ਕੰਵਲ ਦਾ ਸ਼ਾਹਕਾਰ ਨਾਵਲ ਪੂਰਨਮਾਸ਼ੀ

ਪ੍ਰਿੰ. ਸਰਵਣ ਸਿੰਘ ਦੀ ਪੁਸਤਕ ‘ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ’ ਦਾ ਇਕ ਕਾਂਡ

ਜਸਵੰਤ ਸਿੰਘ ‘ਕੰਵਲ’ ਦੀ ਵਧੇਰੇ ਪ੍ਰਸਿੱਧੀ ‘ਪੂਰਨਮਾਸ਼ੀ’ ਨਾਵਲ ਪ੍ਰਕਾਸ਼ਿਤ ਹੋਣ ਨਾਲ ਹੋਈ ਸੀ। ਇਹ ਨਾਵਲ ਪਹਿਲੀ ਵਾਰ 1949 ਵਿਚ ਲਾਹੌਰ ਬੁੱਕ ਸ਼ਾਪ, ਲੁਧਿਆਣਾ ਨੇ ਛਾਪਿਆ ਸੀ। ਨਾਵਲ ਪਿੰਡਾਂ ਦੀਆਂ ਸੱਥਾਂ, ਖੁੰਢਾਂ, ਖੂਹਾਂ ਅਤੇ ਹੱਟੀਆਂ ਭੱਠੀਆਂ ‘ਤੇ ਵਾਰਸ ਦੀ ਹੀਰ ਵਾਂਗ ਪੜ੍ਹਿਆ ਤੇ ਸੁਣਿਆ ਗਿਆ। ਇਸ ਦਾ ਮੁੱਖ ਬੰਦ ਉਸ ਸਮੇਂ ਦੇ ਧਨੰਤਰ ਆਲੋਚਕ ਸੰਤ ਸਿੰਘ ਸੇਖੋਂ ਨੇ ਲਿਖਿਆ ਸੀ। ਕੰਵਲ ਨੇ ਪਹਿਲੇ ਪੰਨੇ ‘ਤੇ ਸਮਰਪਣ ਵਜੋਂ ਇਹ ਲਫਜ਼ ਲਿਖੇ ਸਨ:

“ਧੰਨਵਾਦ
ਹਾਲੀਆਂ ਪਾਲੀਆਂ ਦਾ, ਜਿਨ੍ਹਾਂ ਦੇ ਲੋਕ ਗੀਤਾਂ ਦੀਆਂ ਲਿਰਿਕਾਂ ਨੇ ਖੁੱਲ੍ਹੇ ਖੇਤਾਂ ਵਿਚੋਂ ਮੈਨੂੰ ਆਪਣੇ ਰਸ ਵੱਲ ਖਿੱਚਿਆ। ਉਨ੍ਹਾਂ ਪੇਂਡੂ ਕੁੜੀਆਂ ਦਾ, ਜਿਨ੍ਹਾਂ ਚਿੱਠੀਆਂ ਰਾਹੀਂ ਲੋਕ ਗੀਤ ਮੈਨੂੰ ਘੱਲੇ। ਆਪਣੇ ਛੋਟੇ ਵੀਰ ਹਰਬੰਸ ਦਾ, ਜਿਸ ਘਰ ਦੇ ਕੰਮਾਂ ਵਿਚ ਨਹੀਂ ਰੁੱਝਣ ਦਿੱਤਾ। ਸਾਹਿਤਕਾਰ ਸਾਥੀਆਂ ਦਾ, ਜਿਨ੍ਹਾਂ ਚੰਗੀਆਂ ਸਲਾਹਾਂ ਦਿੱਤੀਆਂ, ਖਾਸ ਕਰ ਪ੍ਰੋ. ਸੰਤ ਸਿੰਘ ਸੇਖੋਂ ਜੀ ਦਾ ਜਿਨ੍ਹਾਂ ਕੀਮਤੀ ਸਮਾਂ ਕੱਢ ਕੇ ਮੁੱਖ-ਬੰਧ ਲਿਖਣ ਦੀ ਖੇਚਲ ਕੀਤੀ।”
ਉਦੋਂ ਪੰਜਾਬੀ ਆਲੋਚਨਾ ਵਿਚ ਸੰਤ ਸਿੰਘ ਸੇਖੋਂ ਦਾ ਨਾਂ ਚਲਦਾ ਸੀ। ਉਹ ਅੰਗਰੇਜ਼ੀ ਸਾਹਿਤ ਦਾ ਧੁਨੰਤਰ ਵਿਦਵਾਨ ਸੀ। ਉਹ ਗੂੜ੍ਹ ਗਿਆਨੀਆਂ ਵਾਲੀ ਭਾਸ਼ਾ ਵਿਚ ਆਲੋਚਨਾ ਕਰਿਆ ਕਰਦਾ ਸੀ, ਜੋ ਆਮ ਪਾਠਕਾਂ ਦੀ ਸਮਝ ਤੋਂ ਬਾਹਰ ਸੀ। ਉਸ ਦੇ ‘ਮੁੱਖ-ਸ਼ਬਦ’ ਸਨ, “…ਨਾਵਲ ‘ਪਾਲੀ’ ਨੂੰ ਸਾਰਥਕ ਕਰਨ ਵਾਲਾ ਵੀ ਜਿਥੋਂ ਤਕ ਸੀ, ਮਾਲਵੇ ਦਾ ਪੇਂਡੂ ਜੀਵਨ ਹੀ ਸੀ; ‘ਪੂਰਨਮਾਸ਼ੀ’ ਤਾਂ ਉਸ ਜੀਵਨ ਦੀ ਹੀ ਨਵੇਂ ਸਿਰੇ ਤੋਂ ਦ੍ਰਿਸ਼ਟੀ ਹੈ। ਭਾਵੇਂ ਨਾਉਂ ਉਸ ਦਾ ਵੀ ਇਕ ਪਾਤਰ ਤੇ ਉਹ ਵੀ ਬਹੁਤ ਛੋਟੇ ਪਾਤਰ ‘ਤੇ ਰੱਖਿਆ ਗਿਆ ਹੈ। ਇਹ ਕਿਸੇ ਇਕ ਇਸਤਰੀ ਦੇ ਦੁੱਖਾਂ ਦਾ ਪਿਆਰਾਂ-ਭਰਿਆ ਜੀਵਨ ਹੀ ਨਹੀਂ, ਇਹ ਮਾਲਵੇ ਦੇ ਪਿੰਡਾਂ ਦਾ ਤੇ ਮਾਲਵੇ ਦੇ ਪਿੰਡਾਂ ਤੋਂ ਵੱਖਰਾ ਪੇਂਡੂ ਜੀਵਨ ਮਾਝੇ, ਬਾਰ, ਪੋਠੋਹਾਰ ਵਿਚ ਤਾਂ ਕੀ, ਯੂਰਪ ਵਿਚ ਵੀ ਹੋ ਸਕਦਾ ਜੀਵਨ ਹੈ। ਫੇਰ ਭਾਵੇਂ ਇਹ ਦੋ ਤਿੰਨ ਪਿੰਡਾਂ ਦੀ ਹੀ ਕਹਾਣੀ ਹੈ, ਇਹ ਡਿਕਨਜ਼ ਦੇ ਨਾਵਲ ‘ਦੋ ਸ਼ਹਿਰਾਂ ਦੀ ਕਹਾਣੀ’ ਵਾਂਗ ਕਿਸੇ ਮਹਾਨ ਘਟਨਾ ਦਾ ਇਕ ਨਿਗੂਣਾ ਜਿਹਾ ਪੱਖ ਦਰਸਾ ਕੇ ਨਹੀਂ ਰਹਿ ਜਾਂਦੀ ਸਗੋਂ ਇਨ੍ਹਾਂ ਤਿੰਨ ਪਿੰਡਾਂ ਵਿਚ ਇਕ ਦੁਨੀਆਂ ਬੰਦ ਕੀਤੀ ਪਈ ਹੈ।
ਜਟਕੇ ਜੀਵਨ ਦਾ ਇਹ ਯਥਾਰਥਵਾਦੀ ਚਿੱਤਰ ਜ਼ਰੂਰ ਹੈ, ਪਰ ਇਸ ਤੋਂ ਵਧ ਕੇ ਇਹ ਹੋਰ ਵੀ ਬਹੁਤ ਕੁਝ ਹੈ। ਇਹ ਇਸ ਜੀਵਨ ਦੀ ਸੁਘੜ ਆਤਮਾ ਦਾ ਪ੍ਰਕਾਸ਼ ਹੈ। ਰੂਪ, ਇਸ ਦਾ ਨਾਇਕ ਕੋਈ ਦੇਵਤਾ ਨਹੀਂ। ਉਹ ਇਕ ਵਿਆਹ ਕਰਵਾ ਕੇ ਛੱਡ ਦਿੰਦਾ ਹੈ, ਜਿਸ ਕਰਕੇ ਨਾਵਲ ਦੇ ਅਰੰਭ ਵਿਚ ਉਹ ਇਕ ਘ੍ਰਿਣਤ ਜੀਵ ਹੈ, ਪਰ ਜਿਥੇ ਉਸ ਦਾ ਇਹ ਔਗੁਣ ਸਮਾਜ ਵੱਲ ਇਕ ਮੂੜ੍ਹ ਮੱਤ ਦੀ ਵੰਗਾਰ ਦਾ ਸਿੱਟਾ ਹੈ, ਉਥੇ ਉਸ ਦਾ ਚੰਨੋ ਦੇ ਪਿਆਰ ਤੇ ਗਿਆਨੀ ਦੀ ਮਿੱਤਰਤਾ ਦੇ ਪ੍ਰਭਾਵ ਗ੍ਰਹਿਣ ਕਰਨਾ, ਉਸ ਦੀ ਮਨੁੱਖ ਸੁਹਿਰਦਤਾ ਦਾ ਪਰਮਾਣ ਹੈ। ਇਸ ਤੋਂ ਆਸ ਉਪਜਦੀ ਹੈ ਕਿ ਸਮਾਜ ਦੀਆਂ ਹਜ਼ਾਰਾਂ ਸਾਲਾਂ ਦੀਆਂ ਟੇਢੀਆਂ ਚਾਲਾਂ ਵੀ ਮਨੁੱਖ ਦੀ ਸੱਚੇ ਜੀਵਨ ਦੀ ਪ੍ਰਾਪਤੀ ਦੀ ਸੰਭਾਵਨਾ ਨੂੰ ਖਤਮ ਨਹੀਂ ਕਰ ਸਕੀਆਂ। ਰੂਪ, ਮਨੁੱਖਾ ਜੀਵਨ ਦੀ ਇਕ ਆਸ਼ਾਵਾਦੀ ਦ੍ਰਿਸ਼ਟੀ ਦਾ ਪ੍ਰਕਾਸ਼ ਹੈ।
ਸ਼ਾਮੋ ਮੈਲੀ ਹੋਣ ‘ਤੇ ਵੀ ਹੀਰੇ ਦੀ ਕਣੀ ਹੈ। ਉਸ ਦੀ ਮੈਲ ਦਾ ਇਕ ਅਤਿ ਸਵੱਛ ਬਸਤਰ ਦੀ ਤਣੀ ਤੋਂ ਅਚਾਨਕ ਭੁੰਜੇ ਡਿੱਗ ਜਾਣ ਨਾਲ ਲੱਗੇ ਦਾਗ ਹਨ, ਜੋ ਇਸ ਦੀ ਸਵੱਛਤਾ ਨੂੰ ਨਸ਼ਟ ਨਹੀਂ ਕਰ ਸਕਦੇ। ਅਸੀਂ ਆਪਣੀ ਧੀ-ਭੈਣ ਨੂੰ ਇਸ ਦਾਗ ਤੋਂ ਬਚਾਈ ਰੱਖਣਾ ਚਾਹੁੰਦੇ ਹਾਂ, ਪਰ ਜਿਹੜੀ ਧੀ-ਭੈਣ ਇਸ ਦਾਗ ਦੇ ਲੱਗ ਜਾਣ ‘ਤੇ ਸ਼ਾਮੋ ਜਿੰਨੀ ਸਵੱਛ ਰਹੇਗੀ, ਉਸ ਨੂੰ ਅਸੀਂ ਤਾਂ ਕੀ, ਸਾਰੇ ਖਿਮਾ ਕਰ ਦੇਣਗੇ, ਤੇ ਖਿਮਾ ਹੀ ਨਹੀਂ, ਉਸ ਨੂੰ ਉਸ ਖੁਸ਼ਹਾਲੀ ਦਾ ਪੂਰਨ-ਭਾਂਤ ਭਾਗੀ ਸਮਝਣਗੇ, ਜੋ ਉਸ ਨੂੰ ਆਪਣੇ ਸਹੁਰੇ ਘਰ ਪ੍ਰਾਪਤ ਹੁੰਦੀ ਹੈ। ਜਦੋਂ ਨਾਵਲ ਦੇ ਅੰਤ ਵਿਚ ਸ਼ਾਮੋ ਅਰ ਉਸ ਦਾ ਪੜ੍ਹਿਆ ਲਿਖਿਆ, ਕੋਟ ਪਤਲੂਨ ਵਾਲਾ ਸਰਦਾਰ, ਦਿਆਲੇ ਅਮਲੀ ਦੇ ਟਾਂਗੇ ‘ਤੇ ਸਵਾਰ ਹੁੰਦੇ ਹਨ ਅਤੇ ਸ਼ਾਮੋ ਦਾ ਸਰਦਾਰ ਦਿਆਲੇ ਨਾਲ ਉਸ ਦੇ ਵਿਆਹ ਦੀ ਗੱਲ ਛੇੜ ਦਿੰਦਾ ਹੈ ਤਾਂ ਭਾਵੇਂ ਦਿਆਲੇ ਦੀਆਂ ਤਨਜ਼ਾਂ ਤੇ ਸ਼ਾਮੋ ਦੀਆਂ ਝੇਪਾਂ ਵਿਚ ਪੜ੍ਹਨ ਵਾਲੇ ਨੂੰ ਪ੍ਰਧਾਨ ਪ੍ਰਭਾਵ ਵਿਅੰਗ ਦਾ ਜਾਪੇ, ਮੈਨੂੰ ਇਸ ਵਿਚ ਸ਼ਾਮੋ ਦੀ ਸਵੱਛਤਾ ਦਾ ਫਲ-ਰੂਪ ਹੀ ਦਿਸਦਾ ਹੈ, ਜਿਵੇਂ ਕੋਈ ਕਹਿ ਰਿਹਾ ਹੋਵੇ ਕਿ ਇਕ-ਅੱਧ ਭੁੱਲ ਜੀਵਨ ਵਿਚ ਕੋਈ ਅਰਥ ਨਹੀਂ ਰੱਖਦੀ, ਜੇ ਤੁਹਾਡਾ ਹਿਰਦਾ ਤੇ ਸਮੁੱਚਾ ਜੀਵਨ ਪੱਧਰਾ ਤੇ ਖਰਾ ਹੈ।
ਪਰ ਚੰਨੋ ਤਾਂ ਅਸਾਡੇ ਜੀਵਨ ਦੀ ਰਾਸ ਹੈ। ਬੜੇ ਸੁਭਾਗ ਦੀ ਗੱਲ ਹੈ ਕਿ ਅਸਾਡੀਆਂ ਇਸਤਰੀਆਂ ਇਸ ਕੁਚੱਜੇ ਸਮਾਜ ਵਿਚ ਵੀ ਚੰਨੋ ਜਿਹੀਆਂ ਸੁੰਦਰ ਹਨ, ਸਰੀਰ ਤੇ ਹਿਰਦੇ-ਦੋਹਾਂ ਪੱਖਾਂ ਤੋਂ। ਤਦੇ ਅਸੀਂ ਹਾਲੀ ਤਕ ਇਕ ਸੱਭਿਆ ਲੋਕ ਤੁਰੇ ਆਉਂਦੇ ਹਾਂ, ਜਿਨ੍ਹਾਂ ਨੂੰ ਹਜ਼ਾਰ ਸਾਲ ਦੀ ਗੁਲਾਮੀ ਨੇ ਵੀ ਮੂਲੋਂ ਸਿਥਲ ਨਹੀਂ ਕਰ ਦਿੱਤਾ।
ਚੰਨੋ ਦਾ ਰੂਪ ਨੂੰ ਚੁਬਾਰੇ ਵਿਚ, ਤੇ ਫਿਰ ਉਹ ਜਦੋਂ ਹੋਰ ਥਾਂ ਮੰਗੀ ਜਾਂਦੀ ਹੈ, ਬਾਹਰ ਖੂਹ ‘ਤੇ ਮਿਲਣਾ, ਜਦੋਂ ਕਿ ਰੂਪ ਉਸ ਨੂੰ ਨਸਾਅ ਲੈਣ ਦੇ ਇਰਾਦੇ ਨਾਲ ਰਾਤ ਨੂੰ ਮਿਲਣ ਆਇਆ ਸੀ, ਉਸ ਦੀ ਸਿਆਣਪ ਦਾ ਸਦਕਾ ਆਪਣੇ ਕਠੋਰ ਇਰਾਦੇ ਤੋਂ ਟਲ ਜਾਂਦਾ ਹੈ, ਆਪਣੇ ਆਪ ਵਿਚ ਕੁਝ ਦੁਰਵਿਸ਼ਵਾਸ ਜਿਹੀਆਂ ਗੱਲਾਂ ਲੱਗਣਗੀਆਂ, ਪਰ ਚੰਨੋ ਨੂੰ ਕਲਾਕਾਰ ਨੇ ਕੁਝ ਅਜਿਹਾ ਘੜਿਆ ਹੈ ਕਿ ਉਸ ਦੀ ਹਾਲਤ ਵਿਚ ਵਿਸ਼ਵਾਸ ਨੂੰ ਕਦੇ ਸੱਟ ਨਹੀਂ ਲੱਗਦੀ। ਚੰਨੋ ਇਕ ਆਦਰਸ਼ਕ ਜੀਵ ਹੈ, ਜਿਸ ਦੇ ਸਹਾਰੇ ਵਾਸਤਵ ਜੀਵਨ ਖੜ੍ਹਾ ਹੈ।
ਚੰਨੋ ਦੇ ਸਹੁਰੇ ਘਰ ਦਾ ਜੀਵਨ ਅਸਾਡੇ ਜਟਕੇ ਜੀਵਨ ਦੀ ਮੂੰਹ-ਬੋਲਦੀ ਤਸਵੀਰ ਹੈ। ਇਸ ਵਿਚ ਅਸਾਡੀ ਗਰੀਬੀ, ਅਸਾਡੀ ਮਜਬੂਰੀ, ਅਸਾਡਾ ਕੁਚੱਜ, ਪਰ ਨਾਲ ਹੀ ਅਸਾਡੀ ਸੁਹਿਰਦਤਾ ਸਾਕਾਰ ਹੁੰਦੀਆਂ ਹਨ। ਚੰਨੋ ਦਾ ਪਤੀ ਧਰਤੀ ਦਾ ਇਕ ਧੌਲ ਹੈ, ਜਿਸ ਦੇ ਆਸਰੇ ਅਸਾਡੀ ਧਰਤੀ ਖੜ੍ਹੀ ਹੈ ਅਤੇ ਉਸ ਦੇ ਜੰਗ ਵਿਚ ਮਰ ਜਾਣ ਨਾਲ ਇਹ ਧਰਤੀ ਡੋਲਦੀ ਦਿਸਦੀ ਹੈ ਤਾਂ ਚੰਨੋ ਆਪ ਹੇਠਾਂ ਸਿਰ ਦੇ ਕੇ ਇਸ ਨੂੰ ਬਚਾਅ ਲੈਂਦੀ ਹੈ।
ਤਕਨੀਕ ਦੇ ਨੁਕਤੇ ਤੋਂ ਭਾਵੇਂ ਗੋਂਦ, ਨਾਵਲ ਜਾਂ ਕਹਾਣੀ ਦਾ ਇਕ ਅਤਿ ਲੋੜੀਂਦਾ ਅੰਗ ਹੈ, ਤਾਂ ਵੀ ਇਸ ਦੀ ਅਸਲ ਵਡਿਆਈ ਪਾਤਰਾਂ ਵਿਚ ਹੁੰਦੀ ਹੈ, ਜਿਸ ਤਰ੍ਹਾਂ ਜੀਵਨ ਵਿਚ ਘਟਨਾ ਦੀ ਭੋਇੰ ਉਤੇ ਮਹਾਂਪੁਰਸ਼ ਤੇ ਯੋਧੇ ਇਸ ਦਾ ਫਲ ਹੁੰਦੇ ਹਨ, ਤੇ ਭੋਇੰ ਦੀ ਵਡਿਆਈ ਦਾ ਨਿਰਭਰ ਫਲ ਤੋਂ ਬਿਨਾ ਹੋਰ ਕਾਸੇ ‘ਤੇ ਹੋ ਸਕਦਾ ਹੈ? ‘ਪੂਰਨਮਾਸ਼ੀ’ ਘਟਨਾ ਅਥਵਾ ਗੋਂਦ ਅਰ ਪਾਤਰਾਂ-ਦੋਹਾਂ ਪੱਖਾਂ ਤੋਂ ਸੁੰਦਰ ਤੇ ਪ੍ਰਭਾਵਸ਼ਾਲੀ ਹੈ, ਪਰ ਜੋ ਤਸਵੀਰ ਚੰਨੋ, ਸ਼ਾਮੋ, ਕਰਮਾ, ਰੂਪ ਤੇ ਦਿਆਲਾ ਬਣਾਉਂਦੇ ਹਨ, ਉਹ ਕਿਸੇ ਚੁਗਾਠ ਵਿਚ ਵੀ ਸੁਹਣੀ ਲੱਗਣੀ ਸੀ। ਅਜਿਹੇ ਪੰਜ ਪਾਤਰ ਹਿੰਦੁਸਤਾਨੀ ਸਾਹਿਤ ਵਿਚ ਕਿਸੇ ਘਟ ਹੀ ਸਿਰਜੇ ਹੋਣਗੇ।
ਚੰਗਾ ਹੁੰਦਾ ਜੇ ਕਰਮੇ ਦੇ ਮਰਨ ਤੋਂ ਬਾਅਦ ਚੰਨੋ ਦਾ ਪਿਛਲਾ ਜੀਵਨ ਜ਼ਰਾ ਵਿਸਥਾਰ ਨਾਲ ਵਰਣਨ ਕੀਤਾ ਜਾਂਦਾ ਤੇ ਨਾਵਲ ਦਾ ਪਿਛਲਾ ਹਿੱਸਾ ਹੋਰ ਲੰਮਾ ਕਰ ਦਿੱਤਾ ਜਾਂਦਾ। ਫਿਰ ਦੋ ਪੁਸ਼ਤਾਂ ਦਾ ਉਹ ਫਰਕ, ਜੋ ਰੂਪ ਤੇ ਪੂਰਨ ਦੇ ਵਿਆਹ ਵੇਲੇ ਉਨ੍ਹਾਂ ਦੀ ਸੇਵਾ ਕਰਦਿਆਂ ਦਿਖਾਇਆ ਗਿਆ, ਹੋਰ ਸਪੱਸ਼ਟ ਭਾਂਤ ਦਿਖਾਇਆ ਜਾਂਦਾ।
ਜਸਵੰਤ ਸਿੰਘ ਪੰਜਾਬੀ ਵਿਚ ਨਾਨਕ ਸਿੰਘ ਦਾ ਵਾਰਸ ਹੈ। ਇਹ ਪੰਜਾਬੀ ਨਾਵਲ ਦੇ ਖੇਤਰ ਨੂੰ ਹੋਰ ਚੌੜਾ ਕਰ ਰਿਹਾ ਹੈ ਤੇ ਮੈਨੂੰ ਆਸ ਹੈ ਕਿ ਕੁਝ ਸਾਲਾਂ ਤਕ ਪੰਜਾਬੀ ਨਾਵਲ, ਅਜਿਹੇ ਲੇਖਕਾਂ ਸਦਕਾ, ਯੂਰਪੀਨ ਨਾਵਲ ਦੀਆਂ ਉਚਾਈਆਂ ਨੂੰ ਛੁਹਣ ਲੱਗ ਜਾਣਗੇ।”

ਬਾਈ ਕੰਵਲ ਨਾਲ ਮੇਰੀ ਪਹਿਲੀ ਮਿਲਣੀ ਨਾਵਲ ‘ਪੂਰਨਮਾਸ਼ੀ’ ਪੜ੍ਹਨ ਨਾਲ ਹੀ ਹੋਈ ਸੀ। ਉਸ ਨੂੰ ਮਿਲਣ ਤੋਂ ਪਹਿਲਾਂ ਮੈਂ ਉਹਦੇ ਪਾਤਰਾਂ ਨੂੰ ਮਿਲਿਆ ਸਾਂ। ਰੂਪ ਨੂੰ ਮਿਲਿਆ, ਚੰਨੋ ਨੂੰ ਮਿਲਿਆ, ਸ਼ਾਮੋ, ਬਚਨੋ, ਪ੍ਰਸਿੰਨੀ, ਸੰਤੀ, ਜਗੀਰ, ਜਿਓਣੇ ਤੇ ਦਿਆਲੇ ਅਮਲੀ ਨੂੰ ਮਿਲਿਆ। ਉਹਦੇ ਨਾਵਲ ਵਿਚਲੇ ‘ਨਵੇਂ ਪਿੰਡ’ ਉਰਫ ਢੁੱਡੀਕੇ ਦੀ ਉਸ ਜਗ੍ਹਾ ਨੂੰ ਨਿਹਾਰਿਆ, ਜਿਥੇ ਖੂਹ ਵਗਦਾ ਸੀ। ਬਚਨੋ ਉਥੇ ਗੋਹੇ ਵਾਲਾ ਬੱਠਲ ਧੋਣ ਆਈ ਸੀ। ਇਹ ਮੂੰਹ ‘ਨੇਰ੍ਹੇ ਰੂਪ ਨੂੰ ਮਿਲਣ ਦਾ ਬਹਾਨਾ ਸੀ। ਖੁਸ਼ਵੰਤ ਸਿੰਘ ਨੇ ਉਸ ਵਗਦੇ ਖੂਹ ਦੇ ਸਮੁੱਚੇ ਦ੍ਰਿਸ਼ ਨੂੰ ਅੰਗਰੇਜ਼ੀ ਦੇ ਮੈਗਜ਼ੀਨ ‘ਇਲੱਸਟ੍ਰੇਟਿਟ ਵੀਕਲੀ’ ਵਿਚ ਵਡਿਆਇਆ ਸੀ। ਜਿਥੇ ਖੂਹ ਹੁੰਦਾ ਸੀ, ਖੇਤ ਹੁੰਦੇ ਸਨ, ਸਿਰ ਚੁੱਕਦੀ ਚਾਰ-ਚਾਰ ਉਂਗਲਾਂ ਸੇਂਜੀ ਲੱਗ ਰਹੇ ਖੂਹ ਦੇ ਪਾਣੀ ਵਿਚ ਡੁੱਬ ਰਹੀ ਸੀ ਅਤੇ ਬਚਨੋ ਰੂਪ ਨੂੰ ਚੋਰੀ ਚੋਰੀ ਮਿਲੀ ਸੀ, ਉਥੇ ਹੁਣ ਕੰਵਲ ਦਾ ਘਰ ਹੈ। ਉਹ ਖੂਹ ਭਾਵੇਂ ਬੇਆਬਾਦ ਹੋ ਗਿਐ, ਪਰ ਪੂਰਨਮਾਸ਼ੀ ਵਿਚ ਆਬਾਦ ਹੈ।
ਉਸੇ ਖੂਹ ਦੀ ਮੌਣ ਉਤੇ ਬਲਰਾਜ ਸਾਹਨੀ ਬੈਠਿਆ, ਕੰਵਲ ਬੈਠਿਆ ਤੇ ਮੈਂ ਵੀ ਬੈਠਾ। ਆਉਂਦੇ-ਜਾਂਦੇ ਬਥੇਰੇ ਕਵੀ ਤੇ ਕਲਾਕਾਰ ਬੈਠੇ। ਉਹਦੀ ਨਿਸ਼ਾਨੀ ਅਜੇ ਵੀ ਕਾਇਮ ਹੈ। ਕਦੇ ਉਹ ਖੂਹ ਪਿੰਡੋਂ ਬਾਹਰਵਾਰ ਸੀ। ਹੁਣ ਪਿੰਡ ਏਨਾ ਫੈਲ ਗਿਆ ਹੈ ਕਿ ਉਹੀ ਖੂਹ ਪਿੰਡ ਦੇ ਕਾਫੀ ਅੰਦਰਵਾਰ ਆ ਗਿਆ ਹੈ।
ਪੂਰਨਮਾਸ਼ੀ ਲੋਕ ਗੀਤਾਂ ਨਾਲ ਭਰੀ ਪਈ ਸੀ। ਹਰ ਕਾਂਡ ਦੇ ਅੱਗੇ ਪਿੱਛੇ ਇਕ ਟੱਪਾ ਸੀ:
ਜੱਟਾ ਤੇਰੀ ਜੂਨ ਬੁਰੀ,
ਹਲ ਛੱਡ ਕੇ ਚਰ੍ਹੀ ਨੂੰ ਜਾਣਾ।

ਸੁਣ ਵੇ ਮੁੰਡਿਆ ਫੁੱਲ ਵਾਲਿਆ!
ਫੁੱਲ ਤੇਰਾ ਲਾਹ ਲਾਂਗੇ,
ਜੁੱਤੀ ਮਾਰ ਕੇ ਮਲਾਹਜਾ ਪਾ ਲਾਂਗੇ।

ਲੈ ਪੋਣਾ ਕੁੜੀ ਸਾਗ ਨੂੰ ਚੱਲੀ,
ਖੜ੍ਹੀ ਉਡੀਕੇ ਸਾਥਣ ਨੂੰ,
ਕੱਚੀ ਕੈਲ ਮਰੋੜੇ ਦਾਤਣ ਨੂੰ।

ਮੇਰੇ ਭਾ ਦਾ ਦੁੱਧ ਮੁਸ਼ਕੇ,
ਤੇਰਾ ਰੰਗ ਮੁਸ਼ਕੇ ਮੁਟਿਆਰੇ।

ਬੋਦੀ ਵਾਲਾ ਤਾਰਾ ਚੜ੍ਹਿਆ,
ਘਰ ਘਰ ਹੋਣ ਵਿਚਾਰਾਂ।
ਕੁਸ ਲੁਟ ਲੀ ਮੈਂ ਪਿੰਡ ਦਿਆਂ ਪੈਂਚਾਂ,
ਕੁਸ ਲੱਟ ਲੀ ਸਰਕਾਰਾਂ।
ਗਹਿਣੇ ਸਾਰੇ ਘਰ ਦਿਆਂ ਲਾਹ ਲਏ,
ਜੋਬਨ ਲੈ ਲਿਆ ਯਾਰਾਂ।
ਭੇਡਾਂ ਚਾਰਦੀਆਂ,
ਬੇਕਦਰਿਆਂ ਦੀਆਂ ਨਾਰਾਂ…।

ਕੀ ਘੋਲ ਤਵੀਤ ਪਿਆਏ,
ਲੱਗੀ ਤੇਰੇ ਮਗਰ ਫਿਰਾਂ।

ਜਾਵੀਂ ਮੇਲੇ ‘ਤੇ ਲਿਆ ਦੀਂ ਪਹੁੰਚੀ,
ਲੈ ਜਾ ਮੇਰਾ ਗੁੱਟ ਮਿਣ ਕੇ।

ਨਾਂ ਲਿਖ ਲਿਆ ਚੰਦ ਕੁਰੇ ਤੇਰਾ,
ਕੋਕੇ ਵਾਲੀ ਡਾਂਗ ਦੇ ਉਤੇ।

ਜੱਟ ਸ਼ਾਹ ਨੂੰ ਖੰਘੂਰੇ ਮਾਰੇ,
ਕਣਕਾਂ ਨਿਸਰਦੀਆਂ।

ਹੁੰਦੀ ਆ ਪਟੋਲਿਆ ਤਿਆਰੀ,
ਕੱਤਣੀ ਨੂੰ ਫੁੱਲ ਲਗਦੇ।

ਤੈਨੂੰ ਵੇਖਿਆਂ ਸਬਰ ਨਾ ਆਵੇ,
ਯਾਰਾ ਤੇਰਾ ਘੁੱਟ ਭਰ ਲਾਂ…।
ਮੈਂ ਪੂਰਨਮਾਸ਼ੀ ਕਾਹਦੀ ਪੜ੍ਹੀ, ਇੰਜ ਲੱਗਾ ਜਿਵੇਂ ਕੰਵਲ ਘਰ ਦਾ ਬੰਦਾ ਹੋਵੇ। ਲੱਗਾ ਜਿਵੇਂ ਉਹ ਮੇਰਾ ਚਾਚਾ, ਤਾਇਆ ਹੀ ਹੋਵੇ। ਫਿਰ ਮੈਂ ਉਸ ਨੂੰ ਏਨਾ ਮਿਲਿਆ, ਏਨਾ ਮਿਲਿਆ ਕਿ ਹੁਣ ਤਕ ਮਿਲਦਾ ਹੀ ਆ ਰਿਹਾਂ। ਪੌਣੀ ਸਦੀ ਲੰਘ ਗਈ ਉਸ ਨੂੰ ਲਿਖਦਿਆਂ ਅਤੇ ਉਹ ਅਜੇ ਵੀ ਲਿਖੀ ਜਾ ਰਿਹੈ। ਉਹਦੀ ਰਚਨਾਤਮਕਤਾ ਦਾ ਕੋਈ ਹੱਦ ਬੰਨਾ ਨਹੀਂ। ਉਹ ਸਿਰਜਣਾ ਦਾ ਭਰ ਵਗਦਾ ਦਰਿਆ ਹੈ। ਪਹਿਲੀ ਮੁਲਾਕਾਤ ਵੇਲੇ ਉਹ ਚਾਲੀ ਕੁ ਸਾਲਾਂ ਦਾ ਸੀ, ਹੁਣ ਸੌ ਸਾਲਾਂ ਦਾ ਹੋ ਗਿਐ। ਉਸ ਨੇ ਲੱਖ ਤੋਂ ਵੱਧ ਸੰਵਾਦ ਤੇ ਪੰਜਾਹ ਲੱਖ ਤੋਂ ਵੱਧ ਲਫਜ਼ ਲਿਖ ਛੱਡੇ ਨੇ! ਉਹਦੀ ਲਿਖਣ ਦੀ ਮੈਰਾਥਨ ਅਜੇ ਵੀ ਜਾਰੀ ਹੈ। ਕਈ ਸਾਲਾਂ ਤੋਂ ਉਸ ਨੇ ਕਈ ਵਾਰ ਕਿਹਾ ਹੈ ਕਿ ਆਹ ਉਹਦੀ ਆਖਰੀ ਕਿਤਾਬ ਹੈ, ਪਰ ਲੱਗਦੈ ਉਹ ਤਦ ਤਕ ਲਿਖਦਾ ਰਹੇਗਾ ਜਦ ਤਕ ਸਿੜ੍ਹੀ ‘ਤੇ ਨਹੀਂ ਪੈਂਦਾ!
ਕੰਵਲ ਨੂੰ ਮੈਂ ਪਹਿਲੀ ਵਾਰ 1958-59 ਵਿਚ ਵੇਖਿਆ ਸੀ। ਉਦੋਂ ਮੈਂ ਐਮ. ਆਰ. ਕਾਲਜ ਫਾਜ਼ਿਲਕਾ ਵਿਚ ਪੜ੍ਹਦਾ ਸਾਂ ਅਤੇ ਕਾਲਜ ਦੀ ਪੰਜਾਬੀ ਸਾਹਿਤ ਸਭਾ ਦਾ ਸਰਗਰਮ ਮੈਂਬਰ ਸਾਂ। ਸਾਹਿਤ ਸਭਾ ਨੇ ਕਾਲਜ ਵਿਚ ਕਵੀ ਦਰਬਾਰ ਕਰਵਾਇਆ, ਜਿਸ ਦੀ ਪ੍ਰਧਾਨਗੀ ਲਈ ਜਸਵੰਤ ਸਿੰਘ ਕੰਵਲ ਨੂੰ ਸੱਦਿਆ। ਕਵੀ ਦਰਬਾਰ ਵਿਚ ਗੁਰਚਰਨ ਰਾਮਪੁਰੀ, ਸੁਰਜੀਤ ਰਾਮਪੁਰੀ, ਸੰਤੋਖ ਸਿੰਘ ਧੀਰ, ਕ੍ਰਿਸ਼ਨ ਅਸ਼ਾਂਤ, ਸੁਰਜੀਤ ਮਰਜਾਰਾ, ਗੁਰਦਾਸ ਰਾਮ ਆਲਮ, ਸ਼ਿਵ ਕੁਮਾਰ ਬਟਾਲਵੀ ਤੇ ਹੋਰ ਕਈ ਕਵੀ ਆਏ। ਡਾ. ਜਗਤਾਰ ਉਦੋਂ ਜਗਤਾਰ ਪਪੀਹਾ ਹੁੰਦਾ ਸੀ। ਮੈਂ ਸਭਾ ਦੇ ਪ੍ਰਧਾਨ ਹਰਚਰਨ ਮੌੜ ਨਾਲ ਮਿਲ ਕੇ ਘੱਲ ਕਲਾਂ ਵਾਲੇ ਕਿੱਸਾਕਾਰ ਬੀਰਬਲ ਦੀ ਹਾਸਰਸੀ ਕਵੀਸ਼ਰੀ ‘ਭਾਨੀਮਾਰਾਂ ਦੀ ਕਰਤੂਤ’ ਵੀ ਸੁਣਾਈ ਸੀ:
ਇਕ ਪਿੰਡ ਜਾ ਕੇ ਨਾਈ,
ਲੱਗਾ ਕਰਨ ਸਗਾਈ,
ਕਿਸੇ ਪੁੱਛ ਬੈਠਾ ਭਾਈ,
ਕਿਹਾ ਕੁ ਗੁਜ਼ਾਰਾ ਐ,
ਹਾਲ ਮੈਨੂੰ ਉਨ੍ਹਾਂ ਦਾ ਸੁਣਾ ਦੇ ਸਾਰਾ ਐ…।

ਵਿਚ ਸਭ ਕੁਝ ਘਰ ਦੇ,
ਸਾਕ ਜਲਦੀ ਤੂੰ ਕਰਦੇ,
ਊਂ ਤਾਂ ਚੂਹੇ ਭੁੱਖੇ ਮਰਦੇ,
ਹੈ ਨੀ ਆਟਾ ਕੋਟਾ ਐ,
ਊਂ ਤਾਂ ਕੰਮ ਮੁੰਡੇ ਦਾ ਬਹੁਤ ਮੋਟਾ ਐ…।

ਇਕ ਹੋਰ ਗੱਲ ਕੈਨੂੰ,
ਸਾਰਾ ਪਤਾ ਹੋਣਾ ਤੈਨੂੰ,
ਕਿੰਨੇ ਭਾਈ ਦੱਸ ਮੈਨੂੰ,
ਕਿਥੇ ਕਿਥੇ ਵਿਹਾਏ ਐ,
ਕਿਥੋਂ ਕਿਥੋਂ ਸਾਕ ਤਾਂ ਉਨ੍ਹਾਂ ਨੂੰ ਆਏ ਐ…।

ਪੰਜ ਭਾਈ ਪੰਜੇ ਛੜੇ,
ਚਾਰ ਜੇਲ੍ਹ ਰਹਿੰਦੇ ਅੜੇ,
ਊਂ ਐ ਚਾਰੇ ਇਹਤੋਂ ਬੜੇ,
ਇਹ ਚੌਂਹਾਂ ਤੋਂ ਛੋਟਾ ਐ,
ਊਂ ਤਾਂ ਕੰਮ ਮੁੰਡੇ ਦਾ ਬਹੁਤ ਮੋਟਾ ਐ…।
ਉਦੋਂ ਸ਼ਿਵ ਕੁਮਾਰ ਬਟਾਲਵੀ ਨਵਾਂ ਨਵਾਂ ਕਵੀ ਦਰਬਾਰਾਂ ‘ਚ ਜਾਣ ਲੱਗਾ ਸੀ। ਜਿਥੇ ਜਾਂਦਾ ਸੀ, ਮੇਲਾ ਲੁੱਟ ਲੈਂਦਾ ਸੀ। ਉਸ ਨੇ ‘ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾਂ’ ਨਾਂ ਦੀ ਨਜ਼ਮ ਸੁਣਾਈ ਸੀ। ਗੀਤ ‘ਪੀੜਾਂ ਦਾ ਪਰਾਗਾ’ ਵੀ ਸੁਣਾਇਆ ਸੀ। ਉਹ ਕੰਨ ‘ਤੇ ਹੱਥ ਰੱਖ ਕੇ ਅੱਖਾਂ ਮੀਚ ਕੇ ਗਾਉਂਦਾ ਸੀ।
ਕੰਵਲ ਨੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਕਿਹਾ ਸੀ, “ਅਜੇ ਤਕ ਮੈਂ ਦੋ ਚਾਰ ਕਿਤਾਬੜੀਆਂ ਈ ਲਿਖੀਆਂ, ਕੋਈ ਮਾਅਰਕਾ ਨਹੀਂ ਮਾਰਿਆ। ਮੈਨੂੰ ਤਾਂ ਤੁਸੀਂ ਐਵੇਂ ਈ ਵਡਿਆਈ ਜਾਨੇ ਓਂ।”
ਮੈਂ ਉਹਦੇ ਹੱਥ ‘ਸੋਵੀਅਤ ਦੇਸ’ ਨਾਂ ਦਾ ਪਰਚਾ ਵੇਖਿਆ ਸੀ। ਉਹਦੀ ਦਾੜ੍ਹੀ ਕਾਲੀ ਸ਼ਾਹ ਤੇ ਖੁੱਲ੍ਹੀ ਸੀ ਅਤੇ ਜੁੱਸਾ ਪਤਲਾ ਪਤੰਗ। ਠੰਢ ਕਰਕੇ ਸੁਆਟਰ ਪਾਇਆ ਹੋਇਆ ਸੀ ਤੇ ਉਤੇ ਲੋਈ ਲਈ ਹੋਈ ਸੀ। ਰਾਤੀਂ ਕਵੀ ਦਰਬਾਰ ਵੇਲੇ ਪੈਂਟ ਪਾਈ ਸੀ, ਪਰ ਸਵੇਰ ਵੇਲੇ ਤੰਬੀ ਲਾਈ ਹੋਈ ਸੀ।
ਕਾਲਜ ਪੜ੍ਹਦਿਆਂ ਮੈਂ ਕੰਵਲ ਦਾ ਪਾਠਕ ਬਣਿਆ ਸਾਂ। ਤਦ ਤਕ ਨਾਨਕ ਸਿੰਘ ਦੇ ਕਈ ਨਾਵਲ ਪੜ੍ਹ ਚੁਕਾ ਸਾਂ। ਇਕ ਦਿਨ ਕਾਲਜ ਦੀ ਲਾਇਬ੍ਰੇਰੀ ‘ਚੋਂ ਨਾਵਲ ‘ਪੂਰਨਮਾਸ਼ੀ’ ਕਢਵਾ ਕੇ ਜਮਾਤ ‘ਚ ਪਿਛਲੇ ਬੈਂਚ ਉਤੇ ਜਾ ਬੈਠਾ। ਨਾਵਲ ਦੀ ਕਹਾਣੀ ਨੇ ਐਸਾ ਬੰਨ੍ਹਿਆ ਕਿ ਪਤਾ ਈ ਨਾ ਲੱਗਾ ਪ੍ਰੋਫੈਸਰ ਕੀ ਪੜ੍ਹਾਉਂਦੇ ਗਏ ਤੇ ਪੀਰੀਅਡ ਕਦੋਂ ਬਦਲਦੇ ਗਏ। ਮੈਂ ਨਾਵਲ ਵਿਚਲੇ ਨਵੇਂ ਪਿੰਡ ਦੇ ਖੂਹ ਤੇ ਖੇਤਾਂ, ਦਾਤੇ ਦੇ ਰਾਹ, ਕਪੂਰਿਆਂ ਦੀਆਂ ਕੁੜੀਆਂ, ਸੈਦ ਕਬੀਰ ਦੇ ਮੇਲੇ, ਰੂਪ ਦੇ ਦਲਾਣ, ਤਖਾਣਵੱਧ ਦੇ ਖੇਤ, ਢੁੱਡੀਕੇ ਤੇ ਅਜੀਤਵਾਲ ਵਿਚਕਾਰ ਵਗਦੇ ਸੂਏ ਦੀ ਪਟੜੀ, ਮੱਦੋਕੇ ਦੇ ਦੀਵਾਨ, ਬੁੱਟਰ ਦੇ ਛੱਪੜ ਤੇ ਟਾਂਗੇ ਵਾਲੇ ਅਮਲੀ ਦੇ ਅੰਗ ਸੰਗ ਵਿਚਰ ਰਿਹਾ ਸਾਂ। ਉਥੇ ਚੰਨੋ ਸੀ, ਸ਼ਾਮੋ ਸੀ, ਰੂਪ ਸੀ, ਦਿਆਲਾ ਸੀ, ਜਗੀਰ ਸੀ, ਜੈਲੋ ਤੇ ਕਾਕਾ ਸੀ, ਉਥੇ ਮੇਲੇ ਵਿਚ ਸਾਰੰਗੀ ਵਜਾਉਣ ਵਾਲੇ ਗਮੰਤਰੀ ਸਨ ਤੇ ਗਿਆਨੀ ਬਣਿਆ ਕੰਵਲ ਆਪ ਸੀ।
ਪੂਰਨਮਾਸ਼ੀ ਵਿਚਲਾ ‘ਨਵਾਂ ਪਿੰਡ’ ਅਸਲ ਵਿਚ ਢੁੱਡੀਕੇ ਹੀ ਹੈ। ਨਾਵਲ ਦੇ ਸ਼ੁਰੂ ਵਿਚ ਜਿਸ ਵਗਦੇ ਖੂਹ ਦਾ ਨਜ਼ਾਰਾ ਹੈ, ਉਹ ਸਾਰਾ ਦ੍ਰਿਸ਼ ਹੁਣ ਪਿੰਡ ‘ਚੋਂ ਅਲੋਪ ਹੋ ਚੁਕਾ ਹੈ। ਕੰਵਲ ਦੀ ਖੇਤ ਵਿਚਲੀ ਉਹ ਕੋਠੜੀ ਵੀ ਨਹੀਂ ਰਹੀ, ਜਿਥੇ 1960ਵਿਆਂ ਵਿਚ ਬਲਰਾਜ ਸਾਹਨੀ ਪੜ੍ਹਦਾ, ਲਿਖਦਾ ਤੇ ਗੰਨੇ ਚੂਪਦਾ ਹੁੰਦਾ ਸੀ। ਕਦੇ ਕਦੇ ਉਹ ਧੂਣੀਆਂ ਸੇਕਣ ਤੁਰ ਪੈਂਦਾ। ਸੀਮੈਂਟ ਦਾ ਉਹ ਲਾਲ ਬੈਂਚ, ਜਿਸ ਉਤੇ ਬੈਠਿਆਂ ਕੰਵਲ ਨੇ ਮੈਨੂੰ ਦਿੱਲੀ ਤੋਂ ਢੁੱਡੀਕੇ ਕਾਲਜ ਵਿਚ ਆਉਣ ਲਈ ਕਿਹਾ ਸੀ, ਮੈਨੂੰ ਅੱਜ ਵੀ ਯਾਦ ਐ। ਬਲਰਾਜ ਸਾਹਨੀ ਉਹਦੇ ਉਤੇ ਬੈਠ ਕੇ ਚੰਦ ਵੇਖਦਾ ਤੇ ਟਾਹਲੀ ‘ਚੋਂ ਛਣਦੀ ਚਾਨਣੀ ਉਤੇ ਲਟਬੌਰਾ ਹੋ ਜਾਂਦਾ। ਉਸੇ ਬੈਂਚ ਉਤੇ ਬੈਠਿਆਂ ਕੰਵਲ ਨੇ ਮੈਥੋਂ ਇਕਰਾਰ ਲਿਆ ਸੀ ਕਿ ਮੈਂ ਦਿੱਲੀ ਦਾ ਖ਼ਾਲਸਾ ਕਾਲਜ ਛੱਡ ਕੇ ਢੁੱਡੀਕੇ ਪੜ੍ਹਾਉਣ ਲੱਗ ਪਵਾਂਗਾ। ਕੰਵਲ ਤੋਂ ਬਾਅਦ ਪਿੰਡ ਦਾ ਸਰਪੰਚ ਬਣਨ ਵਾਲਾ ਬਲਵੰਤ ਸਿੰਘ ਤੇ ਦਿੱਲੀ ‘ਚ ਅਧਿਆਪਕ ਲੱਗਾ ਰਿਹਾ ਡਾ. ਅਜੀਤ ਸਿੰਘ ਵੀ ਉਥੇ ਹੀ ਸਨ। ਢੁੱਡੀਕੇ ਵਿਚ ਪਹਿਲੀ ਰਾਤ ਮੈਂ ਬਲਵੰਤ ਸਿੰਘ ਦੇ ਘਰ ਸੁੱਤਾ ਸਾਂ, ਜੋ ਕਿਰਤੀ ਕਿਸਾਨ ਯੂਨੀਅਨ ਦੇ ਨਿਰਭੈ ਸਿੰਘ ਦਾ ਬਾਪ ਸੀ। ਉਹ ਸਾਹਿਤ ਦਾ ਗੰਭੀਰ ਪਾਠਕ ਸੀ। ਮੈਂ ਸਮਝਦਾਂ ਕੰਵਲ ਦੇ ‘ਪੂਰਨਮਾਸ਼ੀ’ ਨਾਵਲ ਨੇ ਹੀ ਮੇਰੇ ਕਰਮਾਂ ਵਿਚ ਢੁੱਡੀਕੇ ਦੀ ਪ੍ਰੋਫੈਸਰੀ ਲਿਖੀ ਸੀ।
ਪੂਰਨਮਾਸ਼ੀ ਦਾ ਨਾਇਕ ਰੂਪ, ਢੁੱਡੀਕੇ ਦੀ ਕੌਲੂ ਪੱਤੀ ਵਾਲਾ ਗੁਲਜ਼ਾਰਾ ਸੀ, ਜੋ ਇਲਾਕੇ ਦਾ ਦਰਸ਼ਨੀ ਜੁਆਨ ਸੀ। ਉਹਦਾ ਰੰਗ ਗੋਰਾ ਸੀ ਤੇ ਅੱਖਾਂ ਬਿੱਲੀਆਂ। ਉਹ ਮੇਲਿਆਂ ‘ਤੇ ਬੋਰੀ ਚੁੱਕਣ ਦਾ ਮੁਕਾਬਲਾ ਕਰਿਆ ਕਰਦਾ ਸੀ। ਉਸ ਨੂੰ ਨਾਇਕ ਚਿਤਵ ਕੇ ਕੰਵਲ ਨੇ ਕਹਾਣੀ ਘੜੀ ਸੀ ਪਰ ਇਹ ਗੁਲਜ਼ਾਰੇ ਦੀ ਸੱਚੀ ਕਹਾਣੀ ਨਹੀਂ ਸੀ। ਗੁਲਜ਼ਾਰੇ ਨੇ ਆਪਣੀ ਪਹਿਲੀ ਘਰ ਵਾਲੀ ਨਹੀਂ ਸੀ ਛੱਡੀ ਤੇ ਨਾ ਹੀ ਉਸ ਦੇ ਦੋ ਵਿਆਹ ਹੋਏ ਸਨ। ਰੂਪ ਦਾ ਇਕੋ ਪੁੱਤਰ ‘ਪੂਰਨ’ ਹੋਇਆ ਵਿਖਾਇਆ ਗਿਆ ਹੈ, ਜਦ ਕਿ ਗੁਲਜ਼ਾਰੇ ਦੇ ਚਾਰ ਪੁੱਤਰ ਹਨ। ਉਸ ਦੇ ਦੋ ਪੁੱਤਰ-ਬਲਦੇਵ ਤੇ ਮਨਜੀਤ ਕਾਲਜ ਵਿਚ ਮੇਰੇ ਕੋਲੋਂ ਪੜ੍ਹਦੇ ਰਹੇ ਤੇ ਹੁਣ ਕੈਨੇਡਾ ਵਿਚ ਹਨ। ਉਹ ਮੇਰੇ ਭਰਾ ਭਜਨ ਦੇ ਜਮਾਤੀ ਸਨ, ਜੋ ਹੁਣ ਵੀ ਉਸ ਦੇ ਦੋਸਤ ਹਨ। ਉਹ ਵਿਆਹ ਸ਼ਾਦੀਆਂ ‘ਤੇ ਅਜੇ ਵੀ ਇਕ ਦੂਜੇ ਦੇ ਆਉਂਦੇ ਜਾਂਦੇ ਹਨ।
ਲੇਖਕ ਕਿਸੇ ਅਸਲੀ ਪਾਤਰ ਨੂੰ ਆਪਣੇ ਸਾਹਮਣੇ ਰੱਖ ਕੇ ਆਪਣਾ ਕਾਲਪਨਿਕ ਨਾਇਕ ਜਾਂ ਹੋਰ ਪਾਤਰ ਕਿਵੇਂ ਸਿਰਜਦੇ ਹਨ, ਉਸ ਦੀ ਮਿਸਾਲ ਕੌਲੂ ਪੱਤੀ ਵਾਲਾ ਗੁਲਜ਼ਾਰਾ ਹੈ, ਜਿਸ ਨੂੰ ਰੂਪ ਬਣਾ ਕੇ ਕਪੂਰਿਆਂ ਦੇ ਮੇਲੇ ਵਿਚ ਬੋਰੀ ਚੁੱਕਣ ਦਾ ਮੁਕਾਬਲਾ ਕਰਵਾਇਆ ਗਿਆ:
“ਰੂਪ ਹੋਰਾਂ ਦੀ ਢਾਣੀ ਵਿਖਰ ਕੇ ਫਿਰ ਜੁੜ ਗਈ। ਉਨ੍ਹਾਂ ਮੇਲੇ ਦੇ ਦੂਜੇ ਪਾਸੇ ਬੋਰੀ ਅਤੇ ਮੁਗਧਰ ਚੁੱਕਣ ਵਾਲਿਆਂ ਦਾ ਖੁੱਲ੍ਹਾ ਖਾੜਾ ਬੰਨ੍ਹ ਲਿਆ। ਮੁਗਧਰ ਮੱਲਾਂ ਨੇ ਪਹਿਲੋਂ ਹੀ ਲਿਆਂਦੇ ਹੋਏ ਸਨ। ਸਾਢੇ ਚਾਰ ਮਣ ਪੱਕੇ ਦੀ ਬੋਰੀ ਵੀ ਠੋਕ ਠੋਕ ਕੇ ਭਰ ਲਈ ਗਈ। ਪੱਗਾਂ ਤੇ ਲੋਈਆਂ ਲਾਹ ਕੇ ਜਵਾਨ ਖਾੜੇ ਵਿਚ ਨਿਕਲ ਆਏ। ਮੁਗਧਰ ਚੁੱਕਣ ਵਾਲਿਆਂ ਲੱਕ ਨਾਲ ਚਾਦਰੇ ਕੱਸ ਕੇ ਬੰਨ੍ਹ ਲਏ। ਬੋਰੀ ਚੁੱਕਣ ਵਾਲਿਆਂ ਵਿਚੋਂ ਰੂਪ ਤੇ ਜਗੀਰ ਵੀ ਸਨ। ਰੂਪ ਦਾ ਭਰਿਆ, ਲੰਮਾ ਤੇ ਸੋਹਣਾ ਸਰੀਰ ਵੇਖ ਕੇ ਭੁੱਖ ਲਹਿੰਦੀ ਸੀ। ਖਾੜੇ ਦੀਆਂ ਨਜ਼ਰਾਂ ਉਸ ਦੇ ਪਿੱਛੇ ਹੀ ਭੌਂ ਰਹੀਆਂ ਸਨ। ਮੁਗਧਰ ਚੁੱਕੇ ਜਾਣ ਲੱਗੇ। ਜਗੀਰ ਤੇ ਰੂਪ ਦੇ ਮੁਕਾਬਲੇ ਵਿਚ ਬੋਰੀਆਂ ਚੁੱਕਣ ਵਾਲਿਆਂ ਦੀਆਂ ਦੋ ਜੋੜੀਆਂ ਸਨ। ਦੋ ਜੋੜੀਆਂ ਤੋਂ ਪਹਿਲੀ ਵਾਰੀ ਬਾਲਾ ਨਾ ਨਿਕਲਿਆ। ਫਿਰ ਜਗੀਰ ਤੇ ਰੂਪ ਦੀ ਵਾਰੀ ਆਈ, ਉਹ ਪਹਿਲੀ ਹੁਬਕਲੀ ਨਾਲ ਬੋਰੀ ਹਿੱਕ ਦੇ ਬਰਾਬਰ ਲੈ ਗਏ ਅਤੇ ਉਥੋਂ ਝੋਸਾ ਮਾਰ ਕੇ ਬਾਹਾਂ ਖੜ੍ਹੀਆਂ ਕਰ ਦਿੱਤੀਆਂ। ਇਕ ਵਾਰ ਹੀ ਸਾਰਾ ਖਾੜਾ ‘ਵਾਹ ਬਈ ਵਾਹ’ ਕਰ ਉਠਿਆ…।”
ਨਾਵਲ ‘ਪੂਰਨਮਾਸ਼ੀ’ ਮੈਨੂੰ ਇਸ ਲਈ ਵੀ ਦਿਲਚਸਪ ਲੱਗਿਆ ਸੀ ਕਿ ਆਪਣੇ ਪਿੰਡ ਚਕਰ ਤੋਂ ਸੌ ਮੀਲ ਦੂਰ ਫਾਜ਼ਿਲਕਾ ਪੜ੍ਹਦਿਆਂ ਮੈਨੂੰ ਇਹਦੇ ਵਿਚੋਂ ਆਪਣੇ ਪਿੰਡ ਦੀ ਖੁਸ਼ਬੋ ਆ ਰਹੀ ਸੀ। ਹੁਣ ਤਕ ਮੈਂ ਸੈਂਕੜੇ ਕਿਤਾਬਾਂ ਪੜ੍ਹੀਆਂ ਹਨ, ਪਰ ਸੱਚ ਜਾਣੋ, ਜਿੰਨੀ ਸਿੱ.ਦਤ ਨਾਲ ਮੈਂ ਪਹਿਲੀ ਵਾਰ ‘ਪੂਰਨਮਾਸ਼ੀ’ ਪੜ੍ਹੀ, ਓਨੀ ਸ਼ਿੱਦਤ ਨਾਲ ਸ਼ਾਇਦ ਹੀ ਕੋਈ ਹੋਰ ਕਿਤਾਬ ਪੜ੍ਹੀ ਹੋਵੇ। ਜਿੰਨੀ ਕਿਤਾਬ ਮੈਂ ਕਾਲਜ ਦੇ ਬੈਂਚ ‘ਤੇ ਬੈਠਾ ਪੜ੍ਹ ਸਕਦਾ ਸਾਂ, ਪੜ੍ਹਦਾ ਰਿਹਾ ਤੇ ਬਾਕੀ ਤਿੰਨ ਮੀਲ ਦੂਰ ਪਿੰਡ ਕੋਠੇ ਨੂੰ ਜਾਂਦਾ ਰਾਹ ਵਿਚ ਪੜ੍ਹਦਾ ਗਿਆ। ਆਖਰ ਉਦੋਂ ਸੁੱਤਾ ਜਦੋਂ ‘ਪੂਰਨਮਾਸ਼ੀ’ ਮੁੱਕ ਗਈ ਤੇ ਦਿਨ ਚੜ੍ਹ ਪਿਆ। ਮੈਂ ਅੱਜ ਵੀ ਮਹਿਸੂਸ ਕਰਦਾ ਹਾਂ ਕਿ ਕੰਵਲ ਦੀ ਸ਼ਾਹਕਾਰ ਰਚਨਾ ‘ਪੂਰਨਮਾਸ਼ੀ’ ਹੀ ਹੈ। ਇਸ ਵਿਚ ਉਸ ਨੇ ਪੰਜਾਬ ਦਾ ਪੇਂਡੂ ਜੀਵਨ ਤੇ ਮਾਲਵੇ ਦਾ ਸਭਿਆਚਾਰ ਕਮਾਲ ਦੀ ਕਲਾਕਾਰੀ ਨਾਲ ਪੇਸ਼ ਕੀਤਾ ਹੈ।
ਕਹਾਣੀ ਦਾ ਸਾਰ ਹੈ: ਨਵੇਂ ਪਿੰਡ ਦਾ ਬਣਦਾ ਫਬਦਾ ਜੁਆਨ ਰੂਪ ਆਪਣੇ ਨਾਨਕੇ ਪਿੰਡ ਦਾਤੇ ਨੂੰ ਤੁਰਿਆ ਜਾਂਦਾ ਹੈ। ਰਾਹ ਵਿਚ ਕਪੂਰੇ ਪਿੰਡ ਦੀਆਂ ਦੋ ਕੁੜੀਆਂ ਚੰਨੋ ਤੇ ਸ਼ਾਮੋ ਖੇਤ ‘ਚ ਸਾਗ ਤੋੜਦੀਆਂ ਮਿਲਦੀਆਂ ਹਨ। ਰੂਪ ਤੇ ਚੰਨੋ ਦੀ ਨਜ਼ਰ ਵਾਰਸ ਦੀ ਹੀਰ ਤੇ ਰਾਂਝੇ ਵਾਂਗ ਮਿਲਦੀ ਹੈ ਤਾਂ ‘ਹੀਰ ਹੱਸ ਕੇ ਤੇ ਮਿਹਰਬਾਨ ਹੋਈ’ ਵਾਂਗ ਉਨ੍ਹਾਂ ਦਾ ਪਹਿਲੀ ਨਜ਼ਰ ਦਾ ਪਿਆਰ ਪੈ ਜਾਂਦਾ ਹੈ। ਪਿਆਰ ਕਹਾਣੀ ਅੱਗੇ ਵਧਦੀ ਹੈ, ਪਰ ਉਨ੍ਹਾਂ ਦਾ ਵਿਆਹ ਹੁੰਦਾ ਹੁੰਦਾ ਰਹਿ ਜਾਂਦਾ ਹੈ। ਚੰਨੋ ਦੀ ਸਹੇਲੀ ਸ਼ਾਮੋ ਪਿੰਡ ਦੇ ਸ਼ੁਕੀਨ ਮੁੰਡੇ ਦਿਆਲੇ ਨੂੰ ਪਿਆਰ ਕਰਦੀ ਹੈ। ਪੰਜਾਬੀ ਸਮਾਜ ਦੇ ਸਭਿਆਚਾਰਕ ਵਰਤਾਰੇ ਵਿਚ ਨਾ ਸ਼ਾਮੋ ਤੇ ਦਿਆਲੇ ਦਾ ਵਿਆਹ ਹੋ ਸਕਦਾ ਹੈ ਅਤੇ ਨਾ ਚੰਨੋ ਤੇ ਰੂਪ ਦਾ ਵਿਆਹ ਸਿਰੇ ਚੜ੍ਹਦਾ ਹੈ।
ਮੁੱਖ ਕਹਾਣੀ ਚੰਨੋ ਤੇ ਰੂਪ ਦੇ ਪਿਆਰ ਦੀ ਹੈ। ਹਾਲਾਤ ਚੰਨੋ ਨੂੰ ਬੁੱਟਰ ਦੇ ਕਰਮੇ ਨਾਲ ਵਿਆਹ ਦਿੰਦੇ ਹਨ ਅਤੇ ਰੂਪ ਨੂੰ ਰਾਏਕੋਟ ਦੀ ਪ੍ਰਸਿੰਨੀ ਨਾਲ। ਰੂਪ ਦੇ ਘਰ ਪੁੱਤਰ ਪੈਦਾ ਹੁੰਦਾ ਹੈ ਤੇ ਚੰਨੋ ਦੇ ਘਰ ਧੀ। ਰੂਪ ਤੇ ਚੰਨੋ ਆਪਣੇ ਅਧੂਰੇ ਪਿਆਰ ਨੂੰ ਆਪਣੇ ਬੱਚਿਆਂ ਦੇ ਆਪਸ ਵਿਚ ਵਿਆਹ ਕਰ ਕੇ ਪਰਵਾਨ ਚੜ੍ਹਾਉਂਦੇ ਹਨ। ਇੰਜ ਪਹਿਲੀ ਪੀੜ੍ਹੀ ਦਾ ਅਧੂਰਾ ਰਹਿ ਗਿਆ ਪਿਆਰ ਅਗਲੀ ਪੀੜ੍ਹੀ ਰਾਹੀਂ ਪੂਰ ਲਿਆ ਜਾਂਦਾ ਹੈ।
ਇਸ ਨਾਵਲ ਵਿਚ ਪੰਜਾਬ ਦੇ ਪੇਂਡੂ ਜੀਵਨ ਦੀਆਂ ਅਨੇਕਾਂ ਝਾਕੀਆਂ ਸਾਹਮਣੇ ਆਉਂਦੀਆਂ ਹਨ। ਕਿਤੇ ਤ੍ਰਿੰਜਣ, ਕਿਤੇ ਮੇਲੇ, ਕਿਤੇ ਤੀਆਂ, ਕਿਤੇ ਖੇਡ ਮੁਕਾਬਲੇ, ਕਿਤੇ ਖਾਣ ਪੀਣ ਦੀਆਂ ਮਹਿਫਿਲਾਂ, ਕਿਤੇ ਸਾਕੇਦਾਰੀ, ਪ੍ਰਾਹੁਣਚਾਰੀ, ਸੱਥ ਚਰਚਾ, ਲੋਹੜੀ, ਕਿਤੇ ਡਾਕਾ, ਕਿਤੇ ਠਾਣੇ ਦੀ ਹਵਾਲਾਤ, ਕਿਤੇ ਅਮਲੀ ਦੇ ਟਾਂਗੇ ਦੀ ਸਵਾਰੀ, ਜੰਨਾਂ ਦਾ ਚੜ੍ਹਨਾ, ਜਾਗੋ ਕੱਢਣੀ, ਵਿਆਹਾਂ ਦੇ ਗੀਤ, ਜੰਨ ਬੰਨ੍ਹਣੀ ਤੇ ਛਡਾਉਣੀ, ਗਾਉਣ ਦੇ ਖਾੜੇ, ਗਵੰਤਰੀਆਂ ਦੀਆਂ ਢੱਡ ਸਾਰੰਗੀਆਂ, ਮੇਲਿਆਂ ਦੀਆਂ ਰੌਣਕਾਂ ਤੇ ਲੜਾਈਆਂ, ਡੱਬਾਂ ‘ਚ ਪਿਸਤੌਲ, ਖੂੰਡੇ, ਦੁਨਾਲੀਆਂ, ਜ਼ਮੀਨ ਦੱਬਣ ਦੇ ਲਾਲਚ, ਪੰਚਾਂ ਦੇ ਪੱਖਪਾਤੀ ਫੈਸਲੇ, ਸ਼ਰੀਕੇ, ਭਾਨੀਆਂ, ਗਿਆਨੀ ਦਾ ਉਪਦੇਸ਼ ਤੇ ਕਿਤੇ ਕਿਤੇ ਇਨਕਲਾਬ ਦੀਆਂ ਗੱਲਾਂ। ਜਦ ਰੂਪ, ਜਗੀਰ, ਜੈਲੋ ਤੇ ਕਾਕੇ ਹੋਰੀਂ ਸੰਤੀ ਦੀ ਜ਼ਮੀਨ ਵਿਚ ਹਲ ਵਾਹੁੰਦੇ ਦਿਲ ਦੀਆਂ ਗੱਲਾਂ ਕਰਦੇ ਹਨ ਤਾਂ ਉਨ੍ਹਾਂ ਦੇ ਬੋਲੇ ਬੋਲ ਮੈਨੂੰ ਅੱਜ ਵੀ ਯਾਦ ਹਨ:
…ਹਲ ਵਗਦੇ ਰਹੇ ਅਤੇ ਹਲਾਂ ਅੱਗੇ ਬਰੂ ਦੀਆਂ ਲੰਮੀਆਂ ਜੜ੍ਹਾਂ ਤੇ ਖੱਬਲ ਦੀਆਂ ਧਰਤੀ ‘ਤੇ ਵਿਛੀਆਂ ਤਿੜਾਂ ਟੁਟ ਟੁਟ ਜਾਂਦੀਆਂ। ਧਰਤੀ ਦੀਆਂ ਸੁੰਡੀਆਂ ਨੂੰ ਕਾਂ ਤੇ ਗੁਟਾਰਾਂ ਝਪਟਾਂ ਮਾਰ ਮਾਰ ਚੁੱਕ ਰਹੇ ਸਨ। ਕਾਕੇ ਨੇ ਜੈਲੋ ਨੂੰ ਛੇੜਨ ਦੇ ਬਹਾਨੇ ਆਖਿਆ, “ਜੈਲੋ! ਉਹ ਫਿਰ ਤਖਾਣਾਂ ਦੀ ਵਹੁਟੀ, ਲੌਂਗ ‘ਤੇ ਸੰਧੂਰ ਭੁੱਕ ਕੇ ਰੰਨ ਮਾਰਦੀ ਛਪੜ ‘ਤੇ ਗੇੜੇ, ਹੁਣ ਨ੍ਹੀਂ ਕਿਤੇ ਮਿਲੀ?”
“ਜਾਹ ਸਾਲਿਆ, ਓਦਣ ਜੁੱਤੀਆਂ ਈ ਪੁਆ ਦਿੱਤੀਆਂ ਸੀ। ਹਟ ਮਰ ਜੇਂ ਤੂੰ ਨਾਰਿਆ, ਪਾੜਾ ਛੱਡ ਗਿਆ ਏਂ।” ਜੈਲੋ ਰੱਸਾ ਖਿੱਚ ਨਾਰੇ ਬਲਦ ਨੂੰ ਘੂਰਨ ਲੱਗ ਪਿਆ।
“ਬਾਈ ਰੈਹਲ ਨੂੰ ਚੱਲੀਂ ਐਤਕੀਂ।” ਕਾਕੇ ਨੇ ਅੱਗੇ ਹਲ ਵਾਹੁੰਦੇ ਜਗੀਰ ਨੂੰ ਆਖਿਆ, “ਹਲਾ ਬਈ ਗੋਰਿਆ, ਜਿਉਣ ਜੋਗਿਆ। ਸ਼ਾਬਾਸ਼! ਤੇਰੀ ਮਾਂ ਜੀਵੇ ਕਰਮਾਂ ਵਾਲੀ। ਤੱਤਾ ਤੱਤਾ, ਸਦਕੇ।”
“ਤਖਾਣ ਕੁਹਾੜੇ ਨਾਲ ਖਲਪਾੜਾਂ ਕਰ ਦੇਣਗੇ, ਪਤਾ ਲੱਗ ਜੂ ਫੇਰ ਆਸ਼ਕੀ ਮਾਸ਼ੂਕੀ ਦਾ।” ਜਗੀਰ ਨੇ ਵੱਡੇ ਹੋਣ ਦੀ ਹੈਸੀਅਤ ਵਿਚ ਆਖਿਆ।
“ਅੱਜ ਤੈਨੂੰ ਮੈਂ ਬੁਲਾ ਕੇ ਵਖਾਊਂ। ਕੱਢ ਲਏ ਜਿਹੜੀਆਂ ਗਾਲ੍ਹਾਂ ਕੱਢਦੀ ਐ, ਗਾਲ੍ਹਾਂ ਨਾਲ ਕਿਹੜੀ ਬਾਂਹ ਭੱਜਣ ਲੱਗੀ ਆ? ਜਿੰਨਾ ਚਿਰ ਹੱਥ ਧੋ ਕੇ ਕਿਸੇ ਕੰਮ ਦੇ ਮਗਰ ਨਾ ਪਈਏ, ਕੰਮ ਬਣਦਾ ਈ ਨ੍ਹੀ।” ਕਾਕੇ ਨੇ ਰੋਹਬ ਨਾਲ ਜੈਲੋ ਨੂੰ ਆਖਿਆ।
“ਮੈਂ ਤਾਂ ਕੰਨਾਂ ਨੂੰ ਹੱਥ ਲਾ ਲਏ। ਸਾਲੀ ਸੂਈ ਕੁੱਤੀ ਅੰਗੂੰ ਪਈ ਮੈਨੂੰ ਤਾਂ।”
“ਊਂ ਤਖਾਣੀ ਲਾਲੜੀ ਵਰਗੀ ਪਈ ਐ ਕਿ ਨ੍ਹੀਂ।”
“ਆਪਾਂ ਨੂੰ ਕੀ ਭਾ। ਆਪਣੇ ਨਾਲੋਂ ਤਾਂ ਟੁੱਟੀ ਜਿਹੀ ਕੱਛ ਵਾਲਾ ਨੜਾ ਤਖਾਣ ਈ ਚੰਗਾ ਏ। ਆਪਾਂ ਜੱਟਾਂ ਦੇ ਕਾਹਨੂੰ ਜੰਮਣਾ ਸੀ, ਏਦੂੰ ਤਾਂ ਗੱਜਣ ਤਖਾਣ ਦੇ ਘਰ ਜੰਮਦੇ, ਵਿਆਹੇ ਤਾਂ ਜਾਂਦੇ।” ਕੁਦਰਤੀ ਜਜ਼ਬਾਤੀ ਖਿੱਚ ਉਨ੍ਹਾਂ ਨੂੰ ਜਾਤਾਂ ਦੇ ਹੱਦ-ਬੰਨੇ ਮਿਟਾ ਕੇ ਔਰਤ ਤਕ ਲੈ ਗਈ, ਜਿਸ ਨੂੰ ਉਨ੍ਹਾਂ ਦਾ ਅੰਦਰ-ਬਾਹਰ ਬੁਰੀ ਤਰ੍ਹਾਂ ਤਰਸ ਰਿਹਾ ਸੀ…।”
ਜੈਲੋ ਨੇ ਬੋਲੀ ਪਾਈ, “ਆਟਾ ਗੁੰਨ੍ਹਦੀ ਦੇ ਹਿਲਦੇ ਵਾਲੇ, ਤੁਰਦੀ ਦੀ ਮਛਲੀ ਹਿੱਲੇ।”
ਕਾਕੇ ਨੇ ਵਾਰੀ ਲਈ, “ਕੱਚੇ ਦੁੱਧ ਨੂੰ ਜਾਗ ਨਾ ਲਾਵਾਂ, ਝਾਕਾਂ ਯਾਰ ਦੀਆਂ…।”
“ਸਾਲਿਓ ਕਰਦੇ ਨੀ ਚੁੱਪ, ਕੋਈ ਰੋਟੀ ਵਾਲੀ ਆਉਂਦੀ ਹੋਊ।” ਜਗੀਰ ਨੇ ਪਿੰਡ ਵੱਲ ਤਕਦਿਆਂ ਕਿਹਾ।
“ਬਾਈ ਬੋਲੀਆਂ ਦਾ ਹੀ ਆਸਰਾ ਐ ਛੜਿਆਂ ਨੂੰ। ਲੈ ਨਹੀਂ ਪਾਉਂਦੇ, ਜੇ ਤੇਰੀ ਕਿਤੇ ਨੰਦੋ ਆਉਂਦੀ ਐ।” ਕਾਕੇ ਨੇ ਉੱਤਰ ਦਿੱਤਾ।
ਤ੍ਰਿੰਜਣ ਵਿਚ ਚਰਖਾ ਕੱਤਦੀਆਂ ਚੰਨੋ ਤੇ ਸ਼ਾਮੋ ਦਾ ਨਜ਼ਾਰਾ ਇੰਜ ਪੇਸ਼ ਕੀਤਾ ਹੈ:
ਸੱਜੇ ਹੱਥ ਨਾਲ ਉਹ ਚਰਖੇ ਨੂੰ ਪੂਰਾ ਜ਼ੋਰ ਲਾ ਕੇ ਘੁਮਾ ਰਹੀਆਂ ਸਨ। ਚਰਮਖਾਂ ਦੇ ਆਸਰੇ ਖਲੋਤਾ ਤਕਲਾ ਮਸ਼ੀਨ ਦੇ ਧੁਰੇ ਵਾਂਗ ਘੁੰਮ ਰਿਹਾ ਸੀ। ਤੰਦ ਪਾਉਣ ਵੇਲੇ ਰਤਾ ਕੁ ਅਟਕਦਾ ਅਤੇ ਮੁੜ ਆਪਣੀ ਰਫ਼ਤਾਰ ਫੜ ਲੈਂਦਾ। ਮੁਟਿਆਰਾਂ ਦੀਆਂ ਬਾਹਾਂ ਲਗਰਾਂ ਵਾਂਗ ਲਿਫ ਲਿਫ ਤੰਦ ਪਾਉਂਦੀਆਂ ਤੇ ਉੱਚੀਆਂ ਉਠਦੀਆਂ। ਚਿਹਰੇ ਦੇਖਣ ਤੋਂ ਸ਼ਾਮੋ ਦੇ ਬੱਗੇ ਬੱਗੇ ਰੰਗ ਵਿਚ ਲੁਕੀ ਸ਼ੋਖੀ ਦਾ ਪਤਾ ਲੱਗਦਾ ਸੀ। ਪਰ ਚੰਨੋ ਦਾ ਮੂੰਹ ਸਾਊਪੁਣੇ ਵਿਚ ਮਿੱਠਾ ਹੁਸਨ ਬਣਿਆ ਹੋਇਆ ਸੀ। ਕੱਤਦੀ ਸ਼ਾਮੋ ਨੂੰ ਗਲੀ ਵਿਚ ਦੀ ਲੰਘਦੇ ਆਦਮੀ ਚੰਗੀ ਤਰ੍ਹਾਂ ਦਿਸਦੇ ਸਨ। ਛੋਪ ਵੱਲ ਦੇਖ ਕੇ ਉਹ ਗਲੀ ਵਿਚ ਝਾਤ ਮਾਰਦੀ। ਇਉਂ ਪਰਤੀਤ ਹੁੰਦਾ ਸੀ ਜਿਵੇਂ ਕਿਸੇ ਗੁੱਝੀ ਉਡੀਕ ਨੇ ਉਸ ਨੂੰ ਬੇਕਰਾਰ ਕਰ ਦਿੱਤਾ ਸੀ। ਰਹਿ ਰਹਿ ਕੇ ਉਸ ਦੇ ਗੋਰੇ ਰੰਗ ਵਿਚ ਚਿਣਗਾਂ ਫੁੱਟ ਰਹੀਆਂ ਸਨ। ਉਹ ਬਾਰ ਬਾਰ ਗਲੀ ਨੂੰ ਤੱਕ ਰਹੀ ਸੀ।
(ਚਲਦਾ)