ਨਸ਼ਿਆਂ ਦੀ ‘ਓਵਰਡੋਜ਼’ ਨੇ ਘਰ-ਘਰ ਵਿਛਾਏ ਸੱਥਰ

ਚੰਡੀਗੜ੍ਹ: ਕੈਪਟਨ ਸਰਕਾਰ ਨੂੰ ਆਪਣਾ ਲਗਭਗ ਅੱਧਾ ਕਾਰਜਕਾਲ ਬੀਤਣ ਤੋਂ ਬਾਅਦ ਵੀ ਨਸ਼ਿਆਂ ਖਿਲਾਫ ਜੰਗ ‘ਚ ‘ਮੂੰਹ ਦੀ ਖਾਣੀ’ ਪੈ ਰਹੀ ਹੈ। ਖੇਤਾਂ ਦੀਆਂ ਮੋਟਰਾਂ ਤੋਂ ਮਿਲਦੀਆਂ ਸਰਿੰਜਾਂ ਕੋਈ ਖੂਨਦਾਨ ਕੈਂਪ ਦੀਆਂ ਨਹੀਂ, ਬਲਕਿ ਨਸ਼ੇ ਦੇ ਟੀਕੇ ਲਾਉਣ ਵਾਲੇ ਨੌਜਵਾਨਾਂ ਵੱਲੋਂ ਸੁੱਟੀਆਂ ਹੁੰਦੀਆਂ ਹਨ। ਪੁਲਿਸ ਦੀ ਪ੍ਰਾਪਤੀ ਤਾਂ ਸਿਰਫ ਸ਼ਰਾਬ ਤੇ ਗੋਲੀਆਂ ਬਰਾਮਦ ਕਰਨ ਤੱਕ ਸੀਮਤ ਹੈ। ਕੈਪਟਨ ਸਰਕਾਰ ਦੀ ਸਪੈਸ਼ਲ ਟਾਸਕ ਫੋਰਸ ਵੀ ਇਸ ਮਸਲੇ ਉਤੇ ਨਕਾਮ ਵਿਖਾਈ ਦੇ ਰਹੀ ਹੈ।

ਨਸ਼ੇ ਦੀ ਓਵਰਡੋਜ਼ ਨਾਲ ਨਿੱਤ ਦਿਹਾੜੇ ਨੌਜਵਾਨਾਂ ਦੇ ਮੌਤ ਦੇ ਮੂੰਹ ‘ਚ ਚਲੇ ਜਾਣ ਦੀਆਂ ਘਟਨਾਵਾਂ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਉਤੇ ਸਵਾਲੀਆ ਨਿਸ਼ਾਨ ਲਾ ਰਹੀਆਂ ਹਨ। ਵੱਡੀ ਗਿਣਤੀ ਨੌਜਵਾਨ ਨਾਮੁਰਾਦ ਬਿਮਾਰੀ ਏਡਜ਼ ਦਾ ਸ਼ਿਕਾਰ ਹੋ ਰਹੇ ਹਨ।
ਨਸ਼ਿਆਂ ਤੇ ਬੇਰੁਜ਼ਗਾਰੀ ਨੇ ਪੰਜਾਬ ਦੀ ਜਵਾਨੀ ਨੂੰ ਵੱਡੀ ਢਾਹ ਲਾਈ ਹੈ, ਜਿਸ ਕਰਕੇ ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਲਈ ਭੇਜਣ ਨੂੰ ਤਰਜੀਹ ਦੇ ਰਹੇ ਹਨ। ਪੰਜਾਬ ਸਰਕਾਰ ਅੰਕੜਿਆਂ ਦੇ ਨਾਲ ਨਸ਼ੇ ਖਿਲਾਫ ਵਿੱਢੀ ਮੁਹਿੰਮ ਨੂੰ ਸਫਲ ਦੱਸ ਰਹੀ ਹੈ ਪਰ ਹਕੀਕਤ ਵਿਚ ਨਸ਼ਾ ਜਿਉਂ ਦਾ ਤਿਉਂ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਰਿਹਾ ਹੈ। ਫਰੀਦਕੋਟ ਵਿਚ ਜ਼ਿਲ੍ਹਾ ਪੁਲਿਸ ਨੇ ਜਨਵਰੀ 2017 ਤੋਂ ਲੈ ਕੇ 30 ਜੂਨ 2019 ਤੱਕ 450 ਪਰਚੇ ਨਸ਼ਾ ਤਸਕਰੀ ਦੇ ਦਰਜ ਕੀਤੇ ਹਨ ਅਤੇ ਇਨ੍ਹਾਂ ਮਾਮਲਿਆਂ ਵਿਚ 580 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਪਰ ਇਸ ਦੇ ਬਾਵਜੂਦ ਜ਼ਿਲ੍ਹੇ ‘ਚ ਨਸ਼ੇ ਦੀ ਸਪਲਾਈ ਬੇਰੋਕ ਜਾਰੀ ਹੈ।
ਨਸ਼ੇ ਦੀ ਮਾਰ ‘ਚ ਆਏ ਨੌਜਵਾਨਾਂ ਦੀ ਸ਼ਨਾਖਤ ਲਈ ਵਿੱਢੀ ਮੁਹਿੰਮ ਵਿਚ ਫਰੀਦਕੋਟ ਜ਼ਿਲ੍ਹੇ ਵਿਚ 2600 ਨੌਜਵਾਨਾਂ ਦੀ ਸ਼ਨਾਖਤ ਹੋਈ ਹੈ, ਜੋ ਫਰੀਦਕੋਟ ਦੇ ਚਾਰ ਨਸ਼ਾ ਛੁਡਾਉ ਕੇਂਦਰਾਂ ਤੋਂ ਰੋਜ਼ਾਨਾ ਦਵਾਈ ਲੈ ਰਹੇ ਹਨ। ਪੀੜਤ ਨੌਜਵਾਨਾਂ ਨੂੰ ਹਰ ਰੋਜ਼ ਨਸ਼ਾ ਛੱਡਣ ਲਈ ਮੁਫਤ ਗੋਲੀ ਦਿੱਤੀ ਜਾਂਦੀ ਹੈ, ਜਿਸ ਦੀ ਕੀਮਤ 300 ਰੁਪਏ ਦੱਸੀ ਜਾ ਰਹੀ ਹੈ ਪਰ ਪੀੜਤ ਨੌਜਵਾਨਾਂ ਨੂੰ ਇਹ ਗੋਲੀ ਕੇਂਦਰ ‘ਚੋਂ ਮੁਫਤ ਲੈਣ ਲਈ 20-25 ਕਿਲੋਮੀਟਰ ਦਾ ਸਫਰ ਤੈਅ ਕਰਨਾ ਪੈਂਦਾ ਹੈ। ਫਰੀਦਕੋਟ ‘ਚ 20 ਬੈੱਡ ਦਾ ਅਤਿ ਆਧੁਨਿਕ ਨਸ਼ਾ ਛੁਡਾਉ ਤੇ ਮੁੜ ਵਸੇਬਾ ਕੇਂਦਰ ਸਥਾਪਤ ਕੀਤਾ ਗਿਆ ਹੈ ਪਰ ਇਥੇ ਸਿਰਫ ਦੋ ਨੌਜਵਾਨ ਹੀ ਇਲਾਜ ਲਈ ਭਰਤੀ ਹਨ। ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੇ ਸਰਵੇ ਅਨੁਸਾਰ ਫਰੀਦਕੋਟ ‘ਚ 8800 ਦੇ ਕਰੀਬ ਨੌਜਵਾਨ ਨਸ਼ੇ ਤੋਂ ਪੀੜਤ ਹੈ ਜਦੋਂ ਕਿ ਇਲਾਜ ਲਈ 2600 ਵਿਅਕਤੀ ਹੀ ਸਾਹਮਣੇ ਆਏ ਹਨ ਤੇ ਇਨ੍ਹਾਂ ‘ਚੋਂ 90 ਫੀਸਦੀ ਬੇਰੁਜ਼ਗਾਰ ਤੇ ਦਲਿਤ ਪਰਿਵਾਰਾਂ ਨਾਲ ਸੰਬੰਧਤ ਹਨ।
ਜੇਲ੍ਹ ਵਿਚ ਦੋ ਦਰਜਨ ਤੋਂ ਵੱਧ ਅਜਿਹੇ ਹਵਾਲਾਤੀਆਂ ਤੇ ਕੈਦੀਆਂ ਦੀ ਮੌਤ ਹੋਈ ਹੈ ਜੋ ਨਸ਼ੇ ਦੇ ਆਦੀ ਸਨ ਅਤੇ ਉਨ੍ਹਾਂ ਨੂੰ ਸਹੀ ਇਲਾਜ ਨਹੀਂ ਮਿਲਿਆ ਅਤੇ ਪ੍ਰਸ਼ਾਸਨ ਨੇ ਨਸ਼ਾ ਛੁਡਾਉਣ ਲਈ ਇਨ੍ਹਾਂ ਕੈਦੀਆਂ ਦੀ ਕੋਈ ਮਦਦ ਨਹੀਂ ਕੀਤੀ। ਸੀਨੀਅਰ ਪੁਲਿਸ ਕਪਤਾਨ ਫਰੀਦਕੋਟ ਨੇ ਦੱਸਿਆ ਕਿ ਤਿੰਨ ਸਾਲਾਂ ਵਿਚ ਫਰੀਦਕੋਟ ਪੁਲਿਸ ਨੇ 20 ਕਿਲੋ ਅਫੀਮ, 4 ਕੁਇੰਟਲ 63 ਕਿਲੋ ਪੋਸਤ, ਕਰੀਬ 2 ਲੱਖ ਨਸ਼ੀਲੀਆਂ ਗੋਲੀਆਂ, 2 ਕਿਲੋ ਨਸ਼ੀਲਾ ਪਾਊਡਰ, 700 ਗ੍ਰਾਮ ਸਮੈਕ ਅਤੇ 450 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਕਿ ਨਸ਼ਾ ਤਸਕਰੀ ਖਿਲਾਫ ਪੁਲਿਸ ਪੂਰੀ ਸਖਤੀ ਵਰਤ ਰਹੀ ਹੈ। ਦਿਲਚਸਪ ਤੱਥ ਇਹ ਹੈ ਕਿ ਐਨ.ਡੀ.ਪੀ.ਐਸ਼ ਐਕਟ ਤਹਿਤ ਦਰਜ ਹੋ ਰਹੇ ਮੁਕੱਦਮਿਆਂ ਦੀ ਸਜ਼ਾ ਦਰ 92 ਫੀਸਦੀ ਤੋਂ ਉੱਪਰ ਹੈ, ਇਸ ਦੇ ਬਾਵਜੂਦ ਨਸ਼ੇ ਦੀ ਤਸਕਰੀ ‘ਚ ਲੱਗੇ ਤਸਕਰ ਇਸ ਕੰਮ ਤੋਂ ਪਿੱਛੇ ਨਹੀਂ ਹਟ ਰਹੇ।
__________________________________
ਕਾਂਗਰਸ ਦੇ ਰਾਜ ‘ਚ ਨਸ਼ੇ ਨਾਲ 218 ਨੌਜਵਾਨਾਂ ਦੀ ਜਾਨ ਗਈ: ਸੁਖਬੀਰ
ਜਲਾਲਾਬਾਦ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਲੋਕਾਂ ਕੋਲੋਂ ਉਹ ਸਾਰੀਆਂ ਸਹੂਲਤਾਂ ਖੋਹ ਲਈਆਂ, ਜਿਹੜੀਆਂ ਉਨ੍ਹਾਂ ਨੂੰ ਪਹਿਲਾਂ ਬੂਹੇ ‘ਤੇ ਮਿਲਦੀਆਂ ਸਨ ਅਤੇ ਇਸ ਦੀ ਥਾਂ ਕਾਂਗਰਸੀ ਆਗੂਆਂ ਨੇ ਡਰੱਗ ਮਾਫੀਆ ਅਤੇ ਭ੍ਰਿਸ਼ਟ ਪੁਲਿਸ ਅਧਿਕਾਰੀਆਂ ਨਾਲ ਮਿਲ ਕੇ ਹੁਣ ਲੋਕਾਂ ਨੂੰ ਬੂਹੇ ‘ਤੇ ਜਾ ਕੇ ਨਸ਼ੇ ਦੇਣੇ ਸ਼ੁਰੂ ਕਰ ਦਿੱਤੇ ਹਨ। ਕਾਂਗਰਸ ਸਰਕਾਰ ਦੌਰਾਨ ਨਸ਼ਿਆਂ ਦੀ ਓਵਰਡੋਜ਼ ਨਾਲ 218 ਨੌਜਵਾਨਾਂ ਦੀ ਜਾਨ ਜਾ ਚੁੱਕੀ ਹੈ। ਸ਼ਰੇਆਮ ਨਸ਼ਾ ਵੇਚਣ ਵਾਲੇ ਤਸਕਰਾਂ ਨੇ ਅੱਲ੍ਹੜ ਉਮਰ ਦੀਆਂ ਕੁੜੀਆਂ ਨੂੰ ਵੀ ਨਸ਼ੇ ‘ਤੇ ਲਾ ਦਿੱਤਾ ਹੈ, ਕਿਉਂਕਿ ਉਨ੍ਹਾਂ ਉੱਤੇ ਕਾਂਗਰਸ ਪਾਰਟੀ ਦਾ ਹੱਥ ਹੈ।
__________________________________
ਸੁਖਬੀਰ ਨੂੰ ਨਸ਼ਿਆਂ ਦੇ ਮੁੱਦੇ ‘ਤੇ ਬੋਲਣ ਦਾ ਕੋਈ ਹੱਕ ਨਹੀਂ: ਰੰਧਾਵਾ
ਚੰਡੀਗੜ੍ਹ: ਸੀਨੀਅਰ ਕਾਂਗਰਸ ਆਗੂ ਅਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਸ਼ਿਆਂ ਦੇ ਮੁੱਦੇ ਸਬੰਧੀ ਕਾਂਗਰਸੀ ਵਿਧਾਇਕਾਂ ‘ਤੇ ਝੂਠੇ ਇਲਜ਼ਾਮ ਲਗਾਉਣ ਅਤੇ ਘਟੀਆ ਦੂਸ਼ਣਬਾਜ਼ੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਤਿੱਖੀ ਆਲੋਚਨਾ ਕੀਤੀ। ਇਕ ਬਿਆਨ ਜਿਸ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਨਸ਼ਿਆਂ ਖਾਸ ਕਰ ਚਿੱਟੇ ਦੀ ਸਪਲਾਈ ‘ਚ ਸ਼ਾਮਿਲ ਹਨ, ਦਾ ਮੂੰਹ ਤੋੜ ਜਵਾਬ ਦਿੰਦਿਆਂ ਸ਼ ਰੰਧਾਵਾ ਨੇ ਕਿਹਾ ਕਿ ਕਾਂਗਰਸ ‘ਤੇ ਦੋਸ਼ ਲਾਉਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਆਪਣੀ ਪਾਰਟੀ ਦੇ ਬਿਕਰਮ ਸਿੰਘ ਮਜੀਠੀਆ ਦੁਆਰਾ ਕੀਤੇ ਕੁਕਰਮਾਂ ਵੱਲ ਝਾਤੀ ਮਾਰਨੀ ਚਾਹੀਦੀ ਹੈ ਜੋ ਨਸ਼ਾ ਤਸਕਰਾਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਨਾਲ ਇਸ ਧੰਦੇ ‘ਚ ਸ਼ਾਮਿਲ ਹੋ ਕੇ ਪੰਜਾਬ ਦੇ ਨੌਜਵਾਨਾਂ ਦੀ ਬਰਬਾਦੀ ਲਈ ਪੂਰੀ ਤਰ੍ਹਾਂ ਬਦਨਾਮ ਹੈ।
__________________________________
ਨਸ਼ਿਆਂ ਦੀ ਤਸਕਰੀ ਵਿਰੁੱਧ ਕੈਪਟਨ ਤੇ ਖੱਟਰ ਨੇ ਮਿਲਾਏ ਹੱਥ
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੇ ਨਸ਼ਿਆਂ ਵਿਰੁੱਧ ਜੰਗ ‘ਚ ਵਧੀਆ ਤਾਲਮੇਲ ਪੈਦਾ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ 25 ਜੁਲਾਈ ਨੂੰ ਉੱਤਰੀ ਸੂਬਿਆਂ ਦੀ ਅੰਤਰਰਾਜੀ ਮੀਟਿੰਗ ਕਰਨ ਉਤੇ ਸਹਿਮਤੀ ਪ੍ਰਗਟਾਈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਉਨ੍ਹਾਂ ਦੇ ਦਫਤਰ ਵਿਚ ਮੀਟਿੰਗ ਤੋਂ ਬਾਅਦ ਦੱਸਿਆ ਕਿ ਅੰਤਰਰਾਜੀ ਮੀਟਿੰਗ ਦੀ ਮੇਜ਼ਬਾਨੀ ਪੰਜਾਬ ਵੱਲੋਂ ਕੀਤੀ ਜਾਵੇਗੀ। ਦੂਜੀ ਅੰਤਰਰਾਜੀ ਮੀਟਿੰਗ ਵਿਚ ਹਰਿਆਣਾ ਤੇ ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਰਾਜਸਥਾਨ, ਉਤਰਾਖੰਡ ਅਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਜੰਮੂ ਕਸ਼ਮੀਰ ਦੇ ਰਾਜਪਾਲ, ਦਿੱਲੀ ਦੇ ਉਪ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੱਲੋਂ ਹਿੱਸਾ ਲੈਣ ਦੀ ਸੰਭਾਵਨਾ ਹੈ। ਇਸ ਮੀਟਿੰਗ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਬਿਹਤਰ ਤਾਲਮੇਲ ਦੀ ਰਣਨੀਤੀ ‘ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਕੈਪਟਨ ਤੇ ਖੱਟਰ ਨੇ ਬੈਠਕ ਦੌਰਾਨ ਅਹਿਮ ਮੁੱਦੇ ਸਤਲੁਜ ਯਮੁਨਾ ਲਿੰਕ ਨਹਿਰ ਬਾਰੇ ਵੀ ਸੰਖੇਪ ਚਰਚਾ ਕੀਤੀ। ਉਤਰੀ ਸੂਬਿਆਂ ਦੀ ਪਹਿਲੀ ਅੰਤਰਰਾਜੀ ਮੀਟਿੰਗ ਪਿਛਲੇ ਸਾਲ ਅਪਰੈਲ ਵਿਚ ਹੋਈ ਸੀ ਅਤੇ ਉਨ੍ਹਾਂ ਪੰਚਕੂਲਾ (ਹਰਿਆਣਾ) ‘ਚ ਕੇਂਦਰੀ ਸਕੱਤਰੇਤ ਸਥਾਪਤ ਕਰਨ ਤੋਂ ਇਲਾਵਾ ਖੁਫੀਆ ਜਾਣਕਾਰੀ ਅਤੇ ਸੂਚਨਾਵਾਂ ਦੇ ਆਦਾਨ-ਪ੍ਰਦਾਨ ਵਾਸਤੇ ਹਰੇਕ ਸੂਬੇ ਵੱਲੋਂ ਨੋਡਲ ਅਫਸਰ ਤਾਇਨਾਤ ਕਰਨ ਦਾ ਫੈਸਲਾ ਲਿਆ ਸੀ। ਸੂਬਿਆਂ ਨੇ ਸਾਂਝੇ ਮੰਚ ‘ਤੇ ਨਸ਼ਿਆਂ ਵਿਰੁੱਧ ਸਰਗਰਮ ਮੁਹਿੰਮ ਰਾਹੀਂ ਲੜਨ ਉਤੇ ਸਹਿਮਤੀ ਪ੍ਰਗਟਾਈ ਸੀ।
__________________________________
ਨਸ਼ਿਆਂ ਦੇ ਖਾਤਮੇ ਲਈ ਸਰਕਾਰ ਦ੍ਰਿੜ੍ਹ: ਕੈਪਟਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਦ੍ਰਿੜ੍ਹ ਹੈ ਜੋ ਸਰਹੱਦ ਪਾਰੋਂ ਸੂਬੇ ਵਿਚ ਲਿਆਂਦੇ ਜਾ ਰਹੇ ਹਨ। ਇਹ ਨਾ ਕੇਵਲ ਪਾਕਿਸਤਾਨ ਸਗੋਂ ਦੇਸ਼ ਦੇ ਅੰਦਰੂਨੀ ਹਿੱਸਿਆਂ ਖਾਸਕਰ ਕਸ਼ਮੀਰ ਤੋਂ ਵੀ ਸਮਗਲ ਕੀਤੇ ਜਾ ਰਹੇ ਹਨ। ਉਨ੍ਹਾਂ ਦੁਹਰਾਇਆ ਕਿ ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਰੱਤੀ ਭਰ ਵੀ ਢਿੱਲ ਸਹਿਣ ਨਹੀਂ ਕਰੇਗੀ। ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨੇ ਕੈਪਟਨ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਭਗਵਤ ਗੀਤਾ ਦੀ ਇਕ ਕਾਪੀ ਅਤੇ ਮੋਮੈਂਟੋ ਭੇਟ ਕੀਤਾ।