ਸੇਵਕ ਸਿੰਘ ਕੋਟਕਪੂਰਾ
ਫੋਨ: 661-444-3657
ਆਸਾ ਕੀ ਵਾਰ ਦੀ 19ਵੀਂ ਪਉੜੀ ਦੇ ਦੂਸਰੇ ਸ਼ਲੋਕ ਵਿਚ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ,
ਭੰਡਿ ਜੰਮੀਐ ਭੰਡਿ ਨਿੰਮੀਐ
ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ
ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ
ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ
ਜਿਤੁ ਜੰਮਹਿ ਰਾਜਾਨ॥
ਭੰਡਹੁ ਹੀ ਭੰਡੁ ਉਪਜੈ
ਭੰਡੈ ਬਾਝੁ ਨ ਕੋਇ॥
ਨਾਨਕ ਭੰਡੇ ਬਾਹਰਾ
ਏਕੋ ਸਚਾ ਸੋਇ॥
ਜਿਤੁ ਮੁਖਿ ਸਦਾ ਸਾਲਾਹੀਐ
ਭਾਗਾ ਰਤੀ ਚਾਰਿ॥
ਨਾਨਕ ਤੇ ਮੁਖ ਊਜਲੇ
ਤਿਤੁ ਸਚੈ ਦਰਬਾਰਿ॥2॥
ਔਰਤ ਜਾਤ ਬਾਰੇ ਭਾਰਤੀ ਸਮਾਜ ਵਿਚ ਬਹੁਤ ਹੀ ਮੰਦੇ ਸ਼ਬਦ ਵਰਤੇ ਜਾਂਦੇ ਰਹੇ ਹਨ, ਤੇ ਹੁਣ ਵੀ ਵਰਤ ਹੋ ਰਹੇ ਹਨ। ਸਿੱਖ ਸਮਾਜ ਵਿਚ ਵੀ ਇਸ ਦਾ ਦਰਜਾ ਕੋਈ ਬਹੁਤ ਉਤਮ ਨਹੀਂ ਹੈ। ਮਰਦ ਜਾਂ ਪਿਤਰੀ ਸੱਤਾ ਅਜੇ ਵੀ ਭਾਰੂ ਹੈ। ਔਰਤ ਨੂੰ ਅਜੇ ਵੀ ਪੈਰ ਪੈਰ ‘ਤੇ ਆਪਣੀ ਇੱਜਤ-ਆਬਰੂ ਅਤੇ ਸਵੈਮਾਣ ਬਚਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਮਾਦਾ ਭਰੂਣ ਹੱਤਿਆ ਆਮ ਹੀ ਹੋ ਰਹੀ ਹੈ। ਗੁਰੂ ਨਾਨਕ ਦੇਵ ਜੀ ਦੇ ਸਮੇਂ ਵਿਚ ਆਮ ਵਰਤਿਆ ਸ਼ਬਦ ਭੰਡ ਭਾਵ ਨਿੰਦਣ ਯੋਗ ਸੀ, ਜਿਸ ਨੂੰ ਆਧਾਰ ਬਣਾ ਕੇ ਗੁਰੂ ਸਾਹਿਬ ਨੇ ਉਸ ਸਮੇਂ ਦੇ ਸਮਾਜ ਨੂੰ ਇਹ ਸਮਝਾਇਆ ਹੈ ਕਿ ਔਰਤ ਤੋਂ ਹੀ ਮਰਦ ਦੀ ਉਤਪਤੀ ਹੁੰਦੀ ਹੈ, ਉਸ ਦਾ ਦੁੱਧ ਚੁੰਘ ਕੇ ਹੀ ਮਰਦ ਵੱਡਾ ਹੁੰਦਾ ਹੈ, ਔਰਤ ਨਾਲ ਹੀ ਰਿਸ਼ਤਾ ਅਤੇ ਵਿਆਹ ਕਰਵਾਉਂਦਾ ਹੈ। ਔਰਤ ਨਾਲ ਹੀ ਦੋਸਤੀ ਭਾਵ ਆਪਣੇ ਸਾਰੇ ਰਾਜ਼ ਸਾਂਝੇ ਕਰਦਾ ਹੈ, ਉਸ ਤੋਂ ਹੀ ਅੱਗੇ ਪੀੜ੍ਹੀ ਚਲਦੀ ਹੈ। ਜੇ ਇੱਕ ਦੀ ਮੌਤ ਹੋ ਜਾਵੇ ਤਾਂ ਦੂਜੀ ਲੈ ਆਉਂਦਾ ਹੈ। ਔਰਤ ਨਾਲ ਹੀ ਭਾਵਨਾਤਮਕ ਲਗਾਓ ਹੁੰਦਾ ਹੈ। ਫਿਰ ਵੀ ਉਹ ਔਰਤ ਦੀ ਵਾਰ ਵਾਰ ਨਿੰਦਾ ਕਿਉਂ ਕਰਦਾ ਹੈ? ਜਦੋਂ ਕਿ ਹਰ ਇਕ ਉਤਮ ਮਰਦ ਵੀ ਔਰਤ ਦੀ ਕੁੱਖੋਂ ਜਨਮ ਲੈਂਦਾ ਹੈ। ਔਰਤ ਤੋਂ ਹੀ ਔਰਤ ਪੈਦਾ ਹੁੰਦੀ ਹੈ ਅਤੇ ਔਰਤ ਤੋਂ ਬਿਨਾ ਉਤਪਤੀ ਦਾ ਹੋਰ ਕੋਈ ਵੀ ਸਾਧਨ ਨਹੀਂ ਹੈ। ਸਿਰਫ ਪਰਮਾਤਮਾ ਹੀ ਆਪਣੇ ਆਪ ਤੋਂ ਉਤਪੰਨ ਹੋਇਆ ਹੈ, ਉਸ ਪਰਮਾਤਮਾ ਦੀ ਸਿਫਤ ਸਾਲਾਹ ਕਰਨੀ ਚਾਹੀਦੀ ਹੈ, ਜਿਸ ਦੇ ਵੱਡੇ ਭਾਗ ਹੁੰਦੇ ਹਨ, ਉਸ ‘ਤੇ ਹੀ ਇਹ ਕਿਰਪਾ ਹੁੰਦੀ ਹੈ ਅਤੇ ਉਹ ਵਿਅਕਤੀ ਹੀ ਉਜਲਾ ਮੁੱਖ ਲੈ ਕੇ ਉਸ ਪ੍ਰਭੂ ਦੇ ਸੱਚੇ ਦਰਬਾਰ ਵਿਚ ਪਹੁੰਚਦਾ ਹੈ। ਸੋ ਇਸ ਤਰ੍ਹਾਂ ਗੁਰੂ ਸਾਹਿਬ ਨੇ ਔਰਤ ਦੀ ਉਤਮਤਾ ਦਰਸਾਈ ਹੈ।
‘ਪੰਜਾਬ ਟਾਈਮਜ਼’ ਦੇ 13 ਜੁਲਾਈ ਦੇ ਅੰਕ ਵਿਚ ਸਰਵਜੀਤ ਸਿੰਘ ਸੈਕਰਾਮੈਂਟੋ ਦੀ ਅਜੀਬ ਜਿਹੀ ਟਿੱਪਣੀ ਆਈ ਹੈ ਕਿ ਉਹ ਔਰਤ ਦੇ ਸਤਿਕਾਰ ਬਾਰੇ ਤਾਂ ਬਹੁਤ ਫਿਕਰਮੰਦ ਹੈ ਪਰ ਆਪ ਹੀ ਔਰਤ ਦਾ ਅਪਮਾਨ ਕਰ ਰਿਹਾ ਹੈ। ਜੇ ਦਸਮ ਗ੍ਰੰਥ ਸਿਰਫ ਦੋ ਟਿਪਣੀਆਂ ਕਰਕੇ ਹੀ ਨਿੰਦਨਯੋਗ ਹੈ ਤਾਂ ਉਹ ਇਹ ਕਿਉਂ ਭੁੱਲ ਗਿਆ ਕਿ ਉਸੇ ਹੀ ਗ੍ਰੰਥ ਵਿਚ ਪ੍ਰਥਮ ਔਰਤ ਆਦਿ ਸ਼ਕਤੀ, ਪਰਮਾਤਮਾ ਦੇ ਔਰਤ ਰੂਪ ਭਗਾਉਤੀ ਦੀ ਪੰਜ ਵਾਰ ਕਥਾ ਕੀਤੀ ਹੈ!
ਮੇਰੇ ਇਸ ਲੇਖ ਨੂੰ ਪਿਛਲੇ ਲੇਖ ‘ਪ੍ਰਿਥਮ ਭਗਉਤੀ ਸਿਮਰ ਕੈ’ ਦੀ ਨਿਰੰਤਰਤਾ ਵਿਚ ਹੀ ਦੇਖਿਆ ਜਾਵੇ। ਉਹ ਤਰਕ ਫਿਰ ਦਹਰਾਉਣ ਦੀ ਕੋਈ ਲੋੜ ਨਹੀਂ ਹੈ। ਜੇ ਅਸੀਂ ਆਪਣੀ ਮਾਤਾ, ਭੈਣ, ਪਤਨੀ ਅਤੇ ਬੇਟੀ ਦੇ ਸਤਿਕਾਰ ਨੂੰ ਕਾਇਮ ਰੱਖਣ ਲਈ ਹਰ ਵੇਲੇ ਤਿਆਰ ਰਹਿੰਦੇ ਹਾਂ ਅਤੇ ਹਰ ਕੁਰਬਾਨੀ ਕਰਨ ਨੂੰ ਤਿਆਰ ਰਹਿੰਦੇ ਹਾਂ, ਤਾਂ ਕੀ ਆਦਿ ਸ਼ਕਤੀ ਭਗਵਤੀ ਇੰਨੀ ਹੀ ਨਖਿੱਧ ਹੋ ਗਈ ਕਿ ਉਸ ਦਾ ਜ਼ਿਕਰ ਕਰਨ ਨਾਲ ਹੀ ਦਸਮ ਗ੍ਰੰਥ ਨਖਿੱਧ ਤੇ ਝੂਠਾ ਹੋ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਕਿਤੇ ਵੀ ਭਗਾਉਤੀ ਨੂੰ ਆਪਣਾ ਇਸ਼ਟ ਨਹੀਂ ਕਿਹਾ। ਉਸ ਦਾ ਇਸ ਕਰਕੇ ਸਤਿਕਾਰ ਕੀਤਾ ਹੈ ਕਿ ਜਿਥੇ ਬੜੇ ਬੜੇ ਬਲਸ਼ਾਲੀ ਅਤੇ ਸ਼ਕਤੀਸ਼ਾਲੀ ਦੇਵਤੇ ਹਾਰ ਮੰਨ ਕੇ ਆ ਗਏ, ਉਥੇ ਇਕ ਅਬਲਾ ਕਹੀ ਜਾਂਦੀ ਔਰਤ ਨੇ ਫਤਿਹ ਹਾਸਲ ਕੀਤੀ।
ਇਸ ਕਥਾ ਦਾ ਮਹੱਤਵ ਉਸ ਸਮੇਂ ਹੋਰ ਵੀ ਵੱਧ ਜਾਂਦਾ ਹੈ, ਜਦੋਂ ਕਿ ਹਿੰਦੂ ਸਮਾਜ ਲਗਾਤਾਰ ਕਈ ਸੌ ਸਾਲਾਂ ਦੀ ਗੁਲਾਮੀ ਅਤੇ ਨਮੋਸ਼ੀ ਭੋਗ ਰਿਹਾ ਹੈ ਅਤੇ ਕੋਈ ਉਜਰ ਨਹੀਂ ਕਰ ਰਿਹਾ। ਗੁਰੂ ਜੀ ਉਸ ਸਮਾਜ ਨੂੰ ਇਹ ਅਹਿਸਾਸ ਕਰਵਾ ਰਹੇ ਹਨ ਕਿ ਤੁਸੀਂ ਇੰਨੇ ਨਿਤਾਣੇ ਅਤੇ ਹਾਰ ਮੰਨੀ ਬੈਠੇ ਹੋ, ਜਦੋਂ ਕਿ ਤੁਹਾਡੀਆਂ ਔਰਤਾਂ ਵੀ ਇੰਨੀਆਂ ਬਲਸ਼ਾਲੀ ਹਨ/ਸਨ, ਜਿਨ੍ਹਾਂ ਨੇ ਇਤਨੇ ਭਿਆਨਕ ਰਾਖਸ਼ਾਂ ਦਾ ਨਾਸ਼ ਕੀਤਾ ਹੈ। ਤੁਸੀਂ ਇੰਨੇ ਬੁਜ਼ਦਿਲ ਕਿਉਂ ਬਣੇ ਬੈਠੇ ਹੋ? ਉਠੋ ਆਪਣੇ ਆਪ ਨੂੰ ਸੰਭਾਲੋ ਅਤੇ ਨਮੋਸ਼ੀ ਤੇ ਗੁਲਾਮੀ ਤੋਂ ਮੁਕਤ ਹੋਵੋ। ਇਸ ਦਾ ਅਸਰ ਹੋਇਆ ਵੀ, ਇਕ ਅਜਿਹੀ ਲਹਿਰ ਉਠੀ, ਜਿਸ ਨੇ ਮੁਗਲ ਸਾਮਰਾਜ ਦੀ ਸਫ ਲਪੇਟ ਦਿੱਤੀ।
ਜੇ ਕਿਸੇ ਦੀ ਪਤਨੀ ਹੋਣ ਨਾਲ ਹੀ ਕਿਸੇ ਔਰਤ ਦੇ ਅਧਿਕਾਰ ਖਤਮ ਹੋ ਜਾਂਦੇ ਹਨ, ਤਾਂ ਥਰੀਸਾ ਮੇ ਦੇ ਅਧਿਕਾਰਾਂ ਦਾ ਕੀ ਬਣੇਗਾ? ਕੱਲ ਨੂੰ ਜੇ ਹਿਲੇਰੀ ਕਲਿੰਟਨ ਜਾਂ ਕਮਲਾ ਹੈਰਿਸ ਅਮਰੀਕਾ ਦੇ ਰਾਸ਼ਟਰ ਮੁਖੀ ਬਣ ਜਾਂਦੇ ਹਨ, ਤਾਂ ਕੀ ਉਨ੍ਹਾਂ ਦੇ ਅਧਿਕਾਰ ਕਿਸੇ ਵੀ ਤਰ੍ਹਾਂ ਟਰੰਪ ਤੋਂ ਘੱਟ ਹੋਣਗੇ?
ਮਹਾਂਦੇਵ ਅਤੇ ਚੰਡਿਕਾ ਮੌਤ ਦੇ ਦਫਤਰ ਦੇ ਅਧਿਕਾਰੀ ਹਨ। ਕੀ ਸਰਵਜੀਤ ਸਿੰਘ ਮੌਤ ਤੋਂ ਪਰੇ ਅਤੇ ਬਰੀ ਹੈ, ਜਦੋਂ ਉਹ ਇਸ ਦਫਤਰ ਪਹੁੰਚਿਆ ਤਾਂ ਕੀ ਜਵਾਬ ਦੇਵੇਗਾ? ਇਸ ਦੀ ਤਿਆਰੀ ਹੁਣ ਤੋਂ ਹੀ ਕਰ ਲੈਣੀ ਚਾਹੀਦੀ ਹੈ। ਮੌਤ ਅਟੱਲ ਸੱਚਾਈ ਹੈ, ਇਹ ਨਹੀਂ ਭੁੱਲਣਾ ਚਾਹੀਦਾ।
ਜੇ ਉਸ ਗ੍ਰੰਥ ਦੀਆਂ ਪੰਗਤੀਆਂ ਨਾਲ ਸਮਾਗਮ ਦਾ ਅਰੰਭ ਹੋ ਗਿਆ ਤਾਂ ਕੀ ਭੁਚਾਲ ਆ ਗਿਆ। ਪੰਗਤੀਆਂ ਵੀ ਉਸੇ ਆਦਿ ਸ਼ਕਤੀ ਭਗਵਤੀ ਦੀ ਉਸਤਤਿ ਵਿਚ ਹੀ ਸਨ, ਜੋ ਪ੍ਰਥਮ ਔਰਤ ਹੈ। ਔਰਤਾਂ ਸਬੰਧੀ ਸਮਾਗਮ ਵਿਚ ਪ੍ਰਥਮ ਔਰਤ ਦਾ ਸਨਮਾਨ ਕੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦਾ ਅਪਮਾਨ ਹੈ? ਜੇ ਹੈ ਤਾਂ ਕਿਵੇਂ ਹੈ? ਮੈਨੂੰ ਸਮਝ ਨਹੀਂ ਆਈ।
ਦੂਜੀ ਗੱਲ, ਅੰਮ੍ਰਿਤ ਦੀਆਂ ਪੰਜ ਬਾਣੀਆਂ ਵਿਚੋਂ ਤਿੰਨ ਬਾਣੀਆਂ ਉਸੇ ਦਸਮ ਗ੍ਰੰਥ ਵਿਚੋਂ ਹਨ। ਕਿਸੇ ਵੀ ਸਿੱਖ ਜਾਂ ਹੋਰ ਵਿਅਕਤੀ ਦੀ ਹਿੰਮਤ ਹੈ ਕਿ ਇਹ ਬਾਣੀਆਂ ਬਦਲ ਸਕੇ, ਜਾਂ ਤਰਤੀਬ ਹੀ ਬਦਲ ਸਕੇ। ਹੈ ਕੋਈ ਮਰਦ ਤਾਂ ਸਾਹਮਣੇ ਆਵੇ! ਐਵੇਂ ਸਿਰਫ ਪ੍ਰਚਾਰ, ਦਿਮਾਗੀ ਅੱਯਾਸ਼ੀ ਅਤੇ ਪਖੰਡ ਕਰਨ ਲਈ ਜੇ ਕੋਈ ਅਜਿਹਾ ਕਰਦਾ ਹੈ ਤਾਂ ਕਰੀ ਜਾਵੇ। ਇਸ ਦਾ ਕੀ ਅਸਰ ਹੈ! ਮੈਂ ਔਰਤ ਲੇਖਕਾਂ ਦੀ ਇਸ ਚੁੱਪ ਤੋਂ ਵੀ ਹੈਰਾਨ ਹਾਂ ਕਿ ਉਹ ਵੀ ਇਸ ਬੇਹੂਦਗੀ ਬਾਰੇ ਕਿਉਂ ਚੁੱਪ ਹਨ? ਉਨ੍ਹਾਂ ਨੂੰ ਇਹ ਅਪਮਾਨ ਕਿਉਂ ਨਹੀਂ ਮਹਿਸੂਸ ਹੁੰਦਾ? ਉਹ ਹੋਰ ਵਿਸ਼ਿਆਂ ਬਾਰੇ ਤਾਂ ਬਹੁਤ ਫਿਕਰਮੰਦ ਹਨ ਪਰ ਇਸ ਸਿਧਾਂਤਕ ਅਪਮਾਨ ਬਾਰੇ ਕਿਉਂ ਨਹੀਂ ਬੋਲਦੀਆਂ? ਕੀ ਆਦਿ ਸ਼ਕਤੀ ਦਾ ਅਪਮਾਨ ਉਨ੍ਹਾਂ ਨੂੰ ਆਪਣਾ ਅਪਮਾਨ ਮਹਿਸੂਸ ਨਹੀਂ ਹੁੰਦਾ?
ਅਖੀਰ ਵਿਚ ਮੈਂ ਸਰਵਜੀਤ ਸਿੰਘ ਰਾਹੀਂ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਾਹਿਬ ਤੋਂ ਇਹ ਸਵਾਲ ਪੁੱਛਦਾ ਹਾਂ ਕਿ ਜਦੋਂ ਉਨ੍ਹਾਂ ਨੇ ‘ਚਰਨ ਚਲਉ ਮਾਰਗਿ ਗੋਬਿੰਦ’ ਨਾਂ ਦੀ ਵੀਡੀਓ ਕੈਸਟ ਜਾਰੀ ਕੀਤੀ ਸੀ, ਕੀ ਉਦੋਂ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਬਚਿੱਤਰ ਨਾਟਕ ਝੂਠਾ ਹੈ? ਤੇ ਹੇਮਕੁੰਟ ਦੀ ਯਾਤਰਾ ਕਿਉਂ ਕੀਤੀ ਅਤੇ ਕਰਵਾਈ ਸੀ?
ਕੀ ਉਨ੍ਹਾਂ ਦੇ ਸਮੇਂ ‘ਪ੍ਰਥਮ ਭਗਉਤੀ ਸਿਮਰ ਕੈ’ ਸ਼ਬਦ ਨਹੀਂ ਸੀ ਪੜ੍ਹੇ ਜਾਂਦੇ? ਕੀ ਉਸ ਵੇਲੇ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਸੀ? ਜੇ ਨਹੀਂ ਤਾਂ ਕਿAਂ? ਤੇ ਹੁਣ ਕਿAਂ? ਉਨ੍ਹਾਂ ਦੇ ਸਮੇਂ ਅੰਮ੍ਰਿਤ ਛਕਾਉਣ ਵੇਲੇ ਕਿਹੜੀਆਂ ਪੰਜ ਬਾਣੀਆਂ ਦਾ ਪਾਠ ਹੁੰਦਾ ਸੀ, ਕੀ ਉਸ ਸਮੇਂ ਉਨ੍ਹਾਂ ਨੇ ਵਿਰੋਧ ਕੀਤਾ ਸੀ। ਜੇ ਨਹੀਂ ਤਾਂ ਹੁਣ ਕਿਉਂ?
ਕੀ ਸੇਵਾ ਮੁਕਤ ਹੋਣ ਪਿਛੋਂ ਸਿੱਖ ਧਰਮ ਅਤੇ ਸਿੱਖ ਸਮਾਜ ਪ੍ਰਤੀ ਉਨ੍ਹਾਂ ਦੀ ਜਿੰਮੇਵਾਰੀ ਤੇ ਜਵਾਬਦੇਹੀ ਖਤਮ ਹੋ ਗਈ ਹੈ?