ਡਾ. ਸੁਖਪਾਲ ਸੰਘੇੜਾ*
ਪੰਜਾਬ ਟਾਈਮਜ਼ ਦੇ 22 ਜੂਨ 2019 ਦੇ ਅੰਕ ਵਿਚ ਪ੍ਰਕਾਸ਼ਿਤ ਰਾਜਪਾਲ ਸਿੰਘ ਦੇ ਲੇਖ ‘ਪੰਜਾਬੀ ਚਿੰਤਨ ਦੀ ਹਕੀਕਤ’ ਵਿਚ ਲੇਖਕ ਅਨੁਸਾਰ ਪੰਜਾਬ ਅੱਜ ਕੱਲ ਕਿਸੇ ਲਹਿਰ ‘ਚੋਂ ਨਹੀਂ, ਸਗੋਂ ਚਿੰਤਨ/ਮੰਥਨ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਇਸ ਦੌਰ ਵਿਚ ‘ਹਰ ਵਿਚਾਰ ਤੇ ਵਰਤਾਰੇ ਨੂੰ ਪੜਚੋਲਵੀਂ ਨਿਗ੍ਹਾ ਨਾਲ ਦੇਖਿਆ ਜਾ ਰਿਹਾ ਹੈ, ਪਰ ਕੋਈ ਵੀ ਸਪਸ਼ਟ ਸੇਧ ਜਾਂ ਅਜਿਹੇ ਸਾਰਥਕ ਸਿੱਟੇ ਨਿਕਲ ਕੇ ਸਾਹਮਣੇ ਨਹੀਂ ਆ ਰਹੇ।’ ਸਿੱਟੇ ਵਜੋਂ ਮੌਜੂਦਾ ਪੰਜਾਬੀ ਚਿੰਤਨ ਅੱਜ ਦੇ ਪੰਜਾਬੀ ਸਮਾਜ ਦੀਆਂ ਨਵੀਆਂ ਸਮੱਸਿਆਵਾਂ ਦੇ ਹੱਲ ਪੇਸ਼ ਕਰਨ ਵਿਚ ਅਸਫਲ ਹੋ ਰਿਹਾ ਹੈ।
ਰਾਜਪਾਲ ਸਿੰਘ ਇਸ ਅਸਫਲਤਾ ਦੇ ਮੁੱਖ ਕਾਰਨ ਤਿੰਨ ਕਾਰਕਾਂ ਨੂੰ ਠਹਿਰਾਉਂਦਾ ਹੈ: (1) ਚਿੰਤਨ ਦਾ ਭਵਿੱਖ-ਮੁਖੀ ਹੋਣ ਦੀ ਥਾਂ ਭੂਤ-ਮੁਖੀ ਹੋਣਾ, (2) ਆਪਣੇ ਵਿਚਾਰਾਂ ਨੂੰੰ ਅੰਤਿਮ ਸੱਚ ਮਨ ਲੈਣ ਦਾ ਰੁਝਾਨ ਅਤੇ (3) ਵਿਦਵਾਨਾਂ ਤੇ ਆਮ ਲੋਕਾਂ ਦੇ ਵਿਚਾਰਾਂ ਵਿਚਾਲੇ ਵੱਡਾ ਪਾੜਾ। ਮੈਂ ਪਹਿਲੇ ਦੋ ਕਾਰਨਾਂ ਨਾਲ ਸਹਿਮਤ ਹਾਂ, ਪਰ ਤੀਜਾ ਕਾਰਨ ਹੋਰ ਪੜਤਾਲ ਦੀ ਮੰਗ ਕਰਦਾ ਹੈ; ਕਿਵੇਂ ਪੰਜਾਬੀ ਚਿੰਤਨ ਦੀ ਅਸਫਲਤਾ ਦੇ ਇਹ ਤੇ ਹੋਰ ਕਾਰਨ ਇੱਕੋ ਹੀ ਕਾਰਨ ਵਿਚ ਆ ਮਿਲਦੇ ਨੇ, ਜਿਸ ਦਾ ਨਾਂ ਹੈ, ਵਿਗਿਆਨ। ਸੋ, ਇਥੇ ਮੈਂ ਚਰਚਾ ਕਰਾਂਗਾ ਕਿ ਕਿਵੇਂ ਪੰਜਾਬੀ ਚਿੰਤਨ ਦਾ ਮੂਲ ਸਮੱਸਿਆ ਹੈ, ਇਸ ਵਿਚ ਵਿਗਿਆਨ ਦੇ ਅੰਸ਼ਾਂ ਦੀ ਗੈਰ-ਹਾਜ਼ਰੀ ਤੇ ਸਮੱਸਿਆ ਦਾ ਹੱਲ ਹੈ, ਇਨ੍ਹਾਂ ਵਿਗਿਆਨ ਅੰਸ਼ ਦੀ ਸ਼ਮੂਲੀਅਤ? ਵਿਗਿਆਨ ਅੰਸ਼ਾਂ ਵਿਚ ਸ਼ਾਮਲ ਹਨ-ਵਿਗਿਆਨ, ਵਿਗਿਆਨਕ ਪਹੁੰਚ ਜਾਂ ਵਿਧੀ, ਵਿਗਿਆਨਕ ਸੋਚ, ਤੇ ਵਿਗਿਆਨਕ ਤਰਕ ਵਿਧਾਨ।
ਮੇਰੀ ਜਾਚੇ ਉਕਤ ਚਰਚਿਤ ਪੰਜਾਬੀ ਚਿੰਤਨ ਦੇ ਮੁੱਖ ਦੋਸ਼ਾਂ ‘ਚੋਂ ਸਭ ਤੋਂ ਅਹਿਮ ਹੈ, ਚਿੰਤਨ ਦਾ ਭੂਤ-ਮੁਖੀ ਹੋਣਾ, ਤੇ ਨਤੀਜੇ ਵਜੋਂ ਅੱਜ ਦੀਆਂ ਸਮੱਸਿਆਵਾਂ ਦੇ ਹੱਲ ਬੀਤੇ ਵਿਚੋਂ ਖੋਜਣ ਦੀ ਕੋਸ਼ਿਸ਼ ਕਰਨਾ। ਨਿੱਜੀ ਤਜਰਬੇ ‘ਚੋਂ ਇੱਕ ਢੁਕਵੀਂ ਕਾਤਰ ਦੇ ਤਿੰਨ ਪੱਖ ਪੇਸ਼ ਹਨ,
(1) ਭਾਰਤ ਵਿਚ 1960ਵਿਆਂ ਦੇ ਅਖੀਰਲੇ ਸਾਲਾਂ ਤੋਂ ਲੈ ਕੇ 1982 ਦੇ ਸ਼ੁਰੂ ਤੱਕ ਪੰਜਾਬ ਵਿਚ ਪ੍ਰਗਤੀਸ਼ੀਲ/ਕ੍ਰਾਂਤੀਕਾਰੀ ਲਹਿਰ ਚੱਲਦੀ ਰਹੀ; ਉਸ ਪੰਜਾਬ ‘ਚੋਂ ਵਿਚਰਨ ਪਿਛੋਂ ਮੈਂ ਵਿਗਿਆਨ ਦੇ ਖੇਤਰ ਵਿਚ ਉਚ-ਵਿਦਿਆ ਤੇ ਖੋਜ ਦੇ ਸਿਲਸਿਲੇ ਵਿਚ ਪੱਛਮ ਦੀ ਧਰਤੀ ‘ਤੇ ਆਣ ਉਤਰਿਆ।
(2) ਇੱਕ ਵਿਗਿਆਨੀ ਦੇ ਤੌਰ ‘ਤੇ ਯੂਰਪ ਵਿਚ ਦੁਨੀਆਂ ਦੀ ਸਭ ਤੋਂ ਵੱਡੀ ਵਿਗਿਆਨ ਰਿਸਰਚ ਪ੍ਰਯੋਗਸ਼ਾਲਾ ਸਰਨ (ਛਓ੍ਰਂ) ਵਿਚ ਕੈਮਬਰੇਜ਼ ਤੋਂ ਹਾਇਡਲਬਰਗ ਤੱਕ ਅਤੇ ਅਮਰੀਕਾ ਦੀ ਕੌਰਨੈਲ ਯੂਨੀਵਰਸਿਟੀ ਦੀ ਨਿਊਕਲੀਅਰ ਰਿਸਰਚ ਪ੍ਰਯੋਗਸ਼ਾਲਾ ਵਿਚ ਸਟੈਨਫੋਰਡ ਤੋਂ ਹਾਰਵਰਡ ਤੱਕ ਅਨੇਕ ਯੂਨੀਵਰਸਿਟੀਆਂ ਦੇ ਵਿਗਿਆਨੀਆਂ ਨਾਲ ਕੰਮ ਕਰਨ ਦਾ ਤਜਰਬਾ ਹਾਸਿਲ ਹੋਇਆ।
(3) ਇਸ ਵਿਸ਼ਾਲ ਘੁੰਮਾਤਰੂ ਭੂਗੋਲਕ ਤੇ ਵਿਗਿਆਨਕ ਤਜਰਬੇ ਦੀ ਧਰਾਤਲ ‘ਤੇ ਵਿਚਰਦਿਆਂ ਬ੍ਰਹਿਮੰਡ ਦੇ ਮੁੱਢ ਅਤੇ ਮਾਦੇ ਦੇ ਮੂਲ ਕਣਾਂ ਤੇ ਵਰਤਾਰਿਆਂ ਬਾਰੇ ਸੁਆਲਾਂ ਸੰਗ ਘੁਲਦਿਆਂ ਮੇਰੇ ਅਚੇਤ ਮਨ ਵਿਚ ਪੰਜਾਬ ਦੇ ਮੇਰੇ ਸਿੱਧੇ ਤਰਜਬੇ ਅਤੇ ਪਿੱਛੋਂ ਪੰਜਾਬੋਂ ਮਿਲਦੀਆਂ ਖਬਰਾਂ ‘ਤੇ ਆਧਾਰਿਤ ਅਸਿੱਧੇ ਤਰਜਬੇ ‘ਤੇ ਚਿੰਤਨ ਮੰਥਨ ਚੱਲਦਾ ਰਿਹਾ। ਇਸ ਚਿੰਤਨ ਮੰਥਨ ਵਿਚੋਂ ਸਾਹਿਤਕ ਰੂਪ ਵਿਚ ਬਿਨਾ ਪ੍ਰਗਤੀਸ਼ੀਲ ਲੱਗਣ ਯੋਜਨਾ ਦੇ, ਸੁਭਾਵਿਕ ਹੀ ਕੁਝ ਕਵਿਤਾਵਾਂ ਨਿਕਲੀਆਂ, ਜੋ ‘ਕਿੱਸਿਆਂ ਦੇ ਕੈਦੀ’ (1997) ਤੇ ‘ਭੂਤ ਨਗਰੀ’ (2003) ਕਾਵਿ ਸੰਗ੍ਰਿਹਾਂ ਵਿਚ ਪ੍ਰਕਾਸ਼ਕ ਹੋਈਆਂ। ਇਨ੍ਹਾਂ ਦੋਹਾਂ ਕਾਵਿ ਸੰਗ੍ਰਿਹਾਂ ਦੀਆਂ ਕਵਿਤਾਵਾਂ ਇੱਕੋ ਹੀ ਕੇਂਦਰੀ ਥੀਮ ਦੇ ਵੱਖ ਵੱਖ ਪੱਖਾਂ ਨੂੰ ਉਜਾਗਰ ਤੇ ਫਾਸ਼ ਕਰਦੀਆਂ ਨੇ, ਤੇ ਉਹ ਥੀਮ ਹੈ: ਪੰਜਾਬੀ ਜੀਵਨ ਜਾਂਚ ਤੇ ਪੰਜਾਬੀ ਚਿੰਤਨ ਦਾ ਭਵਿੱਖ-ਮੁਖੀ ਹੋਣ ਦੀ ਥਾਂ ਭੂਤ-ਮੁਖੀ ਹੋਣਾ। ਇਸ ਸਮੁੱਚੇ ਤਜਰਬੇ ਤੋਂ ਮੈਂ ਮਹਿਸੂਸ ਕੀਤਾ ਕਿ ਸਿਰਫ ਆਮ ਪੰਜਾਬੀ ਲੋਕ ਤੇ ‘ਹੋਰ’ ਚਿੰਤਕ ਨਹੀਂ, ਸਗੋਂ ਬਾਹਲੇ ਅਗਾਂਹਵਧੂ/ਪ੍ਰਗਤੀਸ਼ੀਲ ਚਿੰਤਕ ਵੀ ਸੁਤੇ-ਸਿੱਧ ਭੂਤ-ਮੁਖੀ ਪਹੁੰਚ ਦੇ ਸ਼ਿਕਾਰ ਹਨ।
ਮੇਰੀ ਜਾਚੇ ਰਾਜਪਾਲ ਸਿੰਘ ਦੀ ਪੜਚੋਲਵੀਂ ਨਿਗ੍ਹਾ ਵਿਚ ਕਾਣ ਹੈ। ਇਸ ਕਾਣ ਦੀ ਇੱਕ ਇਲਾਮਤ ਹੈ, ਆਪਣੇ ਵਿਚਾਰਾਂ ਨੂੰ ਅੰਤਿਮ ਸੱਚ ਮਨ ਲੈਣ ਤੇ ਸੰਵਾਦ ਵਿਚ ਦੂਜੇ ਨੂੰ ਗਲਤ ਸਿੱਧ ਕਰਕੇ ਆਪਣਾ ਲੋਹਾ ਮੰਨਵਾਉਣ ਦਾ ਰੁਝਾਨ। ਇਹ ਕਾਣ ਸਾਨੂੰ ਭਾਰਤੀ ਸੰਸਕ੍ਰਿਤੀ ਦੇ ਧਾਰਮਿਕ ਵਿਸ਼ਵਾਸ ਦੀ ਜਕੜ ਵਿਚ ਵਿਕਸਿਤ ਹੋਏ ਤਰਕ ਸ਼ਾਸਤਰ ਤੋਂ ਵਿਰਸੇ ਵਿਚ ਮਿਲਿਆ ਹੈ; ਤਰਕ ਸ਼ਾਸਤਰ ਜਾਂ ਤਰਕ ਵਿਧਾਨ, ਜੋ ਸੱਚਾਈ ਲੱਭਣ ਦੇ ਮਨੋਰਥ ਨਾਲ ਤਰਕ ਦੇ ਖਰੇ ਜਾਂ ਖੋਟੇ ਹੋਣ ‘ਤੇ ਘੱਟ ਆਧਾਰਿਤ ਹੈ ਅਤੇ ਜਿੱਤਣ ਦੀ ਨੀਅਤ ਤੇ ਚਲਾਕੀ ‘ਤੇ ਵੱਧ। ਇਹ ਤਾਂ ਹੈ, ਕਿਉਂਕਿ ਪ੍ਰਾਚੀਨ ਭਾਰਤੀ ਸੰਸਕ੍ਰਿਤੀ ‘ਚ ਫਲਸਫੇ ਨੇ ਨਾ ਤਾਂ ਵਿਗਿਆਨ ਨੂੰ ਜਨਮ ਦਿੱਤਾ ਤੇ ਨਾ ਹੀ ਵਿਗਿਆਨਕ ਤਰਕ ਵਿਧਾਨ ਵਿਕਸਿਤ ਕੀਤਾ; ਨਾ ਹੀ ਪੰਜਾਬ ਜਾਂ ਭਾਰਤ ਵਿਚ ਸਿੱਧੇ ਜਾਂ ਅਸਿੱਧੇ ਤੌਰ ‘ਤੇ ਵਿਗਿਆਨ ‘ਤੇ ਆਧਾਰਿਤ ਕੋਈ ਲਹਿਰ ਹੀ ਚੱਲੀ ਹੈ। ਇਹਦੀ ਤੁਲਨਾ ਕਰੋ ਪੱਛਮੀ ਫਲਸਫੇ ਵਿਚ ਹੋਏ ਵਿਗਿਆਨ ਦੇ ਜਨਮ ਤੇ ਵਿਗਿਆਨਕ ਤਰਕ ਵਿਧਾਨ ਦੇ ਵਿਕਾਸ ਨਾਲ।
ਪੱਛਮ ਵਿਚ ਫਲਸਫਾ ਗਰੀਕ ਫਿਲਾਸਫਰਾਂ ਤੋਂ ਸ਼ੁਰੂ ਹੋਇਆ, ਤੇ ਗਰੀਕ ਫਲਸਫੇ ਨੇ ਪੱਛਮੀ ਸੱਭਿਅਤਾ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਈ ਹੈ। ਪ੍ਰਾਚੀਨ ਫਲਸਫੇ ਵਿਚ ਘੱਟੋਘੱਟ ਪੱਛਮ ਵਿਚ, ਸਾਰੇ ਬੌਧਿਕ ਪ੍ਰਯਤਨ ਤੇ ਗਿਆਨ ਵਿਸ਼ੇ-ਧਰਮ, ਧਰਮ ਸ਼ਾਸਤਰ, ਨੈਤਿਕਤਾ, ਤਰਕ, ਭੌਤਿਕ ਵਿਗਿਆਨ, ਜੀਵ ਵਿਗਿਆਨ ਆਦਿ ਸ਼ਾਮਲ ਸਨ। ਪ੍ਰਾਚੀਨ ਕਾਲ ਵਿਚ ਕੁਦਰਤੀ ਵਰਤਾਰਿਆਂ ਬਾਰੇ ਮਨੁੱਖ ਦੇ ਅਗਿਆਨ ਨੇ ਰੱਬ ਤੇ ਦੇਵੀ ਦੇਵਤਿਆਂ ਨੂੰ ਜਨਮ ਦਿੱਤਾ, ਜੋ ਕਈ ਰੂਪਾਂ ਵਿਚ ਪ੍ਰਾਚੀਨ ਪੂਰਬੀ ਤੇ ਕਿਸੇ ਹੱਦ ਤੱਕ ਪੱਛਮੀ ਫਲਸਫੇ ਵੀ ਭਾਰੂ ਰਹੇ। ਕਰੀਬ 2600 ਸੌ ਸਾਲ ਪਹਿਲਾਂ ਪੱਛਮੀ ਫਲਸਫੇ ਵਿਚ ਇਹ ਸਥਿਤੀ ਬਦਲਣੀ ਸ਼ੁਰੂ ਹੋ ਗਈ ਸੀ, ਜਦੋਂ ਗਰੀਕ ਫਿਲਾਸਫਰ ਥੇਲਜ਼ (624 ਤੋਂ 546 ਈਸਾ ਪੁਰਵ) ਨੇ ਇਹ ਵਿਚਾਰ ਵਿਕਸਿਤ ਕੀਤਾ ਕਿ ਬ੍ਰਹਿਮੰਡ ਤੇ ਇਸ ਵਿਚਲੇ ਵਰਤਾਰਿਆਂ ਨੂੰ ਬਿਨਾ ਰੱਬ, ਧਰਮ ਤੇ ਮਿਥਹਾਸ ਦਾ ਸਹਾਰਾ ਲਿਆਂ ਸਮਝਿਆ ਜਾ ਸਕਦਾ ਹੈ। ਉਸ ਅਨੁਸਾਰ ਜਟਿਲ ਦਿਸਦੇ ਕੁਦਰਤੀ ਵਰਤਾਰਿਆਂ ਨੂੰ ਸਾਦੇ ਸਿਧਾਂਤਾਂ ਵਿਚ ਸੰਗੋੜ ਕੇ ਉਨ੍ਹਾਂ ਵਰਤਾਰਿਆਂ ਦੀ ਵਿਆਖਿਆ ਕੀਤੀ ਜਾ ਸਕਦੀ ਹੈ। ਇਥੋਂ ਪੱਛਮੀ ਫਲਸਫੇ ਵਿਚ ਵਿਗਿਆਨ ਦਾ ਮੁੱਢ ਬੱਝਦਾ ਹੈ। ਮਿਸਾਲ ਵਜੋਂ ਫਿਲਾਸਫਰ ਅਰਸਤੂ (384-322 ਈਸਾ ਪੁਰਵ) ਦੁਨੀਆਂ ਦਾ ਪਹਿਲਾ ਭੌਤਿਕ ਵਿਗਿਆਨੀ ਮੰਨਿਆ ਜਾਂਦਾ ਹੈ। ਸਾਰੇ ਬੁੱਧੀਜੀਵੀ ਸਣੇ ਵਿਗਿਆਨੀ, ਫਿਲਾਸਫਰਾਂ ਦੀ ਵੱਖੋ ਵੱਖਰੀਆਂ ਕਿਸਮਾਂ ਸਨ। ਵਿਗਿਆਨ ਤੇ ਵਿਗਿਆਨੀ ਦੇ ਸੰਕਲਪ ਉਨੀਵੀਂ ਸਦੀ ਦੀ ਪੈਦਾਵਾਰ ਹਨ; ਪਹਿਲਾਂ ਸਦੀਆਂ ਤੀਕ ਵਿਗਿਆਨ ਨੂੰ ਕੁਦਰਤੀ ਫਲਸਫਾ ਕਿਹਾ ਜਾਂਦਾ ਸੀ ਤੇ ਵਿਗਿਆਨੀਆਂ ਨੂੰ ਕੁਦਰਤੀ ਫਿਲਾਸਫਰ।
ਗਰੀਕ ਫਲਸਫੇ ਤੋਂ ਇਲਾਵਾ ਪੱਛਮੀ ਸੰਸਕ੍ਰਿਤੀ ਤੇ ਚਿੰਤਨ ਦੇ ਵਿਕਾਸ ਵਿਚ 14ਵੀਂ ਤੋਂ 17ਵੀਂ ਸਦੀ ਤੱਕ ਯੂਰਪ ਵਿਚ ਚੱਲੀ ਜਾਗ੍ਰਿਤੀ ਲਹਿਰ ਦਾ ਵਿਸ਼ੇਸ਼ ਰੋਲ ਰਿਹਾ ਹੈ। ਇਸ ਲਹਿਰ ਨੇ ਮਨੁੱਖੀ ਜ਼ਿੰਦਗੀ ਦੇ ਹਰ ਖੇਤਰ ਨੂੰ ਪ੍ਰਭਾਵਿਤ ਕਰਦਿਆਂ ਹੌਲੀ ਹੌਲੀ ਯੂਰਪ ਨੂੰ ਮੱਧਕਾਲੀਨ ਯੁੱਗ ਵਿਚੋਂ ਕੱਢ ਕੇ ਆਧੁਨਿਕ ਯੁੱਗ ਨਾਲ ਜੋੜ ਦਿੱਤਾ। ਜਾਗ੍ਰਿਤੀ ਲਹਿਰ ਨੂੰ ਪੈਦਾ ਤੇ ਵਿਕਸਿਤ ਕਰਨ ਵਿਚ ਵਿਗਿਆਨ ਨੇ ਸਿੱਧੇ ਤੇ ਅਸਿੱਧੇ ਤੌਰ ‘ਤੇ ਅਹਿਮ ਭੂਮਿਕਾ ਨਿਭਾਈ। ਇਹ ਸਮੇਂ ਦੌਰਾਨ ਵਿਗਿਆਨਕ ਖੋਜ ਨੇ ਧਾਰਮਿਕ ਲੀਡਰਾਂ ਨੂੰ ਕ੍ਰੋਧਿਤ ਕਰਦਿਆਂ ਬ੍ਰਹਿਮੰਡ ਦਾ ਮਾਡਲ ਬਦਲ ਕੇ ਰੱਖ ਦਿੱਤਾ, ਜਿਸ ਵਿਚ ਹੁਣ ਧਰਤੀ ਬ੍ਰਹਿਮੰਡ ਦੀ ਕੇਂਦਰ ਨਹੀਂ, ਸਗੋਂ ਹੋਰਾਂ ਗ੍ਰਹਿਆਂ ਸਮੇਤ ਸੂਰਜ ਦੁਆਲੇ ਘੁੰਮਦੀ ਹੈ। ਇਸ ਸਮੇਂ ਦੌਰਾਨ ਵਿਗਿਆਨ ਹੀ ਨਿਊਟਨ ਦਾ ਗੁਰੂਤਾ ਖਿੱਚ ਦਾ ਨਿਯਮ ਵਿਕਸਿਤ ਹੋਇਆ, ਜਿਸ ਅਨੁਸਾਰ ਕੇਵਲ ਧਰਤੀ ‘ਤੇ ਹੀ ਨਹੀਂ, ਸਗੋਂ ਸਾਰੇ ਬ੍ਰਹਿਮੰਡ ਵਿਚ ਹਰ ਮਾਦਿਕ ਚੀਜ਼ ਦੂਜੀਆਂ ਸਭ ਮਾਦਿਕ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੀ ਹੈ ਤੇ ਇਹ ਖਿੱਚ ਸ਼ਕਤੀ ਮਿਣੀ ਜਾ ਸਕਦੀ ਹੈ। ਇਸ ਖੋਜ ਨੇ ਕੇਵਲ ਵਿਗਿਆਨੀਆਂ ਵਿਚ ਹੀ ਨਹੀਂ, ਸਗੋਂ ਹੋਰ ਚਿੰਤਕਾਂ ਤੇ ਆਮ ਲੋਕਾਂ ਵਿਚ ਵੀ ਨਵਾਂ ਉਤਸ਼ਾਹ ਭਰ ਦਿੱਤਾ; ਉਨ੍ਹਾਂ ਨੂੰ ਦਿਸਣ ਲੱਗ ਪਿਆ ਕਿ ਹੁਣ ਸਿਰਫ ਇਸ ਦੁਨੀਆਂ ਨੂੰ ਹੀ ਨਹੀਂ, ਸਗੋਂ ਵਿਗਿਆਨਕ ਨਿਯਮ ਖੋਜ ਕੇ ਸਾਰੇ ਬ੍ਰਹਿਮੰਡ ਨੂੰ ਸਮਝਿਆ ਜਾ ਸਕਦਾ ਹੈ।
ਮੁੱਕਦੀ ਗੱਲ, ਵਿਗਿਆਨ ਸ਼ੁਰੂ ਤੋਂ ਹੀ ਪੱਛਮੀ ਫਲਸਫੇ ਦਾ ਅਹਿਮ ਹਿੱਸਾ ਹੈ; ਪੱਛਮੀ ਆਵਾਮ ਸਮੇਂ ਸਮੇਂ ਰੂੜ੍ਹੀਆਂ ਤੇ ਅੰਧਵਿਸ਼ਵਾਸਾਂ ਦੀ ਰਾਖੀ ਕਰਦੇ ਧਰਮ ਨੂੰ ਵਿਗਿਆਨ ਦਾ ਰਸਤਾ ਰੋਕ ਕੇ ਖੜ੍ਹਦਿਆਂ ਦੇਖਦਾ ਰਿਹਾ ਹੈ; ਧਰਮ ਤੇ ਵਿਗਿਆਨ ਇਸ ਸ਼ੱਰੇਆਮ ਲੜਾਈ ਵਿਚ ਵਿਗਿਆਨ ਨੂੰ ਜਿੱਤਦਿਆਂ ਤੱਕਦਾ ਰਿਹਾ ਹੈ; ਤੇ ਵਿਗਿਆਨ ਦੀਆਂ ਜਿੱਤਾਂ ਦੇ ਫਲ ਬਾਕੀ ਦੁਨੀਆਂ ਤੋਂ ਪਹਿਲਾਂ ਚੱਖਦਾ ਰਿਹਾ ਹੈ। ਇਨ੍ਹਾਂ ਫਲਾਂ ਵਿਚ ਸ਼ਾਮਲ ਨੇ ਆਧੁਨਿਕ ਯੁੱਗ ਦੀਆਂ ਅਣਗਿਣਤ ਤੇ ਕਰੀਬ ਸਭ ਲੋੜਾਂ ਤੇ ਸਹੂਲਤਾਂ-ਇੰਜਣ ਤੋਂ ਟਿਊਬਵੈਲ, ਟਰੱਕ/ਕਾਰਾਂ, ਤੇ ਹਵਾਈ ਜਹਾਜਾਂ ਤੱਕ; ਬਿਜਲਈ ਚੁੱਲ੍ਹਿਆਂ, ਫਰਿੱਜਾਂ, ਤੇ ਏਅਰਕੰਡੀਸ਼ਨਰਾਂ ਤੋਂ ਘਰਾਂ, ਸੜਕਾਂ ਤੇ ਸ਼ਹਿਰਾਂ ਨੂੰ ਜਗਮਗਾਉਂਦੀ ਰੰਗ-ਬਰੰਗੀ ਰੋਸ਼ਨੀ ਤੱਕ; ਰੇਡੀਓ, ਟੀ. ਵੀ. ਅਤੇ ਕੰਪਿਊਟਰਾਂ ਤੋਂ ਇੰਟਰਨੈਟ, ਸ਼ੋਸ਼ਲ ਮੀਡੀਆ, ਤੇ ਸਮਾਰਟ ਫੋਨਾਂ ਤੱਕ ਅਤੇ ਵੈਕਸੀਨਾਂ ਤੋਂ ਭਿੰਨ ਭਿੰਨ ਬਿਮਾਰੀਆਂ ਦੇ ਇਲਾਜਾਂ ਤੱਕ। ਇੰਜ ਵਿਗਿਆਨਕ ਸੋਚ ਕਿਸੇ ਹੱਦ ਤੱਕ ਸਹਿਜ ਹੀ ਪੱਛਮੀ ਸੰਸਕ੍ਰਿਤੀ, ਸਮਾਜ ਤੇ ਮਨੁੱਖ ਵਿਚ ਘਰ ਕਰਦੀ ਰਹੀ ਹੈ। ਮਿਸਾਲ ਵਜੋਂ ਪੱਛਮ ਵਿਚ ਆਮ ਕਹਾਵਤ ਹੈ, ‘ਇਟ ਡਜ਼ ਨਾਟ ਵਰਕ’, ਭਾਵ ‘ਇਹ ਸੂਤ ਨਹੀਂ ਬਹਿੰਦੀ’ ਜਾਂ ‘ਇਹ ਚੱਲਦੀ ਨਹੀਂ।’ ਲੋਕ ਇਹ ਕਹਾਵਤ ਉਦੋਂ ਵਰਤਦੇ ਨੇ, ਜਦ ਕਿਸੇ ਚੀਜ਼, ਵਿਧੀ ਜਾਂ ਖਿਆਲ ਦੀ ਵਰਤੋ ਕਰਨ ਨਾਲ ਲੋੜੀਂਦੇ ਸਿੱਟੇ ਨਾ ਨਿਕਲਣ; ਫਿਰ ਉਹ ਹੋਰ ਕੋਈ ਚੀਜ਼, ਵਿਧੀ ਜਾਂ ਖਿਆਲ ਅਜ਼ਮਾਉਂਦੇ ਹਨ।
ਸੋ, ਇੰਜ ਵਿਗਿਆਨਕ ਸੋਚ ਨਾਲ ਮੇਲ ਖਾਂਦੇ ਅਨੇਕਾਂ ਲੱਛਣ ਤੇ ਰੁਝਾਨ ਪੱਛਮੀ ਸੰਸਕ੍ਰਿਤੀ ਤੇ ਆਵਾਮੀ ਸੋਚ ਦਾ ਹਿੱਸਾ ਬਣੇ ਹੋਏ ਨੇ। ਪ੍ਰਾਚੀਨ ਭਾਰਤੀ ਫਲਸਫੇ ਭਾਵੇਂ ਗਰੀਕ ਫਲਸਫੇ ਵਾਂਗ ਐਟਮਵਾਦ ਦੇ ਕੁਝ ਅੰਸ਼ ਸਨ: ਵੈਦਿਕ ਰਿਸ਼ੀ ਅਰੂਨੀ (8ਵੀਂ ਈਸਾ ਪੁਰਵ ਸਦੀ) ਅਤੇ ਚਾਰਵਕਾ, ਜੈਨ ਤੇ ਅਜੀਵਿਕਾ (7ਵੀਂ ਈਸਾ ਪੁਰਵ ਸਦੀ) ਵਰਗਿਆਂ ਸਦਕਾ, ਪਰ ਕੱਟੜ ਹਿੰਦੂ ਧਾਰਮਿਕ ਫਲਸਫਾ ਹੀ ਸਮੁੱਚੇ ਫਲਸਫੇ ‘ਤੇ ਭਾਰੂ ਰਿਹਾ। ਐਟਮਵਾਦ, ਜਿਸ ਅਨੁਸਾਰ ਬਹੁਤ ਛੋਟੇ, ਨਾ ਦਿਸਣ ਵਾਲੇ ਅਣੂ ਇਕੱਠੇ ਹੋ ਕੇ ਦਿਸਣ ਵਾਲੀਆਂ ਚੀਜ਼ਾਂ ਬਣਾਉਂਦੇ ਨੇ, ਭਾਰਤੀ ਫਲਸਫੇ ਵਿਚ ਵਿਗਿਆਨ ਦੀ ਪੱਧਰ ਤੱਕ ਵਿਕਸਿਤ ਨਾ ਹੋ ਸਕਿਆ।
ਮੁੱਕਦੀ ਗੱਲ, ਪ੍ਰਾਚੀਨ ਭਾਰਤੀ ਫਲਸਫੇ ਤੇ ਸੰਸਕ੍ਰਿਤੀ ਵਿਚੋਂ ਵਿਗਿਆਨ ਇਸ ਲਈ ਵਿਗਿਆਨਕ ਪਹੁੰਚ ਤੇ ਵਿਗਿਆਨਕ ਸੋਚ ਵੀ, ਲਗਭਗ ਗਾਇਬ ਰਹੇ ਨੇ; ਇਸੇ ਕਰਕੇ ਅੱਜ ਤੱਕ ਕੋਈ ਵਿਗਿਆਨਕ, ਜਾਂ ਵਿਗਿਆਨ ਤੋਂ ਉਪਜੀ ਜਾਂ ਪ੍ਰਭਾਵਿਤ ਕੋਈ ਅਸਰਦਾਇਕ ਲਹਿਰ ਨਹੀਂ ਚੱਲੀ; ਤੇ ਇਸੇ ਲਈ ਵਿਗਿਆਨਕ ਤਰਕ ਵਿਧੀ ਵੀ ਵਿਕਸਿਤ ਨਹੀਂ ਹੋ ਸਕੀ, ਜਿਸ ਤਰ੍ਹਾਂ ਪੱਛਮ ਵਿਚ ਹੋਈ।
ਮੇਰੀ ਜਾਂਚੇ ਭਾਰਤ ਵਿਚ ਸ਼ੁਰੂ ਤੋਂ ਵਿਗਿਆਨ ਵਿਕਸਿਤ ਨਾ ਹੋਣ ਦਾ ਮੂਲ ਕਾਰਨ ਵਿਦਵਾਨਾਂ ਅਤੇ ਆਮ ਲੋਕਾਂ ਵਿਚ ਵੱਡੇ ਪਾੜੇ ਦਾ ਹੋਣਾ ਨਹੀਂ ਸੀ, ਸਗੋਂ ਭਾਰਤੀ ਫਲਸਫੇ ਵਿਚੋਂ ਵਿਗਿਆਨ ਦਾ ਲਗਭਗ ਗੈਰਹਾਜ਼ਰ ਹੋਣਾ ਸੀ। ਵਿਦਵਾਨਾਂ, ਭਾਵ ਬ੍ਰਾਹਮਣ ਵਰਗ, ਕੋਲ ਵਿਗਿਆਨ ਤੇ ਵਿਗਿਆਨਕ ਸੋਚ ਹੈ ਹੀ ਨਹੀਂ ਸੀ, ਤਾਂ ਵਿਕਾਸ ਕਿੱਥੋਂ ਹੁੰਦਾ! ਜੋ ਗਿਆਨ ਉਨ੍ਹਾਂ ਕੋਲ ਸੀ, ਉਹ ਦਿੱਤਾ ਤੇ ਲੋਕਾਂ ਵਿਚ ਮਕਬੂਲ ਵੀ ਚੜ੍ਹਿਆ: ਬ੍ਰਹਮਾ, ਆਤਮਾ, ਦੇਵੀ-ਦੇਵਤੇ, ਨਿਰਵਾਨਾ, ਧਰਮ/ਕਰਮ, ਪੁਨਰ-ਜਨਮ, ਤੇ ਹੋਰ ਧਾਰਮਿਕ ਨਿਕ-ਸੁੱਕ ਬਾਰੇ ਸਿਧਾਂਤ ਤੇ ਕਹਾਣੀਆਂ।
ਜੇ ਸਾਰੇ ਨਹੀਂ, ਬਹੁਤੇ ਧਰਮ ਸੁਭਾਵਿਕ ਹੀ ਪਿਛਾਂਹ-ਖਿਚੂ ਹੁੰਦੇ ਨੇ ਜਾਂ ਹੋ ਨਿਬੜਦੇ ਨੇ। ਇਸ ਦੇ ਉਲਟ ਵਿਗਿਆਨ ਆਪਣੀ ਪਰਿਭਾਸ਼ਾ ਤੋਂ ਹੀ ਅਗਾਂਹ-ਵਧੂ ਹੁੰਦੀ ਹੈ ਅਤੇ ਵਿਗਿਆਨਕ ਸੋਚ ਤੇ ਪਹੁੰਚ ਭਵਿਖ-ਮੁਖੀ ਵੀ। ਪੱਛਮ ਵਿਚ ਵਿਗਿਆਨ ਤੇ ਧਰਮ ਵਿਚਾਲੇ ਸ਼ੁਰੂ ਤੋਂ ਹੀ ਚੱਲੀ ਆਉਂਦੀ ਟੱਕਰ ਇਸ ਸੱਚ ਦੀ ਗਵਾਹ ਹੈ। “ਪਹਿਲਾਂ ਯੁੱਗ ਸੱਤਯੁਗ ਸੀ ਅਤੇ ਤ੍ਰੇਤਾ ਤੇ ਦੁਆਪਰ ਤੋਂ ਬਾਅਦ ਹੁਣ ਦਾ ਯੁੱਗ ਕਲਯੁੱਗ ਹੈ।” ਇਸ ਸਮੇਤ ਹਿੰਦੂ ਧਾਰਮਿਕ ਫਲਸਫੇ ਤੇ ਚਿੰਤਨ ਵਿਚਲੀਆਂ ਅਜਿਹੀਆਂ ਪਿਛਲਖੁਰੀ ਧਾਰਨਾਵਾਂ ਨੇ ਵਿਗਿਆਨ ਤੇ ਵਿਗਿਆਨਕ ਸੋਚ ਦੀ ਗੈਰਹਾਜ਼ਰੀ ਸਦਕਾ ਭਾਰਤੀ ਲੋਕਾਂ ਦੀ ਮਾਨਸਿਕਤਾ ਤੇ ਚਿੰਤਨ ਵਿਚ ਭੂਤ-ਮੁਖੀ ਪਹੁੰਚ ਕੁੱਟ ਕੁੱਟ ਕੇ ਭਰ ਦਿੱਤੀ, ਜੋ ਅੱਜ ਤੱਕ ਅਮਰ ਹੈ।
ਸੋ, ਪੰਜਾਬੀ ਮਾਨਸਿਕਤਾ ਤੇ ਚਿੰਤਨ ਵਿਚ ਭੂਤ-ਮੁਖੀ ਪਹੁੰਚ ਦੇ ਦਾਖਲੇ ਦਾ ਮੁਢਲਾ ਕਾਰਨ ਵਿਗਿਆਨ ਤੇ ਵਿਗਿਆਨਕ ਸੋਚ ਦੀ ਗੈਰਹਾਜ਼ਰੀ ਹੈ, ਕਿਉਂਕਿ ਜੇ ਵਿਗਿਆਨ ਤੇ ਵਿਗਿਆਨਕ ਸੋਚ ਹਾਜ਼ਰ ਹੁੰਦੀਆਂ ਤਾਂ ਉਹ ਇਸ ਦਾਖਲੇ ਦਾ ਵਿਰੋਧ ਕਰਦੀਆਂ। ਵਿਗਿਆਨ ਤੇ ਵਿਗਿਆਨਕ ਸੋਚ ਦੀ ਗੈਰਹਾਜ਼ਰੀ ਸਦਕਾ ਵਿਗਿਆਨਕ ਤਰਕ ਵਿਧਾਨ ਵੀ ਵਿਕਸਿਤ ਨਾ ਹੋ ਸਕਿਆ, ਜੋ ਪੂਰੀ ਤਰ੍ਹਾਂ ਖਰੇ ਜਾਂ ਖੋਟੇ ਤਰਕ ‘ਤੇ ਆਧਾਰਿਤ ਹੋਵੇ, ਨਾ ਕਿ ਚਲਾਕੀ ‘ਤੇ। ਸੋ, ਆਪਣੇ ਵਿਚਾਰਾਂ ਨੂੰ ਅੰਤਿਮ ਸੱਚ ਮੰਨ ਕੇ ਸੰਵਾਦ ਵਿਚ ਹਿੱਸਾ ਲੈਣਾ ਦੇ ਰੁਝਾਨ ਦੀਆਂ ਜੜ੍ਹਾਂ ਵੀ ਵਿਗਿਆਨਕ ਸੋਚ ਤੇ ਵਿਗਿਆਨਕ ਤਰਕ ਵਿਧਾਨ ਦੀ ਗੈਰਹਾਜ਼ਰੀ ਵਿਚ ਹੀ ਹਨ।
ਇੰਜ ਮੌਜੂਦਾ ਪੰਜਾਬੀ ਚਿੰਤਨ ਦੀਆਂ ਮੂਲ ਸਮੱਸਿਆਵਾਂ ਦੀਆਂ ਜੜ੍ਹਾਂ ਪ੍ਰਾਚੀਨ ਭਾਰਤੀ ਫਲਸਫੇ ਤੇ ਚਿੰਤਨ ਵਿਚ ਵਿਗਿਆਨ, ਵਿਗਿਆਨਕ ਪਹੁੰਚ ਜਾਂ ਵਿਧੀ, ਵਿਗਿਆਨਕ ਸੋਚ, ਤੇ ਵਿਗਿਆਨਕ ਤਰਕ ਵਿਧਾਨ ਦੀ ਲਗਭਗ ਗੈਰਹਾਜ਼ਰੀ ਵੱਲ ਨੂੰ ਜਾਂਦੀਆਂ ਹਨ। ਵਿਗਿਆਨ ਉਸ ਗਿਆਨ ਤੇ ਖੋਜ ਖੇਤਰ ਦਾ ਨਾਂ ਹੈ, ਜਿਸ ਵਿਚ ਬ੍ਰਹਿਮੰਡ ਤੇ ਇਸ ਵਿਚਲੀਆਂ ਚੀਜ਼ਾਂ ਤੇ ਵਰਤਾਰਿਆਂ ਬਾਰੇ ਪ੍ਰਮਾਣ ‘ਤੇ ਆਧਾਰਿਤ ਵਿਗਿਆਨਕ ਵਿਧੀਆਂ ਵਰਤ ਕੇ ਗਿਆਨ ਖੋਜਿਆ ਤੇ ਇਕੱਤਰ ਕੀਤਾ ਜਾਂਦਾ ਹੈ। ਇਨ੍ਹਾਂ ਵਿਧੀਆਂ ਵਿਚ ਕੁਝ ਤੱਤ ਸਾਂਝੇ ਹੁੰਦੇ ਨੇ, ਤੇ ਇਨ੍ਹਾਂ ਤੱਤਾਂ ਤੋਂ ਬਣਦੀ ਹੈ, ਵਿਗਿਆਨਕ ਵਿਧੀ ਜਾਂ ਵਿਗਿਆਨਕ ਪਹੁੰਚ।
ਇਸ ਵਿਧੀ ਅਧੀਨ ਕਿਸੇ ਵਿਚਾਰ-ਗੋਚਰੇ ਚੀਜ਼, ਵਰਤਾਰੇ, ਜਾਂ ਸਮੱਸਿਆ ਦੀ ਨਜ਼ਰਸਾਨੀ ਜਾਂ ਨਿਰੀਖਣ ਦੌਰਾਨ ਇਕੱਤਰ ਕੀਤੇ ਤੱਥਾਂ ਜਾਂ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ ਤਰਕਸ਼ੀਲ ਢੰਗ ਨਾਲ ਨਤੀਜੇ ‘ਤੇ ਪਹੁੰਚਿਆ ਜਾਂਦਾ ਹੈ, ਜਿਸ ਦੇ ਆਧਾਰ ‘ਤੇ ਸੱਚਾਈ ਦਾ ਅੰਦਾਜ਼ਾ ਲਾਇਆ ਜਾਂਦਾ ਹੈ, ਬਿਆਨ ਜਾਂ ਬਿਆਨਾਂ ਦੇ ਰੂਪ ਵਿਚ, ਜਿਹਨੂੰ ਪਰੀਸਿਧਾਂਤ ਜਾਂ ਪਰੀਨਿਯਮ ਯਾਨਿ ਹਾਈਪੋਥੇਸਿਜ਼ ਕਿਹਾ ਜਾਂਦਾ ਹੈ। ਹਰ ਪਰੀਸਿਧਾਂਤ ਦਾ ਇੱਕ ਲਾਜ਼ਮੀ ਲੱਛਣ ਹੈ ਕਿ ਉਹ ਚੀਜ਼ਾਂ ਤੇ ਵਰਤਾਰਿਆਂ ਬਾਰੇ ਭਵਿਖਵਾਣੀਆਂ ਕਰੇ। ਜੇ ਇਨ੍ਹਾਂ ਭਵਿਖਵਾਣੀਆਂ ਵਿਚੋਂ ਇੱਕ ਵੀ ਪ੍ਰਯੋਗ ਦੀ ਕਸੌਟੀ ‘ਤੇ ਪੂਰੀ ਨਾ ਉਤਰੇ ਤਾਂ ਪਰੀਸਿਧਾਂਤ ਨੂੰ ਜਾਂ ਤਾਂ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ, ਜਾਂ ਸੋਧ ਕੇ ਫਿਰ ਪਰਖਿਆ ਜਾਂਦਾ ਹੈ; ਤੇ ਜਾਂ ਉਹਨੂੰ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤਾ ਜਾਂਦਾ ਹੈ। ਇਹਦੇ ਉਲਟ, ਜਿਸ ਪਰੀਸਿਧਾਂਤ ਦੀਆਂ ਭਵਿਖਵਾਣੀਆਂ ਵਾਰ ਵਾਰ ਵਰ੍ਹਿਆਂ-ਬੱਧੀ ਵੱਖ ਵੱਖ ਹਾਲਾਤਾਂ ਅਧੀਨ ਪ੍ਰਯੋਗ ਦੀ ਕਸੌਟੀ ‘ਤੇ ਪੂਰੀਆਂ ਉਤਰਦੀਆਂ ਚਲੀਆਂ ਜਾਣ ਤਾਂ ਉਹ ਪਰੀਸਿਧਾਂਤ ਫਿਰ ਸਿਧਾਂਤ ਬਣ ਜਾਂਦਾ ਹੈ।
ਇਸ ਵਿਗਿਆਨਕ ਪਹੁੰਚ ਦੇ ਨਜ਼ਰੀਏ ਤੋਂ ਚੀਜ਼ਾਂ, ਚੀਜ਼ਾਂ ਦੇ ਆਪਸੀ ਸਬੰਧਾਂ, ਵਰਤਾਰਿਆਂ ਤੇ ਸਮੱਸਿਆਵਾਂ ਬਾਰੇ ਸੋਚਣ ਢੰਗ ਨੂੰ ਹੀ ਵਿਗਿਆਨਕ ਸੋਚਣੀ ਕਿਹਾ ਜਾਂਦਾ ਹੈ, ਜਿਸ ਦੀਆਂ ਪਰਿਭਾਸ਼ਾ ਤੇ ਵਿਆਖਿਆ ਤੋਂ ਸਪੱਸ਼ਟ ਹੈ ਕਿ ਵਿਗਿਆਨਕ ਪਹੁੰਚ ਤੇ ਵਿਗਿਆਨਕ ਸੋਚਣੀ ਕੇਵਲ ਵਿਗਿਆਨ ਵਿਚ ਹੀ ਨਹੀਂ, ਸਗੋਂ ਕਿਸੇ ਵੀ ਖੇਤਰ ਵਿਚ ਵਰਤੀ ਜਾ ਸਕਦੀ ਹੈ, ਕਿਉਂਕਿ ਗਿਆਨ, ਸੋਚ, ਅੰਕੜੇ, ਪ੍ਰਯੋਗ ਤੇ ਸਬੂਤ ਸਿਰਫ ਠੋਸ ਵਿਗਿਆਨ-ਵਿਸ਼ਿਆਂ ਤੱਕ ਹੀ ਸੀਮਤ ਨਹੀਂ। ਪੱਛਮੀ ਫਲਸਫੇ ਵਿਚ ਵਿਕਸਿਤ ਹੋਇਆ ਤਰਕਸ਼ੀਲ ਢੰਗ ਖਰੇ ਜਾਂ ਖੋਟੇ ਤਰਕ ਦੇ ਨਿਸ਼ਚਿਤ ਨਿਯਮਾਂ ‘ਤੇ ਆਧਾਰਿਤ ਹੈ, ਨਾ ਕਿ ਚਲਾਕੀ ਤੇ ਦੂਜੇ ਨੂੰ ਗਲਤ ਸਿੱਧ ਕਰਕੇ ਆਪਣਾ ਲੋਹਾ ਮੰਨਵਾਉਣ ਦੇ ਰੁਝਾਨ ‘ਤੇ। ਕਿਉਂਕਿ ਇਹ ਤਰਕ ਵਿਧਾਨ ਹੋਰ ਵਿਸ਼ਿਆਂ ਸਮੇਤ ਵਿਗਿਆਨ ਵਿਚ ਵੀ ਵਰਤਿਆ ਜਾਂਦਾ ਹੈ, ਮੈਂ ਇਹਨੂੰ ਵਿਗਿਆਨਕ ਤਰਕ ਵਿਧਾਨ ਕਿਹਾ ਹੈ।
ਜੇ ਮੌਜੂਦਾ ਪੰਜਾਬੀ ਚਿੰਤਨ ਦੀਆਂ ਮੂਲ ਸਮੱਸਿਆਵਾਂ ਦਾ ਕਾਰਨ ਵਾਕਈ ਵਿਗਿਆਨ, ਵਿਗਿਆਨਕ ਵਿਧੀ/ਪਹੁੰਚ, ਵਿਗਿਆਨਕ ਸੋਚ, ਤੇ ਵਿਗਿਆਨਕ ਤਰਕ ਵਿਧਾਨ ਦੀ ਲਗਭਗ ਗੈਰਹਾਜ਼ਰੀ ਹੈ, ਤਾਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਿਸ਼ਚੇ ਹੀ ਇਨ੍ਹਾਂ ਗਾਇਬ ਵਿਗਿਆਨਕ ਅੰਸ਼ਾਂ ਦੀ ਹਾਜ਼ਰੀ ਹੀ ਹੋਏਗਾ। ਮੌਜੂਦਾ ਪੰਜਾਬੀ ਚਿੰਤਨ ਦੀਆਂ ਮੂਲ ਸਮੱਸਿਆਵਾਂ ਹੱਲ ਕਰਨ ਲਈ ਲੋੜ ਹੈ ਇੱਕ ਮੁਹਿੰਮ ਜਾਂ ਲਹਿਰ ਦੀ, ਜਿਸ ਦੌਰਾਨ ਪੰਜਾਬ ਇਨ੍ਹਾਂ ਵਿਗਿਆਨਕ ਅੰਸ਼ਾਂ ਸੰਗ ਲੈਸ ਹੋ ਜਾਵੇ। ਜੇ ਖੜੋਤ ਨੂੰ ਉਸਾਰੂ ਢੰਗ ਨਾਲ ਤੋੜਨ ਦਾ ਇਰਾਦਾ ਹੈ ਤਾਂ ਸ਼ਾਇਦ, ਪੰਜਾਬ ਦੀ ਮੌਜੂਦਾ ਖੜੋਤ ਨੂੰ ਤੋੜਨ ਹਿੱਤ ਇਹ ਅਗਲਾ ਕਦਮ ਹੋਏਗਾ, ਭਵਿੱਖ ਵੱਲ ਨੂੰ ਮੂੰਹ ਕਰ ਕੇ ਭਵਿੱਖ ਨੂੰ ਖੁੱਲ੍ਹਦਾ ਬੂਹਾ ਖੋਲ੍ਹਣ ਦੇ ਯੋਗ ਹੋਣਾ ਦਾ।
—
*ਪ੍ਰੋਫੈਸਰ ਆਫ ਫਿਜ਼ਿਕਸ ਐਂਡ ਕੰਪਿਊਟਰ ਸਾਇੰਸ,
ਪਾਰਕ ਯੂਨੀਵਰਸਿਟੀ, ਅਮਰੀਕਾ।