ਅਮਰੀਕਾ-ਇਰਾਨ ਸੰਕਟ ਦੀ ਸਿਆਸਤ

ਸੰਸਾਰ ਭਰ ਵਿਚ ਅਮਰੀਕਾ ਦੀ ਸਰਦਾਰੀ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ। ਵੱਖ-ਵੱਖ ਮੁਲਕਾਂ ਵਿਚ ਇਸ ਦਾ ਸਿੱਧਾ-ਅਸਿੱਧਾ ਦਖਲ ਅਕਸਰ ਚਰਚਾ ਦਾ ਵਿਸ਼ਾ ਬਣਦਾ ਰਿਹਾ ਹੈ। ਅੱਜ ਕੱਲ੍ਹ ਅਮਰੀਕਾ ਦਾ ਇਰਾਨ ਨਾਲ ਰੱਫੜ ਚਲ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਪਿਛਲੇ ਸਮੇਂ ਦੌਰਾਨ ਇਰਾਨ ਬਾਰੇ ਆਪਣਾ ਸਖਤ ਰੁਖ ਜ਼ਾਹਿਰ ਕਰਦੇ ਰਹੇ ਹਨ। ਡਾ. ਕੁਲਦੀਪ ਸਿੰਘ ਨੇ ਆਪਣੇ ਇਸ ਲੇਖ ਵਿਚ ਅਮਰੀਕਾ ਅਤੇ ਇਰਾਨ ਦੇ ਝੇੜੇ ਕਾਰਨ ਖਾੜੀ ਖਿੱਤੇ ਵਿਚ ਬਣ ਰਹੇ ਹਾਲਾਤ ਬਾਰੇ ਵਿਚਾਰ-ਚਰਚਾ ਕੀਤੀ ਹੈ।

-ਸੰਪਾਦਕ

ਡਾ. ਕੁਲਦੀਪ ਸਿੰਘ
ਫੋਨ: +91-98151-15429

ਬਸਤੀਵਾਦੀ ਦੌਰ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਬਰਤਾਨੀਆ ਦਾ ਸੂਰਜ ਕਦੇ ਵੀ ਨਹੀਂ ਸੀ ਛਿਪਦਾ। ਹੁਣ ਇਹ ਕਿਹਾ ਜਾਂਦਾ ਹੈ ਕਿ ਅਮਰੀਕਾ ਦੀ ਮਿਲਟਰੀ ਦੁਨੀਆ ਦੇ ਹਰ ਕੋਨੇ ਵਿਚ ਹੈ, ਉਸ ਦਾ ਵੀ ਕਿਤੇ ਸੂਰਜ ਨਹੀਂ ਛਿਪਦਾ। ਅਮਰੀਕਨ ਧੌਂਸ ਇਸ ਹੱਦ ਤੱਕ ਵਧ ਚੁੱਕੀ ਹੈ ਕਿ ਇਹ ਆਏ ਦਿਨ ਕਿਸੇ ਨਾਲ ਕਿਸੇ ਮੁਲਕ ਨਾਲ ਟਕਰਾਅ ਵਿਚ ਆ ਰਿਹਾ ਹੈ। 20ਵੀਂ ਸਦੀ ਤੋਂ ਲੈ ਕੇ ਹੁਣ ਤੱਕ ਦੇ ਇਤਿਹਾਸ ਵਿਚ ਇਸ ਨੇ ਦੁਨੀਆ ਦੇ ਵੱਖ ਵੱਖ ਕੋਨਿਆਂ ਵਿਚ ਕਈ ਮੁਲਕਾਂ ਦੀਆਂ ਸਰਕਾਰਾਂ ਤੋੜੀਆਂ, ਜੰਗਾਂ ਲੜੀਆਂ ਅਤੇ ਤਬਾਹੀ ਕੀਤੀ ਹੈ।
ਉਂਜ, ਹਕੀਕਤ ਇਹ ਹੈ ਕਿ ਵੱਖ-ਵੱਖ ਜੰਗਾਂ ਵਿਚੋਂ ਨਿਕਲਣ ਦੀ ਥਾਂ ਅਮਰੀਕਾ ਲਗਾਤਾਰ ਫਸਦਾ ਰਿਹਾ ਹੈ ਅਤੇ ਜੰਗ ਦੀ ਤਬਾਹੀ ਤੋਂ ਬਾਅਦ ਆਪਣੇ ਹਿੱਤਾਂ ਦੀ ਰੱਖਿਆ ਲਈ ਆਪਣੇ ਪੱਖੀ ਸਰਕਾਰਾਂ ਸਥਾਪਤ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਫਿਰ ਵੀ, ਜੰਗਾਂ ਤੋਂ ਪੀੜਤ ਮੁਲਕ ਜਾਂ ਤਾਂ ਆਪਸੀ ਲੜਾਈਆਂ ਵਿਚ ਉਲਝ ਗਏ ਜਾਂ ਫਿਰ ਆਰਥਿਕ ਮੰਦਵਾੜਿਆਂ ਦਾ ਸ਼ਿਕਾਰ ਹੋ ਗਏ ਤੇ ਭਿਆਨਕ ਤਰਾਸਦੀਆਂ ਵਿਚ ਬਦਲ ਗਏ। ਇਰਾਕ, ਅਫਗਾਨਿਸਤਾਨ, ਸੀਰੀਆ, ਲਿਬਨਾਨ ਆਦਿ ਅਜਿਹੀਆਂ ਹੀ ਮਿਸਾਲਾਂ ਹਨ।
ਅਮਰੀਕਾ ਨੇ ਖਾੜੀ ਵਿਚ ਸਭ ਤੋਂ ਵੱਡੀ ਜੰਗ ਇਰਾਕ ਖਿਲਾਫ ਸੱਦਾਮ ਹੁਸੈਨ ਨੂੰ ਸੱਤਾ ਵਿਚੋਂ ਲਾਂਭੇ ਕਰਨ ਲਈ ਇਸ ਕਰਕੇ ਲੜੀ ਕਿ ਉਹ ਉਸ ਦੇ ਟੀਚਿਆਂ ਦੀ ਪੂਰਤੀ ਦੇ ਰਾਹ ਵਿਚ ਸਭ ਤੋਂ ਵੱਡਾ ਅੜਿੱਕਾ ਸੀ। ਤੇਲ ਭੰਡਾਰਾਂ ਪਿੱਛੇ ਜਿਸ ਤਰ੍ਹਾਂ ਦੀ ਲਲਕ ਅਮਰੀਕਾ ਅੰਦਰ ਪੈਦਾ ਹੋਈ, ਉਸ ਨੇ ਇਸ ਖਿੱਤੇ ਨੂੰ ਤਬਾਹੀ ਤੱਕ ਪਹੁੰਚਾ ਦਿੱਤਾ। ਸਾਊਦੀ ਅਰਬ ਜਿਸ ਦੀ ਸਮੁੱਚੀ ਸੁਰੱਖਿਆ ਇਕ ਤਰ੍ਹਾਂ ਨਾਲ ਅਮਰੀਕਾ ਕੋਲ ਠੇਕੇ ‘ਤੇ ਹੈ, ਵਿਚ ਵੱਖ-ਵੱਖ ਇਸਲਾਮੀ ਧੜਿਆਂ ਨੂੰ ਮਦਦ ਕਰਨ ਅਤੇ ਪਨਾਹ ਦੇਣ ਦੇ ਦੋਸ਼ ਦੁਨੀਆ ਭਰ ਵਿਚ ਲੱਗ ਚੁੱਕੇ ਹਨ।
ਇਸ ਦੇ ਨਾਲ ਹੀ ਇਸ ਖਿੱਤੇ ਵਿਚ ਸਭ ਤੋਂ ਵੱਡੀ ਸੰਕਟ ਦੀ ਜੜ੍ਹ ਇਸਰਾਈਲ ਦੀਆਂ ਇੱਛਾਵਾਂ ਅਤੇ ਇਰਾਦਿਆਂ ਵਿਚ ਸਮੋਈ ਹੋਈ ਹੈ ਜਿਸ ਨੇ ਫਲਸਤੀਨ ਦੀ ਹੋਂਦ ਮਿਟਾਉਣ ਲਈ ਕੋਈ ਕਸਰ ਨਹੀਂ ਛੱਡੀ। ਤੱਤ ਰੂਪ ਵਿਚ ਇਸਰਾਈਲ ਅਮਰੀਕਾ ਦਾ ਉਹ ਪਿੱਠੂ ਹੈ ਜੋ ਇਸ ਖੇਤਰ ਵਿਚ ਕਿਸੇ ਵੀ ਹਾਲ ਸ਼ਾਂਤੀ ਦੇ ਪੱਖ ਵਿਚ ਨਹੀਂ, ਕਿਉਂਕਿ ਉਸ ਦਾ ਬਹੁਤਾ ਦਾਰਮੋਦਾਰ ਅਮਰੀਕਾ ‘ਤੇ ਹੀ ਹੈ। ਇਸ ਖੇਤਰ ਵਿਚ ਜਿਸ ਤਰ੍ਹਾਂ ਇਰਾਨ ਨੇ ਆਪਣੀ ਪ੍ਰਭੂਸੱਤਾ ਬਰਕਰਾਰ ਰੱਖੀ ਹੋਈ ਹੈ, ਉਹ ਅਮਰੀਕਾ ਦੀਆਂ ਅੱਖਾਂ ਵਿਚ ਵੀ ਰੜਕਦੀ ਵੀ ਹੈ ਬਲਕਿ ਇਸਰਾਈਲ ਇਸ ਨੂੰ ਹੋਰ ਸ਼ਹਿ ਦੇ ਰਿਹਾ ਹੈ।
ਅਮਰੀਕਾ ਯੂ.ਐਨ.ਓ. ਰਾਹੀਂ ਵੱਖ-ਵੱਖ ਮੁਲਕਾਂ ਦੇ ਪਰਮਾਣੂ ਊਰਜਾ ਪ੍ਰੋਜੈਕਟਾਂ ਨੂੰ ਪਰਮਾਣੂ ਹਥਿਆਰਾਂ ਨਾਲ ਜੋੜ ਕੇ ਪਾਬੰਦੀਆਂ ਅਤੇ ਸ਼ਰਤਾਂ ਲਗਾਉਣ ਤੱਕ ਪਹੁੰਚ ਜਾਂਦਾ ਹੈ। ਪਿਛਲੇ 40 ਸਾਲਾਂ ਤੋਂ ਜਿਸ ਤਰ੍ਹਾਂ ਅਮਰੀਕਾ ਅਤੇ ਇਰਾਨ ਦਾ ਟਕਰਾਅ ਬਣਿਆ ਹੋਇਆ ਹੈ, ਉਹ ਹੁਣ ਚਰਮ ਸੀਮਾ ‘ਤੇ ਹੈ। ਆਏ ਦਿਨ ਇਕ ਦੂਜੇ ਉਪਰ ਕੌਮਾਂਤਰੀ ਕਾਇਦੇ-ਕਾਨੂੰਨ ਭੰਨਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ ਪਰ ਖਿੱਤੇ ਦੇ ਬਹੁਗਿਣਤੀ ਮੁਲਕਾਂ ਨੂੰ ਪਤਾ ਹੈ ਕਿ ਅਮਰੀਕਾ ਕਿਸੇ ਮੁਲਕ ਵਿਚ ਤਬਾਹੀ ਤਾਂ ਮਚਾ ਸਕਦਾ ਹੈ ਪਰ ਇਹ ਮੁੜ ਉਸ ਦੀ ਪਿੱਠ ਤੇ ਨਹੀਂ ਖੜ੍ਹਦਾ ਅਤੇ ਉਸ ਮੁਲਕ ਨੂੰ ਆਰਥਿਕ ਸੰਕਟ ਵਿਚੋਂ ਉਭਾਰਨ ਦਾ ਅਮਰੀਕਾ ਦਾ ਕੋਈ ਵੀ ਸਰੋਕਾਰ ਨਹੀਂ ਹੁੰਦਾ। ਅਜਿਹੀਆਂ ਮਿਸਾਲਾਂ ਅਰਬ ਖਾੜੀ ਤੋਂ ਲੈ ਕੇ ਲਾਤੀਨੀ ਅਮਰੀਕਾ ਅਤੇ ਏਸ਼ੀਆ ਤੱਕ ਭਰੀਆਂ ਪਈਆਂ ਹਨ।
ਅਮਰੀਕਾ ਦਾ ਸਭ ਤੋਂ ਵੱਡਾ ਸਰੋਕਾਰ ਇਸ ਖਿੱਤੇ ਵਿਚਲੇ ਤੇਲ ਭੰਡਾਰਾਂ ਉਪਰ ਆਪਣੀ ਸਰਦਾਰੀ ਕਾਇਮ ਰੱਖਣਾ ਹੈ ਤਾਂ ਕਿ ਇਸ ਰਾਹੀਂ ਦੁਨੀਆ ਦੇ ਵੱਖ ਵੱਖ ਮੁਲਕਾਂ, ਇਥੋਂ ਤੱਕ ਯੂਰਪ ਦੇ ਮੁਲਕਾਂ ਨੂੰ ਵੀ ਹੇਠਾਂ ਲਗਾਇਆ ਜਾ ਸਕੇ। ਅਮਰੀਕਾ ਨੇ ਜਿਸ ਪੱਧਰ ਤੇ ਆਪਣੇ ਮੁਲਕ ਦੀ ਆਰਥਿਕਤਾ ਨੂੰ ਮਿਲਟਰੀ ਸਨਅਤ ਆਰਥਿਕਤਾ ਬਣਾ ਲਿਆ ਹੈ, ਆਧੁਨਿਕ ਹਥਿਆਰ ਬਣਾਉਣੇ, ਵੇਚਣੇ ਅਤੇ ਇਨ੍ਹਾਂ ਦੀ ਦੁਰਵਰਤੋਂ ਕਰਨਾ ਇਸ ਦਾ ਕੇਂਦਰੀ ਸਰੋਕਾਰ ਬਣ ਚੁੱਕਿਆ ਹੈ। ਹੁਣ ਜਦੋਂ ਨਿੱਤ ਰੋਜ਼ ਕਿਸੇ ਨਾ ਕਿਸੇ ਮੁਲਕ ਨਾਲ ਅਮਰੀਕਾ ਟਕਰਾਅ ਵਿਚ ਆ ਰਿਹਾ ਹੈ, ਧਮਕੀਆਂ ਤੋਂ ਲੈ ਕੇ ਜੰਗ ਤੱਕ ਦੀ ਨੌਬਤ ਆ ਚੁੱਕੀ ਹੈ।
ਇਨ੍ਹਾਂ ਸਾਰੇ ਪੱਖਾਂ ਨੂੰ ਦੇਖਦਿਆਂ ਹਰ ਮੁਲਕ ਅਮਰੀਕਾ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਦਾ ਹੈ ਅਤੇ ਇਸ ਦਾ ਸਾਥ ਦੇਣ ਤੋਂ ਕੰਨੀਂ ਕਤਰਾਉਂਦਾ ਹੈ। ਇਰਾਨ ਅਮਰੀਕਾ ਸੰਕਟ ਵਿਚ ਭਾਵੇਂ ਯੂਰਪੀ ਮੁਲਕ ਅਮਰੀਕਾ ਨਾਲ ਖੜ੍ਹੇ ਦਿਖਾਈ ਦਿੰਦੇ ਹਨ ਪਰ ਉਨ੍ਹਾਂ ਅੰਦਰ ਇੰਨੀ ਜਾਨ ਨਹੀਂ ਕਿ ਉਸ ਦੇ ਹਮਲਾਵਰ ਰੁਖ ਨਾਲ ਜੁੜ ਕੇ ਕੋਈ ਪਹਿਲਕਦਮੀ ਕਰ ਸਕਣ ਦੇ ਸਮਰਥ ਹੋਣ। ਅਜਿਹੇ ਹਾਲਾਤ ਵਿਚ ਇਰਾਨ ਵਲੋਂ ਦਿਖਾਈ ਜਾ ਰਹੀ ਜੁਰਅਤ ਅਮਰੀਕਾ ਅਤੇ ਯੂਰਪੀ ਮੁਲਕਾਂ ਨੂੰ ਕੰਬਣੀ ਛੇੜ ਰਹੀ ਹੈ; ਹਾਲਾਂਕਿ ਅਮਰੀਕਾ ਨੇ ਆਪਣੇ ਪੁਰਾਣੇ ਕਾਇਦੇ-ਕਾਨੂੰਨਾਂ ਅਨੁਸਾਰ ਇਰਾਨ ਤੇ ਆਰਥਿਕ ਬੰਦਸ਼ਾਂ ਲਗਾ ਦਿੱਤੀਆਂ ਹਨ ਜੋ ਕਈ ਵਾਰੀ ਪਹਿਲਾਂ ਵੀ ਲੱਗ ਚੁੱਕੀਆਂ ਹਨ। ਇਸ ਦਾ ਮੋੜਵਾਂ ਜਵਾਬ ਦਿੰਦੇ ਹੋਏ ਇਰਾਨ ਨੇ ਪਰਮਾਣੂ ਊਰਜਾ ਦੇ ਸਵਾਲ ਤੇ ਸੰਧੀ (2015) ਨੂੰ ਖੁੱਲ੍ਹੇਆਮ ਤੋੜਨ ਦਾ ਐਲਾਨ ਹੀ ਨਹੀਂ ਕੀਤਾ ਬਲਕਿ ਇਸ ਹੱਦ ਤੱਕ ਅਮਰੀਕਾ ਅਤੇ ਯੂਰਪੀ ਮੁਲਕਾਂ ਨੂੰ ਵੰਗਾਰਿਆ ਹੈ ਕਿ ਇਹ ਸੰਧੀ ਦੇ ਨਿਯਮ ਛਿੱਕੇ ਟੰਗ ਰਿਹਾ ਹੈ। ਯੂਰੇਨੀਅਮ ਦੀ ਸੁਧਾਈ ਜੋ ਪਰਮਾਣੂ ਹਥਿਆਰ ਬਣਾਉਣ ਲਈ ਜ਼ਰੂਰੀ ਹੈ, ਵਿਚ ਵਾਧਾ ਕਰ ਰਿਹਾ ਹੈ। ਇਰਾਨ ਨੇ ਯੂਰਪੀ ਮੁਲਕਾਂ ਨੂੰ ਵੰਗਾਰਿਆ ਹੈ ਕਿ ਇਨ੍ਹਾਂ ਅੰਦਰ ਅਮਰੀਕਾ ਨੂੰ ਕੁਝ ਕਹਿਣ ਦੀ ਜੁਅਰਤ ਹੀ ਨਹੀਂ ਹੈ।
ਯਾਦ ਰਹੇ ਕਿ ਭਾਰਤ ਨੇ ਇਰਾਨ ਤੋਂ ਤੇਲ ਦੀ ਸਪਲਾਈ ਰੋਕਣ ਸਬੰਧੀ ਅਮਰੀਕਾ ਅੱਗੇ ਗੋਡੇ ਟੇਕ ਦਿੱਤੇ ਹਨ। ਅਰਬ ਦੀ ਖਾੜੀ ਦੇ ਪ੍ਰਸਿਧ ਵਿਸ਼ਲੇਸ਼ਕ ਰੌਬਰਟ ਫਿਸਕ ਦਾ ਕਹਿਣਾ ਹੈ ਕਿ ਇਰਾਨ ਅਮਰੀਕਾ ਦੇ ਤਜਰਬਿਆਂ ਤੋਂ ਪੂਰੀ ਤਰ੍ਹਾਂ ਵਾਕਿਫ ਹੈ; ਜਿਵੇਂ ਆਰਥਿਕ ਮੰਦਵਾੜੇ ਵਿਚ ਮੁਲਕ ਨੂੰ ਫਸਾਉਣਾ, ਬੇਚੈਨੀ ਪੈਦਾ ਕਰਨੀ, ਰਾਜ ਪਲਟੇ ਕਰਨੇ ਆਦਿ।
ਇਸ ਵੇਲੇ ਖਾੜੀ ਵਿਚ ਜੋ ਹਾਲਾਤ ਹਨ, ਉਸ ਤੋਂ ਸ਼ਾਇਦ ਅਮਰੀਕਾ ਵੀ ਅਨਜਾਣ ਹੈ। ਥਾਂ-ਥਾਂ ਅਮਰੀਕਾ ਖਿਲਾਫ ਲੁਕਵੇਂ ਜਾਂ ਖੁੱਲ੍ਹੇ ਰੂਪ ਵਿਚ ਵਿਰੋਧ ਧੁਖ ਰਿਹਾ ਹੈ। ਹੁਣੇ ਜਿਹੇ ਡੋਨਲਡ ਟਰੰਪ ਨੇ ਉਤਰੀ ਕੋਰੀਆ ਜਿਸ ਨੂੰ ਅਮਰੀਕਾ ਨਿੱਤ ਹਮਲਾ ਕਰਨ ਦੀਆਂ ਧਮਕੀਆਂ ਦਿੰਦਾ ਸੀ, ਦੀ ਧਰਤੀ ‘ਤੇ ਜਾ ਕੇ ਉਸ ਨੂੰ ਦੋਸਤ ਕਹਿਣਾ ਪਿਆ, ਕਿਉਂਕਿ ਇਸ ਖਿੱਤੇ ਵਿਚ ਚੀਨ ਨੇ ਸਿੱਧੀ ਪੁਜ਼ੀਸ਼ਨ ਲਈ ਹੋਈ ਹੈ ਕਿ ਉਹ ਇਰਾਨ ਤੋਂ ਤੇਲ ਦੀ ਸਪਲਾਈ ਜਾਰੀ ਰੱਖੇਗਾ। ਅਜਿਹੀ ਹੀ ਪੁਜ਼ੀਸ਼ਨ ਜਾਪਾਨ ਦੀ ਹੈ, ਹਾਲਾਂਕਿ ਅਮਰੀਕਾ ਜਾਪਾਨ ਨੂੰ ਇਰਾਨ ਖਿਲਾਫ ਭੜਕਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ।
ਅੱਜ ਹਾਲਾਤ ਇਹ ਹਨ ਕਿ ਅਮਰੀਕਾ ਆਪਣੀਆਂ ਪਹਿਲਾਂ ਵਾਲੀਆਂ ਪੁਜ਼ੀਸ਼ਨਾਂ ਤੋਂ ਹਿਲ ਵੀ ਰਿਹਾ ਹੈ। ਇਸ ਨੂੰ ਤੌਖਲਾ ਹੈ ਕਿ ਥਾਂ-ਥਾਂ ‘ਤੇ ਸ਼ੁਰੂ ਕੀਤੀਆਂ ਜੰਗਾਂ ਜੋ ਉਸ ਦਾ ਖਹਿੜਾ ਨਹੀਂ ਛੱਡ ਰਹੀਆਂ, ਵੱਡੇ ਵਿਰੋਧਾਂ ਨੂੰ ਜਨਮ ਦੇ ਰਹੀਆਂ ਹਨ। ਹੁਣੇ-ਹੁਣੇ ਲਾਤੀਨੀ ਅਮਰੀਕਾ ਵਿਚ ਵੈਨੇਜ਼ੁਏਲਾ ਅਤੇ ਹੋਰ ਮੁਲਕਾਂ ਨਾਲ ਪਏ ਰੱਫੜ ਇਸ ਦੀ ਬੇਚੈਨੀ ਵਧਾ ਰਹੇ ਹਨ। ਅਫਗਾਨਿਸਤਾਨ ਜੰਗ ਤੋਂ ਬਾਅਦ ਵੀ ਇਸ ਦੇ ਪੈਰ ਨਹੀਂ ਲੱਗਣ ਦੇ ਰਿਹਾ। ਇਨ੍ਹਾਂ ਹਾਲਾਤ ਦੇ ਬਾਵਜੂਦ ਪੈਂਟਾਗਨ ਦਾ ਮੀਡੀਆ ਅਮਰੀਕਾ ਇਰਾਨ ਟਕਰਾਅ ਨੂੰ ਜੰਗ ਦੇ ਰੂਪ ਵਿਚ ਅਗਾਂਹ ਵਧਾਉਣ ਲਈ ਅੱਡੀ ਜੋਟੀ ਦਾ ਜ਼ੋਰ ਲਗਾ ਰਿਹਾ ਹੈ। ਟਰੰਪ ਦੇ ਦੋ ਸਲਾਹਕਾਰ ਜੌਨ ਬੈਲਟਨ ਅਤੇ ਮਾਈਕ ਪੋਂਪੀਓ ਜੰਗ ਦਾ ਫੋਬੀਆ ਖੜ੍ਹਾ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ ਹਾਲਾਂਕਿ ਅੰਦਰੋ-ਅੰਦਰੀ ਅਮਰੀਕਨਾਂ ਨੂੰ ਪਤਾ ਹੈ, ਇਥੋਂ ਤੱਕ ਟਰੰਪ ਨੂੰ ਵੀ ਪਤਾ ਹੈ ਕਿ ਇਕ ਵਾਰੀ ਜੰਗ ਸ਼ੁਰੂ ਹੋ ਗਈ ਤਾਂ ਇਹ ਵੱਡਾ ਰੂਪ ਲੈ ਸਕਦੀ ਹੈ।
ਰੂਸ ਦੇ ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਰਾਨ ਤਾਂ ਅਮਰੀਕਾ ਲਈ ਵਿਚਕਾਰਲਾ ਕਦਮ ਹੈ। ਅਸਲ ਜੰਗ ਤਾਂ ਉਹ ਰੂਸ ਖਿਲਾਫ ਹੀ ਸੇਧਤ ਕਰਨੀ ਚਾਹੁੰਦਾ ਹੈ, ਕਿਉਂਕਿ ਅਮਰੀਕਾ ਦਾ ਨਵ-ਉਦਾਰਵਾਦੀ ਪ੍ਰੋਜੈਕਟ ਪੂਰੀ ਤਰ੍ਹਾਂ ਖੋਖਲਾ ਹੋ ਚੁੱਕਾ ਹੈ। ਅਮਰੀਕਾ ਦੀ ਮੱਧ ਵਰਗ ਸ਼੍ਰੇਣੀ ਬੇਚੈਨੀ ਦੇ ਆਲਮ ਵਿਚੋਂ ਗੁਜ਼ਰ ਰਹੀ ਹੈ। ਰਾਸ਼ਟਰਪਤੀ ਦੀਆਂ ਆ ਰਹੀਆਂ ਚੋਣਾਂ ਵੀ ਟਰੰਪ ਨੂੰ ਸਤਾ ਰਹੀਆਂ ਹਨ। ਉਹ ਵੀ ਮੁਲਕ ਅੰਦਰ ਜੰਗ ਦਾ ਫੋਬੀਆ ਖੜ੍ਹਾ ਕਰਨਾ ਚਾਹੁੰਦਾ ਹੈ। ਖਾੜੀ ਬਾਰੇ ਸਿਆਸੀ ਵਿਸ਼ਲੇਸ਼ਕ ਤਾਰਿਕ ਅਲੀ ਦਾ ਕਹਿਣਾ ਹੈ ਕਿ ਅਰਬ ਸਾਗਰ ਵਿਚ ਅਮਰੀਕਾ ਇਸ ਕਰਕੇ ਵੀ ਵੱਧ ਰੁਚੀ ਲੈਂਦਾ ਹੈ, ਕਿਉਂਕਿ ਸਮੁੱਚੀ ਦੁਨੀਆ ਨੂੰ ਇਥੋਂ ਤੇਲ ਦੀ ਸਪਲਾਈ ਹੁੰਦੀ ਹੈ। ਅਮਰੀਕਾ ਸਾਰੀ ਦੁਨੀਆ ਨੂੰ ਇਹ ਦਿਖਾਉਣਾ ਚਾਹੁੰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਤੇ ਕਿਥੋਂ ਤੇਲ ਲੈ ਰਹੇ ਹੋ, ਇਹ ਸਭ ਕੁਝ ਉਸ ਦੀਆਂ ਨਜ਼ਰਾਂ ਵਿਚ ਹੈ। ਇਹ ਖਿੱਤਾ ਅਮਰੀਕਨਾਂ ਲਈ ਗਲੋਬਲ ਸਿਆਸੀ ਪੱਖਾਂ ਤੋਂ ਅਹਿਮੀਅਤ ਰੱਖਦਾ ਹੈ।
ਸਾਰੀ ਦੁਨੀਆ ਇਸ ਵਕਤ ਆਰਥਿਕ ਸੰਕਟ ਵਿਚ ਫਸੀ ਹੋਈ ਹੈ। ਇਹ ਭਾਵੇਂ ਅਮਰੀਕਾ ਹੈ ਜਾਂ ਕੋਈ ਹੋਰ, ਜੰਗ ਤੋਂ ਕੋਈ ਵੱਡਾ ਲਾਭ ਨਹੀਂ ਲੈ ਸਕਦਾ ਬਲਕਿ ਖੁਦ ਅਤੇ ਦੁਨੀਆ ਨੂੰ ਹੋਰ ਸੰਕਟਾਂ ਵਿਚ ਸੁੱਟ ਸਕਦਾ ਹੈ। ਖਾੜੀ ਵਿਚ ਜੰਗ ਦੇ ਬੱਦਲ ਸੰਕਟ ਵਿਚ ਘਿਰੇ ਖਿੱਤੇ ਨੂੰ ਹੋਰ ਸੰਕਟਾਂ ਵਿਚ ਫਸਾ ਸਕਦੇ ਹਨ। ਅਜਿਹੇ ਹਾਲਾਤ ਵਿਚੋਂ ਉਭਰਨ ਲਈ ਵੱਖ ਵੱਖ ਮੁਲਕਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਮਰੀਕਾ ਵਲੋਂ ਖਾੜੀ ਵਿਚ ਬਣਾਏ ਜਾ ਰਹੇ ਜੰਗ ਵਾਲੇ ਮਾਹੌਲ ਨੂੰ ਰੋਕਣ ਲਈ ਇਸ ਦਾ ਡਟ ਕੇ ਵਿਰੋਧ ਕਰਨ ਅਤੇ ਇਰਾਨ ਦੀ ਖੁਦਮੁਖਤਾਰੀ ਨੂੰ ਬਰਕਰਾਰ ਰੱਖਣ। ਇਸ ਦੇ ਨਾਲ ਹੀ ਇਰਾਨ ਦੇ ਲੋਕਾਂ ਉਤੇ ਲਗਾਈਆਂ ਆਰਥਿਕ ਬੰਦਸ਼ਾਂ ਹਟਾਉਣ ਦੀ ਵਕਾਲਤ ਵੀ ਕਰਨੀ ਚਾਹੀਦੀ ਹੈ।