ਬਲਜੀਤ ਬਾਸੀ
ਪਿਛੇ ਜਿਹੇ ਮੌਜੂਦਾ ਸਰਕਾਰ ਨੇ ਕੁਝ ਸਥਾਨਾਂ ਦੇ ਨਾਂਵਾਂ ਨੂੰ ਧੱਕੇ ਨਾਲ ਬਦਲ ਦੇਣ ਦਾ ਸਿਲਸਿਲਾ ਚਲਾਇਆ ਸੀ। ਇਹ ਯਤਨ ਨਿਰੋਲ ਫਿਰਕੂ ਨਜ਼ਰੀਏ ਤੋਂ ਕੀਤਾ ਗਿਆ ਸੀ। ਇਤਿਹਾਸ ਵਿਚ ਅਜਿਹੀ ਧੱਕੇਸ਼ਾਹੀ ਪਹਿਲਾਂ ਵੀ ਹੁੰਦੀ ਆਈ ਹੈ, ਪਰ ਸਥਾਨਾਂ ਦੇ ਨਾਂ ਆਪਣੇ ਆਪ ਵੀ ਲੋਕਾਂ ਦੇ ਮੂੰਹਾਂ ‘ਤੇ ਚੜ੍ਹ ਕੇ ਸਹਿਜੇ ਸਹਿਜੇ ਕੁਝ ਦੇ ਕੁਝ ਬਣ ਜਾਂਦੇ ਹਨ। ਸਫਰ ਕਰਦਿਆਂ ਮੈਂ ਆਪ ਸਵਾਰੀਆਂ ਨੂੰ ਕੰਡਕਟਰ ਤੋਂ ‘ਖਲਖੇਤਰ’ ਦੀ ਟਿਕਟ ਮੰਗਦਿਆਂ ਸੁਣਿਆ ਹੈ, ਲੋਕ ਜ਼ਬਾਨ ਨੇ ‘ਕੁਰੂਕਸ਼ੇਤਰ’ ਨੂੰ ‘ਖਲਖੇਤਰ’ ਬਣਾ ਦਿੱਤਾ ਹੈ।
ਜਾਣਕਾਰ ਪਾਠਕਾਂ ਤੋਂ ਖਿਮਾ ਮੰਗਦਿਆਂ ਅੱਜ ਪੰਜਾਬ ਦੇ ਦੋ ਸਥਾਨ ਨਾਂਵਾਂ ਦੀ ਕਾਇਆ ਕਲਪ ਹੋਣ ਦੀ ਚਰਚਾ ਛੇੜ ਰਿਹਾ ਹਾਂ। ਪਹਿਲਾਂ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਦੀ ਦਿਲਚਸਪ ਵਾਰਤਾ ਸੁਣਾਉਂਦੇ ਹਾਂ, ਜਿਸ ਦਾ ਜ਼ਿਕਰ ਗੁਰੂਮੇਲ ਸਿੱਧੂ ਦੀ ਛਪ ਰਹੀ ਪੁਸਤਕ ‘ਹਿੰਦੋਸਤਾਨ ਦੀ ਆਜ਼ਾਦੀ ਵਿਚ ਗਦਰੀ ਲਹਿਰਾਂ ਦਾ ਯੋਗਦਾਨ’ ਵਿਚ ਹੋਇਆ ਹੈ। ਇਸ ਨੂੰ ਕੁਝ ਕਾਂਟ ਛਾਂਟ ਕੇ ਪੇਸ਼ ਕੀਤਾ ਜਾ ਰਿਹਾ ਹੈ,
“ਵਾਰਤਾ ਸ਼ਹੀਦ ਭਗਤ ਸਿੰਘ ਦੇ ਚਾਚਾ ਸਰਦਾਰ ਅਜੀਤ ਸਿੰਘ ਨਾਲ ਸਬੰਧਤ ਹੈ। ਉਹ ਹਿੰਦੋਸਤਾਨ ਦੀ ਆਜ਼ਾਦੀ ਦਾ ਤੁਰਦਾ ਫਿਰਦਾ ਰਾਜਦੂਤ ਸੀ। ਉਸ ਨੂੰ ਅਕਸਰ ਸ਼ਹੀਦ ਭਗਤ ਸਿੰਘ ਦਾ ਚਾਚਾ ਕਹਿ ਕੇ ਯਾਦ ਕੀਤਾ ਜਾਂਦਾ ਹੈ, ਪਰ ਅਜੀਤ ਸਿੰਘ ਖੁਦ ਗਦਰ ਲਹਿਰ ਦੀ ਸਿਰਕੱਢਵੀਂ ਹੈਸੀਅਤ ਸੀ। ਹਿੰਦੋਸਤਾਨ ਨੂੰ ਆਜ਼ਾਦ ਕਰਾਉਣ ਲਈ ਚਾਚੇ-ਭਤੀਜੇ ਦਾ ਇਹ ਰਿਸ਼ਤਾ ਬ੍ਰਿਟਿਸ਼ ਰਾਜ ਲਈ ਬਹੁਤ ਘਾਤਕ ਸਾਬਤ ਹੋਇਆ। ਆਜ਼ਾਦੀ ਲੈਣ ਵਿਚ ਦੋਹਾਂ ਨੇ ਆਪੋ ਆਪਣੇ ਤੌਰ ‘ਤੇ ਗੌਰਵਮਈ ਯੋਗਦਾਨ ਪਾਇਆ: ਇਕ ਨੇ ਜਾਨ ਦੀ ਆਹੂਤੀ ਦਿੱਤੀ ਅਤੇ ਦੂਜੇ ਨੇ ਉਮਰ ਭਰ ਦੀ ਜਲਾਵਤਨੀ ਕੱਟੀ। ਜਿਉਂਦੇ ਜੀ ਉਹ ਇਕ ਦੂਜੇ ਨੂੰ ਮਿਲ ਨਾ ਸਕੇ ਪਰ ਭਗਤ ਸਿੰਘ ਨੂੰ ਆਪਣੇ ਚਾਚੇ ਨੂੰ ਮਿਲਣ ਦੀ ਬੜੀ ਸਿੱਕ ਰਹੀ।
ਜਦ 1907 ਵਿਚ ਭਗਤ ਸਿੰਘ ਜੰਮਿਆ ਤਾਂ ਅਜੀਤ ਸਿੰਘ ਜਲਾਵਤਨੀ ਦੇ ਰਾਹ ਪੈ ਚੁਕਾ ਸੀ ਤੇ ਇਕ ਸਮੇਂ ਬ੍ਰਾਜ਼ੀਲ ਰਹਿਣਾ ਪਿਆ ਸੀ। ਅਜੀਤ ਸਿੰਘ ਨੇ 22 ਕੁ ਸਾਲ ਦੀ ਉਮਰ ਵਿਚ ਇਕ ਕ੍ਰਾਂਤੀਕਾਰੀ ਗਰੁਪ ਦੀ ਨੀਂਹ ਧਰੀ। ਭਗਤ ਸਿੰਘ ਨੇ ਆਪਣੇ ਚਾਚੇ ਨਾਲ ਚਿੱਠੀਆਂ ਰਾਹੀਂ ਸੰਪਰਕ ਪੈਦਾ ਕਰਨਾ ਚਾਹਿਆ, ਪਰ ਹੋ ਨਾ ਸਕਿਆ। ਬ੍ਰਿਟਿਸ਼ ਸਰਕਾਰ ਦੀ ਖੁਫੀਆ ਏਜੰਸੀ ਹਮੇਸ਼ਾ ਅਜੀਤ ਸਿੰਘ ਦੇ ਪਿੱਛੇ ਲੱਗੀ ਰਹੀ, ਇਸ ਕਰਕੇ ਉਸ ਦੇ ਸਾਥੀਆਂ ਵਲੋਂ ਪਤਾ ਲੁਕੋ ਕੇ ਰੱਖਿਆ ਜਾਂਦਾ ਸੀ। ਭਾਵੇਂ ਅਜੀਤ ਸਿੰਘ ਕਦੇ ਅਮਰੀਕਾ ਨਹੀਂ ਵੜਿਆ, ਪਰ ਸੈਨ ਫਰਾਂਸਿਸਕੋ ਦੇ ਗਦਰ ਪਾਰਟੀ ਦਫਤਰ ਨੂੰ ਉਸ ਦੇ ਅਤੇ-ਪਤੇ ਦੀ ਹਮੇਸ਼ਾ ਜਾਣਕਾਰੀ ਹੁੰਦੀ ਸੀ। ਬਕੌਲ ਬਾਬਾ ਭਗਤ ਸਿੰਘ ਬਿਲਗਾ, ਭਗਤ ਸਿੰਘ ਨੇ ਤਿੰਨ ਖਤ ਹਿੰਦੋਸਤਾਨ ਦੇ ਕਾਂਗਰਸੀ ਲੀਡਰਾਂ ਦੇ ਕਿਰਦਾਰਾਂ ਬਾਰੇ ਅਜੀਤ ਸਿੰਘ ਨੂੰ ਲਿਖੇ, ਜੋ ਗਦਰ ਪਾਰਟੀ ਦੇ ਦਫਤਰ ਰਾਹੀਂ ਅਜੀਤ ਸਿੰਘ ਨੂੰ ਬ੍ਰਾਜ਼ੀਲ ਵਿਖੇ ਪਹੁੰਚਾਏ ਗਏ। ਅਜੀਤ ਸਿੰਘ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਭਗਤ ਸਿੰਘ ਬ੍ਰਾਜ਼ੀਲ ਪਹੁੰਚ ਜਾਵੇ, ਪਰ ਹਿੰਦੋਸਤਾਨ ਦੀ ਆਜ਼ਾਦੀ ਲਈ ਵਿਢਿਆ ਕ੍ਰਾਂਤੀ ਦਾ ਕੰਮ ਛੱਡ ਕੇ ਆਉਣਾ ਮੁਸ਼ਕਿਲ ਸੀ। ਉਲਟਾ ਭਗਤ ਸਿੰਘ ਨੇ ਚਾਚੇ ਨੂੰ ਇਕ ਚਿੱਠੀ ਵਿਚ ਲਿਖਿਆ, ‘ਚਾਚਾ ਜੀ ਜੋ ਕੰਮ ਤੁਸੀਂ ਅਧੂਰਾ ਛੱਡ ਕੇ ਗਏ ਸੀ, ਉਸ ਨੂੰ ਆ ਕੇ ਪੂਰਾ ਕਰੋ।’ ਹਿੰਦੋਸਤਾਨ ‘ਚੋਂ ਜਲਾਵਤਨੀ ਵੇਲੇ ਅਜੀਤ ਸਿੰਘ ਨੇ ਪ੍ਰਣ ਲਿਆ ਸੀ ਕਿ ਜਦ ਤਕ ਵਤਨ ਆਜ਼ਾਦ ਨਹੀਂ ਹੋ ਜਾਂਦਾ, ਉਦੋਂ ਤਕ ਉਹ ਵਾਪਸ ਨਹੀਂ ਪਰਤੇਗਾ। ਇਸ ਪ੍ਰਣ ਨੂੰ ਉਸ ਨੇ ਜੀ ਜਾਨ ਨਾਲ ਨਿਭਾਇਆ। ਮੰਦੇ ਭਾਗਾਂ ਨੂੰ ਇਤਿਹਾਸਕਾਰਾਂ ਨੇ ਸਰਦਾਰ ਅਜੀਤ ਸਿੰਘ ਦੇ ਆਜ਼ਾਦੀ ਦੀ ਲੜਾਈ ਵਿਚ ਪਾਏ ਯੋਗਦਾਨ ਦਾ ਯੋਗ ਮੁੱਲ ਨਹੀਂ ਪਾਇਆ।”
ਸਰਦਾਰ ਅਜੀਤ ਸਿੰਘ ਬਾਰੇ ਸਾਰੀ ਵਾਕਫੀਅਤ ਉਸ ਦੀ ਸਵੈ-ਜੀਵਨੀ ਅਤੇ ਹੋਰ ਲਿਖਤਾਂ ਤੋਂ ਮਿਲਦੀ ਹੈ, ਜਿਨ੍ਹਾਂ ਦਾ ਸੰਪਾਦਨ ਪਰਦੁੱਮਨ ਸਿੰਘ ਨੇ ਕੀਤਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਵੀ ਪਹਿਲਾਂ ਅਜੀਤ ਸਿੰਘ ਦਾ ਪਰਿਵਾਰ ਜਾਗੀਰਦਾਰ ਸੀ। ਸਿੱਖ ਰਾਜ ਵੇਲੇ ਇਸ ਪਰਿਵਾਰ ਪਾਸ ਚੌਖੀ ਜਾਇਦਾਦ ਅਤੇ ਇਕ ਵੱਡੀ ਹਵੇਲੀ ਸੀ, ਜਿਸ ਨੂੰ ‘ਗੜ੍ਹ ਕਲਾਂ’ ਅਰਥਾਤ ਵੱਡਾ ਕਿਲਾ ਕਹਿੰਦੇ ਸਨ। ਇਸ ਹਵੇਲੀ ‘ਤੇ ਸਿੱਖ ਰਾਜ ਦਾ ‘ਕੌਮੀ ਝੰਡਾ’ ਲਹਿਰਾਇਆ ਜਾਂਦਾ ਸੀ। ਆਂਢ ਗੁਆਂਢ ਦੇ ਇਲਾਕੇ, ਖਾਸ ਕਰਕੇ ਜਲੰਧਰ ਅਤੇ ਹੁਸ਼ਿਆਰਪੁਰ ਜਿਲਿਆਂ ਦੇ ਲੋਕ ਹੁਮ-ਹੁਮਾ ਕੇ ਆਉਂਦੇ ਤੇ ਝੰਡੇ ਦੀ ਰਸਮ ਵਿਚ ਸ਼ਾਮਿਲ ਹੁੰਦੇ। ਜੋ ਰਸਦ ਜਾਂ ਚੜ੍ਹਾਵਾ ਚੜ੍ਹਦਾ, ਉਹ ਇਸੇ ਰਸਮ ਖਾਤਰ ਵਰਤਿਆ ਜਾਂਦਾ ਸੀ। ਇਸ ਹਵੇਲੀ ਦਾ ਪਿਛੋਕੜ ਬੜਾ ਦਿਲਚਸਪ ਹੈ।
ਅਜੀਤ ਸਿੰਘ ਦੇ ਪੁਰਖੇ ਲਾਹੌਰ ਜਿਲੇ ਦੇ ਇਕ ਪਿੰਡ ਨਾਰਲੀ ਵਿਚ ਰਹਿੰਦੇ ਸਨ। ਉਥੋਂ ਦਾ ਇਕ ਮੱਸਫੁੱਟ ਨੌਜਵਾਨ ਮੁੰਡਾ ਆਪਣੇ ਪੁਰਖਿਆਂ ਦੀਆਂ ਅਸਥੀਆਂ ਲੈ ਕੇ ਹਰਦੁਆਰ ਵਿਖੇ ਗੰਗਾ ਦਰਿਆ ਵਿਚ ਤਾਰਨ ਗਿਆ। ਉਦੋਂ ਲੋਕ ਪੈਦਲ ਜਾਂਦੇ ਸਨ; ਰਾਹ ਵਿਚ ਤ੍ਰਕਾਲਾਂ ਪੈ ਗਈਆਂ। ਉਸ ਨੇ ਇਕ ਵੱਡੀ ਸਾਰੀ ਹਵੇਲੀ ਦੇਖੀ ਤੇ ਰਾਤ ਕੱਟਣ ਲਈ ਦਰਬਾਨ ਨੂੰ ਪੁੱਛਿਆ। ਦਰਬਾਨ ਨੇ ਅੰਦਰ ਜਾ ਕੇ ਇਹ ਗੱਲ ਮਾਲਕ ਨੂੰ ਦੱਸੀ ਤਾਂ ਉਸ ਨੇ ਮੁੰਡੇ ਨੂੰ ਅੰਦਰ ਬੁਲਾ ਲਿਆ। ਉਸ ਦਾ ਸਵਾਗਤ ਵੱਡੀ ਸਾਰੀ ਬੈਠਕ ਵਿਚ ਕੀਤਾ, ਜਿੱਥੇ ਮਾਲਕ ਦੀ ਬੀਵੀ ਅਤੇ ਲੜਕੀ ਵੀ ਮੌਜੂਦ ਸਨ। ਉਸ ਨੂੰ ਮਾਲਕ ਅਤੇ ਉਸ ਦੀ ਬੀਵੀ ਦੀਆਂ ਕੁਰਸੀਆਂ ਵਿਚਕਾਰ ਬਿਠਾਇਆ ਗਿਆ ਤੇ ਸਾਹਮਣੇ ਵਾਲੀ ਕੁਰਸੀ ‘ਤੇ ਉਨ੍ਹਾਂ ਦੀ ਖੂਬਸੂਰਤ ਬੇਟੀ ਬੈਠ ਗਈ। ਮੁੰਡੇ ਦੇ ਸਫਰ ਬਾਰੇ ਗੱਲਾਂ-ਬਾਤਾਂ ਹੋਈਆਂ, ਜੋ ਸ਼ਾਮ ਦੇ ਖਾਣੇ ਤਕ ਚਲਦੀਆਂ ਰਹੀਆਂ।
ਵਾਰਤਾਲਾਪ ਦੌਰਾਨ ਉਨ੍ਹਾਂ ਦਾ ਤਾਲਮੇਲ ਘਰਦਿਆਂ ਵਰਗਾ ਹੋ ਗਿਆ। ਆਹਮਣੇ ਸਾਹਮਣੇ ਬੈਠੇ ਕੁੜੀ ਤੇ ਮੁੰਡੇ ਦੀਆਂ ਅੱਖਾਂ ਮਿਲੀਆਂ। ਖਾਣੇ ਤੋਂ ਬਾਅਦ ਮੁੰਡੇ ਨੂੰ ਸੌਣ ਵਾਲੇ ਕਮਰੇ ਵਿਚ ਛੱਡ ਕੇ ਹਵੇਲੀ ਦੇ ਤਿੰਨੋ ਜੀਅ ਉਸ ਬਾਰੇ ਦੇਰ ਤਕ ਗੱਲਾਂ ਕਰਦੇ ਰਹੇ। ਗੱਲਾਂ-ਗੱਲਾਂ ਵਿਚ ਕੁੜੀ ਨੇ ਕਿਹਾ ਕਿ ਉਹ ਕਿਸੇ ਏਦਾਂ ਦੇ ਮੁੰਡੇ ਨਾਲ ਵਿਆਹ ਕਰਾਉਣਾ ਪਸੰਦ ਕਰੇਗੀ। ਮਾਪਿਆਂ ਨੂੰ ਵੀ ਮੁੰਡਾ ਪਸੰਦ ਸੀ। ਸਵੇਰੇ ਉਠੇ ਤਾਂ ਮੁੰਡੇ ਨੇ ਵਿਦਾ ਲੈਣ ਲਈ ਆਗਿਆ ਮੰਗੀ।
ਹਵੇਲੀ ਦੇ ਮਾਲਕ ਨੇ ਪੁੱਛਿਆ, “ਬੇਟਾ ਤੇਰਾ ਵਿਆਹ ਹੋ ਗਿਆ?” ਉਸ ਨੇ ਕਿਹਾ, “ਜੀ ਅਜੇ ਨਹੀਂ।” ਤੁਰਨ ਲੱਗਿਆਂ ਮਾਲਕ ਨੇ ਕਿਹਾ, “ਜੇ ਉਹ ਮੁੜਦਾ ਹੋਇਆ ਉਨ੍ਹਾਂ ਪਾਸ ਹੋ ਕੇ ਜਾਵੇ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਵੇਗੀ।” ਮੁੰਡੇ ਨੇ ਕਿਹਾ, “ਜੀ ਜ਼ਰੂਰ।” ਉਹ ਮੁੰਡਾ ਵੀ ਭਾਂਪ ਗਿਆ ਸੀ ਕਿ ਉਸ ਨੂੰ ਦੁਬਾਰਾ ਕਿਉਂ ਮਿਲਣਾ ਚਾਹੁੰਦੇ ਸਨ? ਇਸ ਖਿਆਲ ਨਾਲ ਮੁੰਡਾ ਅਸਥੀਆਂ ਪਾ ਕੇ ਛੇਤੀ ਵਾਪਸ ਆ ਗਿਆ। ਇਸ ਵਾਰ ਉਸ ਦਾ ਸਵਾਗਤ ਇਕ ਮੁਸਾਫਰ ਵਾਂਗ ਨਹੀਂ, ਹੋਣ ਵਾਲੇ ਦਾਮਾਦ ਵਾਂਗ ਕੀਤਾ ਗਿਆ। ਵਿਆਹ ਬਾਰੇ ਗੱਲਬਾਤ ਦੌਰਾਨ ਕੁੜੀ ਦੇ ਮਾਪਿਆਂ ਨੇ ਅਰਜ਼ ਕੀਤੀ ਕਿ ਜੇ ਉਹ ਸ਼ਾਦੀ ਤੋਂ ਬਾਅਦ ਇਸ ਹਵੇਲੀ ਵਿਚ ਜੁਆਈ ਵਾਂਗ ਨਹੀਂ, ਬੇਟੇ ਦੀ ਤਰ੍ਹਾਂ ਰਹੇ ਤਾਂ ਉਨ੍ਹਾਂ ਦੀ ਪੁੱਤਰ ਦੀ ਥੁੜ੍ਹ ਪੂਰੀ ਹੋ ਜਾਵੇਗੀ। ਉਨ੍ਹਾਂ ਦਾ ਆਪਣਾ ਕੋਈ ਪੁੱਤ ਨਹੀਂ ਸੀ। ਮੁੰਡੇ ਨੇ ਕਿਹਾ, “ਜੀ ਘਰਦਿਆਂ ਦੀ ਇਜਾਜ਼ਤ ਤੋਂ ਬਗੈਰ ਮੈਂ ਕੁਝ ਨਹੀਂ ਕਹਿ ਸਕਦਾ।”
ਆਖਰ ਮੁੰਡੇ ਦੇ ਮਾਂ-ਬਾਪ ਦੀ ਰਜ਼ਾਮੰਦੀ ਨਾਲ ਉਨ੍ਹਾਂ ਦਾ ਵਿਆਹ ਹੋ ਗਿਆ। ਇਕ ਪ੍ਰਕਾਰ ਨਾਲ ਉਹ ਹਵੇਲੀ ਮੁੰਡੇ ਨੂੰ ਖੱਟ ਵਿਚ ਮਿਲ ਗਈ। ਹਵੇਲੀ ਵਾਲੇ ਪਿੰਡ ਦਾ ਨਾਂ ‘ਗੜ੍ਹ ਕਲਾਂ’ ਸੀ। ਉਸ ਦਿਨ ਤੋਂ ਇਸ ਦਾ ਨਾਂ ਖੱਟ-ਗੜ੍ਹ ਕਲਾਂ ਪੈ ਗਿਆ। ਹੌਲੀ ਹੌਲੀ ਲੋਕਾਂ ਦੇ ਮੂੰਹਾਂ ਵਿਚ ਘਸਦਾ ਘਸਦਾ ‘ਖੱਟ-ਗੜ੍ਹ ਕਲਾਂ’ ਅੱਜ ‘ਖੱਟਕੜ ਕਲਾਂ’ ਬਣ ਗਿਆ।
ਦੂਜੇ ਸਥਾਨ ਹੈ, ਬੰਦਾ ਬਹਾਦਰ ਨਾਲ ਸਬੰਧਤ ‘ਚੱਪੜ ਚਿੜੀ’ ਨਾਂ ਦਾ ਪਿੰਡ। ਇਸ ਬਾਰੇ ਜਾਣਕਾਰੀ ਪਹਿਲਾਂ ਪਹਿਲ ਮੈਨੂੰ ਸਵਰਗੀ ਹਰਨਾਮ ਸਿੰਘ ਸ਼ਾਨ ਦੀ ਇਕ ਲਿਖਤ ਤੋਂ ਮਿਲੀ ਸੀ। ਇਹ ਪਿੰਡ ਮੁਹਾਲੀ ਲਾਗੇ ਬਨੂੰੜ ਖੁਰਦ ਸੜਕ ਤੋਂ ਕੁਝ ਵਿਥ ‘ਤੇ ਲਾਂਡਰਾਂ ਨੇੜੇ ਹੈ। ਸੜਕ ਦਾ ਨਾਂ ਬੰਦਾ ਬਹਾਦਰ ਸਿੰਘ ਦੇ ਨਾਂ ‘ਤੇ ਰੱਖਿਆ ਗਿਆ ਹੈ। ਇਸ ਸਥਾਨ ‘ਤੇ ਇਕ ਟਿੱਬਾ ਹੋਇਆ ਕਰਦਾ ਸੀ, ਜੋ ਅੱਜ ਲੋਕਾਂ ਨੇ ਪੁੱਟ ਪੁੱਟ ਕੇ ਮੈਦਾਨ ਬਣਾ ਦਿੱਤਾ ਹੈ। ਇਸ ਟਿੱਬੇ ‘ਤੇ ਬੈਠ ਕੇ ਬੰਦਾ ਬਹਾਦਰ ਨੇ ਹੋ ਰਹੀ ਇਤਿਹਾਸਕ ਲੜਾਈ ਦਾ ਨਿਰੀਖਣ ਕੀਤਾ ਸੀ। 12 ਮਈ 1710 ਦੇ ਲਗਭਗ ਇਥੇ ਬੰਦਾ ਸਿੰਘ ਬਹਾਦਰ ਦੇ ਸਿੱਖ ਅਤੇ ਸਰਹਿੰਦ ਦੇ ਸ਼ਾਹੀ ਫੌਜਦਾਰ ਖਾਨ ਦੀਆਂ ਫੌਜਾਂ ਵਿਚਾਲੇ ਗਹਿਗੱਚ ਲੜਾਈ ਹੋਈ ਸੀ ਤੇ ਵਜ਼ੀਰ ਖਾਨ ਮਾਰਿਆ ਗਿਆ ਸੀ। ਲੜਾਈ ਵਿਚ ਦੋਹਾਂ ਧਿਰਾਂ ਵਲੋਂ ਹਾਥੀਆਂ, ਘੋੜਿਆਂ ਅਤੇ ਤੋਪਾਂ ਦੀ ਖੂਬ ਵਰਤੋਂ ਕੀਤੀ ਗਈ। ਸਿੱਖ ਫੌਜਾਂ ਨੇ ਗੋਲੇ ਵਰ੍ਹਾ ਕੇ ਵਿਰੋਧੀ ਫੌਜ ਦੇ ਹਾਥੀ ਖਦੇੜ ਕੇ ਪਿਛੇ ਧੱਕ ਦਿੱਤੇ। ਜਵਾਬ ਵਜੋਂ ਸਰਹਿੰਦ ਦੀਆਂ ਫੌਜਾਂ ਨੇ ਵੀ ਖੂਬ ਗੋਲਾਬਾਰੀ ਕੀਤੀ। ਸਿੱਖ ਫੌਜਾਂ ਝਿੜੀ ਵਾਲੇ ਪਾਸੇ ਸਨ, ਇਸ ਲਈ ਉਨ੍ਹਾਂ ਨੂੰ ਝਿੜੀ ਦੀ ਓਟ ਮਿਲ ਗਈ। ਸਿੱਖ ਫੌਜਾਂ ਨੇ ਤੋਪਾਂ ਦੀ ਤਾਬੜਤੋੜ ਵਰਤੋਂ ਕਰਕੇ ਸਰਹਿੰਦੀ ਫੌਜਾਂ ਦਾ ਖੂਬ ਘਾਣ ਕੀਤਾ।
14 ਮਈ 1710 ਨੂੰ ਸਿੱਖਾਂ ਨੇ ਸਰਹਿੰਦ ‘ਤੇ ਕਬਜ਼ਾ ਕਰ ਲਿਆ (ਸਰਹਿੰਦ ਨਾਂ ਬਾਰੇ ਵੀ ਲਿਖਿਆ ਜਾਵੇਗਾ)। ਇਸ ਜਿੱਤ ਦੀ ਮਨੌਤ ਵਜੋਂ ਇਸ ਥਾਂ ‘ਤੇ ਅੱਜ ਕਲ੍ਹ ਇਕ ਖੂਬਸੂਰਤ ਯਾਦਗਾਰ ਬਣਾਈ ਗਈ ਹੈ। ਗੱਲ ਕੀ, ਇਸ ਲੜਾਈ ਵਿਚ ਸਿੱਖ ਫੌਜਾਂ ਦੀ ਸ਼ਾਨਦਾਰ ਜਿੱਤ ਹੋਈ।
ਇਸ ਸਥਾਨ ਦੀ ਭੁਗੋਲਿਕ ਸਥਿਤੀ ਦਾ ਪਿੰਡ ਦੇ ਅਜੋਕੇ ਨਾਂ ਨਾਲ ਗੂੜ੍ਹਾ ਸਬੰਧ ਹੈ। ਇਲਾਕੇ ਵਿਚ ਬਹੁਤ ਸਾਰੇ ਛੱਪੜ ਸਨ। ਤਰਾਈ ਦੇ ਖੇਤਰ ਤੋਂ ਬਹੁਤ ਸਾਰੇ ਬਰਸਾਤੀ ਨਦੀਆਂ, ਨਾਲੇ ਇਥੋਂ ਦੀ ਗੁਜ਼ਰਦੇ ਸਨ। ‘ਪਟਿਆਲਾ ਕੀ ਰਾਓ’ ਨਦੀ ਵੀ ਇਥੇ ਵਗਦੀ ਸੀ। ਇਲਾਕੇ ਵਿਚ ਅਨੇਕਾਂ ਵੱਡੇ-ਛੋਟੇ ਛੱਪੜ ਹੋਣ ਕਰਕੇ ਲੋਕ ਇਸ ਨੂੰ ‘ਛੱਪੜਾਂ ਵਾਲੀ ਝਿੜੀ’ ਕਹਿੰਦੇ ਸਨ। ਸੋ, ਪਹਿਲਾਂ ਇਸ ਦਾ ਨਾਂ ‘ਛੱਪੜ ਝਿੜੀ’ ਬਣਿਆ ਹੋਵੇਗਾ। ਹੌਲੀ ਹੌਲੀ ਬਦਲਦਾ ਬਦਲਦਾ ਇਲਾਕੇ ਦਾ ਨਾਂ ‘ਛੱਪੜ ਛਿੜੀ’ ਰਹਿ ਗਿਆ। ਨਾਂ ਦੇ ਪਹਿਲੇ ਹਿੱਸੇ ਵਿਚਲੇ ਛੱਪੜ ਸ਼ਬਦ ਦੀ ‘ਛ’ ਧੁਨੀ ਨੇ ਮੁਖ-ਸੁਖ ਕਾਰਨ ਨਾਂ ਦੇ ਦੂਜੇ ਹਿੱਸੇ ਵਿਚਲੇ ‘ਝਿੜੀ’ ਸ਼ਬਦ ਦੀ ਪਹਿਲੀ ਧੁਨੀ ‘ਝ’ ਨੂੰ ਬਦਲ ਕੇ ‘ਛ’ ਵਿਚ ਪਲਟਾ ਦਿੱਤਾ। ਜਿਵੇਂ ਨਦੀ ਨਾਲੇ ਵਗਦੇ ਹੋਏ ਪਾਟ ਵਿਚ ਆਉਂਦੇ ਪੱਥਰਾਂ ਨਾਲ ਘਸਰ ਘਸਰ ਕੇ ਕਈ ਸ਼ਕਲਾਂ ਦੇ ਵੱਟੇ ਬਣਾ ਦਿੰਦੇ ਹਨ, ਇਸੇ ਤਰ੍ਹਾਂ ਲੋਕਾਂ ਦੇ ਮੂੰਹੋਂ ਮੂੰਹੀਂ ਸ਼ਬਦ ਅਤੇ ਸਥਾਨ-ਨਾਂ ਵੀ ਰਗੜੇ ਜਾਂਦੇ ਹਨ। ਇਸੇ ਵਰਤਾਰੇ ਕਰਕੇ ਅੱਜ ‘ਛੱਪੜ ਛਿੜੀ’ ਹੋਰ ਅਵਤਾਰ ਧਾਰਦਾ ਹੋਇਆ ‘ਚੱਪੜ ਚਿੜੀ’ ਬਣ ਗਿਆ ਹੈ।