ਕੈਪਟਨ ਨਾਲ ਗੁੱਸੇ ਹੋ ਕੇ ਨਵਜੋਤ ਸਿੱਧੂ ਨੇ ਛੱਡੀ ਵਜ਼ੀਰੀ

ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮੁੱਖ ਮੰਤਰੀ ਵੱਲੋਂ ਮੰਤਰੀ ਮੰਡਲ ‘ਚ ਰੱਦੋਬਦਲ ਤੋਂ ਬਾਅਦ ਸਿੱਧੂ ਨਰਾਜ਼ ਸਨ। ਅਸਲ ਵਿਚ ਸਿੱਧੂ ਵੱਲੋਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਦਿੱਲੀ ਵਿਚ 10 ਜੂਨ ਨੂੰ ਕੀਤੀ ਗਈ ਮੁਲਾਕਾਤ ਦੌਰਾਨ ਮੰਤਰੀ ਅਹੁਦੇ ਤੋਂ ਆਪਣਾ ਅਸਤੀਫਾ ਦੇ ਦਿੱਤਾ ਗਿਆ ਸੀ।

ਅਸਤੀਫੇ ‘ਚ ਕੇਵਲ ਇੰਨਾ ਹੀ ਲਿਖਿਆ ਗਿਆ ਸੀ ਕਿ ਉਹ ਪੰਜਾਬ ਮੰਤਰੀ ਮੰਡਲ ਤੋਂ ਆਪਣਾ ਅਸਤੀਫਾ ਦੇ ਰਹੇ ਹਨ। ਵਰਨਣਯੋਗ ਹੈ ਕਿ ਰਾਹੁਲ ਗਾਂਧੀ ਵੱਲੋਂ ਮੁੱਖ ਮੰਤਰੀ ਨਾਲ ਇਹ ਮਾਮਲਾ ਨਿਪਟਾਉਣ ਲਈ ਕਾਂਗਰਸ ਦੇ ਜਨਰਲ ਸਕੱਤਰ ਤੇ ਸੀਨੀਅਰ ਆਗੂ ਅਹਿਮਦ ਪਟੇਲ ਦੀ ਡਿਊਟੀ ਲਗਾਈ ਗਈ ਸੀ ਪਰ ਮੁੱਖ ਮੰਤਰੀ ਵੱਲੋਂ ਲਏ ਗਏ ਸਖਤ ਸਟੈਂਡ ਤੋਂ ਬਾਅਦ ਇਹ ਮਾਮਲਾ ਲਟਕ ਗਿਆ ਸੀ, ਕਿਉਂਕਿ ਰਾਹੁਲ ਗਾਂਧੀ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਗਏ ਸਨ ਅਤੇ ਪਾਰਟੀ ਵੱਲੋਂ ਹੁਣ ਤੱਕ ਕੋਈ ਨਵਾਂ ਪ੍ਰਧਾਨ ਨਹੀਂ ਥਾਪਿਆ ਜਾ ਸਕਿਆ। ਨਵਜੋਤ ਸਿੰਘ ਸਿੱਧੂ ਤੋਂ ਸਥਾਨਕ ਸਰਕਾਰਾਂ ਅਤੇ ਸਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਦੇ ਵਿਭਾਗ ਲੈ ਕੇ ਉਨ੍ਹਾਂ ਨੂੰ ਬਿਜਲੀ ਵਿਭਾਗ ਦਿੱਤੀ ਗਿਆ ਸੀ। ਜਿਸ ਕਾਰਨ ਉਹ ਨਾਰਾਜ਼ ਸਨ ਅਤੇ ਪਾਰਟੀ ਹਾਈਕਮਾਨ ਕੋਲ ਵੀ ਇਹ ਮੁੱਦਾ ਉਠਾਇਆ ਸੀ।
ਪਿਛਲੇ ਕਰੀਬ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਅਗਿਆਤਵਾਸ ਵਿਚ ਹੀ ਰਹੇ ਅਤੇ ਉਨ੍ਹਾਂ ਨੇ ਇਸ ਸਬੰਧੀ ਖਾਸਕਰ ਮੀਡੀਆ ਆਦਿ ਨਾਲ ਸੰਪਰਕ ਵਿਚ ਗੁਰੇਜ਼ ਹੀ ਕਰੀ ਰੱਖਿਆ ਸੀ ਅਤੇ ਨਾ ਹੀ ਉਨ੍ਹਾਂ ਵੱਲੋਂ ਕੋਈ ਬਿਆਨ ਜਾਂ ਟਿੱਪਣੀ ਹੀ ਦਿੱਤੀ ਗਈ। ਸੂਤਰਾਂ ਦਾ ਕਹਿਣਾ ਹੈ ਕਿ ਬੀਤੇ ਦਿਨਾਂ ਦੌਰਾਨ ਵਿਜੀਲੈਂਸ ਵਿਭਾਗ ਰਾਹੀਂ ਜਿਸ ਢੰਗ ਨਾਲ ਅੰਮ੍ਰਿਤਸਰ ਅਤੇ ਜ਼ੀਰਕਪੁਰ ਆਦਿ ਵਿਚ ਉਨ੍ਹਾਂ ਦੇ ਸਮੇਂ ਦੌਰਾਨ ਅਲਾਟ ਹੋਏ ਕੁਝ ਕੰਮਾਂ ਦੀ ਜਾਂਚ ਸ਼ੁਰੂ ਕਰਵਾਈ ਗਈ ਅਤੇ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ ਉਨ੍ਹਾਂ ਦੇ ਹਲਕੇ ਦੇ ਇਕ ਆਗੂ ਨੂੰ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਲਗਾਇਆ ਗਿਆ ਅਤੇ ਪਾਰਟੀ ਹਾਈਕਮਾਨ ਉਨ੍ਹਾਂ ਵੱਲੋਂ ਉਠਾਏ ਗਏ ਇਤਰਾਜ਼ਾਂ ਨੂੰ ਹੱਲ ਕਰਵਾਉਣ ‘ਚ ਅਸਮਰਥ ਸਾਬਤ ਹੋਈ, ਉਸ ਤੋਂ ਉਹ ਕਾਫੀ ਨਿਰਾਸ਼ ਵੀ ਸਨ। ਸ਼ ਸਿੱਧੂ ਆਪਣੇ ਚੰਡੀਗੜ੍ਹ ਸਥਿਤ ਸਰਕਾਰੀ ਨਿਵਾਸ ‘ਤੇ ਪਿਛਲੇ ਕਾਫੀ ਦਿਨਾਂ ਤੋਂ ਨਹੀਂ ਆਏ।
ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਕੁਝ ਅਹਿਮ ਮਸਲਿਆਂ, ਖਾਸ ਕਰਕੇ ਬਾਦਲਾਂ ਅਤੇ ਬਿਕਰਮ ਮਜੀਠਿਆ ਵਿਰੁੱਧ ਕਾਰਵਾਈ ਕਰਨ, ਨੂੰ ਲੈ ਕੇ ਮੱਤਭੇਦ ਹੋ ਗਏ ਸਨ। ਇਨ੍ਹਾਂ ਮੱਤਭੇਦਾਂ ਦਾ ਸਿਖਰ ਲੋਕ ਸਭਾ ਚੋਣਾਂ ਸਮੇਂ ਬਠਿੰਡਾ ਵਿਚ ਕੀਤੀਆਂ ਚੋਣ ਰੈਲੀਆਂ ਸਨ ਜਿਸ ਵਿਚ ਸਿੱਧੂ ਨੇ ਸੱਦਾ ਦਿੱਤਾ ਸੀ ਕਿ ‘ਫਰੈਂਡਲੀ ਮੈਚ ਖੇਡਣ ਵਾਲਿਆਂ ਨੂੰ ਹਰਾਇਆ ਜਾਵੇ।’ ਇਸ ਮਗਰੋਂ ਮੁੱਖ ਮੰਤਰੀ ਨੇ ਵੀ ਬਿਆਨ ਦਿੱਤਾ ਸੀ ਕਿ ਸਿੱਧੂ ਦੇ ਬਿਆਨ ਕਾਰਨ ਕਾਂਗਰਸ ਪਾਰਟੀ ਨੂੰ ਚੋਣਾਂ ਵਿਚ ਭਾਰੀ ਸੱਟ ਲੱਗ ਸਕਦੀ ਹੈ। ਨਤੀਜੇ ਆਉਣ ਤੋਂ ਬਾਅਦ ਉਨ੍ਹਾਂ ਕਿਹਾ ਸੀ ਕਿ ਸਿੱਧੂ ਦੀ ਬਿਆਨਬਾਜ਼ੀ ਕਰਕੇ ਕਾਂਗਰਸ ਬਠਿੰਡਾ ਲੋਕ ਸਭਾ ਸੀਟ ਹਾਰੀ ਹੈ। ਉਸ ਤੋਂ ਬਾਅਦ ਮਾਮਲਾ ਉਲਝਦਾ ਚਲਾ ਗਿਆ ਸੀ।
ਕੈਪਟਨ ਅਤੇ ਸਿੱਧੂ ਵਿਚਾਲੇ ਚੱਲ ਰਹੇ ਟਕਰਾਅ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਸੀ ਜਦੋਂ ਸਿੱਧੂ 6 ਜੂਨ ਨੂੰ ਪੰਜਾਬ ਵਜ਼ਾਰਤ ਦੀ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ ਅਤੇ ਉਸੇ ਸਮੇਂ ਪ੍ਰੈੱਸ ਕਾਨਫਰੰਸ ਕੀਤੀ। ਉਸੇ ਦਿਨ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਕਰਦਿਆਂ ਸਿੱਧੂ ਕੋਲੋਂ ਸਥਾਨਕ ਸਰਕਾਰਾਂ, ਸੈਰ ਸਪਾਟਾ ਅਤੇ ਸਭਿਆਚਾਰ ਮਾਮਲੇ ਵਿਭਾਗ ਵਾਪਸ ਲੈ ਕੇ ਬਿਜਲੀ ਅਤੇ ਨਵਿਆਉਣਯੋਗ ਊਰਜਾ ਵਿਭਾਗ ਦੇ ਦਿੱਤਾ ਗਿਆ ਸੀ, ਜਿਸ ਦਾ ਉਨ੍ਹਾਂ ਅਜੇ ਤਕ ਚਾਰਜ ਨਹੀਂ ਸਾਂਭਿਆ ਸੀ।
___________________________
ਨਵਜੋਤ ਸਿੱਧੂ ਬਹੁਤ ਵੱਡਾ ਮੌਕਾਪ੍ਰਸਤ: ਸੁਖਬੀਰ
ਫਿਰੋਜ਼ਪੁਰ: ਕਾਂਗਰਸੀ ਮੰਤਰੀ ਨਵਜੋਤ ਸਿੱਧੂ ਵੱਲੋਂ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜੇ ਅਸਤੀਫੇ ਬਾਰੇ ਸੁਖਬੀਰ ਬਾਦਲ ਨੇ ਆਖਿਆ ਕਿ ਸਿੱਧੂ ਨੂੰ ਡਰਾਮੇ ਕਰਨ ਦੀ ਆਦਤ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਰਾਹੁਲ ਗਾਂਧੀ ਨੂੰ ਚਿੱਠੀ ਲਿਖਣ ਦੀ ਕੋਈ ਲੋੜ ਨਹੀਂ ਸੀ ਕਿਉਂਕਿ ਅਸਤੀਫਾ ਦੇਣ ਲਈ ਮੁੱਖ ਮੰਤਰੀ ਨੂੰ ਭੇਜਿਆ ਸੁਨੇਹਾ ਕਾਫੀ ਹੋਣਾ ਸੀ। ਇਸ ਤੋਂ ਸਪਸ਼ਟ ਹੋ ਗਿਆ ਹੈ ਕਿ ਸਿੱਧੂ ਨੇ ਕਾਂਗਰਸ ਪਾਰਟੀ ਨੂੰ ਬਲੈਕਮੇਲ ਕਰਨ ਅਤੇ ਆਪਣੀ ਮਰਜ਼ੀ ਮੁਤਾਬਕ ਝੁਕਾਉਣ ਲਈ ਇਕ ਮਹੀਨੇ ਪਹਿਲਾਂ ਅਸਤੀਫਾ ਦੇ ਦਿੱਤਾ ਸੀ।
___________________________
ਵਿਰੋਧੀ ਧਿਰਾਂ ਨੇ ਸਿੱਧੂ ਲਈ ਬੂਹੇ ਖੋਲ੍ਹ, ਮੁੱਖ ਮੰਤਰੀ ਉਮੀਦਵਾਰ ਵਜੋਂ ਪੇਸ਼ਕਸ਼
ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਮੰਤਰੀ ਮੰਡਲ ਵਿਚੋਂ ਅਸਤੀਫਾ ਦੇਣ ਦੀਆਂ ਕਨਸੋਆਂ ਨਿਕਲਦਿਆਂ ਹੀ ਵਿਰੋਧੀ ਧਿਰਾਂ ਨੇ ਸ੍ਰੀ ਸਿੱਧੂ ਲਈ ਆਪੋ-ਆਪਣੇ ਬੂਹੇ ਖੋਲ੍ਹ ਦਿੱਤੇ ਹਨ। ਵਿਰੋਧੀ ਧਿਰਾਂ ਨੇ ਸ੍ਰੀ ਸਿੱਧੂ ਨੂੰ ਸਲਾਹਾਂ ਦੇਣ ਦੀ ਝੜੀ ਲਾਉਂਦਿਆਂ ਕਾਂਗਰਸ ਤੋਂ ਵੀ ਅਸਤੀਫਾ ਦੇ ਕੇ ਪੰਜਾਬ ਨੂੰ ਕੈਪਟਨ ਅਤੇ ਬਾਦਲਾਂ ਤੋਂ ਮੁਕਤ ਕਰਨ ਲਈ ਤੀਸਰੀ ਧਿਰ ਵਜੋਂ ਮੈਦਾਨ ਵਿਚ ਨਿੱਤਰਨ ਦਾ ਸੱਦਾ ਦਿੱਤਾ ਹੈ।
‘ਆਪ’ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸ੍ਰੀ ਸਿੱਧੂ ਨੂੰ ਕਾਂਗਰਸ ਤੋਂ ਵੀ ਅਸਤੀਫਾ ਦੇ ਕੇ ‘ਆਪ’ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਦੂਜੇ ਪਾਸੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਉਨ੍ਹਾਂ ਨੂੰ ਤੀਸਰੀ ਧਿਰ ਦੀ ਕਮਾਂਡ ਸਾਂਭ ਕੇ ਕੈਪਟਨ ਅਤੇ ਬਾਦਲਾਂ ਵਿਰੁੱਧ ਪੰਜਾਬ ਵਿਚ ਨਿਤਰਨ ਦਾ ਸੱਦਾ ਦਿੱਤਾ ਹੈ। ਇਸੇ ਤਰ੍ਹਾਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜੇ ਸ੍ਰੀ ਸਿੱਧੂ ਕਾਂਗਰਸ ਛੱਡਦੇ ਹਨ ਤਾਂ ਉਨ੍ਹਾਂ ਨੂੰ ਸਾਲ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਮੁੱਖ ਮੰਤਰੀ ਵਜੋਂ ਪੇਸ਼ ਕਰਕੇ ਚੋਣ ਲੜੀ ਜਾਵੇਗੀ। ਉਧਰ ਅੱਜ ਕੱਲ੍ਹ ਪਾਰਟੀ ਤੋਂ ਵੱਖਰੇ ਤੌਰ ‘ਤੇ ਸਰਗਰਮੀਆਂ ਚਲਾ ਰਹੇ ‘ਆਪ’ ਦੇ ਵਿਧਾਇਕ ਅਮਨ ਅਰੋੜਾ ਨੇ ਵੀ ਸ੍ਰੀ ਸਿੱਧੂ ਨੂੰ ਇਮਾਨਦਾਰਾਂ ਦੀ ਪਾਰਟੀ ‘ਆਪ’ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਵਿਰੋਧੀ ਧਿਰ ਦੇ ਆਗੂ ਸ੍ਰੀ ਚੀਮਾ ਨੇ ਕਿਹਾ ਕਿ ਹੁਣ ਸ੍ਰੀ ਸਿੱਧੂ ਨੂੰ ਤੁਰਤ ਭ੍ਰਿਸ਼ਟ ਕਾਂਗਰਸ ਪਾਰਟੀ ਛੱਡ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸਿੱਧੂ ਦਾ ਸਾਫ ਸੁਥਰਾ ਸਿਆਸੀ ਅਕਸ ਅਤੇ ਕਾਂਗਰਸ ਵਿਚੋਂ ਕੇਵਲ ਉਨ੍ਹਾਂ ਵੱਲੋਂ ਹੀ ਬਾਦਲਾਂ ਦੇ 10 ਸਾਲਾ ਮਾਫੀਆ ਰਾਜ ਸਮੇਤ ਬੇਅਦਬੀਆਂ ਦੇ ਮਾਮਲਿਆਂ ‘ਤੇ ਅਕਾਲੀ ਦਲ ਵਿਰੁੱਧ ਬੇਬਾਕੀ ਨਾਲ ਬੋਲਣਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਾਸ ਨਹੀਂ ਸੀ ਆ ਰਿਹਾ, ਕਿਉਂਕਿ ਸ੍ਰੀ ਸਿੱਧੂ ਦੇ ਵਧਦੇ ਸਿਆਸੀ ਕੱਦ ਨੂੰ ਕੈਪਟਨ ਆਪਣੀ ਕੁਰਸੀ ਲਈ ਵੀ ਖਤਰਾ ਸਮਝਣ ਲੱਗੇ ਸਨ। ਇਸ ਕਰਕੇ ਸਿੱਧੂ ਨੂੰ ਲਗਾਤਾਰ ਜ਼ਲੀਲ ਕੀਤਾ ਜਾ ਰਿਹਾ ਸੀ। ਸੁਖਪਾਲ ਖਹਿਰਾ ਨੇ ਕਿਹਾ ਕਿ ਕੈਪਟਨ ਨੇ ਸ੍ਰੀ ਸਿੱਧੂ ਨੂੰ ਇਸ ਲਈ ਨਿਸ਼ਾਨਾ ਬਣਾਇਆ ਕਿਉਂਕਿ ਉਸ ਨੇ ਲੋਕ ਸਭਾ ਚੋਣਾਂ ਦੌਰਾਨ ਕੈਪਟਨ-ਬਾਦਲ ਦੀ ਆਪਸੀ ਗੰਢਤੁੱਪ ਬਾਰੇ ਸੱਚ ਬੋਲਿਆ ਸੀ। ਕੈਪਟਨ ਨੇ ਉਨ੍ਹਾਂ ਦੇ ਬਾਦਲਾਂ ਨਾਲ ਰਿਸ਼ਤਿਆਂ ਦਾ ਖੁਲਾਸਾ ਕਰਨ ਕਾਰਨ ਸ੍ਰੀ ਸਿੱਧੂ ਨੂੰ ਸਬਕ ਸਿਖਾਉਣ ਲਈ ਹੀ ਮੰਤਰੀ ਮੰਡਲ ਵਿੱਚ ਫੇਰਬਦਲ ਕਰਨ ਦਾ ਡਰਾਮਾ ਘੜਿਆ ਸੀ।