ਨਵਦੀਪ ਗਿੱਲ ਦੇ ਸਾਹਿਤਕ ਚਿਹਰੇ: ਨੌਲੱਖਾ ਬਾਗ

ਗੁਲਜ਼ਾਰ ਸਿੰਘ ਸੰਧੂ
ਪੁਸਤਕ ‘ਨੌਲੱਖਾ ਬਾਗ’ ਵਿਚ ਨਵਦੀਪ ਸਿੰਘ ਗਿੱਲ ਨੇ ਨੌਂ ਰਚਨਾਕਾਰਾਂ ਦੇ ਸ਼ਬਦ ਚਿੱਤਰ ਪੇਸ਼ ਕੀਤੇ ਹਨ। ਨਵਦੀਪ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪੱਤਰਕਾਰੀ ਤੇ ਜਨ ਸੰਚਾਰ ਦੀ ਐਮ. ਏ. ਕੀਤੀ ਹੈ। ਉਸ ਦੇ ਚਿੱਤਰਾਂ ਵਿਚ ਪੱਤਰਕਾਰੀ ਪ੍ਰਧਾਨ ਹੈ। ਉਹ ਰਾਮ ਸਰੂਪ ਅਣਖੀ ਨੂੰ ਪੰਜਾਬੀ ਸਾਹਿਤ ਦਾ ਥਾਮਸ ਹਾਰਡੀ ਲਿਖਦਾ ਹੈ। ਪ੍ਰਿੰ. ਸਰਵਣ ਸਿੰਘ ਨੂੰ ਵਾਰਤਕ ਦਾ ਓਲੰਪੀਅਨ, ਓਮ ਪ੍ਰਕਾਸ਼ ਗਾਸੋ ਨੂੰ ਸ਼ਬਦਾਂ ਦਾ ਵਣਜਾਰਾ, ਰਵਿੰਦਰ ਭੱਠਲ ਨੂੰ ਚੁੱਪ ਦੀ ਬੁੱਕਲ ਅਤੇ ਜਗਦੇਵ ਸਿੰਘ ਜੱਸੋਵਾਲ ਨੂੰ ਕਲਾ ਕਾਫਲੇ ਦਾ ਸ਼ਾਹ ਅਸਵਾਰ। ਗੁਰਭਜਨ ਗਿੱਲ, ਸਿੱਧੂ ਦਮਦਮੀ, ਸ਼ਮਸ਼ੇਰ ਸੰਧੂ ਤੇ ਨਿਰਮਲ ਜੌੜਾ ਬਾਰੇ ਜਾਣਨ ਲਈ ਤੁਹਾਨੂੰ ਉਸ ਦੀ ਪੁਸਤਕ ਪੜ੍ਹਨੀ ਪਵੇਗੀ।

ਪੰਜਾਬੀ ਵਿਚ ਸ਼ਬਦ ਚਿੱਤਰਾਂ ਦੀ ਪਿਰਤ ਪਾਉਣ ਵਾਲਾ ਬਲਵੰਤ ਗਾਰਗੀ ਸੀ। ਉਸ ਨੂੰ ਇਹ ਕਲਾ ਉਰਦੂ ਅਫਸਾਨਾਨਿਗਾਰ ਸਆਦਤ ਹਸਨ ਮੰਟੋ ਦੀਆਂ ਲਿਖਤਾਂ ਤੋਂ ਸੁੱਝੀ ਸੀ। ਸੁਰਮਾ ਮੰਟੋ ਦਾ ਸੀ, ਮਟਕਾਇਆ ਗਾਰਗੀ ਨੇ। ਮਟਕਾਉਣ ਵਾਲੇ ਹੋਰ ਵੀ ਹੋਏ ਹਨ। ਨਵਦੀਪ ਨੇ ਉਨ੍ਹਾਂ ਦੀ ਪੂਛ ਫੜੀ ਹੈ।
ਲੁਧਿਆਣੇ ਮੋਹਨ ਸਿੰਘ ਮੇਲਿਆਂ ਦੇ ਸੰਸਥਾਪਕ ਜਗਦੇਵ ਸਿੰਘ ਜੱਸੋਵਾਲ ਵੱਲੋਂ ਵਿਉਂਤੇ ਇਕ ਮੇਲੇ ਵਿਚ ਜਗਮੋਹਨ ਕੌਰ ਪ੍ਰਵੇਸ਼ ਕਰਦੀ ਹੈ, ਤਾਂ ਨਵਦੀਪ ਦੇ ਲਿਖਣ ਅਨੁਸਾਰ, ਜੱਸੋਵਾਲ ਉਸ ਨੂੰ ‘ਉਦੋਂ ਕਿਉਂ ਨਾ ਆਇਓਂ ਮਿੱਤਰਾ, ਜਦੋਂ ਰੰਗ ਸੀ ਸਰ੍ਹੋਂ ਦੇ ਫੁੱਲ ਵਰਗਾ’ ਲੋਕ ਟੱਪੇ ਨਾਲ ਜੀ ਆਇਆਂ ਨੂੰ ਕਹਿੰਦਾ ਹੈ। ਜਗਮੋਹਨ ਕੌਰ ਆਪਣੀ ਗਾਇਕੀ ਨਾਲ ਸਰੋਤਿਆਂ ਨੂੰ ਬਾਗੋ ਬਾਗ ਕਰਨ ਪਿੱਛੋਂ ਮਾਈਕ ਤੋਂ ਪਰੇ ਹੋਣ ਲਗਦੀ ਹੈ ਤਾਂ ‘ਚੰਗੇ ਵੇਲੇ ਆਇਓਂ ਮਿੱਤਰਾ, ਅਜੇ ਦੁੱਧ ਨੂੰ ਜਾਗ ਨਹੀਂ ਲਾਇਆ’ ਨਾਲ ਨਿਵਾਜਦੀ ਹੈ। ‘ਨੌਲੱਖਾ ਬਾਗ’ ਵਿਚ ਇਹ ਰੰਗ ਗਾਰਗੀ ਵਾਲਾ ਹੈ।
ਪਰ ਨਵਦੀਪ ਗਿੱਲ ਗਾਰਗੀ ਵਾਲੀ ਪੀਂਘ ਦੇ ਝੂਟੇ ਨਹੀਂ ਲੈਂਦਾ। ਹੋ ਸਕਦਾ ਹੈ, ਲੈਣੇ ਨਾ ਚਾਹੁੰਦਾ ਹੋਵੇ। ਉਸ ਦੇ ਸ਼ਬਦ ਚਿੱਤਰਾਂ ਵਿਚ ਜਾਣਕਾਰੀ ਦੀਆਂ ਪੰਡਾਂ ਨੇ। ਉਹ ਆਪਣੇ ਨਾਇਕਾਂ ਨਾਲ ਤੁਰਿਆ ਵੀ ਹੈ ਤੇ ਉਨ੍ਹਾਂ ਦੇ ਮੋਢੇ ਚੜ੍ਹ ਕੇ ਨੱਚਿਆ ਵੀ ਹੈ। ਖੂਬੀ ਇਹ ਕਿ ਉਸ ਨੇ ਹਰ ਕਿਸੇ ਬਾਰੇ ਇੰਨੀ ਸਮਗਰੀ ਇਕੱਠੀ ਕੀਤੀ ਹੈ ਕਿ ਵਿਦਿਆਰਥੀ ਇਸ ਨੂੰ ਆਪਣੇ ਖੋਜ ਪੱਤਰਾਂ ਦਾ ਆਧਾਰ ਬਣਾ ਕੇ ਡਿਗਰੀਆਂ ਲੈ ਸਕਦੇ ਹਨ।
ਪੰਜਾਬੀ ਵਾਰਤਕ ਦਾ ਓਲੰਪੀਅਨ ਸਰਵਣ ਸਿੰਘ ਆਪਣੇ ਅਧਿਆਪਕ ਦੇ ਕਹਿਣ ਉਤੇ ਕਾਲਜ ਦੇ ਪਹਿਲੇ ਦਿਨ ਬਾਰੇ ਆਪਣੇ ਅਨੁਭਵ ਲਿਖਦਾ ਹੈ ਤਾਂ ਗੇਟ ਵਿਚ ਦਾਖਲੇ ਤੋਂ ਸ਼ੁਰੂ ਕਰਕੇ ਨਲਕੇ ਦੀ ਚੀਂ ਚੀਂ, ਗਰਾਊਂਡ ਦੇ ਘਾਹ ਦੀ ਮਹਿਕ, ਫੁੱਲ ਪੱਤੀਆਂ ਦੇ ਰੰਗ, ਕਲਾਸ ਰੂਮ ਦੀ ਦਿੱਖ ਤੇ ਪਾੜ੍ਹਿਆਂ ਦੇ ਪਹਿਰਾਵੇ ਤੱਕ ਬਿਆਨ ਦਿੰਦਾ ਹੈ। ਨਵਦੀਪ ਗਿੱਲ ਉਸ ਨੂੰ ਸੌ ਮੀਟਰ ਦੀ ਦੌੜ ਲਈ ਉਤਰਿਆ ਖਿਡਾਰੀ ਬਣਾ ਕੇ ਪੇਸ਼ ਕਰਦਾ ਹੈ, ਜੋ 42 ਕਿਲੋਮੀਟਰ ਦੀ ਮੈਰਾਥਨ ਦੌੜ ਲਾ ਕੇ ਵੀ ਦੌੜਦਾ ਰਹਿੰਦਾ ਹੈ ਤੇ ਦੌੜੀ ਜਾ ਰਿਹਾ ਹੈ।
ਗੀਤਕਾਰ ਸ਼ਮਸ਼ੇਰ ਸੰਧੂ ਦੀ ਪਛਾਣ ਉਹ ਬਿੰਦਰਖੀਏ ਨਾਲ ਮੇਲ ਮਿਲਾਪ ਤੋਂ ਸ਼ੁਰੂ ਕਰਕੇ ਸੰਧੂ ਦੇ ਮੂੰਹੋਂ ਇੱਕ ਗੀਤ ਦੀ ਸ਼ੂਟਿੰਗ ਲਈ ਖੇਤ ਦੇ ਮਾਲਕ ਵਲੋਂ ਪੈਸੇ ਮੰਗਣ ਨਾਲ ਖਤਮ ਕਰਦਾ ਹੈ। ਮਾਲਕ ਤੇ ਉਸ ਦੀ ਪਤਨੀ ਅਜਿਹੀ ਸਹੂਲਤ ਦੇਣ ਦੇ ਅੱਠ ਹਜ਼ਾਰ ਮੰਗ ਲੈਂਦੇ ਹਨ, ਇੱਕ ਮੇਮਣੇ ਕੋਲ ਖਲੋ ਕੇ ਸ਼ੂਟਿੰਗ ਕਰਨ ਦੇ ਸੌ ਰੁਪਏ ਤੇ ਬਲਦਾਂ ਦੀ ਜੋੜੀ ਕੋਲ ਸ਼ੂਟਿੰਗ ਕਰਨ ਦੇ ਸੌ ਰੁਪਏ ਹੋਰ। ਸ਼ਮਸ਼ੇਰ ਨਿਰਾ ‘ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ, ਤੇਰੇ ‘ਚ ਤੇਰਾ ਯਾਰ ਬੋਲਦਾ’ ਵਰਗੇ ਰਸੀਲੇ ਬੋਲ ਲਿਖਣ ਵਾਲਾ ਗੀਤਕਾਰ ਹੀ ਨਹੀਂ, ਆਪਣੀ ਗੱਲ ਵਿਚ ਰੌਚਕਤਾ ਭਰਨ ਲਈ ਵੀ ਜਾਣਿਆ ਜਾਂਦਾ ਹੈ। ਨਵਦੀਪ ਨੇ ਉਸ ਦੀ ਰੌਚਕਤਾ ਵਿਚ ਕਿੰਨਾ ਕੁ ਮਿਰਚ ਮਸਾਲਾ ਭਰਿਆ ਹੈ, ਉਹ ਜਾਣੇ ਜਾਂ ਉਹ। ਮੈਂ ਤਾਂ ਏਨਾ ਹੀ ਕਹਿ ਸਕਦਾ ਹਾਂ ਕਿ ਜੇ ਨਵਦੀਪ ਆਪਣੀ ਪੁਸਤਕ ਵਿਚ ਇਹੋ ਜਿਹੇ ਰੰਗ ਹੋਰ ਭਰ ਦਿੰਦਾ ਤਾਂ ਉਸ ਨੇ ਸ਼ਬਦ ਚਿੱਤਰ ਲੇਖਕਾਂ ਦੀ ਪੂਛ ਛੱਡ ਕੇ ਪਲਾਕੀ ਮਾਰ ਕਾਠੀ ਉਤੇ ਜਾ ਬਹਿਣਾ ਸੀ। ਉਸ ਦੇ ਸ਼ਬਦ ਚਿੱਤਰਾਂ ਵਿਚ ਰਸ ਦੀ ਘਾਟ ਤਾਂ ਖਟਕਦੀ ਹੈ, ਪਰ ਜਾਣਕਾਰੀ ਮਾਲਾ ਮਾਲ ਹੈ।
ਮਾਸਕੋ ਤੋਂ ਮੱਤੋਂ ਬਰਾਸਤਾ ਜਲੰਧਰ ਤੇ ਬਲਾਚੌਰ: ਦਰਸ਼ਨ ਸਿੰਘ ਨਾਵਲਕਾਰ ਪਿਛਲੀ ਸਦੀ ਦੇ ਸੱਠਵਿਆਂ ਵਿਚ ਸੋਵੀਅਤ ਯੂਨੀਅਨ ਵਲੋਂ ਪ੍ਰਕਾਸ਼ਿਤ ਪ੍ਰਗਤੀਵਾਦੀ ਸਾਹਿਤ ਦੀ ਪੰਜਾਬੀ ਇਕਾਈ ਮਾਸਕੋ ਵਿਚ ਕੰਮ ਕਰਦਾ ਰਿਹਾ ਹੈ। ਕੁਝ ਮਹੀਨਿਆਂ ਪਿੱਛੋਂ ਉਸ ਨੂੰ ਰੇਡੀਓ ਵਲੋਂ ਸ਼ੁਰੂ ਕੀਤੇ ਜਾਣ ਵਾਲੇ ਪੰਜਾਬੀ ਪ੍ਰੋਗਰਾਮ ਦੀ ਜ਼ਿੰਮੇਵਾਰੀ ਵੀ ਸੌਂਪ ਦਿੱਤੀ ਗਈ। ਉਸ ਦੀ ਅਣਛਪੀ ਸਵੈਜੀਵਨੀ ਅਨੁਸਾਰ ਦੋ ਰੂਸਣਾਂ ਹਿੰਦੀ ਤੋਂ ਬਦਲ ਕੇ ਪੰਜਾਬੀ ਇਕਾਈ ਵਿਚ ਲਾ ਦਿੱਤੀਆਂ ਗਈਆਂ। ਉਨ੍ਹਾਂ ਵਿਚੋਂ ਲੁਦਮਿਲਾ ਬਲਾਇਨੀਕੋਵਾ ਨੇ ਪਹਿਲੇ ਦਿਨ ਤੋਂ ਹੀ ਸਿਰ ਸੜਿਆਂ ਵਾਂਗ ਪੰਜਾਬੀ ਪੜ੍ਹਨੀ ਸ਼ੁਰੂ ਕਰ ਦਿੱਤੀ। ਨਵੇਂ ਲਫਜ਼ਾਂ ਨੂੰ ਉਚੀ-ਉਚੀ ਘੋਟੇ ਲਾਉਂਦੀ। ਟੇਪਾਂ ਲਾ ਲਾ ਸੁਣਦੀ। ਉਹ ਛੇਤੀ ਤੋਂ ਛੇਤੀ ਅਨਾਊਂਸਰ ਦਾ ਕੰਮ ਸੰਭਾਲਣਾ ਚਾਹੁੰਦੀ ਸੀ। ਦੋ-ਤਿੰਨ ਮਹੀਨਿਆਂ ਪਿਛੋਂ ਉਸ ਨੇ ਰੂਸੀ ਤੋਂ ਖਬਰਾਂ ਪੰਜਾਬੀ ਵਿਚ ਬੋਲਣੀਆਂ ਸ਼ੁਰੂ ਕਰ ਦਿੱਤੀਆਂ। ਉਹ ਪੰਜਾਬੀ ਪੜ੍ਹਨ, ਲਿਖਣ ਲਈ ਪੰਜਾਬ ਵੀ ਆਈ ਤੇ ਪੰਜਾਬੀ ਦੇ ਮੋਢੀ ਪੱਤਰਕਾਰ ਸਾਧੂ ਸਿੰਘ ਹਮਦਰਦ ਦੇ ਘਰ ਪਰਿਵਾਰ ਦੇ ਮੈਂਬਰ ਵਜੋਂ ਲੰਮਾ ਸਮਾਂ ਉਨ੍ਹਾਂ ਦੇ ਘਰ ਰਹੀ। ਬੋਲੀ ਤੇ ਉਚਾਰਨ ਪੱਖੋਂ ਬਿਲਕੁਲ ਦੁਆਬਣ ਬਣ ਗਈ।
ਦਰਸ਼ਨ ਸਿੰਘ ਦੇ ਦਿੱਲੀ ਪਰਤਣ ਤੋਂ ਪਿੱਛੋਂ ਵੀ ਉਹ ਕਈ ਵਰ੍ਹੇ ਪੰਜਾਬੀ ਸੈਕਸ਼ਨ ਦੀ ਰੂਹੇ-ਰਵਾਂ ਰਹੀ। ਦੁਆਬਣਾਂ ਵਾਂਗ ਵਿਚਰੀ। ਨਿਸ਼ਚੇ ਹੀ ਉਸ ਦਾ ਉਚਾਰਣ ਬਲਾਚੌਰ ਤੇ ਜਲੰਧਰ ਦਾ ਮਿਸ਼ਰਣ ਸੀ। ਹਮਦਰਦ ਹੁਰੀਂ ਬਲਾਚੌਰ ਵਿਆਹੇ ਹੋਏ ਸਨ। ਦਰਸ਼ਨ ਸਿੰਘ ਅਨੁਸਾਰ ਉਸ ਪ੍ਰੋਗਰਾਮ ਵਿਚ ਪੰਜਾਬੀਆਂ ਦੀ ਦਿਲਚਸਪੀ ਵਾਲੀ ਕੋਈ ਗੱਲ ਨਹੀਂ ਸੀ, ਸਿਵਾਏ ਲੁਦਮਿਲਾ (ਲੂਦਾ) ਦੇ ਪੰਜਾਬੀ ਉਚਾਰਣ ਦੇ। ਦਰਸ਼ਨ ਸਿੰਘ ਨਹੀਂ ਸੀ ਜਾਣਦਾ ਕਿ ਉਸ ਵਿਚ ਬਲਾਚੌਰੀ ਪੁੱਠ ਸ੍ਰੀਮਤੀ ਹਮਦਰਦ ਦੀ ਸੀ। ਮੈਂ ਇਹ ਪੁੱਠ ਦੇਸ਼ ਵੰਡ ਸਮੇਂ ਪਿੰਡ ਮੱਤੋਂ ਤੋਂ ਉਠ ਕੇ ਪਾਕਿਸਤਾਨ ਗਏ ਐਡਵੋਕੇਟ ਸੱਈਦ ਤਾਰਿਕ ਦੇ ਪਰਿਵਾਰਕ ਮੈਂਬਰਾਂ ਦੇ ਬੋਲਾਂ ਵਿਚ ਲਾਹੌਰ ‘ਚ ਮਾਣ ਕੇ ਆਇਆ ਹਾਂ।
ਪਿੰਡ ਮੱਤੋਂ ਬਲਾਚੌਰ-ਨਵਾਂ ਸ਼ਹਿਰ ਮਾਰਗ ‘ਤੇ ਪੈਂਦਾ ਹੈ। ਦੁਆਬੀ ਉਚਾਰਣ ਜਿੰਦਾਬਾਦ!
ਅੰਤਿਕਾ: ਲੋਕ ਨਾਥ
ਬਿਰਖ ਆਖੇ ਬੰਦਿਆ ਲੱਭ ਆਪਣੀ ਔਕਾਤ
ਕਿੱਥੇ ਫਿਰਦਾ ਭਟਕਦਾ, ਜੀਵਣ ਦੀ ਸਿੱਖ ਜਾਚ।
ਨਦੀ ਆਖਦੀ ਬੰਦਿਆ ਦੇਖ ਆਪਣੀ ਤਕਦੀਰ
ਰੇਗਿਸਤਾਨ ਨੂੰ ਲੰਘ ਆ, ਪਿਆਸ ਬੁਝਾਵੇ ਨੀਰ।
ਰਸਤਾ ਆਖੇ ਬੰਦਿਆ ਪਿੱਛੇ ਵੱਲ ਨਾ ਵੇਖ
ਸੱਚ ਸਿਦਕ ਦੀ ਆਸ ਕਰ, ਜਿੱਤਣਗੇ ਤੇਰੇ ਲੇਖ।