ਪੰਜਾਬ ਵਿਚ ਵਾਪਰੀਆਂ ਉਪਰੋਥਲੀ ਘਟਨਾਵਾਂ ਦੀ ਹੋਣੀ

ਸੁਕੰਨਿਆ ਭਾਰਦਵਾਜ ਨਾਭਾ
ਪਿੰਡ ਤੇੜਾ ਖੁਰਦ (ਅਜਨਾਲਾ) ਦੇ ਚਾਰ ਪਰਿਵਾਰਕ ਮੈਂਬਰਾਂ ਦਾ ਘਰ ਦੇ ਮਾਲਕ ਵਲੋਂ ਕਤਲ, ਦਿੱਲੀ ਅੰਮ੍ਰਿਤਧਾਰੀ ਸਿੱਖ ਦੀ ਪੁਲਿਸ ਵਲੋਂ ਕੁੱਟਮਾਰ, ਝਾਰਖੰਡ ਦੇ ਤਵਰੇਜ ਅੰਸਾਰੀ ਦਾ ਕਤਲ, ਜਸਪਾਲ ਦੀ ਪੁਲਿਸ ਹਿਰਾਸਤ ‘ਚ ਮੌਤ, ਫਤਿਹਬੀਰ ਸਿੰਘ ਬੋਰ ਵੈੱਲ ਸਮੇਤ ਪੰਜਾਬ ਤੇ ਪੰਜਾਬੋਂ ਬਾਹਰਲੀਆਂ ਮਾਰ ਧਾੜ ਦੀਆਂ ਘਟਨਾਵਾਂ ਦੀ ਸਿਆਹੀ ਹਾਲੇ ਸੁੱਕੀ ਵੀ ਨਹੀਂ ਸੀ ਕਿ ਨਾਭਾ (ਪਟਿਆਲਾ) ਦੀ ਨਵੀਂ ਜਿਲਾ ਜੇਲ੍ਹ ਵਿਖੇ ਬਰਗਾੜੀ ਬੇਅਦਬੀ ਕਾਂਡ ਦੇ ਕਥਿਤ ਦੋਸ਼ੀ ਮਹਿੰਦਰਪਾਲ ਸਿੰਘ ਬਿੱਟੂ ਦਾ ਜੇਲ੍ਹ ਦੇ ਹੀ ਦੋ ਕੈਦੀਆਂ-ਮਨਿੰਦਰ ਸਿੰਘ ਵਾਸੀ ਭਗੜਾਣਾ (ਫਤਿਹਗੜ੍ਹ ਸਾਹਿਬ), ਗੁਰਸੇਵਕ ਸਿੰਘ ਭੂਤ ਮੋਹਾਲੀ ਵਲੋਂ ਦਿਨ ਦਿਹਾੜੇ ਜੇਲ੍ਹ ਅੰਦਰ ਹੀ ਕੁੱਟ ਕੁੱਟ ਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆ ਗਿਆ। ਦੋਵੇਂ ਦੋਸ਼ੀ ਕਤਲ ਕੇਸਾਂ ਸਬੰਧੀ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸਨ।

ਹਾਲੇ ਬਿੱਟੂ ਦਾ ਅੰਤਿਮ ਸਸਕਾਰ ਹੋਇਆ ਹੀ ਸੀ ਕਿ ਲੁਧਿਆਣੇ ਦੀ ਸੈਂਟਰਲ ਜੇਲ੍ਹ ਵਿਚ ਕੈਦੀਆਂ ਦੀ ਮਾਰ ਕੁੱਟ ਤੇ ਜੇਲ੍ਹ ਤੋਂ ਕੈਦੀਆਂ ਦੇ ਕੰਧ ਟੱਪ ਕੇ ਭੱਜਣ ਦੀ ਘਟਨਾ ਵਾਪਰ ਗਈ। ਇਸ ਝੜਪ ਦਾ ਕਾਰਨ ਨਸ਼ੇ ਦੇ ਕੇਸ ਵਿਚ ਸਜ਼ਾਯਾਫਤਾ ਕੈਦੀ ਸੋਨੂੰ ਸੂਦ ਦੀ ਮੌਤ ਹੈ। ਕੈਦੀਆਂ ਤੇ ਪਰਿਵਾਰ ਦਾ ਦੋਸ਼ ਹੈ ਕਿ ਉਸ ਨੂੰ ਜੇਲ੍ਹ ਪ੍ਰਸ਼ਾਸਨ ਨੇ ਮਾਰਿਆ ਹੈ। ਉਨ੍ਹਾਂ ਹੋਰ ਵੀ ਕਈ ਤਰ੍ਹਾਂ ਦੇ ਦੋਸ਼ ਜੇਲ੍ਹ ਪ੍ਰਸ਼ਾਸਨ ‘ਤੇ ਲਾਏ ਹਨ। ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਬਿਮਾਰ ਸੀ, ਜਿਸ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ, ਪਟਿਆਲਾ ਦਾਖਲ ਕੀਤਾ ਗਿਆ ਸੀ, ਜਿਥੇ ਉਸ ਦੀ ਮੌਤ ਹੋ ਗਈ। ਇੱਕ ਹੋਰ ਕੈਦੀ ਅਜੀਤ ਸਿੰਘ ਦੇ ਵੀ ਗੋਲੀਬਾਰੀ ਵਿਚ ਸਖਤ ਜ਼ਖਮੀ ਹੋਣ ਦੀ ਖਬਰ ਹੈ। ਜਿਉਂ ਹੀ ਸੋਨੂੰ ਦੀ ਮੌਤ ਦੀ ਖਬਰ ਜੇਲ੍ਹ ‘ਚ ਪਹੁੰਚੀ, ਕੈਦੀ ਭੜਕ ਗਏ ਤੇ ਜੇਲ੍ਹ ਦੇ ਹਾਲਾਤ ਬੇਕਾਬੂ ਹੋ ਗਏ। ਬਠਿੰਡਾ ਜੇਲ੍ਹ ਵਿਚੋਂ ਵੀ ਕੈਦੀਆਂ ਦੀ ਆਪਸੀ ਝੜਪ ਦੀਆਂ ਖਬਰਾਂ ਆਈਆਂ ਹਨ। ਇਹ ਤਾਂ ਉਹ ਘਟਨਾਵਾਂ ਹਨ, ਜੋ ਆਮ ਲੋਕਾਂ ਦੀ ਜ਼ੁਬਾਨ ‘ਤੇ ਹਨ, ਪਰ ਪਰਦੇ ਪਿਛੇ ਦੇ ਹਾਲਾਤ ਹੋਰ ਵੀ ਚਿੰਤਾਜਨਕ ਹਨ।
ਦੇਸ਼ ਪੱਧਰ ‘ਤੇ ਸਿੱਖ ਡਰਾਇਵਰ ਸਰਬਜੀਤ ਸਿੰਘ ਦੀ ਪੁਲਿਸ ਕੁੱਟਮਾਰ ਤੇ ਤਬਰੇਜ ਅੰਸਾਰੀ ਦੀ ਹਿੰਦੂਤਵੀਆਂ ਵਲੋਂ ਕੁੱਟਮਾਰ ਨਾਲ ਮੌਤ ਜਾਤੀਵਾਦ ਨੂੰ ਬੜ੍ਹਾਵਾ ਦੇਣ ਵਾਲੀਆਂ ਤੇ ਸਰਕਾਰੀ ਤੰਤਰ ਦੇ ਫੇਲ੍ਹ ਹੋਣ ਦੀਆਂ ਸੰਵੇਦਨਸ਼ੀਲ ਘਟਨਾਵਾਂ ਹਨ, ਜੋ ਬਹੁ-ਧਰਮੀ, ਜਾਤਾਂ, ਭਾਸ਼ਾਵਾਂ, ਵਰਗਾਂ ਵਾਲੇ ਦੇਸ਼ ਦੇ ਮੱਥੇ ‘ਤੇ ਕਲੰਕ ਹਨ।
ਨਾਭਾ ਜੇਲ੍ਹ ਵਿਚ ਵੀ ਬਰਗਾੜੀ ਬੇਅਦਬੀ ਕਾਂਡ ਦੇ ਕਥਿਤ ਦੋਸ਼ੀ ਤੇ ਸੌਦਾ ਸਾਧ ਦੀ ਪੰਤਾਲੀ ਮੈਂਬਰੀ ਕਮੇਟੀ ਦੇ ਅਹਿਮ ਮੈਂਬਰ ਮਹਿੰਦਰਪਾਲ ਸਿੰਘ ਬਿੱਟੂ ਦੇ ਕਤਲ ਨੇ ਅਜਿਹੇ ਹੀ ਧਾਰਮਿਕ ਤੇ ਜਾਤੀਵਾਦ ਜਿਹੇ ਅਤਿ ਸੰਵੇਦਨਸ਼ੀਲ ਮੁੱਦੇ ਨੂੰ ਉਭਾਰਿਆ ਹੈ। ਸੂਬੇ ਵਿਚ ਹਾਈ ਅਲਰਟ ਜਾਰੀ ਅਤੇ ਪੈਰਾਮਿਲਟਰੀ ਫੋਰਸਾਂ ਤਾਇਨਾਤ ਕਰਨੀਆਂ ਪਈਆਂ। ਜੇਲ੍ਹ ਕਾਂਡ ਨੇ ਬਹੁਤ ਸਾਰੇ ਸੁਆਲ ਖੜ੍ਹੇ ਕੀਤੇ ਹਨ। ਇੰਨੇ ਦਿਨ ਬੀਤ ਜਾਣ ‘ਤੇ ਵੀ ਜੇਲ੍ਹ ਪ੍ਰਸ਼ਾਸਨ ਸਪਸ਼ਟ ਨਹੀਂ ਕਰ ਸਕਿਆ ਕਿ ਬਿੱਟੂ ਦਾ ਕਤਲ ਸਾਜਿਸ਼ ਹੈ ਜਾਂ ਹੋਰ ਕੁਝ। ਦੋ ਹਵਾਲਾਤੀ ਕਥਿਤ ਦੋਸ਼ੀਆਂ-ਮਨਿੰਦਰ ਸਿੰਘ ਤੇ ਗੁਰਸੇਵਕ ਸਿੰਘ ਭੂਤ ‘ਤੇ ਦਫਾ 302, 120-ਬੀ ਤਹਿਤ ਪਰਚਾ ਦਰਜ ਕਰਕੇ ਪਟਿਆਲਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਿਸ ਨੇ ਇਨ੍ਹਾਂ ਕਥਿਤ ਦੋਸ਼ੀਆਂ ਨੂੰ ਸਵੇਰੇ 9 ਵਜੇ ਹੀ ਪਟਿਆਲਾ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲੈ ਲਿਆ ਤੇ ਚੋਰਾਂ ਵਾਂਗ ਹੀ ਕੋਰਟ ਵਿਚੋਂ ਵਾਪਸ ਲਿਜਾਇਆ ਗਿਆ। ਮਨਿੰਦਰ ਸਿੰਘ ਭਗੜਾਣਾ ਦੇ ਪਰਿਵਾਰ ਤੇ ਵਕੀਲ ਬਲਜਿੰਦਰ ਸਿੰਘ ਸੋਢੀ ਨੂੰ ਵੀ ਮਿਲਣ ਨਹੀਂ ਦਿੱਤਾ ਗਿਆ। ਜੇਲ੍ਹ/ਪੁਲਿਸ ਉਚ ਅਧਿਕਾਰੀ ਤੇ ਜੇਲ੍ਹ ਮੰਤਰੀ ਜਲਦੀ ਹੀ ਸੱਚ ਲੋਕਾਂ ਸਾਹਮਣੇ ਲਿਆਉਣ ਦੇ ਦਾਅਵੇ ਕਰ ਰਹੇ ਹਨ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬਿੱਟੂ ਦੇ ਕਤਲ ਨੂੰ ਸਾਜਿਸ਼ ਅਧੀਨ ਕੀਤਾ ਗਿਆ ਕਤਲ ਦੱਸਿਆ ਹੈ।
ਰਣਬੀਰ ਸਿੰਘ ਖੱਟੜਾ ਜਾਂਚ ਕਮੇਟੀ ਨੇ 2015 ਵਿਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਲਈ ਜਿੰਮੇਵਾਰ ਕਰਾਰ ਦਿੰਦਿਆਂ ਮੋਗਾ ਅਦਾਲਤ ਵਿਚ ਇਨ੍ਹਾਂ ਕਥਿਤ ਦੋਸ਼ੀਆਂ ਦਾ ਇਕਬਾਲਨਾਮਾ ਪੇਸ਼ ਕੀਤਾ ਸੀ, ਤੇ ਉਸ ਦੀ ਕਾਪੀ ਸੀ. ਬੀ. ਆਈ. ਨੂੰ ਵੀ ਭੇਜੀ। ਫਰੀਦਕੋਟ ਜਿਲੇ ਦੇ ਪਿੰਡਾਂ ਤੇ ਮੋਗਾ ਸ਼ਹਿਰ ਵਿਚ ਸਾੜ-ਫੂਕ ਵਰਗੀਆਂ ਘਟਨਾਵਾਂ 2011-15 ਤਕ ਪਿੰਡ ਬਹਿਬਲ ਕਲਾਂ, ਬੁਰਜ ਜਵਾਹਰ ਸਿੰਘ ਵਾਲਾ, ਮੱਲੇਕੇ, ਬਰਗਾੜੀ ਅਤੇ ਗੁਰੂਸਰ ਵਿਖੇ ਵਾਪਰੀਆਂ ਬੇਅਦਬੀ ਤੇ ਗੋਲੀ ਕਾਂਡ ਵਰਗੀਆਂ ਘਟਨਾਵਾਂ ਲਈ ਇਨ੍ਹਾਂ ਨੂੰ ਜਿੰਮੇਵਾਰ ਠਹਿਰਾਇਆ ਗਿਆ ਸੀ, ਪਰ 2017 ਵਿਚ ਸਰਕਾਰ ਬਦਲਣ ‘ਤੇ ਵੀ ਖੱਟੜਾ ਜਾਂਚ ਕਮੇਟੀ ਵਲੋਂ ਤਿਆਰ ਕੀਤੀ ਰਿਪੋਰਟ ਦਾ ਬਹੁਤਾ ਨੋਟਿਸ ਨਹੀਂ ਲਿਆ। ਇਹੋ ਕਾਰਨ ਹੈ ਕਿ ਸੀ. ਬੀ. ਆਈ. ਨੇ 90 ਦਿਨ ਤਕ ਚਲਾਨ ਪੇਸ਼ ਨਹੀਂ ਕੀਤਾ ਤੇ ਬਹੁਤੇ ਦੋਸ਼ੀ ਜ਼ਮਾਨਤ ਲੈਣ ਵਿਚ ਕਾਮਯਾਬ ਹੋ ਗਏ। ਹੁਣ 26 ਵਿਚੋਂ ਬਿੱਟੂ ਸਣੇ 4 ਦੋਸ਼ੀ ਹੀ ਨਾਭਾ ਦੀ ਨਵੀਂ ਜਿਲਾ ਜੇਲ੍ਹ ਵਿਚ ਸਨ। ਬਿੱਟੂ ਦੀ ਵੀ ਜ਼ਮਾਨਤ ਮਨਜੂਰ ਹੋ ਗਈ ਸੀ। ਉਹ ਤਾਂ ਆਪਣੇ ਕੋਟਕਪੂਰਾ ਵਾਲੇ ਘਰ ਵਿਚ ਇੱਕ ਪੋਥੀ ਦੀ ਬੇਅਦਬੀ ਤੇ 2011 ਦੇ ਮੋਗਾ ਵਿਖੇ ਸਾੜਫੂਕ ਦੇ ਕੇਸਾਂ ਕਾਰਨ ਹੀ ਜੇਲ੍ਹ ਵਿਚ ਸੀ।
ਸੋ.੍ਰਮਣੀ ਅਕਾਲੀ ਦਲ-ਭਾਜਪਾ ਅਤੇ ਕਾਂਗਰਸ ਸਰਕਾਰ ਵਲੋਂ ਆਪਣੀਆਂ ਹੀ ਬਣਾਈਆਂ ਜਾਂਚ ਕਮੇਟੀਆਂ-ਜਸਟਿਸ ਜੋਰਾ ਸਿੰਘ ਕਮਿਸ਼ਨ, ਜਸਟਿਸ ਰਣਜੀਤ ਸਿੰਘ ਕਮਿਸ਼ਨ ਤੇ ਖੱਟੜਾ ਜਾਂਚ ਕਮੇਟੀ ਵਾਲੀਆਂ ਰਿਪੋਰਟਾਂ ‘ਤੇ ਹੀ ਪੈਰਵਾਈ ਨਾ ਕਰਨਾ ਲੋਕਾਂ ਵਿਚ ਨਿਰਾਸ਼ਾ ਤਾਂ ਪੈਦਾ ਕਰਦਾ ਹੀ ਹੈ, ਸਗੋਂ ਇਨਸਾਫ ਵਿਚ ਦੇਰੀ ਬੇਇਨਸਾਫੀ ਨੂੰ ਵੀ ਜਨਮ ਦਿੰਦੀ ਹੈ। ਲੋਕ ਆਪਣੇ ਢੰਗ ਨਾਲ ਇਨਸਾਫ ਲੈਣ ਦੇ ਰਾਹ ਤੁਰਦੇ ਹਨ। ਭਾਵੇਂ ਹਿੰਸਾ ਕਿਸੇ ਮਸਲੇ ਦਾ ਹੱਲ ਨਹੀਂ, ਨਾ ਹੀ ਸਾਡਾ ਮਤਲਬ ਹਿੰਸਾ ਦੀ ਵਕਾਲਤ ਕਰਨਾ ਹੈ, ਪਰ ਲਗਾਤਾਰ ਆਪਣੇ ਲੋਕਾਂ ਦੇ ਜਜ਼ਬਾਤ ਨੂੰ ਅਣਗੌਲਿਆਂ ਕਰਨਾ ਵੀ ਸਥਾਪਤੀ ਦੇ ਵਿਰੁਧ ਜਾਂਦਾ ਹੈ।
ਬਿੱਟੂ ਦੇ ਕਤਲ ਵੇਲੇ ਵਾਪਰੀਆਂ ਘਟਨਾਵਾਂ ਵੀ ਇਸ ਕਤਲ ਕਾਂਡ ਨੂੰ ਕੈਦੀਆਂ ਦੀ ਕੁੱਟਮਾਰ ਤੋਂ ਅੱਗੇ ਕਈ ਗੰਭੀਰ ਸ਼ੰਕੇ ਖੜ੍ਹਾ ਕਰਦੀਆਂ ਹਨ। ਬਰਗਾੜੀ ਬੇਅਦਬੀ ਕਾਂਡ ਬਾਰੇ ਬਣੀ ḔਸਿੱਟḔ ਦੇ ਕੁੰਵਰ ਵਿਜੈ ਪ੍ਰਤਾਪ ਸਿੰਘ ਵਲੋਂ 24 ਜੂਨ ਤੋਂ ਬਿੱਟੂ ਦੀ ਮੁੜ ਪੁੱਛਗਿੱਛ ਕੀਤੀ ਜਾਣੀ ਸੀ, ਇਸ ਤੋਂ ਪਹਿਲਾਂ ਹੀ ਉਸ ਦਾ ਕਤਲ ਹੋ ਗਿਆ। ਉਨ੍ਹਾਂ ਮੀਡੀਆ ਕੋਲ ਮੰਨਿਆ ਕਿ ਬਿੱਟੂ ਬੇਅਦਬੀ ਕਾਂਡ ਦੀ ਅਹਿਮ ਕੜੀ ਸੀ, ਉਸ ਦੇ ਕਤਲ ਨਾਲ ਜਾਂਚ ਪ੍ਰਕ੍ਰਿਆ ਪ੍ਰਭਾਵਿਤ ਹੋਵੇਗੀ।
ਦੋਵੇਂ ਕਥਿਤ ਕਾਤਲਾਂ ਤੇ ਬਿੱਟੂ ਨੂੰ ਲਗਭਗ ਇਕੱਠਿਆਂ ਹੀ ਨਾਭਾ ਜੇਲ੍ਹ ਪਿਛਲੇ ਸਾਲ ਸ਼ਿਫਟ ਕੀਤਾ ਗਿਆ ਸੀ। ਫਿਰ ਕਤਲ ਤੋਂ 24 ਘੰਟੇ ਦੇ ਅੰਦਰ ਹੀ ਸੌਦਾ ਸਾਧ ਦੇ ਪੈਰੋਲ ਰਿਹਾਈ ਦੇ ਚਰਚੇ ਹੋਣ ਲੱਗੇ। ਜਲਦਬਾਜ਼ੀ ਵਿਚ ਹਰਿਆਣਾ ਸਰਕਾਰ, ਸੋਨਾਰੀਆ ਜੇਲ੍ਹ ਸੁਪਰਡੈਂਟ ਦਾ ਸਾਧ ਨੂੰ Ḕਗੁੱਡ ਕੰਡਕਟ’ ਦਾ ਸਰਟੀਫਿਕੇਟ ਦੇਣਾ, ਜੇਲ੍ਹ ਮੰਤਰੀ, ਗ੍ਰਹਿ ਸਕੱਤਰ ਹਰਿਆਣਾ ਦਾ ਸਾਧ ਅਤੇ ਖੇਤੀਬਾੜੀ ਕਰਨ ਲਈ ਪੈਰੋਲ ਦੇਣ ਜਿਹੀ ਗੈਰ ਮਿਆਰੀ ਬਿਆਨਬਾਜੀ ਨਾਲ ਉਸ ਦੀ ਪੈਰੋਲ ਨੂੰ ਸਹੀ ਸਾਬਤ ਕਰਨ ਦੇ ਯਤਨਾਂ ਦਾ ਐਲਾਨ ਵੀ ਇਸ ਕਤਲ ਦੀ ਗੁੱਥੀ ਨੂੰ ਗੁੰਝਲਦਾਰ ਬਣਾਉਂਦੇ ਹਨ।
ਵਕੀਲਾਂ ਦੇ ਇੱਕ ਗਰੁਪ ਤੇ ਮਨੁੱਖੀ ਹੱਕਾਂ ਦੇ ਆਗੂ ਨਾਮਵਰ ਵਕੀਲ ਨਵਕਿਰਨ ਸਿੰਘ ਚੰਡੀਗੜ੍ਹ ਨੇ ਕਾਨੂੰਨੀ ਹਵਾਲਿਆਂ ਨਾਲ ਦੱਸਿਆ ਕਿ ਸੌਦਾ ਸਾਧ ਨੂੰ ਪੈਰੋਲ ਦੇਣਾ ਕਿਸੇ ਵੀ ਤਰ੍ਹਾਂ ਕਾਨੂੰਨ ਤੇ ਸੂਬੇ ਦੇ ਹੱਕ ਵਿਚ ਨਹੀਂ। ਭਾਵੇਂ ਇਹ ਇੱਕ ਵੱਖਰਾ ਵਿਸ਼ਾ ਹੈ, ਪਰ ਕਤਲ ਵਾਲੇ ਦਿਨ ਹੀ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈ? ਫਿਰ ਮੋਗਾ ਏਰੀਏ ਦੇ ਗੈਂਗਸਟਰ ਸੁਖਦੀਪ ਬੁੱਢਾ ਦੇ ਬੰਬੀਹਾ ਗਰੁਪ ਵਲੋਂ ਕਤਲ ਦੀ ਜਿੰਮੇਵਾਰੀ ਲੈਣੀ ਕਈ ਤਰ੍ਹਾਂ ਦੇ ਸੁਆਲ ਖੜ੍ਹੇ ਕਰਦੀ ਹੈ।
ਸੁਆਲ ਜੇਲ੍ਹ ਪ੍ਰਸ਼ਾਸਨ ‘ਤੇ ਵੀ ਖੜ੍ਹੇ ਹੁੰਦੇ ਹਨ। ਇੱਕ ਪਾਸੇ ਤਾਂ ਬਿੱਟੂ ਨੂੰ ਬੈਰਕ ਤੇ ਸਪੈਸ਼ਲ ਸਿਕਿਉਰਿਟੀ ਦਿੱਤੀ ਹੋਈ ਸੀ, ਫਿਰ ਘਰਦਿਆਂ ਵਲੋਂ ਲਿਆਂਦਾ ਟੀ. ਵੀ. ਲਿਜਾਣ ਲਈ ਉਸ ਨੂੰ ਹੀ ਕਿਉਂ ਬੁਲਾਇਆ ਗਿਆ? ਉਦੋਂ ਸਿਕਿਉਰਿਟੀ ਕਿਥੇ ਸੀ? ਘਟਨਾ ਦਿਨ ਦਿਹਾੜੇ ਵਾਪਰੀ, ਜਦੋਂ ਕਿ 24 ਘੰਟੇ ਜੇਲ੍ਹ ਦੀ ਗਾਰਦ ਬੈਰਕਾਂ ‘ਤੇ ਹੁੰਦੀ ਹੈ ਤੇ ਟਾਵਰਾਂ ਤੋਂ ਵੀ ਕੈਦੀਆਂ ‘ਤੇ ਨਿਗ੍ਹਾ ਰੱਖੀ ਜਾਂਦੀ ਹੈ। ਜੇਲ੍ਹ ਦਫਤਰ ਤੇ ਬੈਰਕਾਂ ਦਾ ਫਾਸਲਾ ਵੀ ਪੰਜਾਹ ਕੁ ਗਜ ਹੀ ਹੈ ਤਾਂ ਬਿੱਟੂ ਦੀ ਕੁੱਟਮਾਰ ਦੀ ਅਵਾਜ਼ ਜੇਲ੍ਹ ਅਧਿਕਾਰੀਆਂ ਨੂੰ ਕਿਉਂ ਨਾ ਸੁਣੀ?
ਦੋਹਾਂ ਕਥਿਤ ਦੋਸ਼ੀਆਂ ਦੇ ਪਿਛੋਕੜ ਦੀ ਛਾਣਬੀਣ ਕਰਨ ‘ਤੇ ਵੀ ਉਨ੍ਹਾਂ ਦੇ ਪੇਸ਼ਾਵਰ ਹੋਣ ਬਾਰੇ ਜਾਂ ਕਿਸੇ ਖਾੜਕੂ ਜਾਂ ਗਰਮ ਦਲ ਨਾਲ ਸਬੰਧਤ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਉਹ ਤਾਂ ਮਾਮੂਲੀ ਕੁੱਟਮਾਰ ਦੇ ਝਗੜੇ ਵਿਚ ਹੀ ਕਤਲ ਵਰਗੇ ਮਾਮਲਿਆਂ ਵਿਚ ਫਸ ਗਏ ਸਨ। ਦੋਵੇਂ ਹੀ ਗਰੀਬ ਘਰਾਂ ਤੋਂ ਸਨ ਤੇ ਮਜਦੂਰੀ ਕਰਕੇ ਪਰਿਵਾਰ ਪਾਲਦੇ ਸਨ।
ਦੂਜੇ ਪਾਸੇ ਮਨਿੰਦਰ ਸਿੰਘ ਭਗੜਾਣਾ ਦਾ ਪਰਿਵਾਰ ਪਹਿਲਾਂ ਤਾਂ ਸਿੱਖ ਜਥੇਬੰਦੀਆਂ ਨੂੰ ਮਿਲਣ ਤੋਂ ਵੀ ਇਨਕਾਰ ਕਰਦਾ ਰਿਹਾ ਹੈ, ਪਰ ਪਟਿਆਲਾ ਅਦਾਲਤ ਵਿਚ ਪੇਸ਼ ਕਰਨ ਸਮੇਂ ਜਦੋਂ ਦੋਸ਼ੀਆਂ ਨੂੰ ਪਰਿਵਾਰ ਨਾਲ ਨਾ ਮਿਲਣ ਦਿੱਤਾ ਗਿਆ ਤਾਂ ਯੂਨਾਈਟਿਡ ਅਕਾਲੀ ਦਲ ਦੇ ਕੁਝ ਕਾਰਕੁਨ ਵੀ ਇਸ ਮੌਕੇ ਪਰਿਵਾਰ ਨਾਲ ਪੁਲਿਸ ਦੀ ਕਾਰਵਾਈ ਦੀ ਨਿਖੇਧੀ ਕਰਦੇ ਹਨ। ਸੁਰੱਖਿਅਤ ਜੇਲ੍ਹ ਥੂਹੀ ਰੋਡ ਨਾਭਾ ਵਿਚੋਂ ਵੀ 3 ਹੋਰ ਕੈਦੀਆਂ-ਲਖਵੀਰ ਸਿੰਘ ਸਲਾਣਾ, ਹਰਪ੍ਰੀਤ ਸਿੰਘ ਨਾਗਰਾ ਅਤੇ ਹਵਾਲਾਤੀ ਜਸਪ੍ਰੀਤ ਸਿੰਘ ਉਰਫ ਨਿਹਾਲ ਸਿੰਘ ਨੂੰ ਇਸ ਕਤਲ ਕਾਂਡ ਦੀ ਸਾਜਿਸ਼ ਵਿਚ ਸ਼ਾਮਲ ਹੋਣ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਦੇ ਵਾਰਸਾਂ ਨੇ ਉਨ੍ਹਾਂ ਨੂੰ ਝੂਠੇ ਕੇਸ ਵਿਚ ਫਸਾਉਣ ਦੇ ਦੋਸ਼ ਲਾਏ ਹਨ। ਸਿੱਖ ਜਥੇਬੰਦੀਆਂ ਵੀ ਬਹੁਤ ਛੇਤੀ ਅਜਿਹੇ ਕੇਸਾਂ ਨੂੰ ਆਪਣੇ ਗਲ ਪਾਉਣ ਲਈ ਕਾਹਲੀਆਂ ਪੈ ਜਾਂਦੀਆਂ ਹਨ, ਜਦੋਂ ਕਿ ਕਿਸੇ ਸਿੱਖ ਜਥੇਬੰਦੀ ਨੇ ਅਜੇ ਤਕ ਇਸ ਦੀ ਜਿੰਮੇਵਾਰੀ ਨਹੀਂ ਲਈ, ਸਿਵਾਏ ਬੰਬੀਹਾ ਗਰੁਪ ਤੋਂ!
ਸੋਚਣਾ ਬਣਦਾ ਹੈ ਕਿ ਬਿੱਟੂ ਕਤਲ ਕਾਂਡ ਨਾਲ ਬੇਅਦਬੀ ਕਾਂਡ ਦੀ ਜਾਂਚ ਪਿਛੇ ਨਹੀਂ ਪੈ ਗਈ? ਹਾਲੇ ਤਾਂ ਸੌਦਾ ਸਾਧ ਵਲੋਂ (2007) ਵਿਚ ਰਚਾਏ ਗੁਰੂ ਗੋਬਿੰਦ ਸਿੰਘ ਜੀ ਦੇ ਸਵਾਂਗ ਦੇ ਕੇਸ ਦੀ ਜਾਂਚ ਵੀ ਅੱਗੇ ਨਹੀਂ ਤੁਰੀ। ਸੌਦਾ ਸਾਧ ਤੇ ਉਸ ਦੇ ਆਕਿਆਂ ਵੱਲ ਜਾਂਚ ਦਾ ਜਾਣਾ ਦੂਰ ਦੀ ਕੌਡੀ ਨਹੀਂ ਹੋ ਗਿਆ? ਇਹ ਸਮਾਂ ਜਜ਼ਬਾਤ ਵਿਚ ਵਹਿਣ ਦਾ ਨਹੀਂ, ਸਗੋਂ ਸਿਰ ਜੋੜ ਕੇ ਸੋਚਣ ਵਿਚਾਰਨ ਦਾ ਹੈ ਕਿ ਪੰਜਾਬ ਵਿਚ ਇਹ ਚੱਲ ਕੀ ਰਿਹਾ ਹੈ?
ਪੰਜਾਬ ‘ਚ ਵਾਪਰਦੀਆਂ ਨਿੱਤ ਅਣਸੁਖਾਵੀਆਂ ਘਟਨਾਵਾਂ ਸੰਵੇਦਨਸ਼ੀਲ ਹਿਰਦਿਆਂ ਨੂੰ ਵਲੂੰਧਰਦੀਆਂ ਹਨ। ਅਸੀਂ ਖੁਸ਼ਫਹਿਮੀ ਵਿਚ ਜਿਉਂਦੇ ਹਾਂ। ਜਦੋਂ ਤਕ ਕੋਈ ਘਟਨਾ ਮੀਡੀਆ ਦੇ ਸਿਰ ਚੜ੍ਹ ਕੇ ਨਹੀਂ ਬੋਲਦੀ, ਅਸੀਂ ਜਾਗਦੇ ਨਹੀਂ। ਕਈ ਵਾਰੀ ਤਾਂ ਇਥੋਂ ਤਕ ਸੋਚ ਜਾਂਦੇ ਹਾਂ ਕਿ ਹੁਣ ਪੰਜਾਬ ਸੰਭਲ ਜਾਵੇਗਾ, ਪੰਜਾਬ ਜਰੂਰ ਮੁੜ ਆਪਣੇ ਉਸੇ ਰੋਹ ਰੂਪ ਵਿਚ ਆ ਜਾਵੇਗਾ; ਨਹੀਂ ਡਿਗੇਗਾ, ਇਸ ਦੇ ਧੀਆਂ ਪੁੱਤਰ ਇਸ ਨੂੰ ਸੰਭਾਲਣ ਲਈ ਅੱਗੇ ਆਉਣਗੇ ਤੇ ਉਹੋ ਆਪਣਾ ਹੱਸਦਾ-ਗਾਉਂਦਾ ਪੰਜਾਬ ਮੁੜ ਸੁਰਜੀਤ ਕਰ ਲੈਣਗੇ, ਪਰ ਜਿਉਂ ਹੀ ਇਸ ਸੁਪਨਮਈ ਸੰਸਾਰ ਦਾ ਤਲਿਸਮ ਟੁੱਟਦਾ ਹੈ ਤਾਂ ਪੰਜਾਬ ਹੋਰ ਵੀ ਨਿਵਾਣ ਵੱਲ ਚਲਾ ਗਿਆ ਜਾਪਦਾ ਹੈ।
ਸੋ, ਉਕਤ ਘਟਨਾਵਾਂ ਦਾ ਭਾਵਨਾਵਾਂ ਦੇ ਵਹਿਣ ਦੀ ਥਾਂ ਬੁੱਧੀ ਵਿਵੇਕ ਦੀ ਵਰਤੋਂ ਕਰਕੇ ਡੂੰਘਾਈ ਨਾਲ ਵਿਸ਼ਲੇਸ਼ਣ ਕਰਕੇ ਕਿਸੇ ਸਿੱਟੇ ‘ਤੇ ਪਹੁੰਚੀਏ। ਨਹੀਂ ਤਾਂ ਪੰਜਾਬ-ਵਿਰੋਧੀ ਤਾਕਤਾਂ ਸਾਨੂੰ ਭਾਸ਼ਾ, ਧਰਮ, ਜਾਤੀਵਾਦ, ਊਚ-ਨੀਚ ਜਿਹੇ ਮਸਲਿਆਂ ਵਿਚ ਉਲਝਾ ਕੇ ਗੁੰਮਰਾਹ ਕਰਦੀਆਂ ਰਹਿਣਗੀਆਂ। ਫਿਰ ਪੰਜਾਬ ਦਾ ਤਾਂ ਅੱਲਾ ਬੇਲੀ!