(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਤਾਂਹਿ ਅਰਾਧਨਿ ਤਤਪਰ ਹੋਇ।
ਤਪਹਿ ਤਪਨਿ, ਜਾਵਦ ਨਹਿ ਜੋਇ।
ਧਯੱਨ ਪਰਾਯਨ ਕਰਨਿ ਪ੍ਰਤਛ।
ਦਰਸ ਬਿਲੋਚਨ ਗੋਚਰ ਸਵੱਛ॥੪੪॥
ਅਰਥ: ਗੁਰੂ ਜੀ ਉਸ ਦੁਰਗਾ ਮਾਈ ਪਾਬਤੀ ਦੀ ਅਰਾਧਨਾ ਲਈ ਉਚਾਵਲੇ ਹੋਏ ਹਨ। ਜਦ ਤਕ ਦੇਵੀ ਦੇ ਦਰਸ਼ਨ ਨਹੀਂ ਹੁੰਦੇ, ਤਦ ਤਕ ਅਰਾਧਨਾ ਕਰਦੇ ਰਹਿਣਗੇ। ਦੇਵੀ ਲਈ ਧਿਆਨ ਪਰਾਇਣ ਹੋਏ ਹਨ ਅਤੇ ਆਪਣੇ ਨੇਤ੍ਰਾਂ ਨਾਲ ਦੇਵੀ ਦੇ ਪ੍ਰਤੱਖ ਦਰਸ਼ਨ ਕਰਨਾ ਚਾਹੁੰਦੇ ਹਨ। (ਸੂਰਜ ਪ੍ਰਕਾਸ਼ ਸਟੀਕ ਡਾ. ਅਜੀਤ ਸਿੰਘ ਔਲਖ ਵਿਚੋਂ)
ਇਤ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ ਤ੍ਰਿਤਯ ਰੁੱਤੇ ਦੇਵੀ ਪ੍ਰਸੰਗ ਬਰਨਨ ਨਾਮ ਨਵਮੋ ਅੰਸੂ॥੯॥
ਦੇਵੀ ਪ੍ਰਗਟ ਹੋਣ ਦੇ ਚਿੰਨ੍ਹ: 10 ਮਹੀਨੇ ਹਵਨ ਕਰਦਿਆਂ ਗੁਰੂ ਜੀ ਨੂੰ ਹੋ ਚੁੱਕੇ ਹਨ। ਪੰਡਿਤ ਗੁਰੂ ਜੀ ਨੂੰ ਹੌਸਲਾ ਦਿੰਦਾ ਹੈ ਕਿ ਦੇਵੀ ਦੇ ਦਰਸ਼ਨ ਹੋਣ ਵਾਲੇ ਹਨ। ਗੁਰੂ ਜੀ ਪੰਡਿਤ ਨੂੰ ਕਹਿੰਦੇ ਹਨ ਕਿ ਬ੍ਰਾਹਮਣ ਹੀ ਖੱਤਰੀ ਦੀ ਰੱਖਿਆ ਕਰਨ ਵਾਲਾ ਹੈ। ਬ੍ਰਾਹਮਣ ਹੀ ਖੱਤਰੀ ਦਾ ਆਸਰਾ ਹੈ। ਕੇਸ਼ਵ ਦਾਸ ਜੀ, ਤੁਸੀਂ ਮੇਰੇ ਪਿਤਾ ਸਮਾਨ ਹੋ। ਇਹ ਮਨਮਤਿ ਦੀਆਂ ਗੱਲਾਂ ਕਵੀ ਸੰਤੋਖ ਸਿੰਘ ਨੇ ਇਸ ਤਰ੍ਹਾਂ ਲਿਖੀਆਂ ਹਨ,
ਤੁਮ ਹੀ ਹੋ ਇਕ ਓਟ ਹਮਾਰੀ।
ਨਿਜ ਛੱਤਰੀ ਕੇ ਦਿਜ (ਬ੍ਰਾਹਮਣ) ਰਖਵਾਰੀ।
ਪਿਤਾ ਸਮਾਨ ਸਦਾ ਹੀ ਕਰਤੇ।
ਬਿਪ੍ਰ (ਬ੍ਰਾਹਮਣ) ਸਾਰਸੁਤ ਸਭਿ ਇਮ ਧਰਤੇ॥੧੫॥
ਕਵੀ ਸੰਤੋਖ ਸਿੰਘ ਗੁਰਮਤਿ ਦੀਆਂ ਧੱਜੀਆਂ ਉਡਾਉਂਦਾ ਮਨਮਤਿ ਕਰਦਾ ਲਿਖਦਾ ਹੈ ਕਿ ਗੁਰੂ ਜੀ ਨੇ ਨੌਰਾਤੇ ਆਉਣ ਸਮੇਂ ਬਰਤ ਰੱਖ ਲਿਆ (ਗੁਰਮਤਿ ਅਨੁਸਾਰ ਪੂਜਾ ਲਈ ਵਰਤ ਰੱਖਣੇ ਮਨਮਤਿ ਹੈ)। ਮਨਮਤਿ ਅਧੀਨ ਕਵੀ ਲਿਖਦਾ ਹੈ,
ਪਾਂਚ ਪਹਿਰ ਲੌ ਹਮਨ ਕਰੰਤੇ।
ਤੀਨ ਪਹਿਰ ਬਿਸ੍ਰਾਮ ਧਰੰਤੇ।
ਪਾਛਲ ਪਖ ਨੌਰਾਤ੍ਰੇ ਆਏ।
ਧਰੋ ਬਰਤ ਕੁਛ ਪੀਯ ਨ ਖਾਏ॥੧੮॥
ਅਰਥ: ਪੰਜ ਪਹਰ ਤਕ ਗੁਰ ਜੀ ਦੇਵੀ ਦਰਸ਼ਨ ਲਈ ਹਵਨ ਕਰਦੇ ਹਨ ਅਤੇ ਤਿੰਨ ਪਹਰ ਵਿਸ਼੍ਰਾਮ ਕਰਦੇ ਹਨ। ਪਿਛਲੇ ਪੱਖ ਦੇ ਨੌਰਾਤ੍ਰੇ ਆ ਗਏ ਅਤੇ ਗੁਰੂ ਜੀ ਨੇ ਵਰਤ ਧਾਰਨ ਕਰ ਲਿਆ ਅਤੇ ਗੁਰੂ ਜੀ ਕੁਝ ਵੀ ਖਾਂਦੇ ਪੀਂਦੇ ਨਹੀਂ ਸਨ।
ਕਵੀ ਸੰਤੋਖ ਸਿੰਘ ਗੁਰੂ ਜੀ ਦੇ ਰੁਤਵੇ ਦਾ ਜ਼ਰਾ ਵੀ ਲਿਹਾਜ਼ ਨਹੀਂ ਕਰਦਾ ਅਤੇ ਬ੍ਰਾਹਮਣਵਾਦ ਵਿਚ ਲਪੇਟਦਾ ਲਿਖਦਾ ਹੈ ਕਿ ਗੁਰੂ ਜੀ ਚੰਡੀ ਦੁਰਗਾ ਦੀ ਜੈ ਜੈ ਬੋਲਣ ਲੱਗ ਗਏ,
ਇਕ ਆਸਨ ਪਰ ਦਿਵਸ ਬਿਤਾਵੈ।
ਮੰਤ੍ਰ ਸਮੇਤ ਅਹੂਤੀ ਪਾਵੈ।
ਜੈ ਦੇਵੀ! ਜੈ ਚੰਡ ਕਰਾਲੀ!
ਜੈ ਜੈ ਅੰਬੇ ਬਾਹੁ ਬਿਸਾਲੀ॥੧੯॥
ਅਰਥ: ਇੱਕ ਆਸਣ ਬੈਠੇ ਹੀ ਸਾਰਾ ਦਿਨ ਬਤੀਤ ਕਰਦੇ ਅਹੂਤੀ ਪਾਈ ਜਾਂਦੇ ਹਨ। ਦੁਰਗਾ ਦੇਵੀ ਪਾਰਬਤੀ ਦੀ ਜੈ ਜੈ ਬੋਲਦੇ ਕਹਿੰਦੇ ਹਨ, ਜੈ ਦੇਵੀ! ਜੈ ਚੰਡੀ! ਜੈ ਮਾਤਾ ਅੰਬੇ ਲੰਬੀਆਂ ਬਾਹਾਂ ਵਾਲੀ!
ਕਵੀ ਨੇ ਗੁਰੂ ਜੀ ਨੂੰ ਮਨਮਤਿ ਅਧੀਨ ਦੁਰਗਾ ਦੀ ਸਿਫਤਿ ਵਿਚ ਲਾ ਦਿੱਤਾ ਹੈ,
ਧਰਨੀ ਮਹਿ ਜਸੁ ਉਤਮ ਕਰਨੀ।
ਕਰਨੀ ਸਮ ਰਿਪੁ ਤਰੁ ਕੋ ਹਰਨੀ।
ਹਰਨੀ ਸਮ ਦ੍ਰਿਗ (ਅੱਖਾਂ), ਕੰਚਨ ਬਰਨੀ (ਰੰਗ)।
ਬਰਨੀ ਬੇਦਨਿ (ਵੇਦਾਂ ਵਿਚ) ਆਯੁਧ ਧਰਨੀ (ਸ਼ਸ਼ਤਰਧਾਰੀ)॥੨੦॥
ਅਰਥ: ਧਰਤੀ ਉਤੇ ਹੇ ਦੁਰਗਾ! ਤੇਰਾ ਉਤਮ ਜਸ਼ ਹੋ ਰਿਹਾ ਹੈ। ਤੂੰ ਵੈਰੀ ਰੂਪ ਬ੍ਰਿਛ ਨੂੰ ਹਥਣੀ ਵਾਂਗ ਨਾਸ਼ ਕਰਨ ਵਾਲੀ ਹੈ। ਹੇ ਦੁਰਗਾ ਮਾਈ ਪਾਰਬਤੀ ਤੇਰੇ ਨੈਣ ਹਰਨੀ ਦੇ ਨੈਣਾਂ ਵਰਗੇ ਸੁੰਦਰ ਹਨ। ਤੇਰਾ ਰੰਗ, ਹੇ ਮਾਤਾ! ਸੋਨੇ ਵਰਗਾ ਹੈ। ਵੇਦ ਤੈਨੂੰ ਸ਼ਸ਼ਤ੍ਰਧਾਰੀ ਮੰਨਦੇ ਹਨ।
ਭਰਨੀ ਜਗਤ ਸਦਾ ਬਯ ਤਰਨੀ।
ਤਰਨੀ ਸਮ ਜਗ ਕਾਰਜ ਕਰਨੀ।
ਕਰ ਨੀਰਜ ਤੇ ਦੁਸ਼ਟ ਨਿਵਰਨੀ।
ਵਰਨੀ ਬਕ੍ਰ, ਸ਼ੁਭਤਿ ਆਭਰਨੀ॥੨੧॥
ਅਰਥ: ਹੇ ਦੁਰਗਾ ਜਗਮਾਤਾ! ਤੂੰ ਜਗਤ ਨੂੰ ਪਾਲਣ ਵਾਲੀ ਹੈ ਅਤੇ ਸਦਾ ਜਵਾਨ ਰਹਿੰਦੀ ਹੈ। ਯੁਵਕਾਂ ਵਾਂਗ ਤੂੰ ਜਗਤ ਦੇ ਕਾਰਜ ਕਰਦੀ ਹੈਂ। ਤੂੰ ਆਪਣੇ ਕਰ ਕੰਵਲਾਂ ਨਾਲ ਦੁਸ਼ਟਾਂ ਦਾ ਨਾਸ਼ ਕਰਨ ਵਾਲੀ ਹੈਂ। ਤੇਰੀਆਂ ਝਿੰਮਣੀਆਂ ਟੇਢੀਆਂ ਅਤੇ ਗਹਿਣੇ ਸ਼ੋਭਦੇ ਹਨ। (ਨੋਟ: ‘ਦੁਸ਼ਟ ਸੱਭਨ ਕੋ ਮੂਲ ਉਪਾਰਨ’ ਵਾਲੀ ਗੱਲ ਦੁਰਗਾ ਨਾਲ ਜੁੜਦੀ ਹੈ, ਦਸਵੇਂ ਗੁਰੂ ਜੀ ਨਾਲ ਨਹੀਂ।)
ਨਮੋ ਨਮੋ ਤੁਵ ਪਦ ਅਰਬਿੰਦਾ।
ਨਮੋ ਨਮੋ ਕੋ ਹੈ ਨ ਮਨਿਦਾ।
ਨਮੋ ਨਮੋ ਮਧੁ ਕੈਟਭ ਮਾਰਨਿ।
ਨਮੋ ਨਮੋ ਪਿੰਗਾਛ ਪ੍ਰਹਾਰਨਿ॥੨੨॥
ਅਰਥ: ਗੁਰੂ ਜੀ ਕਹਿੰਦੇ ਹਨ, ਹੇ ਦੁਰਗਾ ਮਾਤਾ! ਤੇਰੇ ਚਰਨ ਕੰਵਲਾਂ ਉਤੇ ਮੇਰੀ ਨਮਸਕਾਰ ਹੈ। ਮਧੁ ਕੈਟਭ ਅਤੇ ਪਿੰਗਾਛ ਦੈਂਤਾਂ ਨੂੰ ਮਾਰਨ ਵਾਲੀ ਨੂੰ ਮੇਰੀ ਨਮਸਕਾਰ ਹੈ। (ਨੋਟ: ਸਿੱਖੀ ਵਿਚਾਰਧਾਰਾ ਦਾ ਕਵੀ ਨੇ ਮਲੀਆ ਮੇਟ ਹੀ ਕਰ ਦਿੱਤਾ ਹੈ। ਗੁਰੂ ਜੀ ਦੀ ਪੁੱਜ ਕੇ ਨਿਰਾਦਰੀ ਅਤੇ ਨਿੰਦਿਆ ਕੀਤੀ ਹੈ।)
ਨਮੋ ਨਮੋ ਹੇ ਰਾਮ ਸਰੂਪਾ।
ਨਮੋ ਨਮੋ ਸ਼੍ਰੀ ਕ੍ਰਿਸ਼ਨ ਅਨੂਪਾ।
ਨਮੋ ਨਮੋ ਜਨ ਕੋ ਬਰਦਾਨੀ।
ਨਮੋ ਨਮੋ ਦੁਰਗੇਯ ਭਵਾਨੀ॥੨੩॥
ਅਰਥ: ਗੁਰੂ ਜੀ ਤੋਂ ਕਵੀ ਨੇ ਫਿਰ ਮਨਮਤਿ ਕਰਵਾਈ ਹੈ, ਜਿਸ ਨਾਲ ਗੁਰੂ ਜੀ ਦੁਰਗਾ ਮਾਈ ਪਾਰਬਤੀ ਨੂੰ ਰਾਮ ਚੰਦਰ ਸਰੂਪ, ਸ਼੍ਰੀ ਕ੍ਰਿਸ਼ਨ ਅਨੂਪਮ ਸਰੂਪ ਅਤੇ ਗਰੀਬਾਂ ਨੂੰ ਬਰ ਦੇਣ ਵਾਲੀ ਕਹਿ ਕੇ ਨਮਸਕਾਰ ਕਰਦੇ ਦਿਖਾਏ ਗਏ ਹਨ।
ਜੈ ਜੈ ਲੋਚਨ ਲੋਹਿਤ ਕਾਲੀ।
ਜੈ ਦਿਗੰਬਰਾ, ਆਨਨ ਜਾਲੀ।
ਜੈ ਜੈ ਅਸ਼ਟ ਭੁਜਾ ਬਲਵਾਲੀ।
ਜੈ ਜੈ ਭੀਮਾ ਮੁੰਡਨਿ ਮਾਲੀ॥੨੪॥
ਅਰਥ: ਗੁਰੂ ਜੀ ਤੋਂ ਕਵੀ ਅਖਵਾਉਂਦਾ ਹੈ, ਹੇ ਕਾਲੀ! ਲਾਲ ਰੰਗੇ ਨੇਤਰਾਂ ਵਾਲੀ, ਮੂੰਹ ਵਿਚੋਂ ਅੱਗ ਕੱਢਣ ਵਾਲੀ ਦਿਗੰਬਰਾ, ਅੱਠਾਂ ਬਾਹਾਂ ਵਾਲੀ ਅਤੇ ਗਲ ਵਿਚ ਡਰਾਉਣੇ ਮੁਰਦਿਆਂ ਦੇ ਸਿਰਾਂ ਦੀ ਮਾਲਾ ਪਾਉਣ ਵਾਲੀ ਤੇਰੀ ਜੈ ਹੋਵੇ।
ਜੈ ਜੈ ਭਦ੍ਰਾ ਲਘੁ ਸਸਿ ਭਾਲੀ।
ਭਵਾ ਭੈਹਰਾ ਭੂਰ ਕ੍ਰਿਪਾਲੀ।
ਛੂਟੇ ਸਿਰ ਪਰ ਬਾਲ ਬਿਸਾਲੀ।
ਜੈ ਜੈ ਰਣ ਮਹਿ ਰੂਪ ਕਰਾਲੀ॥੨੫॥
ਇਸ ਬੰਦ ਵਿਚ ਵੀ ਕਵੀ ਗੁਰੂ ਜੀ ਤੋਂ ਦੁਰਗਾ ਦੇ ਵੱਖ-ਵੱਖ ਰੂਪਾਂ ਦੀ ਜੈ ਹੀ ਕਰਾਉਂਦਾ ਹੈ ਅਤੇ ਇਹ ਗੁਰੂ ਜੀ ਦੀ ਨਿੰਦਿਆ ਹੈ। ਕਵੀ ਮਨਮਤਿ ਕਰਦਾ ਲਿਖਦਾ ਹੈ ਕਿ ਗੁਰੂ ਜੀ ਦੁਰਗਾ ਪੂਜਾ ਲਈ ਹਵਨ ਕਰਦੇ ਭੁੱਖੇ-ਪਿਆਸੇ ਰਹਿਣ ਲੱਗ ਪਏ ਅਤੇ ਦੁਰਗਾ ਦੀਆਂ ਸਿਫਤਾਂ ਵਿਚ ਦਿਨ-ਰਾਤ ਬਿਤਾਉਣ ਲੱਗ ਪਏ,
ਕਹਿ ਲਗਿ ਕਹੌ ਨਾਮ ਜਗ ਮਾਤਾ।
ਸਿਮਰਤਿ ਗੁਰ ਏਕੋ (ਕੇਵਲ ਦੁਰਗਾ ਦੇ) ਰੰਗ ਰਾਤਾ।
ਭੂਖ ਪਿਆਸਾ ਲਖੈ ਨ ਦੋਈ।
ਇਸ ਬਿਧਿ ਪ੍ਰੇਮ ਪਰਾਇਂ ਹੋਈ॥੨੬॥
ਅਰਥ: ਕਵੀ ਸੰਤੋਖ ਸਿੰਘ ਗੁਰੂ ਜੀ ਤੋਂ ਦੁਰਗਾ ਦੀ ਸਿਫਤਿ ਕਰਾਉਂਦਾ ਹੈ। ਦੁਰਗਾ ਦੀ ਜੈ ਹੋਵੇ, ਜਿਸ ਦੇ ਮੱਥੇ ਵਿਚ ਛੋਟਾ ਚੰਦ੍ਰਮਾ ਹੈ। ਕਲਿਆਣ ਰੂਪ ਅਤੇ ਭੈ ਦੂਰ ਕਰਨ ਵਾਲੀ ਦੀ ਜੈ ਹੋਵੇ। ਰਣਖੇਤਰ ਵਿਚ ਵਿਕਰਾਲ ਰੂਪ ਵਾਲੀ ਦੁਰਗਾ ਮਾਤਾ ਦੀ ਜੈ ਹੋਵੇ। (ਨੋਟ: ਸਿੱਖਾਂ ਨੇ ਤਾਂ ਗੁਰੂ ਜੀ ਦੀਆਂ ਸਿਫਤਾਂ ਕਰਨੀਆਂ ਹੁੰਦੀਆਂ ਹਨ, ਪਰ ਦੇਖੋ ਕਵੀ ਸੰਤੋਖ ਸਿੰਘ ਸਿੱਖਾਂ ਦੇ ਗੁਰੂ ਤੋਂ ਹੀ ਦੁਰਗਾ ਮਾਈ ਪਾਰਬਤੀ ਦੀਆਂ ਸਿਫਤਾਂ ਕਰਵਾਈ ਚਲਿਆ ਜਾਂਦਾ ਹੈ। ਜੋ ਕਵੀ ਖੁਦ ਗੁਰਬਾਣੀ ਨਹੀਂ ਸਮਝ ਸਕਿਆ, ਉਹ ਗੁਰ ਇਤਿਹਾਸ ਲਿਖਣ ਵਿਚ ਕੀ ਇਨਸਾਫ ਕਰ ਸਕਦਾ ਹੈ?)
ਉਚਰਹਿ ਉਸਤਤਿ ਅਨਿਕ ਪ੍ਰਕਾਰੀ।
ਗੁਨ ਗਨ ਸਿਮਰਤਿ ਪਰਉਪਕਾਰੀ।
ਹਮਨ ਕਰਤਿ ਹੈ ਮੰਤ੍ਰ ਉਚਾਰਤਿ।
ਨਿਸ (ਰਾਤਿ) ਦਿਨ ਧਾਨ ਚੰਡਿ ਕੋ ਧਾਰਤਿ॥੨੭॥
ਇਸ ਬੰਦ ਵਿਚ ਵੀ ਕਵੀ ਸੰਤੋਖ ਸਿੰਘ ਗੁਰੂ ਨਿੰਦਿਆ ਕਰਦਾ ਲਿਖਦਾ ਹੈ ਕਿ ਗੁਰੂ ਜੀ ਰਾਤ ਦਿਨ ਚੰਡੀ ਮਾਤਾ ਦੁਰਗਾ ਦਾ ਹੀ ਧਿਆਨ ਕਰਦੇ ਰਹਿੰਦੇ ਹਨ।
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ
ਤ੍ਰਿਤਿਯ ਰੁਤੇ ਦੇਵੀ ਪ੍ਰਸੰਗ
ਬਰਨਨ ਨਾਮ ਦਸਮੋ ਅੰਸੂ॥੧੦॥
(ਤੀਸਰੀ ਰੁੱਤ, ਦਸਵਾਂ ਅਧਿਆਇ ਸਮਾਪਤ)।
ਦੇਵੀ ਦੁਰਗਾ/ਭਗਵਤੀ/ਭਗਉਤੀ ਦਾ ਪ੍ਰਗਟ ਹੋਣਾ: ਮਹੀਨਾ ਚੇਤ, ਸ਼ੁਕਲ ਪੱਖ, ਨੌਵੀਂ ਤਿਥਿ, ਦਿਨ ਐਤਵਾਰ ਸੀ। ਬਿਜਲੀ ਕੜਕੀ, ਪਹਾੜਾਂ ਦੀਆਂ ਕਈ ਚੋਟੀਆਂ ਡਿਗ ਪਈਆਂ, ਤੇਜ਼ ਹਵਾਵਾਂ ਚੱਲੀਆਂ, ਡਰਾ ਦੇਣ ਵਾਲਾ ਜਿਵੇਂ ਭੁਚਾਲ ਆ ਗਿਆ ਹੋਵੇ। ਦੇਵੀ ਭਿਆਨਕ ਰੂਪ ਧਾਰ ਕੇ ਪ੍ਰਗਟ ਹੋਈ। ਕਵੀ ਸੰਤੋਖ ਸਿੰਘ ਲਿਖਦਾ ਹੈ,
ਤ੍ਰਿਭੰਗੀ ਛੰਦ: ਪ੍ਰਗਟੀ ਜਗਰਾਨੀ, ਸਭਿ ਗੁਨ ਖਾਨੀ,
ਜਨ ਬਰਦਾਨੀ, ਭੂਰ ਪ੍ਰਭਾ।
ਕਯਾ ਸੂਰਜ ਇੰਦੈ, ਹੈ ਨ ਮਨਿਦੈ,
ਪਿਖਿ ਦ੍ਰਿਗ ਮੁੰਦੈ ਦੇਵ ਸਭਾ।
ਕਯਾ ਪਾਵਕ ਰਾਸੈ, ਤੜਿਤਾ ਭਾਸੈ,
ਕਹਾਂ ਪ੍ਰਕਾਸੈ, ਹੈ ਸਮ ਨਾ।
ਕਿਹ ਨਦਰ ਨ ਠਹਿਰੈ, ਝਾਂਕਤਿ ਹਹਿਰੈ,
ਅੰਗਨਿ ਥਹਿਰੈ, ਧ੍ਰਿਤ ਜਮ ਨਾ॥੫॥
ਗਰ ਮੈ ਧਰਿ ਮਾਲਾ ਮੁੰਡਨ ਜਾਲਾ
ਬਹੁਤ ਕਰਾਲਾ ਦਾੜ੍ਹ ਬਡੀ।
ਦੰਤਨ ਕੀ ਪਾਲਾ ਖਰੀ ਕੁਢਾਲਾ,
ਦੀਰਘ ਜਾਲਾ ਤੁੰਡ ਛਡੀ।
ਭ੍ਰਿਕੁਟੀ ਚਢਿ ਭਾਲਾ, ਲੋਚਨ ਲਾਲਾ,
ਸੀਸ ਬਿਸਾਲਾ ਬਾਲ ਮਹਾਂ।
ਤਨ ਸਭਿ ਬਿਕ੍ਰਾਲਾ, ਦਿਸ਼ ਪਟਵਾਲਾ,
ਕਰ ਕਰਵਾਲਾ ਲਾਹ ਲਹਾਂ॥੭॥
ਸੰਖੇਪ ਅਰਥ: ਦੁਰਗਾ ਮਾਈ ਪਾਰਬਤੀ ਬਿਨਾ ਬਸਤਰ ਹੱਥ ਤਲਵਾਰ ਲੈ ਵਿਕਰਾਲ ਰੂਪ ਦਿਖਾਉਂਦੀ ਪ੍ਰਗਟ ਹੁੰਦੀ ਹੈ। ਕਵੀ ਸੰਤੋਖ ਸਿੰਘ ਦੁਰਗਾ ਦੇਵੀ ਅਤੇ ਗੁਰੂ ਜੀ ਵਿਚ ਵਾਰਤਾਲਾਪ ਇੰਜ ਹੁੰਦਾ ਦਿਖਾਉਂਦਾ ਹੈ,
ਦੋਹਰਾ: ਭੀਮ ਭੇਖ ਤੇ ਭੈ ਹਰਾ,
ਗਿਰ ਕੇ ਸਿਰ ਪਰ ਆਇ।
ਖਰੀ ਭਈ ਬਰੰ ਬ੍ਰਹ੫ ਬਚ,
ਊਚੇ ਕਹੋ ਸੁਨਾਇ॥੧੦॥
ਦੇਵੀ ਨੇ ਗੁਰੂ ਜੀ ਨੂੰ ਉਚੀ ਅਵਾਜ਼ ਵਿਚ ਕਿਹਾ, ਵਰ ਮੰਗੋ।
ਚੌਪਈ: ਜੈ ਜਗਦੰਬਾ ਕਹਿ ਗੁਰ ਖਰੇ।
ਸਕਲ ਰੂਪ ਕੋ ਦੇਖਨਿ ਕਰੇ।
ਏਕ ਬਾਰ ਨਖ ਸ਼ਿਖ ਤੇ ਹੇਰਿ।
ਦੁਰਗਾ ਦੇਵੀ ਦੀ ਪੂਜਾ ਤੋਂ ਬਾਅਦ ਉਸ ਦੇ ਪ੍ਰਗਟ ਹੋਣ ‘ਤੇ ਗੁਰੂ ਜੀ ਨਾਲ ਉਸ ਦਾ ਹੁੰਦਾ ਵਾਰਤਾਲਾਪ ਕਵੀ ਅੱਗੇ ਇਉਂ ਤੋਰਦਾ ਹੈ,
ਨਮੋ ਕਰਤਿ ਚਖ ਮੀਚੇ ਫੇਰ॥੧੧॥
ਹਾਥ ਜੋਰਿ ਸਨਮੁਖ ਹੀ ਰਹੇ।
ਰਿਦੇ ਮਨੋਰਥ ਦੇਵੀ ਲਹੇ।
ਪਲਟੋ ਚਤਰਭੁਜੀ ਪੁਨ ਰੂਪ।
ਕੰਚਨ (ਸੋਨੇ) ਬਰਨੀ (ਰੰਗੀ) ਭਈ ਅਨੂਪ॥੧੨॥
ਕਵੀ ਦੀ ਮਨਮਤਿ ਅਨੁਸਾਰ ਦੁਰਗਾ ਦੇਵੀ ਪਾਰਬਤੀ ਗੁਰੂ ਜੀ ਨੂੰ ਪੁੱਤ੍ਰ ਕਹਿ ਕੇ ਸੰਬੋਧਨ ਕਰਦੀ ਹੈ ਕਿ ਸੇਵਾ ਤੋਂ ਮੈਂ ਬਹੁਤ ਰੀਝ ਗਈ ਹਾਂ, ਤੇ ਆਖਦੀ ਹੈ, ਪੁੱਤ੍ਰ! ਕੁੱਝ ਮੰਗ। ਕਵੀ ਸੰਤੋਖ ਸਿੰਘ ਨੇ ਦਾਤੇ ਸਤਿਗੁਰੂ ਨੂੰ ਦੁਰਗਾ ਦੇਵੀ ਅੱਗੇ ਇੱਕ ਮੰਗਤਾ ਬਣਾ ਕੇ ਪੇਸ਼ ਕਰ ਦਿੱਤਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਕਵੀ ਸੰਤੋਖ ਸਿੰਘ ਸਿੱਖੀ ਦੀਆਂ ਜੜ੍ਹਾਂ ਵਿਚ ਤੇਲ ਦੇ ਰਿਹਾ ਹੈ। ਕਵੀ ਲਿਖਦਾ ਹੈ,
ਚੜ੍ਹੀ ਸਿੰਘ ਪਰ ਆਯੁਧ ਧਰੇ।
ਚਾਰ ਚੰਦ੍ਰ ਭਾਲਾ ਛਬਿ ਭਰੇ।
ਮਾਂਗ ਪੁਤ੍ਰ! ਦੇਵੋ ਅਬਿ ਤੋਹੀ।
ਸੇਵਾ ਕਰਤਿ ਰਿਝਾਯੋ ਮੋਹੀ॥੧੩॥
ਅਰਥ: ਸ਼ੇਰ ਦੀ ਸਵਾਰੀ ਕੀਤੀ, ਸ਼ਸਤਰ ਪਹਿਨੇ ਹੋਏ, ਮੱਥੇ ਉਤੇ ਚੰਦ੍ਰਮਾ- ਦੇਵੀ ਦੁਰਗਾ ਗੁਰੂ ਗੋਬਿੰਦ ਸਿੰਘ ਸ਼ਹਿਨਸ਼ਾਹ ਨੂੰ ਪੁੱਤ੍ਰ ਆਖ ਕੇ ਕਹਿੰਦੀ ਹੈ, ਵਰ ਮੰਗ ਲਓ।
ਪ੍ਰਥਮ ਪ੍ਰਤਜ਼ਗਾ ਸਿਮਰੌ ਸੋਇ।
ਚਹਹੁ ਸੁ ਕਹੌ ਸਪੂਰਨ ਹੋਇ।
ਮ੍ਰਿਦੁ ਬਚ ਮੋਦ ਭਰੇ ਸੁਨਿ ਫੇਰਾ।
ਖੋਲਿ ਬਿਲੋਚਨ ਦਰਸ਼ਨ ਹੇਰਾ॥੧੪॥
ਅਰਥ: ਪਹਿਲੀ ਪ੍ਰਤਿੱਗਿਆ ਯਾਦ ਕਰਦੀ ਹਾਂ। ਜੋ ਮੰਗੋਗੇ, ਪੂਰਾ ਕਰਾਂਗੀ। ਕਵੀ ਮਨਮਤਿ ਕਰਦਾ ਲਿਖਦਾ ਹੈ ਕਿ ਗੁਰੂ ਜੀ ਨੇ ਅੱਖਾਂ ਖੋਲ੍ਹ ਕੇ ਦੁਰਗਾ/ਭਗਉਤੀ/ਦੇਵੀ ਪਾਰਬਤੀ ਦੇ ਦਰਸ਼ਨ ਕੀਤੇ।
ਸ਼ਹੀਦ ਮਾਤਾ ਗੁਜਰ ਕੌਰ ਦੇ ਬਰਾਬਰ ਕਵੀ ਸੰਤੋਖ ਸਿੰਘ ਨੇ ਦੁਰਗਾ ਮਾਈ ਪਾਰਬਤੀ/ਭਗਵਤੀ/ਭਗਉਤੀ ਨੂੰ ਗੁਰੂ ਜੀ ਦੀ ਮਾਤਾ ਬਣਾ ਦਿਤਾ ਹੈ। ਕਵੀ ਸੰਤੋਖ ਸਿੰਘ ਕਹਿੰਦਾ ਹੈ ਕਿ ਗੁਰੂ ਜੀ ਨੇ ਦੇਵੀ ਤੋਂ ਬਰ ਵੀ ਮੰਗਿਆ। ਇਹੋ ਜਿਹੇ ਕਵੀ ਦੇ ਲੱਖ ਵਾਰੀ ਫਿਟਕਾਰ ਪਾਓ ਤਾਂ ਵੀ ਥੋੜ੍ਹੀ ਹੈ। ਸਿੱਖਾਂ ਦੀਆਂ ਝੋਲੀਆਂ ਭਰਨ ਵਾਲੇ ਦਾਤੇ ਨੂੰ ਕਵੀ ਨੇ ਕੱਖੋਂ ਹੌਲਾ ਬਣਾ ਦਿੱਤਾ ਹੈ। ਕਵੀ ਲਿਖਦਾ ਹੈ ਕਿ ਖਾਲਸੇ ਦੀ ਸਥਾਪਨਾ ਦੇਵੀ/ਭਗਉਤੀ/ਦੁਰਗਾ/ਪਾਰਬਤੀ ਦੇ ਬਰ ਨਾਲ ਹੋਈ ਹੈ। ਦੇਖੋ ਕਵੀ ਦੀ ਲਿਖਤ,
ਦਿਹੁ ਬਰ ਮਾਤਾ ਪੰਥ ਉਪਾਵਉਣ।
ਤੁਰਕ ਰਾਜ ਕੋ ਤੇਜ ਖਪਾਵਉਣ।
ਹਿੰਦੁ ਧਰਮ ਨਿਤ ਹੋਇ ਬਿਨਾਸ਼ੇ।
ਜਿਹ ਬਚਾਇ ਪੁਨ ਕਰੌ ਪ੍ਰਕਾਸ਼ੇ॥੧੫॥
ਅਰਥ: ਗੁਰੂ ਜੀ ਨੇ ਦੁਰਗਾ ਦੇਵੀ ਨੂੰ ਮਾਤਾ ਕਹਿ ਕੇ ਵਰ ਮੰਗ ਲਿਆ ਕਿ ਨਵਾਂ ਪੰਥ ਪੈਦਾ ਹੋਵੇ। ਤੁਰਕ ਰਾਜ ਨੂੰ ਖਤਮ ਕਰਾਂ ਅਤੇ ਹਿੰਦੂ ਮੱਤ ਨਿੱਤ ਖਤਮ ਹੋ ਰਿਹਾ ਹੈ, ਇਸ ਨੂੰ ਬਚਾਵਾਂ।
ਕਵੀ ਨੇ ਗੁਰੂ ਜੀ ਤੋਂ ਦੋ ਵਰਾਂ ਦੀ ਮੰਗ ਕਰਾਈ:
1. ਮੈਨੂੰ ਕੋਈ ਸ਼ਸਤ੍ਰ ਦੇਵੋ, ਜਿਸ ਨੂੰ ਧੋ ਕੇ ਮੈਂ ਸਿੱਖਾਂ ਨੂੰ ਪਿਲਾਵਾਂ।
2. ਪੰਥ ਦਿਨ ਪ੍ਰਤੀ ਵਧੇ।
ਕਵੀ ਅਨੁਸਾਰ ਗੁਰੂ ਜੀ ਨੂੰ ਦੇਵੀ ਨੇ ਪਹਿਲਾ ਵਰ ਹੀ ਦਿੱਤਾ, ਭਾਵ ਸ਼ਸਤ੍ਰ ਦਿੱਤਾ, ਜਿਸ ਨਾਲ ਗੁਰੂ ਜੀ ਨੇ ਖੰਡੇ ਦੀ ਪਾਹੁਲ ਦਿੱਤੀ। ਦੂਜਾ ਵਰ ਇਸ ਲਈ ਨਹੀਂ ਦਿੱਤਾ ਕਿਉਂਕਿ ਗੁਰੂ ਜੀ ਨੇ ਦਰਸ਼ਨ ਕਰਦੇ ਸਮੇਂ ਅੱਖਾਂ ਮੀਟ ਲਈਆਂ ਸਨ। ਕਵੀ ਨੇ ਅਜਿਹਾ ਲਿਖ ਕੇ ਗੁਰੂ ਜੀ ਦੀ ਘੋਰ ਨਿਰਾਦਰੀ ਅਤੇ ਨਿੰਦਿਆ ਕੀਤੀ ਹੈ। ਕਵੀ ਦੀ ਲਿਖਤ ਇਉਂ ਹੈ,
ਤੁਮ ਕਰ ਤੇ ਅਸ ਆਯੁਧ (ਸ਼ਸਤ੍ਰ) ਪਾਵਉ।
ਜਿਹ ਪਖਾਰਿ ਨਿਜ ਪੰਥ ਪਿਲਾਵੌਂ।
ਜਿਸ ਤੇ ਧਾਰਹਿ ਤੇਜ ਕਰਾਲਾ।
ਜੀਤਹਿ ਸ਼ਤ੍ਰਨਿ ਬਲੀ ਬਿਸਾਲਾ॥੧੬॥
ਸਦਾ ਸਹਾਇ ਪੰਥ ਕੀ ਕੀਜੈ।
ਦਿਨ ਪ੍ਰਤਿ ਵਧੈ ਇਹੀ ਬਰ ਦੀਜੈ।
ਤੋਹਿ ਚਰਿਤ੍ਰ ਬਸਹਿ ਮਨ ਮੇਰੇ।
ਸਿਮਰੌ ਜਿਨ ਕੌ ਸੰਝ ਸਵੇਰੇ॥੧੭॥
ਰਚਨ ਪੰਥ ਅਰੁ ਤੁਰਕਨਿ ਖੋਇ।
ਕਰਹੁ ਕ੍ਰਿਪਾ ਬਰ ਦੀਜਹੁ ਦੋਇ।
ਦੁਰਗਾ ਦੇਵੀ ਨੇ ਗੁਰੂ ਜੀ ਨੂੰ ਆਪਣਾ ਪੁੱਤ੍ਰ ਕਹਿ ਕੇ ਇਉਂ ਬਰ ਦਿੱਤਾ,
ਇਮ ਸੁਨਿ ਹਸੀ ਬਾਕ ਸ਼ੁਭ ਕੀਨੋ।
ਪੰਥ ਸਕੇਸ ਪੁਤ੍ਰ! ਮੈ ਦੀਨੋ॥੧੮॥
ਗੁਰੂ ਜੀ ਨੇ ਦਰਸ਼ਨ ਸਮੇਂ ਅੱਖਾਂ ਮੀਟੀਆਂ, ਜਿਸ ਲਈ ਦੂਜੇ ਬਰ ਦਾ ਫਲ ਤਨ ਤਿਆਗਨ (ਜੋਤੀ ਜੋਤਿ ਸਮਾਉਣ) ਤੋਂ 40 ਸਾਲ ਬਾਅਦ ਮਿਲੇਗਾ, ਦੁਰਗਾ ਨੇ ਕਿਹਾ।
ਇਸ ਮਹਿ ਭੇਦ ਇਤਿਕ ਰਹਿ ਗਇਊ।
ਪ੍ਰਥਮ ਦਰਸ ਦ੍ਰਿਗ (ਅੱਖਾਂ) ਮੀਚਤਿ ਭਇਊ।
ਯਾਂ ਤੇ ਤੁਮ ਤਨ ਤਯਾਗਨ ਪਾਛੇ।
ਚਾਲੀ ਬਰਸ ਬਿਤੈ ਜਬਿ ਆਛੇ॥੧੯॥
ਵਧਹਿ ਪੰਥ ਜਗ ਵਿਖੈ ਬਿਸਾਲਾ (ਵਧੇਗਾ)।
ਤੇਜ ਤੁਰਕ ਤਬਿ ਹਤਹਿ ਕਰਾਲਾ।
ਪੂਰਨ ਹੁਇ ਅਭਿਲਾਖ ਤੁਮਾਰੀ।
ਸਾਚ ਹੋਇ ਸਭਿ ਜਥਾ ਉਚਾਰੀ॥੨੦॥
ਦੇਵੀ ਨੇ ਗੁਰੂ ਜੀ ਨੂੰ ਛੁਰੀ/ਕਰਦ ਦਿੱਤੀ ਅਤੇ ਕਿਹਾ ਕਿ ਇਸ ਨੂੰ ਜਲ ਵਿਚ ਮਿੱਠਾ ਪਾ ਕੇ ਫੇਰਿਓ। ਕਵੀ ਲਿਖਦਾ ਹੈ,
ਨਿਜ ਕਰ ਤੇ ਸਤਿਗੁਰ ਕੋ ਦਈ।
ਯਾਂ ਤੇ ਕਰਦ ਨਾਮ ਬਿਦਤਈ (ਪ੍ਰਗਟ ਹੋਇਆ)।
ਇਹ ਲੇ ਕਰਿ ਜਲ ਜੁਤਿ ਮਿਸ਼ਟਾਨ।
ਫੇਰਨ ਕਰਹੁ ਆਪਨੇ ਪਾਨ॥੨੧॥
ਦੁਰਗਾ ਨੇ ਗੁਰੂ ਜੀ ਤੋਂ, ਬਰ ਲੈਣ ਬਦਲੇ, ਪੁੱਤ੍ਰ ਕਹਿ ਕੇ ਕੁਝ ਭੇਟਾ ਮੰਗੀ। ਕਵੀ ਲਿਖਦਾ ਹੈ,
ਅਬਿ ਦੀਜਹਿ ਕੁਛ ਭੇਟ ਹਮਾਰੀ।
ਹੇ ਸੁਤ! ਜਿਸ ਤੇ ਹੁਇ ਸੁਖ ਭਾਰੀ॥੨੨॥
ਕਵੀ ਅਨੁਸਾਰ ਗੁਰੂ ਜੀ ਨੇ ਦੁਰਗਾ ਦੇਵੀ ਨੂੰ ਪਹਿਲੀ ਭੇਟਾ ਵਿਚ ਆਪਣਾ ਖੂਨ ਭੇਟ ਕੀਤਾ। ਗੁਰੂ ਜੀ ਨੇ ਦੇਵੀ ਤੋਂ ਮਿਲੀ ਛੁਰੀ ਨੂੰ ਸਰੀਰ ਵਿਚ ਮਾਰ ਕੇ ਆਪਣਾ ਖੂਨ ਦੁਰਗਾ ਨੂੰ ਭੇਟ ਕੀਤਾ ਤੇ ਦੁਰਗਾ ਪ੍ਰਸੰਨ ਹੋ ਗਈ। ਗੁਰੂ ਜੀ ਨੇ ਦੂਜੀ ਭੇਟਾ ਵਿਚ ਚਾਰੇ ਸਾਹਿਬਜ਼ਾਦੇ ਅਤੇ ਲੱਖਾਂ ਸਿੱਖ ਭੇਟਾ ਕਰ ਦਿੱਤੇ। ਕਵੀ ਮਨਮਤਿ ਕਰਦਾ ਲਿਖਦਾ ਹੈ,
ਸੁਨਿ ਗੁਰ ਕਰਦ ਕਰੀ ਕਰ ਧਾਰਨ (ਹੱਥ ਵਿਚ ਪਕੜੀ)।
ਹਤਿ ਨਿਜ ਤਨ ਕਿਯ ਰਕਤ (ਖੂਨ) ਨਿਕਾਰਨਿ।
ਸੋ ਲੇ ਕਰਿ ਜਗ ਮਾਤ ਪ੍ਰਸੰਨ।
ਪੁਨ ਗੁਰ ਦੇਨਿ ਭੇਟ ਕਰ ਅੰਨ (ਦੂਜੀ)॥੨੩॥
ਸ਼ਸਤ੍ਰਨਿ ਸੋ ਹਤਿ ਹੁਇ ਬਿਚ ਬਾਦੇ।
ਚਾਰਹੁ ਦੀਨੇ ਸਾਹਿਬਜ਼ਾਦੇ।
ਲਾਖਹੁ ਸਿੰਘ ਧਰਹਿ ਅੁਰ ਕ੍ਰੱਧ।
ਹੁਇ ਤੁਮ ਭੇਟ ਮ੍ਰਿਤਕ ਬਿਚ ਜੁੱਧ॥੨੪॥
ਕਵੀ ਸੰਤੋਖ ਸਿੰਘ ਨੇ ਸਾਹਿਬਜ਼ਾਦਿਆਂ ਅਤੇ ਸਿੰਘਾਂ ਦੀਆਂ ਸ਼ਹੀਦੀਆਂ ਨੂੰ ਘੱਟੇ ਵਿਚ ਰੋਲ ਦਿੱਤਾ ਹੈ ਕਿਉਂਕਿ ਉਸ ਅਨੁਸਾਰ ਇਹ ਸ਼ਹੀਦੀਆਂ ਨਹੀਂ ਸਨ, ਇਹ ਤਾਂ ਗੁਰੂ ਜੀ ਵਲੋਂ ਦੁਰਗਾ ਨੂੰ ਭੇਟਾ ਕਰਨ ਲਈ ਸਭ ਕੁਝ ਕੀਤਾ ਗਿਆ ਸੀ।
ਕੇਸ਼ਵ ਦਾਸ ਬ੍ਰਾਹਮਣ ਨੂੰ ਗੁਰੂ ਜੀ ਨਾਲੋਂ ਵੱਡਾ ਬਣਾ ਦਿੱਤਾ ਗਿਆ। ਕੇਸ਼ਵ ਦਾਸ ਨੇ ਗੁਰੂ ਜੀ ਨੂੰ ਆਸ਼ੀਸ਼ ਦਿੱਤੀ ਜਿਵੇਂ ਬ੍ਰਾਹਮਣ ਗੁਰੂ ਜੀ ਤੋਂ ਵੱਡਾ ਹੋਵੇ,
ਕੇਸ਼ਵਦਾਸ ਅਗਾਰੀ ਹੋਵਾ।
ਲਾਲ ਗੁਲਾਲ ਦਰਸ ਕੋ ਜੋਵਾ।
ਦਈ ਅਸੀਸ ਸੁਖੀ ਨਿਤ ਰਹੀਅਹਿ।
ਦੇਵੀ ਬਿਦਤ (ਪ੍ਰਗਟ) ਪ੍ਰਸੰਗ ਸੁ ਕਹੀਅਹਿ॥੩੨॥
ਦੇਵੀ ਵਲੋਂ ਦਿੱਤੀ ਛੋਟੀ ਜਿਹੀ ਛੁਰੀ ਗੁਰੂ ਜੀ ਨੇ ਸਿਰ ਉਤੇ ਬੰਨ੍ਹ ਲਈ ਸੀ। ਕਵੀ ਮਨਮਤਿ ਕਰਦਾ ਲਿਖਦਾ ਹੈ,
ਏਵੇ ਮਸਤੁ ਕਹਿ ਭੇਟ ਸੁ ਲੈ ਕੈ।
ਅੰਤਰ ਧਯਾਨ ਭਈ ਬਰ ਦੈ ਕੈ।
ਲਘੁ ਕ੍ਰਿਪਾਨ ਇਹੁ ਕਰ ਤੇ ਦੀਨਿ।
ਅਤਿ ਅਨਦ ਤੇ ਸਿਰ ਧਰਿ ਲੀਨਿ॥੩੫॥
ਕਵੀ ਅਨੁਸਾਰ ਦੁਰਗਾ ਦੇਵੀ ਦੇ ਚੋਬਦਾਰ ਨੇ ਗੁਰੂ ਜੀ ਨੂੰ ਆਪਣਾ ਬਾਣਾ ਦਿੱਤਾ।
ਦੁਰਗਾ ਬਰ ਦੇ ਕੇ ਅਲੋਪ ਹੋ ਗਈ। ਫਿਰ ਦੁਰਗਾ ਦੇ ਚੋਬਦਾਰ ਨੇ ਗੁਰੂ ਜੀ ਨੂੰ ਕਿਹਾ ਕਿ ਜੰਗ ਵਿਚ ਉਹ ਉਨ੍ਹਾਂ ਦੀ ਮਦਦ ਕਰਿਆ ਕਰੇਗਾ। ਉਸ ਨੇ ਆਪਣਾ ਬਾਣਾ ਗੁਰੂ ਜੀ ਨੂੰ ਦਿੱਤਾ ਤੇ ਪੰਥ ਨੂੰ ਧਾਰਨ ਕਰਨ ਵਾਸਤੇ ਕਿਹਾ ਤਾਂ ਜੋ ਤੇਜ ਵਧੇ।
ਕੇਸ਼ਵ ਦਾਸ ਬ੍ਰਾਹਮਣ ਬਹੁਤ ਖੁਸ਼ ਹੋਇਆ।
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗੰ੍ਰਥੇ ਤ੍ਰਿਤਿਯ ਰੁਤੇ ਸ਼੍ਰੀ ਦੇਵੀ ਪ੍ਰਗਟ ਹੋਨ ਪ੍ਰਸੰਗ ਬਰਨਨ ਨਾਮ ਇਕਾਦਸ਼ਮੋ ਅੰਸੂ॥੧੧॥
ਕਵੀ ਅਨੁਸਾਰ ਗੁਰੂ ਜੀ ਦੇਵੀ ਦਰਸ਼ਨ ਕਰ ਕੇ ਅਨੰਦਪੁਰ ਵਾਪਿਸ ਆਏ ਤਾਂ ਲੋਕਾਂ ਦੀਪਮਾਲਾ ਕੀਤੀ। ਕਵੀ ਲਿਖਦਾ ਹੈ,
ਆਨਿ ਕਰਾਵਤਿ ਸਿਖ ਅਰਦਾਸ।
ਧਰਹਿ ਤੂਸ਼ਨੀ (ਚੁੱਪ ਧਾਰ ਕੇ) ਬੈਠਹਿ ਪਾਸ।
ਦੀਪਕ ਮਾਲਾ ਸਭਿਹਿਨ ਕਰੀ।
ਘਰ ਘਰ ਕੇ ਸ਼ਿਖਰਨ ਪਰ ਧਰੀ॥੧੨॥
ਗੁਰੂ ਜੀ ਨੇ ਕੇਸ਼ਵ ਦਾਸ ਬ੍ਰਾਹਮਣ ਨੂੰ ਸਵਾ ਲੱਖ ਰੁਪਿeਆ ਦੱਛਣਾ ਦਿੱਤੀ। ਜੱਗ ਕੀਤਾ। ਪੁੰਨ ਦਾਨ ਕੀਤਾ। ਕੇਸ਼ਵ ਦਾਸ ਨੇ ਕਿਹਾ ਕਿ ਉਹ ਸਿੱਖਾਂ ਵਿਚ ਜਨਮ ਲਵੇਗਾ। ਇਸ ਤੇ ਗੁਰੂ ਜੀ ਨੇ ਕਿਹਾ, ਤੇਰਾ ਸਿੱਖਾਂ ਵਿਚ 3 ਵਾਰ ਜਨਮ ਹੋਵੇਗਾ ਤੇ ਸਰਦਾਰੀ ਲਵੇਂਗਾ। 100 ਸਾਖੀ ਅਨੁਸਾਰ ਇਹ ਕੇਸ਼ਵ ਦਾਸ ਤੀਜੇ ਜਨਮ ਵਿਚ ਮਹਾਰਾਜਾ ਰਣਜੀਤ ਸਿੰਘ ਬਣਿਆ ਸੀ। ਇਹੋ ਜਿਹੀਆਂ ਗੱਪਾਂ ਅਤੇ ਬ੍ਰਾਹਮਣਵਾਦੀ ਚਾਲਾਂ ਹਨ, ਕਵੀ ਸੰਤੋਖ ਸਿੰਘ ਦੀਆਂ!
ਅਵਨੀ ਰਾਜ ਕਰਹਿ ਬੁਹਤੇਰਾ।
ਤਿਨ ਮਹਿ ਜਨਮ ਹੋਇ ਪੁਨ ਮੇਰਾ।
ਸੁਨਿ ਕਲੀਧਰ ਭਏ ਪ੍ਰਸੰਨ।
(ਚਲਦਾ)