ਹਰ ਤਬਦੀਲੀ ਵਰਦਾਨ ਨਹੀਂ ਹੁੰਦੀ

ਤਬਦੀਲੀ ਆਮ ਕਰਕੇ ਜ਼ਿੰਦਗੀ ਦੇ ਪੈਂਡੇ ਦਾ ਅਗਲਾ ਮੁਕਾਮ ਮੰਨੀ ਜਾਂਦੀ ਹੈ, ਪਰ ਕਈ ਵਾਰੀ ਇਹ ਅਗਾਂਹ ਮੁਖੀ ਵੀ ਨਹੀਂ ਹੁੰਦੀ। ਪ੍ਰੋ. ਬ੍ਰਿਜਿੰਦਰ ਸਿੰਘ ਸਿੱਧੂ ਨੇ ਕੁਦਰਤ ਦੇ ਤਬਦੀਲੀ ਦੇ ਇਸ ਅਟੱਲ ਨੇਮ ਬਾਰੇ ਬੜੀਆਂ ਦਿਲਚਸਪ ਗੱਲਾਂ ਇਸ ਲੇਖ ਵਿਚ ਕੀਤੀਆਂ ਹਨ, ਜੋ ਦੇਖਣ ਨੂੰ ਸਾਧਾਰਨ ਲਗਦੀਆਂ ਹਨ, ਪਰ ਮਨੁੱਖੀ ਜੀਵਨ ਵਿਚ ਇਨ੍ਹਾਂ ਦਾ ਦਖਲ ਬਹੁਤ ਵੱਡਾ ਹੁੰਦਾ ਹੈ।

-ਸੰਪਾਦਕ

ਪ੍ਰੋ. ਬ੍ਰਿਜਿੰਦਰ ਸਿੰਘ ਸਿੱਧੂ
ਸੇਵਾ ਮੁਕਤ ਪ੍ਰਿੰਸੀਪਲ
ਫੋਨ: 925-683-1982

ਤਬਦੀਲੀ ਕੁਦਰਤ ਦਾ ਅਸੂਲ ਹੈ। ਦੁਨੀਆਂ ਦੀ ਕੋਈ ਤਾਕਤ ਇਸ ਨੂੰ ਖਤਮ ਨਹੀਂ ਕਰ ਸਕਦੀ। ਕੁਝ ਜਿਸਮਾਨੀ ਤਬਦੀਲੀਆਂ ਨੂੰ ਆਧੁਨਿਕ ਦਵਾਈਆਂ ਦੇਰੀ ਨਾਲ ਆਉਣ ਵਿਚ ਸਹਾਈ ਹੋ ਸਕਦੀਆਂ, ਪਰ ਪੂਰੀ ਤਰ੍ਹਾਂ ਰੋਕ ਨਹੀਂ ਸਕਦੀਆਂ। ਹਰ ਬੱਚੇ ਨੇ ਕੁਝ ਸਮੇਂ ਪਿਛੋਂ ਜਵਾਨ ਹੋਣਾ ਹੈ, ਫੇਰ ਬੁਢਾਪਾ ਆਉਣਾ ਹੀ ਹੈ ਅਤੇ ਅਖੀਰ ਮੌਤ ਅਵੱਸ਼ ਹੈ। ਹੋਰ ਤਾਂ ਹੋਰ, ਜੀਣ ਵਾਲੇ ਹਰ ਜਾਨਵਰ, ਪੌਦੇ, ਪਰਿੰਦੇ, ਜੋ ਜੀਵਤ ਸੈਲਾਂ ਦੇ ਬਣੇ ਹੋਏ ਹਨ, ਉਹ ਹਰ ਰੋਜ਼ ਬਦਲਦੇ ਰਹਿੰਦੇ ਹਨ। ਕੁਝ ਮਰ ਜਾਂਦੇ ਹਨ, ਕੁਝ ਨਵੇਂ ਆ ਜਾਂਦੇ ਹਨ। ਗਹੁ ਨਾਲ ਵੇਖੀਏ ਤਾਂ ਸ਼ਾਮ ਵੇਲੇ ਦਾ ਬੰਦਾ ਸਵੇਰ ਵੇਲੇ ਹੋਰ ਸੈਲਾਂ ਦਾ ਬਣਿਆ ਹੁੰਦਾ ਹੈ। ਆਥਣ ਵੇਲੇ ਦਾ ਗੁਸੇ ਵਾਲਾ ਮਨ ਸਵੇਰ ਨੂੰ ਸ਼ਾਂਤ ਹੋ ਜਾਂਦਾ ਹੈ। ਇਹ ਤਬਦੀਲੀ ਕੁਦਰਤ ਦੀ ਖੂਬਸੂਰਤ ਖੇਡ ਹੈ।
ਸੂਰਜ ਨੇ ਹਰ ਸਵੇਰ ਧਰਤੀ ਨੂੰ ਲਿਸ਼ਕਾਉਣਾ ਹੀ ਹੈ। ਨਵੀਆਂ ਉਮੀਦਾਂ ਨਾਲ ਬਹੁਤ ਲੋਕਾਂ ਨੂੰ ਭਰਮਾਉਣਾ ਹੀ ਹੈ ਅਤੇ ਚੜ੍ਹਨ ਵੇਲੇ ਦੀ ਲਾਲੀ ਨੇ ਸੰਧਿਆ ਵੇਲੇ ਢਲਦੀ ਲਾਲੀ ਵਿਚ ਬਦਲ ਜਾਣਾ ਹੈ ਤੇ ਇੰਨੇ ਸ਼ਕਤੀਮਾਨ ਸੂਰਜ ਨੇ ਕਾਲੀ ਰਾਤ ਦੀ ਬੁੱਕਲ ਵਿਚ ਸੌਂ ਜਾਣਾ ਹੈ। ਮੌਸਮ ਦੇ ਪਰਿਵਰਤਨ ਅਨੁਸਾਰ ਪਤਝੜ ਨਾਲ ਰੁੰਡ-ਮਰੁੰਡ ਹੋਏ ਪੌਦੇ ਬਹਾਰ ਦੀ ਆਮਦ ਨਾਲ ਹਰੇ ਭਰੇ ਹੋਣੇ ਹੀ ਹਨ।
ਕਈ ਪੁਰਸ਼ ਕੁਦਰਤ ਦੇ ਅਟੱਲ ਕਾਰਨਾਮਿਆਂ ਨੂੰ ਹੀ ਚਾਂਸ ਕਹਿੰਦੇ ਹਨ ਅਤੇ ਜਵਾਨੀ ਵਿਚ ਬਹੁਤ ਅਭਿਮਾਨੀ ਹੁੰਦੇ ਹਨ। ਨਾਸਤਕ ਹੋਣਾ ਉਨ੍ਹਾਂ ਦਾ ਮਨ ਭਾਉਂਦਾ ਅੰਦਾਜ਼ ਹੁੰਦਾ ਹੈ, ਉਨ੍ਹਾਂ ਦੀ ਮੌਜ! ਪਰ ਤਬਦੀਲੀ ਉਨ੍ਹਾਂ ‘ਤੇ ਵੀ ਕਈ ਵਾਰ ਆਪਣਾ ਰੰਗ ਦਿਖਾ ਦਿੰਦੀ ਹੈ। ਢਲਦੀ ਉਮਰ ਵਿਚ ਚੁਪਚਾਪ ਹੋ ਜਾਂਦੇ ਹਨ। ਕਦੇ-ਕਦੇ ਇਹ ਕਹਿੰਦੇ ਹਨ, ਬਾਈ ਜੀ, ਐਵੇਂ ਹਨੇਰੇ ਵਿਚ ਹੀ ਰਹੇ।
ਸਮਾਜਕ ਅਤੇ ਵਿਗਿਆਨਕ ਤਬਦੀਲੀ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਇਸ ਤੋਂ ਘਬਰਾਉਣ ਦੀ ਲੋੜ ਨਹੀਂ, ਪਰ ਇਸ ਵਿਚ ਪੂਰਨ ਤੌਰ ‘ਤੇ ਰੰਗੇ ਜਾਣਾ ਠੀਕ ਨਹੀਂ। ਇਨਸਾਨੀ ਫਿਤਰਤ ਬਹੁਤ ਦਿਲਚਸਪ ਹੈ। ਪੜ੍ਹੇ ਲਿਖੇ ਅਤੇ ਦਾਨਿਸ਼ਮੰਦ ਵੀ ਜਾਂ ਤਾਂ ਸਮਾਜਕ ਤਬਦੀਲੀ ਦੇ ਗੁਣ ਗਾਉਂਦੇ ਹਨ ਜਾਂ ਇਸ ਦੇ ਖਿਲਾਫ ਬੋਲਦੇ ਰਹਿੰਦੇ ਹਨ। ਕਈ ਤਹਿਰੀਕਾਂ ਦੂਜੇ ਦੇਸ਼ਾਂ ਵਿਚ ਕਾਮਯਾਬੀ ਦੇ ਝੰਡੇ ਗੱਡ ਗਈਆਂ ਅਤੇ ਸਾਡੇ ਦੇਸ਼ ਵਿਚ ਵੀ ਦੇਖਾ-ਦੇਖੀ ਨਾਲ ਆਪਣੇ ਪੈਰ ਜਮਾ ਗਈਆਂ।
ਨੌਜਵਾਨ ਤਬਕਾ ਤਾਂ ਬਹੁਤ ਹੀ ਪ੍ਰਭਾਵਿਤ ਹੋਇਆ, ਜਿਸ ਤਰ੍ਹਾਂ ਅਗਾਂਹਵਧੂ ਲਹਿਰ। ਪੱਛਮੀ ਬੰਗਾਲ ਵਿਚ ਜੋਤੀ ਬਾਸੂ 17 ਸਾਲ ਲਗਾਤਾਰ ਮੁੱਖ ਮੰਤਰੀ ਰਿਹਾ। ਹਰਕਿਸ਼ਨ ਸਿੰਘ ਸੁਰਜੀਤ ਮਰਕਜ਼ੀ ਸਰਕਾਰ ਵਿਚ ਬਹੁਤ ਦੇਰ ਕਿੰਗਮੇਕਰ ਰਿਹਾ। ਜਿਸ ਵੇਲੇ ਕੇਂਦਰ ਦੀ ਰਾਜਨੀਤੀ ਵਖਰੇ ਪੈਂਡੇ ਚਲ ਰਹੀ ਸੀ, ਛੇ-ਛੇ ਮਹੀਨਿਆਂ ਲਈ ਕਈ ਪ੍ਰਧਾਨ ਮੰਤਰੀ ਬਣੇ, ਉਸ ਵੇਲੇ ਜੋਤੀ ਬਾਸੂ ਵੀ ਇਸ ਅਹੁਦੇ ‘ਤੇ ਪਹੁੰਚਣ ਹੀ ਵਾਲਾ ਸੀ। ਸੁਣਿਆ ਹੈ, ਹਰਕਿਸ਼ਨ ਸਿੰਘ ਸੁਰਜੀਤ ਨੂੰ ਇਸ ਗੱਲ ਦਾ ਕਾਫੀ ਪਛਤਾਵਾ ਰਿਹਾ ਕਿ ਉਹ ਇਹ ਕਾਰਜ ਨਾ ਕਰ ਸਕਿਆ। ਅੱਜ ਕਮਿਊਨਿਸਟ ਪਾਰਟੀ ਆਪਣੀ ਹੋਂਦ ਨੂੰ ਤਰਸ ਰਹੀ ਹੈ। ਪੱਛਮੀ ਬੰਗਾਲ ਵਿਚ ਪੱਕੇ ਅਤੇ ਪੁਰਾਣੇ ਕਾਰਕੁਨ ਵੀ ਪਾਰਟੀ ਨੂੰ ਅਲਵਿਦਾ ਕਹਿ ਰਹੇ ਹਨ। ਇਹ ਤਬਦੀਲੀ ਚਾਰ ਦਿਨ ਦੀ ਚਾਂਦਨੀ ਦਿਖਾ ਕੇ ਕਿਧਰ ਛੁਪ ਗਈ? ਇਸ ਦੇ ਅਸੂਲ, ਮਾਰਕਸ ਦੀ ਵਿਚਾਰਧਾਰਾ ਤਾਂ ਬੁਰੀ ਨਹੀਂ। ਬਹੁਤ ਗੱਲਾਂ ਵਿਚ ਅੱਜ ਵੀ ਮਾਰਕਸ ਦੀ ਭਵਿਖਵਾਣੀ ਠੀਕ ਸਿੱਧ ਹੋ ਰਹੀ ਹੈ।
ਮੇਰੀ ਤੁੱਛ ਜਿਹੀ ਬੁਧੀ ਅਨੁਸਾਰ ਸਾਡੇ ਲੋਕਾਂ ਦੀ ਸਦੀਆਂ ਤੋਂ ਰੰਗੀ ਹੋਈ ਜ਼ਹਿਨੀਅਤ ਸਾਂਝੀਵਾਲਤਾ ਦਾ ਢੌਂਗ ਰਚਾ ਕੇ ਚੋਰੀ ਛੁਪੇ ਅਮੀਰ ਬਣਨ ਦੀ ਹੈ। ਨੇੜੇ ਦੇ ਲੋਕਾਂ ਤੋਂ ਅੱਖ ਬਚਾ ਕੇ ਕਿਸੇ ਹੋਰ ਸੂਬੇ ਜਾਂ ਵਿਦੇਸ਼ ਵਿਚ ਪਾਪ ਦੀ ਕਮਾਈ ਨਾਲ ਜਾਇਦਾਦ ਬਣਾਉਣਾ ਸਾਡਾ ਸਹੀ ਸਮਝਿਆ ਜਾਂਦਾ ਧੰਦਾ ਹੈ। ਜੇ ਇਹ ਨਾ ਹੋ ਸਕੇ ਤਾਂ ਸਵੀਡਨ ਦੇ ਬੈਂਕਾਂ ਵਿਚ ਗਲਤ ਜਾਂ ਕਾਲਾ ਧਨ ਭੇਜਣਾ ਬੁਰਾ ਨਹੀਂ ਲਗਦਾ। ਕੁਝ ਸਮੇਂ ਲਈ ਤਾਂ ਬਗਾਨੇ ਦੇਸ਼ ਦਾ ਢਾਂਚਾ ਮਨ ਨੂੰ ਭਾਉਂਦਾ ਹੈ, ਪਰ ਜੇ ਉਹ ਦੇਸ਼ ਸਾਡਾ ਵੈਰੀ ਬਣ ਜਾਵੇ ਅਤੇ ਸਾਡੇ ਦੇਸ਼ ਦੀ ਕੋਈ ਵੀ ਪਾਰਟੀ ਉਸ ਦੇ ਇਸ਼ਾਰੇ ਉਪਰ ਨੱਚੇ ਤਾਂ ਆਮ ਜਨਤਾ ਵਿਚ ਉਸ ਪਾਰਟੀ ਦੀ ਜੜ੍ਹ ਉਖੜ ਜਾਂਦੀ ਹੈ।
ਮਹੰਤਾਂ ਅਧੀਨ ਗੁਰਦੁਆਰਿਆਂ ਵਿਚ ਬਹੁਤ ਭਿਆਨਕ ਕਾਰਵਾਈਆਂ ਹੋ ਰਹੀਆਂ ਸਨ। ਬੜੀ ਹਿੰਮਤ, ਬਹਾਦਰੀ, ਕੁਰਬਾਨੀ ਅਤੇ ਦ੍ਰਿੜ੍ਹਤਾ ਨਾਲ ਕੰਮ ਕਰਨ ਵਾਲੇ ਬੰਦਿਆਂ ਨੇ ਧਰਮ ਸਥਾਨਾਂ ਨੂੰ ਮਹੰਤਾਂ ਤੋਂ ਮੁਕਤ ਕਰਵਾਇਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਜੂਦ ਵਿਚ ਆਈ। ਇਹ ਬੜੀ ਅਹਿਮ ਤਬਦੀਲੀ ਸੀ। ਬਹੁਤ ਹੀ ਸੂਝਵਾਨ ਅਤੇ ਨੇਕ ਸੰਤ ਅਤਰ ਸਿੰਘ ਮਸਤੂਆਣੇ ਵਾਲੇ (ਜਿਨ੍ਹਾਂ ਨੂੰ ਭਾਈ ਕਾਹਨ ਸਿੰਘ ਨਾਭਾ ਨੇ ਐਸੇ ਸੰਤ ਲਿਖਿਆ ਹੈ ਕਿ ‘ਮੇਰੀ ਕਲਮ ਵਿਚ ਇਤਨੀ ਤਾਕਤ ਨਹੀਂ ਕਿ ਉਨ੍ਹਾਂ ਦੀ ਮਹਾਨਤਾ ਬਿਆਨ ਕਰ ਸਕਾਂ’) ਨੂੰ ਕਿਸੇ ਭਲੇ ਪੁਰਸ਼ ਨੇ ਇਸ ਤਬਦੀਲੀ ਦਾ ਸੁਨੇਹਾ ਦਿੱਤਾ। ਸੰਤ ਜੀ ਕਹਿਣ ਲੱਗੇ, ‘ਚੰਗਾ ਹੋਇਆ ਪਰ ਯਾਦ ਰੱਖੋ, ਮਹੰਤਾਂ ਤੋਂ ਤਾਂ ਗੁਰਦੁਆਰੇ ਮੁਕਤ ਕਰਵਾ ਲਏ, ਇਹ ਨਵੇਂ ਆਗੂਆਂ ਕੋਲੋਂ ਧਰਮ ਸਥਾਨ ਆਜ਼ਾਦ ਕਰਵਾਉਣਾ ਬਹੁਤ ਕਠਿਨ ਹੋਵੇਗਾ।’ ਅੱਜ ਦੇ ਹਾਲਾਤ ਸਭ ਦੇ ਸਾਹਮਣੇ ਹਨ।
1947 ਵਿਚ ਭਾਰਤ ਨੂੰ ਆਜ਼ਾਦੀ ਮਿਲਣੀ ਅਤੇ ਪਾਕਿਸਤਾਨ ਦਾ ਬਣਨਾ ਬਹੁਤ ਵੱਡੀ ਤਬਦੀਲੀ ਸੀ। ਇਸ ਨੇ ਕਰੋੜਾਂ ਲੋਕਾਂ ਨੂੰ ਉਹ ਦੁੱਖ ਦਿਖਾਏ, ਜਿਨ੍ਹਾਂ ਨੂੰ ਬਿਆਨ ਕਰਨਾ ਸੌਖਾ ਨਹੀਂ। ਇਹ ਪਰਿਵਰਤਨ ਧਰਮ ਦੀ ਗਲਤ ਵਰਤੋਂ ਦਾ ਨਤੀਜਾ ਹੈ। ਜੇ ਧਰਮ ਹੀ ਸਮਾਜ ਵਿਚ ਇਕੱਠੇ ਰਹਿਣ ਦਾ ਜਜ਼ਬਾ ਹੁੰਦਾ ਤਾਂ ਬੰਗਲਾਦੇਸ਼, ਪਾਕਿਸਤਾਨ ਤੋਂ ਅਲੱਗ ਨਾ ਹੁੰਦਾ। ਕਾਸ਼! ਇਹ ਤਬਦੀਲੀ ਬਹੁਤ ਸੋਚ ਸਮਝ ਤੋਂ ਬਾਅਦ ਆਉਂਦੀ, ਜਿਸ ਵਿਚ ਆਬਾਦੀ ਦਾ ਤਬਾਦਲਾ ਇਤਨੇ ਖੂਨ ਖਰਾਬੇ ਨਾਲ ਨਾ ਹੁੰਦਾ। ਇਸ ਤਬਦੀਲੀ ਦੇ ਨਿਤ ਨਵੇਂ ਪੁਆੜੇ ਦੇਖਣ ਨੂੰ ਮਿਲ ਰਹੇ ਹਨ। ਜੇ ਪੰਛੀ ਝਾਤ ਮਾਰੀਏ ਤਾਂ ਕੀ ਹਰ ਵੇਲੇ ਲੜਾਈ ਦਾ ਖਤਰਾ, ਦੋਵੇਂ ਦੇਸ਼ਾਂ ਦਾ ਖਰਬਾਂ ਰੁਪਏ ਦਾ ਹਥਿਆਰਾਂ ‘ਤੇ ਖਰਚ, ਪਾਣੀਆਂ ਦਾ ਝਗੜਾ, ਕਸ਼ਮੀਰ ਦਾ ਮਸਲਾ, ਨਜ਼ਾਮ ਹੈਦਰਾਬਾਦ ਦਾ ਵਲੈਤ ਦਾ ਖਜਾਨਾ, ਏਅਰ ਸਪੇਸ ਵਿਚ ਹਵਾਈ ਜਹਾਜਾਂ ਦੀ ਉਡਾਣ ਆਦਿ ਕੀ ਹੈ?
ਕਿਸੇ ਜ਼ੋਸ ਅਤੇ ਮਜ਼੍ਹਬੀ ਜਨੂਨ ਵਿਚ ਆਈਆਂ ਤਬਦੀਲੀਆਂ ਉਤੇ ਇਹ ਅਖਾਣ ਪੂਰੀ ਤਰ੍ਹਾਂ ਢੁਕਵਾਂ ਹੈ, ‘ਲਮਹੋਂ ਨੇ ਖਤਾ ਕੀ ਔਰ ਸਦੀਉਂ ਨੇ ਸਜ਼ਾ ਪਾਈ।’
ਵਿਦਿਅਕ ਖੇਤਰ ਵਿਚ ਸੇਵਾ ਨਿਭਾਉਣ ਕਰਕੇ ਇਸ ਸਿਸਟਮ ਵਿਚ ਕੁਝ ਤਬਦੀਲੀਆਂ ਵੱਲ ਧਿਆਨ ਦੇਣਾ ਕੁਥਾਂ ਨਹੀਂ ਹੋਵੇਗਾ। ਮੇਰੇ ਦੇਖਦਿਆਂ-ਦੇਖਦਿਆਂ ਵਾਈਸ ਚਾਂਸਲਰਾਂ ਦੀਆਂ ਅਸਾਮੀਆਂ ਪੁਰ ਕਰਨ ਦੇ ਤਰੀਕੇ ਬਦਲ ਗਏ ਹਨ। ਉਚ ਕੋਟੀ ਦੇ ਵਿਦਿਅਕ ਮਾਹਰ ਅਰਜ਼ੀ ਦੇ ਕੇ ਘੱਟ ਪੜ੍ਹ ਲਿਖੇ ਅਫਸਰਾਂ ਦੇ ਸਾਹਮਣੇ ਅਰਜੋਈ ਕਰਨਾ ਹੱਤਕ ਸਮਝਦੇ ਹਨ। ਮਿਲਟਰੀ ਅਫਸਰਾਂ ਦਾ ਵਿਦਿਅਕ ਸਥਾਨਾਂ ਦੇ ਮੁਖੀ ਹੋਣਾ ਸ਼ੋਭਦਾ ਨਹੀਂ। ਯੂਨੀਵਰਸਿਟੀਆਂ ਫੌਜੀ ਛਾਉਣੀਆਂ ਨਹੀਂ ਹੁੰਦੀਆਂ। ਇਸ ਉਚੀ ਸੰਸਥਾ ਵਿਚ ਹਰ ਮਹਿਕਮੇ ਦਾ ਮੁਖੀ ਰੋਟੇਸ਼ਨ ਨਾਲ ਬਣਨਾ ਵੀ ਬਹੁਤ ਸੁਖਾਵੇਂ ਨਤੀਜੇ ਨਹੀਂ ਲਿਆਇਆ। ਜੇ ਸਭ ਤੋਂ ਸੀਨੀਅਰ ਬੰਦੇ ਨੂੰ ਮੁਖੀ ਬਣਾ ਕੇ ਉਸ ਦੇ ਬੇਲੋੜੇ ਤੇ ਗਲਤ ਅਧਿਕਾਰਾਂ ‘ਤੇ ਨੱਥ ਪਾਉਣ ਵਾਲੀ ਤਬਦੀਲੀ ਕਰਦੇ ਤਾਂ ਜ਼ਿਆਦਾ ਲਾਭਦਾਇਕ ਹੁੰਦਾ।
ਪਿਛਲੇ ਦਹਾਕਿਆਂ ਵਿਚ (10+2) ਦਾ ਕਾਲਜਾਂ ਤੋਂ ਹਾਇਰ ਸੈਕੰਡਰੀ ਸਕੂਲਾਂ ਵਿਚ ਆਉਣਾ ਵਿਦਿਅਕ ਢਾਂਚੇ ਵਿਚ ਵੱਡਾ ਪਰਿਵਰਤਨ ਹੈ। ਇਹ ਸਿਸਟਮ ਲਗਭਗ ਸਾਰੀ ਦੁਨੀਆਂ ਵਿਚ ਪ੍ਰਚਲਿਤ ਹੋ ਗਿਆ ਹੈ। ਇਹ ਤਬਦੀਲੀ ਨਾਕਾਮਯਾਬ ਨਹੀਂ, ਪਰ ਸਾਰੇ ਦੇਸ਼ ਦੇ ਮਾਇਕ ਸੋਮੇ ਇਕਸਾਰ ਨਹੀਂ। ਸਾਰੇ ਪਹਿਲੂਆਂ ਨੂੰ ਧਿਆਨ ਵਿਚ ਰੱਖਣ ਨਾਲ ਇਹ ਤਬਦੀਲੀ ਪੂਰੀ ਤਰ੍ਹਾਂ ਕਾਮਯਾਬ ਨਹੀਂ ਜਾਪਦੀ।
ਅਮਰੀਕਾ ਵਿਚ 10+2 ਜਮਾਤਾਂ ਦੇ ਅਲ੍ਹੜ ਉਮਰ ਦੇ ਬੱਚੇ ਆਪਣੇ ਆਪ ਨੂੰ ਸਕੂਲ ਵਿਚ ਸਭ ਤੋਂ ਸੀਨੀਅਰ ਹੋਣ ਕਰਕੇ ਫੰਨੇ ਖਾਂ ਸਮਝਣ ਲੱਗ ਪੈਂਦੇ ਹਨ। ਮਾਂ ਬਾਪ ਅਤੇ ਹੋਰ ਉਚੀ ਪੜ੍ਹਾਈ ਵਾਲੇ ਮਨੁੱਖਾਂ ਤੋਂ ਅਲੱਗ ਰਹਿਣਾ ਇਸ ਅਵਸਥਾ ਦੀ ਫਿਤਰਤ ਹੈ। ਇਸ ਕੱਚੀ ਉਮਰ ਵਿਚ ਆਪ ਮੁਹਾਰੀਆਂ ਅਤੇ ਜਜ਼ਬਿਆਂ ਦੀਆਂ ਉਡਾਰੀਆਂ ਨੂੰ ਪੱਕੀ ਉਮਰ ਵਾਲੇ ਜਾਤੀ ਤਜਰਬੇ ਤੋਂ ਭਲੀਭਾਂਤ ਵਾਕਿਫ ਹਨ। ਹਰ ਬੱਚੇ ਕੋਲ ਰੀਸੋ-ਰੀਸੀ ਮਹਿੰਗੀ ਤੇ ਨਵੀਂ ਕਾਰ ਹੋਣੀ ਜ਼ਰੂਰੀ ਹੈ। ਛੁੱਟੀਆਂ ਵਿਚ ਕਿਸੇ ਖੂਬਸੂਰਤ ਹੁਨਰ ਜਾਂ ਮਾਂ ਬਾਪ ਦੇ ਕੰਮ ਵਿਚ ਮਦਦ ਕਰਨਾ, ਉਨ੍ਹਾਂ ਦੀ ਸਖਤ ਘਾਲਣਾ ਤੋਂ ਕੁਝ ਸਬਕ ਸਿਖਣਾ ਪਿਛਲੇ ਸਮੇਂ ਦੀ ਕਹਾਣੀ ਹੈ। ਹੋਟਲਾਂ ਅਤੇ ਹੋਰ ਸੰਸਥਾਵਾਂ ਵਿਚ ਕੰਮ ਕਰਨ ਦੇ ਨੰਬਰ ਵੀ ਅਤੇ ਪੈਸੇ ਵੀ ਮਿਲਦੇ ਹਨ। ਬਸ ਮੌਜਾਂ ਹੀ ਮੌਜਾਂ, ਕਿਸੇ ਵੇਲੇ ਘਰ ਤੋਂ ਜਾਉ, ਕਿਸੇ ਵੇਲੇ ਆਉ, ਖਾਣ ਪੀਣ ਜੋਗੇ ਡਾਲਰ ਮਿਲ ਹੀ ਜਾਂਦੇ ਹਨ। ਉਚੀ ਪੜ੍ਹਾਈ ਨਾਲ ਕਿਹੜੇ ਮਹਿਲ ਉਸਾਰ ਲਵਾਂਗੇ। ਕਈ ਤਾਂ ਇਸ ਅਲ੍ਹੜ ਉਮਰ ਵਿਚ ਵਿਆਹ ਵੀ ਕਰ ਲੈਂਦੇ ਹਨ। ਮੈਂ ਭਾਰਤ ਤੋਂ ਆਏ ਕਈ ਬੰਦਿਆਂ ਨੂੰ ਜਾਣਦਾ ਹਾਂ, ਜੋ ਇਨ੍ਹਾਂ ਕਾਰਨਾਮਿਆਂ ਦੇ ਨਤੀਜੇ ਭੁਗਤ ਰਹੇ ਹਨ।
ਪੰਜਾਬ ਵਿਚ 10+2 ਵਾਲੇ ਵਿਦਿਆਰਥੀਆਂ ਦੀ ਵੱਡੀ ਗਿਣਤੀ ਕਾਲਜਾਂ ਦੇ ਚਲਦੇ ਰਹਿਣ ਵਿਚ ਸਹਾਈ ਸੀ। ਹੁਣ ਕਈ ਨਵੇਂ ਕਾਲਜਾਂ ਵਿਚ ਇਹ ਕਲਾਸਾਂ ਨਾ ਹੋਣ ਕਰਕੇ ਵਿਦਿਆਰਥੀਆਂ ਦੀ ਘਾਟ ਹੋ ਗਈ ਹੈ ਅਤੇ ਕਾਲਜ ਬੰਦ ਹੋ ਰਹੇ ਹਨ। ਸਕੂਲਾਂ ਵਿਚ ਮਾਇਕ ਥੁੜ ਹੋਣ ਕਰਕੇ ਪ੍ਰਯੋਗਸ਼ਾਲਾਵਾਂ ਵਿਚ ਅਪਰੇਟਸ ਦੀ ਕਮੀ ਹੈ। ਅਮਰੀਕਾ ਵਾਂਗ ਹਾਇਰ ਸੈਕੰਡਰੀ ਸਕੂਲਾਂ ਵਿਚ 9ਵੀਂ, 10ਵੀਂ, 11ਵੀਂ ਅਤੇ 12ਵੀਂ ਜਮਾਤ ਹੀ ਨਹੀਂ ਸਗੋਂ ਬਹੁਤ ਥਾਂਵਾਂ ‘ਤੇ ਪਹਿਲੀ ਤੋਂ 12ਵੀਂ ਤੱਕ ਇਕੋ ਸਕੂਲ ਹਨ। ਅਧਿਆਪਕ ਕਈ ਸ਼੍ਰੇਣੀਆਂ ਦੇ ਹਨ। ਪੀਰੀਅਡਜ਼ ਦੀ ਵੰਡ ਅੱਡੋ-ਅੱਡ ਹੈ। ਸਟਾਫ ਮੀਟਿੰਗਾਂ ਵਿਚ ਲੈਕਚਰਾਰ ਕਈ ਪ੍ਰਿੰਸੀਪਲਾਂ ਤੋਂ ਵੱਧ ਪੜ੍ਹੇ ਲਿਖੇ ਮਹਿਸੂਸ ਕਰਦੇ ਹਨ। ਇਹੋ ਜਿਹਾ ਵਰਤਾਰਾ ਵਿਦਿਅਕ ਅਦਾਰੇ ਲਈ ਸਿਹਤਮੰਦ ਨਹੀਂ।
ਮੈਨੂੰ ਪ੍ਰੋਫੈਸ਼ਨਲ ਕਾਲਜਾਂ ਦੇ ਅਧਿਆਪਕਾਂ ਨੇ ਦੱਸਿਆ ਕਿ ਜਦੋਂ ਕੁਝ ਦੇਰ ਲਈ (10+2) ਕਲਾਸਾਂ ਕਾਲਜਾਂ ਵਿਚ ਵੀ ਸਨ ਅਤੇ ਸਕੂਲਾਂ ਵਿਚ ਵੀ, ਕਾਲਜਾਂ ਤੋਂ ਆਏ ਵਿਦਿਆਰਥੀ ਇਨ੍ਹਾਂ ਪ੍ਰੋਫੈਸ਼ਨਲ ਕਾਲਜਾਂ ਦੀਆਂ ਕਲਾਸਾਂ ਵਿਚ ਵੱਧ ਭਰੋਸੇ ਨਾਲ ਆਉਂਦੇ ਸਨ ਅਤੇ ਲੈਕਚਰਾਂ ਨੂੰ ਬਿਹਤਰ ਗ੍ਰਹਿਣ ਕਰਦੇ ਸਨ। ਅਮਰੀਕਾ ਵਿਚ 10+2 ਦੇ ਵਿਦਿਆਰਥੀਆਂ ਵਾਂਗ ਅਸੀਂ ਕਾਲਜ ਵਿਚ ਪੜ੍ਹਨ ਵੇਲੇ ਘਮੰਡੀ ਨਹੀਂ ਸਾਂ ਸਗੋਂ ਕੁਝ ਦਿਨ ਹੋਸਟਲ ਵਿਚ ਫਸਟ ਈਅਰ ਫੂਲ ਬਣ ਕੇ ਸੀਨੀਅਰ ਵਿਦਿਆਰਥੀਆਂ ਤੋਂ ਇਸ ਕੱਚੀ ਉਮਰ ਵਿਚ ਸੇਧ ਲੈਂਦੇ ਸਾਂ। ਇਸ ਦੇ ਫਲਸਰੂਪ ਜੇ 12ਵੀਂ ਜਮਾਤ ਵਿਚ ਨੰਬਰਾਂ ਵਿਚ ਪਛੜ ਗਏ ਤਾਂ ਬੀ. ਏ. ਵਿਚ ਮਿਹਨਤ ਕਰਕੇ ਪ੍ਰੋਫੈਸ਼ਨਲ ਕਾਲਜਾਂ ਵਿਚ ਦਾਖਲਾ ਲੈ ਗਏ। ਮੇਰੇ ਕਈ ਦੋਸਤ ਬਹੁਤ ਕਾਮਯਾਬ ਮੁੱਖ ਇੰਜੀਨੀਅਰ ਸੇਵਾ ਮੁਕਤ ਹੋਏ ਹਨ।
ਕਾਲਜਾਂ ਦੇ ਕਈ ਅਧਿਆਪਕ ਆਈ. ਏ. ਐਸ਼ ਜਾਂ ਆਈ. ਪੀ. ਐਸ਼ ਵਿਚ ਚਲੇ ਜਾਂਦੇ ਹਨ ਅਤੇ ਸਕੂਲ ਵਿਚ ਮੇਰੀ ਜਾਣ ਪਛਾਣ ਵਾਲੇ ਬਹੁਤ ਅਧਿਆਪਕ ਮਿਹਨਤ ਕਰਕੇ ਉਚੀ ਵਿਦਿਆ ਅਧੀਨ ਕਾਲਜਾਂ ਵਿਚ ਪਹੁੰਚ ਗਏ ਸਨ। ਹੁਣ ਕਾਲਜਾਂ ਵਿਚ ਅਸਾਮੀਆਂ ਘਟ ਗਈਆਂ ਹਨ। ਨਵੇਂ ਕਾਲਜ ਬੰਦ ਹੋਣ ਕਿਨਾਰੇ ਹਨ। ਸਕੂਲਾਂ ਵਿਚੋਂ ਕਾਲਜ ਪਹੁੰਚਣ ਦੀ ਤਾਂਘ ਦਾ ਦਮ ਘੁਟ ਗਿਆ ਹੈ।
ਬਚਪਨ ਵਿਚ ਖੇਤੀ ਨਾਲ ਜੁੜੇ ਹੋਣ ਕਰਕੇ ਇਸ ਵਿਚ ਪਰਿਵਰਤਨ ਦੇਖਦਿਆਂ ਕੁਝ ਲਿਖਣ ਨੂੰ ਦਿਲ ਕਰ ਆਇਆ। ਪਿਛਲੇ ਤਿੰਨ ਚਾਰ ਦਹਾਕਿਆਂ ਵਿਚ ਬਲਦਾਂ ਦੀ ਥਾਂ ਟਰੈਕਟਰ ਆ ਗਏ। ਲੱਖਾਂ ਦੀ ਗਿਣਤੀ ਵਿਚ ਟਿਊਬਵੈੱਲ ਉਭਰ ਆਏ। ਦੋ ਤਿੰਨ ਏਕੜ ਜ਼ਮੀਨ ਦੇ ਮਾਲਕ ਵੀ ਬੈਂਕਾਂ ਤੋਂ ਆਪਣੀ ਗੁੰਜਾਇਸ਼ ਤੋਂ ਕਿਤੇ ਵੱਧ ਕਰਜ਼ਾ ਲੈ ਕੇ ਆਪੋ-ਆਪਣੇ ਟਰੈਕਟਰਾਂ, ਟਿਊਬਵੈੱਲਾਂ ਦੇ ਮਾਲਕ ਬਣ ਗਏ। ਆਂਢ-ਗੁਆਂਢ ਤੋਂ ਇਕ ਦੂਜੇ ਦੇ ਕੰਮਾਂਕਾਰਾਂ ਵਿਚ ਮਦਦ ਲੈਣ ਦੀ ਲੋੜ ਨਾ ਰਹੀ। ਸੀਰੀਆਂ, ਸਾਂਝੀਆਂ ਦੀ ਥਾਂ ਪਰਵਾਸੀ ਮਜ਼ਦੂਰਾਂ ਨੇ ਲੈ ਲਈ। ਆਧੁਨਿਕ ਬੀਜਾਂ, ਖਾਦਾਂ ਨੇ ਪੈਦਾਵਾਰ ਵਧਾ ਦਿੱਤੀ। ਇਸ ਹਰੀ ਕ੍ਰਾਂਤੀ ਨੇ ਕਿਸਾਨਾਂ ਨੂੰ ਮਾਲੋ-ਮਾਲ ਕਰ ਦਿੱਤਾ ਪਰ ਇਹ ਬਹਾਰ ਕਿਹੋ ਜਿਹੀ ਆਈ, ਜੋ ਬਹੁਤ ਹੀ ਅਜੀਬ ਕਿਸਮ ਦੀ ਪੱਤਝੜ ਨਾਲ ਲੈ ਆਈ। ਕਿਸਾਨ ਹੱਥੀਂ ਕੰਮ ਕਰਨਾ ਭੁੱਲ ਗਏ। ਮਣਾਂ ਮੂੰਹੀਂ ਕਰਜ਼ਾ ਲੈਣਾ ਸ਼ੁਗਲ ਬਣ ਗਿਆ। ਸਿੱਧੇ ਸਾਦੇ ਵਿਆਹਾਂ ਦਾ ਥਾਂ ਮੈਰਿਜ ਪੈਲੇਸਾਂ ਵਿਚ ਅੰਧਾਧੁੰਦ ਖਰਚੇ ਕਰਕੇ ਘਰ ਉਜਾੜ ਲਏ। ਕਰਜ਼ਿਆਂ ਦੀਆਂ ਕਿਸ਼ਤਾਂ ਦੇਣ ਦੀ ਹਿੰਮਤ ਨਾ ਰਹੀ। ਡਰੱਗ ਲੈਣਾ ਆਦਤ ਬਣ ਗਈ।
ਸਿਹਤ ਪੱਖੋਂ ਪਿੰਡਾਂ ਦੇ ਮੁੰਡੇ ਸ਼ਹਿਰੀਆਂ ਤੋਂ ਵੀ ਕਮਜੋਰ ਨਜ਼ਰ ਆ ਰਹੇ ਹਨ। ਫੌਜ ਜਾਂ ਪੁਲਿਸ ਵਿਚ ਭਰਤੀ ਹੋਣ ਦੇ ਕਾਬਲ ਨਹੀਂ ਰਹੇ। ਬਹੁਤ ਸਾਰੇ ਤਾਂ ਨਪੁੰਸਕ ਵੀ ਹੋ ਗਏ ਹਨ। ਘਰਾਂ ਵਿਚ ਦੁੱਧ, ਦਹੀਂ, ਮੱਖਣ ਅਤੇ ਲੱਸੀ ਦੀ ਥਾਂ ਬਣਾਉਟੀ ਖਾਦ, ਕੀੜੇਮਾਰ ਦਵਾਈਆਂ ਅਤੇ ਕਈ ਕਿਸਮ ਦੇ ਟੀਕਿਆਂ ਨੇ ਲੈ ਲਈ ਹੈ। ਕਿਸਾਨ ਵੀਰ ਸਬਜ਼ੀਆਂ ਅਤੇ ਦਾਲਾਂ ਸ਼ਹਿਰ ਤੋਂ ਖਰੀਦਦੇ ਹਨ। ਪੇਂਡੂ ਮਜ਼ਦੂਰ ਵੀ ਕਰਜ਼ੇ ਦੇ ਭਾਰ ਨਾਲ ਕਿਸਾਨਾਂ ਵਾਂਗ ਖੁਦਕੁਸ਼ੀਆਂ ਕਰ ਰਹੇ ਹਨ। ਕਈ ਹੋਰ ਨਾ ਲਿਖਣਯੋਗ ਅਲਾਮਤਾਂ ਪਿੰਡਾਂ ਦੇ ਜੀਵਨ ਨੂੰ ਬਰਬਾਦ ਕਰ ਰਹੀਆਂ ਹਨ। ਕਈ ਪਿੰਡ ਵਿਕਾਊ ਹਨ, ਖਰੀਦਣ ਵਾਲਾ ਕੋਈ ਨਹੀਂ। ਬੱਚਾ-ਬੱਚਾ ਵਿਦੇਸ਼ ਜਾਣ ਲਈ ਤਿਆਰ ਹੈ। ਜੋ ਤਬਦੀਲੀ ਹਰੀ ਕ੍ਰਾਂਤੀ ਲੈ ਕੇ ਆਈ, ਇਸ ਨੂੰ ਵਰਦਾਨ ਕਹਿਣਾ ਸ਼ੋਭਦਾ ਨਹੀਂ, ਇਹ ਤਾਂ ਸਰਾਪ ਦੀ ਵੀ ਇੰਤਹਾ ਹੈ।
ਸੋਚ ਸਮਝ ਪਿਛੋਂ ਕੀਤੀਆਂ ਕੁਝ ਤਬਦੀਲੀਆਂ ਲਾਭਦਾਇਕ ਵੀ ਹਨ ਜਿਵੇਂ ਫੈਮਿਲੀ ਪੈਨਸ਼ਨ। ਬਹੁਤ ਔਰਤਾਂ ਖੁਸ਼ ਹਨ ਅਤੇ ਕਹਿੰਦੀਆਂ ਹਨ ਕਿ ਮੇਰਾ ਘਰਵਾਲਾ ਤਾਂ ਆਪਣੀ ਮੌਤ ਪਿਛੋਂ ਵੀ ਮੈਨੂੰ ਜਿਉਣ ਜੋਗੀ ਛੱਡ ਗਿਆ, ਮੈਂ ਕਦੇ ਵੀ ਬੱਚਿਆਂ ਉਤੇ ਬੋਝ ਨਹੀਂ ਬਣਾਂਗੀ। ਬੇਟੀਆਂ ਨੂੰ ਵਿਰਾਸਤ ਵਿਚ ਜ਼ਮੀਨ ਮਿਲਣ ਦੇ ਹੱਕ ਨਾਲ ਲੜਕੇ ਨੂੰ ਹੀ ਵਾਰਿਸ ਬਣਾਉਣ ਦੀ ਲਾਲਸਾ ਘਟ ਗਈ। ਬਹੁਤ ਬੇਔਲਾਦ ਜੋੜੇ ਬੇਟੀ ਨੂੰ ਗੋਦ ਲੈਣਾ ਚੰਗਾ ਸਮਝਦੇ ਹਨ। ਪੈਨਸ਼ਨਾਂ ਦਾ ਸਿੱਧਾ ਬੈਂਕਾਂ ਵਿਚ ਆਉਣਾ ਚੰਗੀ ਰਵਾਇਤ ਹੈ। ਨਹੀਂ ਤਾਂ ਮੈਂ ਅੱਖੀਂ ਦੇਖਿਆ ਹੈ ਕਿ ਖਜਾਨੇ ਵਾਲੇ ਕਈ ਬਜੁਰਗਾਂ ਨੂੰ ਵੀ ਬਹੁਤ ਹੈਰਾਨ ਕਰਦੇ ਸਨ। ਕਈ ਵਾਰ ਉਨ੍ਹਾਂ ਨੂੰ ਇਹ ਕਹਿ ਕੇ ਮੋੜ ਦਿੰਦੇ ਹਨ ਕਿ ਮੈਂ ਤੈਨੂੰ ਪਛਾਣਦਾ ਤਾਂ ਹਾਂ ਪਰ ਤੇਰੇ ਦਸਤਖਤ ਨਹੀਂ ਠੀਕ ਲਗਦੇ।
ਤਬਦੀਲੀ ਦੀ ਸ਼ਕਤੀ ਦੇ ਕੌਤਕ ਬਹੁਤ ਨਿਆਰੇ! ਕਈ ਵਾਰ ਦੁਸ਼ਮਣ ਨੂੰ ਬਗੈਰ ਕਿਸੇ ਲਾਲਚ ਦੇ ਵੀ ਮਿੱਤਰ ਬਣਾ ਦਿੰਦੀ ਹੈ, ਤਦੇ ਹੀ ਕਿਸੇ ਸ਼ਾਇਰ ਨੇ ਕਿਹਾ ਹੈ, ‘ਦੁਸ਼ਮਨ ਕੋ ਨਾ ਦੇਖੋ ਨਫਰਤ ਸੇ, ਸ਼ਾਇਦ ਵੋਹ ਮੁਹੱਬਤ ਕਰ ਬੈਠੇ।’
1947 ਵੇਲੇ ਦੋਵੇਂ ਪਾਸਿਆਂ ਦੇ ਪੰਜਾਬਾਂ ਵਿਚ ਕੀ ਕੁਝ ਨਹੀਂ ਹੋਇਆ? ਇਕ ਦੂਜੇ ਦੇ ਖੂਨ ਦੇ ਪਿਆਸੇ ਲੋਕਾਂ ਨੇ ਹੈਵਾਨੀਅਤ ਨੂੰ ਪਿਛੇ ਛੱਡ ਦਿੱਤਾ। ਮੈਨੂੰ ਬਹੁਤ ਖੂਬਸੂਰਤ ਤਬਦੀਲੀ ਉਸ ਵੇਲੇ ਨਜ਼ਰ ਆਈ, ਜਦੋਂ ਨਵੰਬਰ 2018 ਵਿਚ ਮੈਂ ਗੁਰਧਾਮਾਂ ਦੀ ਯਾਤਰਾ ਲਈ ਪਾਕਿਸਤਾਨ ਗਿਆ। ਉਥੋਂ ਦੇ ਲੋਕਾਂ ਦਾ ਠਾਠਾਂ ਮਾਰਦਾ ਪਿਆਰ ਮੇਰੇ ਮਨ ਦੀ ਗਹਿਰਾਈ ਤੱਕ ਪਹੁੰਚ ਗਿਆ। ਕੱਲ੍ਹ ਦੇ ਦੁਸ਼ਮਣ ਅੱਜ ਮਿੱਤਰ ਪਿਆਰੇ!
ਹੁਣੇ-ਹੁਣੇ ਦਿੱਲੀ ਤੋਂ ਖਬਰ ਮਿਲੀ ਕਿ ਲੋਕ ਸਭਾ ਵਿਚ ਔਰਤਾਂ ਦੀ ਗਿਣਤੀ ਪਿਛਲੇ ਸਾਲਾਂ ਨਾਲੋਂ ਕਾਫੀ ਵਧ ਗਈ ਹੈ। ਇਹ ਚੰਗੀ ਤਬਦੀਲੀ ਹੈ। ਫੋਟੋਆਂ ਵਿਚ ਗਲੈਮਰ ਅਤੇ ਸਾਦਗੀ ਦਾ ਮੰਜ਼ਰ ਦਿਲ ਨੂੰ ਭਾ ਗਿਆ। ਪੱਛਮੀ ਬੰਗਾਲ ਅਤੇ ਉੜੀਸਾ ਵਲੋਂ ਵੱਧ ਨੁਮਾਇੰਦਗੀ ਨਜ਼ਰ ਆਈ। ਬੰਗਾਲ ਦੀਆਂ ਦੋ ਬੀਬੀਆਂ ਨੇ ਪਲੇਠੀ ਸਪੀਚ ਰਾਹੀਂ ਸਫਲਤਾ ਦੇ ਝੰਡੇ ਗੱਡ ਦਿੱਤੇ। ਰੱਬ ਕਰੇ, ਇਹ ਰੁਝਾਨ ਹੋਰ ਅੱਗੇ ਵਧੇ ਫੁਲੇ। ਲੋਕ ਸਭਾ ਵਿਚ ਤਹਿਜ਼ੀਬ ਦੇ ਡਿੱਗ ਰਹੇ ਮਿਆਰ ਨੂੰ ਠੱਲ੍ਹ ਪਵੇਗੀ।
ਉਂਜ, ਕੁਦਰਤ ਦੀ ਵੀ ਅਜੀਬ ਖੇਡ ਹੈ। ਅਗਲੀ ਖਬਰ ਨੇ ਮਨ ਉਦਾਸ ਕਰ ਦਿੱਤਾ। ਅਪਰਾਧ ਦੇ ਪਿਛੋਕੜ ਵਾਲੇ ਐਮ. ਪੀ. 2009 ਦੀਆਂ ਚੋਣਾਂ ਵਿਚ 30% ਸਨ, 2014 ਵਿਚ 35% ਅਤੇ 2019 ਵਿਚ 43% ਹੋ ਗਏ। ਇਹ ਬਹੁਤ ਖਤਰਨਾਕ ਤਬਦੀਲੀ ਹੈ। ਰੱਬ ਮਿਹਰ ਕਰੇ, ਇਸ ਨੂੰ ਬੈਕ ਗਿਅਰ ਲੱਗ ਜਾਵੇ।
ਸਰਕਾਰ ਬਦਲਣ ਨਾਲ ਹੀ ਤਵਾਰੀਖ (ਇਤਿਹਾਸ) ਦਾ ਬਦਲਣਾ ਨਵਾਂ ਰੁਝਾਨ ਹੈ। ਇਹ ਤਬਦੀਲੀ ਕਈ ਵਾਰ ਬਹੁਤ ਘਟੀਆ ਸੋਚ ਦੀ ਨਿਸ਼ਾਨੀ ਹੈ। ਇਤਿਹਾਸ ਸੱਚ ਦੀ ਕਸਵੱਟੀ ਨਾਲ ਪਰਖਿਆ ਜਾਣਾ ਚਾਹੀਦਾ ਹੈ। ਕੁਝ ਦੇਰ ਗਲਤ ਧਾਰਨਾਵਾਂ ਸਮਾਜ ‘ਤੇ ਅਸਰ ਜ਼ਰੂਰ ਪਾਉਂਦੀਆਂ ਹਨ, ਬਹੁਤੀ ਦੇਰ ਲਈ ਨਹੀਂ। ਮੈਨੂੰ ਲਗਭਗ 20 ਸਾਲ ਪੁਰਾਣੀ ਗੱਲ ਯਾਦ ਆ ਗਈ। ਮੈਂ ਐਰੀਜ਼ੋਨਾ ਸਟੇਟ ਦੇ ਫੀਨਿਕਸ ਸ਼ਹਿਰ ਦੇ ਇਕ ਹਾਲ ਵਿਚ ਗੁਲਾਮ ਅਲੀ ਦਾ ਪ੍ਰੋਗਰਾਮ ਦੇਖ ਰਿਹਾ ਸਾਂ। ਉਥੇ ਹੀ ਪਾਕਿਸਤਾਨ ਦੇ ਇਕ ਨੌਜਵਾਨ ਨੂੰ ਮੈਂ ਕਿਹਾ, ਤੈਨੂੰ ਪਤਾ ਹੈ, ਲਾਹੌਰ ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਸੀ? ਉਹ ਹੱਕਾ-ਬੱਕਾ ਰਹਿ ਗਿਆ। ਕਹਿੰਦਾ, ਸਾਨੂੰ ਤਾਂ ਕਦੇ ਵੀ ਕਿਸੇ ਸਕੂਲ, ਕਾਲਜ ਵਿਚ ਇਹ ਦੱਸਿਆ ਨਹੀਂ ਗਿਆ। ਅੱਜ ਦੇ ਉਸੇ ਲਾਹੌਰ ਦੇ ਸ਼ਾਹੀ ਕਿਲ੍ਹੇ ਵਿਚ ਰਣਜੀਤ ਸਿੰਘ ਦਾ ਫੁਲਸਾਈਜ਼ ਬੁੱਤ ਬਹੁਤ ਸ਼ਾਨੋ-ਸ਼ੌਕਤ ਨਾਲ ਲਾਇਆ ਗਿਆ ਹੈ ਅਤੇ ਜਨਤਾ ਉਸ ਦੇ ਰਾਜ ਦੀਆਂ ਸਿਫਤਾਂ ਕਰ ਰਹੀ ਹੈ।
ਮੈਂ ਸੁਣਿਆ ਹੈ ਕਿ ਕੁਝ ਗਲਤ ਅਨਸਰਾਂ ਨੇ ਭੈੜੀ ਸੋਚ ਅਧੀਨ ਗੁਰੂ ਸਾਹਿਬਾਨ ਨੂੰ ਘੋੜਿਆਂ ਦੇ ਚੋਰ ਅਤੇ ਕਈ ਹੋਰ ਗੈਰ ਜ਼ਿੰਮੇਵਾਰ ਆਦਤਾਂ ਦੇ ਮਾਲਕ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਇਹੋ ਜਿਹੀਆਂ ਕੁਝ ਕਿਤਾਬਾਂ ਸਿਲੇਬਸ ਵਿਚ ਵੀ ਸੁਣੀਆਂ ਹਨ। ਜਦੋਂ ਬੱਚੇ ਗੁਰੂ ਸਾਹਿਬਾਨ ਦੇ ਜੀਵਨ ਇਤਿਹਾਸ ਵਿਚੋਂ ਇਹੋ ਜਿਹੀਆਂ ਤਬਦੀਲੀਆਂ ਦੇ ਨਾਲ-ਨਾਲ ਉਨ੍ਹਾਂ ਦੀਆਂ ਕੁਰਬਾਨੀਆਂ ਪੜ੍ਹਨਗੇ ਤਾਂ ਸਾਧਾਰਨ ਦਿਮਾਗ ਵਾਲਾ ਬੱਚਾ ਵੀ ਸੋਚੇਗਾ ਕਿ ਤੱਤੀਆਂ ਤਵੀਆਂ ‘ਤੇ ਬੈਠੇ ‘ਸੀ’ ਨਾ ਉਚਾਰਨ ਵਾਲੇ, ਦਿੱਲੀ ਵਿਚ ਧਰਮ ਦੀ ਰੱਖਿਆ ਅਧੀਨ ਸੀਸ ਕਟਵਾਉਣ ਵਾਲੇ ਕਦੇ ਘੋੜਿਆਂ ਦੇ ਚੋਰ ਨਹੀਂ ਹੋ ਸਕਦੇ। ਇਤਿਹਾਸ ਦੀ ਇਹੋ ਜਿਹੀ ਤਬਦੀਲੀ ਥੋੜ੍ਹੇ ਦਿਨਾਂ ਵਿਚ ਖਤਮ ਹੋ ਜਾਵੇਗੀ।
ਮੇਰੇ ਸਾਹਮਣੇ ਟ੍ਰਿਬਿਊਨ ਦੀ ਖਬਰ ਹੈ ਕਿ ਇਕ ਚੀਤਾ ਸ੍ਰੀਨਗਰ (ਗੜਵਾਲ) ਦੇ ਮੈਡੀਕਲ ਕਾਲਜ ਵਿਚ ਕਈ ਬੰਦਿਆਂ ਨੂੰ ਜ਼ਖਮੀ ਕਰ ਗਿਆ। ਹਰ ਰੋਜ਼ ਅਵਾਰਾ ਕੁੱਤੇ ਬੱਚਿਆਂ ਅਤੇ ਬਜੁਰਗਾਂ ਨੂੰ ਨੋਚ ਰਹੇ ਹਨ। ਅਵਾਰਾ ਜਾਨਵਰ ਖੇਤਾਂ ਵਿਚ ਫਸਲਾਂ ਉਜਾੜ ਰਹੇ ਹਨ। ਕਿਸਾਨਾਂ ਦੀ ਨੀਂਦ ਹਰਾਮ ਹੋ ਰਹੀ ਹੈ। ਇਨ੍ਹਾਂ ਜਾਨਵਰਾਂ ਲਈ ਹਮਦਰਦੀ ਕੁਝ ਹੱਦ ਤੱਕ ਜਾਇਜ਼ ਹੈ, ਪਰ ਕਾਨੂੰਨ ਦੀ ਅੰਧਾਧੁੰਦ ਵਰਤੋਂ ਇਸ ਤਬਦੀਲੀ ਨੂੰ ਵਿਕਾਸ ਨਹੀਂ, ਵਿਨਾਸ਼ ਵਲ ਲਿਜਾਣ ਵਾਲੀ ਹੈ।
ਇਕ ਹੋਰ ਤਬਦੀਲੀ ਦਾ ਡਰ ਬਹੁਤ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ; ਉਹ ਹੈ ਭਾਰਤ ਵਿਚ ਫਾਸਿਜ਼ਮ ਦੀ ਆਮਦ। ਇਸ ਡਰ ਵਿਚ ਕੁਝ ਹਕੀਕਤ ਦੀ ਝਲਕ ਨਜ਼ਰ ਆਉਂਦੀ ਹੈ, ਪਰ ਘਬਰਾਉਣ ਦੀ ਲੋੜ ਨਹੀਂ। ਇਸ ਦੇਸ਼ ਦੀ ਮਿੱਟੀ ਫਾਸਿਜ਼ਮ ਦੇ ਬੀਜ ਲਈ ਜ਼ਰਖੇਜ਼ (ਉਪਜਾਊ) ਨਹੀਂ। ਜੇ ਬੀਜ ਬੋਇਆ ਵੀ ਗਿਆ, ਪੁੰਗਰੇਗਾ ਨਹੀਂ। ਇਹੋ ਜਿਹਾ ਵਾਤਾਵਰਣ ਇਸ ਮੁਲਕ ਦੀ ਆਤਮਾ ਦੇ ਅਨੁਕੂਲ ਨਹੀਂ। ਇਥੇ ਤਾਂ ਸਾਂਝੀਵਾਲਤਾ ਦਾ ਬੂਟਾ ਹੀ ਮਜ਼ਬੂਤ ਜੜ੍ਹ ਪਕੜ ਸਕੇਗਾ।
ਮਨੁੱਖ ਨੂੰ ਕੁਦਰਤ ਵਲੋਂ ਮਿਲਿਆ ਦਿਮਾਗ ਵੱਡਮੁਲਾ ਪਰ ਅਜੀਬ ਜਿਹਾ ਤੋਹਫਾ ਹੈ। ਸਮੇਂ ਦੀ ਗਰਦਿਸ਼ ਨੇ ਇਸ ਵਿਚ ਕਈ ਰੰਗ ਭਰ ਦਿੱਤੇ। ਕਈ ਇਨਸਾਨਾਂ ਦੀ ਸੋਚ ਆਕਾਸ਼ ਤੱਕ ਪਹੁੰਚ ਗਈ ਹੈ ਅਤੇ ਕਈ ਮੰਦੀ ਭਾਵਨਾ ਵਾਲੇ ਆਦਮੀਆਂ ਦੀ ਸੋਚ ਪਾਤਾਲ ਤੱਕ ਗਰਕ ਹੋ ਗਈ ਹੈ। ਕੁਝ ਵਿਚਾਰੇ ਵਿਚ-ਵਿਚਾਲੇ ਲਟਕ ਰਹੇ ਹਨ। ਇਨ੍ਹਾਂ ਮਾਨਸਿਕ ਤਬਦੀਲੀਆਂ ਨੂੰ ਸਮੇਂ ਦਾ ਗੇੜ ਹੀ ਸਮਝੋ। ਇਸ ਦੇ ਨਤੀਜੇ ਵਜੋਂ ਕਈ ਉਚੀਆਂ ਅਤੇ ਕਈ ਪੁੱਠੀਆਂ ਸਿੱਧੀਆਂ ਤਹਿਰੀਕਾਂ ਵਜੂਦ ਵਿਚ ਆ ਗਈਆਂ ਜਿਵੇਂ ਹਮਜਿਨਸੀ ਸਬੰਧ, ਲੜਕੀਆਂ ਦਾ ਲੜਕੀਆਂ ਨਾਲ ਵਿਆਹ ਕਰਨਾ, ਗੇਅ ਹੋਣਾ ਅਤੇ ‘ਮੀ-ਟੂ’ ਦਾ ਹੱਦ ਤੋਂ ਪਰ੍ਹੇ ਪਹੁੰਚਣਾ ਆਦਿ। ਇਹ ਸਭ ਕੁਝ ਖੁਦਗਰਜ਼ੀ ਦੀ ਉਪਜ ਹੈ। ਇਨ੍ਹਾਂ ਤਹਿਰੀਕਾਂ ਦੇ ਕਾਰਕੁਨ ਚਰਚਾ ਵਿਚ ਬਹੁਤ ਨਰੋਏ ਹਨ। ਚੋਟੀ ਦੇ ਜੱਜਾਂ ਨੂੰ ਵੀ ਇਹ ਪ੍ਰਭਾਵਿਤ ਕਰ ਦਿੰਦੇ ਹਨ। ਇਨ੍ਹਾਂ ਦੀ ਜਿਰ੍ਹਾ ਵਿਚ ਦਮ ਹੈ, ਪਰ ਇਹ ਸਭ ਵਰਤਾਰਾ ਗੈਰ ਕੁਦਰਤੀ ਹੈ। ਸੰਸਾਰ ਦੀ ਉਤਪਤੀ ਲਈ ਕੁਦਰਤ ਨੇ ਆਦਮੀ ਅਤੇ ਔਰਤ ਦਾ ਜੋੜਾ ਬਣਾਇਆ ਹੈ। ਬਾਕੀ ਸਭ ਕੁਝ ਬਣਾਉਟੀ ਹੈ। ਪਸੂ ਜਾਤੀ ਇਸ ਅਲਾਮਤ ਤੋਂ ਮੁਕਤ ਹੈ। ਇਹ ਗੈਰ ਕੁਦਰਤੀ ਤਬਦੀਲੀ ਸਮੇਂ ਦੀ ਟੱਕਰ ਲੈਣ ਵਿਚ ਅਸਮਰਥ ਰਹੇਗੀ ਅਤੇ ਵਕਤ ਦੀ ਬੁੱਕਲ ਵਿਚੋਂ ਗਹਿਰੀ ਨੀਂਦ ਸੌਂ ਜਾਵੇਗੀ।
ਇਕ ਨਵੀਂ ਤਬਦੀਲੀ ਸਾਡਾ ਧਿਆਨ ਮੰਗਦੀ ਹੈ। ਅਸੀਂ ਚਿੱਠੀਆਂ ਲਿਖਣੀਆਂ ਬੰਦ ਕਰ ਦਿੱਤੀਆਂ। ਕਿਤਾਬਾਂ ਪੜ੍ਹਨ ਦੀ ਥਾਂ ਡਿਜੀਟਲ ਵਲ ਚਾਲੇ ਪਾ ਲਏ ਅਤੇ ਫੋਨ ਕਰਨਾ ਹੀ ਮੁਨਾਸਿਬ ਸਮਝਣ ਲੱਗੇ। ਹੁਣ ਟੈਕਸਟ ਕਰਨ ਜੋਗੇ ਹੀ ਰਹਿ ਗਏ। ਗੱਲ ਕਰਨ ਦਾ ਸਲੀਕਾ ਕੱਲ੍ਹ ਦੀ ਕਹਾਣੀ ਬਣ ਗਿਆ। ਸਾਡੇ ਬੱਚਿਆਂ ਨੂੰ ਕਿਸੇ ਆਏ ਗਏ ਪ੍ਰਾਹੁਣੇ ਨਾਲ ਗੱਲ ਕਰਨ ਦਾ ਅੰਦਾਜ਼ ਫਜ਼ੂਲ ਸਮਝਿਆ ਜਾਂਦਾ ਹੈ। ਕਈ ਲੋਕ ਨਜ਼ਦੀਕ ਪਏ ਟੈਲੀਫੋਨ ਨੂੰ ਰਿੰਗ ਹੋਣ ਵੇਲੇ ਚੁੱਕਦੇ ਨਹੀਂ। ਸ਼ਾਮ ਵੇਲੇ ਵੁਆਇਸ ਮੇਲ ਸੁਣ ਕੇ ਜਿਸ ਕਿਸੇ ਨਾਲ ਕੋਈ ਮਤਲਬ ਹੋਵੇ, ਜਵਾਬ ਦੇ ਦਿੰਦੇ ਹਨ।
ਮੈਨੂੰ ਯਾਦ ਹੈ ਕਿ ਜਦੋਂ ਸਾਡੇ ਘਰ ਕਿਸੇ ਦੂਰ-ਦਰਾਡੇ ਰਿਸ਼ਤੇਦਾਰ ਨੇ ਵੀ ਪ੍ਰਾਹੁਣਾ ਬਣ ਕੇ ਆਉਣਾ, ਸਾਨੂੰ ਸਭ ਨੂੰ ਬਹੁਤ ਖੁਸ਼ੀ ਹੋਣੀ। ਅੱਜ ਨਜ਼ਦੀਕੀ ਰਿਸ਼ਤੇਦਾਰ ਵੀ ਬੋਝ ਲਗਦਾ ਹੈ। ਅਸੀਂ ਕਿਹੋ ਜਿਹੇ ਸਭਿਆਚਾਰ ਨੂੰ ਜਨਮ ਦੇ ਰਹੇ ਹਾਂ? ਇਸ ਤਬਦੀਲੀ ਨੂੰ ਕਿਸ ਨਾਮ ਨਾਲ ਪੁਕਾਰੀਏ, ਸਮਝ ਨਹੀਂ ਆਉਂਦੀ। ਅੱਛਾ, ਹੁਣ ਇਸ ਨਿਮਾਣੇ ਜਿਹੇ ਲੇਖ ਨੂੰ ਇਕ ਅੱਧ ਗੱਲ ਕਰਕੇ ਹੀ ਬੰਦ ਕਰੀਏ, ਨਵੀਂ ਰੌਸ਼ਨੀ ਵਿਚ ਪੜ੍ਹਨ ਲਈ ਕਿਸੇ ਨੂੰ ਵਿਹਲ ਕਿਥੇ!
ਸੌ ਸਾਲ ਨੂੰ ਪੁੱਜੇ ਅਤੇ ਸਮਝਦਾਰ ਲਿਖਾਰੀ ਜਸਵੰਤ ਸਿੰਘ ਕੰਵਲ ਨੇ ਆਪਣੇ ਨੌਜਵਾਨ ਦੋਹਤੇ ਨੂੰ ਕਿਹਾ, “ਪੁੱਤਰਾ, ਗੁਣ ਬਿਨਾ ਜਵਾਨੀ ਨਿਖਰਦੀ ਨਹੀਂ”, ਜੇ ਅਸੀਂ ਸਾਰੇ ਇਹ ਕਹੀਏ, ਪੂਰੀ ਸੂਝ ਅਤੇ ਹਰ ਪਹਿਲੂ ਸੋਚੇ ਬਗੈਰ ਤਬਦੀਲੀ ਵਰਦਾਨ ਨਹੀਂ ਬਣਦੀ, ਡਿੱਕੋ-ਡੋਲੇ ਖਾਂਦੀ ਕੇਵਲ ਤਬਦੀਲੀ ਹੀ ਰਹਿ ਜਾਂਦੀ ਹੈ।
ਮੇਰੇ ਰੱਬ ਜੀ, ਤਬਦੀਲੀ ਦਾ ਸੂਰਜ ਮਘਦਾ ਰਹੇ। ਇਸ ਦੀ ਤਪਸ਼ ਇੰਨੀ ਭਿਆਨਕ ਨਾ ਹੋਵੇ ਕਿ ਯਹੂਦੀਆਂ ਦੀ ਨਸਲਕੁਸ਼ੀ, ਸੰਸਾਰ ਦੀ ਦੂਸਰੀ ਜੰਗ, ਭਾਰਤ ਦੀ ਵੰਡ, ਪਰਮਾਣੂ ਬੰਬਾਂ ਦੀ ਵਰਤੋਂ ਅਤੇ ਇਸ ਦੇ ਨਤੀਜੇ ਫੇਰ ਭੁਗਤਣੇ ਪੈਣ।
ਅੰਤਿਕਾ: ਤੂਫਾਨ ਵਾਂਗ ਆਈ ਤਬਦੀਲੀ ਭਾਵੇਂ ਸਾਹਿਤ, ਸਿਆਸਤ, ਆਰਥਕ ਜਾਂ ਸਮਾਜਕ ਖੇਤਰ ਵਿਚ ਹੋਵੇ, ਇਸ ਦਾ ਅਸਰ ਮੂਸਲੇਧਾਰ ਮੀਂਹ ਵਰਗਾ ਹੁੰਦਾ ਹੈ। ਪਾਣੀ ਧਰਤੀ ਵਿਚ ਜਜ਼ਬ ਹੋਣ ਦੀ ਥਾਂ ਹੜ੍ਹ ਬਣ ਕੇ ਫਸਲਾਂ ਨੂੰ ਖਰਾਬ ਕਰਕੇ ਚਲਿਆ ਜਾਂਦਾ ਹੈ। ਨਿੱਕੀ-ਨਿੱਕੀ ਕਣੀ ਦਾ ਮੀਂਹ ਜਿਸ ਨੂੰ ਸ਼ੇਕਸਪੀਅਰ ਬਹਿਸ਼ਤ (ਸਵਰਗ) ਤੋਂ ਉਤਰੀ ‘ਜੈਂਟਲ ਰੇਨ’ ਕਹਿੰਦਾ ਹੈ, ਬਹੁਤ ਅਸਰਦਾਰ ਹੁੰਦਾ ਹੈ। ਇਸ ਦੀ ਬਖਸ਼ੀ ਹੋਈ ਗਿੱਲ (ਨਮੀ) ਸਥਿਰ ਹੁੰਦੀ ਹੈ।
ਤਬਦੀਲੀਆਂ ਜੁਗ-ਜੁਗ ਆਉਣ ਪਰ ਲੰਮੀ ਸੋਚ ਵਿਚਾਰ ਪਿਛੋਂ ਆਉਣ ਤੇ ਹਾਨੀਕਾਰਕ ਨਾ ਹੋਣ।