ਪ੍ਰਿਥਮ ਭਗਉਤੀ ਸਿਮਰ ਕੈ

ਸੇਵਕ ਸਿੰਘ ਕੋਟ ਕਪੂਰਾ
ਫੋਨ: 661-444-3657
ਭਗਉਤੀ ਦਾ ਸਬੰਧ ਬ੍ਰਹਿਮੰਡ ਭਾਵ ਸੰਸਾਰ ਦੀ ਰਚਨਾ ਨਾਲ ਹੈ। ਸਭ ਤੋਂ ਪਹਿਲਾਂ ਵਿਗਿਆਨ ਇਸ ਸਬੰਧੀ ਕੀ ਕਹਿੰਦਾ ਹੈ, ਇਸ ‘ਤੇ ਵਿਚਾਰ ਕਰਦੇ ਹਾਂ। ਇਸ ਵੇਲੇ ਦਾ ਸਭ ਤੋਂ ਵੱਧ ਪ੍ਰਚਲਿਤ ਅਤੇ ਪ੍ਰਵਾਨਿਤ ਸਿਧਾਂਤ ਬਿੱਗ ਬੈਂਗ ਹੈ, ਜਿਸ ਅਨੁਸਾਰ ਅੱਜ ਤੋਂ ਕਰੀਬ ਤਿੰਨ ਅਰਬ ਸਾਲ ਪਹਿਲਾਂ ਇੱਕ ਨੁਕਤੇ ਵਿਚ ਇਕ ਬਹੁਤ ਵੱਡਾ ਧਮਾਕਾ ਹੋਇਆ, ਜੋ ਇਕ ਸੈਕੰਡ ਦੇ ਵੀ ਬਹੁਤ ਘੱਟ ਸਮੇਂ ਵਿਚ ਹੋਇਆ ਤੇ ਇਸ ਬ੍ਰਹਿਮੰਡ ਦੀ ਰਚਨਾ ਹੋ ਗਈ; ਇਸ ਦਾ ਵਿਸਥਾਰ ਹੋਣਾ ਸ਼ੁਰੂ ਹੋ ਗਿਆ, ਜੋ ਅੱਜ ਤੱਕ ਹੋ ਰਿਹਾ ਹੈ। ਕਦੋਂ ਤੱਕ ਹੋਵੇਗਾ? ਕੁਝ ਕਹਿ ਨਹੀਂ ਸਕਦੇ।

ਇਸ ਬ੍ਰਹਿਮੰਡ ਦੀ ਉਤਪਤੀ ਪਦਾਰਥ ਤੋਂ ਹੋਈ ਹੈ। ਪਦਾਰਥ ਰਚਨਾ ਦਾ ਮੂਲ ਕਾਰਨ ਪ੍ਰਮਾਣੂ ਹੈ। ਇਸ ਸੰਸਾਰ ਵਿਚ ਜੋ ਵੀ ਪਦਾਰਥ ਦਿਸਦੇ ਹਨ, ਉਹ ਇਕ ਜਾਂ ਕਈ ਤੱਤਾਂ ਤੋਂ ਮਿਲ ਕੇ ਬਣੇ ਹਨ। ਹਰ ਤੱਤ ਦੀ ਰਚਨਾ ਪ੍ਰਮਾਣੂ ਤੋਂ ਹੋਈ ਹੈ, ਪ੍ਰਮਾਣੂ ਮੁਢਲੀ ਇਕਾਈ ਹੈ। ਸੰਸਾਰ ਵਿਚ ਅੱਜ ਤੱਕ 118 ਤੱਤ ਖੋਜੇ ਜਾ ਚੁਕੇ ਹਨ, ਹਰ ਤੱਤ ਦੂਜੇ ਤੱਤ ਤੋਂ ਆਪਣੇ ਪ੍ਰਮਾਣੂ ਭਾਰ ਕਰਕੇ ਵੱਖਰਾ ਹੈ। ਹਰ ਪ੍ਰਮਾਣੂ ਵਿਚ ਇਕ ਪ੍ਰੋਟੋਨ, ਇਕ ਨਿਉਟਰੋਨ ਅਤੇ ਇਕ ਇਲੈਕਟ੍ਰਾਨ ਹੋਣਾ ਜ਼ਰੂਰੀ ਹੈ। ਇਨ੍ਹਾਂ ਸਭ ਦੇ ਮਿਲਣ ਨਾਲ ਹਾਈਡ੍ਰੋਜਨ ਦਾ ਇਕ ਪ੍ਰਮਾਣੂ ਬਣਦਾ ਹੈ। ਦੋ ਪ੍ਰੋਟੋਨ ਅਤੇ ਦੋ ਇਲੈਕਟ੍ਰਾਨ ਮਿਲਣ ਨਾਲ ਹੀਲੀਅਮ ਬਣ ਜਾਂਦੀ ਹੈ। ਇਸੇ ਤਰ੍ਹਾਂ 118 ਤੱਤਾਂ ਦੀ ਰਚਨਾ ਹੋਈ ਹੈ। ਹੋਰ ਵੀ ਜੇ ਕਿਸੇ ਤੱਤ ਦੀ ਖੋਜ ਹੁੰਦੀ ਹੈ ਤਾਂ ਉਸ ਦੀ ਰਚਨਾ ਵੀ ਪ੍ਰਮਾਣੂ ਤੋਂ ਹੀ ਹੋਵੇਗੀ।
ਹਰ ਇਕ ਪਦਾਰਥ ਦਾ ਰੂਪ ਠੋਸ, ਤਰਲ ਜਾਂ ਗੈਸ ਦੀ ਸ਼ਕਲ ਵਿਚ ਹੁੰਦਾ ਹੈ। ਹਰ ਪਦਾਰਥ ਦਾ ਮੂਲ ਪ੍ਰਮਾਣੂ ਹੈ। ਹਰ ਪ੍ਰਮਾਣੂ ਦੀ ਰਚਨਾ ਪ੍ਰੋਟੋਨ, ਨਿਉਟਰੋਨ ਅਤੇ ਇਲੈਕਟ੍ਰਾਨ ਤੋਂ ਹੋਈ ਹੈ। ਇਨ੍ਹਾਂ ਦੀ ਰਚਨਾ ਦਾ ਕਾਰਨ ਊਰਜਾ ਹੈ। ਸਿਧਾਂਤ ਇਹ ਹੈ, ਊਰਜਾ ਤੋਂ ਪਦਾਰਥ ਪੈਦਾ ਹੁੰਦਾ ਹੈ ਅਤੇ ਪਦਾਰਥ ਤੋਂ ਊਰਜਾ ਪੈਦਾ ਹੁੰਦੀ ਹੈ; ਭਾਵ ਊਰਜਾ ਅਤੇ ਪਦਾਰਥ ਦਾ ਮੂਲ ਸ੍ਰੋਤ ਇਕ ਹੀ ਹੈ। ਪਦਾਰਥ ਊਰਜਾ ਦਾ ਸੰਘਣਾ ਰੂਪ ਹੈ। ਮੂਲ ਊਰਜਾ ਹੈ, ਪਦਾਰਥ ਉਸ ਤੋਂ ਪੈਦਾ ਹੋਇਆ ਹੈ। ਠੋਸ (ਪ੍ਰਿਥਵੀ), ਤਰਲ (ਪਾਣੀ), ਗੈਸ (ਵਾਯੂ) ਅਤੇ ਊਰਜਾ (ਅਗਨੀ)-ਇਹ ਚਾਰ ਪਦਾਰਥ ਮਿਲ ਕੇ ਪ੍ਰਕ੍ਰਿਤੀ ਭਾਵ ਕੁਦਰਤ ਬਣ ਜਾਂਦੇ ਹਨ। ਕੁਦਰਤ ਆਪਣੇ ਹੀ ਨਿਯਮਾਂ ਅਨੁਸਾਰ ਇਸ ਦਿਸਦੇ-ਅਣਦਿਸਦੇ ਸੰਸਾਰ ਨੂੰ ਚਲਾ ਰਹੀ ਹੈ।
ਪਦਾਰਥ ਅਤੇ ਊਰਜਾ ਦੇ ਸੰਜੋਗ ਨਾਲ ਭੌਤਿਕ ਅਤੇ ਰਸਾਇਣਕ ਕ੍ਰਿਆਵਾਂ ਨਾਲ ਜੀਵਨ ਪੈਦਾ ਹੁੰਦਾ ਹੈ, ਵਿਗਸਦਾ ਹੈ ਅਤੇ ਨਾਸ਼ ਹੋ ਜਾਂਦਾ ਹੈ। ਇਸ ਸੰਸਾਰ ਵਿਚ ਆਤਮਾ ਅਤੇ ਪਰਮਾਤਮਾ ਨਾਂ ਦੀ ਕੋਈ ਵਸਤੂ ਨਹੀਂ ਹੈ। ਕੁਦਰਤ ਆਪ ਹੀ ਆਪਣੇ ਨਿਯਮਾਂ ਅਨੁਸਾਰ ਸੰਸਾਰ ਨੂੰ ਚਲਾ ਰਹੀ ਹੈ। ਵਿਗਿਆਨ ਵਿਚ ਅਕਾਸ਼ ਵਾਸਤੇ ਈਥਰ (ਓਅਟਹeਰ) ਸ਼ਬਦ ਦੀ ਵਰਤੋਂ ਕੀਤੀ ਗਈ ਹੈ।
ਸਾਮੀ ਭਾਵ ਯਹੂਦੀ, ਈਸਾਈ ਅਤੇ ਇਸਲਾਮ-ਤਿੰਨਾਂ ਹੀ ਧਰਮਾਂ ਦੀ ਪਹਿਲੀ ਪੁਸਤਕ ਪੁਰਾਣਾ ਨਿਯਮ (ੌਲਦ ਟeਸਟਅਮeਨਟ) ਹੈ। ਇਸ ਅਨੁਸਾਰ ਯਹੋਵਾਹ ਨੇ ਕਿਹਾ, ਹੋ ਜਾਏ; ਤੇ ਸ੍ਰਿਸ਼ਟੀ ਦੀ ਰਚਨਾ ਹੋ ਗਈ। ਯਹੋਵਾਹ ਨੇ ਹੀ ਸਾਰੇ ਪਦਾਰਥ ਰਚੇ ਹਨ। ਸਾਰੇ ਜੀਵ ਜੰਤੂ ਵੀ ਉਸੇ ਨੇ ਰਚੇ ਹਨ। ਭਾਵ ਸਾਰੇ ਸੰਸਾਰ ਦਾ ਮੂਲ ਕਾਰਨ ਯਹੋਵਾਹ ਹੀ ਹੈ। ਯਹੂਦੀ ਧਰਮ ਅਨੁਸਾਰ ਵੀ ਚਾਰ ਪਦਾਰਥ-ਪ੍ਰਿਥਵੀ, ਜਲ, ਵਾਯੂ ਅਤੇ ਅਗਨੀ ਵਰਤੇ ਗਏ ਹਨ। ਉਹ ਵੀ ਅਕਾਸ਼ ਨੂੰ ਤੱਤ ਨਹੀਂ ਮਨਦੇ। ਸਾਰੇ ਜੀਵ ਯਹੋਵਾਹ ਨੇ ਆਪਣੇ ਹੁਕਮ ਅਨੁਸਾਰ ਰਚੇ ਹਨ ਅਤੇ ਕਿਆਮਤ ਦੇ ਦਿਨ ਜੀਵਾਂ ਦਾ ਨਿਆਂ ਕਰਕੇ ਮੁੜ ਜਿੰਦਾ ਕਰ ਦੇਵੇਗਾ, ਤੇ ਉਨ੍ਹਾਂ ਨੂੰ ਅਮਰਤਾ ਪ੍ਰਦਾਨ ਕਰ ਦੇਵੇਗਾ।
ਇਸਾਈ ਧਰਮ ਅਨੁਸਾਰ ਪੁਰਾਣੇ ਨਿਯਮ ਵਿਚ ਈਸਾ ਮਸੀਹ ਦੇ ਆਉਣ ਦੀ ਭਵਿੱਖਵਾਣੀ ਕੀਤੀ ਗਈ ਸੀ, ਜਿਸ ਅਨੁਸਾਰ ਹੀ ਈਸਾ ਮਸੀਹ ਦਾ ਜਨਮ ਹੋਇਆ ਹੈ; ਤੇ ਯਹੋਵਾਹ ਦੇ ਹੁਕਮ ਅਨੁਸਾਰ ਹੀ ਈਸਾ ਨੇ ਮਨੁੱਖਾਂ ਨੂੰ ਬਚਾਉਣ ਲਈ ਕੁਰਬਾਨੀ ਦਿੱਤੀ। ਈਸਾਈ ਨਵੇਂ ਨਿਯਮ (ਭਬਿਲe) ਦੇ ਨਾਲ ਹੀ ਪੁਰਾਣੇ ਨਿਯਮ ਨੂੰ ਵੀ ਮਾਨਤਾ ਦਿੰਦੇ ਹਨ। ਇਕ ਰਵਾਇਤ ਅਨੁਸਾਰ ਈਸਾ ਮਸੀਹ ਮੁੜ ਜਿੰਦਾ ਹੋਇਆ ਤਾਂ ਉਸ ਪਿਛੋਂ ਕਸ਼ਮੀਰ (ਭਾਰਤ) ਆਇਆ ਅਤੇ ਯੋਗ ਸਾਧਨਾ ਕੀਤੀ, ਤੇ ਇੱਥੇ ਹੀ ਉਸ ਦੀ ਮੌਤ ਹੋਈ। ਦਰਗਾਹ ਹਜ਼ਰਤ ਬੱਲ ਪਿਆ ਵਾਲ ਈਸਾ ਮਸੀਹ ਦਾ ਹੀ ਹੈ।
ਇਸਲਾਮ ਅਨੁਸਾਰ ਵੀ ਅੱਲਾਹ ਨੇ ਸੱਤ ਆਕਾਸ਼ ਅਤੇ ਸੱਤ ਪਾਤਾਲਾਂ ਵਿਚ ਸੰਸਾਰ ਦੀ ਰਚਨਾ ਕੀਤੀ ਹੈ। ਉਸ ਨੇ ਹੀ ਕੁਦਰਤ ਅਤੇ ਚਾਰ ਤੱਤਾਂ ਤੋਂ ਸੰਸਾਰ ਦੀ ਰਚਨਾ ਕੀਤੀ ਹੈ। ਉਸ ਦੇ ਹੁਕਮ ਅਨੁਸਾਰ ਹੀ ਜੀਵ ਜੰਮਦੇ ਅਤੇ ਮਰਦੇ ਹਨ। ਕਿਆਮਤ ਦੇ ਦਿਨ ਅੱਲਾਹ ਜੀਵਾਂ ਦਾ ਹਿਸਾਬ ਕਰਕੇ ਨਵਾਂ ਅਤੇ ਅਮਰ ਜੀਵਨ ਪ੍ਰਦਾਨ ਕਰੇਗਾ। ਸੂਫੀ ਮੱਤ ਵੀ ਵੇਦਾਂਤ ਦੇ ਅਦਵੈਤਵਾਦ ਤੋਂ ਹੀ ਪ੍ਰਭਾਵਿਤ ਹੋ ਕੇ ਸਥਾਪਤ ਕੀਤਾ ਗਿਆ ਹੈ, ਜੋ ਬੁੱਧ ਧਰਮ ਦੇ ਭਿਕਸ਼ੂਆਂ ਦੇ ਸੰਪਰਕ ਵਿਚ ਆਉਣ ਪਿਛੋਂ ਅਤੇ ਵਿਚਾਰ ਵਟਾਂਦਰੇ ਤੋਂ ਪ੍ਰਭਾਵਿਤ ਹੋ ਕੇ ਸਥਾਪਤ ਕੀਤਾ ਗਿਆ।
ਹੁਣ ਭਾਰਤੀ ਧਰਮਾਂ ਅਨੁਸਾਰ ਦੇਖੀਏ, ਸਭ ਤੋਂ ਪਹਿਲਾ ਅਤੇ ਪੁਰਾਤਨ ਧਰਮ ਸਨਾਤਨ ਧਰਮ ਹੈ। ਇਸ ਵਿਚ ਦੋ ਵਿਚਾਰਧਾਰਾਵਾਂ ਪ੍ਰਵਾਨਿਤ ਹਨ-ਨਾਸਤਿਕ ਵਿਚਾਰਧਾਰਾ ਭਾਵ ਚਾਰਵਾਕ ਅਤੇ ਲੋਕਾਇਤ ਵਿਚਾਰਧਾਰਾ। ਇਸ ਦਾ ਸੰਸਥਾਪਕ ਬ੍ਰਹਸਪਤੀ ਰਿਸ਼ੀ ਨੂੰ ਮੰਨਿਆ ਜਾਂਦਾ ਹੈ। ਇਸ ਵਿਚਾਰਧਾਰਾ ਦਾ ਕੋਈ ਵੀ ਗ੍ਰੰਥ ਮੌਜੂਦ ਨਹੀਂ ਹੈ, ਪਰ ਹੋਰ ਗ੍ਰੰਥਾਂ ਵਿਚ ਇਸ ਦੇ ਹਵਾਲੇ ਮਿਲਦੇ ਹਨ। ਇਸ ਅਨੁਸਾਰ ਵੀ ਚਾਰ ਤੱਤਾਂ ਤੋਂ ਹੀ ਸੰਸਾਰ ਦੀ ਰਚਨਾ ਹੋਈ ਹੈ। ਕੋਈ ਰੱਬ ਜਾਂ ਆਤਮਾ ਨਹੀਂ ਹੈ। ਸਰੀਰ ਹੀ ਮੈਂ ਹੈ। ਇਸ ਕਰਕੇ ਹੀ ਸੰਸਾਰ ਦੇ ਸੁਖ ਭੋਗਦੇ ਹਾਂ। ਸਰੀਰ ਦੇ ਖਤਮ ਹੋਣ ਨਾਲ ਹੀ ਸਭ ਕੁਝ ਖਤਮ ਹੋ ਜਾਂਦਾ ਹੈ। ਸੋ ਜਿੰਨਾ ਚਿਰ ਜਿਉਂਦੇ ਹੋ, ਸੰਸਾਰ ਦੇ ਸੁਖ ਭੋਗਦੇ ਰਹੋ। ਇਸ ਜੀਵਨ ਪਿਛੋਂ ਕੋਈ ਜੀਵਨ ਨਹੀਂ ਹੈ। ਕਰੀਬ ਵਿਗਿਆਨਕ ਵਿਚਾਰਧਾਰਾ ਨਾਲ ਮਿਲਦੀ-ਜੁਲਦੀ ਵਿਚਾਰਧਾਰਾ ਹੀ ਹੈ।
ਬੁੱਧ ਧਰਮ ਅਤੇ ਜੈਨ ਧਰਮ ਅਨੁਸਾਰ ਪਰਮਾਤਮਾ ਦੀ ਹੋਂਦ ਸ਼ੱਕੀ ਹੈ, ਪਰ ਆਤਮਾ ਹੈ। ਇਹ ਸੰਸਾਰ ਪ੍ਰਕ੍ਰਿਤੀ ਦੀ ਰਚਨਾ ਹੈ, ਅਤੇ ਦੁਖ ਦਾ ਕਾਰਨ ਹੈ। ਆਤਮਾ ਦੇ ਗਿਆਨ ਨਾਲ ਹੀ ਮੁਕਤੀ ਭਾਵ ਮੋਖਸ਼ ਦੀ ਪ੍ਰਾਪਤੀ ਹੁੰਦੀ ਹੈ; ਪਰ ਓਮ ਸ਼ਬਦ ਦੀ ਵਰਤੋਂ ਇਨ੍ਹਾਂ ਧਰਮਾਂ ਵਿਚ ਕੀਤੀ ਗਈ ਹੈ ਤੇ ਓਮ ਸ਼ਬਦ ਦਾ ਧਿਆਨ ਕਰਨ ਦੀ ਹਦਾਇਤ ਦਿੱਤੀ ਗਈ ਹੈ। ਧਿਆਨ ਤੋਂ ਹੀ ਸਮਾਧੀ ਦੀ ਪ੍ਰਾਪਤੀ ਹੁੰਦੀ ਹੈ, ਤੇ ਸਮਾਧੀ ਮੁਕਤੀ ਦਾ ਸਾਧਨ ਹੈ।
ਸਨਾਤਨ ਧਰਮ ਦੇ ਛੇ ਸ਼ਾਸਤਰ ਹਨ- 1. ਸਾਂਖਿਆ ਸ਼ਾਸਤਰ, ਜਿਸ ਦੇ ਪ੍ਰਵਤਕ ਕਪਿਲ ਮੁਨੀ ਹਨ; 2. ਯੋਗ ਸ਼ਾਸਤਰ, ਪਤੰਜਲੀ ਰਿਸ਼ੀ; 3. ਨਿਆਏ ਸ਼ਾਸਤਰ, ਗੌਤਮ ਰਿਸ਼ੀ; 4. ਵੈਸੈ/ਸ਼ੱਕ ਸ਼ਾਸਤਰ, ਕਨਾਦ ਮੁਨੀ; 5. ਪੂਰਵ ਮੀਮਾਂਸਾ, ਜੈਮਨੀ ਰਿਸ਼ੀ ਅਤੇ 6. ਉਤਰ ਮੀਮਾਂਸਾ ਜਾਂ ਵੇਦਾਂਤ ਸ਼ਾਸਤਰ, ਬਦਰਾਇਣ ਵਿਆਸ। ਇਨ੍ਹਾਂ ਸ਼ਾਸਤਰਾਂ ਵਿਚ ਦਵੈਤਵਾਦ, ਅਦਵੈਤਵਾਦ ਅਤੇ ਵਸ਼ਿਸ਼ਟ ਅਦਵੈਤਵਾਦ ਦਾ ਪ੍ਰਤੀਪਾਦਨ ਕੀਤਾ ਗਿਆ ਹੈ। ਪਰਮਾਤਮਾ, ਆਤਮਾ, ਮਾਯਾ ਅਤੇ ਸੰਸਾਰ ਦਾ ਵਿਵੇਚਨ ਕੀਤਾ ਗਿਆ ਹੈ। ਫਰਕ ਸਿਰਫ ਅਮਰਤਾ ਅਤੇ ਵਿਸ਼ੇਸ਼ਤਾ ਦਾ ਹੀ ਹੈ। ਇਨ੍ਹਾਂ ਦੀ ਹੋਂਦ ‘ਤੇ ਕੋਈ ਪ੍ਰੰਤੂ ਨਹੀਂ ਕੀਤਾ ਗਿਆ।
ਇਸ ਪਿਛੋਂ ਰਾਮਾਇਣ ਅਤੇ ਯੋਗ ਵਸ਼ਿਸ਼ਟ ਗ੍ਰੰਥ ਆਉਂਦੇ ਹਨ। ਜਿਨ੍ਹਾਂ ਦਾ ਰਚੈਤਾ ਵਾਲਮੀਕੀ ਮੁਨੀ ਹੈ। ਯੋਗ ਵਸ਼ਿਸ਼ਟ ਗ੍ਰੰਥ ਵਿਚ ਵਸ਼ਿਸ਼ਟ ਮੁਨੀ ਸ੍ਰੀ ਰਾਮ ਚੰਦਰ ਨੂੰ ਉਪਦੇਸ਼ ਰਾਹੀਂ ਆਤਮਾ ਅਤੇ ਪਰਮਾਤਮਾ ਦਾ ਗਿਆਨ ਦਿੰਦੇ ਹਨ, ਜੋ ਅਦਵੈਤਵਾਦ ਅਨੁਸਾਰ ਹੀ ਹੈ।
ਇਸ ਤੋਂ ਸ੍ਰੀਮੱਦ ਭਗਵਤ ਗੀਤਾ ਦਾ ਉਪਦੇਸ਼ ਆਉਂਦਾ ਹੈ, ਜੋ ਮਹਾਂ ਭਾਰਤ ਗ੍ਰੰਥ ਦਾ ਹੀ ਇਕ ਅੰਗ ਹੈ ਅਤੇ ਛੇ ਸ਼ਾਸਤਰਾਂ ਦਾ ਹੀ ਨਿਚੋੜ ਹੈ। ਹਰ ਅਧਿਆਇ ਦੇ ਅੰਤ ‘ਤੇ ਕ੍ਰਿਸ਼ਨ ਜੀ ਇਸ ਨੂੰ ਉਪਨਿਸ਼ਦ, ਬ੍ਰਹਮ ਵਿੱਦਿਆ ਅਤੇ ਯੋਗ ਸ਼ਾਸਤਰ ਕਹਿੰਦੇ ਹਨ।
ਅਧਿਆਇ 4, ਸ਼ਲੋਕ 6 ਵਿਚ ਕਹਿੰਦੇ ਹਨ ਕਿ ਮੈਂ ਅਜਨਮਾ ਤੇ ਅਵਿਨਾਸ਼ੀ ਸਰੂਪ ਹੁੰਦੇ ਹੋਏ ਵੀ, ਅਤੇ ਸਮੂਹ ਪ੍ਰਾਣੀਆਂ ਦਾ ਈਸ਼ਵਰ ਹੁੰਦੇ ਹੋਏ ਵੀ ਆਪਣੀ ਪ੍ਰਕ੍ਰਿਤੀ ਨੂੰ ਆਪਣੇ ਅਧੀਨ ਕਰ ਕੇ ਆਪਣੀ ਯੋਗ ਮਾਯਾ ਰਾਹੀਂ ਪ੍ਰਗਟ ਹੁੰਦਾ ਹਾਂ।
ਅਧਿਆਇ 7, ਸਲੋਕ 4-5 ਪ੍ਰਿਥਵੀ, ਜਲ, ਵਾਯੂ, ਅਗਨੀ, ਆਕਾਸ਼, ਮਨ, ਬੁੱਧੀ ਅਤੇ ਅਹੰਕਾਰ-ਇਹ 8 ਪ੍ਰਕਾਰ ਦੀ ਮਾਇਆ ਭਾਵ ਅਪਰਾ ਪ੍ਰਕ੍ਰਿਤੀ ਹੈ, ਜੋ ਜੜ ਪ੍ਰਕ੍ਰਿਤੀ ਹੈ। ਦੂਜੀ ਪਰਾ ਪ੍ਰਕ੍ਰਿਤੀ ਭਾਵ ਜੀਵ ਪ੍ਰਕ੍ਰਿਤੀ ਹੈ, ਜਿਸ ਰਾਹੀਂ ਮੈਂ ਸੰਸਾਰ ਨੂੰ ਧਾਰਨ ਕਰਦਾ ਹਾਂ।
ਅਧਿਆਇ 14, ਸਲੋਕ 5 ਹੇ ਅਰਜੁਨ ਸਤੋ ਗੁਣ, ਰਜੋ ਗੁਣ ਅਤੇ ਤਮੋ ਗੁਣ। ਇਹ ਮੇਰੀ ਪ੍ਰਕ੍ਰਿਤੀ ਤੋਂ ਉਤਪੰਨ ਹੋਏ ਤਿੰਨੇ ਗੁਣ ਅਵਿਨਾਸ਼ੀ ਜੀਵ ਆਤਮਾ ਨੂੰ ਸਰੀਰ ਵਿਚ ਬੰਨਦੇ ਹਨ।
ਇਸ ਤਰ੍ਹਾਂ ਸਨਾਤਨ ਧਰਮ ਵਿਚ ਪਾਰਬ੍ਰਹਮ, ਬ੍ਰਹਮ, ਮਾਯਾ, ਜੀਵ ਆਤਮਾ ਅਤੇ ਸੰਸਾਰ ਦੀ ਵਿਆਖਿਆ ਕੀਤੀ ਗਈ ਹੈ। ਓਮ (ਓਅੰਕਾਰ) ਦੀ ਧੁਨੀ ਦੀ ਵੀ ਵਿਆਖਿਆ ਕੀਤੀ ਗਈ ਹੈ।
ਹੁਣ ਸਿੱਖ ਧਰਮ ਅਨੁਸਾਰ ਇਸ ਦੀ ਵਿਆਖਿਆ ਅਤੇ ਵਿਚਾਰ ਕੀਤੀ ਜਾਵੇ। ਗੁਰੂ ਨਾਨਕ ਦੇਵ ਜੀ ਆਸਾ ਦੀ ਵਾਰ ਦੀ ਪਹਿਲੀ ਪੌੜੀ ਵਿਚ ਕਹਿੰਦੇ ਹਨ,
ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥
ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ॥
ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ॥
ਕਰ ਆਸਣੁ ਡਿਠੋ ਚਾਉ॥
ਇਸ ਤਰ੍ਹਾਂ ਆਸਾ ਦੀ ਵਾਰ ਵਿਚ ਇਸ ਵਿਸੇ ‘ਤੇ ਕਾਫੀ ਚਰਚਾ ਕੀਤੀ ਗਈ ਹੈ।
ਗੁਰੂ ਅਮਰਦਾਸ ਜੀ ਅਨੰਦ ਸਾਹਿਬ ਵਿਚ 26ਵੀਂ ਪੌੜੀ ਵਿਚ ਕਹਿੰਦੇ ਹਨ,
ਸਿਵ ਸਕਤਿ ਆਪਿ ਉਪਾਇਕੈ
ਕਰਤਾ ਆਪੇ ਹੁਕਮੁ ਵਰਤਾਏ॥
ਹੁਕਮੁ ਵਰਤਾਏ ਆਪਿ ਵੇਖੈ
ਗੁਰਮੁਖਿ ਕਿਸੈ ਬੁਝਾਏ॥
ਤੋੜੇ ਬੰਧਨ ਹੋਵੈ ਮੁਕਤੁ
ਸਬਦ ਮੰਨਿ ਵਸਾਏ॥
ਗੁਰਮੁਖਿ ਜਿਸਨੋ ਆਪਿ ਕਰੇ
ਸੁ ਹੋਵੈ ਏਕਸ ਸਿਉ ਦਿਲ ਲਾਏ॥
ਕਹੈ ਨਾਨਕੁ ਆਪਿ ਕਰਤਾ
ਆਪੇ ਹੁਕਮੁ ਬੁਝਾਏ॥
ਅਤੇ 29ਵੀਂ ਪੌੜੀ ਵਿਚ ਕਹਿੰਦੇ ਹਨ,
ਜੈਸੀ ਅਗਨਿ ਉਦਰ ਮਹਿ
ਤੈਸੀ ਬਾਹਰਿ ਮਾਇਆ॥
ਮਾਇਆ ਅਗਨਿ ਸਭ ਇਕੋ ਜੇਹੀ
ਕਰਤੈ ਖੇਲੁ ਰਚਾਇਆ॥
ਜਾ ਤਿਸੁ ਭਾਣਾ ਤਾ ਜੰਮਿਆ
ਪਰਵਾਰਿ ਭਲਾ ਭਾਇਆ॥
ਲਿਵ ਛੁੜਕੀ ਲਗੀ ਤ੍ਰਿਸਨਾ
ਮਾਇਆ ਅਮਰੁ ਵਰਤਾਇਆ॥
ਇਹ ਮਾਇਆ ਜਿਤੁ ਹਰਿ ਵਿਸਰੈ
ਮੋਹੁ ਉਪਜੈ ਭਾਉ ਦੂਜਾ ਲਾਇਆ॥
ਕਹੈ ਨਾਨਕੁ ਗੁਰਪਰਸਾਦੀ ਜਿਨਾ ਲਿਵ ਲਾਗੀ
ਤਿਨੀ ਵਿਚੇ ਮਾਇਆ ਪਾਇਆ॥
ਸੋ, ਇਸ ਤਰ੍ਹਾਂ ਦੇ ਅਨੇਕਾਂ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ।
ਇਸ ਸਾਰੀ ਚਰਚਾ ਦਾ ਵਿਸ਼ਾ ਇਹ ਹੈ ਕਿ ਨਿਰੰਕਾਰ ਆਪ ਹੀ ਸਾਕਾਰ ਹੋ ਕੇ ਓਅੰਕਾਰ ਰੂਪੀ ਸ੍ਰਿਸ਼ਟੀ ਦੀ ਰਚਨਾ ਕਰਨ ਲਈ ਸ਼ਿਵ ਅਤੇ ਸ਼ਕਤੀ ਭਾਵ ਬ੍ਰਹਮ ਤੇ ਮਾਇਆ ਜਾਂ ਪੁਰਸ਼ ਤੇ ਪ੍ਰਕ੍ਰਿਤੀ ਦੀ ਰਚਨਾ ਕਰਦਾ ਹੈ। ਬ੍ਰਹਮ ਅਤੇ ਮਾਇਆ ਪਾਰਬ੍ਰਹਮ ਪਰਮੇਸ਼ਰ ਦੇ ਰਚੇ ਹੋਏ ਉਸ ਦੇ ਅਧੀਨ ਹਨ।
ਹੁਣ ਇਕ ਹੋਰ ਭੇਦ ਦੀ ਗੱਲ, ਪਾਰਬ੍ਰਹਮ ਦੀ ਜੋਤ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਸਰੀਰਕ ਤੌਰ ‘ਤੇ ਵਰਤਦੀ ਰਹੀ, ਜਿਸ ਨੂੰ ਗੁਰੂ ਗੋਬਿੰਦ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਵਿਚ ਟਿਕਾ ਕੇ ਗੁਰੂ ਦਾ ਦਰਜਾ ਦਿੱਤਾ, ਜਦੋਂ ਕਿ ਸੰਨ 1604 ਵਿਚ ਆਦਿ ਗ੍ਰੰਥ ਦੀ ਰਚਨਾ ਹੋ ਗਈ ਸੀ। ਸੰਨ 1708 ਵਿਚ ਜਦੋਂ ਗੁਰੂ ਜੋਤਿ ਟਿਕਾਈ ਗਈ ਤਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਬਿਰਾਜਮਾਨ ਹੋਏ।
ਹੁਣ ਸਰੀਰ ਦੀ ਗੱਲ ਕੀਤੀ ਜਾਵੇ ਤਾਂ ਇਹ ਕਿਸੇ ਦਾ ਵੀ ਸਦਾ ਕਾਇਮ ਨਹੀਂ ਰਹਿ ਸਕਦਾ, ਕਿਉਂਕਿ ਇਹ ਮਾਇਆ ਦੀ ਰਚਨਾ ਮਾਇਆ ਦੇ ਅਧੀਨ ਹੀ ਹੈ। ਭਾਵੇਂ ਕਿਸੇ ਦਾ ਵੀ ਹੋਵੇ, ਹਰ ਇੱਕ ਨੂੰ ਜਾਣਾ ਪੈਂਦਾ ਹੈ। ਸਰੀਰ ਨਾਸ਼ਵਾਨ ਹੈ, ਜੋਤ ਅਵਿਨਾਸ਼ੀ ਹੈ।
ਸੋ, ਜੇ ਅਰਦਾਸ ਵਿਚ ‘ਪ੍ਰਿਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈਂ ਧਿਆਇ’ ਕਿਹਾ ਗਿਆ ਹੈ ਤਾਂ ਅਕਾਲ ਪੁਰਖ ਦਾ ਸਿਮਰਨ ਕਰ ਕੇ ਫਿਰ ਉਸ ਦੇ ਇਸਤਰੀ ਰੂਪ ਪ੍ਰਕ੍ਰਿਤੀ ਜਾਂ ਭਗਉਤੀ ਦਾ ਧਿਆਨ ਕਰਨ ਪਿਛੋਂ ਸਰੀਰਕ ਗੁਰੂ ਨਾਨਕ ਅਤੇ ਦੂਜੇ ਗੁਰੂਆਂ ਦਾ ਧਿਆਨ ਕੀਤਾ ਗਿਆ ਹੈ। ਇਸ ਵਿਚ ਕੋਈ ਅਤਿਕਥਨੀ ਨਹੀਂ ਹੈ।
ਮੇਰੇ ਇਨ੍ਹਾਂ ਵਿਚਾਰਾਂ ਨਾਲ ਕਿਸੇ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਜੇ ਕਿਸੇ ਦਾ ਦਿਲ ਦੁਖਿਆ ਹੋਵੇ, ਮੁਆਫੀ ਚਾਹੁੰਦਾ ਹਾਂ।