ਲੋਕ-ਸਿਮ੍ਰਿਤੀ ਵਿਚ ਮਹਾਰਾਜਾ ਰਣਜੀਤ ਸਿੰਘ

ਡਾ. ਧਰਮ ਸਿੰਘ
ਕਿਸੇ ਵੀ ਪੂਰਬਲੇ ਹਾਕਮ ਦੇ ਉਲਟ ਮਹਾਰਾਜਾ ਰਣਜੀਤ ਸਿੰਘ ਬਾਰੇ ਲੋਕਧਾਰਾਈ ਸਮੱਗਰੀ ਕਾਫੀ ਮਾਤਰਾ ਵਿਚ ਮਿਲਦੀ ਹੈ, ਜਿਸ ਨੂੰ ਮੁੱਖ ਤੌਰ ‘ਤੇ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲੇ ਹਿੱਸੇ ਵਿਚ ਉਹ ਕਹਾਣੀਆਂ ਜਾਂ ਹਕਾਇਤਾਂ ਹਨ, ਜੋ ਮਹਾਰਾਜੇ ਦੇ ਜਨਮ, ਸ਼ਖਸੀਅਤ, ਨਿੱਜੀ ਤੇ ਫੌਜੀ ਜੀਵਨ, ਸਖਾਵਤ, ਫਰਾਖਦਿਲੀ, ਪਰਜਾ ਪਾਲਕੀ ਆਦਿ ਤੋਂ ਪ੍ਰਭਾਵਿਤ ਹੋ ਕੇ ਲੋਕ ਮਨਾਂ ਨੇ ਘੜੀਆਂ। ਇਨ੍ਹਾਂ ਵਿਚੋਂ ਕੁਝ ਹਕਾਇਤਾਂ ਇਸ ਪ੍ਰਕਾਰ ਹਨ:

ਵਿਆਹ ਤੋਂ ਕਾਫੀ ਦੇਰ ਬਾਅਦ ਵੀ ਸ਼ ਮਹਾਂ ਸਿੰਘ ਦੇ ਘਰ ਔਲਾਦ ਨਾ ਹੋਈ। ਸ਼ ਮਹਾਂ ਸਿੰਘ ਨੂੰ ਕਿਸੇ ਨੇ ਦੱਸ ਪਾਈ ਕਿ ਉਹ ਜਾਨ ਮੁਹੰਮਦ ਨਾਂ ਦੇ ਫਕੀਰ ਦੀ ਸੇਵਾ ਕਰੇ ਅਤੇ ਉਸ ਕੋਲੋਂ ਅਸ਼ੀਰਵਾਦ ਦੇ ਰੂਪ ਵਿਚ ਪੁੱਤਰ ਦੀ ਮੰਗ ਕਰੇ। ਸ਼ ਮਹਾਂ ਸਿੰਘ ਨੇ ਅਜਿਹਾ ਹੀ ਕੀਤਾ ਤਾਂ ਫਕੀਰ ਨੇ ਖੁਸ਼ ਹੋ ਕੇ ਵਰ ਦਿੱਤਾ ਕਿ ਉਸ ਦੇ ਘਰ ਪੁੱਤਰ ਪੈਦਾ ਹੋਵੇਗਾ, ਜੋ ਬੜਾ ਤੇਜੱਸਵੀ, ਪ੍ਰਤਾਪੀ ਤੇ ਬੀਰ ਪੁਰਸ਼ ਹੋਵੇਗਾ, ਪਰ ਨਿਸ਼ਾਨੀ ਇਹ ਹੋਵੇਗੀ ਕਿ ਉਸ ਦੀ ਇਕ ਅੱਖ ਹੀ ਹੋਵੇਗੀ। ਦੂਜੀ ਇਹ ਕਿ ਕੰਵਰ ਨੌਨਿਹਾਲ ਸਿੰਘ ਦੀ ਸ਼ਾਦੀ ਮੌਕੇ ਮਹਾਰਾਜੇ ਨੇ ਐਲਾਨ ਕੀਤਾ ਕਿ ਖੁਸ਼ੀ ਦੇ ਇਸ ਮੌਕੇ ‘ਤੇ ਹਰ ਮੰਗਤੇ ਨੂੰ ਸੋਨੇ ਦੀ ਇਕ-ਇਕ ਮੋਹਰ ਦਿੱਤੀ ਜਾਵੇਗੀ। ਇਕ ਲਾਲਚੀ ਮਿਰਾਸੀ ਨੇ ਕੀੜਿਆਂ ਦਾ ਕੁੱਜਾ ਭਰਿਆ ਅਤੇ ਮਹਾਰਾਜੇ ਅੱਗੇ ਲਿਆ ਰੱਖਿਆ। ਮਹਾਰਾਜੇ ਨੇ ਕੁੱਜੇ ਵਿਚਲੀ ਚੀਜ਼ ਬਾਰੇ ਪੁੱਛਿਆ ਤਾਂ ਮਿਰਾਸੀ ਨੇ ਢੱਕਣ ਲਾਹ ਕੇ ਦਿਖਾ ਦਿੱਤਾ ਤੇ ਬੇਨਤੀ ਕੀਤੀ ਕਿ ਮਹਾਰਾਜਾ ਆਪਣੇ ਵਾਅਦੇ ਅਨੁਸਾਰ ਪ੍ਰਤੀ ਜੀਅ ਇਕ-ਇਕ ਮੋਹਰ ਗਿਣ ਕੇ ਉਸ ਨੂੰ ਦੇ ਦੇਵੇ। ਮਹਾਰਾਜੇ ਨੇ ਕੀੜਿਆਂ ਦੀ ਗਿਣਤੀ ਤਾਂ ਕੀ ਕਰਨੀ ਸੀ, ਉਸ ਨੇ ਲਾਲਚੀ ਮਿਰਾਸੀ ਦਾ ਕੁੱਜਾ ਸੋਨੇ ਦੀਆਂ ਮੋਹਰਾਂ ਨਾਲ ਭਰਵਾ ਦਿੱਤਾ।
ਇਸੇ ਤਰ੍ਹਾਂ ਕਿਸੇ ਮਾਈ ਨੇ ਸੁਣਿਆ ਕਿ ਰਣਜੀਤ ਸਿੰਘ ਨਾਲ ਜਿਹੜੀ ਚੀਜ਼ ਛੂੰਹਦੀ ਹੈ, ਸੋਨਾ ਬਣ ਜਾਂਦੀ ਹੈ। ਲੋਭਣ ਮਾਈ ਇਕ ਦਿਨ ਰੋਟੀਆਂ ਪਕਾਉਣ ਵਾਲਾ ਤਵਾ ਲੈ ਕੇ ਬਾਹਰ ਆਣ ਖੜ੍ਹੀ ਹੋਈ। ਸੰਯੋਗ ਵਸ ਮਹਾਰਾਜਾ ਵੀ ਉਧਰੋਂ ਲੰਘ ਰਿਹਾ ਸੀ। ਸੇਵਾਦਾਰਾਂ ਦੀ ਪ੍ਰਵਾਹ ਕੀਤੇ ਬਗੈਰ ਮਾਈ ਨੇ ਤਵਾ ਮਹਾਰਾਜੇ ਨਾਲ ਘਸਾਉਣਾ ਸ਼ੁਰੂ ਕਰ ਦਿੱਤਾ। ਪੁੱਛਣ ‘ਤੇ ਮਾਈ ਨੇ ਪਾਰਸੀ ਛੋਹ ਵਾਲੀ ਸੁਣੌਤ ਸੁਣਾ ਦਿੱਤੀ। ਮਹਾਰਾਜੇ ਨੇ ਲੋਭੀ ਮਾਈ ਦੇ ਮਨ ਦੀ ਮੁਰਾਦ ਪੂਰੀ ਕਰਨ ਵਾਸਤੇ ਤਵੇ ਦੇ ਬਰਾਬਰ ਸੋਨਾ ਤੁਲਵਾ ਕੇ ਉਸ ਨੂੰ ਦਿਵਾ ਦਿੱਤਾ। ਇਸ ਨਾਲ ਰਲਦੀ-ਮਿਲਦੀ ਛੋਟੇ ਬਾਲਾਂ ਵਲੋਂ ਮਹਾਰਾਜੇ ਨੂੰ ਵੱਟੇ ਮਾਰ ਕੇ ਬੇਰ ਹਾਸਲ ਕਰਨ ਵਾਲੀ ਕਹਾਣੀ ਵੀ ਮਿਲਦੀ ਹੈ।
ਇਕ ਲੜਾਈ ਸਮੇਂ ਅਟਕ ਦਰਿਆ ਪਾਰ ਕਰਨ ਦੀ ਚੁਣੌਤੀ ਸਾਹਮਣੇ ਆਈ। ਕੁਝ ਲੋਕਾਂ ਦਾ ਵਿਚਾਰ ਸੀ ਕਿ ਦਰਿਆ ਚੜ੍ਹਿਆ ਹੋਇਆ ਹੈ, ਇਸ ਲਈ ਉਸ ਦੇ ਲੱਥ ਜਾਣ ਦਾ ਇੰਤਜ਼ਾਰ ਕੀਤਾ ਜਾਵੇ, ਪਰ ਮਹਾਰਾਜਾ ਰਣਜੀਤ ਸਿੰਘ ਲਈ ਲੜਾਈ ਦੀ ਯੋਜਨਾ ਅਨੁਸਾਰ ਦਰਿਆ ਪਾਰ ਕਰਨਾ ਜ਼ਰੂਰੀ ਸੀ। ਮਹਾਰਾਜੇ ਨੇ ਅਟਕ ਅੱਗੇ ਅਰਜ਼ੋਈ ਕੀਤੀ ਕਿ ਉਹ ਅਟਕ ਜਾਵੇ ਤੇ ਉਸ ਨੂੰ ਲਾਂਘਾ ਦੇ ਦੇਵੇ। ਅਜਿਹਾ ਹੀ ਹੋਇਆ। ਰਣਜੀਤ ਸਿੰਘ ਨੇ ਠਾਠਾਂ ਮਾਰਦੇ ਦਰਿਆ ਵਿਚ ਆਪਣਾ ਘੋੜਾ ਠੇਲ੍ਹ ਦਿੱਤਾ ਤੇ ਜਿਉਂ ਹੀ ਉਸ ਨੇ ਅੱਗੇ ਵਧਣਾ ਸ਼ੁਰੂ ਕੀਤਾ, ਦਰਿਆ ਦਾ ਪਾਣੀ ਲਹਿਣਾ ਸ਼ੁਰੂ ਹੋ ਗਿਆ। ਮਹਾਰਾਜੇ ਦਾ ਆਪਣੀ ਪਰਜਾ ਨਾਲ ਕਿੰਨਾ ਪਿਆਰ ਸੀ, ਇਸ ਬਾਰੇ ‘ਪਾਂਡੀ ਪਾਤਸ਼ਾਹ’ ਵਾਲੀ ਕਹਾਣੀ ਸਰਬ-ਵਿਖਿਆਤ ਹੈ।
ਇਕ ਦਿਨ ਫਕੀਰ ਅਜ਼ੀਜ਼ੂਦੀਨ ਅਤੇ ਮਹਾਰਾਜਾ ਸੈਰ ਕਰਨ ਲਈ ਲਾਹੌਰ ਤੋਂ ਬਾਹਰ ਜਾ ਰਹੇ ਸਨ। ਰਸਤੇ ਵਿਚ ਉਨ੍ਹਾਂ ਕਿਸੇ ਛਕੜੇ ‘ਤੇ ਕੋਈ ਚੀਜ਼ ਲੱਦੀ ਹੋਈ ਜਾਂਦੀ ਵੇਖੀ। ਇਤਫਾਕ ਨਾਲ ਮਹਾਰਾਜੇ ਦੀ ਨਜ਼ਰ ਉਸ ਛਕੜੇ ‘ਤੇ ਪਈ ਤੇ ਉਸ ਨੇ ਫਕੀਰ ਨੂੰ ਹੁਕਮ ਕੀਤਾ ਕਿ ਉਹ ਪਤਾ ਕਰੇ ਕਿ ਕਿਹੜੀ ਚੀਜ਼ ਲੱਦੀ ਹੋਈ ਹੈ? ਫਕੀਰ ਨੂੰ ਦੱਸਿਆ ਗਿਆ ਕਿ ਛਕੜੇ ‘ਤੇ ਕੁਰਾਨ ਸ਼ਰੀਫ ਦਾ ਨੁਸਖਾ ਲੱਦਿਆ ਹੋਇਆ ਹੈ, ਜੋ ਕਾਤਬ ਦੀ ਵਰ੍ਹਿਆਂ ਬੱਧੀ ਮਿਹਨਤ ਦਾ ਨਤੀਜਾ ਹੈ। ਕਾਤਬ ਦਾ ਵਿਚਾਰ ਸੀ ਕਿ ਲਾਹੌਰ ਦਾ ਮਹਾਰਾਜਾ ਕਿਉਂਕਿ ਸਿੱਖ ਹੈ, ਇਸ ਲਈ ਉਸ ਕੋਲੋਂ ਉਸ ਦੀ ਵਰ੍ਹਿਆਂ ਬੱਧੀ ਮਿਹਨਤ ਦਾ ਕੀ ਇਵਜ਼ਾਨਾ ਮਿਲ ਸਕਦਾ ਹੈ? ਯੋਗ ਮੁਆਵਜ਼ੇ ਦੀ ਭਾਲ ਵਿਚ ਉਹ ਨੁਸਖਾ ਲੈ ਕੇ ਹੈਦਰਾਬਾਦ (ਸਿੰਧ) ਜਾ ਰਿਹਾ ਸੀ ਤਾਂ ਜੋ ਉਥੋਂ ਦੇ ਮੁਸਲਮਾਨ ਹਾਕਮ ਕੋਲੋਂ ਆਪਣੀ ਮਿਹਨਤ ਦਾ ਪੂਰਾ ਮੁੱਲ ਪੁਆ ਸਕੇ। ਮਹਾਰਾਜੇ ਨੇ ਕਾਤਬ ਦੀ ਗੱਲ ਸੁਣ ਕੇ ਜਿੰਨਾ ਮੁੱਲ ਉਸ ਨੇ ਮੰਗਿਆ, ਉਸ ਨੂੰ ਦੇ ਕੇ ਨੁਸਖਾ ਖਰੀਦ ਲਿਆ। ਫਕੀਰ ਅਜ਼ੀਜ਼ੂਦੀਨ ਨੇ ਪੁੱਛਿਆ ਕਿ ਨੁਸਖਾ ਉਸ ਦੇ ਕਿਸ ਕੰਮ? ਮਹਾਰਾਜੇ ਨੇ ਉਤਰ ਦਿੱਤਾ ਕਿ ਪਰਮਾਤਮਾ ਨੇ ਸ਼ਾਇਦ ਇਸ ਕਰਕੇ ਉਸ ਨੂੰ ਇਕ ਹੀ ਅੱਖ ਦਿੱਤੀ ਹੈ ਤਾਂ ਜੋ ਉਹ ਉਸੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਅਤੇ ਕੁਰਾਨ ਸ਼ਰੀਫ ਦੇਖ ਸਕੇ।
ਸਿੱਖਾਂ ਦਾ ਵਫਦ ਮਹਾਰਾਜੇ ਨੂੰ ਮਿਲਿਆ ਤੇ ਮੁਸਲਮਾਨਾਂ ਵਲੋਂ ਪੰਜ ਵੇਲੇ ਦਿੱਤੀ ਜਾਂਦੀ ਅਜ਼ਾਨ ਵਿਰੁਧ ਸ਼ਿਕਾਇਤ ਕੀਤੀ ਅਤੇ ਮੰਗ ਕੀਤੀ ਕਿ ਇਹ ਬੰਦ ਕਰਵਾਈ ਜਾਵੇ। ਵਫਦ ਦੀ ਤਸੱਲੀ ਲਈ ਇਹ ਦੱਸਿਆ ਗਿਆ ਕਿ ਅਜ਼ਾਨ ਤਾਂ ਇਬਾਦਤ ਲਈ ਲੋਕਾਂ ਨੂੰ ਮਸੀਤ ਵਿਚ ਇਕੱਠੇ ਕਰਨ ਦਾ ਸੱਦਾ ਹੈ ਅਤੇ ਇਸ ਵਿਚ ਕੁਝ ਵੀ ਮੰਦਾ ਨਹੀਂ। ਵਫਦ ਨੇ ਮੰਗ ਨਾ ਮੰਨੀ ਤੇ ਆਪਣੀ ਜ਼ਿਦ ‘ਤੇ ਅੜਿਆ ਰਿਹਾ। ਆਖਰ ਮਹਾਰਾਜੇ ਨੂੰ ਤਰਤੀਬ ਸੁੱਝੀ। ਉਸ ਨੇ ਵਫਦ ਵਿਚ ਆਏ ਸਿੱਖਾਂ ਨੂੰ ਕਿਹਾ ਕਿ ਦਿਨ ਵਿਚ ਪੰਜ ਵਾਰੀ, ਮੁਸਲਮਾਨਾਂ ਦੇ ਘਰਾਂ ਵਿਚ ਜਾ ਕੇ ਇਬਾਦਤ ਵੇਲੇ ਉਨ੍ਹਾਂ ਨੂੰ ਇੱਕਠਿਆਂ ਹੋਣ ਦਾ ਸੱਦਾ ਦਿਆ ਕਰਨ। ਵਫਦ ਉਸ ਸਮੇਂ ਤਾਂ ਮੰਨ ਗਿਆ ਪਰ ਦਿਨ ਭਰ ਦੀ ਬੇਆਰਾਮੀ ਅਤੇ ਖੱਜਲ ਖੁਆਰੀ ਪਿਛੋਂ ਫਿਰ ਆਇਆ ਤੇ ਅਜ਼ਾਨ ਮੁੜ ਸ਼ੁਰੂ ਕਰਾਉਣ ਦੀ ਮੰਗ ਕੀਤੀ।
ਮਹਾਰਾਜੇ ਦੇ ਅੰਤਿਮ ਸਸਕਾਰ ਸਬੰਧੀ ਹਕਾਇਤ ਵਿਚ ਇਸ ਤਰ੍ਹਾਂ ਆਉਂਦਾ ਹੈ ਕਿ ਜਦ ਚਿਤਾ ਨੂੰ ਲਾਂਬੂ ਲਾਇਆ ਗਿਆ ਤਾਂ ਅਚਾਨਕ ਹੀ ਅਸਮਾਨ ਵਿਚੋਂ ਦੋ ਕਬੂਤਰ ਉਡਦੇ-ਉਡਦੇ ਚਿਖਾ ਵਿਚ ਆਣ ਪਏ ਅਤੇ ਸੜ ਕੇ ਸੁਆਹ ਹੋ ਗਏ।
ਮਹਾਰਾਜਾ ਰਣਜੀਤ ਸਿੰਘ ਬਾਰੇ ਲੋਕਧਾਰਾਈ ਸਮੱਗਰੀ ਦਾ ਦੂਜਾ ਹਿੱਸਾ ਉਸ ਬਾਰੇ ਸਿਰਜੇ ਗਏ ਕੁਝ ਲੋਕ ਗੀਤ ਹਨ। ਇਹ ਸਾਰੇ ਲੋਕ ਗੀਤ ਵੀ ਕਹਾਣੀਆਂ ਵਾਂਗ ਉਸ ਦੀ ਸ਼ਖਸੀਅਤ ਅਤੇ ਕਾਰਨਾਮਿਆਂ ਦੇ ਵੱਖ-ਵੱਖ ਪੱਖਾਂ ਬਾਰੇ ਹਨ। ਹੇਠ ਲਿਖਿਆ ਗੀਤ ਉਨ੍ਹਾਂ ਦੀ ਮਹਿਮਾ ਦਾ ਵਿਖਿਆਨ ਕਰਦਾ ਹੈ:
ਚਿੱਟੀ ਪੱਗ ‘ਤੇ ਪੈ ਗਈ ਧੂੜ ਵੇ।
ਕਿਸੇ ਚੰਦਰੇ ਮਾਰਿਆ ਕੂੜ ਵੇ।
ਜਿਸ ਰਾਜੇ ਦੀ ਲਈ ਤੂੰ ਟੇਕ ਵੇ।
ਰਣਜੀਤ ਉਹ ਡਾਢਾ ਨੇਕ ਵੇ।
ਮਹਾਰਾਜੇ ਦੀ ਅਗਵਾਈ ਹੇਠ ਫੌਜ ਵਲੋਂ ਕੀਤੀ ਗਈ ਮੁਲਤਾਨ ਫਤਿਹ (1818 ਵਿਚ) ਬਾਰੇ ਲੋਕ ਗੀਤ ਮਿਲਦਾ ਹੈ, ਜੋ ਲੜਾਈ ਦਾ ਸਜੀਵ ਚਿੱਤਰ ਸਾਹਮਣੇ ਲਿਆਉਂਦਾ ਹੈ,
ਕਾਲ ਬੁਲੰਦੀ ਨਾਰਦ ਉਠਿਆ ਏ ਨੱਚ,
ਲਾਹੌਰੋਂ ਫੌਜਾਂ ਚੜ੍ਹੀਆਂ,
ਸ਼ਹਿਰ ਗਿਆ ਮੁਲਤਾਨ ਦਾ ਮੱਚ।
ਘੋੜੇ ਤੜਪਣ ਤੇ ਤੁਪਕਾਂ ਛੁੱਟਣ,
ਰਾਠਾਂ ਦੀਆਂ ਰੁਲੀਵਣ ਲਾਸ਼ਾਂ,
ਜਿਵੇਂ ਸੱਥਰ ਕਰੇਂਦੇ ਨੇ ਚਰੀਆਂ ਜੱਟ।
ਐਲੀ ਐਲੀ ਪਏ ਖਾਨ ਕਰੇਂਦੇ ਨੇ,
ਜਿਨ੍ਹਾਂ ਮਰਦਾਨਿਆਂ ਲੜ ਕੇ,
ਮਰਦ ਦਾ ਵਧਾਇਆ ਏ ਪੱਕ,
ਗੁੱਠਿਓ ਚੜ੍ਹੇ ਨੇ ਕਟਕ ਸਿੱਖਾਂ ਦੇ,
ਰੱਬੂ ਪਈ ਬਚਣੀ ਏ,
ਦਾਨਿਸ਼ਮੰਦਾਂ ਦੀ ਪੱਤ।
ਅਟਕੋਂ ਪਾਰ ਦਾ ਇਲਾਕਾ ਮਹਾਰਾਜਾ ਰਣਜੀਤ ਸਿੰਘ ਅਤੇ ਅਫਗਾਨਾਂ ਵਿਚਾਲੇ ਹਮੇਸ਼ਾ ਲੜਾਈਆਂ ਦਾ ਕਾਰਨ ਬਣਦਾ ਰਿਹਾ ਹੈ। ਇਸ ਕਸ਼ਮਕਸ਼ ਵਿਚ ਮਹਾਰਾਜੇ ਨੂੰ ਪੰਜ ਵਾਰ ਅਫਗਾਨਾਂ ਵਿਰੁਧ ਫੌਜਕਸ਼ੀ ਕਰਨੀ ਪਈ, ਜਿਨ੍ਹਾਂ ਦਾ ਸਥਾਨਕ ਲੋਕਾਂ ਦੇ ਮਨਾਂ ‘ਤੇ ਤ੍ਰਾਸ ਜਿਹਾ ਛਾਇਆ ਰਿਹਾ। ਹੇਠ ਲਿਖੇ ਬੰਦ ਵਿਚ ਅਟਕ ਫਤਿਹ ਹੋਣ ਦਾ ਜ਼ਿਕਰ ਹੈ,
ਕਤਦਿਆਂ ਕਤਦਿਆਂ ਭੈਣੋਂ ਨੀ,
ਮੇਰਾ ਮੋਢਾ ਫੁਰਿਆ,
ਭੈਣੋਂ ਦਿਉਂ ਵਧਾਈਆਂ ਨੀ,
ਸਿੰਘ ਅਟਕਾਂ ਤੋਂ ਤੁਰਿਆ।
ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਪਿਛੋਂ ਜੋ ਦੋ ਐਂਗਲੋ-ਸਿੱਖ ਲੜਾਈਆਂ ਹੋਈਆਂ, ਉਨ੍ਹਾਂ ਵਿਚ ਅਨੇਕ ਸੂਰਬੀਰ ਸ਼ਹੀਦ ਹੋ ਗਏ। ਲੜਾਈਆਂ ਵਿਚ ਸਿੱਖਾਂ ਦੀ ਹਾਰ ਦਾ ਕੀ ਕਾਰਨ ਸੀ? ਲੋਕ ਕਵੀ ਅਨੁਸਾਰ ਇਹ ਮਹਾਰਾਜੇ ਦੀ ਅਣਹੋਂਦ ਸੀ। ਅੰਗਰੇਜ਼ਾਂ ਅਤੇ ਹੋਰ ਦੋਖੀਆਂ ਦੀਆਂ ਚਾਲਾਂ ਕਾਮਯਾਬ ਹੋਈਆਂ ਅਤੇ ਸਦੀਆਂ ਦੇ ਸੰਘਰਸ਼ ਵਿਚੋਂ ਪੈਦਾ ਹੋਇਆ ਪੰਜਾਬੀਆਂ ਦਾ ਸੁਤੰਤਰ ਰਾਜ ਖੁੱਸ ਗਿਆ। ਸ਼ਾਹ ਮੁਹੰਮਦੀ ਅੰਦਾਜ਼ ਵਿਚ ਲਹੂ ਦੇ ਅੱਥਰੂ ਕੇਰਦਾ ਲੋਕ ਕਵੀ ਕਹਿੰਦਾ ਹੈ,
ਇਕ ਸਰਕਾਰ ਬਾਝੋਂ,
ਪਿਆ ਉਮਰਾਂ ਦਾ ਰੋਣਾ ਵੇ।

ਮੰਦੇ ਹਾਲ ਬੀਮਾਰਾਂ ਦੇ,
ਫੌਜਾਂ ਹਾਰ ਗਈਆਂ।
ਬੇੜੇ ਡੁੱਬ ਗਏ ਹਜ਼ਾਰਾਂ ਦੇ।
ਮਹਾਰਾਜਾ ਰਣਜੀਤ ਸਿੰਘ ਬਾਰੇ ਪ੍ਰਾਪਤ ਇਸ ਲੋਕਧਾਰਾਈ ਸਮੱਗਰੀ ਦਾ ਸੰਖੇਪ ਵਿਸ਼ਲੇਸ਼ਣ ਨਿਸ਼ਚੇ ਹੀ ਕਈ ਭਾਵਪੂਰਤ ਸਿੱਟੇ ਦ੍ਰਿਸ਼ਟੀਗੋਚਰ ਕਰਦਾ ਹੈ। ਜਾਨ ਮੁਹੰਮਦ ਦੇ ਵਰ ਨਾਲ ਰਣਜੀਤ ਸਿੰਘ ਦੇ ਪੈਦਾ ਹੋਣ ਦੀ ਕਥਾ ਲੋਕ ਮਨਾਂ ਵਿਚ ਵੱਸ ਰਹੇ ਨਾਇਕ ਦੇ ਮੱਧਕਾਲੀ ਸੰਕਲਪ ਵਲ ਇਸ਼ਾਰਾ ਕਰਦੀ ਹੈ ਕਿ ਉਨ੍ਹਾਂ ਦਾ ਮਹਿਬੂਬ ਨਾਇਕ ਕੋਈ ਅਸਾਧਾਰਨ ਬੰਦਾ ਹੀ ਹੋ ਸਕਦਾ ਹੈ, ਬੇਸ਼ੱਕ ਇਤਿਹਾਸਕ ਸਰੋਤਾਂ ਅਨੁਸਾਰ ਮਹਾਰਾਜੇ ਦੀ ਇਕ ਅੱਖ ਵਾਲੀ ਗੱਲ ਗਲਤ ਹੈ, ਕਿਉਂਕਿ ਉਹ ਚੇਚਕ ਦੀ ਬਿਮਾਰੀ ਨਾਲ ਜ਼ਾਇਆ ਹੋਈ ਸੀ। ਮੱਧਕਾਲ ਦੇ ਬਹੁਤੇ ਨਾਇਕਾਂ ਦਾ ਜਨਮ ਵਰਦਾਨ ਦਾ ਸਿੱਟਾ ਹੈ। ਅਟਕ ਦਰਿਆ ਦੇ ਰਾਹ ਦੇਣ ਦੀ ਗੱਲ ਮਹਾਰਾਜੇ ਦੇ ਦ੍ਰਿੜ੍ਹ ਆਤਮ-ਵਿਸ਼ਵਾਸ, ਨਿਸਚੈ ਅਤੇ ਮੁਸੀਬਤ ਵਿਚ ਨਾ ਘਬਰਾਉਣ ਦੀ ਰੁਚੀ ਦਾ ਬੋਧ ਕਰਾਉਂਦੀ ਹੈ। ਮਿਰਾਸੀ ਅਤੇ ਲੋਭਣ ਮਾਈ ਦੀਆਂ ਕਹਾਣੀਆ ਵਿਚੋਂ ਉਸ ਦੇ ਦਾਨੀ ਅਤੇ ਸਖੀ ਹੋਣ ਦੀ ਝਲਕ ਮਿਲਦੀ ਹੈ। ਪਾਂਡੀ ਪਾਤਸ਼ਾਹ ਦੀ ਕਥਾ ਉਸ ਦੀ ਪਰਜਾ-ਪਾਲਕੀ ਵਲ ਸੰਕੇਤ ਕਰਦੀ ਹੈ। ਕੁਰਾਨ ਮਜੀਦ ਦਾ ਨੁਸਖਾ ਖਰੀਦਣਾ ਅਤੇ ਅਜ਼ਾਨ ਬੰਦ ਨਾ ਕਰਨਾ ਮਹਾਰਾਜਾ ਰਣਜੀਤ ਸਿੰਘ ਦੀ ਧਾਰਮਿਕ ਰਵਾਦਾਰੀ ਤੇ ਸਹਿਣਸ਼ੀਲਤਾ ਦੀਆਂ ਠੋਸ ਮਿਸਾਲਾਂ ਹਨ। ਬਲਦੀ ਚਿਤਾ ਵਿਚ ਦੋ ਕਬੂਤਰਾਂ ਦਾ ਸੜ ਮਰਨਾ ਪਰਜਾ ਵਿਚ ਉਸ ਦੀ ਮਕਬੂਲੀਅਤ ਅਤੇ ਵਿਆਕੁਲਤਾ ਦੀ ਅਲਾਮਤ ਹੈ। ਸਾਰੰਸ਼ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਲੋਕਧਾਰਾਈ ਮਹਾਰਾਜਾ ਰਣਜੀਤ ਸਿੰਘ, ਇਤਿਹਾਸਕ ਰਣਜੀਤ ਸਿੰਘ ਦਾ ਹੀ ਪ੍ਰਤੌਅ ਹੈ। ਲੋਕ ਮਨਾਂ ਨੇ ਰਣਜੀਤ ਸਿੰਘ ਨੂੰ ਇਤਿਹਾਸ ਦੇ ਦਾਇਰੇ ਵਿਚੋਂ ਕੱਢ ਕੇ ਅਰਧ ਪੌਰਾਣਿਕ ਬਣਾ ਧਰਿਆ ਹੈ। ਇਹ ਯਾਤਰਾ ਨਿਸ਼ਚੇ ਹੀ ਮਹਾਰਾਜੇ ਦੀ ਚਿਰਜੀਵੀ ਪ੍ਰਾਪਤੀ ਹੈ। ਲੋਕ ਗੀਤਾਂ ਵਿਚ ਵੀ ਅਜਿਹੀਆਂ ਹੀ ਸੁਰਾਂ ਸੁਣਾਈ ਦਿੰਦੀਆਂ ਹਨ। ਮਹਾਰਾਜਾ ਰਣਜੀਤ ਸਿੰਘ ਦਾ ਬਿੰਬ ਤਿੰਨ ਧਰਾਤਲਾਂ ‘ਤੇ ਅੰਕਿਤ ਹੋਇਆ ਮਿਲਦਾ ਹੈ। ਇਕ ਇਤਿਹਾਸ ਦੀਆਂ ਪੁਸਤਕਾਂ ਵਿਚ, ਦੂਜਾ ਉਸ ਦੇ ਸਮਕਾਲੀ, ਨਿਕਟ ਸਮਕਾਲੀ ਕਵੀਆਂ ਦੇ ਮਨ ਵਿਚੋਂ ਉਪਜੇ ਕਾਵਿ ਵਲਵਲਿਆਂ ਦੇ ਰੂਪ ਵਿਚ ਅਤੇ ਤੀਜਾ ਲੋਕ ਸਿਮ੍ਰਿਤੀ ਵਿਚ। ਦਿਲਚਸਪ ਗੱਲ ਹੈ ਕਿ ਇਨ੍ਹਾਂ ਵਿਚ ਕੋਈ ਵਿਰੋਧ ਨਹੀਂ, ਸਗੋਂ ਇਹ ਇਕ ਦੂਜੇ ਦੇ ਪੂਰਕ ਹਨ। ਮੱਧਕਾਲੀ ਪੰਜਾਬ ਦੇ ਪ੍ਰਸੰਗ ਵਿਚ ਬਾਬਾ ਫਰੀਦ ਅਤੇ ਗੁਰੂ ਸਾਹਿਬਾਨ ਤੋਂ ਪਿਛੋਂ ਮਹਾਰਾਜਾ ਰਣਜੀਤ ਸਿੰਘ ਹੀ ਅਜਿਹਾ ਬੰਦਾ ਹੈ, ਜਿਸ ਦਾ ਅਸਰ ਲੋਕ ਮਨਾਂ ਵਿਚ ਅੱਜ ਵੀ ਅਮਿੱਟ ਹੈ।