ਬਗਲੀ-ਬੰਧਨਾ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਸੋਗ ‘ਤੇ ਸੋਗ ਮਨਾਉਂਦਿਆਂ ਕਿਹਾ ਸੀ, “ਸੋਗ, ਛੋਟਾ ਜਾਂ ਵੱਡਾ, ਤੇਰਾ ਜਾਂ ਮੇਰਾ, ਆਪਣਾ ਜਾਂ ਬੇਗਾਨਾ ਅਤੇ ਥੋੜ੍ਹਾ ਜਾਂ ਜ਼ਿਆਦਾ ਨਹੀਂ ਹੁੰਦਾ। ਸੋਗ, ਸਿਰਫ ਸੋਗ ਹੁੰਦਾ।…ਸੋਗ ਨੂੰ ਸਦੀਵੀ ਸੰਤਾਪ ਬਣਾਉਣਾ ਮਾੜਾ।

ਸੋਗ-ਭੱਠੀ ਵਿਚ ਸੜਨਾ ਬੇਵਕੂਫੀ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਬਗਲੀ ਦਾ ਵਿਖਿਆਨ ਕਰਦਿਆਂ ਕਿਹਾ ਹੈ, “ਬਗਲੀ, ਬੀਹੀ ਵਿਚ ਖੈਰ ਮੰਗਦਿਆਂ ਨਿਆਮਤਾਂ ਨੂੰ ਝੋਲੀ ‘ਚ ਪਵਾਉਣ ਅਤੇ ਬਰਕਤਾਂ ਵਰਤਾਉਣ ਦਾ ਨਾਂ।…ਬਗਲੀ ਵਿਚ ਸਾਂਝਾਂ, ਦੋਸਤੀਆਂ ਅਤੇ ਸਬੰਧਾਂ ਦਾ ਜ਼ਖੀਰਾ ਵੀ ਹੁੰਦਾ, ਜਿਨ੍ਹਾਂ ਨੇ ਜੀਵਨ-ਚੌਰਸਤੇ ‘ਤੇ ਦਿਸ਼ਾ ਦਿਖਾਈ, ਪੈਰਾਂ ਵਿਚ ਆਈ ਮੋਚ ਹਟਾਈ, ਬਿਆਈਆਂ ਨੂੰ ਸਹਿਲਾਇਆ ਅਤੇ ਮਿੱਟੀ-ਘੱਟੇ ਨਾਲ ਅੱਟੇ ਪੱਬਾਂ ਨੂੰ ਆਪਣੇ ਲਵੇ ਲਾਇਆ।…ਬਗਲੀ ਤਾਂ ਯਾਰ ਲਈ ਪਾਈ ਜਾਂਦੀ, ਯਾਰ ਜੋ ਤੁਹਾਡੀ ਰੂਹ ਦਾ ਹਾਣੀ ਹੋਵੇ ਅਤੇ ਜੋ ਸੁਪਨੇ, ਸੋਚ ਤੇ ਤਰਜ਼ੀਹਾਂ ਦੀ ਸਾਂਝ ਦਾ ਮਾਣ ਹੋਵੇ।” ਪਰ ਨਾਲ ਹੀ ਉਨ੍ਹਾਂ ਵਿਅੰਗ ਕੀਤਾ ਹੈ, “ਬਗਲੀ ਪਾਉਣ ਦਾ ਬਹੁਤ ਲੋਕ ਡਰਾਮਾ ਕਰਦੇ। ਇਸ ਦੀ ਰੰਗ-ਬਰੰਗਤਾ ਨੂੰ ਭਰਮ ਭੁਲੇਖਿਆਂ ਦੇ ਨਾਮ ਕਰਦੇ ਅਤੇ ਮਨੁੱਖੀ ਸੋਚ ਵਿਚ ਕੋਹਝ, ਕਮੀਨੀਆਂ ਤੇ ਕਾਲਖਾਂ ਦਾ ਵਣਜ ਕਰਦੇ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਬਗਲੀ, ਫੱਕਰਾਂ ਦੇ ਮੋਢੇ ‘ਤੇ ਲਟਕਦੀ ਗਿਆਨ-ਗਠੜੀ, ਜੀਵਨ ਦੀਆਂ ਮੂਲ ਸਹੂਲਤਾਂ ਸੰਗ ਲਬਰੇਜ਼, ਜ਼ਿੰਦਗੀ ਦੇ ਸੁੱਚਮ ਦੀ ਤਸ਼ਬੀਹਾਂ ਅਤੇ ਜੀਵਨ-ਸੁਚਾਰਤਾ ਲਈ ਸਿਰਜੀਆਂ ਜਾਣ ਵਾਲੀਆਂ ਲੀਹਾਂ।
ਬਗਲੀ, ਬੀਹੀ ਵਿਚ ਖੈਰ ਮੰਗਦਿਆਂ ਨਿਆਮਤਾਂ ਨੂੰ ਝੋਲੀ ‘ਚ ਪਵਾਉਣ ਅਤੇ ਬਰਕਤਾਂ ਵਰਤਾਉਣ ਦਾ ਨਾਂ।
ਬਗਲੀ, ਕਦੇ ਖਾਲੀ ਨਹੀਂ ਹੁੰਦੀ। ਇਸ ਵਿਚੋਂ ਕੁਝ ਦੇਣ ਅਤੇ ਇਸ ਵਿਚ ਕੁਝ ਪਾਉਣ ਦਾ ਸਿਲਸਿਲਾ ਨਿਰੰਤਰ ਜਾਰੀ। ਆਈ ਚਲਾਈ। ਬਗਲੀ ਸਦੀਵੀ ਸੱਚ ਨੂੰ ਉਜਾਗਰ ਕਰਦੀ ਕਿ ਜੀਵਨ ਚਲਦੇ ਰਹਿਣ ਦਾ ਨਾਂ, ਕਿਸੇ ਦੀ ਨਹੀਂ ਸਥਿਰ ਥਾਂ ਅਤੇ ਨਾ ਹੀ ਆਪਣਾ ਏ ਕੋਈ ਥਾਂ। ਇਹ ਤਾਂ ਰੈਣ-ਬਸੇਰਾ। ਕੁਝ ਸਮਾਂ ਬਿਤਾ ਕੇ ਤੁਰ ਜਾਣਾ ਅਤੇ ਕਿਸੇ ਹੋਰ ਲਈ ਥਾਂ ਬਣਾਉਣਾ।
ਬਗਲੀ, ਸਾਧੂਆਂ ਤੇ ਫਕੀਰਾਂ ਦੀ ਅਮਾਨਤ। ਉਹ ਜਦ ਤੀਕ ਅਮਾਨਤ ਵਿਚ ਖਿਆਨਤ ਨਹੀਂ ਕਰਦੇ, ਸਰਬ-ਸੁੱਖ ਕਾਮਨਾ ਉਨ੍ਹਾਂ ਦਾ ਹਾਸਲ; ਪਰ ਖਿਆਨਤ ਕਰਨ ਵਾਲੇ ਸਮਾਜਕ ਅਲਾਮਤਾਂ ਵਿਚ ਗ੍ਰਸੇ, ਸਿਰਫ ਮੁਖੌਟਾਧਾਰੀ ਹੁੰਦੇ। ਅਜੋਕੇ ਸਮੇਂ ਵਿਚ ਮੁਖੌਟਾਧਾਰੀਆਂ ਦੀ ਬਹੁ-ਗਿਣਤੀ। ਹਰੇਕ ਹੀ ਵੱਖੋ-ਵੱਖ ਸਮਿਆਂ ਤੇ ਰੂਪਾਂ ਵਿਚ ਮੁਖੌਟੇ ‘ਚੋਂ ਹੀ ਆਪਣੀ ਪਛਾਣ ਸਿਰਜਣ ਦੇ ਆਹਰ ‘ਚ ਰਹਿੰਦਾ।
ਬਗਲੀ, ਬੰਦਗੀ ਦਾ ਪੈਗਾਮ, ਬੰਦਿਆਈ ਦਾ ਪ੍ਰਮਾਣ ਅਤੇ ਭਲਿਆਈ ਦਾ ਨਿਸ਼ਾਨ। ਸਦੀਵ ਕਾਲ ਤੋਂ ਇਸ ਦੀ ਹੋਂਦ। ਇਸ ਵਿਚੋਂ ਹੀ ਮਹਾਂਪੁਰਖਾਂ ਨੇ ਜੀਵਨ ਦੇ ਉਨ੍ਹਾਂ ਰਹੱਸਾਂ ਦਾ ਭੇਦ ਪਾਇਆ, ਜੋ ਪਹਿਲਾਂ ਕਿਸੇ ਦੇ ਸਮਝ ਵਿਚ ਨਹੀਂ ਸੀ ਆਇਆ।
ਫੱਕਰ ਦੀ ਬਗਲੀ ਵਿਚ ਹੁੰਦੇ ਨੇ ਮਾਲਾ ਦੇ ਮਣਕੇ, ਗਿਆਨ ਦੀਆਂ ਗੁੱਝੀਆਂ ਰਮਜ਼ਾਂ, ਪੁਰਾਤਨ ਖਰੜੇ ਤੇ ਗ੍ਰੰਥ। ਉਨ੍ਹਾਂ ਵਿਚਲੀ ਜੋਤ ਦਾ ਚਾਨਣ ਬਗਲੀ ‘ਚੋਂ ਝਾਕਦਾ, ਰਾਹ-ਰਸਤਿਆਂ ਨੂੰ ਰੁਸ਼ਨਾਉਂਦਾ। ਇਸ ਬਗਲੀ ਨੂੰ ਬਾਬੇ ਨਾਨਾਕ ਨੇ ਮੋਢੇ ‘ਤੇ ਲਟਕਾ, ਚਾਰ ਉਦਾਸੀਆਂ ਦੌਰਾਨ ਸੀਮਤ ਸਾਧਨਾਂ ਨਾਲ ਚਾਨਣ ਵੀ ਵੰਡਿਆ ਅਤੇ ਬਿਖਰੇ ਹੋਏ ਗਿਆਨ ਦੇ ਵਰਕਿਆਂ ਨੂੰ ਇਕੱਠਾ ਕੀਤਾ, ਜੋ ਗੁਰੂ ਗ੍ਰੰਥ ਸਾਹਿਬ ਵਿਚ ਚਾਨਣ-ਕਾਤਰਾਂ ਬਣ ਕੇ ਸਮੁੱਚੀ ਲੋਕਾਈ ਨੂੰ ਜੀਵਨ-ਜੁਗਤਾਂ ਦੀ ਸੋਝੀ ਦੇ ਰਹੇ ਨੇ। ਇਹ ਬਗਲੀ ਪਾ ਕੇ ਹੀ ਬੁੱਲੇ ਨੇ ਨੱਚ ਕੇ ਯਾਰ ਮਨਾਇਆ ਸੀ। ਇਹ ਬਗਲੀ ਬਾਹੂ, ਸ਼ਾਹ ਹੁਸੈਨ, ਸ਼ਾਹ ਅਨਾਇਤ ਅਲੀ ਆਦਿ ਵਰਗੇ ਦਰਵੇਸ਼ਾਂ ਦਾ ਸਾਥ ਮਾਣਦੀ, ਆਪਣੀ ਮਹਾਨਤਾ ਤੇ ਪਛਾਣ ਨੂੰ ਨੂਰੀ ਰੰਗਤ ਦੇਣ ਵਿਚ ਸਫਲ ਹੋਈ।
ਇਕ ਬਗਲੀ ਮੋਢੇ ਯਾਰ ਦੀ ਧਰ ਕੇ, ਮੈਂ ਤੋਂ ਤੂਹੀ ਹੋਈ। ਰਾਂਝਾ ਰਾਂਝਾ ਭਾਲਦੀ, ਖੁਦ ਹੀ ਰਾਂਝਾ ਹੋਈ। ਇਕ ਬਗਲੀ ਸਾਹਾਂ ਦੀ ਮੋਢੇ ਸੱਚਾ ਕਰਾਂ ਵਪਾਰ, ਜਿਸ ਨੇ ਜਿੰਦ ਦੇ ਸਾਗਰ ‘ਚੋਂ ਕਰਨਾ ਪਾਰ-ਉਤਾਰ। ਇਕ ਬਗਲੀ ਕਲਮ ਦੇ ਮੋਢੇ ਹਰਫ-ਜੋਗ ਕਮਾਉਣੀ, ਜੋਤ-ਹੀਣ ਨੈਣਾਂ ਦੀ ਜੂਹੇ ਅੱਖਰ ਲੋਅ ਟਿਕਾਉਣੀ। ਇਕ ਬਗਲੀ ਵਿਚ ਚੂਰੀ ਪਾ ਕੇ ਦੇਣਾ ਉਚੀ ਹੋਕਾ। ਭੁੱਖਿਆਂ ਦੀ ਉਠ ਸਾਰ ਲੈ ਲਾ, ਜਾਗ ਵੇ ਸੁਤਿਆ ਲੋਕਾ। ਇਕ ਬਗਲੀ ਵਿਚ ਚੇਤਨਾ ਪਾ ਕੇ ਭੇਖੀ ਮਨੁੱਖ ਨੂੰ ਦੇਵਾਂ, ਉਸ ਦੀ ਰੱਕੜ-ਰੱਤੀ ਰੂਹ ਨੂੰ ਗਿਆਨ-ਗੰਗਾ ਨਾਲ ਭੇਵਾਂ। ਇਕ ਬਗਲੀ ਦੀਆਂ ਤਣੀਆਂ ਢਿੱਲੀਆਂ ਆਹਾਂ ਦੇ ਸੰਗ ਕੱਸਾਂ। ਸੂਲਾਂ ਮੱਲੇ ਰਾਹੀਂ ਤੁਰਦਿਆਂ ਨਿੰਮਾ ਨਿੰਮਾ ਹੱਸਾਂ। ਇਕ ਬਗਲੀ ਦੇ ਮਨ ‘ਚ ਰੋਸਾ ਭਰਦੀ ਏ ਹਟਕੋਰੇ, ਜਿਸ ਨੇ ਆਪਣੇ ਚਾਅ-ਅਲੂਏਂ ਸਿਖਰ ਦੁਪਹਿਰੀਂ ਤੋਰੇ। ਇਕ ਬਗਲੀ ‘ਚ ਅੰਬਰ ਵੱਸਦਾ ਟਿਮਕਣ ਚੰਨ ਤੇ ਤਾਰੇ, ਇਸ ਦੇ ਵਿਹੜੇ ਨਿੱਘ-ਤਰੌਂਕਾ ਤੇ ਚਾਨਣ ਦੇ ਲਿਸ਼ਕਾਰੇ। ਹਰ ਕੋਈ ਆਪਣੀ ਬਗਲੀ ਸਾਂਭੇ ਲੈ ਲਏ ਇਸ ਦੀਆਂ ਸੋਆਂ, ਤਾਂ ਜੀਵਨ ਦੇ ਬਿਰਖੀ ਛੱਤਿਉਂ ਮੋਹ ਦਾ ਸ਼ਹਿਦ ਹੀ ਚੋਵਾਂ।
ਬਗਲੀ, ਫਿਕਰਾਂ ਤੇ ਚਿੰਤਾਵਾਂ ਦੀ ਵੀ ਹੁੰਦੀ ਜਦ ਕੋਈ ਅਨਾਥ ਟੁੱਕ ਤੋਂ ਲਾਚਾਰ, ਗਿਆਨ-ਵਿਹੂਣਾ, ਆਪਣੀ ਹੋਂਦ-ਬਰਕਰਾਰੀ ਦੀ ਲੜਾਈ ਹੀ ਹਾਰ ਜਾਵੇ ਅਤੇ ਤਕਦੀਰ ‘ਤੇ ਉਮਰਾਂ ਦਾ ਰੋਣਾ ਲਿਖਿਆ ਜਾਵੇ। ਚਿੱਟੀ ਚੁੰਨੀ ਦਾ ਰੁਦਨ ਬਗਲੀ ਵਿਚ ਛਹਿ ਜਾਵੇ ਅਤੇ ਸਿੰਮਦੇ ਭਾਵਾਂ ਨੂੰ ਚੁੱਪ ਰਹਿਣ ਲਈ ਕਹਿ ਜਾਵੇ। ਛੱਤ ਨੂੰ ਚੋਣ ਦਾ ਸਰਾਪ ਮਿਲੇ ਅਤੇ ਕੱਖਾਂ-ਕਾਨਿਆਂ ਨੂੰ ਛੱਪਰੀ ਬਣਨ ਦਾ ਨਸੀਬ ਵੀ ਨਾ ਮਿਲੇ। ਜੀਵਨ ਜਦ ਕਿਸੇ ਉਜੜੇ ਥੇਹ ਦੀ ਜੂਨ ਹੰਢਾਉਣ ਲਈ ਮਜਬੂਰ ਹੋ ਜਾਵੇ, ਚੌਗਿਰਦੇ ਵਿਚ ਝਾਕਦੀਆਂ ਨੇ ਖੁਦਕੁਸ਼ੀਆਂ ਅਤੇ ਫਿਰਨੀ ‘ਚ ਮੌਤ ਲੈਂਦੀ ਏ ਸੂਹਾਂ। ਇਸ ਬਗਲੀ ਵਿਚ ਚਿੰਤਾ ਨੂੰ ਚੇਤਨਾ ਅਤੇ ਫਿਕਰ ਨੂੰ ਫੱਕਰਤਾ ਵਿਚ ਤਬਦੀਲ ਕਰਕੇ, ਨਿਵੇਕਲੀ ਤੇ ਚਿਰੰਜੀਵੀ ਦਿੱਖ ਨਾਲ ਨਿਵਾਜਿਆ ਜਾ ਸਕਦਾ। ਬਗਲੀ ਅਜਿਹਾ ਕੁਝ ਜਰੂਰ ਚਾਹੁੰਦੀ ਹੈ, ਕਿਉਂਕਿ ਬਗਲੀ ਕਦੇ ਵੀ ਬਦਨਸੀਬੀ ਦਾ ਨਾਮਕਰਨ ਨਹੀਂ ਬਣਨਾ ਚਾਹੁੰਦੀ।
ਬਗਲੀ ਫਰਜ਼ਾਂ ਦੀ ਵੀ ਹੁੰਦੀ। ਜਦ ਫਰਜ਼ਾਂ ਦੀ ਕੁਤਾਹੀ ਹੁੰਦੀ ਤਾਂ ਬਗਲੀ ਵਿਚ ਇਕ ਚੀਸ ਉਠਦੀ, ਜੋ ਆਲੇ-ਦੁਆਲੇ ਨੂੰ ਚੀਸਾਂ ਵਰਤਾਉਂਦੀ, ਆਪਣੀ ਹੋਂਦ ਦੀ ਮੁਨਕਰੀ ਦੇ ਰਾਹ ਤੁਰਨ ਲਈ ਮਜਬੂਰ ਹੋ ਜਾਂਦੀ। ਜਾਗਦਿਓ! ਕਦੀ ਵੀ ਬਗਲੀ ਨੂੰ ਮੁਨਕਰੀ ਦੇ ਰਾਹ ਨਾ ਤੋਰਨਾ, ਤੁਸੀਂ ਜ਼ਿੰਦਗੀ ਤੋਂ ਮੁਨਕਰੀ ਦੇ ਰਾਹ ਤੁਰ ਪਵੋਗੇ। ਫਿਰ ਕੋਈ ਵੀ ਤੁਹਾਨੂੰ ਹੋੜਨ ਜਾਂ ਮੋੜਨ ਵਾਲਾ ਨਹੀਂ ਹੋਣਾ। ਫਰਜ਼ਾਂ ਦੀ ਪਾਲਣਾ ਅਤੇ ਇਸ ‘ਚੋਂ ਜੀਵਨ ਸੁੱਚਮ ਨੂੰ ਨਿਹਾਰਨਾ ਤੇ ਪਛਾਨਣਾ, ਜੇ ਮਨੁੱਖ ਦੀ ਤਰਜ਼ੀਹ ਬਣ ਜਾਵੇ ਤਾਂ ਬਗਲੀ ਇਕ ਸੁੱਚੀ ਤਸ਼ਬੀਹ ਹੁੰਦੀ, ਜਿਸ ਦੀ ਨਗਰੀ ਵਿਚ ਸੁ.ਭ-ਭਾਵਨਾਵਾਂ ਤੇ ਜੀਵਨੀ ਕਦਰਾਂ-ਕੀਮਤਾਂ ਦਾ ਚਿਰਾਗ ਜਗਦਾ।
ਇਕ ਬਗਲੀ ਯਾਦਾਂ ਦੀ ਹੁੰਦੀ, ਜੋ ਸਾਡਾ ਸਰਮਾਇਆ ਬਣ ਕੇ ਹਮਸਾਇਆ ਵੀ ਬਣਦੀ। ਯਾਦਾਂ, ਜੋ ਸਾਨੂੰ ਸਮੁੱਚ ਦੇ ਰੂਬਰੂ ਕਰਦੀਆਂ, ਦੁੱਖ ਵਿਚ ਬਾਂਹ ਫੜਦੀਆਂ, ਹੂਕ ਦਾ ਹੁੰਗਾਰਾ ਵੀ ਬਣਦੀਆਂ ਅਤੇ ਤਿੱਖੜ ਦੁਪਹਿਰਾਂ ਵਿਚ ਤਿੱਤਰ-ਖੰਭੀ ਵੀ ਤਣਦੀਆਂ। ਇਨ੍ਹਾਂ ਯਾਦਾਂ ਵਿਚ ਕੁਝ ਕੁ ਜੀਵਨ ਲਈ ਸਾਹ, ਕੁਝ ਸੂਲੀ, ਕੁਝ ਹੁਸੀਨ ਪਲਾਂ ਦਾ ਪ੍ਰਗਟਾਅ ਅਤੇ ਕੁਝ ਦੁੱਖਦ ਪਲਾਂ ਦਾ ਦ੍ਰਿਸ਼। ਕੁਝ ਆਪਣਿਆਂ ਦੀ ਅਪਣੱਤ ਦਾ ਮੁਜੱਸਮਾ, ਕੁਝ ਆਪਣਿਆਂ ਦਾ ਬੇਦਾਵਾ। ਕੁਝ ਡੌਲਿਆਂ ਨਾਲ ਬਰ ਮੇਚਦੀਆਂ ਬਾਹਾਂ, ਕੁਝ ਡੌਲਿਆਂ ਤੋਂ ਟੁੱਟੀਆਂ ਬਾਹਾਂ; ਕੁਝ ਸਾਹਾਂ ਦੀ ਸੁਗੰਧ, ਕੁਝ ਆਹਾਂ ਦੀ ਗੰਧ; ਕੁਝ ਚਾਅ-ਚੰਗੇਰ ਅਤੇ ਕੁਝ ਗਮ ਦੀ ਭੜੋਲੀ। ਕੁਝ ਬੁਝੇ ਚੁੱਲ੍ਹਿਆਂ ਦੀ ਹੋਣੀ ਤੇ ਕੁਝ ਮਘਦੀ ਧੁਣੀ। ਕੁਝ ਪੂਰਨਿਆਂ ‘ਤੇ ਫੈਲ ਰਹੀ ਸਿਆਹੀ ਤੇ ਕੁਝ ਕਰਮਾਂ ਵਿਚ ਉਕਰੀ ਕੁਤਾਹੀ। ਇਨ੍ਹਾਂ ਯਾਦਾਂ ਵਿਚੋਂ ਨਵੀਂ ਆਸ ਤੇ ਅਰਜੋਈ ਮਿਲਦੀ। ਉਧਾਰੇ ਸਾਹਾਂ ਵਰਗੀ ਤਾਜਗੀ ਹੁੰਦੀ, ਜੋ ਬਣਦੀ ਸੌਖੇ ਸਾਹ ਲੈਣ ਦਾ ਹੀਆ ਤੇ ਸਬੱਬ।
ਇਕ ਬਗਲੀ ਤੰਗੀਆਂ-ਤੁਰਸ਼ੀਆਂ ਦੀ ਵੀ ਝਾਕਣ ਲੱਗਦੀ ਜਦ ਜੀਵਨ ਦੀ ਸਿਖਰ ਦੁਪਹਿਰੇ ਹੀ ਸੂਰਜ ਗੋਡੀ ਮਾਰਨ ਲੱਗਦਾ, ਪਰ ਇਨ੍ਹਾਂ ਵਿਚ ਉਹ ਪਲ ਵੀ ਰਲ ਜਾਂਦੇ ਜਦ ਮੁਸ਼ਕਿਲਾਂ ਨੂੰ ਸਾਹਮਣੇ ਹੋ ਕੇ ਟੱਕਰਨ ਅਤੇ ਹੌਸਲਾ, ਸਿਰੜ ਤੇ ਸਾਧਨਾ ਨਾਲ ਜ਼ਿੰਦਗੀ ਦੇ ਮੁੱਖ ‘ਤੇ ਚਾਨਣ ਉਕਰਨ ਦਾ ਹੀਆ ਕਰੀਦਾ। ਜੀਵਨ ਨੂੰ ਨਵੀਆਂ ਪੈੜਾਂ ਅਤੇ ਦਿਸਹੱਦਿਆਂ ਦੀ ਦੱਸ ਪੈਣੀ, ਜਿਨ੍ਹਾਂ ‘ਤੇ ਤੁਰਦਿਆਂ ਜੀਵਨ ਨੂੰ ਬੁਲੰਦੀਆਂ ਦਾ ਮਾਣ ਮਿਲਦਾ।
ਬਗਲੀ, ਸੁਪਨਿਆਂ ਦੀ ਅੱਖ ਵਿਚ ਆਈ ਸੈਲਾਬ ਵੀ ਏ। ਸੁਪਨੇ ਜਿਨ੍ਹਾਂ ਨੂੰ ਅੱਖ ਖੋਲ੍ਹਣ ਤੋਂ ਵਰਜ ਦਿੱਤਾ ਗਿਆ, ਜਿਨ੍ਹਾਂ ਦੇ ਪਰਾਂ ਤੋਂ ਉਡਾਣ ਦਾ ਨਾਂ ਮਿਟਾ ਦਿੱਤਾ ਗਿਆ, ਜਿਨ੍ਹਾਂ ਨੂੰ ਲਿਖਣ ਲਈ ਸਿਆਹੀ, ਕਲਮ ਤੇ ਫੱਟੀ ਵੀ ਨਸੀਬ ਨਾ ਹੋਈ ਅਤੇ ਜਿਨ੍ਹਾਂ ਨੂੰ ਸਤਮਾਹੇ ਹੋਣ ਦਾ ਜੁਰਮਾਨਾ ਭਰਨਾ ਪਿਆ। ਸੁਪਨੇ ਜਿਨ੍ਹਾਂ ਵਿਚ ਜ਼ਿੰਦਗੀ ਨੂੰ ਉਸ ਦੇ ਸੁੱਚਮ ਅਤੇ ਸੁਰਖ ਰੰਗ ਵਿਚ ਦੇਖਣ, ਸਮਝਣ ਤੇ ਅਪਨਾਉਣ ਦੀ ਤਮੰਨਾ ਸੀ, ਜਿਨ੍ਹਾਂ ਵਿਚ ਹਰਫਾਂ ਨੂੰ ਉਲਥਾਉਣ, ਕਲਮ-ਦਾਬਾਂ ਦੇ ਅਰਥ ਉਪਜਾਉਣ ਦਾ ਚਾਅ ਅਤੇ ਅਜਿਹੇ ਹੋਰ ਸੁਪਨੇ ਸਿਰਜਣ ਦਾ ਉਮਾਹ ਸੀ। ਇਹ ਸੁਪਨੇ ਹੁਣ ਜਦ ਵੀ ਅਨਾਥ ਨਾਲ ਅੱਖ ਮਿਚੋਲੀ ਕਰਦੇ ਤਾਂ ਉਨ੍ਹਾਂ ਦੀ ਪੂਰਨਤਾ ਦੀ ਝਲਕ ਬਗਲੀ ਦੀ ਕਾਇਨਾਤ ਨੂੰ ਇਲਾਹੀ ਰੰਗ ਵਿਚ ਰੰਗਦੀ, ਜੀਵਨ-ਨਾਦ ਦਾ ਆਲਮ ਚੌਗਿਰਦੇ ਵਿਚ ਛੇੜ ਜਾਂਦੀ।
ਬਗਲੀ ਵਿਚ ਤਾਂ ਉਨ੍ਹਾਂ ਪੈਂਡਿਆਂ ਦੀ ਦਾਸਤਾਨ ਵੀ ਆਪਣੇ ਪਰ ਫੜਫੜਾਉਂਦੀ ਏ, ਜਿਨ੍ਹਾਂ ‘ਤੇ ਰੋੜਿਆਂ ਅਤੇ ਪੱਥਰਾਂ ਦੀ ਤਾਮੀਰਦਾਰੀ ਕੀਤੀ ਗਈ, ਜਿਨ੍ਹਾਂ ਵਿਚ ਕੰਡਿਆਂ ਦੀ ਫਸਲ ਵਾਰ ਵਾਰ ਉਗਾਈ ਗਈ, ਜਿਨ੍ਹਾਂ ਵਿਚ ਧੁੰਦਲਕਾ ਪਸਾਰਿਆ ਗਿਆ, ਜਿਨ੍ਹਾਂ ‘ਤੇ ਲਿਖੇ ਸਿਰਨਾਵਿਆਂ ਨੂੰ ਮਿਟਾਇਆ ਗਿਆ ਅਤੇ ਜਿਨ੍ਹਾਂ ਨੂੰ ਪੈਰਾਂ ਦੀ ਛੋਹ ਮਾਣਨ ਤੋਂ ਮਹਿਰੂਮ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਗਈਆਂ। ਯਾਦ ਰੱਖਣਾ! ਜਿਨ੍ਹਾਂ ਪੈਰਾਂ ਨੂੰ ਰਾਹਾਂ ਦੀ ਤਲਬ ਹੋਵੇ, ਜਿਨ੍ਹਾਂ ਕਦਮਾਂ ਨੂੰ ਮੰਜ਼ਿਲਾਂ ‘ਤੇ ਪਹੁੰਚਣ ਦਾ ਚਾਅ ਹੋਵੇ ਅਤੇ ਜਿਨ੍ਹਾਂ ਮੰਜ਼ਿਲਾਂ ਨੂੰ ਆਪਣੇ ਦਿਸਹੱਦਿਆਂ ‘ਤੇ ਨਾਜ਼ ਹੋਵੇ, ਉਨ੍ਹਾਂ ਦੀ ਪ੍ਰਾਪਤੀ ਮਨੁੱਖੀ ਸੋਚ ਦਾ ਹਾਣ ਭਾਲ, ਔਕੜਾਂ ਤੇ ਮੁਸ਼ਕਿਲਾਂ ਨੂੰ ਪੈਰਾਂ ਵਿਚ ਰੋਲ, ਦਿਸਹੱਦਿਆਂ ‘ਤੇ ਉਕਰ ਦਿੰਦੀ ਏ ਨਵੇਂ ਅਰਮਾਨਾਂ ਦੀ ਨਿਸ਼ਾਨਦੇਹੀ। ਹਿੰਮਤਾਂ ਵਾਲੇ ਹੀ ਉਕਰਦੇ ਨੇ ਪਾਣੀ-ਪਿੰਡੇ ‘ਤੇ ਸੁੱਚੀ ਇਬਾਰਤ। ਬਿਰਖਾਂ ਦੇ ਪੱਤਿਆਂ ‘ਤੇ ਬੋਲਾਂ ਦੀ ਕਲਾ-ਨਿਕਾਸ਼ੀ। ਉਹ ਕੁਦਰਤ ਦੀ ਅਸੀਮਤਾ ਨੂੰ ਆਪਣੀ ਹਮਸਫਰ ਬਣਾ, ਕਰਾਮਾਤੀ ਵਰਤਾਰੇ ਬਣਾਉਣ ਵਿਚ ਦੇਰ ਨਹੀਂ ਲਾਉਂਦੇ। ਅਜਿਹੀ ਬਗਲੀ ਨੂੰ ਆਪਣੀ ਹਸਤੀ ਤੇ ਹੁੰਦਾ ਏ ਫਖਰ ਅਤੇ ਇਹ ਫਖਰ ਮਨ ਦੀ ਸੁੱਚਮਤਾ ‘ਚ ਘੁੱਲ ਕੇ ਫੱਕਰਤਾ ਦਾ ਲਿਬਾਸ ਪਾਉਂਦਾ।
ਇਕ ਬਗਲੀ ਰਾਂਝੇ ਦੀ ਸੀ, ਜਿਸ ਵਿਚ ਸਨ-ਭਾਬੀਆਂ ਦੇ ਤਾਹਨੇ-ਮਿਹਣੇ, ਘਰੋਂ ਬੇਘਰ ਹੋਣ ਦਾ ਹੇਰਵਾ, ਹੀਰ ਨਾਲ ਤੋੜ ਨਿਭਾਉਣ ਦਾ ਵਾਅਦਾ, ਕੰਨ ਪੜਵਾਉਣ ਦਾ ਸ਼ੌਕ, ਚੂਰੀ ਦੀ ਲੱਜਤ, ਨਿੱਘੇ ਅਹਿਸਾਸਾਂ ਦੀ ਖੁਸ਼ਬੋ, ਮਿੱਠੜੇ ਬੋਲਾਂ ਦੀ ਅਵਾਰਗੀ, ਅਪਣੱਤ ਦੀ ਅਮੀਰਤਾ ਅਤੇ ਵਾਗੀ ਬਣ ਕੇ ਬੇਲੇ ਵਿਚ ਹੇਕਾਂ ਲਾਉਣ ਦੀ ਲੁਤਫੀ ਅਰਾਧਨਾ। ਇਕ ਬਗਲੀ ਸੀ ਹੀਰ ਦੀ, ਜਿਸ ਵਿਚ ਸਨ-ਮਨ ਦੀਆਂ ਕੋਮਲ ਰੀਝਾਂ ਦੀ ਪੋਟਲੀ, ਸੂਖਮ-ਭਾਵਾਂ ਦੀ ਪਥੇਰ, ਸੁੱਚੇ ਇਸ਼ਕ ਦਾ ਮਾਣ ਪਰ ਬਾਪ ਦੀ ਸਫੇਦ ਪੱਗ ਦਾ ਤੁਰਲਾ। ਇਹ ਦੋਵੇਂ ਬਗਲੀਆਂ, ਸਮਾਜਕ ਵਲਗਣਾਂ ਦੀ ਘੇਰਾਬੰਦੀ ਕਾਰਨ ਆਪਸ ਵਿਚ ਬਗਲਗੀਰ ਹੋਣ ਲਈ ਤਰਸਦੀਆਂ, ਖੁਦ ਨੂੰ ਖੁਦ ਸੰਗ ਮਿਲਣ ਤੋਂ ਵਿਰਵੀਆਂ ਰਹਿ ਗਈਆਂ।
ਬਗਲੀ ਵਿਚ ਤਾਂ ਉਹ ਪਲ ਸਦਾ ਮਹਿਫੂਜ਼ ਰਹਿੰਦੇ, ਜੋ ਸਿਰਫ ਤੁਹਾਡੇ ਸਨ, ਜਿਨ੍ਹਾਂ ਨੂੰ ਜਿਉਣ ਦੀ ਤਮੰਨਾ ਸੀ ਜਾਂ ਤੁਸੀਂ ਉਨ੍ਹਾਂ ਨੂੰ ਰੂਹ ਨਾਲ ਜੀਵਿਆਂ, ਜੋ ਬਣ ਗਏ ਜੀਵਨ ਦਾ ਹਾਸਲ; ਪਰ ਇਨ੍ਹਾਂ ਪਲਾਂ ਵਿਚ ਉਹ ਵੀ ਪਲ ਸ਼ਾਮਲ ਸਨ ਜਦ ਬੇਗਾਨਗੀ ਅਤੇ ਬੇਰੁਹਮਤੀ ਵਿਚੋਂ ਬੰਦਿਆਈ ਨੂੰ ਲੱਭਣ ਦਾ ਕਿਆਸ ਵੀ ਨਹੀਂ ਕਰ ਸਕਦੇ। ਉਂਜ ਹਨੇਰਾ ਸਦੀਵ ਨਹੀਂ ਰਹਿੰਦਾ, ਇਕ ਸਰਘੀ ਤੁਹਾਡੇ ਦਰ ‘ਤੇ ਦਸਤਕ ਦਿੰਦੀ ਵਿਹੜੇ ‘ਚ ਧੁੱਪ ਦਾ ਨਿਉਂਦਾ ਬਣ ਘਰ ਦਾ ਭਾਗ ਵੀ ਬਣਦੀ। ਪਲ ਪਲ ਦੀ ਖਬਰ ਤੋਂ ਬੇਖਬਰ ਬੰਦੇ ਨੂੰ ਜਦ ਬਗਲੀ ਵਿਚ ਪਏ ਪਲ ਝਾਤ ਕਰਦੇ ਤਾਂ ਬੰਦਾ ਬੀਤੇ ਨੂੰ ਮੁੜ ਜਿਉਂਦਾ। ਹਵਾ ਵਿਚ ਉਡਦਿਆਂ ਵੀ ਉਸ ਦੇ ਪੈਰ ਧਰਤੀ ‘ਤੇ ਰਹਿੰਦੇ। ਉਹ ਦਰਿਆ ਵਿਚ ਤੈਰਦਾ ਵੀ ਕੰਢਿਆਂ ਤੋਂ ਦੂਰ ਨਹੀਂ ਜਾਂਦਾ। ਆਪੇ ਦੇ ਨੇੜੇ ਰਹਿਣ ਅਤੇ ਦਿਮਾਗ ਦੀ ਥਾਂ ਮਨ ਦੀਆਂ ਤਰਜ਼ੀਹਾਂ ਨੂੰ ਨਿਜੀ ਤਰਜ਼ੀਹਾਂ ਬਣਾਉਣ ਵਾਲੇ ਜਿਉਂਦੇ ਨੇ ਭਰਪੂਰ ਜ਼ਿੰਦਗੀ। ਉਨ੍ਹਾਂ ਦਾ ਜੀਵਨ ਸ਼ੁਕਰਗੁਜਾਰੀ ਨੂੰ ਹੀ ਮੁਖਾਤਿਬ ਹੁੰਦਾ।
ਬਗਲੀ ਵਿਚ ਸਾਂਝਾਂ, ਦੋਸਤੀਆਂ ਅਤੇ ਸਬੰਧਾਂ ਦਾ ਜ਼ਖੀਰਾ ਵੀ ਹੁੰਦਾ, ਜਿਨ੍ਹਾਂ ਨੇ ਜੀਵਨ-ਚੌਰਸਤੇ ‘ਤੇ ਦਿਸ਼ਾ ਦਿਖਾਈ, ਪੈਰਾਂ ਵਿਚ ਆਈ ਮੋਚ ਹਟਾਈ, ਬਿਆਈਆਂ ਨੂੰ ਸਹਿਲਾਇਆ ਅਤੇ ਮਿੱਟੀ-ਘੱਟੇ ਨਾਲ ਅੱਟੇ ਪੱਬਾਂ ਨੂੰ ਆਪਣੇ ਲਵੇ ਲਾਇਆ। ਕਸ਼ਟ ਤੇ ਕਹਿਰਾਂ ਭਰੇ ਵਕਤ ਵਿਚ ਸੂਹੀ ਸੋਚ ਤੇ ਨਿੱਗਰ ਉਦਮ ਦਾ ਅਜਿਹਾ ਜਾਗ ਲਾਇਆ ਕਿ ਨਵੀਆਂ ਸਵੇਰਾਂ ਨੇ ਜਿੰਦ-ਦਰਵਾਜੇ ‘ਤੇ ਤ੍ਰੇਲ ਚੋਈ, ਸਰਘੀ ਨੇ ਕਿਰਨਾਂ ਵਰੀਆਂ ਅਤੇ ਜੀਵਨੀ ਮਹਿਕਾਂ ਤੇ ਬਹਾਰਾਂ ਆਪਣੀ ਖੁਸ਼ਨਸੀਬੀ ‘ਤੇ ਬਾਗੋ-ਬਾਗ ਹੋ ਗਈਆਂ।
ਬਗਲੀ ਤਾਂ ਯਾਰ ਲਈ ਪਾਈ ਜਾਂਦੀ, ਯਾਰ ਜੋ ਤੁਹਾਡੀ ਰੂਹ ਦਾ ਹਾਣੀ ਹੋਵੇ ਅਤੇ ਜੋ ਸੁਪਨੇ, ਸੋਚ ਤੇ ਤਰਜ਼ੀਹਾਂ ਦੀ ਸਾਂਝ ਦਾ ਮਾਣ ਹੋਵੇ। ਦੋਸਤ, ਜੋ ਦੋਸਤੀ ਦੇ ਅਰਥਾਂ ਵਰਗਾ ਹੋਵੇ, ਤੁਹਾਨੂੰ ਸਾਹਾਂ ਤੋਂ ਵੱਧ ਪਿਆਰਾ ਹੋਵੇ, ਜਿਸ ਦੀ ਅਰਦਾਸ ਵਿਚ ਅੱਲ੍ਹਾ, ਰਾਮ, ਰਹੀਮ, ਗੁਰੂ, ਖੁਦਾ ਅਤੇ ਰੱਬ ਆਪਸ ਵਿਚ ਘੁੱਲੇ ਹੋਣ। ਆਭਾ ਵਿਚ ਸਰਬ ਰੰਗਾਂ ਦਾ ਝਲਕਾਰਾ ਹੋਵੇ ਅਤੇ ਜੋ ਸਭ ਦਾ ਪਿਆਰਾ ਹੋਵੇ। ਮਿੱਤਰ, ਜੋ ਸੋਚ-ਬਗੀਚੇ ਨੂੰ ਭਾਗ ਲਾਉਣ ਅਤੇ ਇਸ ਦੀਆਂ ਜੂਹਾਂ ਵਿਚ ਧੰਨਭਾਗਤਾ ਉਪਜਾਉਣ ਦੇ ਸਮਰੱਥ ਹੋਵੇ। ਜੋ ‘ਨੀ ਮੈਂ ਬਗਲੀ, ਯਾਰ ਦੀ ਬਗਲੀ’ ਦੀ ਸੱਦ ਲਾਉਂਦਾ, ਹਰ ਰੂਹ ਵਿਚ ਸਕੂਨ ਤੇ ਸੁਹਜ ਦਾ ਕਰਮ ਉਪਜਾਊਂਦਾ, ਹਰੇਕ ਨੂੰ ਆਪਣਾ ਬਣਾਵੇ। ਰਾਹਾਂ ਵਿਚ ਗੁਲਾਬ ਦੀ ਪਿਉਂਦ ਲਾਈ ਜਾਵੇ ਅਤੇ ਖੁਦ ਆਪਣੀ ਹੋਂਦ ਤੋਂ ਹੀ ਮੁਨਕਰ ਹੋ ਜਾਵੇ। ਆਪੇ ‘ਚੋਂ ਆਪ ਨੂੰ ਮਨਫੀ ਕਰਕੇ ਹੀ ਕਿਸੇ ਦਾ ਹੋਇਆ ਜਾ ਸਕਦਾ। ਅਜਿਹੀ ਸਾਧਨਾ ਬਗਲੀ ਦਾ ਭਾਗ ਹੋਵੇ ਤਾਂ ਬਗਲੀ ਦੀ ਉਚਮ ਤੇ ਸੁੱਚਮ ਦਾ ਵਿਰਲਾ ਹੀ ਹਾਣੀ ਹੋਵੇ, ਜੋ ਸਿਰ ਉਚਾ ਕਰਕੇ ਖਲੋਵੇ ਅਤੇ ਮਨ-ਮਸਤਕ ਵਿਚ ਰਹਿਬਰੀ ਦਾ ਰਾਗ ਛੋਹਵੇ।
ਬਗਲੀ ਪਾਉਣ ਦਾ ਬਹੁਤ ਲੋਕ ਡਰਾਮਾ ਕਰਦੇ। ਇਸ ਦੀ ਰੰਗ-ਬਰੰਗਤਾ ਨੂੰ ਭਰਮ ਭੁਲੇਖਿਆਂ ਦੇ ਨਾਮ ਕਰਦੇ ਅਤੇ ਮਨੁੱਖੀ ਸੋਚ ਵਿਚ ਕੋਹਝ, ਕਮੀਨੀਆਂ ਤੇ ਕਾਲਖਾਂ ਦਾ ਵਣਜ ਕਰਦੇ; ਪਰ ਜਦ ਬਗਲੀ ਨੂੰ ਪਤਾ ਲੱਗਦਾ ਤਾਂ ਬਗਲੀ ਦੀ ਰੂਹ ਛਾਲੋ-ਛਾਲੀ ਹੋ ਜਾਂਦੀ, ਕਿਉਂਕਿ ਬਗਲੀ ਦਾ ਧਰਮ, ਕਰਮਯੋਗ ਕਮਾਉਣਾ, ਕਿਰਤ-ਵਿਰਤ ਦੀ ਵਡਿਆਈ ਕਰਨਾ, ਵੰਡ ਛਕਣ ਨੂੰ ਵਡਿਆਉਣਾ ਅਤੇ ਦੁਖਿਆਰੀ ਮਨੁੱਖਤਾ ਦੇ ਦੁੱਖ-ਦਲਿਦਰਾਂ ਨੂੰ ਦੂਰ ਕਰਕੇ ਰੱਬ ਨੂੰ ਪਾਉਣਾ। ਬਗਲੀ ਆਪਣੀ ਔਕਾਤ ਅਤੇ ਆਸਥਾ ਤੋਂ ਕੁਤਾਹੀ ਕਰੇ ਤਾਂ ਖੁਦ ਆਪਣੀ ਮੌਤੇ ਮਰੇ, ਪਰ ਬਗਲੀ ਕਦੇ ਵੀ ਅਜਿਹਾ ਨਾ ਕਰੇ।
ਬਗਲੀ ਮੋਢੇ ‘ਤੇ ਜਰੂਰ ਲਟਕਾਓ, ਸੁੱਚੇ ਸੁਪਨਿਆਂ ਦੀ, ਹਰਫਾਂ ਦੀ, ਪੂਰਨਿਆਂ ਦੀ, ਗਿਆਨ-ਗੋਸ਼ਟਿ ਦੀ, ਸਿਰੜ-ਸਾਧਨਾ ਦੀ, ਅਦਬ ਤੇ ਅਦਾਬ ਦੀ, ਵਡੇਰਿਆਂ ਦੀ ਸ਼ਾਨ ਤੇ ਮਾਣ ਦੀ, ਸੁੱਚੀ ਪਛਾਣ ਦੀ, ਕਿਰਦਾਰੀ ਈਮਾਨ ਦੀ, ਫਿਤਰਤ ਵਿਚ ਵੱਸਦੇ ਇਨਸਾਨ ਦੀ, ਹਰ ਸ਼ਖਸ ਵਿਚ ਵੱਸਦੇ ਭਗਵਾਨ ਦੀ, ਗ੍ਰੰਥ-ਗੀਤਾ-ਕੁਰਾਨ ਦੀ, ਸੰਖ ਤੇ ਅਜ਼ਾਨ ਦੀ, ਵਰੋਸਾਈਆਂ ਅਮਾਨਤਾਂ ਦੀ, ਬਰਕਤਾਂ ਦੀ, ਮਿਹਰਾਂ ਤੇ ਨਿਆਮਤਾਂ ਦੀ ਅਤੇ ਇਨ੍ਹਾਂ ਸਭ ਲਈ ਮਨ-ਦਰਗਾਹ ਵਿਚ ਉਪਜੀ ਸ਼ੁਕਰਗੁਜਾਰੀ ਦੀ। ਅਜਿਹੀ ਬਗਲੀ ਜਦ ਮਨੁੱਖ ਦਾ ਹਾਸਲ ਬਣ ਜਾਵੇ ਤਾਂ ਜੀਵਨ ਨੂੰ ਜ਼ਿੰਦਗੀ ਕਹਿਣ ਲੱਗਿਆਂ, ਮੱਥੇ ‘ਚ ਚਾਨਣ ਫੈਲ ਜਾਂਦਾ ਅਤੇ ਜੀਵਨ-ਚਾਨਣੀ ਵਿਚ ਰਾਤ ਦੀ ਰਾਣੀ ਦੀ ਮਹਿਕ।