ਇੰਗਲੈਂਡ ਬਣਿਆ ਵਿਸ਼ਵ ਕ੍ਰਿਕਟ ਚੈਂਪੀਅਨ

ਲੰਡਨ: ਇੰਗਲੈਂਡ ਨੇ ਸੁਪਰ ਓਵਰ ਤੱਕ ਖਿੱਚੇ ਗਏ ਫਾਈਨਲ ਮੁਕਾਬਲੇ ਵਿਚ ਨਿਊਜ਼ੀਲੈਂਡ ਨੂੰ ਹਰਾ ਕੇ ਆਈ.ਸੀ.ਸੀ. ਇਕ ਰੋਜ਼ਾ ਵਿਸ਼ਵ ਕੱਪ ਖਿਤਾਬ ਜਿੱਤ ਲਿਆ। ਮੈਚ ਪਹਿਲਾਂ 241 ਦੌੜਾਂ ਦੇ ਟੀਚੇ ਉਤੇ ਟਾਈ ਰਿਹਾ, ਫਿਰ ਸੁਪਰ ਓਵਰ ਦਾ ਸਹਾਰਾ ਲਿਆ ਗਿਆ। ਸੁਪਰ ਓਵਰ ਵਿਚ ਵੀ ਦੋਵੇਂ ਟੀਮਾਂ ਬਰਾਬਰ ਰਹੀਆਂ। ਇਸ ਮਗਰੋਂ ‘ਬਾਊਂਡਰੀ’ ਨਾਲ ਫੈਸਲਾ ਕੀਤਾ ਗਿਆ। ਮੇਜ਼ਬਾਨ ਇੰਗਲੈਂਡ ਨੇ ਵੱਧ ‘ਬਾਊਂਡਰੀਜ਼’ ਲਗਾਈਆਂ ਸਨ ਅਤੇ ਅਖੀਰ ਵਿਚ 1975 ਤੋਂ ਚੱਲੀ ਆ ਰਹੀ ਉਸ ਦੇ ਖਿਤਾਬ ਦੀ ਉਡੀਕ ਖਤਮ ਹੋ ਗਈ।

ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਮਅਸਨ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਉਸ ਨੇ ਟੂਰਨਾਮੈਂਟ ਵਿਚ 578 ਦੌੜਾਂ ਬਣਾਈਆਂ ਸਨ। ਜਦੋਂਕਿ ਇੰਗਲੈਂਡ ਦੇ ਬੈੱਨ ਸਟੌਕਸ ਨੂੰ ਉਸ ਦੀ ਨਾਬਾਦ 84 ਦੌੜਾਂ ਦੀ ਪਾਰੀ ਲਈ ਫਾਈਨਲ ਦਾ ‘ਮੈਨ ਆਫ ਦਿ ਮੈਚ’ ਚੁਣਿਆ ਗਿਆ। ਇੰਗਲੈਂਡ ਸਾਹਮਣੇ 242 ਦੌੜਾਂ ਦਾ ਟੀਚਾ ਸੀ, ਪਰ ਉਸ ਦੇ ਚੋਟੀ ਦੀਆਂ ਚਾਰ ਵਿਕਟਾਂ 86 ਦੌੜਾਂ ‘ਤੇ ਗੁਆ ਲਈਆਂ ਸਨ, ਬੈੱਨ ਸਟੌਕਸ (98 ਗੇਂਦਾਂ ‘ਤੇ ਨਾਬਾਦ 84 ਦੌੜਾਂ) ਅਤੇ ਜੋਸ ਬਟਲਰ (60 ਗੇਂਦਾਂ ‘ਤੇ 59 ਦੌੜਾਂ) ਨੇ ਪੰਜਵੀਂ ਵਿਕਟ ਲਈ 110 ਦੌੜਾਂ ਦੀ ਭਾਈਵਾਲੀ ਕਰਕੇ ਸਥਿਤੀ ਸੰਭਾਲੀ, ਪਰ ਇੰਗਲੈਂਡ ਦੀ ਟੀਮ 241 ਦੌੜਾਂ ‘ਤੇ ਆਊਟ ਹੋ ਗਈ। ਨਿਊਜ਼ੀਲੈਂਡ ਨੇ ਅੱਠ ਵਿਕਟਾਂ ਉਤੇ 241 ਦੌੜਾਂ ਬਣਾਈਆਂ ਸਨ।
ਨਿਊਜ਼ੀਲੈਂਡ ਵੱਲੋਂ ਹੈਨਰੀ ਨਿਕੋਲਸ (77 ਗੇਂਦਾਂ ‘ਤੇ 55 ਦੌੜਾਂ) ਅਤੇ ਕਪਤਾਨ ਕੇਨ ਵਿਲੀਅਮਸਨ (53 ਗੇਂਦਾਂ ‘ਤੇ 30 ਦੌੜਾਂ) ਨੇ ਦੂਜੀ ਵਿਕਟ ਲਈ 74 ਦੌੜਾਂ ਜੋੜੀਆਂ। ਕਪਤਾਨ ਦੇ ਆਊਟ ਹੁੰਦਿਆਂ ਹੀ ਟੀਮ ਸੰਭਲ ਨਹੀਂ ਪਾਈ। ਉਸ ਦੇ ਬਾਕੀ ਬੱਲੇਬਾਜ਼ਾਂ ਨੇ ਚੰਗੀ ਸ਼ੁਰੂਆਤ ਕੀਤੀ, ਪਰ ਸਿਰਫ ਟੌਮ ਲੈਥਮ (56 ਗੇਂਦਾਂ ‘ਤੇ 47 ਦੌੜਾਂ) ਹੀ 20 ਦੌੜਾਂ ਦੇ ਅੰਕੜੇ ਨੂੰ ਪਾਰ ਕਰ ਸਕਿਆ।
ਇਸ ਤੋਂ ਪਹਿਲਾਂ ਬੱਦਲਵਾਈ ਦੌਰਾਨ ਵਿਲੀਅਮਸਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ। ਨਿਊਜ਼ੀਲੈਂਡ ਨੇ ਗੁਪਟਿਲ ਦੇ ਆਊਟ ਹੋਣ ਮਗਰੋਂ ਸਮਝਦਾਰੀ ਨਾਲ ਬੱਲੇਬਾਜ਼ੀ ਕੀਤੀ। ਕਿਵੀ ਟੀਮ ਦੀ ਰਣਨੀਤੀ ਭਾਰਤ ਖਿਲਾਫ ਸੈਮੀ-ਫਾਈਨਲ ਦੀ ਤਰ੍ਹਾਂ ਸ਼ੁਰੂਆਤੀ ਓਵਰਾਂ ਵਿਚ ਵਿਕਟਾਂ ਬਚਾ ਕੇ ਮਗਰੋਂ ਦੌੜਾਂ ਬਣਾਉਣ ਦੀ ਸੀ। ਨਿਕੋਲਸ ਨੇ ਉਦੋਂ ਖਾਤਾ ਖੋਲ੍ਹਿਆ, ਜਦੋਂ ਉਸ ਨੂੰ ਕੁਮਾਰ ਧਰਮਸੈਨਾ ਨੇ ਐਲਬੀਡਬਲਯੂ ਆਊਟ ਦਿੱਤਾ, ਪਰ ਰੀਪਲੇਅ ਵਿਚ ਪਤਾ ਚੱਲਿਆ ਕਿ ਗੇਂਦ ਵਿਕਟਾਂ ਦੇ ਉਪਰੋਂ ਦੀ ਜਾ ਰਹੀ ਸੀ। ਇਸ ਮਗਰੋਂ ਜਦੋਂ ਉਸ ਨੇ 19 ਦੌੜਾਂ ਬਣਾਈਆਂ ਤਾਂ ਵੋਕਸ ਨੇ ਉਸ ਨੂੰ ਐਲਬੀਡਬਲਯੂ ਆਊਟ ਕੀਤਾ। ਗੁਪਟਿਲ ਨੇ ਡੀ.ਆਰ.ਐਸ਼ ਲੈ ਕੇ ਨਿਊਜ਼ੀਲੈਂਡ ਦਾ ‘ਰੀਵਿਊ’ ਵੀ ਗੁਆ ਲਿਆ। ਵਿਲੀਅਮਸਨ ਬਹੁਤ ਚੌਕਸੀ ਨਾਲ ਖੇਡਿਆ ਅਤੇ 12ਵੀਂ ਗੇਂਦ ‘ਤੇ ਆਪਣਾ ਖਾਤਾ ਖੋਲ੍ਹਿਆ। ਇਸ ਨਾਲ ਉਹ ਕਿਸੇ ਇਕ ਵਿਸ਼ਵ ਕੱਪ ਵਿਚ ਸਭ ਤੋਂ ਵੱਧ ਦੌੜਾਂ (578 ਦੌੜਾਂ) ਬਣਾਉਣ ਵਾਲਾ ਕਪਤਾਨ ਵੀ ਬਣਿਆ। ਅਹਿਮ ਮੋੜ ‘ਤੇ ਆ ਕੇ ਉਹ ਆਊਟ ਹੋ ਗਿਆ, ਜਿਸ ਮਗਰੋਂ ਟੀਮ ਸੰਭਲ ਨਹੀਂ ਸਕੀ ਅਤੇ ਉਸ ਦੀ ਰਣਨੀਤੀ ਧਰੀ-ਧਰਾਈ ਰਹਿ ਗਈ। ਪਲੰਕਟ ਦੇ ਬਿਹਤਰੀਨ ਸਪੈਲ ਨਾਲ ਇੰਗਲੈਂਡ ਨੇ ਵਾਪਸੀ ਕੀਤੀ।
ਉਸ ਦੀ ਗੇਂਦ ਵਿਲੀਅਮਸਨ ਦੇ ਬੱਲੇ ਨਾਲ ਹਲਕਾ ਜਿਹਾ ਲੱਗ ਕੇ ਵਿਕਟਕੀਪਰ ਜੋਸ ਬਟਲਰ ਦੇ ਹੱਥਾਂ ‘ਚ ਚਲੀ ਗਈ। ਧਰਮਸੈਨਾ ਨੇ ਅਪੀਲ ਠੁਕਰਾ ਦਿੱਤੀ, ਪਰ ਡੀਆਰਐਸ ਨੇ ਫੈਸਲਾ ਬਦਲ ਦਿੱਤਾ ਅਤੇ ਵਿਲੀਅਮਸਨ ਨੂੰ ਪੈਵਿਲੀਅਨ ਪਰਤਣਾ ਪਿਆ। ਨਿਕੋਲਸ ਨੇ ਇਸ ਮਗਰੋਂ 71 ਗੇਂਦਾਂ ‘ਤੇ ਆਪਣਾ ਨੀਮ ਸੈਂਕੜਾ ਪੂਰਾ ਕੀਤਾ, ਪਰ ਇਸ ਦੇ ਤੁਰਤ ਮਗਰੋਂ ਪਲੰਕਟ ਦੀ ਗੇਂਦ ਨੂੰ ਵਿਕਟਾਂ ‘ਤੇ ਖੇਡ ਗਿਆ। ਲਗਾਤਾਰ ਵਿਕਟਾਂ ਡਿੱਗਣ ਕਾਰਨ ਦੌੜਾਂ ਦੀ ਰਫਤਾਰ ਹੌਲੀ ਹੋ ਗਈ। ਰੌਸ ਟੇਲਰ (31 ਗੇਂਦਾਂ ‘ਤੇ 15 ਦੌੜਾਂ) ਕ੍ਰੀਜ਼ ‘ਤੇ ਜੰਮ ਚੁੱਕਿਆ ਸੀ, ਪਰ ਮਾਰਕ ਵੁੱਡ ਨੇ ਉਸ ਨੂੰ ਐਲਬੀਡਬਲਯੂ ਆਊਟ ਕਰ ਦਿੱਤਾ।
_______________________
ਵਿਲੀਅਮਸਨ ਨੇ ਜੈਵਰਧਨੇ ਦਾ ਰਿਕਾਰਡ ਤੋੜਿਆ
ਲੰਡਨ: ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ ਆਈ.ਸੀ.ਸੀ. ਇਕ ਰੋਜ਼ਾ ਵਿਸ਼ਵ ਕੱਪ ਦੇ ਕਿਸੇ ਇਕ ਟੂਰਨਾਮੈਂਟ ਵਿਚ ਬਤੌਰ ਕਪਤਾਨ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ। ਇੰਗਲੈਂਡ ਖਿਲਾਫ ਖੇਡੇ ਗਏ ਫਾਈਨਲ ਵਿਚ ਵਿਲੀਅਮਸਨ ਨੇ ਆਪਣੀ ਪਹਿਲੀ ਦੌੜ ਲੈਂਦਿਆਂ ਹੀ ਸ੍ਰੀਲੰਕਾ ਦੇ ਸਾਬਕਾ ਕਪਤਾਨ ਮਹੇਲਾ ਜੈਵਰਧਨੇ ਦਾ ਰਿਕਾਰਡ ਤੋੜ ਦਿੱਤਾ। ਉਸ ਨੇ 2007 ਵਿਸ਼ਵ ਕੱਪ ਦੌਰਾਨ 548 ਦੌੜਾਂ ਬਣਾਈਆਂ ਸਨ। ਵਿਲੀਅਮਸਨ ਨੇ ਫਾਈਨਲ ਵਿਚ ਲਿਆਮ ਪਲੰਕੇਟ ਦੀ ਗੇਂਦ ‘ਤੇ ਵਿਕਟ ਪਿੱਛੇ ਕੈਚ ਦੇਣ ਤੋਂ ਪਹਿਲਾਂ 30 ਦੌੜਾਂ ਦੀ ਪਾਰੀ ਖੇਡੀ। ਉਸ ਦੇ ਨਾਮ ਹੁਣ 578 ਦੌੜਾਂ ਦਰਜ ਹਨ। ਉਸ ਨੇ ਇਸ ਦੌਰਾਨ ਟੂਰਨਾਮੈਂਟ ਵਿਚ ਦੋ ਸੈਂਕੜੇ ਅਤੇ ਦੋ ਨੀਮ-ਸੈਂਕੜੇ ਵੀ ਜੜੇ। ਆਸਟਰੇਲੀਆ ਦਾ ਕਪਤਾਨ ਆਰੋਨ ਫਿੰਚ (507 ਦੌੜਾਂ) ਇਸ ਸੂਚੀ ਵਿਚ ਟੀਮ ਦੇ ਸਾਬਕਾ ਕਪਤਾਨ ਰਿੱਕੀ ਪੌਂਟਿੰਗ (2007 ਵਿਸ਼ਵ ਕੱਪ ਵਿਚ 539 ਦੌੜਾਂ) ਮਗਰੋਂ ਚੌਥੇ ਸਥਾਨ ‘ਤੇ ਹੈ।