ਨਾਮੁਰਾਦ ਬਿਮਾਰੀ ਕੈਂਸਰ ਨੇ ਪੰਜਾਬ ਦੇ ਘਰ-ਘਰ ਵਿਛਾਏ ਸੱਥਰ

ਕੈਂਸਰ ਨਾਲ ਔਸਤਨ ਰੋਜ਼ਾਨਾ 48 ਮੌਤਾਂ
ਬਠਿੰਡਾ: ਪੰਜਾਬ ਵਿਚ ਨਾਮੁਰਾਦ ਬਿਮਾਰੀ ਕੈਂਸਰ ਨੇ ਘਰ-ਘਰ ਸੱਥਰ ਵਿਛਾ ਦਿੱਤੇ ਹਨ। ਕੈਂਸਰ ਦਾ ‘ਰਿਪੋਰਟ ਕਾਰਡ’ ਦੇਖ ਕੇ ਕਾਂਬਾ ਛਿੜਦਾ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਹੁਣ ਨੋਟਿਸ ਲਿਆ ਹੈ ਕਿ ਉਤਰੀ ਭਾਰਤ ‘ਚੋਂ ਪੰਜਾਬ ਤੇ ਉਤਰ ਪ੍ਰਦੇਸ਼ ‘ਚ ਕੈਂਸਰ ਹਰ ਵਰ੍ਹੇ ਆਪਣੇ ਪੈਰ ਪਸਾਰ ਰਿਹਾ ਹੈ। ਪੰਜਾਬ ‘ਚ ਸਭ ਤੋਂ ਵੱਧ ਕਹਿਰ ਮਾਲਵੇ ਵਿਚ ਵਰਤਾਇਆ ਹੈ।

ਪੰਜਾਬ ਵਿਚ ਮੌਜੂਦਾ ਸਮੇਂ ਰੋਜ਼ਾਨਾ ਔਸਤਨ 48 ਮਰੀਜ਼ ਕੈਂਸਰ ਨਾਲ ਮਰ ਰਹੇ ਹਨ ਜਦੋਂਕਿ ਹਰ ਰੋਜ਼ 96 ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ। ਅੱਠ ਸਾਲ ਪਹਿਲਾਂ ਦੀ ਔਸਤਨ ਦੇਖੀਏ ਤਾਂ ਰੋਜ਼ਾਨਾ 28 ਮੌਤਾਂ ਕੈਂਸਰ ਕਾਰਨ ਹੁੰਦੀਆਂ ਸਨ ਜਦੋਂ ਕਿ 64 ਨਵੇਂ ਮਰੀਜ਼ ਕੈਂਸਰ ਦੀ ਗ੍ਰਿਫਤ ‘ਚ ਆਉਂਦੇ ਸਨ। ਪਹਿਲੀ ਜਨਵਰੀ 2011 ਤੋਂ 31 ਦਸੰਬਰ 2018 ਤੱਕ (ਅੱਠ ਸਾਲਾਂ ‘ਚ) 2.34 ਲੱਖ ਕੈਂਸਰ ਦੇ ਮਰੀਜ਼ ਪੰਜਾਬ ਭਰ ‘ਚੋਂ ਸਾਹਮਣੇ ਆਏ ਜਦੋਂ ਕਿ ਇਸ ਸਮੇਂ ਦੌਰਾਨ 1.09 ਲੱਖ ਕੈਂਸਰ ਮਰੀਜ਼ ਜ਼ਿੰਦਗੀ ਨੂੰ ਅਲਵਿਦਾ ਆਖ ਗਏ। ਮਤਲਬ ਕਿ ਅੱਠ ਵਰ੍ਹਿਆਂ ਦੌਰਾਨ ਔਸਤਨ ਰੋਜ਼ਾਨਾ 37 ਘਰਾਂ ‘ਚ ਸੱਥਰ ਵਿਛੇ।
ਵੇਰਵਿਆਂ ਅਨੁਸਾਰ ਸਾਲ 2018 ਵਿਚ 35,137 ਕੈਂਸਰ ਦੇ ਨਵੇਂ ਮਰੀਜ਼ ਸਾਹਮਣੇ ਆਏ ਜਦੋਂ ਕਿ 17,771 ਮਰੀਜ਼ ਜਹਾਨੋਂ ਚਲੇ ਗਏ। ਸਾਲ 2017 ਵਿਚ 33,781 ਮਰੀਜ਼ ਕੈਂਸਰ ਦੇ ਲੱਭੇ ਸਨ ਅਤੇ 17,084 ਮਰੀਜ਼ ਮੌਤ ਦੇ ਮੂੰਹ ਜਾ ਪਏ। ਏਨਾ ਮਹਿੰਗਾ ਇਲਾਜ ਹੈ ਕਿ ਗਰੀਬ ਬੰਦੇ ਕੋਲ ਸਿਵਾਏ ਅਰਦਾਸ ਤੋਂ ਕੋਈ ਚਾਰਾ ਨਹੀਂ ਬਚਦਾ। ਪ੍ਰਤੀ ਮਰੀਜ਼ ਦਾ ਇਲਾਜ ‘ਤੇ ਖਰਚਾ ਘੱਟੋ ਘੱਟ 1.50 ਲੱਖ ਰੁਪਏ ਵੀ ਮੰਨ ਲਈਏ ਤਾਂ ਲੰਘੇ ਅੱਠ ਵਰ੍ਹਿਆਂ ਵਿਚ ਇਕੱਲੇ ਇਲਾਜ ‘ਤੇ ਪੰਜਾਬ ਦੇ ਲੋਕ 3600 ਕਰੋੜ ਰੁਪਏ ਖਰਚ ਕਰ ਚੁੱਕੇ ਹਨ। ਰੋਜ਼ਾਨਾ ਸਵਾ ਕਰੋੜ ਰੁਪਏ ਕੈਂਸਰ ਦੇ ਇਲਾਜ ਖਰਚ ਹੋ ਰਿਹਾ ਹੈ। ਪਿੰਡ ਜੈਦ ਦੀ ਇੱਕ 7 ਵਰ੍ਹਿਆਂ ਦੀ ਬੱਚੀ ਨੂੰ ਕੈਂਸਰ ਹੈ ਜਿਸ ਤੇ ਇਲਾਜ ਖਰਚਾ 6.25 ਲੱਖ ਰੁਪਏ ਦੱਸਿਆ ਗਿਆ ਹੈ। ਇਵੇਂ ਫਰੀਦਕੋਟ ਦੇ ਮਰੀਜ਼ ਅਨੂਪ ਦੇ ਇਲਾਜ ਲਈ 4.60 ਲੱਖ ਰੁਪਏ ਦਾ ਅਨੁਮਾਨ ਹਸਪਤਾਲ ਨੇ ਲਗਾਇਆ ਹੈ।
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਤਹਿਤ 1.50 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ। ਔਸਤਨ ਦੇਖੀਏ ਤਾਂ 1.50 ਤੋਂ 3 ਲੱਖ ਰੁਪਏ ਤੱਕ ਦਾ ਖਰਚਾ ਪ੍ਰਤੀ ਮਰੀਜ਼ ਆਉਂਦਾ ਹੈ। ਕੈਂਸਰ ਨੇ ਕੋਈ ਪਿੰਡ ਨਹੀਂ ਬਖਸ਼ਿਆ। ਫਰੀਦਕੋਟ ਦੇ ਪਿੰਡ ਕਟੋਰੇਵਾਲਾ ਦੇ ਡੇਢ ਸਾਲ ਦੇ ਬੱਚੇ ਨੂੰ ਕੈਂਸਰ ਹੈ ਜਦੋਂ ਕਿ ਮੋਗਾ ਦੇ ਪਿੰਡ ਸੈਦੋ ਕੇ ਦੀ ਦੋ ਸਾਲ ਦੀ ਬੱਚੀ ਨੂੰ ਵੀ ਕੈਂਸਰ ਹੈ। ਪਟਿਆਲਾ ਦੇ ਪਿੰਡ ਬਾਦਸ਼ਾਹਪੁਰ ਦੀ ਤਿੰਨ ਸਾਲ ਦੀ ਬੱਚੀ ਨੂੰ ਇਹੋ ਚੰਦਰੀ ਬਿਮਾਰੀ ਹੈ ਜਦੋਂ ਕਿ ਤਰਨ ਤਾਰਨ ਦੇ ਪਿੰਡ ਜੋਣੋਕੇ ਦੇ ਤਿੰਨ ਸਾਲ ਦੇ ਬੱਚੇ ਦੇ ਹਾਸੇ ਵੀ ਕੈਂਸਰ ਨੇ ਖੋਹ ਲਏ ਹਨ। ਸੋਝੀ ਤੋਂ ਪਹਿਲਾਂ ਹੀ ਇਨ੍ਹਾਂ ਬੱਚਿਆਂ ਨੂੰ ਕੈਂਸਰ ਨਾਲ ਭਿੜਨਾ ਪੈ ਗਿਆ।
ਪੰਜਾਬ ‘ਚ ਤਾਂ ਹੁਣ ਜ਼ਿੰਦਗੀ ਦੇ ਆਖਰੀ ਮੌੜ ‘ਤੇ ਵੀ ਕੈਂਸਰ ਹੀ ਟੱਕਰਦਾ ਹੈ। ਮੁਕਤਸਰ ਦੇ ਪਿੰਡ ਮੱਲਣ ਦੇ 80 ਵਰ੍ਹਿਆਂ ਦੇ ਬਜ਼ੁਰਗ ਅਤੇ ਸੰਗਰੂਰ ਦੇ ਵੀ 80 ਸਾਲ ਦੇ ਬਜ਼ੁਰਗ ਦਾ ਕੈਂਸਰ ਨੇ ਬੁਢਾਪਾ ਰੋਲ ਦਿੱਤਾ ਹੈ।
ਪਟਿਆਲਾ ਦੇ ਪਿੰਡ ਚੁਪਕੀ ਦੀ 80 ਸਾਲ ਦੀ ਦਲੀਪ ਕੌਰ ਅਤੇ ਅਲਗੋ ਖੁਰਦ (ਤਰਨ ਤਾਰਨ) ਦੇ ਬਜ਼ੁਰਗ ਸਲਵਿੰਦਰ ਸਿੰਘ ਨੂੰ ਵੀ ਬੁਢਾਪੇ ਵਿਚ ਕੈਂਸਰ ਨੇ ਨੱਪ ਲਿਆ ਹੈ। ਡਾ. ਮਨਜੀਤ ਜੌੜਾ ਆਖਦੇ ਹਨ ਕਿ ਮਾਲਵੇ ਖਿੱਤੇ ਵਿਚ ਕੈਂਸਰ ਦੀ ਫੀਸਦ ਕੌਮੀ ਔਸਤ ਤੋਂ ਜ਼ਿਆਦਾ ਹੈ। ਦੱਸਣਯੋਗ ਹੈ ਕਿ ਕੈਂਸਰ ਦੇ ਇਲਾਜ ਦਾ ਵੀ ਵੱਡਾ ਕਾਰੋਬਾਰ ਖੜ੍ਹਾ ਹੋ ਗਿਆ ਹੈ। ਬਠਿੰਡਾ ਵਿਚ ਕਈ ਸਪੈਸ਼ਲ ਹਸਪਤਾਲ ਖੁੱਲ੍ਹ ਗਏ ਹਨ। ਪਹਿਲੋਂ ਮਰੀਜ਼ਾਂ ਨੂੰ ‘ਕੈਂਸਰ ਐਕਸਪ੍ਰੈੱਸ’ ਦਾ ਸਵਾਰ ਬਣਨਾ ਪੈਂਦਾ ਸੀ ਕਿਉਂਕਿ ਬੀਕਾਨੇਰ ਤੋਂ ਇਲਾਜ ਸਸਤਾ ਪੈਂਦਾ ਸੀ। ਹੁਣ ਬਠਿੰਡਾ ਵਿਚ ਸਰਕਾਰੀ ਸੈਂਟਰ ਖੁੱਲ੍ਹ ਗਿਆ ਹੈ।