ਆਮ ਲੋਕਾਂ ਦੀਆਂ ਆਸਾਂ ਉਤੇ ਖਰਾ ਨਾ ਉਤਰਿਆ ਮੋਦੀ ਸਰਕਾਰ ਦਾ ਪਹਿਲਾ ਬਜਟ
ਨਵੀਂ ਦਿੱਲੀ: ਖਜਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਸਾਲ 2019-20 ਲਈ ਪੇਸ਼ ਕੀਤੇ ਬਜਟ ‘ਚ ਨਿਵੇਸ਼ ਕਰਨ ਵਾਲਿਆਂ ਨੂੰ ਗੱਫੇ ਦੇਣ ਤੋਂ ਇਲਾਵਾ, ਸਿੱਧੇ ਵਿਦੇਸ਼ੀ ਨਿਵੇਸ਼ (ਐਫ਼ਡੀ.ਆਈ.) ਤੇ ਨਿੱਜੀਕਰਨ ਨੂੰ ਵੀ ਖੂਬ ਉਤਸ਼ਾਹਿਤ ਕੀਤਾ, ਪਰ 2019 ਦੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਵੱਡਾ ਫਤਵਾ ਦਿਵਾਉਣ ਵਾਲੀ ਜਨਤਾ, ਜਿਸ ‘ਚ ਮੱਧ ਆਮਦਨ ਵਰਗ ਮੁੱਖ ਤੌਰ ਉਤੇ ਸ਼ਾਮਲ ਹੈ, ਦੇ ਹੱਥ ਮਾਯੂਸੀ ਹੀ ਨਜ਼ਰ ਆਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੰਤਰਿਮ ਬਜਟ ‘ਚ ਹੀ 6000 ਰੁਪਏ ਸਾਲਾਨਾ ਦੀ ‘ਸਨਮਾਨ ਨਿਧੀ’ ਦੇ ਦਾਇਰੇ ‘ਚ ਆ ਚੁੱਕੇ ਕਿਸਾਨਾਂ ਨੂੰ ਇਸ ਬਜਟ ‘ਚ ‘ਅੰਨਦਾਤਾ ਤੋਂ ਊਰਜਾਦਾਤਾ’ ਬਣਨ ਦਾ ਨਾਅਰਾ ਦੇਣ ਦੇ ਨਾਲ-ਨਾਲ ਖੇਤੀ ਦੇ ਪੁਰਾਣੇ ਤਰੀਕੇ ‘ਜ਼ੀਰੋ ਬਜਟ’ ਵੱਲ ਜਾਣ ਦਾ ਮਸ਼ਵਰਾ ਦਿੱਤਾ ਗਿਆ ਤਾਂ ਜੋ 2022 ਤੱਕ ਕਿਸਾਨਾਂ ਦੀ ਆਮਦਨ ਨੂੰ ਦੁਗਣਾ ਕਰਨ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕੇ। ਦੂਜੇ ਕਾਰਜਕਾਲ ‘ਚ ਪੇਸ਼ ਕੀਤੇ ਪਹਿਲੇ ਹੀ ਬਜਟ ਵਿਚ ‘ਸਖਤ ਫੈਸਲਿਆਂ’ ਦੀ ਝਲਕ ਵਿਖਾਉਂਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੈਟਰੋਲ ਤੇ ਡੀਜਲ ‘ਤੇ 1 ਰੁਪਏ ਮਹਿਸੂਲ ਤੇ 1 ਰੁਪਇਆ ਸੈਸ ਲਾਉਣ ਦਾ ਐਲਾਨ ਕੀਤਾ, ਜਿਸ ਨਾਲ ਪ੍ਰਭਾਵੀ ਤੌਰ ਉਤੇ ਪੈਟਰੋਲ ਤੇ ਡੀਜਲ ਕ੍ਰਮਵਾਰ 2.5 ਤੇ 2.3 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ। ਇਸ ਦੇ ਨਾਲ ਹੀ ਨਿੱਜੀਕਰਨ ਪ੍ਰਤੀ ਸਰਕਾਰ ਦੀ ‘ਉਦਾਰ ਨੀਤੀ’ ਦੀ ਝਲਕ ਵਿਖਾਉਂਦੇ ਹੋਏ ਬਜਟ ਭਾਸ਼ਣ ‘ਚ ਖਜ਼ਾਨਾ ਮੰਤਰੀ ਨੇ ਨੀਤੀਗਤ ਢੰਗ ਨਾਲ ਸਰਕਾਰੀ ਕੰਪਨੀਆਂ (ਪੀ.ਐਸ਼ਯੂ.ਏ.) ਨੂੰ ਨਿੱਜੀਕਰਨ ਵੱਲ ਲੈ ਕੇ ਜਾਣ ਦੀ ਵੀ ਗੱਲ ਕੀਤੀ ਹੈ।
ਉਕਤ ਦੋਵਾਂ ਹੀ ਐਲਾਨਾਂ (ਮਹਿੰਗੇ ਪੈਟਰੋਲ ਤੇ ਸਰਕਾਰੀ ਕੰਪਨੀਆਂ ਦੇ ਅਪਨਿਵੇਸ਼) ‘ਤੇ ਵਿਰੋਧੀ ਧਿਰ ਦੀਆਂ ਬੈਂਚਾਂ ਤੋਂ ਸੁਭਾਵਿਕ ਹੀ ਮੁਖਾਲਫਤ ਦੇ ਸੁਰ ਸੁਣਾਈ ਦਿੱਤੇ। ਨਿਰਮਲਾ ਸੀਤਾਰਮਨ ਨੇ ਬਜਟ ਨੂੰ ਦਿਹਾਤ, ਗਰੀਬ ਤੇ ਕਿਸਾਨ ‘ਤੇ ਕੇਂਦਰਿਤ ਕਰਾਰ ਦਿੰਦਿਆਂ ਇਸ ਵਾਰ ਫਿਰ ਪ੍ਰਧਾਨ ਮੰਤਰੀ ਦਾ ‘ਮਿਸ਼ਨ 2022’ ਸਦਨ ‘ਚ ਦੁਹਰਾ ਦਿੱਤਾ, ਜਿਸ ਮੁਤਾਬਕ 2022 ਤੱਕ ਹਰੇਕ ਨੂੰ ਘਰ ਤਹਿਤ 1.95 ਕਰੋੜ ਘਰਾਂ ਦੀ ਉਸਾਰੀ, ਹਰ ਘਰ ‘ਚ ਪਖਾਨਾ, ਬਿਜਲੀ ਤੇ ਰਸੋਈ ਗੈਸ ਕੁਨੈਕਸ਼ਨ ਮੁਹੱਈਆ ਕਰਵਾਇਆ ਜਾਵੇਗਾ ਜਦਕਿ ਹਰ ਘਰ ‘ਚ ਪੀਣ ਵਾਲਾ ਪਾਣੀ, ਜਿਸ ਨੂੰ ਮੋਦੀ ਸਰਕਾਰ ਵੱਲੋਂ ਦੂਜੇ ਕਾਰਜਕਾਲ ਦੀ ਸ਼ੁਰੂਆਤ ਤੋਂ ਹੀ ਆਪਣੇ ਮਿਸ਼ਨ ‘ਚ ਰੱਖਿਆ ਜਾ ਰਿਹਾ ਹੈ, ਮੁਹੱਈਆ ਕਰਵਾਉਣ ਦੀ ਸਮਾਂ ਹੱਦ 2024 ਮਿਥੀ ਗਈ ਹੈ। ਬਜਟ ‘ਚ ਸਰਕਾਰੀ ਬੈਂਕਾਂ ਲਈ ਸੰਜੀਵਨੀ ਵਜੋਂ 70 ਹਜ਼ਾਰ ਕਰੋੜ ਦੀ ਪੂੰਜੀ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਡਿਜੀਟਲ ਲੈਣ-ਦੇਣ ਤੇ ਬਿਜਲਈ ਵਾਹਨਾਂ ਨੂੰ ਉਤਸ਼ਾਹਿਤ ਕਰਨ ਨਾਲ ‘ਇਕ ਦੇਸ਼ ਇਕ ਗ੍ਰਿਡ’ ਤੇ ਸਮਾਜਿਕ ਸਟਾਕ ਐਕਸਚੈਂਜ ਦੀ ਨਵੀਂ ਧਾਰਨਾ ਦਿੱਤੀ ਗਈ। ਜ਼ੀਰੋ ਬਜਟ ਖੇਤੀ ਦੀ ਪੁਰਾਣੀ ਧਾਰਨਾ ਵੱਲ ਚੱਲਣ ਕਿਸਾਨ ਆਪਣੇ ਬਜਟ ਭਾਸ਼ਨ ‘ਚ ਕਿਸਾਨਾਂ ਨੂੰ ਸੰਖੇਪ ਜਿਹੀ ਥਾਂ ਦਿੰਦਿਆਂ ਨਿਰਮਲਾ ਸੀਤਾਰਮਨ ਨੇ ‘ਅੰਨਦਾਤਾ’ ਨੂੰ ‘ਊਰਜਾਦਾਤਾ’ ਬਣਨ ਦੀ ਰਾਹ ‘ਤੇ ਚੱਲਣ ਨੂੰ ਕਿਹਾ।
ਭਾਰਤ ‘ਚ ਵਿਦੇਸ਼ੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਲਈ ਕੇਂਦਰ ਨੇ ਭਾਰਤ ‘ਚ ਪੜ੍ਹਾਈ (ਸਟੱਡੀ ਇਨ ਇੰਡੀਆ) ਪ੍ਰੋਗਰਾਮ ਦਾ ਐਲਾਨ ਵੀ ਕੀਤਾ। ਕੇਂਦਰ ਨੇ ਦੂਰਦਰਸ਼ਨ ਦੇ ਮੰਚ ਤੋਂ ਸਟਾਰਟਅੱਪ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਇਕ ਨਵਾਂ ਟੀ.ਵੀ. ਚੈਨਲ ਖੋਲ੍ਹਣ ਦਾ ਐਲਾਨ ਕੀਤਾ ਹੈ। ਖਜ਼ਾਨਾ ਮੰਤਰੀ ਨੇ ਸੈਰ ਸਪਾਟਾ ਖੇਤਰ ਨੂੰ ਉਤਸ਼ਾਹਿਤ ਕਰਨ ਲਈ 17 ਵਿਰਾਸਤੀ ਥਾਵਾਂ ਨੂੰ ਆਲਮੀ ਪੱਧਰ ਦੇ ਸੈਲਾਨੀ ਟਿਕਾਣਿਆਂ ਵਜੋਂ ਵਿਕਸਿਤ ਕਰਨ ਦਾ ਐਲਾਨ ਕੀਤਾ ਹੈ। ਸੈਰ ਸਪਾਟੇ ਤੋਂ ਇਲਾਵਾ ਕਲਾ ਖੇਤਰ ਨੂੰ ਵੀ ਹੁੰਗਾਰਾ ਦੇਣ ਲਈ 100 ਨਵੇਂ ਕਲੱਸਟਰ ਸਥਾਪਤ ਕਰਨ ਦਾ ਐਲਾਨ ਕੀਤਾ, ਜੋ ਤਕਰੀਬਨ 50 ਹਜ਼ਾਰ ਕਲਾਕਾਰਾਂ ਤੇ ਦੇਸ਼ ਦੇ ਕਬਾਇਲੀ ਸੱਭਿਆਚਾਰ ਨੂੰ ਹੁੰਗਾਰਾ ਦੇਣਗੇ। ਨਿੱਜੀਕਰਨ ਦੀ ਹਮਾਇਤੀ ਕੇਂਦਰ ਸਰਕਾਰ ਵੱਲੋਂ ਮੌਜੂਦਾ ਸਾਲ 2019-20 ‘ਚ ਸਰਕਾਰੀ ਕੰਪਨੀਆਂ ਵਿਚ ਵਿਦੇਸ਼ੀ ਨਿਵੇਸ਼ ਰਾਹੀਂ 1.05 ਲੱਖ ਕਰੋੜ ਰੁਪਏ ਜੁਟਾਉਣ ਦਾ ਟੀਚਾ ਮਿਥਿਆ ਗਿਆ ਹੈ, ਜਿਸ ‘ਚ ਘਾਟੇ ‘ਚ ਚੱਲ ਰਹੀ ਸਰਕਾਰੀ ਹਵਾਈ ਕੰਪਨੀ ‘ਏਅਰ ਇੰਡੀਆ’ ਦਾ ਨਾਂ ਸਭ ਤੋਂ ਉੱਪਰ ਹੈ।
_______________________
ਮੋਦੀ ਸਰਕਾਰ ਦਾ ਬਜਟ
-ਆਧਾਰ ਕਾਰਡ ਨਾਲ ਟੈਕਸ ਰਿਟਰਨ ਭਰਨ ਦੀ ਖੁੱਲ੍ਹ
-ਸਿੱਖਿਆ ਦੇ ਮਿਆਰ ‘ਚ ਸੁਧਾਰ ਲਈ ਕੌਮੀ ਸਿੱਖਿਆ ਨੀਤੀ ਦੀ ਤਜਵੀਜ਼
-ਸਰਕਾਰੀ ਜ਼ਮੀਨ ‘ਤੇ ਸਸਤੀ ਹਾਊਸਿੰਗ ਯੋਜਨਾ ਦੀ ਪੇਸ਼ਕਸ਼
-‘ਇਕ ਰਾਸ਼ਟਰ ਇਕ ਗਰਿੱਡ’ ਤਹਿਤ 2022 ਤਕ ਹਰ ਘਰ ਵਿਚ ਬਿਜਲੀ
-ਪਾਸਪੋਰਟ ਧਾਰਕ ਐਨ.ਆਰ.ਆਈਜ਼. ਨੂੰ ਜਾਰੀ ਹੋਵੇਗਾ ਆਧਾਰ ਕਾਰਡ
-ਹਾਊਸਿੰਗ ਫਾਇਨਾਂਸ ਕੰਪਨੀਆਂ ਦਾ ਕੰਟਰੋਲ ਆਰ.ਬੀ.ਆਈ. ਨੂੰ ਸੌਂਪਿਆ
-ਸਟਾਰਟਅੱਪਜ਼ ਨੂੰ ਟੈਕਸ ਸਕਰੂਟਨੀ ਤੋਂ ਛੋਟ
-ਏਅਰ ਇੰਡੀਆ ਦੇ ਰਣਨੀਤਕ ਅਪਨਿਵੇਸ਼ ਦੀ ਤਜਵੀਜ਼
-ਬਿਜਲਈ ਵਾਹਨਾਂ ਨੂੰ ਹੱਲਾਸ਼ੇਰੀ ਲਈ ਦਸ ਹਜ਼ਾਰ ਕਰੋੜ
-ਤਿੰਨ ਕਰੋੜ ਪ੍ਰਚੂਨ ਦੁਕਾਨਦਾਰਾਂ/ਕਾਰੋਬਾਰੀਆਂ ਨੂੰ ਪੈਨਸ਼ਨ ਲਾਭ ਦੇਣ ਦਾ ਐਲਾਨ
-ਪਾਣੀ ਤੇ ਗੈਸ ਲਈ ਕੌਮੀ ਗਰਿੱਡ
-ਵਿਦੇਸ਼ੀ ਨਿਵੇਸ਼ਕਾਂ ਲਈ ਕੇਵਾਈਸੀ ਨੂੰ ਸੁਖਾਲਾ ਬਣਾਉਣਾ
-ਰੇਲ ਢਾਂਚੇ ਲਈ 65 ਹਜ਼ਾਰ ਕਰੋੜ
-ਪੁਲਾੜ ‘ਚ ਭਾਰਤ ਦੀ ਤਾਕਤ ਵਧਾਉਣ ਉਤੇ ਜ਼ੋਰ
-ਸਰਕਾਰੀ ਬੈਂਕਾਂ ਨੂੰ ਕਰਜ਼ੇ ਵਜੋਂ ਮਿਲਣਗੇ 70 ਹਜ਼ਾਰ ਕਰੋੜ
-ਨੈਸ਼ਨਲ ਰਿਸਰਚ ਫਾਊਂਡੇਸ਼ਨ ਬਣਾਉਣ ਦੀ ਤਜਵੀਜ਼
– ਐਵੀਏਸ਼ਨ, ਮੀਡੀਆ ਤੇ ਇੰਸ਼ੋਰੈਂਸ ‘ਚ ਐਫ਼ਡੀ.ਆਈ. ਦੀ ਖੁੱਲ੍ਹ
-2022 ਤੱਕ 1.95 ਕਰੋੜ ਘਰ ਬਣਾਉਣ ਦੀ ਯੋਜਨਾ
-ਆਲਮੀ ਨਿਵੇਸ਼ਕ ਸੰਮੇਲਨ ਹਰ ਸਾਲ ਕਰਵਾਉਣ ਦਾ ਫੈਸਲਾ
_______________________
ਸੀਤਾਰਮਨ ਨੇ ਅੰਗਰੇਜ਼ਾਂ ਦੀ ਰਵਾਇਤ ਤੋੜੀ
ਨਵੀਂ ਦਿੱਲੀ: ਭਾਰਤ ਦੀ ਪਹਿਲੀ ਮੁਕੰਮਲ ਮਹਿਲਾ ਵਿੱਤ ਮੰਤਰੀ ਵਜੋਂ ਨਿਰਮਲਾ ਸੀਤਾਰਮਨ ਆਪਣਾ ਪਲੇਠਾ ਕੇਂਦਰੀ ਬਜਟ ਪੇਸ਼ ਕਰਨ ਮੌਕੇ ਦਸਤਾਵੇਜ਼ਾਂ ਨੂੰ ਬ੍ਰੀਫਕੇਸ ਦੀ ਥਾਂ ਰਵਾਇਤੀ ‘ਵਹੀ-ਖਾਤੇ’ ਦੇ ਰੂਪ ਵਿੱਚ ਲਾਲ ਰੰਗ ਦੇ ਰੇਸ਼ਮ ਦੇ ਕੱਪੜੇ ਵਿਚ ਲੈ ਕੇ ਪੁੱਜੇ। ਕੱਪੜੇ ਦੇ ਬਣੇ ਬੈਗ ‘ਤੇ ਰਾਸ਼ਟਰੀ ਚਿੰਨ੍ਹ ਵੀ ਮੌਜੂਦ ਸੀ। ਇਸ ਤੋਂ ਪਹਿਲਾਂ ਵੱਖ ਵੱਖ ਸਰਕਾਰਾਂ ਵਿਚ ਰਹੇ ਵਿੱਤ ਮੰਤਰੀ ਬਜਟ ਨਾਲ ਸਬੰਧਤ ਦਸਤਾਵੇਜ਼ਾਂ ਨੂੰ ਇਕ ਬ੍ਰੀਫਕੇਸ ਵਿਚ ਰੱਖ ਕੇ ਲਿਆਉਂਦੇ ਰਹੇ ਹਨ, ਜਿਸ ਨੂੰ ਬਸਤੀਵਾਦੀ ਯੁੱਗ ਦੀ ਰਵਾਇਤ ਮੰਨਿਆ ਜਾਂਦਾ ਹੈ। ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਮੌਕੇ ਤਤਕਾਲੀਨ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਬਜਟ ਸ਼ਾਮ ਪੰਜ ਵਜੇ ਪੇਸ਼ ਕਰਨ ਦੀ ਬਸਤੀਵਾਦੀ ਰਵਾਇਤ ਨੂੰ ਤੋੜਿਆ ਸੀ। ਰਵਾਇਤੀ ਭਾਰਤੀ ਕਾਰੋਬਾਰੀ ਆਮ ਕਰਕੇ ਆਪਣੇ ਖਾਤਿਆਂ ਦੀ ਸਾਂਭ-ਸੰਭਾਲ ਲਈ ਜਿਨ੍ਹਾਂ ਕਾਪੀਆਂ ਨੂੰ ਵਰਤਦੇ ਹਨ, ਉਨ੍ਹਾਂ ਨੂੰ ਵਹੀ-ਖਾਤੇ ਦਾ ਨਾਂ ਦਿੱਤਾ ਜਾਂਦਾ ਹੈ।
_______________________
ਆਸ ਦੇ ਉਲਟ ਰੱਖਿਆ ਬਜਟ ‘ਚ ਜ਼ਿਆਦਾ ਫੇਰਬਦਲ ਨਹੀਂ
ਨਵੀਂ ਦਿੱਲੀ: ਮੋਦੀ ਸਰਕਾਰ ਨੇ ਆਮ ਬਜਟ ਵਿਚ ਰੱਖਿਆ ਖੇਤਰ ਲਈ ਰਾਖਵੀਂ ਰਾਸ਼ੀ ਨੂੰ ਜ਼ਿਆਦਾ ਨਾ ਘਟਾਉਂਦਿਆਂ-ਵਧਾਉਂਦਿਆਂ ਇਸ ਨੂੰ ਪਿਛਲੀ ਅਲਾਟ ਰਾਸ਼ੀ ਦੇ ਨੇੜੇ ਤੇੜੇ ਹੀ 3.18 ਲੱਖ ਕਰੋੜ ਰੁਪਏ ਉਤੇ ਬਰਕਰਾਰ ਰੱਖਿਆ ਹੈ। ਜਦਕਿ ਸੰਭਾਵਨਾ ਜਤਾਈ ਗਈ ਸੀ ਇਸ ਵਿਚ ਵਾਧਾ ਕੀਤਾ ਜਾ ਸਕਦਾ ਹੈ। ਵਿੱਤੀ ਵਰ੍ਹੇ 2018-19 ਲਈ ਇਹ 2.98 ਲੱਖ ਕਰੋੜ ਰੁਪਏ ਸੀ। ਇਸ ਵਿਚ 6.87 ਫੀਸਦ ਦਾ ਵਾਧਾ ਕੀਤਾ ਗਿਆ ਹੈ। ਰੱਖਿਆ ਬਜਟ ਜੀ.ਡੀ.ਪੀ. ਦੇ 1.6 ਫੀਸਦ ਦੇ ਬਰਾਬਰ ਹੈ ਤੇ ਮਾਹਿਰਾਂ ਮੁਤਾਬਕ ਚੀਨ ਨਾਲ 1962 ਵਿਚ ਹੋਈ ਜੰਗ ਤੋਂ ਬਾਅਦ ਇਹ ਹੁਣ ਤੱਕ ਦਾ ਸਭ ਤੋਂ ਘੱਟ ਵਾਧਾ ਹੈ।
_______________________
ਰੇਲਵੇ ਨੂੰ 65,837 ਕਰੋੜ ਰੁਪਏ ਮਿਲੇ
ਨਵੀਂ ਦਿੱਲੀ: ਰੇਲਵੇ ਨੂੰ 65,837 ਕਰੋੜ ਰੁਪਏ ਦਾ ਬਜਟ ਅਤੇ 1.60 ਲੱਖ ਕਰੋੜ ਰੁਪਏ ਦਾ ਪੂੰਜੀ ਖਰਚਾ ਜਾਰੀ ਕੀਤਾ ਗਿਆ ਹੈ। ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਰੇਲਵੇ ਦੇ ਢਾਂਚੇ ਨੂੰ 2018 ਅਤੇ 2030 ਵਿਚਾਲੇ 50 ਲੱਖ ਕਰੋੜ ਰੁਪਏ ਦੀ ਲੋੜ ਹੈ। ਉਨ੍ਹਾਂ ਰੇਲਵੇ ਦੇ ਤੇਜ਼ੀ ਨਾਲ ਵਿਕਾਸ ਅਤੇ ਮੁਸਾਫਰਾਂ ਨੂੰ ਚੰਗੀਆਂ ਸਹੂਲਤਾਂ ਦੇਣ ਲਈ ਪਬਲਿਕ ਪ੍ਰਾਈਵੇਟ ਭਾਈਵਾਲੀ (ਪੀ.ਪੀ.ਪੀ.) ਦੀ ਤਜਵੀਜ਼ ਪੇਸ਼ ਕੀਤੀ। ਉਨ੍ਹਾਂ ਕਿਹਾ, ‘ਰੇਲ ਮੰਤਰਾਲਾ ਨੀਮ ਸ਼ਹਿਰੀ ਇਲਾਕਿਆਂ ‘ਚ ਸਪੈਸ਼ਲ ਪਰਪਜ਼ ਵ੍ਹੀਕਲਜ਼ (ਐਸ਼ਪੀ.ਵੀਜ਼.) ਰਾਹੀਂ ਨਿਵੇਸ਼ ਕਰੇਗਾ ਅਤੇ ਪੀ.ਪੀ.ਪੀ. ਰਾਹੀਂ ਮੈਟਰੋ ਰੇਲ ਨੈਟਵਰਕ ਨੂੰ ਹੁਲਾਰਾ ਦੇਵੇਗਾ।’ ਸਰਕਾਰ ਢੋਆ-ਢੁਆਈ ਲਈ ਨਦੀਆਂ ਦੀ ਮਾਰਗਾਂ ਵਜੋਂ ਵਰਤੋਂ ਕਰੇਗੀ। ਇਸ ਸਾਲ ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਨ ਵੀ ਸ਼ੁਰੂ ਕੀਤਾ ਜਾਵੇਗਾ।
_______________________
ਕੇਂਦਰੀ ਬਜਟ ਪੂਰੀ ਤਰ੍ਹਾਂ ਦਿਸ਼ਾਹੀਣ: ਕੈਪਟਨ
ਚੰਡੀਗੜ੍ਹ: ਕੇਂਦਰੀ ਬਜਟ ਨੂੰ ਦਿਸ਼ਾਹੀਣ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਵਿਚ ਸਮਾਜ ਦੇ ਕਿਸੇ ਵਰਗ ਨੂੰ ਕੁਝ ਨਹੀਂ ਦਿੱਤਾ ਗਿਆ ਅਤੇ ਰੱਖਿਆ ਵਰਗੇ ਅਹਿਮ ਖੇਤਰ ਨੂੰ ਵੀ ਅਣਗੌਲਿਆ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਲਈ ਵੀ ਫੰਡ ਨਹੀਂ ਰੱਖੇ ਗਏ। ਕੇਂਦਰੀ ਬਜਟ ਦੀ ਨਿਖੇਧੀ ਕਰਦਿਆਂ ਮੁੱਖ ਮੰਤਰੀ ਨੇ ਇਸ ਨੂੰ ਲੰਮੀਆਂ ਗੱਲਾਂ ਤੇ ਸੰਖੇਪ ਕੰਮਾਂ ਵਾਲਾ ਬਜਟ ਗਰਦਾਨਿਆ। ਉਨ੍ਹਾਂ ਕਿਹਾ ਕਿ ਬਜਟ ਵਿਚ ਰਾਸ਼ਟਰੀ ਹਿੱਤਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਗਿਆ ਹੈ। ਦੇਸ਼ ਦੇ ਵਾਧੇ ਤੇ ਵਿਕਾਸ ਲਈ ਕੋਈ ਵੀ ਰੂਪ-ਰੇਖਾ ਬਜਟ ਵਿਚ ਪੇਸ਼ ਨਹੀਂ ਕੀਤੀ ਗਈ।
_______________________
ਛੋਟੇ ਸਨਅਤਕਾਰਾਂ ਦੀਆਂ ਉਮੀਦਾਂ ਟੁੱਟੀਆਂ
ਲੁਧਿਆਣਾ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਬਜਟ ਤੋਂ ਪੰਜਾਬ ਦੇ ਛੋਟੇ ਸਨਅਤਕਾਰਾਂ ਨੂੰ ਬਹੁਤ ਉਮੀਦਾਂ ਸਨ ਪਰ ਬਜਟ ਦੇਖਣ ਤੋਂ ਬਾਅਦ ਇਥੋਂ ਦੇ ਸਨਅਤਕਾਰਾਂ ਨੂੰ ਸਿਰਫ ਨਿਰਾਸ਼ਾ ਹੀ ਮਿਲੀ। ਦੂਜੇ ਪਾਸੇ ਵੱਡੇ ਸਨਅਤਕਾਰਾਂ ਨੇ ਬਜਟ ਦੀ ਸ਼ਲਾਘਾ ਕੀਤੀ ਹੈ। ਛੋਟੀਆਂ ਸਨਅਤਾਂ ਤੇ ਐਮ.ਐਸ਼ਐਮ.ਈ. ਲਈ ਕੁਝ ਨਾ ਹੋਣ ਕਾਰਨ ਸਨਅਤਕਾਰ ਨਿਰਾਸ਼ ਹੋਏ। ਸਰਕਾਰ ਨੇ ਬਜਟ ਦੌਰਾਨ ਸਨਅਤਕਾਰਾਂ ਨੂੰ 59 ਮਿੰਟ ‘ਚ ਇਕ ਕਰੋੜ ਦਾ ਕਰਜ਼ ਦੇਣ ਦੀ ਗੱਲ ਦੁਬਾਰਾ ਆਖੀ ਪਰ ਕਾਰੋਬਾਰੀਆਂ ਦੀ ਮੰਨੀਏ ਤਾਂ ਇਹ ਸਿਰਫ ਕਾਗਜ਼ੀ ਐਲਾਨ ਹੀ ਹੈ।