ਫਰੀਦਕੋਟ: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਤੇ ਬਰਗਾੜੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੀ ਪੜਤਾਲ ਪ੍ਰਕਿਰਿਆ ਲੋਕ ਸਭਾ ਚੋਣਾਂ ਤੋਂ ਬਾਅਦ ਸੁਸਤ ਹੋ ਗਈ ਹੈ। ਬਹਿਬਲ ਕਾਂਡ ਵਿਚ ਨਾਮਜ਼ਦ ਕੀਤੇ ਗਏ ਦੋਸ਼ੀ ਪੁਲਿਸ ਅਧਿਕਾਰੀ ਕੈਂਪ ਦਫਤਰ ਦੇ ਚੱਕਰ ਲਾ ਰਹੇ ਹਨ ਪਰ ਉਨ੍ਹਾਂ ਤੋਂ ਪੁੱਛਗਿੱਛ ਕਰਨ ਲਈ ਕੋਈ ਅਧਿਕਾਰੀ ਤਿਆਰ ਨਹੀਂ ਹੈ।
ਬਹਿਬਲ ਕਾਂਡ ਵਿਚ ਦੋਸ਼ ਪੱਤਰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਵਿਵਾਦਾਂ ‘ਚ ਘਿਰੀ ਜਾਂਚ ਟੀਮ ਦੇ ਮੈਂਬਰਾਂ ਦਾ ਆਪਸੀ ਟਕਰਾਅ ਜੱਗ ਜ਼ਾਹਰ ਹੋਣ ਤੋਂ ਬਾਅਦ ਜਾਂਚ ਟੀਮ ਦਾ ਕੋਈ ਵੀ ਅਧਿਕਾਰੀ ਫਰੀਦਕੋਟ ਨਹੀਂ ਆਇਆ।
ਉਧਰ, ਕੋਟਕਪੂਰਾ ਗੋਲੀ ਕਾਂਡ ਮਾਮਲੇ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਵਲੋਂ ਪੇਸ਼ ਹੋਏ ਐਡਵੋਕੇਟ ਜਨਰਲ ਗੌਰਵ ਧੂਰੀ ਨੇ ਕਿਹਾ ਕਿ ਹਾਲ ਦੀ ਘੜੀ ਪੰਜਾਬ ਸਰਕਾਰ ਕੋਟਕਪੂਰਾ ਗੋਲੀ ਕਾਂਡ ਵਿਚ ਕੋਈ ਨਵੀਂ ਕਾਰਵਾਈ ਨਹੀਂ ਕਰ ਰਹੀ। ਪੰਜਾਬ ਸਰਕਾਰ ਦੇ ਸਟੈਂਡ ਨਾਲ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ, ਆਈ.ਜੀ. ਅਮਰ ਸਿੰਘ ਚਹਿਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖਿਲਾਫ ਕਾਰਵਾਈ ਦੇ ਆਸਾਰ ਮੱਧਮ ਲੱਗ ਰਹੇ ਹਨ। ਪਹਿਲਾਂ 24 ਮਈ ਨੂੰ ਜਾਂਚ ਟੀਮ ਨੇ ਦਾਅਵਾ ਕੀਤਾ ਸੀ ਕਿ ਉਹ ਸੁਖਬੀਰ ਸਿੰਘ ਬਾਦਲ ਸਮੇਤ ਬਾਕੀ ਪੁਲਿਸ ਅਧਿਕਾਰੀਆਂ ਖਿਲਾਫ ਕੋਟਕਪੂਰਾ ਗੋਲੀ ਕਾਂਡ ਵਿਚ ਕਿਸੇ ਵੀ ਸਮੇਂ ਚਲਾਨ ਪੇਸ਼ ਕਰ ਸਕਦੀ ਹੈ। ਕੋਟਕਪੂਰਾ ਅਤੇ ਬਹਿਬਲ ਕਾਂਡ ਵਿਚ ਗ੍ਰਿਫਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਨੂੰ ਜਾਂਚ ਟੀਮ ਦੇ ਸਖਤ ਵਿਰੋਧ ਦੇ ਬਾਵਜੂਦ ਜ਼ਮਾਨਤ ਮਿਲ ਚੁੱਕੀ ਹੈ ਕਿਉਂਕਿ ਜਾਂਚ ਟੀਮ ਵੱਲੋਂ ਪੇਸ਼ ਕੀਤੀ ਗਈ ਚਾਰਜਸ਼ੀਟ ਉਨ੍ਹਾਂ ਦੇ ਦਾਅਵਿਆਂ ‘ਤੇ ਖਰੀ ਨਹੀਂ ਉਤਰੀ।
27 ਮਈ ਨੂੰ ਕੋਟਕਪੂਰਾ ਗੋਲੀ ਕਾਂਡ ਵਿਚ ਦਾਇਰ ਕੀਤੀ ਗਈ ਚਾਰਜਸ਼ੀਟ ਸਮੇਂ ਵੀ ਆਈ.ਜੀ. ਕੁੰਵਰ ਵਿਜੈਪ੍ਰਤਾਪ ਸਿੰਘ ਫਰੀਦਕੋਟ ਨਹੀਂ ਆਏ। ਉਨ੍ਹਾਂ ਕੋਟਕਪੂਰਾ ਗੋਲੀ ਕਾਂਡ ਵਿਚ ਤਿਆਰ ਕੀਤੀ ਗਈ ਚਾਰਜਸ਼ੀਟ ਵਿਚ ਦਾਅਵਾ ਕੀਤਾ ਸੀ ਕਿ ਉਹ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅਤੇ ਡੀ.ਆਈ.ਜੀ. ਅਮਰ ਸਿੰਘ ਚਾਹਲ ਦੇ ਕੋਟਕਪੂਰਾ ਗੋਲੀ ਕਾਂਡ ਵਿਚ ਨਿਭਾਏ ਰੋਲ ਦੀ ਪੜਤਾਲ ਕਰ ਰਹੇ ਹਨ ਅਤੇ ਉਨ੍ਹਾਂ ਖਿਲਾਫ ਵੀ ਅਦਾਲਤ ਵਿਚ ਚਲਾਨ ਦਿੱਤਾ ਜਾ ਸਕਦਾ ਹੈ ਪਰ 27 ਮਈ ਤੋਂ ਬਾਅਦ ਜਾਂਚ ਟੀਮ ਨੇ ਆਪਣੀ ਪੜਤਾਲ ਨੂੰ ਅੱਗੇ ਨਹੀਂ ਤੋਰਿਆ। ਜਾਂਚ ਟੀਮ ਵੱਲੋਂ ਜੇਲ੍ਹ ‘ਚ ਮਾਰੇ ਗਏ ਡੇਰਾ ਪ੍ਰੇਮੀ ਬਾਰੇ ਪੁੱਛ ਪੜਤਾਲ ਕਰਨ ਦੇ ਦਾਅਵੇ ਵੀ ਖੋਖਲੇ ਨਜ਼ਰ ਆ ਰਹੇ ਹਨ।