ਪ੍ਰਕਾਸ਼ ਪੁਰਬ ਸਮਾਗਮਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਸੁਖਬੀਰ ਨੂੰ ਅੱਗੇ ਲਾਉਣ ਤੋਂ ਕੈਪਟਨ ਸਰਕਾਰ ਔਖੀ

ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ ‘ਤੇ ਇਤਰਾਜ਼ ਜਤਾਏ ਹਨ।

ਪੱਤਰ ਵਿਚ ਰੰਧਾਵਾ ਨੇ ਕਿਹਾ ਹੈ ਕਿ ਪ੍ਰਕਾਸ਼ ਪੁਰਬ ਸਾਰੀਆਂ ਧਿਰਾਂ ਵੱਲੋਂ ਸਾਂਝੇ ਤੌਰ ‘ਤੇ ਮਨਾਉਣ ਦੀ ਪਹਿਲਕਦਮੀ ਤਹਿਤ ਉਹ ਦੋ ਹੋਰ ਮੰਤਰੀਆਂ ਸਣੇ ਪਿਛਲੇ ਦਿਨੀਂ ਜਥੇਦਾਰ ਤੇ ਐਸ਼ਜੀ.ਪੀ.ਸੀ. ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਮਿਲੇ ਸਨ। ਅਕਾਲ ਤਖਤ ਸਾਹਿਬ ਦਫਤਰ ਵਿਚ ਮੁਲਾਕਾਤ ਸਦਭਾਵਨਾ ਵਾਲੇ ਮਾਹੌਲ ਵਿਚ ਹੋਈ। ਮੀਟਿੰਗ ਵਿਚ ਸਹਿਮਤੀ ਬਣੀ ਸੀ ਕਿ ਗੁਰਦੁਆਰਾ ਸਾਹਿਬ ਦੇ ਅੰਦਰਲੇ ਸਾਰੇ ਸਮਾਗਮ ਸ਼੍ਰੋਮਣੀ ਕਮੇਟੀ ਕਰੇਗੀ ਅਤੇ ਬਾਹਰਲੇ ਪ੍ਰਬੰਧ ਪੰਜਾਬ ਸਰਕਾਰ ਕਰੇਗੀ। ਇਹ ਵੀ ਤੈਅ ਹੋ ਗਿਆ ਸੀ ਕਿ ਮੁੱਖ ਸਮਾਗਮ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ, ਸਮਾਪਤੀ ਮੌਕੇ ਅਰਦਾਸ ਕਰਨ, ਹੁਕਮਨਾਮਾ ਲੈਣ ਅਤੇ ਕੜਾਹ-ਪ੍ਰਸ਼ਾਦ ਵਰਤਾਉਣ ਦੀ ਸੇਵਾ ਵੀ ਸ਼੍ਰੋਮਣੀ ਕਮੇਟੀ ਕਰੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਮੁੱਖ ਸਮਾਗਮ ਦੀ ਰੂਪ-ਰੇਖਾ ਉਲੀਕਣ ਅਤੇ ਇਸ ਮੌਕੇ ਦੁਨੀਆਂ ਭਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸੱਦਾ ਦੇਣ ਵਰਗੇ ਹੋਰ ਮਹੱਤਵਪੂਰਨ ਮਾਮਲਿਆਂ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ ਵੀ ਮੁੱਖ ਮੰਤਰੀ ਛੇਤੀ ਹੀ ਅਕਾਲ ਤਖਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਮੀਟਿੰਗ ਕਰਨਗੇ।
ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਪਹਿਲਕਦਮੀ ਸਦਕਾ ਹੋਈ ਇਸ ਮੀਟਿੰਗ ਦਾ ਪੂਰੇ ਸਿੱਖ ਜਗਤ ਵਿਚ ਚੰਗਾ ਪ੍ਰਭਾਵ ਗਿਆ ਸੀ ਕਿਉਂਕਿ ਹਰ ਗੁਰੂ ਨਾਨਕ ਨਾਮ ਲੇਵਾ ਪ੍ਰਾਣੀ ਇਹ ਚਾਹੁੰਦਾ ਹੈ ਕਿ ਪ੍ਰਕਾਸ਼ ਪੁਰਬ ਮਿਲ ਕੇ ਮਨਾਇਆ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਇਸ ਦੇ ਉਲਟ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਅਕਾਲੀ ਦਲ ਦਾ ਪੱਖ ਪੂਰ ਰਹੇ ਹਨ। ਲੌਂਗੋਵਾਲ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਵਫਦ ਦਾ ਹਿੱਸਾ ਬਣ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਕਾਸ਼ ਪੁਰਬ ਵਿਚ ਸ਼ਾਮਲ ਹੋਣ ਦਾ ਸੱਦਾ ਪੱਤਰ ਦੇਣ ਗਏ ਹਨ। ਉਨ੍ਹਾਂ ਕਿਹਾ ਕਿ ਭਾਈ ਲੌਗੋਵਾਲ ਦੀ ਇਸ ਕਾਰਵਾਈ ਨਾਲ ਸ਼੍ਰੋਮਣੀ ਕਮੇਟੀ ਦੇ ਵੱਕਾਰ ਨੂੰ ਠੇਸ ਪਹੁੰਚੀ ਹੈ ਤੇ ਇਤਿਹਾਸਕ ਦਿਹਾੜਾ ਰਲ-ਮਿਲ ਕੇ ਮਨਾਉਣ ਲਈ ਕੀਤੇ ਯਤਨਾਂ ਨੂੰ ਵੀ ਢਾਹ ਲੱਗੀ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ ਪੰਜਾਬ ਵਿਚ ਮਨਾਉਣ ਲਈ ਦੋ ਹੀ ਪ੍ਰਮੁੱਖ ਧਿਰਾਂ ਹਨ। ਇਕ ਲੋਕਾਂ ਦੁਆਰਾ ਚੁਣੀ ਹੋਈ ਪੰਜਾਬ ਸਰਕਾਰ ਤੇ ਦੂਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਚੁੱਕੇ ਗਏ ਇਸ ਕਦਮ ਨਾਲ ਦੋਵਾਂ ਧਿਰਾਂ ਦਾ ਆਪਸੀ ਵਿਸ਼ਵਾਸ ਤਿੜਕਿਆ ਹੈ।