ਅਵਕਾਸ਼ ਮਾਨ ਨੂੰ ਸਮਝਦਿਆਂ ਅਤੇ ਘੋਖਦਿਆਂ
ਵਿਕਰਮ ਸੰਗਰੂਰ
ਫੋਨ: 91-98884-13836
ਨਾਮੀ ਗਾਇਕ ਹਰਭਜਨ ਮਾਨ ਦਾ ਬੇਟਾ ਅਵਕਾਸ਼ ਮਾਨ ਜਦੋਂ ਸਾਲ 2018 ਵਿਚ ਅੰਗਰੇਜ਼ੀ ਗੀਤ ‘ਅਵੇ’ ਲੈ ਕੇ ਆਇਆ ਸੀ, ਉਦੋਂ ਵੀ ਉਸ ਵਿਚੋਂ ਹਰਭਜਨ ਮਾਨ ਮਨਫੀ ਸੀ ਅਤੇ ਹੁਣ ਜਦੋਂ ਉਹ ਆਪਣਾ ਪਹਿਲਾ ਪੰਜਾਬੀ ਗੀਤ ‘ਤੇਰੇ ਵਾਸਤੇ’ ਲੈ ਕੇ ਆਇਆ ਹੈ ਤਾਂ ਇਸ ਵਾਰ ਵੀ ਹਰਭਜਨ ਮਾਨ ਉਸ ਵਿਚੋਂ ਮਨਫੀ ਹੈ। ਅਵਕਾਸ਼ ਮਾਨ ਨੇ ਉਹ ਰਾਹ ਚੁਣਿਆ ਹੈ, ਜੋ ਪੰਜਾਬੀ ਗਾਇਕੀ ਵਿਚ ਨਵਾਂ ਰੰਗ ਭਰ ਕੇ ਉਸ ਨੂੰ ਕੌਮਾਂਤਰੀ ਗਾਇਕੀ ਦੇ ਰੰਗ ਵਿਚ ਰੰਗਣ ਦੀ ਮੰਜ਼ਿਲ ਵੱਲ ਜਾਂਦਾ ਹੈ।
ਅਵਕਾਸ਼ ਬਿਲਕੁਲ ਆਪਣੇ ਨਾਂ ਵਾਂਗ ਹੈ। ਆਮ ਤੌਰ ‘ਤੇ ਉਸ ਦੇ ਨਾਂ ਦੇ ਅਰਥ ਜੇ ਕਿਸੇ ਨੂੰ ਪੁੱਛੇ ਜਾਣ ਤਾਂ ਬਹੁਤੇ ‘ਛੁੱਟੀ’ ਹੀ ਦੱਸਣਗੇ, ਪਰ ਸ਼ਬਦ-ਕੋਸ਼ ਫਰੋਲਿਆ ਜਾਵੇ ਤਾਂ ਅਵਕਾਸ਼ ਸ਼ਬਦ ਦਾ ਅਰਥ ‘ਆਕਾਸ਼’ ਵੀ ਮਿਲ ਜਾਵੇਗਾ। ਉਸ ਦਾ ਨਾਂ ਉਸ ਦੀ ਛੁਪੀ ਸ਼ਖਸੀਅਤ ਨੂੰ ਪੇਸ਼ ਕਰਦਾ ਹੈ, ਉਸ ਦੀ ਅੰਦਰੂਨੀ ਡੂੰਘਾਈ ਦਾ ਸ਼ੀਸ਼ਾ ਹੈ। ਆਕਾਸ਼ ਨੂੰ ਜੇ ਸਮਝਣਾ ਹੈ ਤਾਂ ਆਕਾਸ਼ ਤੱਕ ਉਡਣਾ ਪੈਂਦਾ ਹੈ, ਜਮੀਨ ‘ਤੇ ਖੜ੍ਹ ਕੇ ਆਕਾਸ਼ ਨੂੰ ਕਦੀ ਵੀ ਨਹੀਂ ਸਮਝਿਆ ਜਾ ਸਕਦਾ।
ਅਵਕਾਸ਼ ਜਾਣਦਾ ਹੈ ਕਿ ਉਹ ਜਿਸ ਰਾਹ ‘ਤੇ ਤੁਰਿਆ ਹਾਂ, ਉਸ ‘ਤੇ ਖਾਸ ਕਰ ਪੰਜਾਬੀ ਉਸ ਵਿਚੋਂ ਉਸ ਦੇ ਪਿਤਾ ਹਰਭਜਨ ਮਾਨ ਨੂੰ ਲੱਭਣਗੇ। ਜੇ ਖੋਜੀ ਬਿਰਤੀ ਨਾਲ ਅਵਕਾਸ਼ ਨੂੰ ਦੇਖਿਆ-ਸਮਝਿਆ ਜਾਵੇ ਤਾਂ ਸਹਿਜੇ ਹੀ ਪਤਾ ਲੱਗ ਜਾਵੇਗਾ ਕਿ ਉਹ ਹਰਭਜਨ ਮਾਨ ਤੋਂ ਬਹੁਤ ਵੱਖਰਾ ਹੈ। ਅਵਕਾਸ਼ ਦੀ ਅਵਾਜ਼ ਜਿੱਥੇ ਬਹੁਤ ਰੰਗਾਂ ਵਿਚ ਗਾਉਣ ਦਾ ਹੁਨਰ ਰਖਦੀ ਹੈ, ਉਥੇ ਉਹ ਇੱਕ ਚੰਗਾ ਕਲਮਕਾਰ ਵੀ ਹੈ ਅਤੇ ਗੀਤਾਂ ਦੀਆਂ ਧੁਨਾਂ ਘੜਨ ਵਾਲਾ ਵੀ।
ਹਰਭਜਨ ਮਾਨ ਅਤੇ ਅਵਕਾਸ਼ ਮਾਨ ਵਿਚ ਕੁਝ ਸਾਂਝਾ ਹੈ ਤਾਂ ਉਹ ਹੈ, ਆਪਣੇ ਸਮੁੱਚੇ ਕੈਰੀਅਰ ਨੂੰ ਦਾਅ ‘ਤੇ ਲਾ ਕੇ ‘ਰਿਸਕ’ ਲੈਣ ਦੀ ਹਿੰਮਤ, ਕੁਝ ਨਵਾਂ ਕਰ ਦਿਖਾਉਣ ਦਾ ਜਨੂਨ। ਸਾਲ 2002 ਵਿਚ ਹਰਭਜਨ ਮਾਨ ਦਾ ਇਹ ਵੱਡਾ ਰਿਸਕ ਸੀ ਕਿ ਉਸ ਨੇ ਆਪਣੀ ਜ਼ਿੰਦਗੀ ਦਾ ਬਹੁਤ ਕੁਝ ਦਾਅ ‘ਤੇ ਲਾ ਕੇ ਆਖਰੀ ਸਾਹ ਲੈ ਰਹੀ ਪੰਜਾਬੀ ਫਿਲਮ ਇੰਡਸਟਰੀ ਦੇ ਦੌਰ ਵਿਚ ਪੰਜਾਬੀ ਫਿਲਮ ‘ਜੀ ਆਇਆਂ ਨੂੰ’ ਰਿਲੀਜ਼ ਕਰਨ ਦੀ ਜੁਰਅਤ ਕੀਤੀ।
ਇਸੇ ‘ਰਿਸਕ’ ਲੈਣ ਦੀ ਪਰੰਪਰਾ ਨੂੰ ਅੱਜ ਅਵਕਾਸ਼ ਮਾਨ ਨੇ ਆਪਣੇ ਗੀਤ ‘ਤੇਰੇ ਵਾਸਤੇ’ ਨਾਲ ਦੁਹਰਾਇਆ ਹੈ। ਹਰ ਉਹ ਸੁਲਝਿਆ ਦਿਮਾਗ ਜਿਸ ਨੂੰ ਅੰਤਰ-ਰਾਸ਼ਟਰੀ ਗੀਤ-ਸੰਗੀਤ ਦੀ ਸੋਝੀ ਹੈ, ਉਹ ਅਵਕਾਸ਼ ਦੇ ਇਸ ਕੰਮ ਦੀ ਦਾਦ ਦੇਵੇਗਾ, ਕਿਉਂਕਿ ਅਵਕਾਸ਼ ਆਪਣੇ ਇਸ ਵੱਖਰੇ ਅੰਦਾਜ਼ ਨਾਲ ਪੰਜਾਬੀ ਗਾਇਕੀ, ਫਿਲਮਾਂਕਣ ਅਤੇ ਪੇਸ਼ਕਾਰੀ ਨੂੰ ਉਸ ਮੁਕਾਮ ‘ਤੇ ਲੈ ਗਿਆ ਹੈ, ਜਿਸ ਬਾਰੇ ਹਾਲੇ ਕਿਸੇ ਨੇ ਸੋਚਿਆ ਤੱਕ ਵੀ ਨਹੀਂ ਸੀ। ਇਹੀ ਕਾਰਨ ਹੈ ਕਿ ਅਵਕਾਸ਼ ਦੇ ਇਸ ਗੀਤ ਨੂੰ ਕੁਝ ਤਬਕਿਆਂ ਵੱਲੋਂ ਹੈਰਾਨੀ ਨਾਲ ਤੱਕਿਆ ਜਾ ਰਿਹਾ ਹੈ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ‘ਜੀ ਆਇਆਂ ਨੂੰ’ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਲੋਕ ਆਖਿਆ ਕਰਦੇ ਸਨ ਕਿ ਹਰਭਜਨ ਮਾਨ ਇਹ ਕੀ ਕਮਲੇ ਕੰਮ ਕਰ ਰਿਹੈ, ਪੰਜਾਬੀ ਫਿਲਮ ਬਣਾ ਰਿਹੈ!
ਜੇ ਅਵਕਾਸ਼ ਦੇ ਇਸ ਨਵੇਂ ਗੀਤ ਨੂੰ ਸਮਝਣਾ ਹੈ ਜਾਂ ਉਸ ਬਾਰੇ ਕੋਈ ਵੀ ਟਿੱਪਣੀ ਕਰਨੀ ਹੈ ਤਾਂ ਇਸ ਲਈ ਲਾਜ਼ਮੀ ਹੈ ਕਿ ਕੌਮਾਂਤਰੀ ਗੀਤ-ਸੰਗੀਤ ਨੂੰ ਕੁਝ ਦਿਨ ਘੋਖ ਪੜਤਾਲ ਕਰਕੇ ਗੱਲ ਕੀਤੀ ਜਾਵੇ। ਪਰ ਸਾਡੀ ਕਮਜ਼ੋਰੀ ਹੈ ਕਿ ਅਸੀਂ ਜਹਾਜ ‘ਤੇ ਤਾਂ ਚੜ੍ਹ ਗਏ ਹਾਂ ਪਰ ਸਾਡੀ ਸੋਚ ਹਾਲੇ ਵੀ ‘ਸਾਈਕਲੀ’ ਉਤੇ ਬੈਠੀ ਹੋਈ ਹੈ! ਦੁਨੀਆਂ ਭਰ ਵਿਚ ਜਿਨ੍ਹਾਂ ਪੁਸਤਕਾਂ ਨੂੰ ਨੋਬਲ ਪ੍ਰਾਈਜ਼ ਅਤੇ ਮੈਨ ਬੁੱਕਰ ਪ੍ਰਾਈਜ਼ ਮਿਲਦਾ ਹੈ, ਜ਼ਿਆਦਾਤਰ ਉਨ੍ਹਾਂ ਨੂੰ ਪੜ੍ਹਨਾ ਤਾਂ ਦੂਰ, ਅਸੀਂ ਕਦੇ ਇਨ੍ਹਾਂ ਬਾਰੇ ਸੋਚਦੇ ਵੀ ਨਹੀਂ, ਸਗੋਂ ਬੱਸ ਅੱਡਿਆਂ ਉਤੇ ਮਿਲਦੀਆਂ ਕਿਤਾਬਾਂ ਦੇਖਣ ਤੱਕ (ਉਹ ਵੀ ਖਰੀਦਦੇ ਨਹੀਂ) ਹੀ ਸੀਮਿਤ ਹਾਂ। ਜੇ ਸਾਡੇ ਨਜ਼ਰੀਏ ਦਾ ਦਾਇਰਾ ਵੱਡਾ ਹੋਵੇਗਾ ਤਾਂ ਅਸੀਂ ਕਿਸੇ ਕਲਾ ਦੀਆਂ ਬਾਰੀਕੀਆਂ ਨੂੰ ਵੀ ਪੜ੍ਹ ਸਕਾਂਗੇ, ਸਮਝ ਸਕਾਂਗੇ। ਅਫਸੋਸ! ਸਾਡੇ ਨਜ਼ਰੀਏ ਅਤੇ ਸੋਚ ਨੂੰ ਜੰਗਾਲ ਲਗਦਾ ਜਾ ਰਿਹਾ ਹੈ ਤੇ ਇਸੇ ਜੰਗਾਲ ਦਾ ਸਿੱਟਾ ਹੈ ਕਿ ਸਾਨੂੰ ‘ਪਾਸ਼’ ਵਰਗਾ ਕਵੀ ਵੀ ਕਦੀ-ਕਦੀ ਗੱਦਾਰ ਜਾਪਦਾ ਹੈ!
ਇੰਟਰਨੈਟ ਉਤੇ ਜ਼ਰਾ ਕੈਂਡਰਿਕ ਲੈਮਰ ਦੇ ਗੀਤ ਹੰਬਲ ਦਾ ਵੀਡੀਓ ਤਲਾਸ਼ ਕਰਿਓ। ਇਸ ਗੀਤ ਦੀ ਵੀਡੀਓ ਵਿਚ ਸ਼ਾਇਦ ਸਾਨੂੰ ਕੁਝ ਹੋਰ ਨਜ਼ਰ ਆਵੇ ਜਾਂ ਨਾ ਆਵੇ ਪਰ ਗੰਜੇ ਕਲਾਕਾਰਾਂ ਦੀਆਂ ‘ਟਿੰਡਾਂ’ ਜ਼ਰੂਰ ਨਜ਼ਰ ਆਉਣਗੀਆਂ। ਕਿਉਂਕਿ ਸਾਡੀ ਸੋਚ ਟਿੰਡਾਂ ਤੱਕ ਹੀ ਸੀਮਿਤ ਹੈ ਜਾਂ ਇਨ੍ਹਾਂ ਦੀ ਖਿੱਲੀ ਉਡਾਉਣ ਤੱਕ!
ਏਡਲ ਦਾ ‘ਰੋਲਿੰਗ ਇਨ ਦਾ ਡੀਪ’ ਗੀਤ ਦੇਖ ਕੇ ਅਸੀਂ ਸ਼ਾਇਦ ਇਹੀ ਆਖਾਂਗੇ, ਇਹ ਕਿਵੇਂ ਦਾ ਗੀਤ ਏ ਯਾਰ, ਬੀਬੀ ਨੇ ਕੁਰਸੀ ‘ਤੇ ਹੀ ਬਹਿ ਕੇ ਸਾਰਾ ਗੀਤ ਨਿਬੇੜ’ਤਾ ਅਤੇ ਕੱਚ ਦੇ ਗਿਲਾਸ ਦਿਖਾ ਦਿੱਤੇ। ਇਹ ਵੀ ਕੋਈ ਗੌਣ ਹੋਇਆ ਤੇ ਆਹ ਕੀ ਵੀਡੀਓ ਹੋਈ?
ਡੌਨਲਡ ਗਲੋਵਰ ਦਾ ਗੀਤ ‘ਦਿਸ ਇਜ਼ ਅਮੈਰਿਕਾ’ ਸੁਣ/ਦੇਖ ਕੇ ਇਹੀ ਲੱਗੇਗਾ ਕਿ ਇੱਕ ਕਾਲਾ ਜਿਹਾ ਬੰਦਾ, ਬਿਨਾ ਕਮੀਜ਼ ਦੇ ਇਵੇਂ ਨੱਚ ਰਿਹੈ, ਜਿਵੇਂ ਇਸ ਨੂੰ ਕੋਈ ਦੌਰਾ ਪਿਆ ਹੋਵੇ! ਇਸ ਚੱਕਰ ਵਿਚ ਜੋ ਉਸ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਉਹ ਅਸੀਂ ਦੇਖ ਹੀ ਨਹੀਂ ਸਕਦੇ।
ਪਰ ਤੁਹਾਨੂੰ ਹੈਰਾਨੀ ਹੋਵੇਗੀ ਕਿ ਉਪਰੋਕਤ ਇਹ ਤਿੰਨੋਂ ਗੀਤ/ਵੀਡੀਓਜ਼ ਦੁਨੀਆਂ ਦੇ ਸਭ ਤੋਂ ਵੱਡੇ ਸੰਗੀਤ ਐਵਾਰਡ ‘ਜਰਮਨੀ ਅਵਾਰਡ’ ਨੂੰ ਛੂਹ ਚੁਕੇ ਹਨ। ਖਾਸ ਗੱਲ ਇਹ ਹੈ ਕਿ ਇਹ ਐਵਾਰਡ ਇਨ੍ਹਾਂ ਨੂੰ ਕਿਸੇ ਸਿਫਾਰਸ਼ ਨਾਲ ਨਹੀਂ, ਸਗੋਂ ਸੰਗੀਤ ਖੇਤਰ ਵਿਚ ਕੀਤੇ ਵਿਲੱਖਣ ਕੰਮ ਲਈ ਮਿਲਿਆ ਹੈ, ਜੋ ਇਨ੍ਹਾਂ ਕਲਾਕਾਰਾਂ ਨੇ ਲੀਹੋਂ ਹੱਟ ਕੇ ਕੀਤਾ ਸੀ।
ਕਲਾ ਦੇ ਅਰਥ ਜੇ ਸਿੱਧੇ ਸਮਝ ਆ ਜਾਣ, ਜਿਸ ਨੂੰ ਦੇਖ/ਸੁਣ ਕੇ ਤੁਹਾਨੂੰ ਸੋਚਣਾ ਨਾ ਪਵੇ ਤਾਂ ਉਹ ਕਲਾ, ਕਲਾ ਨਹੀਂ ਹੁੰਦੀ। ਕਲਾ ਤਾਂ ਉਹ ਹੈ, ਜੋ ਸਾਨੂੰ ਸੋਚਣ ਲਈ ਮਜਬੂਰ ਕਰ ਦੇਵੇ। ਜੇ ਕੁਝ ਹਾਸਲ ਕਰਨਾ ਹੈ ਤਾਂ ਲੀਹੋਂ ਹਟ ਕੇ ਤੁਰਨਾ ਪਵੇਗਾ, ਕਲਾ ਦਾ ਉਹ ਰੰਗ ਦਿਖਾਉਣਾ ਪਵੇਗਾ, ਜੋ ਸੋਚਣ ਲਈ ਮਜਬੂਰ ਕਰੇ, ਜਿਵੇਂ ਅਵਕਾਸ਼ ਮਾਨ ਨੇ ਕੀਤਾ ਹੈ।
ਦੁਖਾਂਤ ਇਹ ਵੀ ਹੈ ਕਿ ਗਲੋਬਲਾਈਜੇਸ਼ਨ ਦੇ ਇਸ ਦੌਰ ਵਿਚ ਅਸੀਂ ਪ੍ਰਤੀਕਾਤਮਕ ਹਾਂ। ਸਾਡੇ ਵਾਸਤੇ ਸੱਭਿਆਚਾਰ ਦੇ ਅਰਥ ਸਿਰਫ ਚਰਖੇ, ਚੁੱਲ੍ਹਿਆਂ, ਫੁਲਕਾਰੀਆਂ ਤੱਕ ਹੀ ਸੁੰਗੜ ਗਏ ਹਨ। ਅਵਕਾਸ਼ ਦੇ ਇਸ ਗੀਤ ਨਾਲ ਸਿਰਫ ਅਵਕਾਸ਼ ਕੌਮਾਂਤਰੀ ਨਹੀਂ ਹੋਇਆ, ਸਗੋਂ ਉਸ ਨਾਲ ਪੰਜਾਬੀ ਗਾਇਕੀ, ਪੰਜਾਬੀ ਭਾਸ਼ਾ ਅਤੇ ਤਹਿਜ਼ੀਬ ਵੀ ਇੱਕ ਵੱਖਰੇ ਹਲਕਿਆਂ ਵਿਚ ਪਹੁੰਚੀ ਹੈ। ਅਵਕਾਸ਼ ਦੇ ਨਵੇਂ ਗੀਤ ਨੂੰ ਵਿਸ਼ੇ ਪੱਖ ਦੇ ਨਾਲ-ਨਾਲ ਕਲਾ ਪੱਖ ਤੋਂ ਵੀ ਸਮਝਣ ਦੀ ਲੋੜ ਹੈ। ਅਵਕਾਸ਼ ਦੇ ਗੀਤ ਲਈ ਆਈਆਂ ਟਿੱਪਣੀਆਂ ਦਾ ਜੇ ਗੌਰ ਨਾਲ ਅਧਿਐਨ ਕੀਤਾ ਜਾਵੇ ਤਾਂ ਇੱਕ ਖਾਸ ਗੱਲ ਦੇਖਣ ਨੂੰ ਮਿਲਦੀ ਹੈ ਕਿ ਗੈਰ-ਪੰਜਾਬੀਆਂ ਦੀਆਂ ਜੋ ਟਿੱਪਣੀਆਂ ਇਸ ਗੀਤ ਲਈ ਆਈਆਂ ਹਨ, ਉਹ ਇਸ ਗੀਤ ਦੇ ਵਿਸ਼ੇ ਪੱਖ ਤੋਂ ਵੱਧ ਕਲਾ ਪੱਖ ਨਾਲ ਸਬੰਧਤ ਹਨ, ਜਿਸ ਵਿਚ ਗੀਤ ਦੇ ਸ਼ਾਟਸ, ਤਰਜ਼, ਵਾਤਾਵਰਣ ਅਤੇ ਸ਼ਬਦਾਂ ਆਦਿ ਦੇ ਵੱਖਰੇਪਣ (ਖਾਸ ਕਰ ਪੰਜਾਬੀ ਗਾਇਕੀ ਦੇ ਸੰਦਰਭ ਵਿਚ) ਚਰਚਾ ਕੀਤੀ ਗਈ ਹੈ। ਪੰਜਾਬੀ ਗਾਇਕੀ ਦੇ ਸਿਰਮੌਰ ਗੀਤਕਾਰ ਬਾਬੂ ਸਿੰਘ ਮਾਨ (ਮਾਨ ਮਰਾੜਾਂ ਵਾਲਾ) ਨੇ ਅਵਕਾਸ਼ ਮਾਨ ਦੇ ਨਵੇਂ ਗੀਤ ‘ਤੇਰੇ ਵਾਸਤੇ’ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਲਿਖਿਆ ਹੈ, “ਅਵਕਾਸ਼, ਕਿਹੜੇ ਸ਼ਬਦਾਂ ਨਾਲ ਮੁਬਾਰਕਬਾਦ ਦਿਆਂ! ਪਹਿਲੇ ਹੰਭਲੇ ਨਾਲ ਹੀ ਬਹੁਤ ਵੱਡੀ ਮੱਲ ਮਾਰੀ ਹੈ। ਇੱਕ ਬਹੁਤ ਵਧੀਆ ਗੀਤ ਕਮਾਲ ਦੀ ਕੰਪੋਜੀਸ਼ਨ ਅਤੇ ਪੱਛਮ ਦੇ ਰੂਹਾਨੀ ਰੋਮਾਂਸ ਦੀ ਰੰਗਤ ਵਿਚ ਰੰਗਿਆ ਸੰਗੀਤ ਤੇ ਫਿਰ ਅਵਕਾਸ਼ ਦੀ ਸੁਰੀਲੀ ਆਵਾਜ਼ ਵਿਚ ਅਹਿਸਾਸ ਦੀ ਗਹਿਰਾਈ ਅਤੇ ਕੁਦਰਤ ਵੱਲੋਂ ਬਖਸ਼ੀ ਇੱਕ ਵਿਲੱਖਣ ਕਿਸਮ ਦੀ ਕਸ਼ਿਸ਼, ਰੂਹ ਦੇ ਧੁਰ ਅੰਦਰ ਤੱਕ ਧੂਹ ਪਾਉਂਦੀ ਜਾਂਦੀ ਹੈ। ਇੱਕ ਅਦੁੱਤੀ ਪੇਸ਼ਕਸ਼ ਹੈ।”
ਜੇ ਅਵਕਾਸ਼ ਦੀ ਮਿਹਨਤ ਨੂੰ ਸਮਝਣਾ ਹੈ ਤਾਂ ਤੁਹਾਨੂੰ ਆਟੋ ਅਤੇ ਲੋਕਲ ਟਰੇਨ ਉਤੇ ਬੈਠ ਕੇ ਕਰੀਬ ਢਾਈ ਸਾਲ ਅਵਕਾਸ਼ ਵਾਂਗ ਮੁੰਬਈ ਦੀਆਂ ਸੜਕਾਂ ਅਤੇ ਪਟੜੀਆਂ ਉਤੇ ਕਲਾ ਨੂੰ ਨਿਖਾਰਨ ਵਾਲੀਆਂ ਕਲਾਸਾਂ ਦੇ ਗੇੜੇ ਲਾਉਣੇ ਪੈਣਗੇ। ਜੇ ਅਵਕਾਸ਼ ਦੀ ਹਿੰਮਤ ਨੂੰ ਪਰਖਣਾ ਹੈ ਤਾਂ ਤੁਹਾਨੂੰ ਕੈਨੇਡਾ ਦੀ ਖੂਬਸੂਰਤ ਸਰਜ਼ਮੀਂ ਛੱਡ ਕੇ ਭਾਰਤ ਆ ਕੇ ਮਿਹਨਤ ਕਰਨ ਦੀ ਜੁਰਅਤ ਕਰਨੀ ਪਵੇਗੀ।
ਜੇ ਅਵਕਾਸ਼ ਨੂੰ ਦੇਖਣਾ ਹੈ ਤਾਂ ਕੈਨੇਡਾ ਤੋਂ ਦਿੱਲੀ ਆ ਰਹੇ ਉਸ ਜਹਾਜ ਦੇ ਸ਼ੀਸ਼ਿਆਂ ‘ਚ ਤੁਹਾਨੂੰ ਤੱਕਣਾ ਪਵੇਗਾ, ਜਿੱਥੋਂ ਅਵਕਾਸ਼ ਇੰਤਜ਼ਾਰ ਕਰਿਆ ਕਰਦਾ ਸੀ ਕਿ ਕਦੋਂ ਇਹ ਜਹਾਜ ਉਤਰੇ ਅਤੇ ਮੈਂ ਇਸ ਫਿਜ਼ਾ ਨੂੰ ਆਪਣੀਆਂ ਧੁਨਾਂ ਸੁਣਾ ਸਕਾਂ।
ਜੇ ਅਵਕਾਸ਼ ਨੂੰ ਪੜ੍ਹਨਾ ਹੈ, ਸੁਣਨਾ ਹੈ ਤਾਂ ਉਸ ਦੇ ਕਮਰੇ ਅੰਦਰ ਜਾ ਕੇ ਉਹ ਕਿਤਾਬਾਂ ਪੜ੍ਹਨੀਆਂ ਪੈਣਗੀਆਂ, ਜੋ ਵਿਸ਼ਵ ਦੇ ਚੋਟੀ ਦੇ ਅਦੀਬਾਂ ਦੀਆਂ ਹਨ, ਉਹ ਸੰਗੀਤ ਦੇ ਰਿਕਾਰਡ ਸੁਣਨੇ ਪੈਣਗੇ, ਜੋ ‘ਜਰਮਨੀ ਅਵਾਰਡ’ ਹਾਸਿਲ ਕਰਦੇ ਹਨ। ਵੱਖ-ਵੱਖ ਰੰਗਾਂ ਦੇ ਕਿਰਦਾਰ ਨਿਭਾਉਣ ਵਾਲੇ ਬਰੈਡ ਪਿਟ ਦੀਆਂ ਫਿਲਮਾਂ ਦੇਖਣੀਆਂ ਪੈਣਗੀਆਂ।
ਜੇ ਅਵਕਾਸ਼ ਨੂੰ ਸੁਣਨਾ ਹੈ ਤਾਂ ਉਸ ਦੇ ਘਰ ਦੀ ਛੱਤ ਉਤੋਂ ਗੁਜ਼ਰਨ ਵਾਲੀਆਂ ਪੌਣਾਂ ਨਾਲ ਕੰਨ ਲਾਉਣਾ ਪਵੇਗਾ, ਜਿਨ੍ਹਾਂ ਵਿਚ ਉਸ ਦੀ ਉਹ ਸੋਹਲ ਅਵਾਜ਼, ਜੋ ਬੋਲਣ ਤੋਂ ਪਹਿਲਾਂ ਗਾਉਣ ਲੱਗ ਪਈ ਸੀ, ਅੱਜ ਵੀ ਤੁਹਾਨੂੰ ਸੁਣ ਜਾਵੇਗੀ।
ਅਵਕਾਸ਼ ਨੇ ਜੋ ਅੱਜ ਗਾਇਆ ਹੈ, ਉਹ ਔਲੇ ਖਵਾਉਣ ਵਰਗਾ ਹੈ, ਜਿਸ ਦਾ ਅਸਰ ਬਾਅਦ ਵਿਚ ਹੀ ਦੇਖਣ ਨੂੰ ਮਿਲੇਗਾ। ਸ਼ੁਰੂ ਵਿਚ ਕਈਆਂ ਨੂੰ ਔਲੇ ਹਜ਼ਮ ਕਰਨੇ ਬਹੁਤ ਮੁਸ਼ਕਿਲ ਹੁੰਦੇ ਹਨ, ਕੌੜੇ ਲੱਗਦੇ ਹਨ, ਪਰ ਸਮਾਂ ਪਾ ਕੇ ਇਨ੍ਹਾਂ ਦੇ ਅਸਰ ਦਾ ਪਤਾ ਲੱਗਦਾ ਹੈ।