਾਕਾ ਵਾਸੀਆਂ ਪਾਸੋਂ ਜਾਣਕਾਰੀ ਪ੍ਰਾਪਤ ਕਰਕੇ ਇਸ ਮਸਲੇ ਦੇ ਹੱਲ ਲਈ ਯੋਜਨਾ ਤਿਆਰ ਕੀਤੀ ਜਾਵੇਗੀ। ਬਰਸਾਤੀ ਪਾਣੀ ਨੂੰ ਪੂਰਾ ਲਾਂਘਾ ਦੇਣ ਲਈ ਨਾਲਿਆਂ ਅਤੇ ਡਰੇਨਾਂ ਦੀ ਮਾਲ ਵਿਭਾਗ ਦੇ ਰਿਕਾਰਡ ਮੁਤਾਬਕ ਨਿਸ਼ਾਨਦੇਹੀ ਕਰਕੇ ਸਫਾਈ ਤੇ ਪੁਟਾਈ ਕਰਵਾਈ ਜਾਵੇਗੀ, ਪਾਣੀ ਦੇ ਲਾਂਘੇ ਵਾਲੇ ਸਥਾਨਾਂ ਤੋਂ ਨਾਜਾਇਜ਼ ਕਬਜ਼ੇ ਵੀ ਹਟਾਏ ਜਾਣਗੇ ਤਾਂ ਜੋ ਅੱਗੇ ਤੋਂ ਹੜ੍ਹਾਂ ਦੀ ਮਾਰ ਨਾ ਝੱਲਣੀ ਪਵੇ।