ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ

ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਗੁਰੂ ਗ੍ਰੰਥ ਸਾਹਿਬ ‘ਚ ਸੁਸ਼ੋਭਿਤ ਇਹ ਪਾਵਨ ਸ਼ਬਦ ਰਾਗ ਵਡਹੰਸ ਵਿਚ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ, ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ॥ ਸ਼ਬਦ ਦੀ ਪਹਿਲੀ ਪੰਕਤੀ ਪੜ੍ਹਦਿਆਂ ਹੀ ਸਮਝ ਪੈ ਜਾਂਦੀ ਹੈ ਕਿ ਸਤਿਗੁਰੂ ਸਾਉਣ ਮਹੀਨੇ ਦੀਆਂ ਕਾਲੀਆਂ ਸਿਆਹ ਘਨਘੋਰ ਘਟਾਵਾਂ ਨੂੰ ਆਸਮਾਨ ‘ਤੇ ਚੜ੍ਹ ਆਈਆਂ ਦੇਖ ਉਸ ਕਰਤਾ ਪੁਰਖ ਕਰਤਾਰ ਨਾਲ ਇਕ ਮਿਕ ਹੋ ਕਿਸੇ ਵਿਸਮਾਦੀ ਰੰਗ ਵਿਚ ਰੰਗੇ ਹੋਏ ਇਸ ਸੋਹਣੇ ਸ਼ਬਦ ਦਾ ਉਚਾਰਨ ਕਰਦੇ ਹਨ। ਗੁਰੂ ਨਾਨਕ ਸ਼ਾਇਰ ਹਨ ਅਤੇ ਸ਼ਾਇਰ ਮਨ ਇਸ ਸੁਹਾਵਣੇ ਤੇ ਮਨ ਮੋਹਕ ਮੌਸਮ ਦੇ ਸੁੰਦਰ ਨਜ਼ਾਰਿਆਂ ਨੂੰ ਦੇਖਦਾ ਹੈ ਅਤੇ ਫਿਰ ਸੁਤੇ ਸਿਧ ਆਖ ਉਠਦਾ ਹੈ,

ਬਿਸਮੁ ਭਏ ਬਿਸਮਾਦੁ ਦੇਖਿ ਕੁਦਰਤਿ ਤੇਰੀਆ॥
ਅੰਬਰੀਂ ਕਾਲੇ ਬੱਦਲਾਂ ਦੀ ਗੜਗੜਾਹਟ, ਕਾਲੇ ਸਿਆਹ ਬੱਦਲਾਂ ਵਿਚ ਚਮਕਦੀ ਅਤੇ ਕੜਕਦੀ ਬਿਜਲੀ, ਠੰਢੀ ਠੰਢੀ ਰੁਮਕਦੀ ਚੰਚਲ ਸ਼ੋਖ ਹਵਾ, ਝੂਮ ਝੂਮ ਕੇ ਗਿੱਧਾ ਪਾਉਂਦੀ ਬਨਸਪਤੀ, ਹਰ ਪਾਸੇ ਹਰਿਆਵਲ ਹੀ ਹਰਿਆਵਲ, ਲਹਿ ਲਹਾਉਂਦੀਆਂ ਹਰੀਆਂ ਭਰੀਆਂ ਫਸਲਾਂ, ਫੁੱਲਾਂ ਅਤੇ ਫਲਾਂ ਨਾਲ ਲੱਦੇ ਹਰੇ-ਭਰੇ ਰੁੱਖਾਂ ਦੀਆਂ ਕਤਾਰਾਂ, ਬਾਗਾਂ ਵਿਚ ਪੈਲਾਂ ਪਾਉਂਦੇ ਤੇ ਨੱਚਦੇ ਮੋਰ, ਪੀਓ ਪੀਓ ਪੀਓ ਦਾ ਨਿਰੰਤਰ ਜਾਪ ਕਰ ਰਿਹਾ ਪਪੀਹਾ, ਤੇ ਅੰਬ ਦੇ ਬੂਟੇ ‘ਤੇ ਬੈਠੀ ਕੋਇਲ ਨੇ ਜਦ ਵਜਦ ਵਿਚ ਆ ਬਿਰਹਾ ਭਰੀ ਅਵਾਜ਼ ਨਾਲ ਸਵੇਰ ਦਾ ਗਾਇਨ ਲੰਮੀ ਹੇਕ ਨਾਲ ਸ਼ੁਰੂ ਕੀਤਾ ਤਾਂ ਜਿਵੇਂ ਕੁਝ ਪਲ ਲਈ ਤਾਂ ਸਮਾਂ ਵੀ ਰੁਕ ਗਿਆ ਹੋਵੇ। ਇਹ ਸਭ ਦੇਖਦੇ ਹੀ ਮੇਘੜੇ ਮੀਂਹ ਨੇ ਵੀ ਵਰਸਣਾ ਸ਼ੁਰੂ ਕਰ ਦਿੱਤਾ ਤਾਂ ਸਤਿਗੁਰੂ ਨਾਨਕ ਆਖਿਆ,
ਨਾਨਕ ਬਿਜੁਲੀਆ ਚਮਕੰਨਿ
ਘੁਰਨ੍ਹਿ ਘਟਾ ਅਤਿ ਕਾਲੀਆ॥
ਬਰਸਨਿ ਮੇਘ ਅਪਾਰ ਨਾਨਕ
ਸੰਗਮਿ ਪਿਰੀ ਸੁਹੰਦੀਆ॥
ਗੁਰੂ ਅੰਗਦ ਦੇਵ ਜੀ ਵੀ ਫੁਰਮਾਉਂਦੇ ਹਨ,
ਸਾਵਣੁ ਆਇਆ ਹੇ ਸਖੀ
ਜਲਹਰੁ ਬਰਸਨਹਾਰ॥
ਨਾਨਕ ਸੁਖਿ ਸਵਨੁ ਸੋਹਾਗਣੀ
ਜਿਨ੍ਹ ਸਹ ਨਾਲਿ ਪਿਆਰੁ॥
ਇਥੇ ਸਤਿਗੁਰੂ ਜੀ ਪ੍ਰਭੂ ਦੇ ਪਿਆਰਿਆਂ ਨੂੰ ਸਖੀ ਆਖ ਅਵਾਜ਼ ਦਿੰਦੇ ਹਨ, ਹੇ ਸਖੀ ਸਾਉਣ ਦਾ ਮਹੀਨਾ ਆ ਗਿਆ ਹੈ, ਬਦਲ ਵਰਸਣਗੇ, ਜੇਠ-ਹਾੜ੍ਹ ਦੀ ਡਾਢੀ ਤਪਸ਼ ਪਿਛੋਂ ਹੁਣ ਮੌਸਮ ਠੰਢਾ ਤੇ ਸੁਹਾਵਣਾ ਹੋ ਜਾਵੇਗਾ, ਪਰ ਉਹੀ ਜੀਵ ਰੂਪੀ ਸੁਹਾਗਣਾਂ ਸੁਖ ਨਾਲ ਸੌਣਗੀਆਂ, ਜਿਨ੍ਹਾਂ ਦਾ ਆਪਣੇ ਸਹੁ ਕੰਤ ਭਾਵ ਪਰਮੇਸ਼ਰ ਨਾਲ ਪਿਆਰ ਹੈ।
ਸਾਡੇ ਬਚਪਨ ਦਾ ਸਾਉਣ ਮਹੀਨਾ ਅਤੇ ਅੱਜ ਦੇ ਸਮੇਂ ਦਾ ਸਾਉਣ ਮਹੀਨਾ ਆਪਸ ਵਿਚੀ ਕੋਈ ਸਮਾਨਤਾ ਨਹੀਂ। ਖੈਰ! ਅਸੀਂ ਜਾਂ ਤੁਸੀਂ ਕਦੀ ਇਹ ਸੋਚਿਆ ਸੀ ਕਿ ਅਸੀਂ ਉਸ ਸਾਉਣ ਵਿਚੋਂ ਨਿਕਲ ਕੇ ਇਸ ਸਾਉਣ ਮਹੀਨੇ ਨੂੰ ਵੀ ਦੇਖਾਂਗੇ, ਪਰ ਸਮਾਂ ਇੰਨੀ ਤੇਜ਼ ਸਪੀਡ ਨਾਲ ਸਰਪਟ ਦੌੜਿਆ ਹੈ ਕਿ ਅਸੀਂ ਕਿਥੋਂ ਕਿੱਥੇ ਆ ਪਹੁੰਚੇ ਹਾਂ। ਸਾਉਣ ਮਹੀਨਾ ਤਾਂ ਕੀ, ਸਾਡੇ ਕੋਲ ਸਾਡਾ ਕੁਝ ਵੀ ਬਾਕੀ ਨਹੀਂ ਬਚਿਆ।
ਹਾਏ! ਉਹ ਬਚਪਨ ਅਤੇ ਸਾਉਣ ਦਾ ਮਹੀਨਾ, ਜਰਾ ਕੁ ਹੁੰਮਸ ਜਿਹਾ ਲੱਗਣਾ ਤਾਂ ਬੇ ਜੀ ਨੇ ਆਖਣਾ, ਲਓ ਜੀ ਹੁਣੇ ਬੱਦਲ ਆਇਆ ਕਿ ਆਇਆ! ਦੇਖਦੇ ਹੀ ਦੇਖਦੇ ਇਕ ਗੁੱਠ ਜਿਹੀ ਵਿਚੋਂ ਕਾਲਾ ਬੱਦਲ ਦਿਸ ਪੈਣਾ, ਘੜੀ ਪਲਾਂ ਵਿਚ ਹੀ ਛੱਰਾਟੇ ਮਾਰ ਮੀਂਹ ਨੇ ਵੱਸ ਕੇ ਹਰ ਪਾਸੇ ਜਲ ਥਲ ਕਰ ਦੇਣੀ। ਹਾਏ! ਉਹ ਭੋਲੇ ਭਾਲੇ, ਸਿੱਧੇ ਸਾਦੇ ਲੋਕ ਰੱਬ ਦੇ ਕਿੰਨਾ ਨੇੜੇ ਵੱਸਦੇ ਸਨ ਜਿਵੇਂ ਉਨ੍ਹਾਂ ਦੀ ਰੱਬ ਨਾਲ ਕੋਈ ਪੁਰਾਣੀ ਜਾਣ-ਪਛਾਣ ਜਾਂ ਡੂੰਘੀ ਸਾਂਝ ਹੋਵੇ, ਗੁਰਬਾਣੀ ਵੀ ਤਾਂ ਆਖਦੀ ਹੈ, ਭੋਲੇ ਭਾਇ ਮਿਲੈ ਰਘੁਰਾਇਆ॥
ਜਦੋਂ ਕਿਤੇ ਕਦੀ ਕੋਈ ਪੱਤਾ ਨਾ ਹਿਲਦਾ ਦਿਖਾਈ ਦੇਣਾ, ਜ਼ੋਰ ਦਾ ਹੁੰਮਸ ਲੱਗਣਾ, ਸਾਹ ਲੈਣਾ ਵੀ ਮੁਸ਼ਕਿਲ ਹੋ ਜਾਣਾ ਤਾਂ ਬੇ ਜੀ ਨੇ ਆਖਣਾ, ਕੋਈ ਨੂੰਹਾਂ ਦਾ ਸਤਾਇਆ ਡਿਊਟੀ ‘ਤੇ ਬੈਠਾ ਹੈ; ਤੇ ਜਦ ਹੁੰਮਸ ਪਿਛੋਂ ਠੰਢੀ ਪੁਰੇ ਦੀ ਹਵਾ ਵਗਣੀ ਤਾਂ ਆਖਣਾ, ਹੁਣ ਕੋਈ ਧੀਆਂ ਦਾ ਧਰਮੀ ਬਾਬੁਲ ਆ ਕੇ ਬੈਠਾ ਹੈ। ਪਰ ਜਦੋਂ ਦਾ ਇਨਸਾਨ ਸਮਝਦਾਰ ਹੋ ਗਿਆ, ਰੱਬ ਤੋਂ ਬਹੁਤ ਦੂਰ ਹੋ ਗਿਆ ਹੈ।
ਸਾਉਣ ਮਹੀਨੇ ਵਿਚ ਕਾਲੇ ਬੱਦਲਾਂ ਦਾ ਗਰਜਣਾ, ਜ਼ੋਰਦਾਰ ਝੱਖੜ ਹਵਾਵਾਂ ਦਾ ਵਗਣਾ, ਬੱਚਿਆਂ ਦਾ ਮੀਂਹ ਵਿਚ ਖੇਡਣਾ ਅਤੇ ਨਹਾਉਣਾ, ਕਿਸਾਨਾਂ ਨੇ ਫਸਲਾਂ ਨੂੰ ਦੇਖ ਦੇਖ ਝੂਮਣਾ, ਜਦ ਸਾਰੀ ਪ੍ਰਕ੍ਰਿਤੀ ਨੇ ਨਸ਼ਿਆ ਉਠਣਾ ਤਾਂ ਜ਼ੋਰਦਾਰ ਮੀਂਹ ਪਿਛੋਂ ਅਸਮਾਨ ‘ਤੇ ਸੱਤ ਰੰਗੀ ਪੀਂਘ ਦਾ ਪੈਣਾ ਇੰਜ ਲਗਣਾ ਜਿਵੇਂ,
ਕੁਦਰਤ ਰਾਣੀ ਨਹਾ ਰਹੀ ਹੈ ਬਾਰਸ਼ ਵਿਚ
ਪਉਣ ਵੀ ਗਿੱਧਾ ਪਾ ਰਹੀ ਹੈ ਬਾਰਸ਼ ਵਿਚ
ਸੋਹਣੀ ਸੱਤ ਰੰਗੀ ਇਸ ਪੀਂਘ ‘ਤੇ ਬੈਠ ਕੇ
ਕੁਦਰਤ ਵੀ ਮੁਸਕਰਾ ਰਹੀ ਹੈ ਬਾਰਸ਼ ਵਿਚ। (‘ਪੰਜ ਆਬਾਂ ਦੀ ਜਾਈ’ ਵਿਚੋਂ)
ਸੱਤ ਰੰਗੀ ਪੀਂਘ ਵੇਖ ਕੇ ਨਿਆਣਿਆਂ ਨੇ ਉਹ ਭੰਗੜੇ ਪਾਉਣੇ ਕਿ ਜਿਵੇਂ ਕੋਈ ਖਜਾਨਾ ਮਿਲ ਗਿਆ ਹੋਵੇ, ਨਿੱਕੀਆਂ ਉਮਰਾਂ ਨਿੱਕੇ ਚਾਅ, ਨਿੱਕੀਆਂ ਸੱਧਰਾਂ, ਨਿੱਕੀਆਂ ਖੇਡਾਂ; ਉਧਰ ਕੁਦਰਤ ਰਾਣੀ ਨੇ ਪੀਂਘ ‘ਤੇ ਬੈਠਣਾ ਤੇ ਇੱਧਰ ਸਜ ਵਿਆਹੀਆਂ ਧੀਆਂ ਨੇ ਵੀ ਪਿੱਪਲਾਂ ‘ਤੇ ਆ ਪੀਂਘਾਂ ਪਾਉਣੀਆਂ, ਤੇ ਜਿਦ ਜਿਦ ਕੇ ਪੀਂਘਾਂ ਚੜਾਉਣੀਆਂ। ਕਿਸੇ ਕਿਸੇ ਮੇਰੇ ਵਰਗੀ ਕੁੜੀ ਨੇ ਤਾਂ ਬੈਠ ਕੇ ਹੀ ਝੂਟਾ ਲੈ ਲੈਣਾ, ਪਰ ਕਈਆਂ ਨੇ ਤਾਂ ਪਿੱਪਲ ਦੀ ਸਭ ਤੋਂ ਉਚੀ ਟਾਹਣੀ ਦੇ ਪੱਤੇ ਵੀ ਮੂੰਹ ਨਾਲ ਤੋੜ ਲਿਆਉਣੇ; ਸਾਰਾ ਦਿਨ ਹੱਸਦਿਆਂ ਖੇਡਦਿਆਂ ਪਤਾ ਨਹੀਂ ਕਦੋਂ ਲੰਘ ਜਾਣਾ। ਗਿੱਧੇ ਦੇ ਪਿੜ ਵਿਚ ਜਦ ਚੂੜੀਆਂ ਨਾਲ ਭਰੀਆਂ ਬਾਹਾਂ ਅਤੇ ਮਹਿੰਦੀ ਰੰਗੇ ਹੱਥਾਂ ਨਾਲ ਕੁੜੀਆਂ ਨੇ ਗਿੱਧਾ ਪਾਉਣਾ ਅਤੇ ਨਾਲ ਪੈਰਾਂ ਵਿਚ ਪਈਆਂ ਝਾਂਜਰਾਂ ਨੇ ਜਦ ਨੱਚਣਾ ਤਾਂ ਕੁਦਰਤ ਰਾਣੀ ਨੇ ਵੀ ਆ ਅਛੋਪਲੇ ਜਿਹੇ ਝਾਤੀਆਂ ਮਾਰਨੀਆਂ।
ਬਿਦ ਬਿਦ ਕੇ ਸੋਹਣੀਆਂ ਮੁਟਿਆਰਾਂ, ਮੇਰੇ ਪੰਜਾਬ ਦੀਆਂ ਧੀਆਂ ਨੇ ਗਿੱਧੇ ਵਿਚ ਬੋਲੀਆਂ ਪਾਉਣੀਆਂ ਅਤੇ ਦਿਲ ਦੇ ਵਲਵਲੇ ਸਾਂਝੇ ਕਰ ਲੈਣੇ। ਉਹ ਸਾਉਣ ਮਹੀਨੇ ਦਾ ਮੀਂਹ, ਕਦੀ ਜ਼ੋਰਦਾਰ ਅਤੇ ਕਦੀ ਕਿਣਮਿਣ ਕਿਣਮਿਣ; ਕਦੀ ਠੰਢੀ ਠੰਢੀ ਪੁਰੇ ਦੀ ਹਵਾ ਅਤੇ ਕਦੀ ਡਾਢਾ ਸੜ੍ਹਿਆਂਦ ਭਰਿਆ ਹੁੰਮਸ। ਘਰਾਂ ‘ਚ ਬੈਠੀਆਂ ਸੁਚੱਜੀਆਂ ਮਾਂਵਾਂ ਨੇ ਤਾਰਿਆਂ ਦੀ ਛਾਂਵੇਂ ਅੰਮ੍ਰਿਤ ਵੇਲੇ ਉਠ ਇਸ਼ਨਾਨ ਕਰਕੇ ਗੁਰਦੁਆਰੇ ਮੱਥਾ ਟੇਕ ਕੇ ਘਰੀਂ ਪਰਤ ਚੁੱਲ੍ਹਿਆਂ ‘ਤੇ ਖੀਰਾਂ ਦੇ ਪਤੀਲੇ ਧਰ ਦੇਣੇ ਅਤੇ ਨਾਲ ਦੀ ਨਾਲ ਮਿੱਠੇ ਪੂੜੇ ਪੱਕਣੇ ਸ਼ੁਰੂ ਹੋ ਜਾਣੇ। ਕਿੰਨਾ ਪਿਆਰ ਅਤੇ ਕਿੰਨੀਆਂ ਡੂੰਘੀਆਂ ਆਪਸੀ ਸਾਂਝਾਂ ਹੁੰਦੀਆਂ ਸਨ ਕਿ ਹਰ ਘਰ, ਹਰ ਪਰਿਵਾਰ ਆਪਣਾ ਹੀ ਹੁੰਦਾ ਸੀ, ਜਿੱਥੇ ਮਰਜ਼ੀ ਜਾ ਵੜਨਾ ਅਤੇ ਖਾ ਪੀ ਲੈਣਾ।
ਅੱਜ ਨਾ ਉਹ ਸਾਂਝਾਂ ਰਹੀਆਂ ਹਨ, ਨਾ ਹੀ ਉਹ ਪਰਿਵਾਰ; ਨਾ ਹੀ ਉਹ ਆਪਸੀ ਮਿਲਵਰਤਨ ਅਤੇ ਨਾ ਹੀ ਉਹ ਸਾਉਣ ਮਹੀਨੇ ਦਾ ਮੀਂਹ; ਨਾ ਪੀਂਘਾਂ, ਨਾ ਗਿੱਧੇ; ਨਾ ਖੀਰ, ਨਾ ਪੂੜੇ। ਅਸੀਂ ਸਿਆਣੇ ਵੀ ਹੋ ਗਏ ਹਾਂ, ਸਮਝਦਾਰ ਵੀ ਹੋ ਗਏ ਹਾਂ, ਧਨਵਾਨ ਵੀ ਹੋ ਗਏ ਹਾਂ, ਪਰ ਇਕੱਲੇ ਵੀ ਹੋ ਗਏ ਹਾਂ। ਅਸੀਂ ਸਾਰੀ ਦੁਨੀਆਂ ਵਿਚ ਪੈਰ ਪਸਾਰ ਲਏ ਹਨ, ਸਾਰੀ ਦੁਨੀਆਂ ਦੀ ਖਬਰ ਰੱਖਦੇ ਹਾਂ, ਪਰ ਆਪਣੇ ਹੀ ਘਰਾਂ ਵਿਚ ਇਕੱਲੇ ਜੀ ਰਹੇ ਹਾਂ। ਹੁਣ ਅਸੀਂ ਸਾਉਣ ਮਹੀਨੇ ਨੂੰ ਪਿੱਪਲਾਂ ਥੱਲੇ ਨਹੀਂ, ਹਾਲਾਂ ਵਿਚ ਮਨਾ ਕੇ ਇਕ ਰਸਮ ਜਿਹੀ ਪੂਰੀ ਕਰ ਲੈਂਦੇ ਹਾਂ। ਹੌਲੀ ਹੌਲੀ ਇਕ ਦਿਨ ਇਹ ਰਸਮ ਵੀ ਮੁੱਕ ਜਾਵੇਗੀ, ਕਿਉਂਕਿ ਸਾਡੀ ਅਗਲੀ ਪੀੜ੍ਹੀ ਇਨ੍ਹਾਂ ਮੁਲਕਾਂ ਦੀ ਹੀ ਬਣ ਚੁਕੀ ਹੈ।
ਸਾਉਣ ਮਹੀਨਾ ਤਾਂ ਜ਼ਰੂਰ ਆਇਆ ਕਰੇਗਾ, ਪਰ ਉਹ ਪਹਿਲਾਂ ਵਾਲੀਆਂ ਗੱਲਾਂ ਕਦੀ ਵੀ ਨਾ ਹੋਣਗੀਆਂ, ਸਾਉਣ ਦੀਆਂ ਰੌਣਕਾਂ ਨੂੰ ਸ਼ਾਇਦ ਸਾਉਣ ਵੀ ਕਦੀ ਕਦੀ ਯਾਦ ਜ਼ਰੂਰ ਕਰਿਆ ਕਰੇਗਾ। ਖੈਰ! ਬਦਲਾਓ ਤਾਂ ਕੁਦਰਤ ਦਾ ਨਿਯਮ ਹੈ, ਪਰ ਅਸੀਂ ਕੁਝ ਲੋੜ ਤੋਂ ਵੱਧ ਹੀ ਬਦਲ ਗਏ ਹਾਂ; ਸੱਚਾਈ ਨੂੰ ਛੱਡ ਦਿਖਾਵੇ ਨਾਲ ਸਾਡਾ ਨਾਤਾ ਜੁੜ ਗਿਆ ਹੈ, ਪਰ ਆਓ, ਅੱਜ ਗੱਲ ਸਾਉਣ ਮਹੀਨੇ ਦੀ ਹੀ ਕਰੀਏ। ਜਦ ਭਿਨੀ ਰੈਣਿ ਅੰਮ੍ਰਿਤ ਵੇਲੇ ਨਿੱਕੀ ਨਿੱਕੀ ਕਣੀ ਦਾ ਮੀਂਹ ਵਸਦਾ ਹੈ ਤਾਂ ਗੁਰੂ ਅਮਰਦਾਸ ਜੀ ਆਖਦੇ ਹਨ,
ਬਾਬੀਹਾ ਅੰਮ੍ਰਿਤ ਵੇਲੇ ਬੋਲਿਆ
ਤਾਂ ਦਰਿ ਸੁਣੀ ਪੁਕਾਰ॥
ਮੇਘੈ ਨੋ ਫੁਰਮਾਨ ਹੋਆ
ਵਰਸਹੁ ਕਿਰਪਾ ਧਾਰਿ॥
ਬਾਣੀ ਦੇ ਬੋਹਿਥ ਗੁਰੂ ਅਰਜਨ ਦੇਵ ਜੀ ਵੀ ਬਾਰ੍ਹਾਂ ਮਾਂਹ ਦੀ ਬਾਣੀ ਵਿਚ ਸਾਉਣ ਮਹੀਨੇ ਦੀ ਪ੍ਰਸ਼ੰਸਾ ਕਰਦਿਆਂ ਆਖਦੇ ਹਨ,
ਸਾਵਣਿ ਸਰਸੀ ਕਾਮਣੀ
ਚਰਨ ਕਮਲ ਸਿਉ ਪਿਆਰੁ॥
ਮਨੁ ਤਨੁ ਰਤਾ ਸਚ ਰੰਗਿ
ਇੱਕੋ ਨਾਮੁ ਅਧਾਰੁ॥
ਗੁਰੂ ਅਮਰਦਾਸ ਜੀ ਤਾਂ ਆਖਦੇ ਹਨ,
ਬਰਸਨਾ ਤ ਬਰਸੁ ਘਨਾ
ਬਹੁੜਿ ਬਰਸਹਿ ਕਾਹਿ॥
ਹੇ ਮੇਘੜੇ! ਨਿੱਕਾ ਨਿੱਕਾ ਨਹੀਂ, ਜਰਾ ਖੁੱਲ੍ਹ ਕੇ ਵਰਸ ਤਾਂ ਕਿ ਇਸ ਧਰਤੀ ਦੀ ਤਪਸ਼ ਵੀ ਅਤੇ ਪਿਆਸ ਵੀ ਮੁੱਕ ਜਾਵੇ; ਜੇ ਵੱਸਣਾ ਹੈ ਤਾਂ ਜੋਰ ਨਾਲ ਵੱਸ, ਫੇਰ ਤੂੰ ਕਦੋਂ ਵੱਸੇਂਗਾ! ਹੁਣ ਸਾਉਣ ਦਾ ਮਹੀਨਾ ਹੈ, ਖੁੱਲ ਕੇ ਵੱਸ।
ਗੁਰਬਾਣੀ ਵਿਚ ਇਸ ਮਹੀਨੇ ਦੇ ਠੰਢੇ ਅਤੇ ਸੁਹਾਵਣੇ ਮੌਸਮ ਦਾ ਜੋ ਵਾਰ ਵਾਰ ਜ਼ਿਕਰ ਕੀਤਾ ਗਿਆ ਹੈ, ਉਸ ਨਾਲ ਸਾਨੂੰ ਦੁਨਿਆਵੀ ਝੰਜਟਾਂ ਤੋਂ ਦੂਰ ਹੋ ਕੇ ਪਰਮਾਤਮਾ ਨਾਲ ਜੁੜਨ ਲਈ ਸੁਨੇਹਾ ਦਿੱਤਾ ਗਿਆ ਹੈ ਕਿ ਹੇ ਜੀਵ ਇਸ ਸੋਹਣੇ ਸੁਹਾਵਣੇ ਮੌਸਮ ਵਿਚ ਆਪਣੇ ਮਾਲਕ ਨੂੰ ਯਾਦ ਕਰ, ਉਸ ਦੇ ਸ਼ੁਕਰਾਨੇ ਕਰ, ਜਿਸ ਨੇ ਤੈਨੂੰ ਮਨੁੱਖਾ ਜਨਮ ਦੇ ਕੇ ਇਹ ਸਮਾਂ ਤੇਰੀ ਝੋਲੀ ਵਿਚ ਪਾਇਆ ਹੈ। ਸਾਉਣ ਦਾ ਸੋਹਣਾ ਮਹੀਨਾ ਮਾਣਦਿਆਂ ਜਿਥੇ ਸਤਿਗੁਰਾਂ ਦੇ ਸ਼ੁਕਰਾਨੇ ਕਰੀਏ, ਉਥੇ ਆਪਣੇ ਜੀਵਨ ਨੂੰ ਵੀ ਸੰਭਾਲੀਏ ਅਤੇ ਇਸ ਸਰਪਟ ਦੌੜ ਰਹੀ ਜ਼ਿੰਦਗੀ ਦੀ ਰਫਤਾਰ ਨੂੰ ਵੀ ਥੋੜ੍ਹਾ ਘੱਟ ਕਰਨ ਦੀ ਕੋਸ਼ਿਸ਼ ਕਰੀਏ; ਕੁਝ ਸਮਾਂ ਆਪਣੇ ਲਈ ਅਤੇ ਆਪਣੇ ਬੱਚਿਆਂ ਲਈ ਵੀ ਬਚਾਈਏ ਤਾਂ ਕਿ ਘਰ ਪਰਿਵਾਰਾਂ ਵਿਚੋਂ ਵੀ ਦੂਰ ਤੁਰ ਗਈਆਂ ਖੁਸ਼ੀਆਂ ਵਾਪਸ ਘਰਾਂ ਵੱਲ ਕਿਤੇ ਪਰਤ ਸਕਣ। ਆਉ, ਆਪਣੀ ਹਉਮੈ ਅਤੇ ਹੰਕਾਰ ਤੋਂ ਉਪਰ ਉਠ ਕੇ ਸਮੁੱਚੀ ਮਾਨਵਤਾ ਨੂੰ ਪਿਆਰ ਕਰੀਏ, ਸਰਬਤ ਦਾ ਭਲਾ ਮੰਗੀਏ ਵੀ ਅਤੇ ਭਲਾ ਕਰੀਏ ਵੀ, ਤਾਂ ਹੀ ਤਾਂ ਇਹ ਮੌਸਮ, ਇਹ ਰੁਤਾਂ ਸੁਹਾਵਣੀਆਂ ਲੱਗਣਗੀਆਂ।
ਫਿਰ ਦੇਖਣਾ ਜਦ ਅੰਦਰ ਬਦਲਾਓ ਆਇਆ ਤਾਂ ਸਾਰਾ ਜੀਵਨ ਹੀ ਬਦਲ ਜਾਵੇਗਾ, ਪਰ ਇਹ ਬਦਲੇਗਾ ਉਦੋਂ, ਜਦ ਅਸੀਂ ਪਹਿਲਾਂ ਆਪਣੇ ਆਪ ਨੂੰ ਬਦਲਾਂਗੇ। ਇਸ ਬਦਲਾਉ ਲਈ ਸਾਨੂੰ ਗੁਰੂ ਨਾਲ ਜੁੜਨਾ ਪਵੇਗਾ, ਸੋ ਆਉ ਅਸੀਂ ਭਲਾ ਕਿਥੇ ਹਾਂ, ਸਾਉਣ ਵਿਚ, ਸਾਉਣ ਦਾ ਮਹੀਨਾ ਹੈ, ਕਾਲੇ ਬੱਦਲ ਗਰਜ ਰਹੇ ਹਨ, ਹੁਣੇ ਮੀਂਹ ਪਵੇਗਾ, ਠੰਢੀ ਹਵਾ ਵਗੇਗੀ, ਮੋਰ ਪੈਲਾਂ ਪਾਉਣਗੇ, ਕੋਇਲਾਂ ਗੀਤ ਗਾਉਣਗੀਆਂ ਅਤੇ ਸੁਣੀਏ ਸਤਿਗੁਰੂ ਜੀ ਕੀ ਆਖ ਰਹੇ ਨੇ,
ਮੋਰੀ ਹੁਣ ਝੁਣ ਲਾਇਆ
ਭੈਣੇ ਸਾਵਣੁ ਆਇਆ॥