ਜੇ ਆਈ ਪਤਝੜ ਤਾਂ ਫੇਰ ਕੀ ਹੈ…

ਪ੍ਰਿੰ. ਸਰਵਣ ਸਿੰਘ
ਕਦੇ ਅਸਾਂ ਹਾਕੀ ਦੇ ਖਿਡਾਰੀ ਪਰਗਟ ਸਿੰਘ ਨੂੰ ਕਿਹਾ ਸੀ, “ਪਰਗਟ, ਤੂੰ ਪਰਗਟ ਈ ਰਹੀਂ।” ਸ਼ੁਕਰ ਕੀਤਾ ਉਹ ਪਰਗਟ ਈ ਰਿਹਾ। ਫਿਰ ਕ੍ਰਿਕਟ ਦੇ ਖਿਡਾਰੀ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਸੀ, “ਨਵਜੋਤ, ਤੂੰ ਨਵਜੋਤ ਈ ਰਹੀਂ।”

ਖੇਡ ਪ੍ਰੇਮੀਆਂ ਨੂੰ ਮਾਣ ਹੈ ਕਿ ਸਿੱਧੂ ਸੱਚਾ ਸਪੋਰਟਸਮੈਨ ਹੈ। ਸੱਚਾ ਸਪੋਰਟਸਮੈਨ ਅੰਦਰੋ-ਅੰਦਰੀ ਵਿਰੋਧੀ ਟੀਮ ਨਾਲ ਰਲ ਮਿਲ ਕੇ ਨਹੀਂ, ਸਗੋਂ ਦਿਲ ਗੁਰਦੇ ਨਾਲ ਸਾਹਵੀਂ ਤੇ ਸੁਥਰੀ ਖੇਡ ਖੇਡਦੈ ਅਤੇ ਕਿਸੇ ਲੋਭ ਲਾਲਚ ਵਿਚ ਨਹੀਂ ਆਉਂਦਾ। ਇਸੇ ਲਈ ਉਹ ਨੂਰਾ ਕੁਸ਼ਤੀ ਕਰਨ ਵਾਲਿਆਂ ਦੀਆਂ ਅੱਖਾਂ ‘ਚ ਰੜਕਦੈ। ਪੰਜਾਬ ਨੂੰ ਆਪਣੇ ਇਸ ਪੁੱਤਰ ਤੋਂ ਬਹੁਤ ਆਸਾਂ ਤੇ ਉਮੀਦਾਂ ਹਨ। ਪੰਜਾਬ ਦੀ ਜਨਤਾ ਉਸ ਨੂੰ ਭਵਿੱਖ ਦੇ ਮੁੱਖ ਮੰਤਰੀ ਵਜੋਂ ਵੇਖ ਰਹੀ ਹੈ। ਉਸ ਨੇ ਹੁਣ ਤਕ ਜੋ ਕੁਝ ਕੀਤੈ, ਉਹਦੇ ਤੋਂ ਜਾਪਦੈ ਪੰਜਾਬ ਦਾ ਭਵਿੱਖ ਅਜਿਹੇ ਈਮਾਨਦਾਰ ਤੇ ਸੱਚੇ-ਸੁੱਚੇ ਲੀਡਰ ਹੀ ਸੰਵਾਰ ਸਕਦੇ ਹਨ। ਅਜੇ ਤਕ ਉਹਦੇ ‘ਤੇ ਕਿਸੇ ਵੱਢੀ ਠੋਰੀ ਦਾ ਕੋਈ ਦਾਗ ਨਹੀਂ ਲੱਗਾ। ਜੇ ਚਾਹੁੰਦਾ ਤਾਂ ਉਹ ਵੀ ਸਿਆਸੀ ਧੰਦਾ ਕਰਨ ਵਾਲੇ ਕਈ ਹੋਰਨਾਂ ਨੇਤਾਵਾਂ ਵਾਂਗ ਬੋਰੀਆਂ ਭਰ ਸਕਦਾ ਸੀ, ਪਰ ਉਹ ਪੰਜ ਦਵੰਜੀ ਦੇ ਚੱਕਰਾਂ ਵਿਚ ਨਹੀਂ ਪਿਆ। ਕੋਈ ਮਾਫੀਆ ਨਹੀਂ ਬਣਾਇਆ।
ਪਰਿਵਾਰ ਦੀਆਂ ਜੇਬਾਂ ਭਰਨ ਭਰਾਉਣ ਦੀ ਥਾਂ ਉਹ ਆਪਣੀਆਂ ਜੇਬਾਂ ਖਾਲੀ ਕਰ ਰਿਹੈ। ਲੋੜਵੰਦਾਂ ਨੂੰ ਖੜ੍ਹੇ ਪੈਰ ਮਦਦ ਦੇ ਰਿਹੈ। ਹਾਲਾਂਕਿ ਉਹ ਨਾ ਕੋਈ ਰਜਵਾੜਾ ਹੈ, ਨਾ ਜਗੀਰਦਾਰ। ਉਹਦੀ ਪਤਨੀ ਤੇ ਪੁੱਤਰ ਨੂੰ ਸਰਕਾਰ ਨੇ ਉਨ੍ਹਾਂ ਦੀ ਕਾਬਲੀਅਤ ਅਨੁਸਾਰ ਸਰਕਾਰੀ ਅਹੁਦੇ ਦਿੱਤੇ, ਪਰ ਪਰਿਵਾਰ ਨੇ ਵਾਪਸ ਕਰ ਦਿੱਤੇ ਕਿ ਅਸੀਂ ਲੋਕ ਸੇਵਾ ਲਈ ਸਿਆਸਤ ਵਿਚ ਆਏ ਹਾਂ, ਲਾਰੇ ਲਾ ਕੇ ਮੇਵੇ ਲੈਣ ਲਈ ਨਹੀਂ। ਅਜਿਹਾ ਕਰ ਕੇ ਉਸ ਨੇ ਧਨਵਾਨ ਸਿਆਸੀ ਨੇਤਾਵਾਂ ਨੂੰ ਚੈਲੰਜ ਦਿੱਤਾ ਸੀ, ਪਈ ਜੇ ‘ਰਾਜ ਨਹੀਂ ਸੇਵਾ’ ਕਰਨ ਦਾ ਚਾਓ ਹੈ ਤਾਂ ਆਓ ਨਿੱਜੀ ਪਰਿਵਾਰ ਪ੍ਰਸਤੀ ਛੱਡ ਕੇ ਲੋਕਾਂ ਦੀ ਨਿਸ਼ਕਾਮ ਸੇਵਾ ਕਰੀਏ।
ਨਵਜੋਤ ਸਿੰਘ ਸਿੱਧੂ ਜੁਝਾਰੂ ਖਿਡਾਰੀ ਹੈ। ਹਾਰ ਸਹਿਣੀ ਤੇ ਜਿੱਤ ਪਚਾਉਣੀ ਜਾਣਦੈ। ਇਸੇ ਕਰਕੇ ਔਖੀਆਂ ਘੜੀਆਂ ‘ਚ ਵੀ ਡੋਲਣੋਂ ਬਚ ਜਾਂਦਾ ਰਿਹੈ। ਵੱਡੇ ਅਹੁਦਿਆਂ ਨੂੰ ਲੱਤ ਮਾਰਨ ਦਾ ਜੇਰਾ ਰੱਖਦੈ। ਅਣਖੀਲਾ ਹੋਣ ਕਰਕੇ ਅਨਿਆਂ ਅੱਗੇ ਸਿਰ ਚੁੱਕਦੈ। ਡਾਢਿਆਂ ਨਾਲ ਪੰਗਾ ਲੈਂਦੈ। ਕਦੇ ਕਦੇ ਬੋਲ ਕਬੋਲ ਵੀ ਕਰ ਬੈਠਦੈ। ਉਂਜ ਗੱਲਾਂ ਪਤੇ ਦੀਆਂ ਕਰਦੈ। ਉਤੋਂ ਉਤੋਂ ਨਹੀਂ, ਢਿੱਡ ‘ਚੋਂ ਬੋਲਦੈ। ਲੈਕਚਰ ਐਸਾ ਜੋਸ਼ੀਲਾ ਕਰਦੈ ਕਿ ਕਿਸੇ ਨੂੰ ਚੁੱਕਣ ਲੱਗੇ ਤਾਂ ਅਸਮਾਨ ‘ਤੇ ਚਾੜ੍ਹ ਦਿੰਦੈ, ਡੇਗਣ ਲੱਗੇ ਤਾਂ ਪਤਾਲ ‘ਚ ਪਟਕਾ ਮਾਰਦੈ। ਸ਼ਾਇਰੀ, ਚੁਟਕਲਿਆਂ ਤੇ ਅਖਾਣਾਂ-ਮੁਹਾਵਰਿਆਂ ਨਾਲ ਲੈਸ ਧੂੰਆਂਧਾਰ ਭਾਸ਼ਣ ਦਿੰਦੈ। ‘ਠੋਕੋ ਤਾਲੀ’ ਤੇ ‘ਚੱਕ-ਲੋ ਚੱਕ-ਲੋ’ ਵੀ ਕਰਦਾ/ ਕਰਵਾਉਂਦੈ। ਵਿਰੋਧੀਆਂ ‘ਤੇ ਵਿਅੰਗ-ਬਾਣ ਛੱਡਣੋਂ ਵੀ ਬਾਜ ਨਹੀਂ ਆਉਂਦਾ। ਕਿਰਦਾਰ, ਗੁਫਤਾਰ ਤੇ ਦਸਤਾਰ ਵੱਲੋਂ ਪੰਜਾਬੀਆਂ ਦਾ ਰੋਲ ਮਾਡਲ ਬਣ ਗਿਆ ਹੋਇਐ।
ਉਹਦੀ ਮੁਢਲੀ ਮਸ਼ਹੂਰੀ ਕ੍ਰਿਕਟ ਦੀ ਖੇਡ ਵਿਚ ਮਾਰੇ ਚੌਕੇ ਛਿੱਕਿਆਂ ਨਾਲ ਹੋਈ ਸੀ। ਫਿਰ ਕ੍ਰਿਕਟ ਦੀ ਫਰਾਟੇਦਾਰ ਕੁਮੈਂਟਰੀ ਤੇ ਟੀ. ਵੀ. ਦੇ ਹਾਸਰਸੀ ਸ਼ੋਆਂ ਨਾਲ ਉਹਦੀ ਮਹਿਮਾ ਦਾ ਕੋਈ ਹੱਦ ਬੰਨਾ ਨਾ ਰਿਹਾ-ਨਾਵੇਂ ਵੱਲੋਂ ਵੀ ਤੇ ਨਾਮਣੇ ਵੱਲੋਂ ਵੀ। ਸਿਆਸਤ ਵਿਚ ਤਾਂ ਉਹ ਸਬੱਬੀਂ ਖਿੱਚਿਆ ਗਿਆ। ਐਸਾ ਖਿੱਚਿਆ ਗਿਆ ਕਿ ਨਾ ਫਿਰ ਉਸ ਨੂੰ ਸਿਆਸਤ ਦੇ ਕੰਬਲ ਨੇ ਛੱਡਿਐ ਤੇ ਨਾ ਉਹ ਕੰਬਲ ਛੱਡਣ ਜੋਗਾ ਰਿਹਾ। ਬੇਸ਼ਕ ਉਸ ਨੇ ਸਿਆਸਤ ਦੀਆਂ ਕਈ ਪਾਰੀਆਂ ਖੇਡ ਲਈਆਂ ਨੇ, ਪਰ ਫਾਈਨਲ ਮੈਚ ਖੇਡਣਾ ਅਜੇ ਬਾਕੀ ਹੈ। ਜਿਵੇਂ ਉਹ ਜੋਸ਼ ਨਾਲ ਖੇਡ ਰਿਹੈ, ਮੈਨ ਆਫ ਦੀ ਮੈਚ ਵੀ ਬਣ ਸਕਦੈ। ਬਿਨਾ ਸ਼ੱਕ ਦਰਸ਼ਕ ਉਸ ਨੂੰ ਮੈਨ ਆਫ ਦੀ ਮੈਚ ਬਣਿਆ ਵੇਖਣਾ ਚਾਹੁੰਦੇ ਹਨ। ਚਾਹੁੰਦੇ ਹਨ ਕਿ ਹੰਨੇ ਜਾਂ ਬੰਨੇ ਖੇਡਣ ਦੀ ਥਾਂ ਹਾਲੇ ਰਤਾ ਬਚ ਬਚਾਅ ਕੇ ਖੇਡੇ। ਆਉਂਦੇ ਦਿਨਾਂ ‘ਚ ਸਿਆਸੀ ਖੇਡ ਦਾ ਉਹ ਸਿਖਰਲਾ ਪਲ ਆ ਰਿਹੈ, ਜਦੋਂ ਉਹਨੂੰ ਆਲ ਆਊਟ ਖੇਡਣਾ ਪੈ ਸਕਦੈ। ਉਦੋਂ ਜੇ ਉਹ ਆਊਟ ਹੋ ਵੀ ਜਾਵੇ ਤਾਂ ਘਬਰਾਵੇ ਨਾ। ਉਦੋਂ ਹੋਣਹਾਰ ਖਿਡਾਰੀਆਂ ਦੀ ਹੋਣਹਾਰ ਟੀਮ ਉਸ ਨੂੰ ਜੀ ਆਇਆਂ ਕਹਿਣ ਨੂੰ ਤਿਆਰ-ਬਰ-ਤਿਆਰ ਹੋਵੇਗੀ ਅਤੇ ਉਹ ਪੁਰਾਣੀਆਂ ਟੀਮਾਂ ਦੇ ਕਪਤਾਨਾਂ ਵੱਲੋਂ ਰਲ ਮਿਲ ਕੇ ਖੇਡਣ ਦੇ ਬਾਵਜੂਦ ਤਕੜੀ ਸਾਬਤ ਹੋਵੇਗੀ।
ਪਿਛੇ ਜਿਹੇ ਅੰਮ੍ਰਿਤਸਰ ‘ਚ ਇਕ ਅਵਾਰਾ ਸਾਨ੍ਹ ਉਹਦੇ ਮਗਰ ਪੈ ਗਿਆ ਸੀ, ਪਰ ਉਹ ਬਿਨਾ ਸੱਟ ਫੇਟ ਖਾਧੇ ਬਚ ਗਿਆ ਸੀ। ਹਾਲੇ ਵੀ ਉਹ ਅਵੇਸਲਾ ਨਾ ਹੋਵੇ। ਅਜੇ ਉਹਦੀ ਪਾਰਟੀ ਦੇ ਕਈ ਮਾਰਖੰਡੇ ਸਾਨ੍ਹ ਉਹਦੇ ਮਗਰ ਪੈਣੇ ਹਨ। ਉਨ੍ਹਾਂ ਦੀਆਂ ਢੁੱਡਾਂ ਨੂੰ ਉਨ੍ਹਾਂ ਦੇ ਆਕਾਵਾਂ ਨੇ ਅਨੁਸ਼ਾਸਨ ਤੋੜਨਾ ਨਹੀਂ ਕਹਿਣਾ। ਅਨੁਸ਼ਾਸਨ ਤੋੜਨ ਦਾ ਤੋੜਾ ਤਾਂ ਸਿੱਧੂ ਵਰਗੇ ਈਮਾਨਦਾਰ ਸਪੋਰਟਸਮੈਨ ‘ਤੇ ਹੀ ਟੁੱਟਣੈ। ਸਿਆਣੇ ਸੱਚ ਕਹਿੰਦੇ ਹਨ ਕਿ ਢੁੱਡਾਂ ਚੰਗੇ ਭਲੇ ਬੰਦਿਆਂ ਨੂੰ ਈ ਖਾਣੀਆਂ ਪੈਂਦੀਆਂ ਨੇ। ਮੇਰਾ ਖੇਡਾਂ ਤੇ ਖਿਡਾਰੀਆਂ ਨਾਲ ਇਸ਼ਕ ਹੀ ਅਜਿਹਾ ਹੈ, ਕਿਸੇ ਵੀ ਚੰਗੇ ਭਲੇ ਖਿਡਾਰੀ ਬਾਰੇ ਕੁਝ ਲਿਖੇ ਬਿਨਾ ਨਹੀਂ ਰਿਹਾ ਜਾਂਦਾ।
ਨਵਜੋਤ ਸਿਆਂ, ਸ਼ੁਕਰ ਐ ਤੇਰਾ ਅੰਮ੍ਰਿਤਸਰ ਦੇ ਆਵਾਰਾ ਸਾਨ੍ਹ ਤੋਂ ਤਾਂ ਬਚਾਅ ਹੋ ਗਿਆ। ਤੇਰੇ ਪਰਿਵਾਰ ਨੂੰ ਪਾਏ ਸਰਕਾਰੀ ਚੋਗੇ ‘ਚੋਂ ਵੀ ਤੂੰ ਪਰਿਵਾਰ ਨੂੰ ਬਚਾ ਲਿਆ। ਜਾਲ ਤਣ ਲਿਆ ਗਿਆ ਸੀ, ਪਰ ਤੂੰ ਫੰਧੇ ਵਿਚ ਨਹੀਂ ਫਸਿਆ। ਸਾਡੇ ਕੋਲ ਸਿਆਸੀ ਕੋਚਿੰਗ ਦਾ ਤਾਂ ਕੋਈ ਗੁਰ ਮੰਤਰ ਨਹੀਂ, ਪਰ ਇਕ ਗੁਰ ਜ਼ਰੂਰ ਦੱਸ ਦਿੰਨੇ ਆਂ ਕਿ ਇਨ੍ਹਾਂ ਖੁੰਢੇ ਸਿਆਸੀ ਸਾਨ੍ਹਾਂ ਤੋਂ ਸਦਾ ਸੁਚੇਤ ਰਹੀਂ। ਇਹ ਰਲ ਮਿਲ ਕੇ ਬੜੀ ਗੁੱਝੀ ਢੁੱਡ ਮਾਰਦੇ ਨੇ। ਪਤਾ ਉਦੋਂ ਲੱਗਦੈ ਜਦੋਂ ਕਹਿੰਦਾ ਕਹਾਉਂਦਾ ਬੰਦਾ ਵੀ ਨਾ ਏਧਰ ਦਾ ਰਹਿੰਦੈ, ਨਾ ਓਧਰ ਦਾ। ਨਾਲੇ ਆਪਾਂ ਤਾਂ ਅਜੇ ‘ਅਵਾਜ਼-ਏ-ਪੰਜਾਬ’ ਵੀ ਬਣਨੈ। ਇਸ ਲਈ ਨਵਜੋਤ, ਤੂੰ ਨਵਜੋਤ ਹੀ ਰਹੀਂ। ਤੇਰੀ 1917 ਵਾਲੀ ‘ਅਵਾਜ਼-ਏ-ਪੰਜਾਬ’ ਟੀਮ ਦਾ ਮਾਟੋ ਹੀ ਮੁੜ ਯਾਦ ਕਰਾਉਂਦੇ ਹਾਂ,
ਜੇ ਆਈ ਪਤਝੜ ਤਾਂ ਫੇਰ ਕੀ ਹੈ
ਤੂੰ ਅਗਲੀ ਰੁੱਤ ‘ਚ ਯਕੀਨ ਰੱਖੀਂ
ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ।