ਸੋਗ ਮਨਾਉਣ ਜੋਗੇ ਵੀ ਨਹੀਂ ਰਹੇ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਨਜ਼ਰਅੰਦਾਜ਼ੀ ਦਾ ਵਿਖਿਆਨ ਕਰਦਿਆਂ ਕਿਹਾ ਸੀ, “ਨਜ਼ਰਅੰਦਾਜ਼ੀ, ਪ੍ਰਤੱਖ ਵੀ ਤੇ ਅਪ੍ਰਤੱਖ ਵੀ, ਸਾਹਮਣੇ ਵੀ ਤੇ ਓਹਲੇ ‘ਚ ਵੀ ਅਤੇ ਗੱਲਬਾਤ ‘ਚ ਵੀ ਤੇ ਲਿਖਤ ‘ਚ ਵੀ।”

ਉਨ੍ਹਾਂ ਦੀ ਨਸੀਹਤ ਹੈ, “ਰੁੱਸਿਆਂ ਨੂੰ ਨਜ਼ਰਅੰਦਾਜ਼ ਨਾ ਕਰੋ, ਸਗੋਂ ਮਨਾਓ। ਪਤਾ ਨਹੀਂ ਕਿਸ ਮੋੜ ‘ਤੇ ਸਾਹ ਬੇਵਫਾ ਹੋ ਜਾਣ ਅਤੇ ਜ਼ਿੰਦਗੀ ਦੀ ਸ਼ਾਮ ਉਤਰ ਆਵੇ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਸੋਗ ‘ਤੇ ਸੋਗ ਮਨਾਇਆ ਹੈ। ਉਹ ਕਹਿੰਦੇ ਹਨ, “ਸੋਗ, ਛੋਟਾ ਜਾਂ ਵੱਡਾ, ਤੇਰਾ ਜਾਂ ਮੇਰਾ, ਆਪਣਾ ਜਾਂ ਬੇਗਾਨਾ ਅਤੇ ਥੋੜ੍ਹਾ ਜਾਂ ਜ਼ਿਆਦਾ ਨਹੀਂ ਹੁੰਦਾ। ਸੋਗ, ਸਿਰਫ ਸੋਗ ਹੁੰਦਾ।…ਸੋਗ ਨੂੰ ਸਦੀਵੀ ਸੰਤਾਪ ਬਣਾਉਣਾ ਮਾੜਾ। ਸੋਗ-ਭੱਠੀ ਵਿਚ ਸੜਨਾ ਬੇਵਕੂਫੀ।…ਸੋਗ ਕਦੇ ਮਾਂ, ਬਾਪ, ਭੈਣ, ਭਰਾ, ਪਤਨੀ, ਪਤੀ ਜਾਂ ਅਜਿਹੇ ਹੋਰ ਨੇੜਲੇ ਰਿਸ਼ਤੇਦਾਰ ਦੇ ਸਦੀਵੀ ਵਿਛੋੜੇ ਜਾਂ ਕਿਸੇ ਭਿਆਨਕ ਹੋਣੀ ਵਿਚ ਗ੍ਰਸੇ ਜਾਣ ਪਿਛੋਂ ਹੁੰਦਾ।” ਉਨ੍ਹਾਂ ਦਾ ਗਿਲਾ ਹੈ, “ਸੋਗ ਜਦ ਸ਼ੁਗਲ ਦੇ ਰਾਹ ਤੁਰਦਾ ਤਾਂ ਮਰ ਜਾਂਦੀ ਮਨੁੱਖਤਾ ਅਤੇ ਮਾਨਵੀ ਬਿਰਤੀਆਂ ਦਾ ਹੋ ਜਾਂਦਾ ਚੀਰ-ਹਰਨ। ‘ਕੇਰਾਂ ਕਿਸੇ ਦੇ ਅਫਸੋਸ ‘ਤੇ ਗਏ ਤਾਂ ਉਸ ਨੇ ਆਣ ਲੱਗਿਆਂ ਸ਼ਰਾਬ ਦੀ ਮਹਿਫਿਲ ਸਜਾ ਲਈ।” ਡਾ. ਭੰਡਾਲ ਦੀ ਨਸੀਹਤ ਹੈ ਕਿ ਸੋਗ ਮੰਨਣ, ਮਨਾਉਣ ਤੇ ਵੰਡਾਉਣ ਦੀ ਆਦਤ ਪਾਓ। ਕਿਸੇ ਦੇ ਦੁੱਖ ਵਿਚ ਸ਼ਰੀਕ ਹੋਵੋ, ਉਸ ਦੀ ਪੀੜਾ ਨੂੰ ਪਛਾਣੋ, ਜਾਣੋ ਅਤੇ ਵੰਡਾਓ। -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਸੋਗ, ਅਣ-ਕਿਆਸੀ ਤੇ ਅਚਨਚੇਤੀ ਘਟਨਾ, ਭਿਆਨਕ ਹਾਦਸਾ, ਪਿਆਰੇ ਦਾ ਸਦੀਵੀ ਵਿਛੋੜਾ, ਮੌਤ ਦਾ ਮਾਤਮ, ਜੀਵਨ-ਤੋਰ ਵਿਚ ਉਗੀਆਂ ਸੂਲਾਂ ਅਤੇ ਸਾਹਾਂ ‘ਚੋਂ ਸੁਗੰਧ ਦਾ ਮਨਫੀ ਹੋਣਾ।
ਸੋਗ, ਸਾਹਾਂ ਦੀ ਨਿਰੰਤਰਤਾ ਵਿਚ ਹਉਕਾ, ਪੈਰਾਂ ਦੀ ਤੋਰ ਵਿਚਲੀ ਨਿੱਸਲਤਾ, ਹੱਥਾਂ ਦੀ ਹਿਲਜੁਲ ਨੂੰ ਵਿਸ਼ਰਾਮ ਅਤੇ ਸਰੀਰਕ ਕ੍ਰਿਆਵਾਂ ਨੂੰ ਠਹਿਰ ਜਾਣ ਦਾ ਆਦੇਸ਼।
ਸੋਗ, ਭੁੱਖ ਦਾ ਮਰਨਾ, ਬੋਲਾਂ ‘ਚ ਮਾਤਮੀ ਚੁੱਪ, ਹਰਫਾਂ ਵਿਚ ਹਾਵਿਆਂ ਦੀ ਰੁਮਕਣੀ ਅਤੇ ਅਰਥਾਂ ਵਿਚ ਅੰਤਿਮ-ਅਰਦਾਸ।
ਸੋਗ, ਆਪਣੇ ਆਪ ਨੂੰ ਬੇਦਾਵਾ, ਖੁਦ ਤੋਂ ਕਿਨਾਰਾਕਸ਼ੀ, ਖਾਣ-ਪੀਣ ਅਤੇ ਪਹਿਨਣ ਦੀ ਨਹੀਂ ਕੋਈ ਉਗ-ਸੁਘ, ਸਾਹਾਂ ‘ਚ ਹਟਕੋਰੇ। ਆਪਣੀ ਅਰਥੀ ਨੂੰ ਮੋਢੇ ‘ਤੇ ਢੋਣਾ ਅਤੇ ਅੰਤਰੀਵ ‘ਚ ਖੁਰਦਿਆਂ ਕਣ-ਕਣ ਹੋਣਾ।
ਸੋਗ, ਸਮਾਂ, ਸਥਾਨ, ਸਥਿਤੀ ਅਤੇ ਸਮੀਕਰਨ ਨਹੀਂ ਦੇਖਦਾ। ਕਿਧਰੇ ਵੀ, ਕਿਸੇ ਨਾਲ, ਕਿਸੇ ਵੀ ਹਾਲਾਤ ਤੇ ਤਰੀਕੇ ਰਾਹੀਂ ਕਹਿਰ ਵਰਤਾਉਂਦਾ ਅਤੇ ਮਨੁੱਖ ਨੂੰ ਇਮਹਿਤਾਨ ਵਿਚ ਪਾਉਂਦਾ।
ਸੋਗ ਜਦ ਸ਼ੁਗਲ ਦੇ ਰਾਹ ਤੁਰਦਾ ਤਾਂ ਮਰ ਜਾਂਦੀ ਮਨੁੱਖਤਾ ਅਤੇ ਮਾਨਵੀ ਬਿਰਤੀਆਂ ਦਾ ਹੋ ਜਾਂਦਾ ਚੀਰ-ਹਰਨ। ‘ਕੇਰਾਂ ਕਿਸੇ ਦੇ ਅਫਸੋਸ ‘ਤੇ ਗਏ ਤਾਂ ਉਸ ਨੇ ਆਣ ਲੱਗਿਆਂ ਸ਼ਰਾਬ ਦੀ ਮਹਿਫਿਲ ਸਜਾ ਲਈ। ਮਨ ਦੀਆਂ ਸੂਖਮ ਭਾਵਨਾਵਾਂ, ਸੋਗ ਦਾ ਮਰਸੀਆ ਪੜ੍ਹਨ ਲੱਗ ਪਈਆਂ। ਇਹ ਕੇਹੀ ਮਾਨਸਿਕਤਾ ਏ ਅਜੋਕੇ ਮਨੁੱਖ ਦੀ! ਉਹ ਸੋਗ ਵਿਚੋਂ ਸ਼ੁਗਲ ਦੀ ਤਵੱਕੋਂ ਰੱਖਣ ਲੱਗ ਪਿਆ ਏ?
ਸੋਗ, ਸਮਿਆਂ ਦੀ ਤ੍ਰਾਸਦੀ, ਮਨ ਦੀਆਂ ਤਹਿਆਂ ਵਿਚ ਦਰਦ ਦੀ ਸਰਸਰਾਹਟ ਅਤੇ ਕੋਮਲ ਸੋਚਾਂ ਵਿਚ ਵਾਪਰੀ ਅਣਹੋਣੀ ਦੀ ਦਸਤਕ। ਇਸ ਵਿਚੋਂ ਉਭਰਨ ਦੀ ਸੰਭਾਵਨਾ ਕਦੇ ਮੱਧਮ ਪਰ ਕਦੇ ਰੌਸ਼ਨ ਹੁੰਦੀ।
ਸੋਗ ਸਿਸਕ ਕੇ ਰਹਿ ਜਾਂਦਾ ਜਦ ਸੋਗ ਵੰਡਾਉਣ ਦੀ ਰੁੱਤੇ ਆਪਾ-ਧਾਪੀ ਦਾ ਮਾਹੌਲ, ਘਰ ਦੀ ਫਿਜ਼ਾ ਨੂੰ ਗੰਧਲੀ ਕਰ, ਮਨੁੱਖੀ ਕਮੀਨਗੀ ਤੇ ਲਾਲਚਪੁਣੇ ਨੂੰ ਜੱਗ ਜਾਹਰ ਕਰਦਾ। ਮਾਪਿਆਂ ਦੀ ਮੌਤ ‘ਤੇ ਬੱਚਿਆਂ ਵਲੋਂ ਰਸਮਾਂ ਦੀ ਵੰਡ ਵੰਡਾਈ ਜਾਂ ਉਨ੍ਹਾਂ ਦੀਆਂ ਨਿਸ਼ਾਨੀਆਂ ਦੀ ਖੋਹ-ਖਿੰਝ ਜਦ ਸ਼ੁਰੂ ਹੁੰਦੀ ਤਾਂ ਮਾਪਿਆਂ ਦੀ ਰੂਹ ਕੁਰਲਾ ਉਠਦੀ ਅਤੇ ਉਨ੍ਹਾਂ ਦੀ ਵਿਛੜੀ ਰੂਹ ਨੂੰ ਆਪਣੀ ਔਲਾਦ ‘ਤੇ ਹੀ ਨਮੋਸ਼ੀ ਆਉਂਦੀ।
ਸੋਗ, ਛੋਟਾ ਜਾਂ ਵੱਡਾ, ਤੇਰਾ ਜਾਂ ਮੇਰਾ, ਆਪਣਾ ਜਾਂ ਬੇਗਾਨਾ ਅਤੇ ਥੋੜ੍ਹਾ ਜਾਂ ਜ਼ਿਆਦਾ ਨਹੀਂ ਹੁੰਦਾ। ਸੋਗ, ਸਿਰਫ ਸੋਗ ਹੁੰਦਾ।
ਸੋਗ ਨੂੰ ਜਾਤ, ਫਿਰਕੇ, ਹੱਦਾਂ-ਸਰਹੱਦਾਂ, ਨਸਲ, ਧਰਮ ਆਦਿ ‘ਚ ਨਹੀਂ ਵੰਡਿਆ ਜਾ ਸਕਦਾ। ਹਰ ਮਨੁੱਖ ਹੀ ਜੀਵਨ ਵਿਚ ਸੋਗ ਦੀਆਂ ਪਰਤਾਂ ਫਰੋਲਦਾ, ਰਮਜ਼ਾਂ ਨੂੰ ਰੂਹ ‘ਚ ਵਸਾਉਂਦਾ, ਹੰਢਾਉਂਦਾ ਅਤੇ ਆਖਰ ਨੂੰ ਇਸ ‘ਤੇ ਫਤਿਹ ਪਾ, ਜੀਵਨ ਤੋਰ ਨੂੰ ਡਗਮਗਾਉਣ ਨਹੀਂ ਦਿੰਦਾ। ਹਾਂ! ਕੁਝ ਚਿਰ ਲਈ ਤੋਰ ਵਿਚ ਅਸਾਂਵਾਂਪਣ ਜਰੂਰ ਪੈਦਾ ਹੁੰਦਾ।
ਸੋਗ ਨੂੰ ਸਦੀਵੀ ਸੰਤਾਪ ਬਣਾਉਣਾ ਮਾੜਾ। ਸੋਗ-ਭੱਠੀ ਵਿਚ ਸੜਨਾ ਬੇਵਕੂਫੀ। ਸੋਗੀ-ਸੁਰਾਂ ਕਾਰਨ ਜਿੰਦ-ਬਹਾਰ ਵਿਚ ਪਤਝੜ ਦਾ ਸਦੀਵੀ ਬਸੇਰਾ ਕਰ ਦੇਣਾ, ਨਾਲਾਇਕੀ। ਸੋਗ-ਜੂਹਾਂ ਨੂੰ ਪੈੜ-ਰਾਹਾਂ ਨਾਲ ਨਾਪਣਾ ਸਿਆਣਪ ਨਹੀਂ। ਸਿਆਣਪ ਇਹ ਹੁੰਦੀ ਕਿ ਸੋਗ ਵਿਚ ਵੀ ਸਾਹ-ਸਦੀਵਤਾ, ਚੰਗੇਰੀ ਸੰਭਾਵਨਾ, ਸਾਬਤ-ਸਮਰੱਥਾ ਅਤੇ ਸੁਪਨ-ਸਾਜ਼ਗਾਰੀ ਨੂੰ ਜਿਉਂਦਾ ਰੱਖਿਆ ਜਾਵੇ। ਲੋੜ ਹੁੰਦੀ ਏ, ਇਸ ਦੇ ਚੌਗਿਰਦੇ ਵਿਚ ਤ੍ਰੇਲ-ਤੁਪਕਿਆਂ ਨੂੰ ਚੋਣਾ ਅਤੇ ਇਨ੍ਹਾਂ ਵਿਚੋਂ ਡਲਕਦੀ ਰੰਗ-ਆਬਸ਼ਾਰ ਨੂੰ ਸੁੱਚੀਆਂ ਭਾਵਨਾਵਾਂ ਦੇ ਨਾਮ ਕਰਨਾ।
ਸੋਗ ਮਨਾਉਣਾ, ਹਰੇਕ ਸਮਾਜ ਵਰਤਾਰੇ ਦਾ ਅਹਿਮ ਤੇ ਅਟੁੱਟ ਹਿੱਸਾ। ਵੰਡਿਆਂ ਦੁੱਖ ਘਟਦਾ। ਚੀਸ ਨੂੰ ਮਿਲਦੀ ਰਾਹਤ, ਚਸਕਦੇ ਫੱਟਾਂ ‘ਤੇ ਟਕੋਰ ਦਾ ਅਹਿਸਾਸ ਅਤੇ ਅੱਲ੍ਹੇ ਜ਼ਖਮਾਂ ‘ਤੇ ਮਰਹਮ ਨਾਲ ਭਰੇ ਫਹਿਆਂ ਦੀ ਤਾਮੀਰਦਾਰੀ। ਆਪਣਿਆਂ ਦੇ ਗਲ ਲੱਗ ਕੇ ਰੋਇਆਂ, ਰੁਆਂਸੀ ਜ਼ਿੰਦ ਨੂੰ ਸਬਰ ਆਉਂਦਾ ਤੇ ਸਕੂਨ ਮਿਲਦਾ।
ਸੋਗ ਮਨਾਉਣ ਦਾ ਅਰਥ ਹੈ, ਦਰਦਾਂ ਨੂੰ ਸਾਂਝਾ ਕਰਕੇ ਮਨ ਨੂੰ ਹੌਲਾ ਕਰਨਾ, ਮਿੱਤਰ-ਮੋਢੇ ‘ਤੇ ਸਿਰ ਰੱਖ ਕੇ ਰੋਣਾ, ਦਿਲ ਦੇ ਦਰਦ ਨੂੰ ਨੈਣ-ਨੀਰ ‘ਚ ਡਬੋਣਾ ਅਤੇ ਆਪਣਿਆਂ ਦੀ ਦਿਲਬਰੀ ਨੂੰ ਦਿਲਗੀਰੀ ਦੀ ਦਵਾ ਬਣਾਉਣਾ।
ਸੋਗ ਵਿਚ ਸ਼ਾਮਲ ਹੋਣਾ, ਮਨੁੱਖੀ ਭਾਵਨਾਵਾਂ ਦੀ ਸੁੱਚੀ ਤਰਜ਼ਮਾਨੀ, ਜਿਉਂਦੇ ਮਨੁੱਖ ਦਾ ਬਿੰਬ, ਸੂਖਮ ਅਹਿਸਾਸਾਂ ਦੀ ਨਿਸ਼ਾਨਦੇਹੀ ਅਤੇ ਜਾਗਦੇ ਹੋਣ ਦੀ ਨਿਸ਼ਾਨੀ। ਸਿਰਫ ਜਿਉਂਦਾ ਵਿਅਕਤੀ ਹੀ ਕਿਸੇ ਦੀ ਪੀੜਾ ‘ਚ ਖੁਦ ਵੀ ਪੀੜਾ ਪੀੜਾ ਹੋ ਜਾਂਦਾ।
ਸੋਗ ‘ਚ ਕੁਝ ਵਿਅਕਤੀਆਂ ਦੀਆਂ ਸਿੱਲੀਆਂ ਅੱਖਾਂ ਇਸ ਗੱਲ ਦਾ ਪ੍ਰਮਾਣ ਕਿ ਉਹ ਪਰਾਏ ਦੁੱਖ ਵਿਚੋਂ ਵੀ ਖੁਦ ਦੇ ਦੁੱਖ ਦੀ ਨਿਸ਼ਾਨਦੇਹੀ ਕਰਦਾ ਹੈ। ਕਿਸੇ ਦੀ ਹੂਕ ਉਸ ਦੇ ਅੰਤਰੀਵ ਨੂੰ ਝੰਜੋੜਦੀ ਅਤੇ ਇਸ ‘ਚੋਂ ਫੁੱਟਦੀ ਏ ਖਾਰੇ ਪਾਣੀ ਦੀ ਨੈਂਅ, ਜੋ ਉਸ ਦੇ ਅੰਦਰ ਦੱਬੇ ਦਰਦ ਲਈ ਰਾਹਤ ਬਣਦੀ।
ਸੋਗ ਮਨਾਉਣਾ, ਸੁੱਚਾ ਵਰਤਾਰਾ। ਮਨੁੱਖ ਵਲੋਂ ਮਨੁੱਖ ਹੋਣ ਦਾ ਫਰਜ਼। ਦੁਖੀ ਨੂੰ ਗਲਵੱਕੜੀ ਵਿਚ ਲੈ ਕੇ ਵਰਾਉਣਾ, ਅੱਥਰੂ ਪੂੰਝਣਾ ਅਤੇ ਦੁੱਖ ‘ਚੋਂ ਉਭਰਨ ਲਈ ਹੱਲਾਸ਼ੇਰੀ ਦੇਣਾ।
ਸੋਗ, ਪ੍ਰਤੱਖ ਅਤੇ ਅਪ੍ਰਤੱਖ ਰੂਪ ਵਿਚ ਹਰ ਵਿਅਕਤੀ ਹੰਢਾਉਂਦਾ। ਕੁਝ ਲਈ ਬਾਹਰੀ ਪੀੜਾ, ਮਸੋਸਿਆ ਮੁਹਾਂਦਰਾ ਅਤੇ ਅੱਖਾਂ ‘ਚੋਂ ਬੇਮੁਹਾਰੇ ਹੰਝੂਆਂ ਦਾ ਕਾਫਲਾ ਹੁੰਦਾ ਜਾਂ ਕੁਝ ਲਈ ਅੰਤਰੀਵ ‘ਤੇ ਪਈਆਂ ਸਦੀਵ ਝਰੀਟਾਂ, ਜੋ ਸਦਾ ਚਸਕਦੀਆਂ; ਮਨੁੱਖੀ ਮਾਨਸਿਕਤਾ ਨੂੰ ਕੋਹੇ ਜਾਣਾ।
ਸੋਗ ਮਨਾਉਣ ਦਾ ਤਰੀਕਾ ਵੱਖ ਵੱਖ ਸਭਿਅਤਾਵਾਂ, ਕੌਮਾਂ ਅਤੇ ਧਰਮਾਂ ਵਿਚ ਵੱਖੋ ਵੱਖ। ਵੱਖੋ ਵੱਖਰੀਆਂ ਰਸਮਾਂ ਅਤੇ ਮਰਿਆਦਾਵਾਂ। ਸੋਗ ਹੀ ਮਨੁੱਖ ਨੂੰ ਉਸ ਸਦੀਵੀ ਸੱਚ ਦੇ ਰੂਬਰੂ ਕਰਵਾਉਂਦਾ, ਜਿਸ ਤੋਂ ਅਸੀਂ ਦੂਰ ਹੋਣਾ ਲੋਚਦੇ।
ਸੋਗ ਦਾ ਸਮਾਂ ਵੀ ਵੱਖਰਾ-ਵੱਖਰਾ। ਇਹ ਪਲ, ਘੜੀ, ਪਹਿਰ, ਦਿਨ, ਮਹੀਨੇ, ਸਾਲ ਤੋਂ ਸਦੀਆਂ ਤੀਕ ਵੀ ਫੈਲ ਸਕਦਾ। ਇਹ ਸੋਗ ਦੀ ਕਿਸਮ, ਗਹਿਰਾਪਣ, ਜ਼ਖਮਾਂ ਦੀ ਗਿਣਤੀ ਤੇ ਡੂੰਘਾਈ, ਆਪਣਿਆਂ ਜਾਂ ਬਿਗਾਨਿਆਂ ਦੇ ਦਿੱਤੇ ਉਤੇ ਨਿਰਭਰ ਕਰਦਾ। ਇਸ ਦਾ ਸੇਕ ਬਹੁਤੀ ਵਾਰ ਭਵਿੱਖਮੁਖੀ ਘਟਨਾਵਾਂ ਦੀ ਧਰਾਤਲ ਵੀ ਬਣਦਾ। ਦੁਨੀਆਂ ਭਰ ਵਿਚ ਬਹੁਤ ਸਾਰੀਆਂ ਘਟਨਾਵਾਂ, ਲਹਿਰਾਂ ਆਦਿ ਦੀ ਅੰਤਰਮੁਖਤਾ ਵਿਚ ਸੋਗ ਦਾ ਸੁਲਘਣਾ ਹੀ ਸੀ, ਜੋ ਹੌਲੀ ਹੌਲੀ ਲਾਵੇ ਦਾ ਰੂਪ ਧਾਰ, ਇਨਕਲਾਬੀ ਸੋਚਧਾਰਾ ਦਾ ਕਾਰਨ ਬਣਿਆ।
ਸੋਗੀ ਰੂਹ ਨੂੰ ਸਹਿਲਾਓ, ਗੁੱਝੀਆਂ ਰਮਜ਼ਾਂ ਦੀ ਥਾਹ ਪਾਓ, ਲਿਲਕੜੀਆਂ ਨੂੰ ਥਪਥਪਾਓ, ਚੁੱਪ ਕਰਾਓ ਅਤੇ ਸੋਗ ਵਿਚੋਂ ਹੀ ਸੰਜੀਦਗੀ, ਸਿਰੜ ਅਤੇ ਸਿਦਕਦਿਲੀ ਨੂੰ ਆਪਣੇ ਮਨਮਸਤਕ ਦੇ ਨਾਮ ਲਾਓ ਤਾਂ ਕਿ ਸੋਗ ਕਦੇ ਵੀ ਗਿੱਲੀ ਲੱਕੜ ਦਾ ਧੂੰਆਂ ਨਾ ਬਣੇ। ਇਸ ਦੇ ਸੇਕ ਵਿਚ ਝੁਲਸ ਜਾਣੇ ਨੇ ਚਾਅ-ਦੁਲਾਰ ਅਤੇ ਧੂੰਏਂ ਵਿਚ ਗੁੰਮ ਜਾਣੀਆਂ ਨੇ ਸੁਪਨ-ਦੇਸ਼ ਨੂੰ ਜਾਣ ਵਾਸਤੇ ਸਿਰਜੀਆਂ ਜਾਣ ਵਾਲੀਆਂ ਪੈੜਾਂ।
ਸੋਗ ਮਨਾਉਣਾ ਵੀ ਮਨੁੱਖੀ ਬਿਰਤੀ ਦਾ ਸੂਖਮ ਅੰਦਾਜ਼, ਬਿਹਤਰੀਨ ਕਲਾ। ਉਹ ਸੋਗ ਨੂੰ ਸੁਹਜ ਤੇ ਸਲੀਕੇ ਰਾਹੀਂ ਸਦਭਾਵਨਾ, ਸਹਿਯੋਗ ਅਤੇ ਸਹਿਚਾਰੇ ਨੂੰ ਸਿਰਜਣ ਵਿਚ ਮੋਹਰੀ। ਅਜਿਹੇ ਸੰਜੀਦਾ ਵਿਅਕਤੀ ਹਮੇਸ਼ਾ ਜ਼ਿੰਦਗੀ ਦੇ ਸੁਰਖ ਮੁੱਖ ਨੂੰ ਨਿਹਾਰਨ ਦੇ ਆਦੀ ਅਤੇ ਜੀਵਨ ਦਾ ਹਨੇਰ ਪੱਖ ਉਨ੍ਹਾਂ ਦੀ ਸੋਚ ਵਿਚੋਂ ਮਨਫੀ। ਉਹ ਸੋਗਵਾਰ ਮਾਹੌਲ ਵਿਚੋਂ ਉਭਰਨ ਅਤੇ ਤਲਖ ਸੱਚ ਦਾ ਸਾਹਮਣਾ ਕਰਨ ਲਈ ਡਿੱਗਦੇ ਦਿਲਾਂ ਲਈ ਹਿੰਮਤ ਤੇ ਹੱਲਾਸ਼ੇਰੀ ਬਣਦੇ। ਉਨ੍ਹਾਂ ਦੀ ਚਾਹਤ ਹੁੰਦੀ ਏ, ਕਿਸੇ ਨੂੰ ਸੁਖਨ-ਰਾਹਤ ਅਤੇ ਇਸ ਵਿਚੋਂ ਜੀਵਨ-ਕਿਰਨਾਂ ਦੀ ਝਾਤ।
ਸੋਗ ਮਨਾਉਣ ਤੋਂ ਆਕੀ ਹੋ ਰਿਹਾ ਏ ਅਜੋਕਾ ਮਨੁੱਖ। ਆਪਣਿਆਂ ਦੇ ਤੁਰ ਜਾਣ ‘ਤੇ ਕਈ ਦਿਨਾਂ ਤੀਕ ਸੋਗ ਮਨਾਉਣਾ, ਬੀਤੇ ਦੀ ਗੱਲ। ਕੇਹੀ ਜੀਵਨ-ਸ਼ੈਲੀ ਕਿ ਸੋਗ ਮਨਾਉਣਾ ਵੀ ਸਿਰਫ ਨਿੱਜ ਤੀਕ ਸੀਮਤ। ਨਿੱਜੀ ਸਰੋਕਾਰਾਂ ਤੀਕ ਹੈ ਇਸ ਦੀ ਰਸਾਈ ਅਤੇ ਮਨੁੱਖੀ ਗਰਕਣੀ ਨੇ ਕਰਵਾ ਦਿਤੀ ਏ ਅੱਤ। ਕੁਝ ਸਮੇਂ ਦੀ ਗੈਰਹਾਜ਼ਰੀ ਕਾਰਨ ਹੀ ਨੇੜਲੇ ਵੀ ਸੋਗ ਮਨਾਉਣ ਤੋਂ ਵੱਟਦੇ ਨੇ ਟਾਲਾ। ਸ਼ਾਇਦ ਉਹ ਭਰਮ ਪਾਲ ਲੈਂਦੇ ਨੇ ਕਿ ਇਹ ਭਾਣਾ ਦੂਸਰੇ ਨਾਲ ਹੀ ਵਾਪਰਿਆ ਹੈ, ਮੇਰੇ ਨਾਲ ਨਹੀਂ ਵਾਪਰਨਾ।
ਯਾਦ ਰੱਖਣਾ ਚਾਹੀਦਾ ਹੈ ਕਿ ਅਰਥੀ ਨੂੰ ਮੋਢਾ ਦੇਣ ਲਈ ਚਾਰ ਕੁ ਜਣੇ ਤਾਂ ਚਾਹੀਦੇ ਹੀ ਨੇ। ਕੁਝ ਹੋਰ ਮੋਢੇ ਵੀ ਚਾਹੀਦੇ ਹੁੰਦੇ ਨੇ, ਪੀੜਤ ਪਲਾਂ ‘ਚ ਸਿਰ ਰੱਖ ਕੇ ਰੋਣ ਲਈ ਅਤੇ ਮਨ ਨੂੰ ਹਲਕਾ ਕਰਨ ਲਈ। ‘ਕੱਲੇ ਰਹਿ ਗਏ ਤਾਂ ਕੌਣ ਬੈਠੇਗਾ ਸੱਥਰ ‘ਤੇ? ਕਿਸ ਨਾਲ ਕਰੋਗੇ ਤੁਰ ਗਿਆਂ ਦੀਆਂ ਗੱਲਾਂ? ਕਿਸ ਨਾਲ ਫਰੋਲੋਗੇ ਨਿੱਘੀਆਂ ਯਾਦਾਂ ਦੀ ਵਰਣਮਾਲਾ? ਕਿਸ ਦੀ ਸੰਗਤ ਵਿਚ ਪੜ੍ਹੋਗੇ ਅਤੀਤ ਦੇ ਵਰਕਿਆਂ ਵਿਚ ਉਕਰੀਆਂ ਮਿੱਠੜੀਆਂ ਘਟਨਾਵਾਂ, ਜਿਨ੍ਹਾਂ ਨੇ ਜ਼ਿੰਦਗੀ ਨੂੰ ਨਵਾਂ ਨਾਮਕਰਨ ਦਿਤਾ ਸੀ? ਕੌਣ ਤੁਹਾਡੇ ਨਾਲ ਫੁੱਲ ਚੁੱਗਣ ਤੁਰੇਗਾ? ਕਿੰਜ ਸਿਵਿਆਂ ਦੀ ਰਾਖ ਵਿਚੋਂ ਤੁਰ ਗਿਆਂ ਦੇ ਨਕਸ਼ਾਂ ਦੀ ਨਿਸ਼ਾਨਦੇਹੀ ਕਰੋਗੇ? ਕਿਹੜੇ ਰਾਹ ਤੁਰ ਪਈ ਏ ਮਨੁੱਖੀ ਸੋਚ ਕਿ ਇਸ ਦੇ ਚੇਤਿਆਂ ਵਿਚੋਂ ਹੀ ਖੁਰ ਗਿਆ ਏ, ਭਾਵੁਕ ਪਲਾਂ ਦੀ ਸਾਂਝ-ਸਿਰਜਣਾ, ਦੁੱਖ-ਸੁੱਖ ‘ਚ ਸ਼ਰੀਕ ਹੋ ਕੇ ਇਕ-ਦੂਜੇ ਦੀਆਂ ਸੁੱਖਾਂ ਮੰਗਣਾ ਅਤੇ ਨਿੱਜ ਨੂੰ ਵਿਸਾਰ ਕੇ ਸਰਬ-ਸੁਖਨ ਦੀ ਲੋਚਾ ਮਨ ਵਿਚ ਪਾਲਣਾ।
ਸੋਗ, ਮਾੜਾ ਵਕਤ ਅਤੇ ਭੈੜਾ ਸਮਾਂ। ਇਹ ਸਮਾਂ ਕਦੇ ਵੀ ਸਥਿਰ ਨਹੀਂ ਰਹਿੰਦਾ। ਇਸ ਨੇ ਬੀਤ ਜਾਣਾ ਹੁੰਦਾ। ਵਕਤ ਨਾਲ ਭਰ ਜਾਂਦੇ ਨੇ ਜ਼ਖਮ, ਘਟ ਜਾਂਦੀ ਏ ਚੀਸ, ਸਹਿਣ ਹੋ ਜਾਂਦਾ ਏ ਦਰਦ ਅਤੇ ਸਿੱਖ ਲਈਦਾ ਏ ਬਦਲੇ ਹਾਲਾਤ ਵਿਚ ਜਿਉਣਾ। ਸਿਰਫ ਇਕ ਚਸਕ ਰਹਿ ਜਾਂਦੀ ਏ ਆਪਣਿਆਂ ਦੀ ਬੇਰੁਖੀ ਦੀ, ਨਿਹੁੰ ਲਾਉਣ ਵਾਲਿਆਂ ਦੀ ਬੇਗਾਨਗੀ ਅਤੇ ਮਸਨੂਈ ਰਿਸ਼ਤਿਆਂ ਦੀ ਪਰਦਾਨਸ਼ੀਂ ਦੀ।
ਸੋਗ ਵਿਚ ਸਿਸਕਦਾ ਏ ਬੰਦਾ, ਭਾਵਾਂ ਨੂੰ ਮਿਲਦੀ ਨਹੀਂ ਜੁਬਾਨ, ਚੁੱਪ ਨੂੰ ਨਹੀਂ ਮਿਲਦੇ ਬੋਲ। ਅੱਖਾਂ ਵਿਚ ਨੀਰਸਤਾ ਅਤੇ ਸੁਪਨਿਆਂ ਦੀ ਮੱਧਮਤਾ ਤਾਰੀ।
ਸੋਗ ਦੌਰਾਨ ਨੈਣਾਂ ਵਿਚ ਖਾਰਾ ਆਬ, ਅੰਦਰਲੇ ਦਰਦ ਦੀ ਹਾਥ, ਸੂਖਮ ਭਾਵਨਾਵਾਂ ਵਿਚਲੀ ਵਿਸ਼ਾਲਤਾ ਅਤੇ ਦਰਦ-ਦਰਦ ਹੋਣ ਦੀ ਇੰਤਹਾ। ਇਹ ਕਮਜੋਰੀ ਨਹੀਂ ਹੁੰਦੀ। ਅੱਥਰੂ ਵਿਹੂਣੇ ਨੈਣ ਤਾਂ ਪੱਥਰ ਹੁੰਦੇ।
ਸੋਗ ਦਾ ਪਿਆਲਾ ਜਦ ਪੂਰਾ ਭਰ ਜਾਂਦਾ ਤਾਂ ਭੋਰਾ ਜਿੰਨੀ ਹਰਕਤ ਪੈਦਾ ਹੋਣ ‘ਤੇ ਵੀ ਛਲਕਣ ਲੱਗ ਪੈਂਦਾ, ਜੋ ਮੁੱਖ ‘ਤੇ ਕਰ ਜਾਂਦਾ ਅੱਥਰੂਆਂ ਦੀਆਂ ਘਰਾਲਾਂ ਦੀ ਕਲਾ-ਨਿਕਾਸ਼ੀ।
ਸੋਗ ਨੂੰ ਖੁਦ ਹੰਢਾਉਣ ਵਾਲੇ ਹੀ ਦੂਜਿਆਂ ਸਾਹਵੇਂ ਇਸ ਦੁੱਖ ਦੀਆਂ ਪਰਤਾਂ ਫਰੋਲਦੇ, ਇਸ ਵਿਚੋਂ ਉਭਰਨ ਦਾ ਗੁਰ ਦੱਸਦੇ। ਸੋਗ ਨੂੰ ਹੰਢਾਏ ਬਿਨਾ ਸੁੱਖ ਦੇ ਕੀ ਅਰਥ? ਕਿੰਜ ਬਿਆਨ ਕਰੋਗੇ ਸੁੱਖ-ਸੰਵੇਦਨਾ ਨੂੰ।
ਸੋਗ-ਸੰਗ ਤੋਂ ਅੱਕਿਆ ਮਨ ਕਦੇ ਕਦੇ ਉਚੀ ਹੋਕਰਾ ਮਾਰਨਾ ਚਾਹੁੰਦਾ, ‘ਦੱਸ ਵੇ ਸਾਈਆਂ ਮੇਰੇ ਲੇਖ ਕੀ ਕਹਿੰਦੇ ਨੇ। ਸੁੱਖਾਂ ਦੀ ਤਾਂ ਗੱਲ ਛੱਡ ਦੇ, ਸੋਗ ਕਿੰਨੇ ਕੁ ਰਹਿੰਦੇ ਨੇ?’
ਸੋਗ ਦੌਰਾਨ ਹੀ ਪਰਖੀਆਂ ਜਾਂਦੀਆਂ ਨੇ ਦੋਸਤੀਆਂ ਤੇ ਸਬੰਧ, ਅਪਣੱਤ ਤੇ ਆਸਵੰਦੀ, ਨੇੜਤਾ ਤੇ ਮਿਲਾਪੜਾਪਨ ਅਤੇ ਸਿਆਣਪ ਤੇ ਸਮਝ। ਅਜਿਹੇ ਵਕਤ ਵਿਚ ਜਦ ਮਿੱਤਰਤਾਈ ਦਾ ਮੁਖੌਟਾ ਉਤਰਦਾ ਤਾਂ ਲੇਰ ਗੁੰਮ ਸੁੰਮ ਹੋ ਜਾਂਦੀ। ਸਾਹਾਂ ਵਿਚ ਸਮਾ ਜਾਂਦੀ ਆਹ ਅਤੇ ਸਬੰਧਾਂ ਵਿਚ ਪੈਦਾ ਹੁੰਦੀ ਇਕ ਤਿੜਕਣ, ਜੋ ਬਹੁਤ ਕੁਝ ਮਨ ਵਿਚੋਂ ਮਨਫੀ ਕਰ, ਦੁਨਿਆਵੀ ਕੂੜ-ਕੁਸੱਤ ਨੂੰ ਉਜਾਗਰ ਕਰਦੀ। ਖੁਦ ਹੀ ਆਪਣੇ ਕਦਮਾਂ ‘ਤੇ ਖੜੋਣ, ਖੁਦ ਹੀ ਮਿੱਤਰ ਮੋਢਾ ਬਣਨ, ਹੰਝੂ ਜ਼ੀਰਨ ਅਤੇ ਖੁਦ ‘ਚੋਂ ਖੁਦ ਦੇ ਉਭਾਰ ਦਾ ਅਸਾਰ ਸਿਰਜਦੀ। ਖੜਸੁੱਕ ਹੋ ਗਏ ਸਬੰਧਾਂ ‘ਤੇ ਕਾਹਦਾ ਉਲਾਹਮਾ, ਸ਼ਿਕਵਾ, ਨਿਹੋਰਾ ਜਾਂ ਗਿਲਾ ਕਰੀਏ! ਖਾਰਾ ਸਾਗਰ ਖੁਦ ਹੀ ਤਰੀਏ। ਬਿਖਮ ਰਾਹਾਂ ਥੀਂ ਤੁਰੀਂਦੇ, ਪੈਰਾਂ ਨਾਂਵੇਂ ਮੰਜ਼ਿਲਾਂ ਕਰੀਏ। ਹੰਝੂਆਂ ਸੰਗ ਵੀ ਕਾਹਦਾ ਖੁਰਨਾ, ਹੰਝੂਆਂ ਤੋਂ ਹਿੰਮਤ ਲੜ ਫੜੀਏ। ਦੁੱਖ-ਦਰਦ ਦੇ ਕਹਿਰਾਂ ਸੰਗ, ਨੰਗੇ ਪਿੰਡੇ ਖੁਦ ਹੀ ਲੜੀਏ। ਸੋਗ-ਸਾਗਰ ਦੀਆਂ ਲਹਿਰਾਂ ਉਪਰ, ਜੀਵਨ-ਚੱਪੂ ਘੁੱਟ ਕੇ ਫੜੀਏ। ਸਾਵੀਂ ਸੋਚ ਦੇ ਪਰ-ਪਰਵਾਜ਼ ਨਾਲ, ਅਦਲੀ ਅੰਬਰੇ ਪੌੜੀ ਚੜ੍ਹੀਏ। ਕਾਹਤੋਂ ਐਨਾ ਡੋਲੇ ਮਨਾਂ ਤੂੰ, ਸਾਬਤ ਕਦਮੀਂ ਖੁਦ ਹੀ ਖੜ੍ਹੀਏ ਅਤੇ ਪਤਝੜ ਦੀ ਨਗਰੀ ਟੱਪ ਕੇ, ਰੰਗਾਂ ਦੀ ਜੂਹ ਵਿਚ ਵੜੀਏ।
ਸੋਗ ਵਿਚੋਂ ਉਭਰਨ ਲਈ ਜਰੂਰੀ ਹੈ, ਸੰਤੁਲਤ ਸੋਝੀ ਨਾਲ ਢਹਿੰਦੀਆਂ ਕਲਾਂ ਤੋਂ ਚੜ੍ਹਦੀ ਕਲਾ ਵੰਨੀਂ ਮੁੱਖ ਮੋੜਨਾ, ਮਨ ਦੀਆਂ ਬਿਰਤੀਆਂ ਨੂੰ ਉਸਾਰੂ ਦਿਸ਼ਾ ਵੱਲ ਤੋਰਨਾ ਅਤੇ ਜੀਵਨੀ-ਮੁਸ਼ਕਿਲਾਂ ਨੂੰ ਹਰਾ ਨੇ ਜੀਵਨ-ਜੋਤ ਨੂੰ ਜਗਾਈ ਰੱਖਣਾ।
ਸੋਗ-ਸੰਤਾਪ ਨੂੰ ਵੈਣ-ਵਿਰਲਾਪਾਂ ਰਾਹੀਂ ਧੋਣ ਦਾ ਹੀਲਾ ਜਦ ਫੇਲ੍ਹ ਹੋ ਜਾਵੇ ਤਾਂ ਇਸ ਨੂੰ ਸੱਗਵੀਂ ਸਮਰੱਥਾ ਨਾਲ ਹੀ ਮਨ ਦੇ ਵਿਹੜੇ ਵਿਚੋਂ ਹੂੰਝਿਆ ਜਾ ਸਕਦਾ। ਅਜਿਹਾ ਅਕਸਰ ਹੀ ਚੇਤੰਨ ਲੋਕ ਕਰਦੇ ਅਤੇ ਚੀਸ ਦਾ ਭਵ-ਸਾਗਰ ਤਰਦੇ।
ਸੋਗ ਕਦੇ ਮਾਂ, ਬਾਪ, ਭੈਣ, ਭਰਾ, ਪਤਨੀ, ਪਤੀ ਜਾਂ ਅਜਿਹੇ ਹੋਰ ਨੇੜਲੇ ਰਿਸ਼ਤੇਦਾਰ ਦੇ ਸਦੀਵੀ ਵਿਛੋੜੇ ਜਾਂ ਕਿਸੇ ਭਿਆਨਕ ਹੋਣੀ ਵਿਚ ਗ੍ਰਸੇ ਜਾਣ ਪਿਛੋਂ ਹੁੰਦਾ। ਇਨ੍ਹਾਂ ਦੀ ਅਣਹੋਂਦ ਨਾਲ ਕੁਝ ਅਜਿਹਾ ਖੁਸ ਜਾਂਦਾ ਜਿਸ ਦੀ ਪੂਰਤੀ ਕਦੇ ਵੀ ਸੰਭਵ ਨਹੀਂ ਹੁੰਦੀ। ਸਿਰਫ ਅਜਿਹੇ ਹਾਲਾਤ ਨਾਲ ਜਿਉਣਾ ਸਿੱਖਣਾ ਹੀ ਸੁੱਚੀ ਜੀਵਨ-ਸ਼ੈਲੀ ਹੁੰਦਾ।
ਸੋਗ ਕਦੇ ਵੀ ਇਕਹਿਰਾ ਨਹੀਂ ਹੁੰਦਾ। ਬਹੁ-ਪਰਤੀ ਤੇ ਬਹੁ-ਅਸਰ ਵਾਲਾ। ਇਸ ਨੇ ਮਨੁੱਖ ‘ਤੇ ਸਰੀਰਕ ਤੇ ਮਾਨਸਿਕ ਰੂਪ ਵਿਚ ਅਸਰ-ਅੰਦਾਜ਼ ਹੋਣਾ ਹੁੰਦਾ। ਕਈ ਤਾਂ ਅਜਿਹਾ ਮਨ ਨਾਲ ਲਾਉਂਦੇ ਕਿ ਉਹ ਸਰੀਰਕ ਅਲਾਮਤਾਂ ਵਿਚ ਗ੍ਰਸੇ, ਮਾਨਸਿਕ ਰੂਪ ਵਿਚ ਬਿਮਾਰ ਹੋ ਜਾਂਦੇ ਅਤੇ ਪਰਿਵਾਰ ਲਈ ਨਵੀਂਆਂ ਉਲਝਣਾਂ ਪੈਦਾ ਕਰਦੇ। ਆਪ ਵੀ ਮਰਦੇ ਅਤੇ ਆਪਣਿਆਂ ਨੂੰ ਦਰਦ-ਵੰਝਲੀ ਦੀ ਹੂਕ ਬਣਾਉਂਦੇ।
ਸੋਗ ਜਦ ਕਿਸੇ ਘਰ ਵਿਚ ਪੈਦਾ ਹੁੰਦਾ ਤਾਂ ਘਰ ਦੀ ਫਿਜ਼ਾ ਹੀ ਸੰਤਾਪੀ ਜਾਂਦੀ। ਗੱਲਬਾਤ ਵਿਚ ਰੁਆਂਸਾਪੁਣਾ ਅਤੇ ਹਰਾਸੀ ਮਾਨਸਿਕਤਾ ਹਾਵੀ। ਜੀਣਾ ਦੁੱਭਰ। ਅਫਸੋਸ ਤੋਂ ਚਹਿਕਣ ਤੀਕ ਦੇ ਸਫਰ ਲਈ ਕੁਝ ਤਾਂ ਸਮਾਂ ਲੱਗਦਾ। ਸਿਆਣਪ, ਸੂਝ ਅਤੇ ਸਮਝ ਨਾਲ ਜੀਵਨ ਮੁੜ ਲੀਹਾਂ ‘ਤੇ ਆਉਂਦਾ।
ਸੱਜਣਾਂ ਵੇ ਕਦੇ ਸੋਗ ਬਣੀਂ ਨਾ, ਸੋਗੀ ਰੁੱਤ ਬੁਰੀ।
ਪੀੜਾ ਦੇ ਪੀਹੜੇ ‘ਤੇ ਬੈਠੀ, ਜਾਵੇ ਜਿੰਦ ਖੁਰੀ।
ਹਰਫ ਜਦ ਸੋਗ ਸੰਤਾਪੇ ਤਾਂ ਅਰਥਾਂ ਦੀ ਰੂਹ ਰੋਵੇ।
ਬੋਲਾਂ ਦੇ ਵਿਚ ਬਹਿ ਕੇ ਹਿਚਕੀ, ਚੁੱਪ ਚੰਦਰੀ ਨੂੰ ਕੋਹਵੇ।
ਰੁੱਸਿਆ ਸੂਰਜ ਰੋਜ਼ ਸਵੇਰੇ, ਲਹਿ ਬਨੇਰਿਓਂ ਆਵੇ।
ਵਿਹੜੇ ਦੇ ਵਿਚ ਲਿੱਸੀ ਧੁੱਪ ਨੂੰ, ਬੂਟਿਆਂ ਦੇ ਨਾਂ ਲਾਵੇ।
ਸਾਹੀਂ ਪਾ ਕੇ ਸੋਗ ਦੀ ਬਗਲੀ, ਕੂਕੇ ਇਕ ਫਕੀਰ।
ਜਿਸ ਦੀ ਹੂਕ ਵਿਚ ਜਿਉਣ-ਅਦਬ ਦੀ, ਲਿਸ਼ਕਦੀ ਇਕ ਲਕੀਰ।
ਸੋਗ ਆਪਣਾ ਵੀ ਹੁੰਦਾ ਅਤੇ ਦੂਜਿਆਂ ਦਾ ਵੀ। ਖੁਦ ਦਾ ਵੀ ਅਤੇ ਲੋਕਾਈ ਦਾ ਵੀ। ਚੇਤੇ ਰੱਖਣਾ! ਸੋਗ ਨਹੀਂ ਹੁੰਦਾ ਚਾਨਣ ਦੀ ਮੌਤ। ਸੋਗ ਨਹੀਂ ਹੁੰਦਾ ਹੋਣਾ ਫੌਤ। ਸੋਗ ਨਹੀਂ ਹੁੰਦਾ ਸਾਹ ਨੂੰ ਸੂਲੀ। ਸੋਗ ਨਹੀਂ ਹੁੰਦਾ ਜਿੰਦ-ਵਸੂਲੀ।
ਸੋਗ ਮੰਨਣ, ਮਨਾਉਣ ਤੇ ਵੰਡਾਉਣ ਦੀ ਆਦਤ ਪਾਓ। ਕਿਸੇ ਦੇ ਦੁੱਖ ਵਿਚ ਸ਼ਰੀਕ ਹੋਵੋ, ਉਸ ਦੀ ਪੀੜਾ ਨੂੰ ਪਛਾਣੋ, ਜਾਣੋ ਅਤੇ ਵੰਡਾਓ। ਜਦ ਤੁਸੀਂ ਇਹੋ ਜਿਹੇ ਦੁੱਖ ਦਾ ਸਾਹਮਣਾ ਕਰੋਗੇ ਤਾਂ ਤੁਹਾਡੇ ਹਮਦਰਦ, ਤੁਹਾਡੀਆਂ ਸਿਸਕੀਆਂ ਨੂੰ ਸਾਹ ਬਣਨ ਵਿਚ ਮਦਦ ਕਰਨਗੇ। ਦੁੱਖ ਤਾਂ ਵੰਡਿਆਂ ਹੀ ਘਟਦੇ ਨੇ। ਇਸ ਲਈ ਪਹਿਲ ਕਰਨ ਵਿਚ ਕਾਹਦੀ ਦੇਰੀ?