ਮੁੰਡਾ ਸੁੱਕ ਗਿਆ ਚੰਨਣ ਦਾ ਬੂਟਾ…

ਪ੍ਰਿੰ. ਸਰਵਣ ਸਿੰਘ ਦੀ ਪੁਸਤਕ ‘ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ’ ਦਾ ਇਕ ਕਾਂਡ
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਮੇਲੇ ਮੁਸਾਹਬੇ ਜਾਂਦਿਆਂ ਬੋਤੇ ਦੀ ਸਵਾਰੀ ਦਾ ਟੌਹਰ:
ਰੂਪ ਨੇ ਬੀਹੀ ਵਿਚ ਬੋਤਾ ਕੱਢਿਆ ਅਤੇ ਉਸ ਨੂੰ ‘ਇੱਛ ਇੱਛ’ ਆਖ ਬਹਾਇਆ। ਪਾਟੇ ਦੋੜੇ ਨਾਲ ਉਸ ਨੇ ਸਾਰੇ ਨੂੰ ਝਾੜਿਆ ਅਤੇ ਫਿਰ ਪਤਲਾ ਛੀਂਟ ਦਾ ਝੁੱਲ ਸੁੱਟਿਆ। ਛੀਂਟ ਦੇ ਹਰੇ ਨੀਲੇ ਝੁੱਲ ‘ਤੇ ਲਾਲ ਗੱਦੀਆਂ ਫੱਬ ਗਈਆਂ। ਸੂੰਡਕੇ ਵਿਚ ਅੜੀਆਂ ਗੱਦੀਆਂ ਨੂੰ ਫਰਾਕੀ ਨੇ ਕੱਸ ਦਿੱਤਾ। ਨਵੀਂ ਮੁਹਾਰ ਅਤੇ ਗਲ ਬਾਰੀਕ ਘੁੰਗਰੂਆਂ ਦੀ ਕੈਂਠੀ ਨੇ ਬੋਤੇ ਦੀ ਜਵਾਨੀ ਨੂੰ ਸ਼ਿੰਗਾਰ ਦਿੱਤਾ। ਰੂਪ ਨੇ ਨੀਵੀਂ ਕਮੀਜ਼ ਨਾਲ ਸੂਫ ਦਾ ਚਾਦਰਾ ਬੰਨ੍ਹਿਆ ਹੋਇਆ ਸੀ, ਜੋ ਤੁਰਦਿਆਂ ਜਵਾਨੀ ਦਾ ਸ਼ੋਰ ਪੈਦਾ ਕਰਦਾ ਸੀ।

ਅੰਗੂਰੀ ਰੰਗ ਦੀ ਉਸ ਦੀ ਟੇਢੀ ਪੱਗ ਬਹਾਰ ਦੇ ਸੱਜਰੇ ਸੁਨੇਹੇ ਵਿਚ ਹੱਸ ਰਹੀ ਸੀ। ਜਗੀਰ ਦਾ ਲਾਜਵਰੀ ਪੂੰਝਾ ਰੋਕ ਰੋਕ ਰੱਖਿਆਂ ਵੀ ਡਿੱਗ ਡਿੱਗ ਪੈਂਦਾ ਸੀ। ਦੋਹਾਂ ਨੇ ਬੋਤੇ ‘ਤੇ ਚੜ੍ਹਨ ਲਈ ਚਾਦਰਿਆਂ ਦੇ ਲਾਂਗੜ ਮਾਰ ਲਏ। ਪੱਟਾਂ ਕੋਲੋਂ ਉਨ੍ਹਾਂ ਦੇ ਚਾਦਰਿਆਂ ਵਿਚ ਲਹਿਰਾਂ ਜਿਹੀਆਂ ਬਣ ਗਈਆਂ, ਜਿਵੇਂ ਹਿਰਦੇ ਵਿਚ ਮਚਲਦੇ ਅਰਮਾਨ ਇਕ ਦੂਜੇ ਦੇ ਗਲ ਬਾਹਾਂ ਪਾਉਂਦੇ ਹਨ। ਜਵਾਨੀ ਦੇ ਨਾਜ਼ ਅੱਜੀਂ-ਪੱਜੀਂ ਕੁਦਰਤ ਦੀ ਹਿੱਕ ਵਿਚ ਕੁਤ-ਕਤਾਰੀਆਂ ਕੱਢ ਰਹੇ ਸਨ…।
ਬੋਤਾ ਪਿੰਡ ਦੀ ਫਿਰਨੀ ਪੈ ਗਿਆ। ਨਿਆਈਂ ਵਾਲੇ ਖੂਹ ਤੋਂ ਮੋੜ ਮੁੜਦਿਆਂ ਰੂਪ ਨੇ ਬਚਨੋ ਨੂੰ ਵਾੜੇ ਵਿਚ ਖੜ੍ਹੀ ਨੂੰ ਤੱਕਿਆ। ਜਗੀਰ ਨੇ ਰੂਪ ਦੀ ਵੱਖੀ ਵਿਚ ਚੂੰਢੀ ਭਰੀ। ਓਧਰ ਬਚਨੋ ਸੈਨਤ ਵਿਚ ਦੀ ਆਪਣੇ ਗੁੱਟ ਨੂੰ ਹੱਥ ਲਾ ਗਈ,
ਜਾਵੀਂ ਮੇਲੇ ‘ਤੇ ਲਿਆ ਦੀਂ ਪਹੁੰਚੀ,
ਲੈ ਜਾ ਮੇਰਾ ਗੁੱਟ ਮਿਣ ਕੇ।
ਕੰਵਲ ਦੀਆਂ ਲਿਖਤਾਂ ਦਾ ਮੁੱਖ ਧੁਰਾ ਪਿਆਰ ਹੈ। ਪੂਰਨਮਾਸ਼ੀ ਵਿਚ ਪਿਆਰ ਬਾਰੇ ਵਿਚਾਰ:
“ਫੁੱਲਾਂ ਦੀ ਸੁਗੰਧੀ ਵਾੜਾਂ ਵਿਚ ਡੱਕਿਆਂ ਵੀ ਚੁਫੇਰੇ ਖਿਲਰ ਜਾਂਦੀ ਹੈ। ਦਿਆਲੇ ਤੇ ਸ਼ਾਮੋ ਦੇ ਪਿਆਰ ਦੀਆਂ ਗੱਲਾਂ ਵੀ ਮਸਾਲੇ ਲਾ ਲਾ ਕੀਤੀਆਂ ਜਾਣ ਲੱਗੀਆਂ। ਜਵਾਨੀ ਦੇ ਕੋਮਲ ਹੁਸਨ ਨੂੰ ਬਦਨਾਮੀ ਦਾ ਸੇਕ ਬੁਰੀ ਤਰ੍ਹਾਂ ਝੁਲਸ ਦਿੰਦਾ ਹੈ। ਕਿਸੇ ਦੇ ਪਿਆਰ ਦੀ ਗੱਲ ਕਰਨੀ ਸਾਨੂੰ ਇਸ ਤਰ੍ਹਾਂ ਮਿਲਦੀ ਹੈ ਕਿ ਅਸੀਂ ਆਪ ਲੋਹੜੇ ਦੇ ਪਿਆਰ ਦੇ ਭੁੱਖੇ ਹੁੰਦੇ ਹਾਂ। ਪਿਆਰ ਦੇ ਮਾਮਲੇ ਵਿਚ ਸਾਡੀਆਂ ਰੁਚੀਆਂ ਸਖਤ, ਤਲਖ-ਤੁਰਸ਼ ਹੋ ਗਈਆਂ ਹੁੰਦੀਆਂ ਹਨ। ਪਿਆਰ ਕਰਨ ਦੇ ਮੌਕੇ ਸਾਨੂੰ ਘੱਟ ਮਿਲੇ ਹੁੰਦੇ ਹਨ ਜਾਂ ਦੂਜੇ ਅਰਥਾਂ ਵਿਚ ਉਨ੍ਹਾਂ ਨੂੰ ਪਰਵਾਨ ਨਹੀਂ ਚੜ੍ਹਨ ਦਿੱਤਾ ਜਾਂਦਾ। ਹਰ ਪਿਆਰ ਕਰਨ ਵਾਲੇ ਜੋੜੇ ਦੇ ਮਾਮਲੇ ਵਿਚ ਸਾਡੀਆਂ ਭਾਵਨਾਵਾਂ ਬਦਲਾ-ਲਊ ਹੋ ਜਾਂਦੀਆਂ ਹਨ। ਜਵਾਨੀ ਵਿਚ ਆ ਕੇ ਕੁਦਰਤੀ ਪਿਆਰ-ਭੁੱਖ ਜਾਗਦੀ ਹੈ। ਪਿਆਰ ਵਿਚ ਕਾਮਯਾਬ ਜਿੰਦੜੀਆਂ ਕਦੇ ਸਾੜਾ ਨਹੀਂ ਕਰਦੀਆਂ, ਸਗੋਂ ਪ੍ਰੇਮੀਆਂ ਨੂੰ ਅਸ਼ੀਰਵਾਦ ਦਿੰਦੀਆਂ ਹਨ। ਪਰ ਸੱਖਣੇ ਤੇ ਅਧੂਰੇ ਹਿਰਦੇ ਨਿੰਦਿਆ ਨਾਲ ਪ੍ਰੇਮੀਆਂ ਦੇ ਰਾਹ ਵਿਚ ਕੰਡੇ ਖਿਲਾਰਦੇ ਹਨ।”
ਮੇਲੇ ਵਿਚ ਗਾਉਣ ਦੇ ਅਖਾੜੇ ਦਾ ਦ੍ਰਿਸ਼:
“ਢੱਡ ਸਾਰੰਗੀ ਵਾਲੀ ਤਿੱਖੜੀ ਨੇ ਮੇਲੇ ਦੇ ਇਕ ਪਾਸੇ, ਵਿਚਕਾਰ ਖਾਲੀ ਥਾਂ ਰੱਖ ਕੇ ਗੋਲ ਦਾਇਰਾ ਬਣਾ ਲਿਆ। ਗਾਉਣ ਲੱਗਦਾ ਵੇਖ ਕੇ ਸਾਰਾ ਮੇਲਾ ਹੀ ਉਨ੍ਹਾਂ ਵੱਲ ਨੂੰ ਉਲਰ ਪਿਆ ਅਤੇ ਗਾਉਣ ਵੱਲ ਜਾਂਦੇ ਮੇਲੇ ਨੂੰ ਵੇਖ ਕੇ ਦੁਕਾਨਦਾਰਾਂ ਦੇ ਮੱਥਿਆਂ ਵਿਚ ਤਿਓੜੀਆਂ ਪੈ ਗਈਆਂ। ਸਾਰੰਗੀ ਵਾਲੇ ਨੂੰ ਸੁਰ ਕਰਦਿਆਂ ਥੋੜ੍ਹੀ ਦੇਰ ਲੱਗੀ, ਪਰ ਸੁਰ ਹੋਣ ਦੀ ਹੀ ਢਿੱਲ ਸੀ ਕਿ ਢੱਡਾਂ ਬੁੜ੍ਹਕ ਪਈਆਂ ਅਤੇ ਸਰੋਤਿਆਂ ਦੇ ਸੁਆਦ ਵਿਚ ਦਿਲ ਵੀ ਉਛਲੇ। ਪਹਿਲਾਂ ਗਵੰਤਰੀਆਂ ਨੇ ਵਰਾਂ ਦੀ ਦਾਤੀ ਸ਼ਾਰਦਾ ਮਾਤਾ ਦੀ ਬੰਦਨਾ ਗਾਈ ਅਤੇ ਪਿੱਛੋਂ ਕਿੰਨੇ ਹੀ ਪੀਰ ਅਵਤਾਰ ਗਿਣ ਮਾਰੇ, ਜਿਵੇਂ ਉਨ੍ਹਾਂ ਸਭ ‘ਤੇ ਹੀ ਵਿਸ਼ਵਾਸ ਸੀ। ਫਿਰ ਪਾਛੂ ਮੁੰਡੇ ਨੇ ਚਾਦਰੇ ਵਿਚੋਂ ਸੱਜੀ ਲੱਤ ਅਗਾਂਹ ਕੱਢਦਿਆਂ ਬਾਂਹ ਉੱਚੀ ਕਰ ਕੇ ਦੋਹਰਾ ਲਾਇਆ,
ਫੁੱਲ ਦਾ ਲੋਭੀ ਭੌਰ ਹੈ,
ਧਨ ਦਾ ਲੋਭੀ ਚੋਰ!
ਮੈਂ ਲੋਭਣ ਇਕ ਦਰਦ ਦੀ,
ਕੁਝ ਨਾ ਮੰਗਦੀ ਹੋਰ।
ਵਜੰਤਰੀ ਨੇ ਸਾਰੰਗੀ ਨਾਲ ਝੂਮਦਿਆਂ ਤਾਨ ਬਦਲੀ ਅਤੇ ਗਾਉਣ ਦੇ ਮੋਹਰੀ ਨੇ ਕੰਨ ਉਤੇ ਹੱਥ ਰੱਖ ਕੇ ਹੀਰ ਦੀ ਕਲੀ ਛੇੜ ਦਿੱਤੀ,
ਚੂਰੀ ਕੱਛ ਵਿਚ ਦੇ ਕੇ
ਹੀਰ ਤੁਰ ਪਈ ਬੇਲੇ ਨੂੰ,
ਪੰਜਾਂ ਪੀਰਾਂ ਤਾਈਂ
ਮਨ ਵਿਚ ਜਾਇ ਧਿਆਉਂਦੀ।
ਮਾਂ ਦੇ ਭਾਣੇ ਰਾਂਝਿਆ
ਮੈਂ ਤ੍ਰਿੰਜਣ ਵਿਚ ਕੱਤਦੀ ਆਂ,
ਬਾਹਾਂ ਚੁੱਕ ਚੁੱਕ ਸਾਊਆ
ਵੇ ਤੱਕਲੇ ਤੰਦ ਪਾਉਂਦੀ…।
‘ਵਾਹ ਓਏ ਗਮੰਤਰੀਆ, ਤਾਰ ‘ਤੇ ਚਿੱਠੇ! ਆਹ ਫੜੀਂ ਰੁਪਈਆ।’
ਪਾਛੂ ਮੁੰਡੇ ਨੇ ਫਿਰ ਦੋਹਰਾ ਲਾਇਆ,
ਬਾਗਾ ਤੇਰੀ ਜੜ੍ਹ ਵਧੇ,
ਭੌਰਿਆ ਜੁਗ ਜੁਗ ਜੀ।
ਉਜੜ ਖੇੜਾ ਮੁੜ ਵਸੇ,
ਮੂਰਖ ਜਾਣੇ ਕੀ…।
ਗੱਲਾਂ ਗੱਲਾਂ ਦੇ ਵਿਚ ਮੈਨੂੰ
ਠੱਗ ਲਿਆ ਹੀਰ ਨੇ,
ਮੈਂ ਵੀ ਹੁਣ ਪਛਤਾਵਾਂ
ਛੱਡ ਕੇ ਤਖਤ ਹਜ਼ਾਰਾ।
ਮੈਨੂੰ ਚੂਰੀ ਖੁਆ ਕੇ ਤੂੰ
ਪਰਚਾਵੇਂ ਬੇਲੇ ਵਿਚ,
ਜੱਗ ਤੋਂ ਨਿਆਰਾ ਕੀਤਾ
ਪਿਉ ਤੇਰੇ ਨੇ ਕਾਰਾ।
ਤੇਰਾ ਸ਼ਗਨ ਤੋਰਿਆ
ਹੀਰੇ ਸੈਦੇ ਖੇੜੇ ਨੂੰ,
ਬੇਲੇ ਫਿਰੇ ਦੁਹਾਈ
ਦੇਂਦਾ ਚਾਕ ਵਿਚਾਰਾ…।
ਗਵੰਤਰੀਆਂ ਦੇ ਗਾਉਣ ਤੋਂ ਹਟਦਿਆਂ ਹੀ ਇਕ ਸ਼ਰਾਬੀ ਨੇ ਮੁੜ ਹੀਰ ਸੁਣਨ ਲਈ ਜਿੱਦ ਕੀਤੀ ਅਤੇ ਦੂਜਿਆਂ ਨੇ ਮਿਰਜ਼ਾ ਸੁਣਨ ਦੀ। ਦੋਵੇਂ ਢਾਣੀਆਂ ਦੇ ਚੋਬਰ ਸ਼ਰਾਬੀ ਸਨ। ਪੋਹ ਮਾਘ ਦੀਆਂ ਗੰਦਲਾਂ ਦੇ ਘਿਉ ਪਾ ਪਾ ਖਾਧੇ ਸਾਗ ਤੋਂ ਪੈਦਾ ਹੋਇਆ ਲਹੂ ਸ਼ਰਾਬ ਦੀ ਪੁੱਠ ਨਾਲ ਉਬਲ ਪਿਆ। ਜਵਾਨੀ ਵਿਚ ਕਿਹੜਾ ਸ਼ਰਾਬੀ ਸਰੋਤਾ ਆਪਣੀ ਮੋੜੀ ਗੱਲ ਸਹਾਰ ਸਕਦਾ ਹੈ? ਸਾਰੇ ਖਾੜੇ ਵਿਚ ਰੌਲਾ ਪੈ ਗਿਆ। ਉਨ੍ਹਾਂ ਦੇ ਗਾਲ੍ਹੋ-ਗਾਲ੍ਹੀ ਹੋਣ ਨਾਲ ਹੀ ਖਾੜਾ ਪੁੱਟਿਆ ਗਿਆ। ਉਸ ਪਿੱਛੋਂ ਡਾਂਗ ਚੱਲ ਪਈ। ਗਵੰਤਰੀਆਂ ਨੇ ਆਪਣੇ ਸਾਜ਼ ਕੱਛਾਂ ਵਿਚ ਦਿੱਤੇ ਅਤੇ ਵੱਡਿਆਂ ਦੇ ਹੇਠਾਂ ਦੀ ਨਿਉਂ ਕੇ ਖਿਸਕ ਗਏ। ਅਕਲ ਅਕਲ ‘ਤੇ ਅਸਰ ਕਰਦੀ ਹੈ, ਮੂਰਖ ਅੱਗੇ ਅਫਲਾਤੂਨ ਨੇ ਵੀ ਹੱਥ ਬੰਨ੍ਹੇ ਸਨ।”
ਕੁੜੀ ਦੇ ਵਿਆਹ ਵੇਲੇ ਜੰਜ ਆਉਣ ਦੀ ਝਾਕੀ:
“ਸ਼ਾਮੋ ਦੀ ਜੰਜ ਘੋੜੀਆਂ, ਬੋਤਿਆਂ ਅਤੇ ਰੱਥਾਂ ਉਤੇ ਸ਼ਿੰਗਾਰੀ ਆ ਗਈ। ਵਾਜੇ ਵਾਲਿਆਂ ਦਾ ਬੇਸੁਰਾ ਸ਼ੋਰ ਪਿੰਡ ਦੇ ਸੁੱਤੇ ਮਾਹੌਲ ਨੂੰ ਹਲੂਣ ਰਿਹਾ ਸੀ। ਗੱਭਰੂ ਜਾਨੀਆਂ ਨੇ, ਜੋ ਤਿੱਖੀਆਂ ਤੇ ਚੁਸਤ ਘੋੜੀਆਂ ਉਤੇ ਸਵਾਰ ਸਨ, ਪਿੰਡ ਨੂੰ ਵਲਿਆ। ਘੋੜੀਆਂ ਦੇ ਗੋਡਿਆਂ ਨਾਲ ਬੱਧੀਆਂ ਝਾਂਜਰਾਂ ਦੀ ਛਣਕਾਰ ਹਿਰਦੇ ਦੇ ਅਰਮਾਨਾਂ ਨੂੰ ਤੜਫਾ ਰਹੀ ਸੀ। ਨੱਚਦੀਆਂ ਘੋੜੀਆਂ ਮੁੜ ਧਰਮਸ਼ਾਲਾ ਅੱਗੇ ਆ ਰੁਕੀਆਂ, ਜਿਥੇ ਪਿੰਡ ਦੀ ਪੰਚਾਇਤ ਵੀ ਜੁੜੀ ਖਲੋਤੀ ਸੀ। ਲਾਗੀਆਂ ਨੇ ਮੰਜੇ ਡਾਹੁਣੇ ਸ਼ੁਰੂ ਕਰ ਦਿੱਤੇ ਅਤੇ ਕਾਮਿਆਂ ਨੇ ਸਵਾਰੀਆਂ ਨੂੰ ਸਾਂਭ ਲਿਆ।
ਜੰਜ ਦੀ ਰੋਟੀ ਪਰੋਸਦਿਆਂ ਹੀ ਇਕ ਕੁੜੀ ਨੇ ਜੰਜ ਬੰਨ੍ਹ ਦਿੱਤੀ। ਇਕ ਗੱਭਰੂ ਥਾਲੀ ਹੱਥ ‘ਤੇ ਰੱਖ ਕੇ ਜੰਜ ਛਡਾਉਣ ਲਈ ਉਠਿਆ।
‘ਬੱਸ ਸਰਦਾਰ ਜੀ ਬਹਿ ਜਾਵੋ ਅਤੇ ਪ੍ਰਸ਼ਾਦੇ ਛਕੋ।’ ਇਕ ਵਰਤਾਵੇ ਨੇ ਆਖਿਆ।
ਬਰਾਤ ਰੋਟੀ ਖਾਣ ਲੱਗੀ ਅਤੇ ਜੰਜ-ਛੁਡਾਵੇ ਦੇ ਬਹਿ ਜਾਣ ‘ਤੇ ਕੁੜੀਆਂ ਨੇ ਗੀਤ ਛੋਹ ਦਿੱਤਾ,
ਤੈਨੂੰ ਜੰਜ ਛਡਾਉਣੀ ਨਾ ਆਈ,
ਕੱਚਾ ਹੋ ਕੇ ਬਹਿ ਵੇ ਗਿਆ।
ਤੈਨੂੰ ਭੈਣ ਦੇਣੀ ਨਾ ਆਈ,
ਬੱਧੀ ਰੋਟੀ ਖਾ ਵੇ ਗਿਆ…।
ਜੇ ਲਾੜਿਆ ਤੇਰਾ ਹੋਵੇ ਕਬੀਲਾ,
ਬੱਧੀ ਜੰਜ ਛੁਡਾਵੇ,
ਜੰਜ ਕੌਣ ਛੁਡਾਵੇ।
ਲਾਗੀ ਦੱਥੇ ਆਏ,
ਜੰਜ ਕੌਣ ਛੁਡਾਵੇ…।
ਉਠ ਖੜ੍ਹੋ ਸੱਜਣੋ, ਉਠ ਖੜ੍ਹੋ
ਉਤੋਂ ਚੜ੍ਹ ਪਈ ਧੁੱਪ।
ਤੁਸੀਂ ਤਾਂ ਰੋਟੀ ਖਾ ਹਟੇ
ਸਾਡੇ ਵੀਰਾਂ ਨੂੰ ਲੱਗੀ ਭੁੱਖ।…”
ਜੇਠ ਹਾੜ ਦੀ ਗਰਮੀ ਦਾ ਦ੍ਰਿਸ਼:
ਹਾੜ ਦਾ ਪਹਿਲਾ ਪੱਖ ਸੀ। ਰੁੱਖੇ ਵਾਹਣਾਂ ਵਿਚ ਵਾਵਰੋਲੇ ਘੁੰਮਰੀਆਂ ਪਾ ਪਾ ਉਡ ਰਹੇ ਸਨ। ਗਲੀਆਂ ਵਿਚ ਧੁੱਪ ਦੇ ਸੇਕ ਨਾਲ ਸਾੜ ਉਭਰ ਰਿਹਾ ਸੀ। ਰਾਤ ਨੂੰ ਵੱਟ ਹੁੰਦਾ ਜਾਂ ਹਨੇਰੀ ਆਉਂਦੀ। ਕੋਠਿਆਂ ਅਤੇ ਚੁਬਾਰਿਆਂ ਤੋਂ ਵੀ ਉਚੀ ਉਠੀ ਗਰਦ ਨੇ ਚਾਨਣੀ ਦਾ ਮੂੰਹ ਧੂੜਿਆ ਹੋਇਆ ਸੀ। ਜਿੰ.ਦਗੀ, ਸੁੱਕੇ ਬੁੱਲ੍ਹ, ਉਦਾਸੀ, ਨੋਚਿਆ ਚਿਹਰਾ ਅਤੇ ਵੀਰਾਨ ਖੁਸ਼ਕੀ ਵਿਚ ਉਜੜੀ ਉਜੜੀ ਜਾਪ ਰਹੀ ਸੀ। ਖੇਤਾਂ ਵਿਚ ਹਰਿਆਵਲ ਦਾ ਦੂਰ ਤਕ ਨਿਸ਼ਾਨ ਨਹੀਂ ਸੀ ਲੱਭਦਾ। ਵੱਟਾਂ ਦਾ ਖੱਬਲ ਵੀ ਸੁੱਕ ਸੜ ਗਿਆ ਸੀ। ਲੋਹੜੇ ਦੀ ਗਰਮੀ ਨੇ ਛੱਪੜਾਂ ਦਾ ਪਾਣੀ ਚੂਸ ਲਿਆ ਅਤੇ ਉਨ੍ਹਾਂ ਦੇ ਤਲੇ ਸੁੰਗੜ ਕੇ ਤਰੇੜਾਂ ਛੱਡ ਗਏ ਸਨ। ਅੰਬਰ ਦੀ ਅੱਖੋਂ ਇਕ ਕਣੀ ਵੀ ਨਹੀਂ ਸੀ ਡਿੱਗੀ ਅਤੇ ਸਮੁੱਚਾ ਮਾਹੌਲ ਹਿਜ਼ਰ ਵਿਚ ਆਏ ਆਸ਼ਕਾਂ ਦੀ ਹਿੱਕ ਵਾਂਗ ਸੜ ਰਿਹਾ ਸੀ। ਸਮਾਜ ਦੀ ਨਿਰਦੈਤਾ ਨਾਲ ਰੱਬ ਦਾ ਕਹਿਰ ਵੀ ਵਧਿਆ ਹੋਇਆ ਸੀ। ਪੰਛੀਆਂ ਦੀਆਂ ਡਾਰਾਂ ਪਾਣੀ ਦੀ ਭਾਲ ਵਿਚ ਭਟਕ ਰਹੀਆਂ ਸਨ। ਇਹ ਕਹਿਰ ਜ਼ਿੰਦਗੀ ਦੇ ਰਾਣੇ ਮਨੁੱਖ ਤੋਂ ਲੈ ਕੇ ਪਸੂ, ਪੰਛੀਆਂ ਅਤੇ ਬ੍ਰਿਛ-ਬੂਟਿਆਂ ਉਤੇ ਸਾਰੇ ਛਾਇਆ ਹੋਇਆ ਸੀ।”
ਵਿਆਹ ਵਿਚ ਜਾਗੋ ਕੱਢਣ ਦੀ ਝਾਕੀ:
ਜਾਗੋ ਦੀ ਤਿਆਰੀ ਮੁਕੰਮਲ ਹੋ ਜਾਣ ‘ਤੇ ਸ਼ੌਕੀਨ ਮੇਲਣਾਂ ਨੇ ਘੱਗਰੇ ਪਾਏ ਅਤੇ ਜਿਨ੍ਹਾਂ ਜਿਨ੍ਹਾਂ ਦੇ ਬੋਲ ਇਕੋ ਜਿਹੇ ਮਿਲਦੇ ਸਨ, ਉਨ੍ਹਾਂ ਜੋਟੀਆਂ ਬੰਨ੍ਹ ਲਈਆਂ। ਇਕ ਚੱਠੂ ਵਰਗੀ ਨਰੋਈ ਮੁਟਿਆਰ ਨੇ ਜਾਗੋ ਸਿਰ ਉਤੇ ਟਿਕਾ ਲਈ ਅਤੇ ਕੁੜੀਆਂ ਤੇ ਬੁੜ੍ਹੀਆਂ ਦਾ ਤਕੜਾ ਵਹੀਰ ਉਸ ਦੇ ਪਿੱਛੇ ਹੋ ਤੁਰਿਆ। ਘਰ ਦੇ ਬਾਰੋਂ ਨਿਕਲਦਿਆਂ ਹੀ ਉਨ੍ਹਾਂ ਗੀਤ ਛੋਹ ਦਿੱਤਾ, ‘ਚੌਕੀ ਹਾਕਮਾਂ ਦੀ ਆਈ ਖਬਰਦਾਰ ਰਹਿਣਾ ਜੀ…।’
ਜਾਗੋ ਦੇ ਚਾਨਣ ਨਾਲ ਗਲੀ ਦੂਰ ਤਕ ਰੌਸ਼ਨ ਹੋ ਗਈ। ਮੁਟਿਆਰ ਕੁੜੀਆਂ ਦੇ ਗੀਤਾਂ ਤੋਂ ਪ੍ਰਭਾਵਿਤ ਹੋ ਕੇ ਗੱਭਰੂ ਮੁੰਡਿਆਂ ਦਾ ਰੌਲਾ ਜਾਗੋ ਦੇ ਚਾਨਣ ਨੂੰ ਧੱਕੇ ਮਾਰ ਰਿਹਾ ਸੀ। ਧਰਮਸ਼ਾਲਾ ਦੇ ਕੋਲੋਂ ਲੰਘਦੀਆਂ ਕੁੜੀਆਂ ਨੇ ਪ੍ਰਾਹੁਣੇ ਦਾ ਨਾਂ ਲੈ ਕੇ ਗਾਉਣਾ ਸ਼ੁਰੂ ਕਰ ਦਿੱਤਾ,
ਕਰਮਿਆਂ ਭੈਣਾਂ ਜਗਾ ਲੈ ਵੇ,
ਜਾਗੋ ਆਈ ਆ।
ਚੁੱਪ ਕਰ ਬੀਬੀ ਮਸਾਂ ਸਮਾਈ ਐ,
ਲੋਰੀ ਦੇ ਕੇ ਪਾਈ ਐ, ਅੜੀ ਕਰੂਗੀ…।
ਪਿੰਡ ਦੇ ਆਲੇ ਦੁਆਲੇ ਚੱਕਰ ਲਾ ਕੇ ਅਤੇ ਕਈ ਨਿਕਟ ਸਨੇਹੀਆਂ ਦੇ ਘਰ ਜਾ ਕੇ ਜਾਗੋ ਮੁੜ ਵਿਆਹ ਵਾਲੇ ਘਰ ਦੇ ਵਿਹੜੇ ਵਿਚ ਆ ਗਈ। ਮੁਟਿਆਰ ਕੁੜੀਆਂ ਅਤੇ ਵਹੁਟੀਆਂ ਨੇ ਗਿੱਧਾ ਪਾਉਣ ਲਈ ਘੇਰਾ ਘੱਤ ਲਿਆ। ਕੁਝ ਇਕ ਜ਼ਿੰਦਾਦਿਲ ਅਧਖੜ ਔਰਤਾਂ ਦੇ ਜਜ਼ਬਾਤ ਵੀ ਉਬਾਲਾ ਖਾ ਗਏ ਅਤੇ ਉਹ ਆਪਣੇ ਧੌਲਿਆਂ ਦਾ ਖਿਆਲ ਭੁਲਾ ਕੇ ਗਿੱਧੇ ਵਿਚ ਆ ਜੁੜੀਆਂ। ਮੁਟਿਆਰਾਂ ਦੀਆਂ ਅੱਡੀਆਂ ਅਤੇ ਪੱਬੀਆਂ ਨਾਲ ਖੁੱਲ੍ਹੇ ਵਿਹੜੇ ਵਿਚ ਧਮਕਾਂ ਪੈਣ ਲੱਗੀਆਂ। ਇਕ ਕੁੜੀ ਨੇ ਪਹਿਲ ਕਰਦਿਆਂ ਬੋਲੀ ਪਾਈ,
ਗਿੱਧਾ ਗਿੱਧਾ ਕਰੇਂ ਮੇਲਣੇ,
ਗਿੱਧਾ ਪਊ ਬਥੇਰਾ,
ਲੋਕ ਘਰਾਂ ਤੋਂ ਜੁੜ ਕੇ ਆ’ਗੇ,
ਲਾ ਬੁਢੜਾ ਲਾ ਠੇਰਾ,
ਝਾਤੀ ਮਾਰ ਕੇ ਵੇਖ ਉਤਾਂਹ ਨੂੰ,
ਭਰਿਆ ਪਿਆ ਬਨੇਰਾ,
ਤੈਨੂੰ ਧੁੱਪ ਲੱਗਦੀ,
ਸੜੇ ਕਾਲਜਾ ਮੇਰਾ,
ਤੈਨੂੰ ਧੁੱਪ ਲੱਗਦੀ…।
ਸੱਚੀਂ ਮੁੱਚੀਂ ਗਿੱਧਾ ਵੇਖਣ ਵਾਲਿਆਂ ਨਾਲ ਬਨੇਰੇ ਭਰੇ ਪਏ ਸਨ। ਗਿੱਧੇ ਦੀਆਂ ਤਾੜੀਆਂ ਅਤੇ ਗੀਤਾਂ ਦੀਆਂ ਰੰਗਲੀਆਂ ਹੇਕਾਂ ਨੇ ਨੇੜ ਤੇੜ ਦੇ ਗੱਭਰੂਆਂ ਦੀ ਨੀਂਦ ਉਚਾਟ ਕਰ ਦਿੱਤੀ। ਉਹ ਗਿੱਧਾ ਵੇਖਣ ਲਈ ਮਜਬੂਰ ਹੋ ਗਏ। ਕਈ ਇਕ ਪੌੜੀ ਤੋਂ ਦੀ ਤਿਲ੍ਹਕਦੇ ਥੱਲੇ ਖੁਰਲੀਆਂ ‘ਤੇ ਆ ਬੈਠੇ। ਜਾਗੋ ਚੁੱਕਣ ਵਾਲੀ ਕੁੜੀ ਨੇ ਕਮਾਲ ਈ ਕਰ ਦਿੱਤੀ ਸੀ। ਉਸ ਦੀਆਂ ਫਿਜ਼ਾ ਵਿਚ ਖੁੱਲ੍ਹੀਆਂ ਅਤੇ ਵਲ ਖਾ ਖਾ ਮੁੜਦੀਆਂ ਬਾਹਾਂ ਜ਼ਿੰਦਗੀ ਨੂੰ ਕਲਾਵੇ ਵਿਚ ਮਦਹੋਸ਼ ਕਰ ਰਹੀਆਂ ਸਨ। ਰੂੰ ਪਿੰਜਦੀਆਂ ਦੇ ਅੱਗੇ ਆਏ ਪੱਲੇ ਇਉਂ ਉਡ ਰਹੇ ਸਨ, ਜਿਵੇਂ ਤੇਲੀ ਦੇ ਵਾੜੇ ਵਿਚ ਰੂੰ। ਸ਼ਾਮੋ ਨੂੰ ਟੋਕ ਮਾਰਨ ਲਈ ਕੁੜੀ ਨੇ ਬੋਲੀ ਦਾ ਮੋੜ ਦਿੱਤਾ,
ਬੱਗੀ ਬੱਗੀ ਕਣਕ ਦੇ
ਮੰਡੇ ਪਕਾਉਣੀ ਆਂ,
ਛਾਂਵੇਂ ਬਹਿ ਕੇ ਖਾਵਾਂਗੇ,
ਚਿੱਤ ਕਰੂ ਮੁਕਲਾਵੇ ਜਾਵਾਂਗੇ।
ਮੇਲਣਾਂ ਨੇ ਮੁੰਡਿਆਂ ਨੂੰ ਕਾਨੀਆਂ ਮਾਰੀਆਂ, ‘ਏਥੇ ਤਾਂ ਸਾਰੇ ਝੁੱਡੂ ਹੀ ਹਨ।’ ਮੁੰਡਿਆਂ ਨੂੰ ਗੁੱਸਾ ਆ ਗਿਆ ਅਤੇ ਸਾਰਿਆਂ ਸਮਝਿਆ, ਹੁਣ ਤਾਂ ਵਾਰੀ ਲੈਣੀ ਹੀ ਪਵੇਗੀ। ਮਾਲ ਚਾਰਨ ਵਾਲੇ ਇਕ ਮੁੰਡੇ ਨੇ ਜਿਗਰਾ ਕਰ ਕੇ ਪਟਵਾਰਨ ਦੀ ਬੋਲੀ ਪਾਈ, ਜਿਵੇਂ ਉਹ ਉਸ ‘ਤੇ ਆਸ਼ਕ ਸੀ,
ਅੱਖ ਪਟਵਾਰਨ ਦੀ,
ਇੱਲ ਦੇ ਆਲ੍ਹਣੇ ਆਂਡਾ।
ਬੋਲੀ ਦੀ ਹੇਕ ਟੁੱਟਣ ‘ਤੇ ਮੁੰਡੇ ਨੇ ਬੋਲੀ ਫਿਰ ਚੁੱਕ ਲਈ,
ਨਵੀਂ ਬਹੂ ਮੁਕਲਾਵੇ ਆਈ,
ਸੱਸ ਧਰਤੀ ਪੈਰ ਨਾ ਲਾਵੇ।
ਲੈ ਨੀ ਨੂੰਹੇਂ ਰੋਟੀ ਖਾ ਲੈ,
ਨੂੰਹ ਸੰਗਦੀ ਨਾ ਖਾਵੇ।
ਪਿਛਲੇ ਯਾਰ ਦਾ ਕਰਦੀ ਹੇਰਵਾ,
ਕਿਹਨੂੰ ਆਖ ਸੁਣਾਵੇ।
ਰੋਂਦੀ ਭਾਬੋ ਦੇ ਨਣਦ ਬੁਰਕੀਆਂ ਪਾਵੇ,
ਰੋਂਦੀ ਭਾਬੋ ਦੇ…।
ਸ਼ਾਮੋ ਨੂੰ ਬੋਲੀ ਕਾਟ ਕਰ ਗਈ। ਉਸ ਆਪਣੇ ਤਲਖ ਉਭਰਦੇ ਅੰਦਰ ਨੂੰ ਠਾਰਨ ਲਈ ਵਾਰੀ ਲਈ, ਜਿਸ ਨੂੰ ਮੁੰਡਿਆਂ ਇਕ ਦੂਜੇ ਦੇ ਕੂਹਣੀਆਂ ਮਾਰਦਿਆਂ ਸੁਣਿਆ,
ਇਸ਼ਕ ਤੰਦੂਰ ਹੱਡਾਂ ਦਾ ਬਾਲਣ,
ਦੋਜ਼ਖਾਂ ਨਾਲ ਤਪਾਵਾਂ।
ਕੱਢ ਕਲੇਜਾ ਕਰ ਲਾਂ ਪੇੜੇ,
ਹੁਸਨ ਪਲੇਥਣ ਲਾਵਾਂ।
ਮਿੱਤਰਾ ਮੁੜ ਪਓ ਵੇ,
ਰੋਜ਼ ਔਸੀਆਂ ਪਾਵਾਂ,
ਮਿੱਤਰਾ ਮੁੜ ਪਓ ਵੇ…।
ਅੱਧੀ ਰਾਤ ਤਕ ਗਿੱਧੇ ਦੀ ਧਮਕਾਰ ਪੈਂਦੀ ਰਹੀ। ਜ਼ਿੰਦਗੀ ਦੇ ਵਗਦੇ ਦਰਿਆ ਉਤੋਂ ਦੀ ਲੋਕ ਗੀਤਾਂ ਦੇ ਰੁਮਾਂਚ-ਪੁਲ ਬੱਝਦੇ ਰਹੇ। ਰੂੰ ਦੇ ਗੋਹੜੇ ਉਡਦੇ ਰਹੇ, ਲੱਕ ਲਚਕਾਰੇ ਖਾਂਦੇ ਰਹੇ ਅਤੇ ਅਰਮਾਨ ਧੜਕਦੇ ਰਹੇ। ਨਾਨਕੇ ਮੇਲ ਨੇ ਕੋਠੇ ਚੜ੍ਹ ਕੇ ਛੱਜ ਕੁੱਟਿਆ ਅਤੇ ਮੁੜ ਸਾਰੀਆਂ ਮੇਲਣਾਂ ਥਾਂ ਪੁਰ ਥਾਂ ਮੰਜਿਆਂ ‘ਤੇ ਪੈ ਗਈਆਂ।”
ਘੋਲੀਏ ਮਾਰੇ ਡਾਕੇ ਦਾ ਵਰਣਨ:
ਘੋਲੀਏ ਤੋਂ ਇਕ ਮੀਲ ‘ਤੇ ਨਹਿਰ ਸਰਹਿੰਦ ਵਗਦੀ ਸੀ। ਨਹਿਰ ਦੇ ਕਾਹਾਂ ਵਿਚ ਲੁਕ ਕੇ ਉਨ੍ਹਾਂ ਦੁਪਹਿਰਾ ਲੰਘਾਇਆ। ਡਾਕਾ ਮਾਰਨ ਦਾ ਸਮਾਂ ਉਨ੍ਹਾਂ ਆਥਣ ਦਾ ਚੰਗਾ ਸਮਝਿਆ, ਕਿਉਂਕਿ ਇਸ ਤਰ੍ਹਾਂ ਉਹ ਅੱਗੇ ਰਾਤ ਪੈ ਜਾਣ ਨਾਲ ਦੂਰ ਨੇੜੇ ਜਾ ਸਕਦੇ ਸਨ ਅਤੇ ਉਨ੍ਹਾਂ ਦਾ ਬਹੁਤੀ ਦੂਰ ਤਕ ਪਿੱਛਾ ਨਹੀਂ ਸੀ ਕੀਤਾ ਜਾ ਸਕਦਾ। ਨਹਿਰ ਦੇ ਪਾਣੀ ਨਾਲ ਹੀ ਉਨ੍ਹਾਂ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਉਹ ਆਪਣੇ ਦਿਲ ਨੂੰ ਤਕੜਾ ਕਰਨਾ ਚਾਹੁੰਦੇ ਸਨ। ਮਨੁੱਖ ਜਦ ਕੋਈ ਗੁਨਾਹ ਕਰਦਾ ਹੈ, ਤਦ ਜ਼ਮੀਰ ਅੰਦਰੋਂ ਕੁਰਲਾਉਂਦੀ ਹੈ। ਜ਼ਮੀਰ ਦੀ ਅਵਾਜ਼ ਨੂੰ ਦਬਾਉਣ ਲਈ ਉਹ ਨਸ਼ੇ ਵਰਤਦਾ ਹੈ। ਸਹੀ ਹੋਸ਼ ਵਿਚ ਮਨੁੱਖ ਤੋਂ ਅਵੱਗਿਆ ਹੋਣੀ ਮੁਸ਼ਕਿਲ ਹੀ ਨਹੀਂ, ਸਗੋਂ ਕਈ ਵਾਰ ਅਸੰਭਵ ਵੀ ਹੋ ਜਾਂਦੀ ਹੈ। ਜਦ ਪਾਲੀਆਂ ਪਸੂ ਡੰਗਰ ਪਿੰਡ ਨੂੰ ਛੇੜ ਦਿੱਤੇ, ਤਦ ਉਹ ਚਾਰੇ ਪਿੰਡ ਵੱਲ ਹੌਲੀ ਹੌਲੀ ਸਰਕਦੇ ਗਏ। ਇਕ ਦੁਨਾਲੀ ਅਰਜਨ ਦੇ ਮੋਢੇ ਪਾਈ ਹੋਈ ਸੀ ਅਤੇ ਪਠਾਣੀ ਦਿਆਲੇ ਦੀ ਕੱਛ ਵਿਚ ਘੁੱਟੀ ਹੋਈ ਸੀ। ਅਰਜਨ ਨੇ ਕਰਾਰੇ ਬੋਲ ਨਾਲ ਦਿਆਲੇ ਤੋਂ ਪੁੱਛਿਆ, ‘ਕਿਉਂ ਬਈ! ਛੱਤ ਸਾਂਭਣੀ ਏ ਜਾਂ ਵਿਹੜਾ?’
‘ਮੌਕੇ ‘ਤੇ ਜਿਹੜਾ ਸੂਤ ਲੱਗਾ।’ ਦਿਆਲੇ ਨੇ ਪੱਥਰ ਚੁੱਪ ਤੋੜਦਿਆਂ ਉੱਤਰ ਦਿੱਤਾ।
ਸ਼ਾਮੋ ਦੇ ਸਹੁਰਿਆਂ ਦਾ ਘਰ ਨਾ ਪਿੰਡ ਦੇ ਵਿਚਾਲੇ ਸੀ ਅਤੇ ਨਾ ਹੀ ਬਾਹਰ। ਨੂਰਾ ਭੇਤੀ ਹੋਣ ਕਰਕੇ ਸਭ ਦੀ ਅਗਵਾਈ ਕਰ ਰਿਹਾ ਸੀ। ਘਰ ਨੂੰ ਮੁੜਦੀ ਗਲੀ ਤੋਂ ਉਹ ਇਕੱਠੇ ਹੀ ਭੱਜ ਪਏ। ਘਰ ਵੜਦਿਆਂ ਹੀ ਸ਼ਾਮੋ ਦੀ ਸੱਸ ਕਿਸੇ ਗੁਆਂਢੀ ਘਰੋਂ ਕੋਈ ਚੀਜ਼ ਲੈਣ ਜਾਂਦੀ ਮਿਲ ਗਈ। ਉਸ ਝੱਟ ਸਮਝ ਲਿਆ ਕਿ ਉਨ੍ਹਾਂ ਦੇ ਘਰ ਡਾਕੂ ਆ ਗਏ ਹਨ। ਨੂਰੇ ਨੇ ਉਸ ਨੂੰ ਬਾਹੋਂ ਫੜ ਕੇ ਅੰਦਰ ਨੂੰ ਖਿੱਚਿਆ। ਉਸ ਬੂ ਪਾਹਰਿਆਂ ਕਰਦਿਆਂ ਕਿਹਾ, ‘ਨਾ ਵੇ ਭਾਈ ਮੈਂ ਤਾਂ ਗੁਆਂਢਣ ਆਂ।’
‘ਚਲ ਛੱਡ ਪਰ੍ਹਾਂ ਕਲਮੂੰਹੀਂ ਨੂੰ।’ ਅਰਜਨ ਨੇ ਵਿਹੜੇ ਵੱਲ ਵਧਦਿਆਂ ਕਿਹਾ।
ਸ਼ਾਮੋ ਦੀ ਸੱਸ ਦੇ ਕਾਹਲੇ ਅਤੇ ਲੇਲੜੀਆਂ ਕੱਢਦੇ ਬੋਲ ਨੂੰ ਉਸ ਦੇ ਸਹੁਰੇ ਨੇ ਅਚਾਨਕ ਸੁਣਿਆ। ਮੂੰਹ ਬੰਨ੍ਹੇ ਮਨੁੱਖਾਂ ਕੋਲ ਬੰਦੂਕਾਂ ਦੇਖ ਕੇ ਉਹ ਵੀ ਸਮਝ ਗਿਆ ਕਿ ਕਾਰਾ ਹੋ ਗਿਆ। ਉਹ ਪੱਕੀਆਂ ਪੌੜੀਆਂ ਵੱਲ ਨੂੰ ਭੱਜ ਕੇ ਚੜ੍ਹ ਗਿਆ, ਉਦੋਂ ਹੀ ਅਰਜਨ ਨੇ ਉਸ ਨੂੰ ਖਲ੍ਹਾਰਨ ਲਈ ਇਕ ਹਵਾਈ ਫਾਇਰ ਕਰ ਦਿੱਤਾ। ਪਰ ਉਹ ਇਕ ਪਲ ਵੀ ਅਟਕਣ ਬਗੈਰ ਗੁਆਂਢੀਆਂ ਦੇ ਘਰ ਛਾਲ ਮਾਰ ਗਿਆ। ਸ਼ਾਮੋ ਰਸੋਈ ਵਿਚ ਆਟਾ ਗੁੰਨ੍ਹ ਰਹੀ ਸੀ। ਵਿਹੜੇ ਵਿਚ ਡਾਕੂ ਦੇਖ ਕੇ ਉਹ ਵੀ ਘਬਰਾ ਗਈ। ਉਸ ਤੋਂ ਬਿਨਾ ਹੋਰ ਕੋਈ ਘਰ ਨਹੀਂ ਸੀ। ਨੂਰੇ ਦੇ ਪਿੱਛੇ ਤਾਰਾ ਸਾਹਮਣਲੇ ਅੰਦਰ ਵੜਿਆ। ਅਰਜਨ ਦੀ ਸ਼ਾਮੋ ਵੱਲ ਪਿੱਠ ਸੀ। ਉਹ ਮੌਕਾ ਤਾੜ ਕੇ ਇਕ ਦਮ ਰਸੋਈ ‘ਚੋਂ ਨਿਕਲੀ ਤੇ ਚੁਬਾਰੇ ਦੀਆਂ ਪੌੜੀਆਂ ਚੜ੍ਹਨ ਲੱਗੀ। ਪੌੜੀ ਚੜ੍ਹਦਿਆਂ ਉਸ ਨੂੰ ਦਿਆਲੇ ਨੇ ਦੇਖ ਲਿਆ। ਉਹ ਵੀ ਉਸ ਦੇ ਪਿੱਛੇ ਸਿਰਤੋੜ ਭੱਜ ਕੇ ਚੜ੍ਹਿਆ। ਪਰ ਸ਼ਾਮੋ ਨੇ ਦਿਆਲੇ ਦੇ ਪੁੱਜਣ ਤੋਂ ਅੱਗੋਂ ਹੀ ਚੁਬਾਰੇ ਦੇ ਬਾਰ ਨੂੰ ਧੱਕਾ ਮਾਰਿਆ, ਤਖਤੇ ਪਿੱਛੇ ਹਟ ਕੇ ਮੁੜ ਆਪਣੀ ਪਹਿਲੀ ਅਸਲੀ ਥਾਂ ਆ ਗਏ। ਬਾਰ ਵਲੋਂ ਭਉਂ ਕੇ ਉਹ ਬਾਰੀ ਅੱਗੇ ਆ ਖਲੋਤਾ। ਸ਼ਾਮੋ ਕੰਬਦੀ ਕੋਈ ਅੰਦਰੋਂ ਤਖਤੇ ਧੱਕੀ ਖਲੋਤੀ ਸੀ। ਦਿਆਲੇ ਨੇ ਖੁੱਲ੍ਹ ਬਾਰੀ ਵਿਚ ਬਦੂੰਕ ਦੀ ਨਾਲੀ ਟਿਕਾਉਂਦਿਆਂ ਆਪਣੇ ਮੂੰਹ ਦਾ ਪੱਲਾ ਲਾਹ ਦਿੱਤਾ ਅਤੇ ਕਾਹਲੇ ਸਾਹ ਸ਼ਾਮੋ ਨੂੰ ਕਿਹਾ, ‘ਹੁਣ ਸਿੱਧੀ ਤਰ੍ਹਾਂ ਚੁਬਾਰੇ ਦਾ ਬਾਰ ਖੋਲ੍ਹ ਤੇ ਪਤੰਦਰ ਨਾਲ ਤੁਰ।’
ਡਰ ਨਾਲ ਸ਼ਾਮੋ ਦਾ ਅੰਦਰ ਪਹਿਲਾਂ ਹੀ ਕੰਬ ਰਿਹਾ ਸੀ, ਦਿਆਲੇ ਨੂੰ ਬੰਦੂਕ ਚੁੱਕੀ ਖਲੋਤਾ ਵੇਖ ਕੇ ਉਹ ਬੱਗੀ ਪੀਲੀ ਪੈ ਗਈ। ਉਹ ਸਾਹ-ਸਤ ਬਿਨਾ ਕੱਖ-ਫੂਸ ਹੋ ਕੇ ਰਹਿ ਗਈ। ਦਿਆਲਾ ਤਾਂ ਮੈਨੂੰ ਚੁੱਕਣ ਆਇਆ ਹੈ। ਹੁਣ ਕੀ ਕਰਾਂ? ਏਦੂੰ ਤਾਂ ਮਰ ਈ ਜਾਵਾਂ। ਪਤਾ ਨਹੀਂ ਉਸ ਵਿਚ ਕਿਹੜੀ ਸ਼ਕਤੀ ਆ ਗਈ। ਉਸ ਮਣ ਮਣ ਦੇ ਪੈਰਾਂ ਨੂੰ ਖਿੱਚਦਿਆਂ ਆਪਣੇ ਆਪ ਨੂੰ ਬੰਦੂਕ ਦੀ ਨਾਲੀ ਅੱਗੇ ਕਰ ਦਿੱਤਾ। ਉਸ ਦੀਆਂ ਡੌਰ ਭੌਰੀਆਂ ਅੱਖਾਂ ਵਿਚ ਹੰਝੂ ਅਟਕੇ ਹੋਏ ਸਨ। ਉਹ ਇਕ ਟੱਕ ਦਿਆਲੇ ਵੱਲ ਦੇਖ ਰਹੀ ਸੀ। ਜਿਵੇਂ ਕਹਿ ਰਹੀ ਹੋਵੇ, ਮੈਨੂੰ ਤੇਰੇ ਕੋਲੋਂ ਇਹ ਆਸ ਨਹੀਂ ਸੀ, ਤੂੰ ਐਨਾ ਚੰਦਰਾ ਹੋਵੇਂਗਾ, ਮੇਰੇ ਨਾਲ ਇਉਂ ਕਰੇਂਗਾ? ਡਰਾਕਲ ਅਤੇ ਸ਼ੋਖ ਸ਼ਾਮੋ ਦਾ ਚਿਹਰਾ ਦਿਆਲੇ ਨੇ ਇਸ ਤਰ੍ਹਾਂ ਸਹਿਮਿਆ ਪਹਿਲਾਂ ਕਦੇ ਨਹੀਂ ਸੀ ਦੇਖਿਆ। ਬੰਦੂਕ ਫੜੀ ਦਿਆਲੇ ਦੇ ਹੱਥ ਕੰਬੀ ਜਾ ਰਹੇ ਸਨ। ਉਸ ਦੀਆਂ ਅੱਖਾਂ ਅੱਗੇ ਹਨੇਰਾ ਆ ਗਿਆ। ਉਸ ਇਕ ਪਲ ਆਪਣੇ ਅੰਦਰ ਝਾਤੀ ਮਾਰੀ, ਸ਼ਾਮੋ ਦਾ ਪਿਆਰ ਉਸ ਨੂੰ ਲਾਹਨਤਾਂ ਪਾ ਰਿਹਾ ਸੀ। ਸ਼ਾਮੋ ਦੇ ਖੁਸ਼ਕ ਗਲੇ ਵਿਚੋਂ ਬੋਲ ਨਹੀਂ ਸੀ ਨਿਕਲਦਾ। ਉਸ ਹਉਕੇ ਦੀ ਘੁੱਟ ਭਰ ਕੇ ਗਲ ਨੂੰ ਤਰ ਕਰਨ ਦਾ ਯਤਨ ਕੀਤਾ ਅਤੇ ਮਸਾਂ ਏਨਾ ਹੀ ਕਹਿ ਸਕੀ, ‘ਗੋ..ਅ..ਲੀ।’
ਦਿਆਲੇ ਨੇ ਨਰਮ ਪੈਂਦਿਆਂ ਆਖਿਆ, ‘ਸ਼ਾਮੋ ਆ ਚੱਲੀਏ, ਅੱਜ ਵੇਲਾ ਏ।’
ਸ਼ਾਮੋ ਨੇ ਆਪਣੀ ਚੁੰਨੀ ਨਾਲ ਹੰਝੂ ਪੂੰਝੇ ਅਤੇ ਭਰੇ ਗਲੇ ਵਿਚੋਂ ਤਕੜੀ ਹੁੰਦਿਆਂ ਬੋਲੀ, ‘ਦਿਆਲਿਆ! ਮੈਂ ਹੱਥ ਜੋੜਦੀ ਆਂ, ਤੂੰ ਜਾਹ ਤੇ ਛੇਤੀ ਮੁੜ ਜਾ।’ ਸ਼ਾਮੋ ਨੇ ਆਜਜ਼ਾਂ ਵਾਂਗ ਹੱਥ ਜੋੜੇ ਹੋਏ ਸਨ। ਦਿਆਲੇ ਦੇ ਲੋਹੇ ਵਰਗੇ ਕਰੜੇ ਇਰਾਦੇ, ਸ਼ਾਮੋ ਦੀ ਮਾਸੂਮ ਬੇਬਸੀ ਅੱਗੇ ਢਲ ਕੇ ਪਾਣੀ ਹੋ ਗਏ। ਉਸ ਬੰਦੂਕ ਬਾਰੀ ਵਿਚੋਂ ਖਿੱਚ ਲਈ।
‘ਤੇਰੀ ਮਰਜ਼ੀ!’ ਦਿਆਲੇ ਨੇ ਲੰਮਾ ਹਉਕਾ ਲਿਆ, ਜਿਵੇਂ ਗੋਲੀ ਉਸ ਨੂੰ ਆ ਵੱਜੀ ਸੀ। ਉਹ ਪੌੜੀਆਂ ਉੱਤਰ ਆਇਆ। ਦਿਆਲੇ ਤੇ ਸ਼ਾਮੋ ਦੀ ਪ੍ਰੇਮ ਕਹਾਣੀ ਦਾ ਇਹ ਦੁਖਦਾਈ ਅੰਤ ਸੀ।
ਉਸ ਆਉਂਦਿਆਂ ਕਿਹਾ, ‘ਆਓ ਚੱਲੀਏ।’
‘ਕਿਉਂ?’ ਵਿਹੜੇ ਵਿਚ ਸੱਪ ਵਾਂਗੂੰ ਮੇਹਲਦੇ ਅਰਜਨ ਨੇ ਪੁੱਛਿਆ।
‘ਬਸ ਆਓ ਨਿਕਲ ਚੱਲੀਏ, ਬਾਕੀ ਬਾਹਰ ਦੱਸਾਂਗਾ।’ ਉਸ ਬਾਹਰ ਨੂੰ ਤੁਰਦਿਆਂ ਉੱਤਰ ਦਿੱਤਾ। ਉਹ ਹਵਾ ਦੇ ਬੁੱਲੇ ਵਾਂਗ ਆਏ ਅਤੇ ਫੱਰਾਟੇ ਵਾਂਗ ਪਰਤ ਗਏ।”
ਨਾਵਲ ਦੀ ਸਭ ਤੋਂ ਨਾਟਕੀ ਝਾਕੀ ਸ਼ਾਮੋ ਤੇ ਉਸ ਦੇ ਘਰ ਵਾਲੇ ਦਾ ਦਿਆਲੇ ਦੇ ਟਾਂਗੇ ਵਿਚ ਸਵਾਰ ਹੋਣਾ ਹੈ:
ਲੋਕ ਉਸ ਨੂੰ ਦਿਆਲੇ ਤੋਂ ਤਾਂਗੇ ਵਾਲਾ ਅਮਲੀ ਕਹਿਣ ਲੱਗ ਪਏ। ਇਕ ਦਿਨ ਉਹ ਮੋਗੇ ਤਾਂਗਿਆਂ ਦੇ ਅੱਡੇ ਨਿੱਤ ਵਾਂਗ ‘ਮਹਿਣੇ ਚੱਲਣਾ ਬਈ ਕਿਸੇ ਮਹਿਣੇ’ ਬੋਲ ਕੇ ਸਵਾਰੀਆਂ ਲੱਭ ਰਿਹਾ ਸੀ। ਕੋਟ ਪੈਂਟ ਪਾਈ ਇਕ ਗੱਭਰੂ ਨੇ ਉਸ ਨੂੰ ਪੁੱਛਿਆ, “ਮਹਿਣੇ ਦਾ ਸਾਲਮ ਤਾਂਗਾ ਚਾਹੀਦਾ ਏ।”
ਦਿਆਲੇ ਨੇ ਪੜ੍ਹੇ-ਲਿਖੇ ਸਰਦਾਰ ਵੱਲ ਵੇਖ ਕੇ ਮਨ ਵਿਚ ਕਿਹਾ, “ਕਿਤੇ ਵੇਖਿਆ ਏ।” ਫਿਰ ਉੱਤਰ ਦਿੱਤਾ, “ਸਾਲਮ ਈ ਚਲਦੇ ਰਹਾਂਗੇ ਸਰਦਾਰ ਜੀ।”
“ਦੋ ਸਵਾਰੀਆਂ ਹਾਂ।”
“ਲੈ ਆਓ ਦੂਜੀ ਸਵਾਰੀ ਵੀ।”
“ਹੱਛਾ।” ਸਰਦਾਰ ਨੇ ਆਪਣੇ ਹੱਥ ਵਾਲਾ ਚਮੜੇ ਦਾ ਸੂਟਕੇਸ ਤਾਂਗੇ ਵਿਚ ਰੱਖਦਿਆਂ ਪੁੱਛਿਆ, “ਅੱਗੇ ਕੱਚੇ ਨਹੀਂ ਜਾਵੇਂਗਾ?”
“ਕਿਥੇ ਜੀ।”
“ਕਪੂਰੀਂ”
“ਓਥੇ ਵੀ ਚਲਦਾ ਰਹਾਂਗਾ।” ਦਿਆਲੇ ਨੇ ਰੁਪਈਆ ਹੋਰ ਬਣ ਜਾਣ ਦੀ ਖੁਸ਼ੀ ਵਿਚ ਆਖਿਆ।
ਸਰਦਾਰ ਸਵਾਰੀ ਲੈਣ ਚਲਾ ਗਿਆ। ਦਿਆਲੇ ਨੇ ਠੇਕੇਦਾਰ ਨੂੰ ਅੱਡੇ ਦਾ ਟੈਕਸ ਦਿੱਤਾ ਅਤੇ ਲਾਗਲੇ ਪੰਪ ਤੋਂ ਪਾਣੀ ਦੀ ਬਾਲਟੀ ਭਰ ਲਿਆਇਆ। ਘੋੜੇ ਨੇ ਪਾਣੀ ਪੀਤਾ। ਉਸ ਅੱਧੀ ਬਾਲਟੀ ਟਾਂਗੇ ਦੇ ਤਿੜਕਦੇ ਪਹੀਆਂ ਉਤੇ ਪਾ ਦਿੱਤੀ। ਜਿਉਂ ਹੀ ਬਾਲਟੀ ਪਿਛਲੇ ਪਾਸੇ ਟੰਗਦਿਆਂ ਉਸ ਜਨਾਨੀ ਸਵਾਰੀ ਨੂੰ ਤੱਕਿਆ, ਹੈਰਾਨ ਹੋ ਕੇ ਰਹਿ ਗਿਆ! ਸ਼ਾਮੋ ਕਿਥੋਂ ਆ ਗਈ? ਹੈਰਾਨੀ ‘ਚ ਚੌੜੀਆਂ ਹੋਈਆਂ ਉਸ ਦੀਆਂ ਅੱਖਾਂ ਭੁਲੇਖੇ ਅਤੇ ਹਕੀਕਤ ਵਿਚਕਾਰ ਡੌਰ ਭੌਰ ਹੋ ਰਹੀਆਂ ਸਨ। ਉਸ ਦੀ ਹਾਲਤ ਵੇਖ ਕੇ ਸ਼ਾਮੋ ਅੰਦਰੇ ਅੰਦਰ ਰੋ ਪਈ। ਉਸ ਨੂੰ ਸੁਪਨੇ ਵਿਚ ਵੀ ਕਦੇ ਖਿਆਲ ਨਹੀਂ ਸੀ ਆਇਆ ਕਿ ਦਿਆਲੇ ਨੂੰ ਮੈਂ ਅਜਿਹੀ ਦੁਰਦਸ਼ਾ ਵਿਚ ਦੇਖਾਂਗੀ।
“ਮੈਂ ਘਰ ਲਈ ਕੁਝ ਫਲ ਲੈ ਆਵਾਂ।” ਸ਼ਾਮੋ ਨੇ ਆਪਣੇ ਸਰਦਾਰ ਦੀ ਅਵਾਜ਼ ਸੁਣੀ। ਉਹ ਸੜਕੋਂ ਪਾਰ ਜਾ ਚੁਕਾ ਸੀ।
ਸ਼ਾਮੋ ਦਿਆਲੇ ਨਾਲ ਲੱਖ ਗੁੱਸੇ ਸੀ, ਪਰ ਉਸ ਦੀ ਕੰਗਲੀ ਹਾਲਤ ਵੇਖ ਕੇ ਪਸੀਜ ਗਈ ਅਤੇ ਹਮਦਰਦੀ ਨਾਲ ਪੁੱਛਿਆ, “ਦਿਆਲਿਆ! ਇਹ ਕੀ ਹਾਲਤ ਬਣਾਈ ਏ?”
“ਭਾਵੀ ਦਾ ਚੱਕਰ ਏ।” ਦਿਆਲਾ ਸ਼ਾਮੋ ਦੇ ਸਾਹਮਣੇ ਦੋਸ਼ੀਆਂ ਵਾਂਗ ਲਜਿਤ ਖਲੋਤਾ ਸੀ, ਪਰ ਉਸ ਦਾ ਵਿਰੋਧ ਵਿਚ ਧੜਕਦਾ ਦਿਲ ਕਹਿ ਦੇਣਾ ਚਾਹੁੰਦਾ ਸੀ, “ਇਹ ਮੇਰੀ ਹਾਲਤ ਤੂੰ ਬਣਾਈ ਐ ਵੈਰਨੇ।” ਪਰ ਉਹ ਮੁੜ ਮੁੜ ਸ਼ਾਮੋ ਨੂੰ ਤਕ ਕੇ ਨੀਵੀਂ ਪਾ ਲੈਂਦਾ।
“ਥੋੜ੍ਹਾ ਬਹੁਤ ਤਾਂ ਆਪਣੇ ਆਪ ਦਾ ਖਿਆਲ ਰੱਖ। ਤੂੰ ਤਾਂ ਸਿਆਣਿਆ ਵੀ ਨ੍ਹੀਂ ਜਾਂਦਾ।”
“ਖਿਆਲ ਰੱਖ ਕੇ ਹੁਣ ਕੀ ਕਰਨਾ ਏਂ।”
“ਤੂੰ ਉਂਜ ਤਕੜਾ ਏਂ?” ਸ਼ਾਮੋ ਆਪਣੇ ਸੰਧੂਰੀ ਪੱਗ ਵਾਲੇ ਯਾਰ ਦੇ ਗਲ ਲੀਰਾਂ ਲਮਕਦੀਆਂ ਵੇਖ ਕੇ ਐਨੀ ਦੁਖੀ ਹੋਈ ਕਿ ਅੱਖਾਂ ਮੀਟ ਲੈਣਾ ਚਾਹੁੰਦੀ ਸੀ।
“ਤਕੜਾ ਹੋ ਕੇ ਕੀ ਕਰਾਂਗਾ, ਤੂੰ ਮੌਜਾਂ ਮਾਣ!”
ਪਿਛਲੀ ਗੱਲ ਸ਼ਾਮੋ ਦੀ ਹਿੱਕ ਵਿਚ ਸੇਲੇ ਦੀ ਨੋਕ ਵਾਂਗ ਬਹਿ ਗਈ। ਉਹ ਹਉਕਾ ਲੈ ਕੇ ਖਾਮੋਸ਼ ਹੋ ਗਈ। ਦੋ ਹੰਝੂ ਉਸ ਦੇ ਕੋਇਆਂ ‘ਤੇ ਕੰਬ ਰਹੇ ਸਨ। ਬੇਬਸ ਜਿੰ.ਦਗੀ ਫਰਜ਼ ਅਤੇ ਪਿਆਰ ਦੀ ਰੱਸੀ ਨਾਲ ਫਾਹਾ ਲੈ ਰਹੀ ਜਾਪਦੀ ਸੀ। ਐਨੇ ਨੂੰ ਸਰਦਾਰ ਫਲਾਂ ਦੀ ਟੋਕਰੀ ਲੈ ਕੇ ਆ ਗਿਆ। ਉਸ ਅੱਗੇ ਬਹਿੰਦਿਆਂ ਆਖਿਆ, “ਚਲ ਬਈ ਅਮਲੀਆ, ਹੁਣ ਫਟਾ ਫਟ।”
“ਲਓ ਜੀ, ਥੋਡੀ ਇੰਤਜ਼ਾਰ ਵਿਚ ਹੀ ਖੜ੍ਹਾ ਸੀ ਮੈਂ ਤਾਂ।” ਦਿਆਲਾ ਘੋੜੇ ਨੂੰ ਤੋਰ ਕੇ ਸੱਜੇ ਬਾਂਸ ‘ਤੇ ਬਹਿ ਗਿਆ। ਤਹਿਸੀਲ ਲੰਘ ਕੇ ਸਰਦਾਰ ਅਮਲੀ ਨਾਲ ਫਿਰ ਗੱਲੀਂ ਜੁਟ ਗਿਆ, “ਘੋੜਾ ਤਾਂ ਅਮਲੀਆ ਬੜਾ ਤਿੱਖਾ ਈ ਤੇਰਾ।”
“ਹੁਆਂ ਜੀ।”
“ਕੁਝ ਕਮਾ ਵੀ ਲੈਨਾਂ ਏਂ।”
“ਕਮਾ ਕੇ ਆਪਾਂ ਕਿਹਨੂੰ ਦੇਣਾ ਏਂ।”
“ਬਸ ‘ਕੱਲਾ ਈ ਏਂ, ਵਹੁਟੀ?”
ਦਿਆਲੇ ਨੇ ਪਿਛਾਂਹ ਪਰਤ ਕੇ ਤੱਕਿਆ, ਸ਼ਾਮੋ ਨੇ ਉਸ ਨੂੰ ਵੇਖ ਕੇ ਨੀਵੀਂ ਪਾ ਲਈ।
“ਵਹੁਟੀ ਨਿਕਲ ਗਈ ਸੀ ਜੀ।” ਦਿਆਲੇ ਨੇ ਜਾਣ ਕੇ ਸ਼ਾਮੋ ਨੂੰ ਸੁਣਾਉਣ ਲਈ ਝੂਠਾ ਜਵਾਬ ਦੇ ਮਾਰਿਆ।
“ਹੱਛਾ! ਕਿਉਂ ਕਮਾ ਕੇ ਨਹੀਂ ਖਵਾਉਂਦਾ ਹੋਵੇਂਗਾ?” ਸਰਦਾਰ ਨੇ ਹਮਦਰਦੀ, ਹੈਰਾਨੀ ਅਤੇ ਸਾਂਝੇ ਗਿਲੇ ਵਿਚ ਕਿਹਾ।
“ਆਹੋ ਜੀ, ਨਹੀਂ, ਜ਼ੋਰਾਵਰ ਖੋਹ ਕੇ ਲੈ ਗਏ!”
ਸ਼ਾਮੋ ਦਾ ਦਿਲ ਪੱਛਿਆ ਜਾ ਰਿਹਾ ਸੀ। ਉਹ ਆਪਣੇ ਸਰਦਾਰ ‘ਤੇ ਕੁੜ੍ਹ ਰਹੀ ਸੀ। ਤੈਨੂੰ ਮਝੇਰੂਆ, ਏਨ੍ਹਾਂ ਗੱਲਾਂ ਨਾਲ ਕੀ ਪਈ? ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਉਹ ਉਸ ਨੂੰ ਬੁੱਧੂ ਸਮਝਦੀ ਸੀ। ਇਹ ਦਿਆਲੇ ਦੀ ਸ਼ਾਮੋ ਨਾਲ ਆਖਰੀ ਮੁਲਕਾਤ ਸੀ। ਉਹ ਉਬਲ ਉਬਲ ਪੈਂਦੇ ਜਜ਼ਬਾਤ ਨੂੰ ਦਬਾਉਂਦਾ ਤਾਂਗਾ ਹੱਕਦਾ ਰਿਹਾ। ਭੋਲਾ ਸਰਦਾਰ ਸਾਰੇ ਰਾਹ ਉਸ ਨੂੰ ਚੁਆਤੀਆਂ ਲਾਉਂਦਾ ਆਇਆ। ਦਿਆਲਾ ਸਮਝਦਾ ਸੀ, ਮੇਰੀ ਸਾਰੀ ਜਿੰਦਗਾਨੀ ‘ਤੇ ਕਹਿਰ ਹੋਇਆ ਹੈ। ਮੇਰੀ ਜਵਾਨੀ, ਘਰ ਘਾਟ, ਜਮੀਨ ਤੇ ਆਪਣਾ ਆਪ ਸਭ ਕੁਝ ਇਕ ਤਰ੍ਹਾਂ ਪਿਆਰ ਦੀ ਭੇਟਾ ਚੜ੍ਹ ਗਏ। ਤਿੱਲੇ ਵਾਲੀਆਂ ਜੁੱਤੀਆਂ ਅਤੇ ਲੱਠੇ ਦੇ ਚਾਦਰੇ ਹੰਢਾਉਣ ਵਾਲਾ ਭਰਿਆ ਭਰਿਆ ਦਿਆਲਾ ਅੱਜ ਤਾਂਗੇ ਵਾਲਾ ਮਾੜੂਆ ਜਿਹਾ ਅਮਲੀ ਰਹਿ ਗਿਆ ਏ।
ਇਸ ਅਧਿਆਏ ਦਾ ਅੰਤ ਕੰਵਲ ਨੇ ਇਸ ਲੋਕ ਗੀਤ ਨਾਲ ਕੀਤਾ ਸੀ:
ਮੁੰਡਾ ਸੁੱਕ ਗਿਆ ਚੰਨਣ ਦਾ ਬੂਟਾ,
ਤੇਰੇ ਪਿੱਛੇ ਗੋਰੀਏ ਰੰਨੇ।
‘ਪੂਰਨਮਾਸ਼ੀ’ ਨਾਵਲ ਜਿਨ੍ਹਾਂ ਦਿਨਾਂ ਵਿਚ ਲਿਖਿਆ ਗਿਆ ਕੰਵਲ ਨੇ ਉਸ ਤੋਂ ਸਾਲ ਕੁ ਪਹਿਲਾਂ 1947 ਵਾਲਾ ਘੱਲੂਘਾਰਾ ਅੱਖੀਂ ਵੇਖਿਆ ਸੀ। ਸਾਧਾਂ ਸੰਤਾਂ ਤੋਂ ਵੇਦਾਂਤ ਪੜ੍ਹਿਆ ਸੀ ਅਤੇ ਕਮਿਊਨਿਸਟਾਂ ਤੋਂ ਮਾਰਕਸਵਾਦ ਦੀ ਸਕੂਲਿੰਗ ਲਈ ਸੀ। ਚੂਹੜਚੱਕ ਦਾ ਬਾਬਾ ਰੂੜ ਸਿੰਘ ਉਸ ਦਾ ਸਿਆਸੀ ਗੁਰੂ ਸੀ। ਵੇਦਾਂਤ ਦਾ ਉਪਦੇਸ਼ ਦੇਣ ਲਈ ਉਸ ਨੇ ਨਾਵਲ ‘ਪਾਲੀ’ ਵਿਚ ਆਦਰਸ਼ਕ ਪਾਤਰ ਗੁਰਦੇਵ ਨੂੰ ਲਿਆਂਦਾ ਸੀ। ਪਾਠਕਾਂ ਨੇ ਗੁਰਦੇਵ ਦੇ ਬਚਨ ਆਪਣੀਆਂ ਨੋਟ ਬੁੱਕਾਂ ਵਿਚ ਨੋਟ ਕੀਤੇ ਸਨ। ਨਾਵਲ ‘ਪੂਰਨਮਾਸ਼ੀ’ ਵਿਚ ਪ੍ਰਚਾਰਕ ਪਾਤਰ ਗਿਆਨੀ ਪਾਇਆ ਗਿਆ, ਜੋ ਕੰਵਲ ਆਪ ਹੈ। ਨਾਵਲ ਦਾ ਪੱਚੀਵਾਂ ਕਾਂਡ ਨਿਰਾ ਪ੍ਰਚਾਰ. ਹੈ, ਜੋ ਕਲਾਤਮਿਕ ਪੱਖੋਂ ਰੜਕਦਾ ਹੈ। ਵੰਨਗੀਆਂ ਵੇਖੋ:
“ਰੱਬ ਸ਼ਕਤੀ ਦਾ ਦੂਜਾ ਨਾਂ ਹੈ। ਬਹੁਤ ਸਾਰੇ ਸਾਇੰਸਦਾਨ ਰੱਬ ਦੀ ਹੋਂਦ ਨਹੀਂ ਮੰਨਦੇ ਅਤੇ ਬਹੁਤ ਮੰਨਦੇ ਵੀ ਹਨ। ਜੇ ਰੱਬ ਦਾ ਕੋਈ ਰੂਪ ਹੈ, ਤਦ ਉਹ ਮਾਦਾ ਬਣ ਜਾਵੇਗਾ। ਸਾਡੇ ਮੰਨਣ-ਢੰਗ ਵਿਚੋਂ ਰੱਬ ਦੇ ਰੂਪ-ਰਹਿਤ ਹੋਣ ਨਾਲ ਵੀ ਮੂਰਤੀ ਅਹਿਸਾਸ ਨਹੀਂ ਜਾਂਦਾ। ਇਸ ਸਵਾਲ ਨੂੰ ਬਹੁਤੀ ਮਹੱਤਤਾ ਨਹੀਂ ਦੇਣੀ ਚਾਹੀਦੀ। ਜਿੰਨਾ ਇਸ ਸ਼ਕਤੀ ਦੇ ਭੇਦ ਨੂੰ ਸਾਇੰਸ ਨੇ ਜਾਣਿਆ ਹੈ, ਓਨਾ ਕਿਸੇ ਅਵਤਾਰ ਜਾਂ ਪੈਗੰਬਰ ਨੇ ਨਹੀਂ ਸਮਝਿਆ। ਰੱਬ ਦੀ ਲੋੜ ਜ਼ਿੰਦਗੀ ਵਿਚ ਵਰਤਣ ਵਾਲੀਆਂ ਚੀਜ਼ਾਂ ਤੋਂ ਬਹੁਤੀ ਨਹੀਂ। ਜੇ ਜ਼ਿਹਨ ਥੋੜ੍ਹਾ ਅਨੁਭਵ ਕਰੇ ਵੀ ਤਾਂ ਰੱਬ ਮਾਲਾ ਦੇ ਮਣਕਿਆਂ ਜਾਂ ਪਾਠਾਂ ਨਾਲ ਨਹੀਂ, ਸਗੋਂ ਸਾਇੰਸ ਦੀ ਕਿਸੇ ਲੈਬਾਰਟਰੀ ਵਿਚੋਂ ਮਿਲੇਗਾ। ਮੇਰਾ ਖਿਆਲ ਮਾਦੇ ਵਿਚ ਹਰਕਤ ਕਰਦੀ ਸ਼ਕਤੀ ਨੂੰ ਹੀ ਰੱਬ ਮੰਨਦਾ ਹੈ। ਇਹ ਹਰਕਤ-ਸ਼ਕਤੀ ਮਾਦੇ ਤੋਂ ਕਿਸੇ ਤਰ੍ਹਾਂ ਵੱਖ ਨਹੀਂ ਹੋ ਸਕਦੀ।”
“ਗਿਆਨ ਦੀ ਤੱਤ-ਸ੍ਰੇਸ਼ਟਤਾ ਇਸ ਵਿਚ ਹੈ ਕਿ ਜ਼ਿੰਦਗੀ ਤੋਂ ਕੋਈ ਵੀ ਉੱਚਾ ਅਤੇ ਸੁੱਚਾ ਨਹੀਂ। ਧਰਮ, ਸਾਇੰਸ ਅਤੇ ਸਮਾਜ ਮਨੁੱਖਤਾ ਨੇ ਜਨਮੇ ਹਨ। ਜਿਹੜਾ ਜਿੰ.ਦਗੀ ਦਾ ਕੁਦਰਤੀ ਸੇਵਕ ਨਹੀਂ ਰਹਿੰਦਾ ਅਤੇ ਹੁਕਮਰਾਨੀ ਦੀ ਸ਼ਕਲ ਅਖਤਿਆਰ ਕਰ ਲੈਂਦਾ ਹੈ, ਉਹ ਨਿਕੰਮਾ ਹੋ ਕੇ ਇਕ ਦਿਨ ਸੁੱਕ ਸੜ ਜਾਂਦਾ ਹੈ। ਜ਼ਿੰਦਗੀ ਅਮਰ ਹੈ ਅਤੇ ਲੋਕਤਾ ਅਪਾਰ ਸ਼ਕਤੀ।”
“ਨੇੜਲੇ ਭਵਿੱਖ ਵਿਚ ਕਾਮਿਆਂ ਅਤੇ ਕਿਰਤੀਆਂ ਦੀ ਜਿੱਤ ਉਨ੍ਹਾਂ ਨੂੰ ਅਸ਼ੀਰਵਾਦ ਦੇਣ ਵਾਲੀ ਹੈ। ਲੋਕ-ਇਨਕਲਾਬ ਦੇ ਹੜ੍ਹ ਵਿਚ ਸਾਰੇ ਗੰਦ ਹੂੰਝੇ ਜਾਣਗੇ ਅਤੇ ਇਨ੍ਹਾਂ ਜੱਟਾਂ ਦੀਆਂ ਸਿਹਤਾਂ ਤੇ ਉਮਰਾਂ ਦੁਗਣੀਆਂ ਹੋ ਜਾਣਗੀਆਂ। ਪਿਆਰ ਅਤੇ ਹਮਦਰਦੀ ਜ਼ਿੰਦਗੀ ਦਾ ਮੂੰਹ ਚੁੰਮਣਗੀਆਂ।”
ਕੰਵਲ ਨੇ ਇਹ ਨਾਵਲ ਤੀਹਵੇਂ ਸਾਲ ਦੀ ਉਮਰ ਵਿਚ ਲਿਖਿਆ ਸੀ। ਤਦ ਤਕ ਦਸਵੀਂ ਜਮਾਤ ਤੱਕ ਦੀ ਪੜ੍ਹਾਈ, ਮੇਲਿਆਂ ‘ਚੋਂ ਖਰੀਦੇ ਕਿੱਸੇ, ਵਾਰਸ ਦੀ ਹੀਰ ਪੜ੍ਹਨੀ ਤੇ ਗਾਉਣੀ, ਲੋਕ ਗੀਤ, ਮਲਾਇਆ ਵਿਚ ਜਾਗੇ ਦੀ ਨੌਕਰੀ, ਚੀਨਣ ਤੇ ਮਲਾਇਣ ਨਾਲ ਇਸ਼ਕ, ਪਿੰਡ ਪਰਤ ਕੇ ਖੇਤੀ ਵਾਹੀ, ਪ੍ਰਸਿੱਧ ਸਾਹਿਤਕ ਪੁਸਤਕਾਂ ਦੀ ਪੜ੍ਹਾਈ, ਸ਼੍ਰੋਮਣੀ ਕਮੇਟੀ ਦੀ ਕਲਰਕੀ, 1947 ਦਾ ਉਜਾੜਾ, ਵੇਦਾਂਤ ਤੇ ਮਾਰਕਸਵਾਦ ਦੇ ਸਬਕ; ‘ਜੀਵਨ ਕਣੀਆਂ’, ‘ਸੱਚ ਨੂੰ ਫਾਂਸੀ’ ਤੇ ‘ਪਾਲੀ’ ਪੁਸਤਕਾਂ ਲਿਖਣਾ ਉਹਦਾ ਪਿਛੋਕੜ ਤੇ ਤਜਰਬਾ ਸੀ। ਉਹ ਕਮਿਊਨਿਸਟ ਬਣਨ ਦੇ ਰਾਹ ਪੈ ਗਿਆ ਸੀ, ਪਰ ਕਮਿਊਨਿਸਟ ਪਾਰਟੀ ਦਾ ਮੈਂਬਰ ਨਹੀਂ ਸੀ ਬਣਿਆ। ਬਾਬਾ ਰੂੜ ਸਿੰਘ ਚੂਹੜਚੱਕ ਦੀ ਸੰਗਤ ਕਰਕੇ ਕਮਿਊਨਿਸਟ ਪਾਰਟੀ ਦਾ ਹਮਦਰਦ ਜ਼ਰੂਰ ਬਣ ਗਿਆ ਹੋਇਆ ਸੀ। ਇਹੋ ਕਾਰਨ ਹੈ ਕਿ ਮਾਲਵੇ ਦੇ ਪਿੰਡਾਂ ਦੀ ਪ੍ਰੀਤ ਕਹਾਣੀ ਦੇ ਵਿਸ਼ੇ ਵਾਲੇ ਨਾਵਲ ਵਿਚ ਉਸ ਤੋਂ ਧਰਮ ਤੇ ਸਾਇੰਸ ਦਾ ਵਾਦ-ਵਿਵਾਦ ਅਤੇ ਮਾਰਕਸਵਾਦ ਦਾ ਲੋਕ-ਇਨਕਲਾਬ ਮੱਲੋ-ਮੱਲੀ ਘੁਸੜ ਗਿਆ ਸੀ।
ਨਿੱਕੇ-ਮੋਟੇ ਨੁਕਸਾਂ ਦੇ ਬਾਵਜੂਦ ‘ਪੂਰਨਮਾਸ਼ੀ’ ਫਿਰ ਵੀ ਉਹਦਾ ਸ਼ਾਹਕਾਰ ਨਾਵਲ ਗਿਣਿਆ ਜਾਂਦਾ ਹੈ। ਨਾਵਲ ਵਿਚ ਏਨਾ ਰਸ ਹੈ ਕਿ ਪਾਠਕ ਚਾਹੁੰਦਾ ਹੈ, ਨਾਵਲ ਕਦੇ ਮੁੱਕੇ ਨਾ। ਨਾਵਲ ਮੁੱਕਣ ‘ਤੇ ਪਾਠਕ ਝੂਰਦਾ ਹੈ ਕਿ ਏਨੀ ਛੇਤੀ ਮੁੱਕ ਕਿਉਂ ਗਿਆ? ਇਸ ਨਾਲ ਪੰਜਾਬ ਦਾ ਪੇਂਡੂ ਜੀਵਨ ਪਹਿਲੀ ਵਾਰ ਭਰਵੇਂ ਰੂਪ ਵਿਚ ਪੇਸ਼ ਹੋਇਆ ਸੀ, ਜੋ ਬਾਅਦ ਵਿਚ ਹੋਰਨਾਂ ਪੰਜਾਬੀ ਲੇਖਕਾਂ ਦਾ ਗਾਡੀਰਾਹ ਬਣ ਗਿਆ।
(ਸਮਾਪਤ)