ਨਮੋਸ਼ੀ ਵਾਲੀ ਹਾਰ ਪਿੱਛੋਂ ਵੀ ਆਮ ਆਦਮੀ ਪਾਰਟੀ ਨੇ ਨਹੀਂ ਲਿਆ ਸਬਕ

ਉਭਰਦੇ ਆਗੂਆਂ ਨੂੰ ਖੂੰਜੇ ਲਾਉਣ ਦੀ ਖੇਡ ਮੁੜ ਸ਼ੁਰੂ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਵਿਚ ਇਕ ਵਾਰ ਮੁੜ ਮੱਤਭੇਦ ਪੈਦਾ ਹੋ ਰਹੇ ਹਨ ਅਤੇ ਪਾਰਟੀ ਵਿਚ ਮੁੱਢ ਤੋਂ ਚੱਲਦੀ ਆ ਰਹੀ ਉਭਰਦੇ ਆਗੂਆਂ ਨੂੰ ਖੂੰਜੇ ਲਾਉਣ ਦੀ ਖੇਡ ਸ਼ੁਰੂ ਹੋ ਗਈ ਹੈ। ਇਸ ਵਾਰ ਸੁਨਾਮ ਦੇ ਵਿਧਾਇਕ ਤੇ ਪਾਰਟੀ ਦੇ ਪੰਜਾਬ ਦੇ ਸਹਿ ਪ੍ਰਧਾਨ ਰਹਿ ਚੁੱਕੇ ਅਮਨ ਅਰੋੜਾ ਦੇ ਪਰ ਕੁਤਰਨ ਦੀ ਚਰਚਾ ਪਾਰਟੀ ਵਿਚ ਚੱਲ ਰਹੀ ਹੈ।

ਦੱਸਣਯੋਗ ਹੈ ਕਿ ਸਮੇਂ-ਸਮੇਂ ਪਾਰਟੀ ਵਿਚੋਂ ਵੱਖ-ਵੱਖ ਢੰਗਾਂ ਨਾਲ ਦੂਰ ਕੀਤੇ ਡਾ ਧਰਮਵੀਰ ਗਾਂਧੀ, ਸੁੱਚਾ ਸਿੰਘ ਛੋਟੇਪੁਰ, ਗੁਰਪ੍ਰੀਤ ਸਿੰਘ ਘੁੱਗੀ, ਹਰਿੰਦਰ ਸਿੰਘ ਖਾਲਸਾ ਸਮੇਤ ਸੁਖਪਾਲ ਸਿੰਘ ਖਹਿਰਾ ਅਤੇ ਹੋਰ ਵਿਧਾਇਕਾਂ ਆਦਿ ਕਾਰਨ ਪਾਰਟੀ ਨੂੰ ਭਾਰੀ ਢਾਹ ਲੱਗ ਚੁੱਕੀ ਹੈ। ‘ਆਪ’ ਦੇ ਕੁੱਲ੍ਹ 20 ਵਿਧਾਇਕਾਂ ਵਿਚੋਂ ਇਸ ਵੇਲੇ ਪਾਰਟੀ ਨਾਲ ਮਹਿਜ਼ 11 ਵਿਧਾਇਕ ਹੀ ਹੋਣ ਕਾਰਨ ਪਾਰਟੀ ਕੋਲੋਂ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਵੀ ਖੁੱਸਣ ਦਾ ਖਤਰਾ ਹੈ। ਪਾਰਟੀ ਵਿਚ ਮੁੜ ਪਰ ਕੁਤਰਨ ਦੀ ਚੱਲੀ ਖੇਡ ਕਾਰਨ ਅਗਲੇ ਦਿਨੀਂ ‘ਆਪ’ ਨੂੰ ਹੋਰ ਸਿਆਸੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 2 ਜੂਨ ਨੂੰ ਦਿੱਲੀ ਵਿਖੇ ਪੰਜਾਬ ਦੇ ਵਿਧਾਇਕਾਂ ਦੀ ਹੋਈ ਮੀਟਿੰਗ ਦੌਰਾਨ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਚ ਬਿਜਲੀ ਦੀਆਂ ਮਹਿੰਗੀਆਂ ਦਰਾਂ ਵਿਰੁੱਧ ‘ਬਿਜਲੀ ਅੰਦੋਲਨ’ ਚਲਾਉਣ ਦੀ ਰੂਪ ਰੇਖਾ ਉਲੀਕੀ ਸੀ ਅਤੇ ਖ਼ੁਦ ਵਿਧਾਇਕ ਅਮਨ ਅਰੋੜਾ ਨੂੰ ਇਸ ਦੀ ਵਾਗਡੋਰ ਫੜਾਉਂਦਿਆਂ ਅੰਦੋਲਨ ਦਾ ਕੋਆਰਡੀਨੇਟਰ ਥਾਪਿਆ ਸੀ।
ਮੀਟਿੰਗ ਵਿਚ ‘ਬਿਜਲੀ ਅੰਦੋਲਨ’ ਨੂੰ ਵਿਰਾਟ ਰੂਪ ਦੇਣ ਲਈ ਅਮਨ ਅਰੋੜਾ ਨੂੰ ਇਕ ਜੁਲਾਈ ਤੋਂ ਅਣਮਿਥੇ ਸਮੇਂ ਲਈ ਭੁੱਖ ਹੜਤਾਲ ‘ਤੇ ਬਿਠਾਉਣ ਦਾ ਫੈਸਲਾ ਵੀ ਕੀਤਾ ਸੀ, ਜਿਸ ਤਹਿਤ ਸ੍ਰੀ ਅਰੋੜਾ ਨੇ ਅੰਦੋਲਨ ਸ਼ੁਰੂ ਕਰਨ ਦਾ ਮੁੱਢ ਬੰਨ੍ਹ ਦਿੱਤਾ ਸੀ ਅਤੇ ਇਸ ਸਬੰਧ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਵੱਲੋਂ ਪੱਤਰ ਲਿਖਣ ਸਮੇਤ ਸੂਬੇ ਦੇ ਡਿਪਟੀ ਕਮਿਸ਼ਨਰਾਂ ਨੂੰ ਮੈਮੋਰੰਡਮ ਦੇਣ ਦੀ ਪ੍ਰਕਿਰਿਆ ਆਰੰਭੀ ਸੀ। ਜਦੋਂ ਸ੍ਰੀ ਅਰੋੜਾ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਕਰਨ ਲਈ ਤਿਆਰ ਸਨ ਤਾਂ ਇਸੇ ਦੌਰਾਨ ਹੀ ਸ੍ਰੀ ਕੇਜਰੀਵਾਲ ਨੇ ਅਚਨਚੇਤ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਦੀ ਦਿੱਲੀ ਵਿਖੇ ਹੰਗਾਮੀ ਮੀਟਿੰਗ ਸੱਦ ਲਈ, ਜਿਸ ਵਿਚ ਸ੍ਰੀ ਕੇਜਰੀਵਾਲ ਨੇ ਨਾਟਕੀ ਢੰਗ ਨਾਲ ‘ਬਿਜਲੀ ਅੰਦੋਲਨ’ ਦੀ ਕਮਾਂਡ ਸ੍ਰੀ ਅਰੋੜਾ ਕੋਲੋਂ ਖੋਹ ਕੇ ਬਰਨਾਲਾ ਦੇ ਵਿਧਾਇਕ ਮੀਤ ਹੇਅਰ ਨੂੰ ਸੌਂਪ ਦਿੱਤੀ ਤੇ ਸ੍ਰੀ ਅਰੋੜਾ ਵੱਲੋਂ ਇਕ ਜੁਲਾਈ ਤੋਂ ਸ਼ੁਰੂ ਕੀਤੀ ਜਾਣ ਵਾਲੀ ਅਣਮਿਥੇ ਸਮੇਂ ਦੀ ਭੁੱਖ ਹੜਤਾਲ ਵੀ ਮੁਲਤਵੀ ਕਰ ਦਿੱਤੀ। ਇਸ ਫੈਸਲੇ ਤੋਂ ਬਾਅਦ ਪਾਰਟੀ ਵਿੱਚ ਨਵੀਂ ਤਰ੍ਹਾਂ ਦੀ ਘੁਸਰ-ਮੁਸਰ ਸ਼ੁਰੂ ਹੋ ਗਈ ਅਤੇ ਸ੍ਰੀ ਅਰੋੜਾ ਨੇ ਕੁੱਝ ਦਿਨਾਂ ਤੋਂ ਖਾਮੋਸ਼ੀ ਸਾਧ ਲਈ ਸੀ।
ਇਸੇ ਦੌਰਾਨ 10 ਜੁਲਾਈ ਨੂੰ ਵਿਰੋਧੀ ਧਿਰ ਦੇ ਆਗੂ ਵਕੀਲ ਹਰਪਾਲ ਸਿੰਘ ਚੀਮਾ ਵੱਲੋਂ ਸੱਦੀ ਵਿਧਾਇਕ ਦਲ ਦੀ ਮੀਟਿੰਗ ਵਿਚ ਸ੍ਰੀ ਅਰੋੜਾ ਨੂੰ ਨਾ ਸੱਦਣ ਕਾਰਨ ਪਾਰਟੀ ਵਿਚ ਮੁੜ ਤਰੇੜਾਂ ਪੈਣ ਦੀ ਸੰਭਾਵਨਾ ਪੈਦਾ ਹੋ ਗਈ ਹੈ। ਦੱਸਣਯੋਗ ਹੈ ਕਿ ਸ੍ਰੀ ਅਰੋੜਾ ਪਾਰਟੀ ਦੇ ਪੰਜਾਬ ‘ਚ ਪ੍ਰਮੁੱਖ ਹਿੰਦੂ ਚਿਹਰਾ ਹਨ ਅਤੇ ਉਸ ਦੇ ਪਰਿਵਾਰ ਦਾ ਪਿਛੋਕੜ ਸਿਆਸੀ ਹੋਣ ਕਾਰਨ ਉਹ ਨਿਰੰਤਰ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਹਰੇਕ ਮੁੱਦੇ ਉਪਰ ਸਰਗਰਮ ਰਹਿੰਦੇ ਹਨ। ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਸ੍ਰੀ ਅਰੋੜਾ ਦੇ ਸਿਆਸੀ ਪਿੜ ਵਿਚ ਤੇਜ਼ੀ ਨਾਲ ਉਭਰਨ ਕਾਰਨ ਪਾਰਟੀ ਦੇ ਕਈ ਆਗੂਆਂ ਨੂੰ ਉਹ ਰਾਸ ਨਹੀਂ ਆ ਰਹੇ ਸੀ। ਸੂਤਰਾਂ ਅਨੁਸਾਰ ਇਸੇ ਰਣਨੀਤੀ ਤਹਿਤ ਹੀ ਸ੍ਰੀ ਅਰੋੜਾ ਕੋਲੋਂ ‘ਬਿਜਲੀ ਅੰਦੋਲਨ’ ਦੀ ਕਮਾਂਡ ਖੋਹ ਕੇ ਪਾਰਟੀ ਨਾਲ ਪੁਰਾਣੇ ਜੁੜੇ ਆਗੂ ਮੀਤ ਹੇਅਰ ਨੂੰ ਸੌਂਪੀ ਗਈ ਹੈ। ਸ੍ਰੀ ਅਰੋੜਾ ਫਿਲਹਾਲ ਖਾਮੋਸ਼ ਹਨ ਅਤੇ ਆਪਣੇ ਪੱਧਰ ‘ਤੇ ਹੀ ਸਿਆਸੀ ਸਰਗਰਮੀਆਂ ਚਲਾ ਰਹੇ ਹਨ।