ਬਿਨਾਂ ਵੀਜ਼ੇ ਤੋਂ ਰੋਜ਼ਾਨਾ ਜਾ ਸਕਣਗੇ 5 ਹਜ਼ਾਰ ਸ਼ਰਧਾਲੂ
ਵਾਹਗਾ: ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀਆਂ ਦੀ ਵਾਹਗਾ ਸਰਹੱਦ ‘ਤੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਹੋਈ ਦੂਜੇ ਗੇੜ ਦੀ ਅਹਿਮ ਬੈਠਕ ਵਿਚ 80 ਫੀਸਦੀ ਸ਼ਰਤਾਂ ਉਤੇ ਸਹਿਮਤੀ ਬਣੀ। ਇਸ ਤਹਿਤ ਪਾਕਿਸਤਾਨ ਅਤੇ ਭਾਰਤ ਇਸ ਗੱਲ ‘ਤੇ ਸਹਿਮਤ ਹੋ ਗਏ ਕਿ ਗੁਰਦੁਆਰਾ ਕਰਤਾਰਪੁਰ ਵਿਚ ਰੋਜ਼ਾਨਾ 5 ਹਜ਼ਾਰ ਸ਼ਰਧਾਲੂ ਜਾ ਸਕਣਗੇ।
ਇਸ ਲਈ ਵੀਜ਼ੇ ਦੀ ਲੋੜ ਨਹੀਂ ਹੋਵੇਗੀ। ਓ.ਸੀ.ਆਈ. ਕਾਰਡਧਾਰਕਾਂ ਨੂੰ ਵੀ ਲਾਂਘੇ ਦੇ ਇਸਤੇਮਾਲ ਦੀ ਇਜਾਜ਼ਤ ਹੋਵੇਗੀ। ਹਾਲਾਂਕਿ ਲਾਂਘੇ ਵਿਚਲੇ ਅੜਿੱਕਿਆਂ ਬਾਰੇ ਪੁੱਛੇ ਜਾਣ ‘ਤੇ ਪਾਕਿਸਤਾਨ ਵੱਲੋਂ ਕਿਹਾ ਗਿਆ ਕਿ ਵੱਖ ਵੱਖ ਹਿੱਸਿਆਂ ਵਿਚ ਇਹ ਮਸਲੇ ਵੀ ਹੱਲ ਕਰ ਲਏ ਜਾਣਗੇ। ਸੂਤਰਾਂ ਅਨੁਸਾਰ ਅੰਤਿਮ ਸਮਝੌਤੇ ਤੱਕ ਪੁੱਜਣ ਲਈ ਹਾਲੇ ਦੋ ਜਾਂ ਤਿੰਨ ਗੇੜ ਦੀ ਗੱਲਬਾਤ ਹੋਣੀ ਲਾਜ਼ਮੀ ਹੈ। ਵਿਦੇਸ਼ ਮੰਤਰਾਲੇ ਅਨੁਸਾਰ ਪਾਕਿਸਤਾਨ ਇਸ ਤੋਂ ਪਹਿਲਾਂ ਸਿੱਧਾਂਤਕ ਤੌਰ ‘ਤੇ ਪੁਲ ਦੀ ਉਸਾਰੀ ਉਤੇ ਰਾਜ਼ੀ ਹੋ ਗਿਆ ਹੈ। ਪਾਕਿਸਤਾਨ ਨੇ ਮੀਟਿੰਗ ਵਿਚ ਹੋਈ ਗੱਲਬਾਤ ਸਬੰਧੀ ਵਿਸਥਾਰ ਵਿਚ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਭਾਰਤੀ ਵਫਦ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ‘ਚ ਸਫਾਰਤੀ ਰਸਾਈ ‘ਤੇ ਜ਼ੋਰ ਦਿੱਤਾ ਤਾਂ ਜੋ ਲੋੜ ਪੈਣ ‘ਤੇ ਸ਼ਰਧਾਲੂਆਂ ਨੂੰ ਸਹਾਇਤਾ ਦਿੱਤੀ ਜਾ ਸਕੇ। ਭਾਰਤ ਵੱਲੋਂ ਕਰਤਾਰਪੁਰ ਲਾਂਘੇ ਕੋਲ ਪੁਲ ਉਸਾਰਿਆ ਜਾ ਰਿਹਾ ਹੈ ਅਤੇ ਵਾਰਤਾ ਦੌਰਾਨ ਭਾਰਤ ਨੇ ਪਾਕਿਸਤਾਨ ਨੂੰ ਬੇਨਤੀ ਕੀਤੀ ਕਿ ਉਹ ਸ਼ਰਧਾਲੂਆਂ ਦੀ ਸੁਰੱਖਿਆ ਲਈ ਆਪਣੇ ਹਿੱਸੇ ਵੱਲ ਪੁਲ ਬਣਾਏ ਅਤੇ ਹੜ੍ਹਾਂ ਸਬੰਧੀ ਖਦਸ਼ਿਆਂ ਨੂੰ ਦੂਰ ਕਰੇ। ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਪ੍ਰਸਤਾਵਿਤ ਕਾਜ਼ਵੇਅ ਨਾਲ ਲੋਕਾਂ ਲਈ ਦਿੱਕਤਾਂ ਖੜ੍ਹੀਆਂ ਹੋਣਗੀਆਂ ਅਤੇ ਇਸ ਨੂੰ ਆਰਜ਼ੀ ਤੌਰ ‘ਤੇ ਵੀ ਨਹੀਂ ਬਣਾਇਆ ਜਾਣਾ ਚਾਹੀਦਾ। ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਕ ਪਾਕਿਸਤਾਨੀ ਅਧਿਕਾਰੀਆਂ ਨੇ ਫੌਰੀ ਪੁਲ ਉਸਾਰੇ ਜਾਣ ਦੀ ਸਿਧਾਂਤਕ ਤੌਰ ‘ਤੇ ਸਹਿਮਤੀ ਜਤਾਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਰਾਵੀ ਦਰਿਆ ‘ਤੇ ਪੁਲ ਦੀ ਉਸਾਰੀ ਦਾ ਕੰਮ ਨਾ ਹੋਣ ਕਰ ਕੇ ਭਾਰਤ ਨੇ ਨਵੰਬਰ ‘ਚ ਲਾਂਘੇ ਨੂੰ ਖੋਲ੍ਹਣ ਦੇ ਆਰਜ਼ੀ ਪ੍ਰਬੰਧ ਕਰਨ ਦੀ ਪੇਸ਼ਕਸ਼ ਕੀਤੀ ਹੈ।
ਉੱਚ ਪੱਧਰੀ ਮੀਟਿੰਗ ਵਿਚ ਭਾਰਤ ਵੱਲੋਂ ਜੁਆਇੰਟ ਸਕੱਤਰ ਐਸ਼ਸੀ.ਐਲ ਦਾਸ ਜਦਕਿ ਪਾਕਿਸਤਾਨ ਵੱਲੋਂ ਦੱਖਣੀ ਏਸ਼ੀਆ ਅਤੇ ਸਾਰਕ ਦੇ ਡਾਇਰੈਕਟਰ ਜਨਰਲ ਡਾ. ਮੁਹੰਮਦ ਫੈਸਲ ਦੀ ਅਗਵਾਈ ਹੇਠ ਵਫਦ ਨੇ ਹਿੱਸਾ ਲਿਆ। ਪੰਜਾਬ ਸਰਕਾਰ ਵੱਲੋਂ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਹੁਸਨ ਲਾਲ ਤੋਂ ਇਲਾਵਾ ਨੈਸ਼ਨਲ ਹਾਈਵੇਅ ਅਥਾਰਟੀਜ਼ ਦੇ ਨੁਮਾਇੰਦੇ ਵੀ ਸ਼ਾਮਲ ਹੋਏ। ਕਰੀਬ ਤਿੰਨ ਘੰਟੇ ਤੱਕ ਚੱਲੀ ਮੀਟਿੰਗ ਵਿਚ ਦੋਵਾਂ ਮੁਲਕਾਂ ਦੇ ਅਧਿਕਾਰੀਆਂ ਵੱਲੋਂ ਆਪੋ-ਆਪਣੇ ਸੁਝਾਅ ਤੇ ਸ਼ਰਤਾਂ ਪੇਸ਼ ਕੀਤੀਆਂ ਗਈਆਂ। ਸੰਯੁਕਤ ਸਕੱਤਰ ਐਸ ਸੀ ਐਲ ਦਾਸ ਨੇ ਦੱਸਿਆ ਕਿ ਪਾਕਿਸਤਾਨ ਸਰਕਾਰ ਨੇ ਪੂਰਾ ਸਾਲ ਵੀਜ਼ਾ ਮੁਕਤ ਯਾਤਰਾ ਦੀ ਗੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਤੋਂ ਰੋਜ਼ਾਨਾ 5000 ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾ ਸਕਣਗੇ।
ਉਨ੍ਹਾਂ ਕਿਹਾ ਕਿ ਸ਼ਰਧਾਲੂ ਇਕੱਲੇ ਜਾਂ ਜਥੇ ਦੇ ਰੂਪ ਵਿਚ ਵੀ ਜਾ ਸਕਣਗੇ ਤੇ ਪੈਦਲ ਜਾਣ ਦੀ ਇਜਾਜ਼ਤ ਵੀ ਮਿਲ ਗਈ ਹੈ। ਉਨ੍ਹਾਂ ਦੱਸਿਆ ਕਿ ਖਾਸ ਮੌਕਿਆਂ ‘ਤੇ 10 ਹਜ਼ਾਰ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀ ਆਗਿਆ ਦੇਣ ਦੀ ਮੰਗ ਵੀ ਕੀਤੀ ਗਈ ਹੈ। ਭਾਰਤ ਨੇ ਪਾਕਿਸਤਾਨ ਨੂੰ ਦੱਸਿਆ ਕਿ ਉਹ ਰੋਜ਼ਾਨਾ 15 ਹਜ਼ਾਰ ਸ਼ਰਧਾਲੂਆਂ ਨੂੰ ਸੰਭਾਲਣ ਦੀ ਤਿਆਰੀ ਕਰ ਰਿਹਾ ਹੈ। ਭਾਰਤ ਨੇ ਮੰਗ ਕੀਤੀ ਕਿ ਪਾਕਿਸਤਾਨ ਸ਼ਰਧਾਲੂਆਂ ਤੋਂ ਪਰਮਿਟ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਫੀਸ ਨਾ ਵਸੂਲੇ। ਭਾਰਤ ਨੇ ਪਰਮਿਟ ਸਿਸਟਮ ਨਾ ਬਣਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਅਕਤੂਬਰ ਅਤੇ ਨਵੰਬਰ ਵਿਚ ਭਾਰਤ ਤੋਂ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਦਿਹਾੜੇ ਸਬੰਧੀ ਜਾਣ ਵਾਲੇ ਨਗਰ ਕੀਰਤਨ ਨੂੰ ਇਜਾਜ਼ਤ ਦੇਣ ਦੀ ਮੰਗ ਕੀਤੀ।
____________________________
ਕੈਪਟਨ ਵੱਲੋਂ ਫੈਸਲੇ ਦਾ ਸਵਾਗਤ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਂਘੇ ਰਾਹੀਂ ਜਾਣ ਵਾਲੇ ਸ਼ਰਧਾਲੂਆਂ ਲਈ ਵੱਖਰੇ ਪਰਮਿਟ ਸਿਸਟਮ ਦੀ ਜ਼ਰੂਰਤ ਨੂੰ ਹਟਾਉਣ ਲਈ ਪਾਕਿਸਤਾਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਪਾਸਪੋਰਟ ਦੀ ਸ਼ਰਤ ਵੀ ਹਟਾਉਣ ਦੀ ਅਪੀਲ ਕੀਤੀ ਤਾਂ ਜੋ ਪੇਂਡੂ ਇਲਾਕਿਆਂ ਤੋਂ ਵੀ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਸਹੂਲਤ ਮਿਲ ਸਕੇ। ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਉਨ੍ਹਾਂ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਕੀਤੀਆਂ ਜਾ ਰਹੀਆਂ ਹੋਰ ਮੰਗਾਂ ਨੂੰ ਵੀ ਪ੍ਰਵਾਨ ਕਰਵਾਉਣ ਲਈ ਭਾਰਤ ਸਰਕਾਰ ਵੱਲੋਂ ਪਾਕਿਸਤਾਨ ‘ਤੇ ਜ਼ੋਰ ਪਾਇਆ ਜਾਵੇਗਾ।
____________________________
ਭਾਰਤ ਨੂੰ ਅਤਿਵਾਦੀ ਸਰਗਰਮੀਆਂ ਦਾ ਖਦਸ਼ਾ
ਭਾਰਤ ਨੇ ਪਾਕਿਸਤਾਨ ਕੋਲ ਖਦਸ਼ਾ ਜਤਾਇਆ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ‘ਤੇ ਕੁਝ ਵਿਅਕਤੀਆਂ ਅਤੇ ਗੁੱਟਾਂ ਵੱਲੋਂ ਭਾਰਤ ਵਿਰੋਧੀ ਸਰਗਰਮੀਆਂ ਨੂੰ ਹੱਲਾਸ਼ੇਰੀ ਦਿੱਤੀ ਜਾ ਸਕਦੀ ਹੈ। ਇਸ ਕਾਰਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਤੀਰਥ ਯਾਤਰਾ ‘ਚ ਅੜਿੱਕਾ ਡਾਹੇ ਜਾਣ ਦੀਆਂ ਕੋਸ਼ਿਸ਼ਾਂ ਹੋ ਸਕਦੀਆਂ ਹਨ। ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਦੇ ਆਪਣੇ ਹਿੱਸੇ ‘ਚ ਕਾਜ਼ਵੇਅ ਬਣਾਏ ਜਾਣ ਦੀ ਤਜਵੀਜ਼ ਦਾ ਭਾਰਤ ਨੇ ਵਿਰੋਧ ਕੀਤਾ ਕਿਉਂਕਿ ਇਸ ਨਾਲ ਡੇਰਾ ਬਾਬਾ ਨਾਨਕ ‘ਚ ਹੜ੍ਹ ਆਉਣ ਦਾ ਖਤਰਾ ਬਣਿਆ ਰਹੇਗਾ। ਅਜਿਹੇ ਖਦਸ਼ਿਆਂ ਨੂੰ ਸਾਂਝਾ ਕਰਦਿਆਂ ਪਾਕਿਸਤਾਨ ਨੂੰ ਡੋਜ਼ੀਅਰ (ਮਿਸਲ) ਵੀ ਸੌਂਪਿਆ ਗਿਆ ਹੈ। ਪਾਕਿਸਤਾਨੀ ਅਧਿਕਾਰੀਆਂ ਨੇ ਭਾਰਤੀ ਵਫਦ ਨੂੰ ਭਰੋਸਾ ਦਿੱਤਾ ਹੈ ਕਿ ਕਿਸੇ ਵੀ ਭਾਰਤ ਵਿਰੋਧੀ ਸਰਗਰਮੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।