ਨਜ਼ਰਅੰਦਾਜ਼ੀ ਤੋਂ ਨਿਜ਼ਾਤ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਅੰਕ ਵਿਚ ਡਾ. ਭੰਡਾਲ ਨੇ ਜ਼ਖਮਾਂ, ਸੱਟਾਂ ਦਾ ਵਿਖਿਆਨ ਕੀਤਾ ਸੀ, “ਜ਼ਖਮ ਸਰੀਰਕ ਵੀ ਤੇ ਮਾਨਸਿਕ ਵੀ, ਬਾਹਰੀ ਵੀ ਤੇ ਅੰਦਰੂਨੀ ਵੀ, ਦਿਸਦਾ ਵੀ ਤੇ ਅਦਿੱਸਦਾ ਵੀ, ਡੂੰਘਾ ਫੱਟ ਵੀ ਤੇ ਝਰੀਟ ਵੀ ਅਤੇ ਰਿਸਦਾ ਵੀ ਤੇ ਆਇਆ ਖਰੀਂਡ ਵੀ।”

ਜ਼ਿੰਦਗੀ ਵਿਚ ਬਹੁਤ ਕੁਝ ਹੁੰਦਾ ਹੈ, ਜਿਸ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ ਅਤੇ ਬਹੁਤ ਕੁਝ ਅਜਿਹਾ ਵੀ ਹੁੰਦਾ ਹੈ ਜਿਸ ਨੂੰ ਬਿਲਕੁਲ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਹਥਲੇ ਲੇਖ ਵਿਚ ਡਾ. ਭੰਡਾਲ ਕਹਿੰਦੇ ਹਨ, “ਨਜ਼ਰਅੰਦਾਜ਼ੀ, ਪ੍ਰਤੱਖ ਵੀ ਤੇ ਅਪ੍ਰਤੱਖ ਵੀ, ਸਾਹਮਣੇ ਵੀ ਤੇ ਓਹਲੇ ‘ਚ ਵੀ ਅਤੇ ਗੱਲਬਾਤ ‘ਚ ਵੀ ਤੇ ਲਿਖਤ ‘ਚ ਵੀ।” ਉਨ੍ਹਾਂ ਦੀ ਨਸੀਹਤ ਹੈ, “ਰੁੱਸਿਆਂ ਨੂੰ ਨਜ਼ਰਅੰਦਾਜ਼ ਨਾ ਕਰੋ, ਸਗੋਂ ਮਨਾਓ। ਪਤਾ ਨਹੀਂ ਕਿਸ ਮੋੜ ‘ਤੇ ਸਾਹ ਬੇਵਫਾ ਹੋ ਜਾਣ ਅਤੇ ਜ਼ਿੰਦਗੀ ਦੀ ਸ਼ਾਮ ਉਤਰ ਆਵੇ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਨਜ਼ਰਅੰਦਾਜ਼ੀ, ਦੇਖ ਕੇ ਅਣਡਿੱਠ ਕਰਨਾ, ਜਾਣ-ਬੁੱਝ ਕੇ ਨਜ਼ਰ ਮਿਲਾਉਣ ਤੋਂ ਆਨਾ-ਕਾਨੀ, ਗੱਲ ਕਰਨ ਤੋਂ ਗੁਰੇਜ਼, ਅਣਪੱਤ ਦਿਖਾਉਣ ਤੋਂ ਓਪਰਾਪਣ ਅਤੇ ਨਿੱਜੀ-ਦਾਇਰੇ ‘ਚ ਦਾਖਲੇ ਤੋਂ ਇਨਕਾਰ।
ਨਜ਼ਰਅੰਦਾਜ਼ੀ, ਉਚਤਮਤਾ ਦਾ ਫੋਕਾ ਭਰਮ, ਰੁਤਬੇ ਦਾ ਕਾਗਜ਼ੀ ਰੋਅਬ, ਕੁਰਸੀ ਦੀ ਹੈਂਕੜ, ਧਨ-ਦੌਲਤ ਦਾ ਗੁਮਾਨ ਅਤੇ ਜਾਤੀ-ਉਚਤਾ ਦਾ ਫਤੂਰ।
ਨਜ਼ਰਅੰਦਾਜ਼ੀ, ਪ੍ਰਤੱਖ ਵੀ ਤੇ ਅਪ੍ਰਤੱਖ ਵੀ, ਸਾਹਮਣੇ ਵੀ ਤੇ ਓਹਲੇ ‘ਚ ਵੀ ਅਤੇ ਗੱਲਬਾਤ ‘ਚ ਵੀ ਤੇ ਲਿਖਤ ‘ਚ ਵੀ।
ਨਜ਼ਰਅੰਦਾਜ਼ੀ, ਮਨੁੱਖੀ ਮਨ ਦਾ ਸੌੜਾਪਣ, ਫਿਤਰਤ ਦਾ ਫੋਕਾਪਣ, ਸੋਚ-ਦਾਇਰਿਆਂ ਦੀ ਸੀਮਾਬੰਦੀ, ਸੌੜੀ ਮਾਨਸਿਕਤਾ ਅਤੇ ਕਮੀਨਗੀ ਦੀ ਕਹਾਣੀ।
ਨਜ਼ਰਅੰਦਾਜ਼ੀ, ਨਜ਼ਰ ਨਾ ਮਿਲਾਉਣਾ ਹੀ ਨਹੀਂ ਹੁੰਦਾ, ਸਗੋਂ ਸੋਚ, ਵਿਚਾਰ, ਵਿਹਾਰ ਅਚਾਰ ਅਤੇ ਗੁਫਤਾਰ ਰਾਹੀਂ ਵੀ ਨਜ਼ਰਅੰਦਾਜ਼ੀ ਦਾ ਪ੍ਰਤੱਖ ਪ੍ਰਗਟਾਓ।
ਨਜ਼ਰਅੰਦਾਜ਼ੀ ਇਕ ਭਰਮ, ਮੁਖੌਟਾ, ਤ੍ਰੇੜਿਆ ਤਲਿਸਮ, ਹੌਲਾ ਹਰਖਿਆਪਣ ਅਤੇ ਸ਼ਖਸੀ ਹਲਕੇਪਣ ਦਾ ਦ੍ਰਿਸ਼।
ਨਜ਼ਰਅੰਦਾਜ਼ ਕਰੋ, ਉਨ੍ਹਾਂ ਗੱਲਾਂ, ਕ੍ਰਿਆਵਾਂ ਜਾਂ ਮਨੁੱਖਾਂ ਨੂੰ, ਜੋ ਜ਼ਿੰਦਗੀ ਵਿਚ ਤੁਹਾਡੇ ਲਈ ਨਾਕਾਰਾਤਮਿਕਤਾ ਉਪਜਾਉਂਦੇ, ਮੋਢੇ ‘ਤੇ ਸ਼ਿਕਵੇ ਤੇ ਸੰਤਾਪ ਦੀ ਬਗਲੀ ਪਾਉਂਦੇ, ਤੁਹਾਨੂੰ ਪੀੜ, ਦਰਦ ਤੇ ਗਮ ਦਾ ਗੀਤ ਬਣਾਉਂਦੇ, ਦਰ-ਬ-ਦਰ ਰਹਿਮ ਦੀ ਭੀਖ ਲਈ ਮੰਗਣ ਲਾਉਂਦੇ ਅਤੇ ਫਿਰ ਤੁਹਾਡੀ ਖਿੱਲੀ ਉਡਾਉਂਦੇ।
ਨਜ਼ਰਅੰਦਾਜ਼ ਕਰੋ, ਮਨ ‘ਚ ਪੈਦਾ ਹੋਣ ਵਾਲੇ ਵਿਕਾਰਾਂ, ਵਿਭਚਾਰਾਂ ਅਤੇ ਉਨ੍ਹਾਂ ਵਿਚਾਰਾਂ ਨੂੰ ਜਿਨ੍ਹਾਂ ਦੇ ਗਰਭ ਵਿਚ ਕੁਤਾਹੀਆਂ, ਕਮੀਨਗੀਆਂ, ਕਰਤੂਤਾਂ ਅਤੇ ਕੁਲਹਿਣੇ ਵਕਤਾਂ ਦੀ ਤਾਜਪੋਸ਼ੀ ਹੁੰਦੀ।
ਨਜ਼ਰਅੰਦਾਜ਼ ਕਰੋ, ਉਨ੍ਹਾਂ ਲੋਕਾਂ ਨੂੰ, ਜੋ ਤੁਹਾਡੇ ਰਾਹਾਂ ‘ਚ ਸੂਲਾਂ ਉਗਾਉਂਦੇ, ਪੈਰਾਂ ਦੀਆਂ ਤਲੀਆਂ ਨੂੰ ਲਹੂ-ਲੁਹਾਣ ਕਰਦੇ ਅਤੇ ਮੰਜ਼ਿਲ-ਮਾਰਗ ‘ਚ ਧੁੰਦਲਕਾ ਉਪਜਾਉਂਦੇ। ਦੀਦਿਆਂ ਵਿਚ ਦਿਸਹੱਦਿਆਂ ਦੀ ਅਸੰਭਵਤਾ ਦਾ ਅਜਿਹਾ ਡਰ ਉਪਜਾਉਂਦੇ ਕਿ ਸਾਹ ਵੀ ਸਿਸਕਣ ਲੱਗਦੇ।
ਨਜ਼ਰਅੰਦਾਜ਼ ਕਰੋ, ਉਨ੍ਹਾਂ ਕਮੀਨਿਆਂ ਨੂੰ ਜੋ ਸਾਜ਼ਿਸ਼ਾਂ ਘੜ੍ਹਦੇ, ਪਾਕ ਦਿੱਖ ਨੂੰ ਕਲੰਕਿਤ ਕਰਨ ਲਈ ਤਤਪਰ, ਰੂਹ ‘ਚ ਛਿਲਤਰਾਂ ਖਭੋਂਦੇ ਅਤੇ ਫਿਰ ਲੂਣ ਛਿੜਕ ਕੇ ਤੜਪਣ ਲਾਉਂਦੇ।
ਨਜ਼ਰਅੰਦਾਜ਼ ਕਰੋ, ਉਨ੍ਹਾਂ ਮੁਖੌਟਾਧਾਰੀਆਂ ਨੂੰ, ਜੋ ਕੁਚੱਜੀ, ਕਰੂਰ, ਕਰੂਪ ਅਤੇ ਕੁਲਹਿਣੀ ਸੰਗਤ ਦਾ ਲਕਬ ਨੇ। ਅਜਿਹੀ ਕੁਸੰਗਤੀ ਵਿਚ ਉਲਾਹਮੇ, ਸ਼ਿਕਾਇਤਾਂ ਅਤੇ ਸ਼ਿਕਵਿਆਂ ਦੀ ਹੀ ਸੋਅ ਆਉਂਦੀ।
ਨਜ਼ਰਅੰਦਾਜ਼ ਕਰੋ, ਫੁਹਸ਼ ਸਾਹਿਤ ਅਤੇ ਕੋਝੀ ਕਲਾ ਨੂੰ, ਜੋ ਉਲਾਰ-ਮਾਨਸਿਕਤਾ ਨੂੰ ਪੈਦਾ ਕਰਦੀ। ਮਾੜੇ ਵਿਚਾਰ, ਭੱਦੇ ਖਿਆਲ ਅਤੇ ਚਰਿੱਤਰਹੀਣਤਾ ਦਾ ਕੁਸੱਤ ਹੁੰਦੇ। ਇਸ ਵਿਚੋਂ ਮੰਥਨ, ਸੰਵੇਦਨਾ ਅਤੇ ਸੰਵਾਦ ਗੈਰ-ਹਾਜ਼ਰ। ਨਿਰੋਲ ਰਸਵਾਦੀ ਸਾਹਿਤ ਮਾਨਵੀ ਰਸ-ਹੀਣਤਾ ਦਾ ਆਧਾਰ ਅਤੇ ਇਸ ਤੋਂ ਬਚਣਾ ਹੀ ਮਨੁੱਖ ਦਾ ਸਰਬੋਤਮ ਕਿਰਦਾਰ।
ਨਜ਼ਰਅੰਦਾਜ਼ ਉਨ੍ਹਾਂ ਥਾਂਵਾਂ, ਰਾਹਾਂ, ਸਭਾਵਾਂ ਅਤੇ ਸੰਸਥਾਵਾਂ ਨੂੰ ਕਰੋ, ਜੋ ਰਸਾਤਲ ਵੰਨੀ ਲੈ ਕੇ ਜਾਂਦੀਆਂ, ਜਿਨ੍ਹਾਂ ਦੇ ਮੱਥੇ ‘ਤੇ ਉਗਿਆ ਏ ਕੁਕਰਮ ਅਤੇ ਉਨ੍ਹਾਂ ਦੀ ਕੀਰਤੀ ਵਿਚ ਪਾਪ ਦੀ ਜੰਝ ਦਾ ਜ਼ਲਜ਼ਲਾ।
ਨਜ਼ਰਅੰਦਾਜ਼ ਕਰਨਾ ਹੀ ਏ ਤਾਂ ਉਸ ਕਲਮ ਨੂੰ ਕਰੋ, ਜੋ ਕੀਰਨਿਆਂ ਦੀ ਜਨਮਦਾਤੀ; ਬੁਰਸ਼ ਨੂੰ, ਜੋ ਵਾਹੁੰਦਾ ਏ ਕਾਲੇ ਹਾਸ਼ੀਏ; ਸੋਚ ਨੂੰ, ਜੋ ਕੱਟੜਤਾ ਦੀ ਕਟਾਰ ਸੰਗ ਮਨੁੱਖੀ ਤਬਾਹੀ ਦੀ ਆਧਾਰਸ਼ਿਲਾ; ਉਸ ਖੋਜ ਨੂੰ, ਜੋ ਮਾਨਵਤਾ ਦਾ ਮਰਸੀਆ ਪੜ੍ਹੇ ਅਤੇ ਮਨੁੱਖੀ ਭਾਵਨਾਵਾਂ ਦਾ ਸਿਵਾ ਸੇਕੇ, ਪਰ ਉਸ ਖੋਜ ਨੂੰ ਅਪਨਾਓ, ਜੋ ਸੁਚਾਰੂ, ਉਸਾਰੂ ਅਤੇ ਅਰਥ-ਭਰਪੂਰ ਵਰਤਾਰਿਆਂ ਨਾਲ ਮਨੁੱਖਤਾ ਲਈ ਤੋਹਫਾ ਬਣੇ, ਨਾ ਕਿ ਕਫਨ ਬਣ ਕੇ ਕਬਰ-ਪਿੰਡਾਂ ਦੀ ਉਸਾਰੀ ਕਰੇ।
ਖੁਦ ਦੀ ਨਾਲਾਇਕੀ, ਨਾ-ਅਹਿਲੀਅਤ ਅਤੇ ਨਾ-ਕਾਬਲੀਅਤ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ, ਕਿਉਂਕਿ ਪੂਰਨਤਾ ਲਈ ਅਪੂਰਨਤਾ ਨੂੰ ਸਮਝਣਾ ਅਤੇ ਊਣੇਪਣ ਨੂੰ ਭਰਨ ਲਈ ਯਤਨ ਕਰਕੇ ਹੀ ਪੂਰਤੀ ਨਾਲ ਸੁਲੱਗ ਸਿਰਜਣਾ ਮਨੁੱਖ ਦਾ ਹਾਸਲ ਬਣਦੀ।
ਨਜ਼ਰਅੰਦਾਜ਼ ਕਦੇ ਨਾ ਕਰੋ ਉਨ੍ਹਾਂ ਸਹਿਯੋਗੀਆਂ, ਸਹਿਕਰਮੀਆਂ ਅਤੇ ਸੰਗੀ-ਸਾਥੀਆਂ ਨੂੰ, ਜੋ ਤੁਹਾਡੇ ਅੰਗ-ਸੰਗ ਰਹਿੰਦੇ, ਤੁਹਾਡੀ ਸਫਲਤਾ ਦਾ ਆਧਾਰ ਹਨ। ਹੱਲਾਸ਼ੇਰੀ, ਪ੍ਰੇਰਨਾ, ਮਦਦ ਅਤੇ ਮਾਰਗ-ਦਰਸ਼ਨਾ ਸਿਰਫ ਆਪਣੇ ਹੀ ਕਰਦੇ। ਪਲਕਾਂ ਵਿਛਾਉਂਦੇ, ਰਾਹਾਂ ‘ਚ ਚਾਨਣ ਛਿੜਕਾਉਂਦੇ ਤਾਂ ਕਿ ਤੁਹਾਡੇ ਦੀਦਿਆਂ ‘ਚ ਚੰਗੇਰੇ ਸੁਪਨਿਆਂ ਦੀ ਆਭਾ ਹੋਰ ਨਿਖਰੇ।
ਕਦੇ ਵੀ ਨਜ਼ਰਅੰਦਾਜ਼ ਨਾ ਕਰੋ ਉਸ ਕਦਮ ਨੂੰ ਜਿਸ ਨਾਲ ਕਮਜੋਰੀ ਸਾਬਤ ਹੋਵੇ ਜਾਂ ਮੰਦ-ਭਾਵਨਾ ਤੇ ਘਟੀਆ ਸੋਚ, ਜੋ ਕੁਕਰਮਾਂ ਦੀ ਖੇਤੀ ਕਰੇ। ਇਨ੍ਹਾਂ ਨੂੰ ਸੁਧਾਰ ਕੇ ਹੀ ਸੰਪੂਰਨ ਹੋਇਆ ਜਾ ਸਕਦਾ।
ਨਜ਼ਰਅੰਦਾਜ਼ ਕਦੇ ਨਾ ਕਰਿਓ ਉਸ ਸੰਦਲੀ ਸੁਪਨੇ ਨੂੰ, ਜੋ ਦੀਦਿਆਂ ਦਾ ਹਾਸਲ, ਸੋਚ ਦਾ ਸੁਗੰਧ-ਸਰਵਰ, ਸਾਹ-ਸੰਵੇਦਨਾ ਦਾ ਸ਼ਰਫ ਅਤੇ ਸੁਪਨ-ਸਫਲਤਾ ਦਾ ਹਰਫ ਬਣਨ ਦਾ ਆਸਵੰਦ। ਸੁਪਨਾ ਲੈਣਾ, ਸ਼ੁਭ ਅਰੰਭ। ਸ਼ੁਭ ਅਰਥੀ ਆਗਾਜ਼। ਅਨੁਭਵੀ ਸਿਰੜ ਸਾਧਨਾ ਨੇ ਬਣਾਉਣਾ ਇਸ ਨੂੰ ਸਿਰ ਦਾ ਤਾਜ। ਅਸਫਲ ਵਿਅਕਤੀ ਉਹ ਹੀ ਹੁੰਦੇ, ਜੋ ਸੁਪਨੇ ਨੂੰ ਨਜ਼ਰਅੰਦਾਜ਼ ਕਰਦੇ ਅਤੇ ਵਕਤ ਬੀਤ ਜਾਣ ਪਿਛੋਂ ਤਾਅ-ਉਮਰ ਠੰਢੇ ਹਉਕੇ ਭਰਦੇ।
ਨਜ਼ਰਅੰਦਾਜ਼ ਨਾ ਕਰੋ ਉਸ ਸਬੱਬ ਨੂੰ, ਜੋ ਹੁੰਦਾ ਏ ਦਰ-ਦਸਤਕ ਬਣਿਆ ਰੱਬ। ਇਸ ਨੇ ਬਣਨਾ ਏ ਹਾਸਲ ਦਾ ਹੱਜ, ਸੁਰਖ ਹੋਣਾ ਏ ਆਉਣ ਵਾਲਾ ਕੱਲ ਤੇ ਅੱਜ। ਕੁਝ ਮੌਕੇ ਤੁਹਾਡਾ ਮਸਤਕ ਠਕੋਰਦੇ। ਇਨ੍ਹਾਂ ਦਾ ਫਾਇਦਾ ਉਠਾਉਣਾ ਹੀ ਉਚੇਰੀਆਂ ਬੁਲੰਦੀਆਂ ਦੀ ਬਖਸ਼ਿਸ਼। ਅਜਿਹੀ ਬਖਸ਼ਿਸ਼ ਵਿਹੂਣੇ ਲੋਕ ਕਰਮਹੀਣ, ਜਿਨ੍ਹਾਂ ਦੇ ਪੱਲੇ ਰਹਿ ਜਾਂਦਾ ਇਕ ਪਛਤਾਵਾ ਬੀਤੇ ਦਾ, ਕੁਝ ਨਾ ਕੀਤੇ ਦਾ, ਬੁੱਲਾਂ ਨੂੰ ਸੀਤੇ ਦਾ ਜਾਂ ਹਰਖਾਂ ਦੇ ਘੁੱਟ ਪੀਤੇ ਦਾ। ਇਹ ਹਰਖ ਸਾਰੀ ਉਮਰ ਹੀ ਰਹਿਣਾ ਅਤੇ ਨਾ-ਕਾਮਯਾਬੀਆਂ ਸੰਗ ਜੀਣਾ।
ਨਜ਼ਰਅੰਦਾਜ਼ ਨਾ ਕਰੋ ਉਨ੍ਹਾਂ ਖਿਆਲਾਂ ਨੂੰ, ਜਿਨ੍ਹਾਂ ਕਲਮ-ਕਲਮਾਂ ਲਾਉਣੀਆਂ, ਪੂਰਨਿਆਂ ਦੀ ਪਨੀਰੀ ਬੀਜਣੀ, ਬਾਗ-ਬਗੀਚਿਆਂ ਦੀ ਤਕਦੀਰ ਬਣਾਉਣੀ, ਫੱਟੀਆਂ ਤੇ ਵਰਕਿਆਂ ‘ਤੇ ਸੂਹੇ ਸ਼ਬਦਾਂ ਦੇ ਬਿਰਖ ਉਗਾਉਣੇ, ਜਿਨ੍ਹਾਂ ਵਿਚ ਸੂਰਜਾਂ ਤੇ ਤਾਰਿਆਂ ਨੇ ਝਾਤੀਆਂ ਮਾਰਨੀਆਂ, ਸੋਚ-ਸਰਹੱਦਾਂ ਵਿਸਥਾਰਨੀਆਂ, ਕਾਲਖ ਜੂਹੇ ਕਿਰਨ ਕਾਫਲੇ ਦੀ ਲਾਮਡੋਰੀ ਬਣਨਾ ਅਤੇ ਕਿਤਾਬਾਂ ਵਿਚ ਮਘਦੀਆਂ ਧੂਣੀਆਂ ਦਾ ਸੇਕ ਤੇ ਚਾਨਣ ਧਰਨਾ। ਅਜਿਹੇ ਖਿਆਲ-ਖਬਤ ਵਿਚੋਂ ਹੀ ਖੁਸ਼ਹਾਲੀ, ਖੁਸ਼ਨਸੀਬੀ ਅਤੇ ਖੁਸ਼ੀਆਂ ਹਾਸਲ ਹੁੰਦੀਆਂ।
ਕਦੇ ਵੀ ਨਜ਼ਰਅੰਦਾਜ਼ ਨਾ ਕਰੋ ਉਨ੍ਹਾਂ ਵਿਚਾਰਾਂ ਨੂੰ, ਜਿਨ੍ਹਾਂ ਵਿਚ ਸਰਬੱਤ ਦੇ ਭਲੇ ਦੀ ਲੋਚਾ ਹੋਵੇ, ਅੱਖ ਵਿਚ ਸਿੰਮਦੇ ਦਰਦ ਦੀ ਥਾਹ ਹੋਵੇ, ਬਿਗਾਨੀ ਪੀੜ ਕਾਰਨ ਮਨ ‘ਚੋਂ ਉਠੀ ਆਹ ਬਣੇ, ਕਿਸੇ ਲਈ ਸੁਲੱਖਣੇ ਸਾਹ ਦੀ ਚਾਹ ਹੋਵੇ, ਪੀੜ-ਰਹਿਤ ਰਾਹ ਦੀ ਚਾਹਤ ਦੇਵੇ, ਜਿਉਣ ਦਾ ਸ਼ੁਦਾਅ ਹੋਵੇ, ਕਿਸੇ ਦੇ ਮਰਨਹੀਣ ਭਾਵਾਂ ਲਈ ਦੁਆ ਹੋਵੇ, ਲੀਰਾਂ ‘ਚ ਲਿਪਟੇ ਤਨ ਲਈ ਲਿਬਾਸ ਹੋਵੇ, ਸਿਰ ਦੀ ਚੁੰਨੀ ਦੀ ਆਸ ਹੋਵੇ, ਵਸਲ ਦੌਰਾਨ ਵੀ ਮਿਲਣ ਦਾ ਧਰਵਾਸ ਹੋਵੇ, ਕੁਝ ਨਰੋਇਆ ਸਿਰਜਣ ਦਾ ਵਿਸ਼ਵਾਸ ਹੋਵੇ ਅਤੇ ਮਸੋਸੇ ਮਨ ਲਈ ਹਰਸ਼-ਹੁਲਾਸ ਹੋਵੇ।
ਕਦੇ ਵੀ ਉਸ ਉਦਮ ਨੂੰ ਨਜ਼ਰਅੰਦਾਜ਼ ਨਾ ਕਰੋ, ਜੋ ਗੰਧਲੇ ਪਾਣੀਆਂ ਦੀ ਸ਼ਫਾਫਤਾ ਲਈ ਹੰਭਲਾ, ਜ਼ਹਿਰੀਲੀ ਪੌਣ ਦੀ ਪਵਿੱਤਰਤਾ ਲਈ ਪਹਿਲ, ਬਾਂਝ ਧਰਤੀ ਦੀ ਜ਼ਰਖੇਜਤਾ ਲਈ ਕਰਮਵੇਤਾ, ਪੱਤਹੀਣ ਬਿਰਖ ਲਈ ਬਹਾਰ-ਨਿਉਂਦਾ, ਚੋਗ ਲੋਚਦੇ ਪਰਿੰਦਿਆਂ ਲਈ ਚੋਗ-ਚਾਹਨਾ, ਬੇਘਰਿਆਂ ਲਈ ਆਲ੍ਹਣਾ-ਅਰਦਾਸ, ਛੱਤਹੀਣਾਂ ਲਈ ਸਿਰ ਦੀ ਓਟ, ਭੁੱਖਿਆਂ ਲਈ ਦੋ ਡੰਗ ਦੇ ਆਹਾਰ ਦਾ ਆਹਰ ਅਤੇ ਜੋਤਹੀਣਾਂ ਲਈ ਜੋਤਧਾਰਾ ਦਾ ਧਰਵਾਸ।
ਨਜ਼ਰਅੰਦਾਜ਼ ਨਾ ਕਰੋ ਉਸ ਅਰਾਧਨਾ ਨੂੰ, ਜੋ ਕਾਨੇ ਨੂੰ ਕਲਮ, ਕਾਗਜ਼ ਨੂੰ ਕਿਤਾਬ, ਪੈਰ ਨੂੰ ਪੈੜ, ਸੁਪਨੇ ਨੂੰ ਸਫਲਤਾ, ਖਿਆਲ ਨੂੰ ਖਲਬਲੀ, ਵਿਚਾਰ ਨੂੰ ਵਿਚਾਰ-ਪ੍ਰਵਾਹ, ਬੂੰਦ ਨੂੰ ਸਰਵਰ ਅਤੇ ਸ਼ਬਦ ਨੂੰ ਸ਼ਬਦ-ਸਮੁੰਦਰ ਦਾ ਵਰਦਾਨ ਦੇਵੇ। ਸਫਰ ਨਿਰੰਤਰਤਾ, ਜੀਵਨ ਦਾ ਸੱਚ ਅਤੇ ਇਸ ਦੀ ਨਜ਼ਰਅੰਦਾਜ਼ੀ, ਖੁਦ ਤੋਂ ਬੇਰੁਖੀ। ਸਫਰ ਜਾਰੀ ਰਹੇ ਤਾਂ ਮੰਜ਼ਿਲਾਂ ਨਸੀਬ ਹੁੰਦੀਆਂ।
ਨਜ਼ਰਅੰਦਾਜ਼ ਨਾ ਕਰਿਓ ਅੰਤਰੀਵੀ ਸੰਵਾਦ ਨੂੰ, ਜੋ ਤੁਹਾਨੂੰ ਤੁਹਾਡੇ ਰੂਬਰੂ ਕਰਦਾ, ਤੁਹਾਡਾ ਅਕਸ ਤੁਹਾਡੇ ਹੀ ਨੈਣੀਂ ਧਰਦਾ, ਕਮੀਨੀਆਂ ਤੋਂ ਚੁੱਕ ਦਿੰਦਾ ਪਰਦਾ, ਗਲਤੀਆਂ ਤੇ ਗੁਨਾਹਾਂ ਦੀ ਤਫਸੀਲ ਬਿਆਨਦਾ ਅਤੇ ਤੁਹਾਡੇ ਸਮੁੱਚ ਨੂੰ ਪਛਾਣਦਾ। ਮੁਖੌਟਾ ਮੁਕਤ ਕਰ, ਸੱਚ ਦੇ ਰੂਬਰੂ ਕਰਦਾ। ਖੁਦ ਹੀ ਪ੍ਰਸ਼ਨ ਤੇ ਜਵਾਬ ਬਣਦਾ। ਫਿਰ ਮਨੁੱਖ ਹਰਫਾਂ ‘ਚੋਂ ਅਰਥ ਭਾਲਦੇ, ਆਪੇ ਨੂੰ ਹੰਘਾਲਦੇ, ਖਿਆਲਦੇ, ਸੰਭਾਲਦੇ ਅਤੇ ਨਵੀਨਤਮ ਰਹਿਤਲਾਂ ਦਾ ਸੰਗ ਭਿਆਲ ਕੇ ਤਾਜ਼ੀਆਂ ਤਰਜੀਹਾਂ ਤੇ ਤਮੰਨਾਵਾਂ ਰਾਹੀਂ ਤਕਦੀਰ-ਤਖਤੀ ‘ਤੇ ਨਿਵੇਕਲੀ ਕਲਾ-ਨਿਕਾਸ਼ੀ ਕਰਦੇ।
ਨਜ਼ਰਅੰਦਾਜ਼ ਨਾ ਕਰੋ ਆਪਣੇ ਪਿਆਰਿਆਂ ਨੂੰ, ਜੋ ਤੁਹਾਡੇ ਲਈ ਮਿੱਤਰ-ਮੋਢਾ, ਤੁਹਾਡੀ ਸੁਪਨਗੋਈ ਲਈ ਸ਼ਗਨ-ਸੱਫ, ਸੰਗ ਦਾ ਸ਼ਗੂਫਾ, ਹਿੰਮਤ, ਹੱਲਾਸ਼ੇਰੀ ਤੇ ਹਾਰਦਿਕ ਭਾਵਨਾਵਾਂ ਦਾ ਮੁਜੱਸਮਾ, ਮੋਹਵੰਤਾ ਗੀਤ, ਸਾਹ-ਸੁਗੰਧ ਅਤੇ ਨਾਲ ਨਿਭਣ ਦੀ ਰੀਤ। ਆਪਣਿਆਂ ਤੋਂ ਟੁੱਟ ਕੇ ਕਿਥੇ ਜਾਵੋਗੇ? ਥਾਂ ਪਰ ਥਾਂ ਦੀਆਂ ਠੋਕਰਾਂ ਖਾ ਕੇ ਜਦ ਪਰਤ ਆਵੋਗੇ ਤਾਂ ਪਿਆਰਿਆਂ ਦੀ ਗਲਵਕੜੀ ‘ਚ ਹੀ ਦੁੱਖਾਂ-ਦਰਦਾਂ ਤੋਂ ਨਿਜ਼ਾਤ ਪਾਵੋਗੇ। ਅਪਣੱਤ, ਮੋਹ ਅਤੇ ਮਮਤਾ ਲੋਚਾ ਵਿਚ ਲਬਰੇਜ਼ ਹੋ ਕੇ ਜੀਵਨੀ ਸੱਚ, ਸੁੰਦਰਤਾ ਅਤੇ ਸੰਪੂਰਨਤਾ ਦਾ ਸ਼ਰਫ ਬਣ ਜਾਵੋਗੇ। ਆਪਣਿਆਂ ਦੀ ਨਜ਼ਰਅੰਦਾਜ਼ੀ ਮਨ ਬੀਹੀ ਨੂੰ ਖਟਖਟਾਉਂਦੀ, ਜਦ ਤੁਸੀਂ ਨਿਰਾਸ਼ਾ ਦੇ ਆਲਮ ਵਿਚ ਠਾਹਰ ਭਾਲਦੇ, ਉਦਾਸੀਨਤਾ ਕਾਰਨ ਮਨ ‘ਚ ਦੁੱਖ ਸਾਂਝਾ ਕਰਨ ਦੀ ਲੋਚਾ ਪਾਲਦੇ, ਇਕੱਲ ਦੇ ਮਾਯੂਸ ਪਲਾਂ ਨੂੰ ਜਿਉਣ ਦਾ ਹੀਆ ਕਰਦੇ, ਫਿਰ ਦਰਦ ਜਰਦੇ, ਕਣ-ਕਣ ਭੁਰਦੇ ਅਤੇ ਸਾਹ-ਸੋਗ ਨੂੰ ਜੀਵਨ ਦੇ ਨਾਮ ਕਰਦੇ। ਅਜਿਹੇ ਵੇਲਿਆਂ ‘ਚ ਆਪਣੇ ਹੀ ਬਹੁੜਦੇ, ਗਲ ਨਾਲ ਲਾਉਂਦੇ, ਵਰਾਉਂਦੇ, ਚੁੱਪ ਕਰਾਉਂਦੇ, ਟਕੋਰ ਕਰਦੇ, ਫੱਟਾਂ ‘ਤੇ ਮਰ੍ਹਮ ਲਾਉਂਦੇ ਅਤੇ ਸਿਸਕੀਆਂ ਦੇ ਨਾਮ ਸੂਹੇ ਬੋਲ ਤੇ ਸੁੱਚੀਆਂ ਸੋਚਾਂ ਲਾਉਂਦੇ। ਆਪਣੇ ਕੋਲ ਹੋਣ ਤਾਂ ਤੁਹਾਡੀਆਂ ਹਿੱਚਕੀਆਂ, ਹਾਵਿਆਂ ਤੇ ਹੌਕਿਆਂ ਨੂੰ ਰਾਹਤ ਦਾ ਵਸੀਲਾ ਮਿਲੇਗਾ ਅਤੇ ਦਿਲ ਦੁੱਖ-ਦਰਿਆ ਨੂੰ ਤਰੇਗਾ।
ਜਦ ਨਜ਼ਰਾਂ ਮਿਲਾਉਣ ਦੀ ਚਾਹਤ ਨੂੰ ਮਨ ‘ਚ ਪਾਲਣ ਵਾਲੇ ਹੀ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰਦੇ ਤਾਂ ਨਜ਼ਰਅੰਦਾਜ਼ੀ ਦੀ ਚੀਸ ਅੰਦਰ ਉਤਰ, ਅੰਤਰ-ਮਨ ਨੂੰ ਦਰਦ ਸੂਲੀ ‘ਤੇ ਟੰਗਦੀ, ਭਾਵਾਂ ਨੂੰ ਭਸਮ ਕਰਦੀ। ਜਰੂਰੀ ਹੈ ਕਿ ਨਜ਼ਰਾਂ ਮਿਲਾਉਣ ਤੋਂ ਬਾਅਦ, ਨਜ਼ਰਅੰਦਾਜ਼ ਕਰਨ ਦੀ ਆਦਤ ਨਾ ਪਾਓ।
ਨਜ਼ਰਅੰਦਾਜ਼ ਜਦ ਸਰੋਕਾਰ, ਸਮਾਜਕ ਸੰਦਰਭ, ਸੁੱਚੀਆਂ ਸੋਚਾਂ, ਸਪੱਸ਼ਟ ਵਿਚਾਰਧਾਰਾ ਜਾਂ ਸਮੂਹਿਕ ਸਮਰਥਾਵਾਂ, ਸੰਭਾਵਨਾਵਾਂ ਤੇ ਸਹੂਲਤਾਂ ਹੁੰਦੀਆਂ ਤਾਂ ਬਹੁਤ ਕੁਝ ਸਮੇਂ ਦੀ ਗਰਦਸ਼ ਵਿਚ ਗਵਾਚ ਜਾਂਦਾ।
ਨਜ਼ਰਅੰਦਾਜ਼ ਕਰੋ ਬੱਚਿਆਂ ਦੀਆਂ ਤੋਤਲੀਆਂ ਗੱਲਾਂ ਨੂੰ, ਨਿਗੂਣੀਆਂ ਜ਼ਿੱਦਾਂ ਨੂੰ, ਸਾਦੀਆਂ ਸ਼ਰਾਰਤਾਂ ਨੂੰ, ਸਿੱਧ-ਪੱਧਰੀਆਂ ਇੱਲਤਾਂ ਨੂੰ, ਬਚਕਾਨਾ ਹੁੰਗਾਰਿਆਂ ਨੂੰ, ਮੀਂਹ ਵਿਚ ਭਿੱਜਣ ਦੀ ਚਾਹਤ ਨੂੰ, ਮਿੱਟੀ ‘ਚ ਖੇਡਣ ਤੇ ਰੇਤ ਦੇ ਘਰ ਬਣਾਉਣ ਨੂੰ, ਪੰਛੀਆਂ ਤੇ ਜਾਨਵਰਾਂ ਵਿਚ ਪਰਿੰਦੇ ਬਣਦਿਆਂ ਨੂੰ, ਫੁੱਲ-ਪੱਤੀਆਂ ਨਾਲ ਸੰਵਾਦ ਰਚਾਉਂਦਿਆਂ ਨੂੰ, ਅਤੇ ਖੁਦ ਹੀ ਰੁੱਸਣ ਤੇ ਮੰਨਣ-ਮਨਾਉਣ ਨੂੰ। ਖਿਡੌਣਿਆਂ ਦੇ ਮੂੰਹ ਵਿਚ ਬੁਰਕੀਆਂ ਪਾਉਂਦਿਆਂ, ਕਹਾਣੀਆਂ ਸੁਣਾਉਂਦਿਆਂ, ਕੋਰੇ ਕਾਗਜ਼ ‘ਤੇ ਕਰਾਮਾਤੀ ਕਿਰਤਾਂ ਬਣਾਉਂਦਿਆਂ ਅਤੇ ਆਪਣਾ ਸੁਪਨ-ਸੰਸਾਰ ਸਜਾਉਂਦਿਆਂ ਨੂੰ।
ਪਰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ ਬੱਚਿਆਂ ਦੇ ਟੈਲੈਂਟ, ਸ਼ੌਕ, ਤਮੰਨਾ ਅਤੇ ਸੰਭਾਵੀ ਸੁਪਨਿਆਂ ਨੂੰ। ਜਦ ਸ਼ੌਕ, ਸੁਪਨਾ ਬਣ ਕੇ ਸਫਲਤਾ ਸਿਰਜਣ ਦੇ ਰਾਹ ਤੁਰਦਾ ਤਾਂ ਸ਼ੌਕ ਵਿਚੋਂ ਪੈਦਾ ਹੋਈਆਂ ਸੰਭਾਵਨਾਵਾਂ ਦਾ ਸੂਰਜ, ਬੱਚੇ, ਪਰਿਵਾਰ ਅਤੇ ਸਮਾਜ ਲਈ ਨਵੀਂਆਂ ਬੁਲੰਦੀਆਂ ਦਾ ਸ਼ਿਲਾਲੇਖ ਹੁੰਦਾ। ਯਾਦ ਰਹੇ, ਪਾਣੀ ਆਪਣਾ ਰਾਹ ਖੁਦ ਬਣਾ ਕੇ ਨਾਲਾ, ਨਦੀ ਜਾਂ ਦਰਿਆ ਬਣਦਾ। ਪਾਣੀ ਨੂੰ ਬੰਨ ਕੇ ਝੀਲ ਜਾਂ ਡੈਮ ਦਾ ਹਿੱਸਾ ਬਣਾ ਕੇ, ਉਸ ਦੀ ਨਿੱਜੀ ਹੋਂਦ ਖਤਮ ਹੋ ਜਾਂਦੀ। ਬੱਚੇ ਤਾਂ ਕੱਚੀ ਮਿੱਟੀ ਨੇ, ਜਿਨ੍ਹਾਂ ਨੇ ਹੰਢਣਸਾਰ ਖਿਡੌਣੇ ਤੇ ਭਾਂਡੇ ਖੁਦ ਹੀ ਬਣ ਜਾਣਾ।
ਨਜ਼ਰਅੰਦਾਜ਼ ਕਰਨ ਵਾਲੇ ਹੱਥ ਹੀ ਮਲਦੇ ਰਹਿ ਜਾਂਦੇ, ਜਦ ਜਿਹੜੇ ਆਪਣਿਆਂ ਨੂੰ ਨਜ਼ਰਅੰਦਾਜ਼ ਕੀਤਾ ਹੁੰਦਾ, ਉਹ ਨਜ਼ਰ ਆਉਣੋਂ ਹੀ ਹਟ ਜਾਂਦੇ।
ਬੰਦਾ ਹਰ ਮੁਸੀਬਤ ਦੁੱਖ ਅਤੇ ਔਖ ਨੂੰ ਨਜਿੱਠ ਸਕਦਾ ਅਤੇ ਇਨ੍ਹਾਂ ਤੋਂ ਉਭਰ ਸਕਦਾ, ਪਰ ਜਦ ਉਹ ਨਜ਼ਰਅੰਦਾਜ਼ ਹੁੰਦਾ ਤਾਂ ਉਸ ਦੀ ਪੀੜਾ ਬੇਕਾਬੂ ਹੋ ਕੇ ਨੈਣਾਂ ਥੀਂਹ ਵਹਿੰਦੀ।
ਕਦੇ ਵੀ ਉਸ ਨੂੰ ਨਜ਼ਰਅੰਦਾਜ਼ ਨਾ ਕਰੋ, ਜੋ ਤੁਹਾਡੀ ਪ੍ਰਵਾਹ ਕਰਦਾ ਹੋਵੇ, ਫਿਕਰ ਕਰਦਾ ਹੋਵੇ, ਸੁੱਖਾਂ ਮੰਗਦਾ ਹੋਵੇ, ਸ਼ੁਭ-ਕਾਮਨਾਵਾਂ ਦਿੰਦਾ ਹੋਵੇ ਅਤੇ ਚੰਗੇਰੀ ਸਿਹਤ ਤੇ ਖੁਸ਼ਹਾਲੀ ਦੀ ਦੁਆ ਬਣਦਾ ਹੋਵੇ।
ਨਜ਼ਰਅੰਦਾਜ਼ ਨਾ ਕਰੋ ਰੂਹ ਦੇ ਜਾਨੀਆਂ ਨੂੰ। ਸਮਾਂ ਜਰੂਰ ਕੱਢੋ। ਕੀ ਪਤਾ ਬਾਅਦ ਵਿਚ ਜਦ ਤੁਹਾਡੇ ਕੋਲ ਸਮਾਂ ਤਾਂ ਹੋਵੇ ਪਰ ਦਿਲਜਾਨੀ ਨਾ ਰਹੇ। ਫਿਰ ਕਿਸ ਨਾਲ ਕਰੋਗੇ ਪਿਆਰ ਜਾਂ ਅੱਖੀਆਂ ਚਾਰ?
ਜਦ ਨਿੱਕੀਆਂ-ਨਿੱਕੀਆਂ ਘਟਨਾਵਾਂ ਦੌਰਾਨ ਸੱਚ ਨੂੰ ਨਜ਼ਰਅੰਦਾਜ਼ ਕਰੋਗੇ ਤਾਂ ਅਹਿਮ ਮਸਲਿਆਂ ‘ਤੇ ਕੌਣ ਕਰੇਗਾ ਇਤਬਾਰ? ਇਹ ਵਤੀਰਾ ਦੇਵੇਗਾ ਤੁਹਾਡੇ ਸਮੁੱਚ ਨੂੰ ਮਾਰ।
ਨਜ਼ਰਅੰਦਾਜ਼ੀ ਕਾਰਨ ਪੈਦਾ ਹੋਈ ਲਾਪ੍ਰਵਾਹੀ, ਗਲਤ ਫੈਸਲੇ ਅਤੇ ਨਾਦਾਨੀ ਕਾਰਨ ਹੀ ਮਾਰੂ ਤੂਫਾਨ ਆਉਂਦੇ ਨੇ। ਇਹ ਭਾਵੇਂ ਨਿੱਜੀ ਜ਼ਿੰਦਗੀ ‘ਚ ਆਉਣ ਜਾਂ ਕੁਦਰਤ ਦਾ ਕਹਿਰ ਬਣਨ।
ਨਜ਼ਰਅੰਦਾਜ਼ੀ ਉਸ ਵੇਲੇ ਸ਼ੁਰੂ ਹੁੰਦੀ ਜਦ ਮਨੁੱਖ ਦੀ ਲੋੜ, ਔਕਾਤ ਅਤੇ ਅਸਲੀਅਤ ਬਦਲਦੀ। ਸ਼ਖਸੀ ਰੰਗਾਂ ਦਾ ਬਦਲਣਾ ਹੀ ਵਕਤ ਨੂੰ ਬਹਾਰ ਤੋਂ ਪਤੜਝ ਬਣਾ ਦਿੰਦਾ।
ਹਰੇਕ ਨੂੰ ਨਜ਼ਰਅੰਦਾਜ਼ ਕਰਨ ਵਾਲੇ ਲੋਕ ਅਕਸਰ ਹੀ ਲੋਕ-ਚੇਤਿਆਂ ਵਿਚੋਂ ਮਨਫੀ ਹੋ ਕੇ ਨਿੱਜੀ ਖੋਲ ਤੀਕ ਹੀ ਸੀਮਤ ਹੋ ਜਾਂਦੇ। ਕਦੋਂ ਤੱਕ ਜੀਅ ਸਕਦਾ ਏ ਮਨੁੱਖ ਦਰਦਮੰਦਾਂ ਤੋਂ ਦੂਰ ਰਹਿ ਕੇ?
ਨਜ਼ਰਅੰਦਾਜ਼ੀ ਕਾਰਨ ਮਨ ਵਿਚ ਖਾਮੋਸ਼ੀ ਪੈਦਾ ਹੁੰਦੀ, ਜੋ ਕਦੇ ਵੀ ਖਾਮੋਸ਼ ਨਹੀਂ ਹੁੰਦੀ, ਕਿਉਂਕਿ ਕਈ ਵਾਰ ਰਾਖ ਹੇਠਾਂ ਵੀ ਅੱਗ ਸੁਲਘਦੀ ਏ।
ਰੁੱਸਿਆਂ ਨੂੰ ਨਜ਼ਰਅੰਦਾਜ਼ ਨਾ ਕਰੋ, ਸਗੋਂ ਮਨਾਓ। ਪਤਾ ਨਹੀਂ ਕਿਸ ਮੋੜ ‘ਤੇ ਸਾਹ ਬੇਵਫਾ ਹੋ ਜਾਣ ਅਤੇ ਜ਼ਿੰਦਗੀ ਦੀ ਸ਼ਾਮ ਉਤਰ ਆਵੇ। ਰੁਝੇਵਿਆਂ ਦੇ ਬਹਾਨੇ ਬਜੁਰਗਾਂ ਨੂੰ ਨਜ਼ਰਅੰਦਾਜ਼ ਨਾ ਕਰੋ, ਕਿਉਂਕਿ ਉਨ੍ਹਾਂ ਦੇ ਤੁਰ ਜਾਣ ਪਿਛੋਂ ਬਹੁਤ ਹੀ ਯਾਦ ਆਉਣਗੀਆਂ ਬਜੁਰਗੀ ਨਸੀਹਤਾਂ। ਮਾਪਿਆਂ ਦੇ ਸੰਗ-ਸਾਥ ਦਾ ਲਾਹਾ ਲਓ, ਕਿਉਂਕਿ ਉਨ੍ਹਾਂ ਦੇ ਸਦੀਵੀ ਸਫਰ ‘ਤੇ ਤੁਰ ਜਾਣ ਪਿਛੋਂ ਕਿਸੇ ਨੇ ਨਹੀਂ ਲਾਡ ਲਡਾਉਣਾ, ਅਸੀਸਾਂ ਦੇਣੀਆਂ, ਦੁਆਵਾਂ ਨਾਲ ਨਿਵਾਜਣਾ ਅਤੇ ਤੁਹਾਡੇ ਵਿਕਾਸ, ਵਿਸਥਾਰ, ਸੁਪਨ-ਸਾਧਨਾ ਦੀ ਬੁਲੰਦਗੀ ਲਈ ਅਰਦਾਸ ਬਣਨਾ।