ਸਾਨੂੰ ਸਾਉਣ ਸੈਨਤਾਂ ਮਾਰੇ

ਸੁਖਦੇਵ ਮਾਦਪੁਰੀ
ਪੁਰਾਤਨ ਸਮੇਂ ਤੋਂ ਹੀ ਪੰਜਾਬ ਦੇ ਲੋਕ ਜੀਵਨ ਵਿਚ ਸਾਉਣ ਦੇ ਮਹੀਨੇ ਦੀ ਵਿਸ਼ੇਸ਼ ਮਹੱਤਤਾ ਰਹੀ ਹੈ| ਪੰਜਾਬ ਖੇਤੀ ਪ੍ਰਧਾਨ ਖਿੱਤਾ ਹੋਣ ਕਾਰਨ ਇਥੋਂ ਦਾ ਕਿਸਾਨ ਚੰਗੇਰੀ ਫਸਲ ਦੀ ਪੈਦਾਵਾਰ ਲਈ ਮੌਸਮ ‘ਤੇ ਹੀ ਨਿਰਭਰ ਰਿਹਾ ਹੈ| ਪਾਣੀ ਦੇ ਕੁਦਰਤੀ ਸਾਧਨ ਹੀ ਉਸ ਦੇ ਮੁੱਖ ਸਿੰਜਾਈ ਸਾਧਨ ਰਹੇ ਹਨ, ਜਿਸ ਕਰਕੇ ਕਿਸਾਨਾਂ ਨੂੰ ਜਿਥੇ ਮੀਂਹ ‘ਤੇ ਟੇਕ ਰੱਖਣੀ ਪੈਂਦੀ ਸੀ, ਉਥੇ ਉਨ੍ਹਾਂ ਨੂੰ ਮੌਸਮ ਦੀ ਕਰੋਪੀ ਦਾ ਵੀ ਟਾਕਰਾ ਕਰਨਾ ਪੈਂਦਾ ਸੀ| ਸਾਉਣ ਦਾ ਮਹੀਨਾ ਕਿਸਾਨਾਂ ਲਈ ਖੁਸ਼ਹਾਲੀ ਦਾ ਢੋਆ ਲੈ ਕੇ ਆਉਂਦਾ ਸੀ|

ਰੱਜਵੀਂ ਬਾਰਸ਼ ਸਾਉਣੀ ਦੀ ਭਰਪੂਰ ਫਸਲ ਲਈ ਉਨ੍ਹਾਂ ਦੇ ਮਨਾਂ ਅੰਦਰ ਉਤਸ਼ਾਹ ਅਤੇ ਉਮਾਹ ਭਰ ਦਿੰਦੀ ਸੀ| ਪਿੰਡਾਂ ਵਿਚ ਆਮ ਕਰਕੇ ਘਰ ਕੱਚੇ ਹੁੰਦੇ ਸਨ, ਜਿਸ ਕਰਕੇ ਲੋਕ ਸਾਉਣ ਮਹੀਨੇ ਦੀ ਆਮਦ ਤੋਂ ਪਹਿਲਾਂ ਆਪਣੇ ਘਰਾਂ ਦੀਆਂ ਕੰਧਾਂ ਅਤੇ ਛੱਤਾਂ ਨੂੰ ਤੂੜੀ ਰਲੀ ਚੀਕਣੀ ਮਿੱਟੀ ਨਾਲ ਲਿਪ ਕੇ ‘ਸਾਉਣ ਦੀ ਝੜੀ’ ਦਾ ਟਾਕਰਾ ਕਰਨ ਲਈ ਤਿਆਰੀ ਕਰ ਲੈਂਦੇ ਸਨ| ਲੋਕ ਅਖਾਣ ਹੈ,
ਸਾਵਣ ਦੀ ਝੜੀ
ਕੋਠਾ ਛੱਡੇ ਨਾ ਕੜ੍ਹੀ।
ਜੇ ਕਿਧਰੇ ਸਾਉਣ ਚੜ੍ਹਨ ‘ਤੇ ਬਾਰਸ਼ ਨਾ ਹੋਣੀ ਤਾਂ ਕੁੜੀਆਂ ਨੇ ਗੁੱਡੀਆਂ ਫੂਕ-ਫੂਕ ਕੇ ਬਾਰਸ਼ ਲਈ ਅਰਦਾਸਾਂ ਕਰਨੀਆਂ ਅਤੇ ਬੱਚਿਆਂ ਨੇ ਗਲੀਆਂ ‘ਚ ਨੱਚ ਨੱਚ ਗਾਉਣਾ,
ਰੱਬਾ ਰੱਬਾ ਮੀਂਹ ਵਸਾ
ਸਾਡੀ ਕੋਠੀ ਦਾਣੇ ਪਾ।
ਕਾਲੇ ਰੋੜ ਪੀਲੇ ਰੋੜ
ਹਾੜ੍ਹੇ ਰੱਬਾ ਵੱਟਾਂ ਤੋੜ।
ਕਾਲੀਆਂ ਇੱਟਾਂ ਕਾਲੇ ਰੋੜ
ਮੀਂਹ ਵਸਾ ਦੇ ਜ਼ੋਰੋ ਜ਼ੋਰ।
ਜੇਠ ਹਾੜ੍ਹ ਦੀ ਅਤਿ ਦੀ ਗਰਮੀ ਅਤੇ ਲੂਹੰਦੀਆਂ ਲੋਆਂ ਪਿਛੋਂ ਸਾਉਣ ਮਹੀਨੇ ਦੀਆਂ ਠੰਢੀਆਂ ਠਾਰ ਅਤੇ ਮਹਿਕਦੀਆਂ ਹਵਾਵਾਂ ਵਾਤਾਵਰਣ ਨੂੰ ਰੁਮਾਂਚਕ ਬਣਾ ਦਿੰਦੀਆਂ ਹਨ| ਨਿੱਕੀ-ਨਿੱਕੀ ਕਣੀ ਦਾ ਮੀਂਹ, ਸਾਉਣ ਦੇ ਛੱਰਾਟੇ ਅਤੇ ਸਾਉਣ ਦੀਆਂ ਝੜੀਆਂ ਪੰਜਾਬ ਦੇ ਸਭਿਆਚਾਰਕ ਜੀਵਨ ਵਿਚ ਅਨੂਠਾ ਰੰਗ ਭਰਦੇ ਹਨ| ਸਾਰਾ ਮਾਹੌਲ ਨਸ਼ਿਆ ਜਾਂਦਾ ਹੈ| ਧਰਤੀ ਮੌਲਦੀ ਹੈ, ਬਨਸਪਤੀ ‘ਤੇ ਨਵਾਂ ਨਿਖਾਰ ਆਉਂਦਾ ਹੈ| ਬੱਦਲਾਂ ਨੂੰ ਵੇਖ ਕਿਧਰੇ ਮੋਰ ਪੈਲਾਂ ਪਾਉਂਦੇ ਹਨ, ਕਿਧਰੇ ਕੋਇਲਾਂ ਕੂਕਦੀਆਂ ਹਨ,
ਰਲ ਆਓ ਸਈਓ ਨੀ
ਸੱਭੇ ਤੀਆਂ ਖੇਡਣ ਜਾਈਏ
ਹੁਣ ਆ ਗਿਆ ਸਾਵਣ ਨੀ
ਪੀਂਘਾਂ ਪਿੱਪਲੀਂ ਜਾ ਕੇ ਪਾਈਏ
ਪਈ ਕੂ ਕੂ ਕਰਦੀ ਨੀ ਸਈਓ
ਕੋਇਲ ਹੰਝੂ ਡੋਲ੍ਹੇ
ਪਪੀਹਾ ਵੇਖੋ ਨੀ ਭੈੜਾ
ਪੀਆ ਪੀਆ ਬੋਲੇ
ਲੈ ਪੈਲਾਂ ਪਾਂਦੇ ਨੀ
ਬਾਗੀਂ ਮੋਰਾਂ ਸ਼ੋਰ ਮਚਾਇਆ
ਨੀ ਖਿੜ ਖਿੜ ਫੁੱਲਾਂ ਨੇ
ਸਾਨੂੰ ਮਾਹੀਆ ਯਾਦ ਕਰਾਇਆ
ਮੈਂ ਅਥਰੂ ਡੋਲ੍ਹਾਂ ਨੀ
ਕੋਈ ਸਾਰ ਨਾ ਲੈਂਦਾ ਮੇਰੀ।
ਨਿੱਕੀ ਨਿੱਕੀ ਕਣੀ ਦਾ ਮੀਂਹ ਮੁਟਿਆਰਾਂ ‘ਚ ਸੁੱਤੇ ਦਰਦ ਜਗਾ ਦਿੰਦਾ ਹੈ ਤੇ ਉਹ ਗਿੱਧਾ ਪਾਉਣ ਲਈ ਉਤਸੁਕ ਹੋ ਉਠਦੀਆਂ ਹਨ,
ਛਮ ਛਮ ਛਮ ਛਮ ਪੈਣ ਫੁਹਾਰਾਂ
ਬਿਜਲੀ ਦੇ ਰੰਗ ਨਿਆਰੇ
ਆਓ ਕੁੜੀਓ ਗਿੱਧਾ ਪਾਈਏ
ਸਾਨੂੰ ਸਾਉਣ ਸੈਨਤਾਂ ਮਾਰੇ।
ਸਾਉਣ ਦਾ ਸੱਦਾ ਭਲਾ ਕੁੜੀਆ ਕਿਉਂ ਨਾ ਪ੍ਰਵਾਨ ਕਰਨ,
ਸਾਉਣ ਮਹੀਨਾ ਦਿਨ ਗਿੱਧੇ ਦੇ
ਕੁੜੀਆਂ ਰਲ ਕੇ ਆਈਆਂ
ਨੱਚਣ ਕੁੱਦਣ ਝੂਟਣ ਪੀਂਘਾਂ
ਵੱਡਿਆਂ ਘਰਾਂ ਦੀਆਂ ਜਾਈਆਂ
ਆਹ ਲੈ ਮਿੱਤਰਾ ਕਰ ਲੈ ਖੈਰੀਆਂ
ਬਾਂਕਾਂ ਮੇਚ ਨਾ ਆਈਆਂ
ਗਿੱਧਾ ਪਾ ਰਹੀਆਂ
ਨਣਦਾਂ ਤੇ ਭਰਜਾਈਆਂ।
ਕੁੜੀਆਂ ਦੇ ਪਿੱਪਲੀ ਪੀਂਘਾਂ ਪਾਉਣ ਕਰਕੇ ਪਿੱਪਲ ਆਪਣੇ ਆਪ ਨੂੰ Ḕਭਾਗਾਂ ਵਾਲਾ’ ਸਮਝਦਾ ਹੈ,
ਥੜਿਆਂ ਬਾਝ ਨਾ ਸੋਂਹਦੇ ਪਿੱਪਲ
ਫੁੱਲਾਂ ਬਾਝ ਫਲਾਹੀਆਂ
ਹੰਸਾਂ ਨਾਲ ਹਮੇਲਾਂ ਸੋਹੰਦੀਆਂ
ਬੰਦਾਂ ਨਾਲ ਗਜਰਾਈਆਂ
ਕੁੜੀਆਂ ਨੇ ਪੀਂਘਾਂ ਪਾਈਆਂ
ਸਾਉਣ ਵਿਚ ਕੁੜੀਆਂ ਨੇ
ਪੀਂਘਾਂ ਅਸਮਾਨ ਚੜ੍ਹਾਈਆਂ।
ਜਦੋਂ ਸਾਉਣ ਦੀਆਂ ਕਾਲੀਆਂ ਘਟਾਵਾਂ ਚੜ੍ਹ ਕੇ ਆਉਂਦੀਆਂ ਹਨ ਤਾਂ ਬਿਰਹੋਂ ਕੁੱਠੀ ਮੁਟਿਆਰ ਤੜਪ ਉਠਦੀ ਹੈ,
ਭਿੱਜ ਗਈ ਰੂਹ ਮਿੱਤਰਾ
ਸ਼ਾਮ ਘਟਾਂ ਚੜ੍ਹਾ ਆਈਆਂ।
ਉਹ ਤਾਂ ਕੋਇਲ ਨੂੰ ਵੀ ਆਪਣੇ ਹੱਥਾਂ ‘ਤੇ ਚੋਗ ਚੁਗਾਉਣਾ ਲੋਚਦੀ ਹੈ,
ਪ੍ਰੀਤ ਦੀ ਮੈਨੂੰ ਕਦਰ ਬਥੇਰੀ
ਲਾ ਕੇ ਤੋੜ ਨਿਭਾਵਾਂ
ਨੀ ਕੋਇਲੇ ਸਾਉਣ ਦੀਏ,
ਤੈਨੂੰ ਹੱਥ ‘ਤੇ ਚੋਗ ਚੁਗਾਵਾਂ।
ਇਸ ਰੁਮਾਂਚਕ ਵਾਤਾਵਰਣ ਵਿਚ ਪੰਜਾਬਣਾਂ ਦਾ ਹਰਮਨ ਪਿਆਰਾ ‘ਤੀਆਂ ਦਾ ਤਿਉਹਾਰ’ ਆਉਂਦਾ ਹੈ| ਪੰਜਾਬ ਦੀਆਂ ਮੁਟਿਆਰਾਂ ਇਸ ਨੂੰ ਬੜੇ ਚਾਵਾਂ ਨਾਲ ਉਡੀਕਦੀਆਂ ਹਨ| ਵਿਆਹੀਆਂ ਕੁੜੀਆਂ ਆਪਣੇ ਪੇਕੇ ਘਰ ਆ ਕੇ ਇਹ ਤਿਉਹਾਰ ਮਨਾਉਂਦੀਆਂ ਹਨ,
ਮਹਿੰਦੀ ਤਾਂ ਪਾ ਦੇ ਮਾਏ ਸੁਕਣੀ
ਮਾਏ ਮੇਰੀਏ
ਮਹਿੰਦੀ ਦਾ ਰੰਗ ਨੀ ਉਦਾਸ
ਸਾਵਣ ਆਇਆ
ਨੂੰਹਾਂ ਨੂੰ ਭੇਜੀਂ ਮਾਏ ਪੇਕੜੇ
ਮਾਏ ਮੇਰੀਏ ਨੀ
ਧੀਆਂ ਨੂੰ ਲਈ ਨੀ ਮੰਗਾ
ਸਾਵਣ ਆਇਆ।
ਜੋ ਵਿਆਹੀਆਂ ਕੁੜੀਆਂ ਕਿਸੇ ਕਾਰਨ ਸਾਉਣ ਮਹੀਨੇ ਪੇਕੀਂ ਨਹੀਂ ਆ ਸਕਦੀਆਂ, ਉਨ੍ਹਾਂ ਲਈ ਉਨ੍ਹਾਂ ਦੇ ਮਾਪੇ ਤੀਆਂ ਦਾ ਸੰਧਾਰਾ ਭੇਜਦੇ ਹਨ| ਤੀਆਂ ਦੇ ਸੰਧਾਰੇ ਵਿਚ ਤਿਓਰ ਅਤੇ ਮਠਿਆਈ ਹੁੰਦੀ ਹੈ| ਤੀਆਂ ਦੇ ਸੰਧਾਰੇ ਦਾ ਕੁੜੀਆਂ ਨੂੰ ਕਿੰਨਾ ਚਾਅ ਹੁੰਦਾ ਹੈ, ਇਸ ਦੀ ਝਲਕ ਇਕ ਲੋਕ ਗੀਤ ਇਸ ਤਰ੍ਹਾਂ ਦਿੰਦਾ ਹੈ,
ਭੇਜੀ ਨੀ ਅੰਮਾ ਰਾਣੀ ਸੂਹੜੇ
ਸੂਹਿਆਂ ਦੇ ਦਿਨ ਚਾਰ
ਸਾਵਣ ਆਇਆ।
ਕਿੱਕੂੰ ਨੀ ਭੇਜਾਂ ਸੂਹੜੇ
ਪਿਓ ਤੇਰਾ ਪਰਦੇਸ
ਸਾਵਣ ਆਇਆ।
ਲਿਖ ਲਿਖ ਭੇਜਾਂ ਚੀਰੀਆਂ
ਤੂੰ ਪਰਦੇਸਾਂ ਤੋਂ ਆ
ਸਾਵਣ ਆਇਆ।
ਕਿੱਕੂੰ ਨੀ ਆਵਾਂ ਜਾਈਏ ਮੇਰੀਏ
ਨਦੀਆਂ ਨੇ ਲਿਆ ਨੀ ਉਛਾਲ
ਸਾਵਣ ਆਇਆ।
ਪਾਵੋ ਵੇ ਮਲਾਹੋ ਬੇੜੀਆਂ
ਮੇਰਾ ਬਾਬਲ ਪਾਰ ਲੰਘਾਓ
ਸਾਵਣ ਆਇਆ।
ਹੱਥਾਂ ਦੀ ਵੇ ਦੇਵਾਂ ਮੁੰਦਰੀ
ਗਲ ਦਾ ਨੌਂ ਲੱਖਾ ਹਾਰ
ਸਾਵਣ ਆਇਆ।
ਪੁਰਾਣੇ ਸਮਿਆਂ ਵਿਚ ਆਉਣ-ਜਾਣ ਦੇ ਸਾਧਨ ਸੀਮਤ ਸਨ। ਨਾ ਸੜਕਾਂ ਸਨ, ਨਾ ਨਦੀਆਂ-ਨਾਲਿਆਂ ‘ਤੇ ਪੁਲ| ਪੰਜ-ਦਸ ਕੋਹ ਦੀ ਵਾਟ ‘ਤੇ ਵਿਆਹੀ ਮੁਟਿਆਰ ਆਪਣੇ ਆਪ ਨੂੰ ਪਰਦੇਸਣ ਸਮਝਦੀ ਸੀ| ਵਰ੍ਹੇ ਛਿਮਾਹੀ ਮਗਰੋਂ ਹੀ ਕੋਈ ਮਿਲਣ ਆਉਂਦਾ| ਸਾਵਣ ਦੇ ਅਨੇਕਾਂ ਗੀਤ ਮਿਲਦੇ ਹਨ, ਜਿਨ੍ਹਾਂ ਰਾਹੀਂ ਪਰਦੇਸਾਂ ਵਿਚ ਬੈਠੀ ਮੁਟਿਆਰ ਜਿੱਥੇ ਆਪਣੇ ਦੂਰ ਵਸੇਂਦੇ ਮਾਪਿਆਂ ਦੇ ਦਰਦ ਦਾ ਸੱਲ ਸਹਿੰਦੀ ਹੈ, ਉਥੇ ਪਰਦੇਸੀਂ ਖੱਟੀ ਕਰਨ ਗਏ ਆਪਣੇ ਮਾਹੀ ਦੇ ਵਿਯੋਗ ਨੂੰ ਬੜੇ ਦਰਦੀਲੇ ਬੋਲਾਂ ਵਿਚ ਬਿਆਨ ਕਰਦੀ ਹੈ|
ਸਾਉਣ ਦੇ ਦਿਨੀਂ ਸਹੁਰੇ ਗਈ ਭੈਣ ਨੂੰ ਵੀਰ ਲੈਣ ਆਉਂਦਾ ਹੈ| ਸੱਸ, ਨਨਾਣ ਮੱਥੇ ਵੱਟ ਪਾ ਲੈਂਦੀਆਂ ਹਨ। ਭੈਣ ਵੀਰ ਪਾਸੋਂ ਆਪਣੇ ਪੇਕੇ ਪਰਿਵਾਰ ਦੀ ਸੁੱਖ ਸਾਂਦ ਪੁੱਛਦੀ ਹੈ,
ਸਾਵਣ ਆਇਆ ਨੀ ਸਖੀਏ
ਸਾਵਣ ਆਇਆ
ਇਕ ਤਾਂ ਆਇਆ ਮੇਰੀ ਅੰਮਾ ਦਾ ਜਾਇਆ
ਚੜ੍ਹਦੇ ਸਾਵਣ ਮੇਰਾ ਵੀਰ ਨੀ ਆਇਆ
ਆ ਜਾ ਵੇ ਵੀਰਾ
ਆ ਜਾ ਵੀਰਾ ਚੜ੍ਹ ਉਚੀ ਅਟਾਰੀ
ਮੇਰੇ ਕਾਨ੍ਹ ਉਸਾਰੀ
ਦੇ ਜਾ ਵੀਰਾ ਮੇਰੀ ਮਾਂ ਦੇ ਸੁਨੇਹੜੇ ਰਾਮ।

ਮਾਂ ਤਾਂ ਤੇਰੀ ਭੈਣੇ
ਪਲੰਘੋਂ ਪੀਹੜੇ ਬਠਾਈ
ਸਾਥ ਅਟੇਰਨ ਸੂਹੀ ਰੰਗਲੀ ਰਾਮ।

ਆ ਵੇ ਵੀਰਾ ਚੜ੍ਹੀਏ ਉਚੀ ਅਟਾਰੀ
ਮੇਰੇ ਕਾਨ੍ਹ ਉਸਾਰੀ
ਦੇ ਜਾ ਮੇਰੀ ਭਾਬੋ ਦੇ ਸੁਨੇਹੜੇ ਰਾਮ।

ਭਾਬੋ ਤਾਂ ਤੇਰੀ ਬੀਬੀ ਗੀਗੜਾ ਜਾਇਆ
ਨੀ ਤੇਰਾ ਭਤੀਜੜਾ ਜਾਇਆ
ਉਠਦੀ ਬਹਿੰਦੀ ਦਿੰਦੀ ਲੋਰੀਆਂ ਰਾਮ।

ਆ ਵੇ ਵੀਰਾ ਚੜ੍ਹ ਉਚੀ ਅਟਾਰੀ
ਮੇਰੇ ਕਾਨ੍ਹ ਉਸਾਰੀ
ਮੇਰੀਆਂ ਸਈਆਂ ਦੇ ਦੇ ਵੇ ਸੁਨੇਹੜੇ ਰਾਮ।

ਸਈਆਂ ਤੇਰੀਆਂ ਭੈਣੇ ਛੋਪ ਨੀ ਪਾਏ
ਵਿਹੜੀਂ ਚਰਖੇ ਨੀ ਡਾਹੇ
ਤੂੰ ਹੀ ਪਰਦੇਸਣ ਬੈਠੀ ਦੂਰ ਨੀ ਰਾਮ।

ਚਲ ਵੇ ਵੀਰਾ ਚੱਲੀਏ ਮਾਂ ਦੇ ਕੋਲੇ
ਸਾਡੀਆਂ ਸਖੀਆਂ ਕੋਲੇ
ਚੁੱਕ ਭਤੀਜੜਾ ਲੋਰੀ ਦੇਵਾਂਗੀ ਰਾਮ।
ਬ੍ਰਿਹਾ ਕੁੱਠੇ ਗੀਤਾਂ ਉਪਰੰਤ ਕੁੜੀਆਂ ਹਾਸੇ-ਮਖੌਲ ਭਰੇ ਗੀਤ ਵੀ ਗਾਉਂਦੀਆਂ ਹਨ, ਪਿੰਡੋਂ ਬਾਹਰ ਬਰੋਟਿਆਂ-ਟਾਹਲੀਆਂ ਦੇ ਦਰੱਖਤਾਂ ‘ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਇੱਕ ਸਮਾਂ ਬੰਨ੍ਹ ਦਿੰਦੀਆਂ ਹਨ,
ਆਇਆ ਸਾਵਣ ਦਿਲ ਪਰਚਾਵਣ
ਝੜੀ ਲੱਗ ਗਈ ਭਾਰੀ
ਝੂਟੇ ਲੈਂਦੀ ਮਹੀਆਂ ਭਿੱਜ ਗਈ
ਨਾਲੇ ਰਾਮ ਪਿਆਰੀ
ਕੁੜਤੀ ਹਰੋ ਦੀ ਭਿੱਜੀ ਵਰੀ ਦੀ
ਕਿਸ਼ਨੋ ਦੀ ਫੁਲਕਾਰੀ
ਪੀਂਘ ਝੂਟਦੀ ਸੱਸੀ ਡਿੱਗ ਪਈ
ਨਾਲੇ ਨੂਰੀ ਨਾਭੇ ਵਾਲੀ
ਭਿੱਜ ਗਈ ਲਾਜੋ ਵੇ
ਬਹੁਤੇ ਹਿਰਖਾਂ ਵਾਲੀ।
ਕਿਧਰੇ ਤੀਆਂ ਦਾ ਗਿੱਧਾ ਆਪਣੇ ਜਲਵੇ ਵਿਖਾਉਂਦਾ ਹੈ| ਗਿੱਧਾ ਇਕ ਅਜਿਹਾ ਪਿੜ ਹੈ, ਜਿਥੇ ਮੁਟਿਆਰਾਂ ਆਪਣੇ ਦਿਲਾਂ ਦੇ ਗੁਭ ਗੁਭਾਟ ਕੱਢਦੀਆਂ ਹਨ ਤੇ ਬਿਦ ਬਿਦ ਕੇ ਬੋਲੀਆਂ ਪਾ ਕੇ ਮਨ ਦਾ ਭਾਰ ਹੌਲਾ ਕਰਦੀਆਂ ਹਨ ਅਤੇ ਸਾਉਣ ਮਹੀਨੇ ਦੇ ਸਦਕੜੇ ਜਾਂਦੀਆਂ ਹਨ,
ਸਾਉਣ ਵੀਰ ਕੱਠੀਆਂ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ।
ਤੀਆਂ ਦੇ ਰਾਂਗਲੇ ਤਿਉਹਾਰ ਤੋਂ ਇਲਾਵਾ ਸਾਉਣ ਦੇ ਹੋਰ ਵੀ ਅਨੇਕਾਂ ਰੰਗ ਸਨ| ਕਈ ਕਈ ਦਿਨ ਝੜੀਆਂ ਲੱਗਣੀਆਂ, ਚਾਰੇ ਬੰਨੇ ਜਲਥਲ ਹੋ ਜਾਣਾ| ਕਿਧਰੇ ਖੀਰਾਂ ਰਿਝਣੀਆਂ, ਕਿਧਰੇ ਮਾਹਲ-ਪੂੜੇ ਪੱਕਣੇ| ਹੁਣ ਉਹ ਗੱਲਾਂ ਨਹੀਂ ਰਹੀਆਂ| ਵਿਕਾਸ ਦੇ ਨਾਂ ‘ਤੇ ਲੱਖਾਂ ਦਰੱਖਤਾਂ ਦੇ ਕਤਲੇਆਮ ਨੇ ਕੁਦਰਤੀ ਵਾਤਾਵਰਣ ਦਾ ਸੰਤੁਲਨ ਹੀ ਵਿਗਾੜ ਦਿੱਤਾ ਹੈ। ਪਹਿਲਾਂ ਵਾਂਗ ਮੀਂਹ ਨਹੀਂ ਪੈਂਦੇ, ਕਈ ਵਾਰ ਤਾਂ ਸਾਉਣ ਸੁੱਕਾ ਹੀ ਲੰਘ ਜਾਂਦਾ ਹੈ| ਪਿੰਡਾਂ ਦਾ ਸ਼ਹਿਰੀਕਰਨ ਹੋ ਰਿਹਾ ਹੈ| ਪਹਿਲੇ ਸ਼ੌਕ ਰਹੇ ਨਹੀਂ| ਤੀਆਂ ਦਾ ਤਿਉਹਾਰ ਵੀ ਹੁਣ ਪਹਿਲਾਂ ਵਾਲੇ ਸ਼ੌਕ ਅਤੇ ਉਤਸ਼ਾਹ ਨਾਲ ਨਹੀਂ ਮਨਾਇਆ ਜਾਂਦਾ| ਸਾਉਣ ਮਹੀਨੇ ਪੱਕਦੇ ਸੁਆਦੀ ਮਾਹਲ-ਪੂੜੇ ਅਤੇ ਰਿਝਦੀਆਂ ਖੀਰਾਂ ਬੀਤੇ ਸਮੇਂ ਦੀਆਂ ਗੱਲਾਂ ਬਣ ਕੇ ਰਹਿ ਗਈਆਂ ਹਨ|