ਗੁਲਜ਼ਾਰ ਸਿੰਘ ਸੰਧੂ
ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਬਾਰੇ ਇਤਿਹਾਸਕ ਤੇ ਮਿਥਿਹਾਸਕ ਕਿੱਸਿਆਂ ਦਾ ਕੋਈ ਅੰਤ ਨਹੀਂ। ਉਸ ਦੀ ਜਵਾਨੀ ਵੇਲੇ ਮੁਗਲੀਆ ਸਲਤਨਤ ਦਾ ਪਤਨ ਹੋ ਰਿਹਾ ਸੀ ਤੇ ਅਫਗਾਨ ਹਾਕਮ ਡਾਵਾਂਡੋਲ ਸਨ। ਰਣਜੀਤ ਸਿੰਘ ਚੁੰਬਕੀ ਸ਼ਕਤੀ ਦਾ ਮਾਲਕ ਸੀ। ਉਸ ਨੇ ਆਪਣੀ ਦਿਬਦ੍ਰਿਸ਼ਟੀ ਸਦਕਾ ਇਸ ਰਾਜਨੀਤਕ ਖਲਾਅ ਦਾ ਲਾਭ ਉਠਾ ਕੇ ਅਜਿਹੀ ਸਲਤਨਤ ਕਾਇਮ ਕੀਤੀ, ਜਿਸ ਦਾ ਦਬਦਬਾ ਸਿਖਰਾਂ ਛੁਹਣ ਵਾਲਾ ਸੀ।
ਪੰਜਾਬੀ ਸਾਹਿਤਕਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਪਰਵਾਸੀ ਪੰਜਾਬੀ ਸਰਬਪ੍ਰੀਤ ਸਿੰਘ ਨੇ ਉਸ ਦੇ ਦਰਬਾਰ ਦੀਆਂ ਦਿਲਚਸਪ ਘਟਨਾਵਾਂ ਨੂੰ ਆਪਣੀ ਅੰਗਰੇਜ਼ੀ ਵਿਚ ਲਿਖੀ ‘ਕੈਮਲ ਮਰਚੈਂਟ ਆਫ ਫਿਲਾਡੈਲਫੀਆ’ ਨਾਂ ਦੀ ਪੁਸਤਕ ਵਿਚ ਆਪਣੇ ਢੰਗ ਨਾਲ ਕਲਮਬੰਧ ਕੀਤਾ ਹੈ। ਇਹ ਰਚਨਾ ਸੁਣੇ ਸੁਣਾਏ ਕਿੱਸਿਆ ‘ਤੇ ਆਧਾਰਤ ਹੋਣ ਦੀ ਥਾਂ ਡੂੰਘੀ ਖੋਜ ਦਾ ਨਤੀਜਾ ਹੈ।
ਉਨ੍ਹਾਂ ਸਮਿਆਂ ਦੇ ਹੰਗਾਮੀ ਮਾਹੌਲ ਨੂੰ ਪੇਸ਼ ਕਰਨ ਵਾਸਤੇ ਸਰਬਪ੍ਰੀਤ ਸਿੰਘ ਨੇ ਮਹਾਰਾਜਾ ਦਰਬਾਰ ਵਿਚ ਕੰਮ ਕਰਦੇ ਇੱਕ ਸ਼ੇਖੀਮਾਰ ਅਮਰੀਕਨ ਜੋਸੀਆ ਹਾਰਲਨ ਨੂੰ ਚੁਣਿਆ ਹੈ, ਜੋ ਉਨ੍ਹੀਂਵੀਂ ਸਦੀ ਵਿਚ ਫਿਲਾਡੈਲਫੀਆ ਤੋਂ ਚਲ ਕੇ ਮਹਾਰਾਜੇ ਦੀ ਸਿੱਖ ਸਲਤਨਤ ਵਿਚ ਨੌਕਰੀ ਕਰਨ ਆਇਆ ਸੀ। ਪੁਸਤਕ ਦਸਦੀ ਹੈ ਕਿ ਉਸ ਦਰਬਾਰ ਵਿਚ ਹਾਰਲਨ ਜਿਹੇ ਹੋਰ ਵੀ ਸਨ, ਜੋ ਦੂਰ ਦੁਰਾਡੇ ਦੇਸ਼ਾਂ ਤੋਂ ਆ ਕੇ ਮਹਾਰਾਜੇ ਦਾ ਪਾਣੀ ਭਰਦੇ ਰਹੇ ਹਨ। ਵੈਨਚੂਰਾ ਨਾਂ ਦੇ ਫਰਾਂਸੀਸੀ ਕਮਾਂਡਰ ਨੇ ਸਿੰਘ ਸਰਦਾਰਾਂ ਵਾਂਗ ਦਾੜ੍ਹੀ ਮੁੱਛਾਂ ਵਧਾ ਕੇ ਇਹ ਸੇਵਾ ਨਿਭਾਈ ਤੇ ਇੱਕ ਸਿੱਖ ਮਹਿਲਾ ਨਾਲ ਵਿਆਹ ਰਚਾ ਕੇ ਸਦਾ ਕਈ ਮਹਾਰਾਜੇ ਦਾ ਹੋ ਗਿਆ।
ਲੇਖਕ ਨੇ ਆਪਣੀ ਰਚਨਾ ਨੂੰ ਸਵਾਦਲੀ ਤੇ ਦਿਲਚਸਪ ਬਣਾਉਣ ਲਈ ਉਨ੍ਹਾਂ ਸਭ ਘਟਨਾਵਾਂ ਦੀ ਥਾਹ ਪਾਈ ਹੈ, ਜੋ ਰਣਜੀਤ ਸਿੰਘ ਦੇ ਦਰਬਾਰ ਨਾਲ ਸੱਚੇ ਜਾਂ ਝੂਠੇ ਰੂਪ ਵਿਚ ਜੁੜੀਆਂ ਹੋਈਆਂ ਹਨ। ਖੂਬੀ ਇਹ ਕਿ ਉਸ ਨੇ ਪਹਿਲੇ ਰਚਨਾਕਾਰਾਂ ਦੇ ਬਿਆਨਾਂ ਨੂੰ ਆਪਣੇ ਛੱਜ ਵਿਚ ਛੰਡਿਆ ਹੈ। ਪ੍ਰਮਾਣ ਵਜੋਂ ਉਹ ਡੋਗਰਾ ਭਰਾਵਾਂ ਦੇ ਸੁਭਾਅ ਨੂੰ ਪਾਸਕੂ ਵਾਲੀ ਤੱਕੜੀ ਨਾਲ ਨਹੀਂ ਤੋਲਦਾ, ਮਾਨਵਤਾ ਦੀ ਭੱਠੀ ਵਿਚ ਮਘਾ ਕੇ ਵੇਖਦਾ ਹੈ। ਲੇਖਕ ਅਨੁਸਾਰ ਡੋਗਰਾ ਭਰਾ ਸਥਿਤੀਆਂ ਦਾ ਸ਼ਿਕਾਰ ਸਨ। ਅਜਿਹੀ ਸਥਿਤੀ ਦੇ ਸ਼ਿਕਾਰ ਇਕ ਬਰਾਡਫਟ ਨਾਂ ਦੇ ਬਰਤਾਨਵੀ ਏਜੰਟ ਦੇ ਮੂੰਹੋਂ ਲੇਖਕ ਇਹ ਵਾਕ ਵੀ ਅਖਵਾਉਂਦਾ ਹੈ, “ਕਦੀ ਕਦੀ ਮੈਨੂੰ ਏਦਾਂ ਜਾਪਦਾ ਹੈ ਕਿ ਮੈਂ ਕਿਸੇ ਹਾਕਮ ਦਾ ਪ੍ਰਤੀਨਿਧ ਬਣ ਕੇ ਦੂਜੇ ਹਾਕਮ ਨਾਲ ਗੱਲ ਨਹੀਂ ਕਰਦਾ, ਸਗੋਂ ਕਿਸੇ ਚਕਲੇ ਦੇ ਦੱਲੇ ਦਾ ਰੋਲ ਨਿਭਾ ਰਿਹਾ ਹਾਂ।” ਫਿਲਾਡੈਲਫੀਆ ਤੋਂ ਆਏ ਊਠਾਂ ਦੇ ਵਪਾਰੀ ਦਾ ਕਿੱਸਾ ਵੀ ਇਸੇ ਰੌਂਅ ਵਿਚ ਹੈ।
ਇਸ ਪੁਸਤਕ ਦੀ ਵੱਡੀ ਸ਼ਕਤੀ ਇਸ ਦੇ ਇਤਿਹਾਸਕ ਪਾਤਰਾਂ ਦੀ ਉਸਾਰੀ ਹੈ। ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸਦਾ ਕੌਰ ਹੋਵੇ ਜਾਂ ਮੁਸਲਿਮ ਕੰਚਣੀ ਮੋਰਾਂ ਨਾਲ ਵਿਆਹ ਕਰਵਾਉਣ ‘ਤੇ ਮਹਾਰਾਜੇ ਨੂੰ ਜਨਤਕ ਤੌਰ ‘ਤੇ ਕੋਰੜੇ ਮਾਰਨ ਵਾਲਾ ਅਕਾਲੀ ਫੂਲਾ ਸਿੰਘ-ਸਭਨਾਂ ਦੇ ਗੁਣ-ਔਗੁਣ ਉਭਾਰਨ ਵਿਚ ਲੇਖਕ ਨੇ ਢੁਕਵੀਂ ਸ਼ੈਲੀ ਤੇ ਸ਼ਬਦਾਵਲੀ ਵਰਤੀ ਹੈ। ਪੰਜਾਬ ਦੇ ਰਾਜੇ ਮਹਾਰਾਜੇ ਤੇ ਲਾਹੌਰ ਵਰਗੇ ਵੱਡੇ ਸ਼ਹਿਰਾਂ ਨੂੰ ਲੁੱਟਣ ਵਾਲੇ ਸਿੱਖ ਸਰਦਾਰ ਵੀ ਨਹੀਂ ਬਖਸ਼ੇ।
ਲੇਖਕ ਦੀ ਉਚੇਚੀ ਦੇਣ ਉਸ ਕਾਲ ਦੀਆਂ ਸਿੱਖ ਤੇ ਅਫਗਾਨ ਔਰਤਾਂ ਦੀ ਦਲੇਰੀ ਨੂੰ ਉਭਾਰਨ ਵਿਚ ਹੈ। ਲੇਖਕ ਨੇ ਮਹਾਰਾਜੇ ਦੀ ਉਸ ਰਾਜਨੀਤਕ ਚਤੁਰਾਈ ਨੂੰ ਵੀ ਖੂਬ ਉਭਾਰਿਆ, ਜੋ ਉਸ ਨੇ ਈਸਟ ਇੰਡੀਆ ਕੰਪਨੀ ਨਾਲ ਅਹਿਦਨਾਮਾ ਕਰਕੇ ਗੋਰਿਆਂ ਦਾ ਪੰਜਾਬ ਵਲ ਵਧਣਾ ਬੰਦ ਕੀਤਾ; ਤੇ ਇਹ ਵੀ ਕਿ ਮਹਾਰਾਜੇ ਦੇ ਅਕਾਲ ਚਲਾਣੇ ਤੋਂ ਪਿਛੋਂ ਏਨੀ ਸ਼ਕਤੀਸ਼ਾਲੀ ਸਲਤਨਤ ਕਿਵੇਂ ਈਸਟ ਇੰਡੀਆ ਕੰਪਨੀ ਦੀ ਝੋਲੀ ਜਾ ਪਈ। ਲੇਖਕ ਨੇ ਮਹਾਰਾਜੇ ਨੂੰ ਅਸਲੀ ਬਾਦਸ਼ਾਹਾਂ ਵਰਗਾ ਸਖਤ ਵੀ ਦਰਸਾਇਆ ਹੈ ਅਤੇ ਗਰੀਬ ਗੁਰਬਿਆਂ ਤੇ ਲੋੜਵੰਦਾਂ ਦਾ ਹਮਦਰਦ ਵੀ। ਲੇਖਕ ਅਨੁਸਾਰ ਉਸ ਨੇ ਹਾਰੇ ਹੋਏ ਦੁਸ਼ਮਣ ਨੂੰ ਕਦੀ ਆਪਣੇ ਗੁੱਸੇ ਦਾ ਸ਼ਿਕਾਰ ਨਹੀਂ ਬਣਾਇਆ।
ਇਹ ਦੱਸਣਾ ਵੀ ਯੋਗ ਹੋਵੇਗਾ ਕਿ ਮਹਾਰਾਜਾ ਰਣਜੀਤ ਸਿੰਘ ਜਾਂ ਧਾੜਵੀ ਸਿੰਘ ਸਰਦਾਰਾਂ ਦੇ ਸੁਭਾਅ ਤੇ ਬਿਰਤੀ ਦੀ ਪੇਸ਼ਕਾਰੀ ਲਈ ਵੱਖਰੀ ਸ਼ੈਲੀ ਵਰਤਣ ਵਾਲਾ ਸਰਬਪ੍ਰੀਤ ਸਿੰਘ ਪਹਿਲਾ ਲੇਖਕ ਨਹੀਂ। ਇਸ ਤੋਂ ਪਹਿਲਾਂ ਖੁਸ਼ਵੰਤ ਸਿੰਘ ਵੀ ਮਾਅਰਕੇ ਦਾ ਲੇਖਕ ਹੋਇਆ ਹੈ, ਜੋ ਤੱਥਾਂ ਦੀ ਥਾਂ ਰੌਚਕਤਾ ਨੂੰ ਤਰਜੀਹ ਦਿੰਦਾ ਸੀ।
ਜਾਇਸ ਪੈਟੀਗਰੀਊ ਨਾਂ ਦੀ ਇਕ ਲੇਖਕਾ ਨੇ ਸਿੱਖ ਜੱਟਾਂ ਦੀਆਂ ਸਿਆਸੀ ਗਤੀਵਿਧੀਆਂ ‘ਤੇ ਇਕ ਪੁਸਤਕ ‘ਰਾਬਰ ਨੌਬਲਮੈਨ’ ਲਿਖੀ ਹੈ, ਜਿਸ ਵਿਚ ਉਸ ਨੇ ਧਾੜਵੀ ਸਰਦਾਰਾਂ ਦੀ ਲੁੱਟ ਖਸੁੱਟ ਵਾਲੀ ਬਿਰਤੀ ਨੂੰ ਵੀ ਉਭਾਰਿਆ ਤੇ ਵਿਆਹ ਸ਼ਾਦੀਆਂ ਰਾਹੀਂ ਉਚੇਰੇ ਸਬੰਧ ਕਾਇਮ ਕਰਨ ‘ਤੇ ਵੀ ਪੂਰਾ ਚਾਨਣਾ ਪਾਇਆ ਹੈ। ਸਰਬਪ੍ਰੀਤ ਸਿੰਘ ਨੇ ਮਹਾਰਾਜੇ ਦੀ ਧਰਮ ਨਿਰਪੱਖ ਧਾਰਨਾ ਨੂੰ ਉਭਾਰਿਆ ਹੈ।
ਅੰਤਿਕਾ: ਅਬਦੁਲ ਹਮੀਦ ਅਦਮ
1. ਚੰਦ ਕਤਰੋਂ ਸੇ ਫਕੀਰੋਂ ਕੀ
ਨਾ ਦਾਵਤ ਕੀਜੀਏ,
ਰਹਿਨੇ ਦੀਜੀਏ ਯੇਹ ਕਿਸੀ
ਔਰ ਕੇ ਕਾਮ ਆਏਂਗੇ।
2. ਮੈ ਕੇ ਬਾਰੇ ਮੇਂ ਅਦਮ
ਇਤਨੀ ਖਬਰ ਹੈ ਹਮਕੋ,
ਚੀਜ਼ ਅੱਛੀ ਹੈ ਤਬੀਅਤ ਕੀ
ਰਵਾਨੀ ਕੇ ਲੀਏ।