ਕਸ਼ਮੀਰ ਦਾ ਮਸਲਾ: ਵਾਜਪਾਈ ਬਨਾਮ ਅਮਿਤ ਸ਼ਾਹ

ਗੁਲਜ਼ਾਰ ਸਿੰਘ ਸੰਧੂ
ਮੇਰੇ ਸਾਹਮਣੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਜੰਮੂ-ਕਸ਼ਮੀਰ ਵਿਚ ਰਾਸ਼ਟਰਪਤੀ ਰਾਜ ਦੇ ਵਾਧੇ ਸਮੇਂ ਦਿੱਤਾ ਭਾਸ਼ਣ ਅਤੇ ਰਾਅ ਦੇ ਸਾਬਕਾ ਮੁਖੀ ਏ. ਐਸ਼ ਦੁੱਲਤ ਦੀ ਪੁਸਤਕ Ḕਕਸ਼ਮੀਰ: ਦੀ ਵਾਜਪਾਈ ਯੀਅਰਜ਼Ḕ ਪਈ ਹੈ। ਵਾਜਪਾਈ ਦੇਸ਼ ਵਿਚ ਭਾਜਪਾ ਰਾਜ ਸਮੇਂ ਪ੍ਰਧਾਨ ਮੰਤਰੀ ਰਿਹਾ ਹੈ ਤੇ ਅਮਿ

ਤ ਸ਼ਾਹ ਵਰਤਮਾਨ ਭਾਜਪਾ ਸਰਕਾਰ ਦਾ ਗ੍ਰਹਿ ਮੰਤਰੀ ਹੋਣ ਦੇ ਨਾਲ ਭਾਜਪਾ ਪ੍ਰਧਾਨ ਵੀ ਹੈ। ਦੁੱਲਤ ਨੇ ਆਪਣੀ ਪੁਸਤਕ ਵਿਚ ਕਸ਼ਮੀਰ ਦੇ ਮਸਲੇ ਬਾਰੇ ਖੁਲ੍ਹ ਕੇ ਚਰਚਾ ਕੀਤੀ ਹੈ ਤੇ ਦੱਸਿਆ ਹੈ ਕਿ ਵਾਜਪਾਈ ਇਸ ਮਸਲੇ ਦਾ ਸੰਵਿਧਾਨਕ ਹੱਲ ਲੱਭਣ ਲਈ ਬਹੁਤ ਤਤਪਰ ਸੀ। ਇਹ ਵੀ ਸੰਕੇਤ ਮਿਲਦਾ ਹੈ ਕਿ ਉਹ ਕੰਟਰੋਲ ਰੇਖਾ ਨੂੰ ਆਧਾਰ ਮੰਨ ਕੇ ਇਸ ਮਸਲੇ ਦੇ ਸ਼ਾਂਤਮਈ ਹੱਲ ਲਈ ਉਤਸੁਕ ਸੀ। ਜੰਮੂ-ਕਸ਼ਮੀਰ ਦੇ ਪ੍ਰਤੀਨਿਧਾਂ ਤੇ ਸੰਵਿਧਾਨਕ ਗੁੰਝਲਾਂ ਨੇ ਉਸ ਦੀ ਪੇਸ਼ ਨਾ ਜਾਣ ਦਿੱਤੀ। ਦੇਸ਼ ਦੀ ਵਾਗਡੋਰ ਥੋੜ੍ਹਾ ਸਮਾਂ ਹੋਰ ਉਸ ਦੇ ਹੱਥ ਰਹਿੰਦੀ ਤਾਂ ਉਸ ਦੀ ਸੋਚ ਨੂੰ ਬੂਰ ਪੈ ਜਾਣਾ ਸੀ।
ਏਧਰ ਨਵਾਂ ਨਵਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਬਹੁਮੱਤ ਵਾਲੀ ਸਰਕਾਰ ਦੇ ਬਲਬੂਤੇ ਰਾਜ ਵਿਚ ਚੁਣੀ ਹੋਈ ਸਰਕਾਰ ਨਾ ਹੋਣ ਕਾਰਨ ਜੰਮੂ-ਕਸ਼ਮੀਰ ਰਾਖਵਾਂਕਰਨ ਸੋਧ ਬਿੱਲ ਪਾਸ ਕਰਵਾਉਣ ਵਿਚ ਹੀ ਨਹੀਂ, ਜੰਮੂ ਕਸ਼ਮੀਰ ਵਿਚ ਰਾਸ਼ਟਰਪਤੀ ਰਾਜ ਦੀ ਮਿਆਦ ਵਧਾਉਣ ਵਿਚ ਵੀ ਸਫਲ ਹੋ ਗਿਆ ਹੈ। ਆਪਣੇ ਭਾਸ਼ਣ ਵਿਚ ਕਾਂਗਰਸ ਪਾਰਟੀ ਦੇ ਵਿਰੋਧ ‘ਤੇ ਟਿੱਪਣੀ ਕਰਦਿਆਂ ਉਹ ਤਾਂ ਇਹ ਵੀ ਕਹਿ ਗਿਆ ਕਿ ਕਾਂਗਰਸ ਪਾਰਟੀ ਉਸ ਨੂੰ ਲੋਕਰਾਜ ਦਾ ਸਬਕ ਨਾ ਪੜ੍ਹਾਵੇ। ਉਹ ਜੰਮੂ-ਕਸ਼ਮੀਰ ਦੇ ਅਜੋਕੇ ਮਸਲੇ ਨੂੰ ਵੀ ਮਰਹੂਮ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਹੀ ਦੇਣ ਮੰਨਦਾ ਹੈ। ਸ਼ਾਇਦ ਉਸ ਨੂੰ ਜੰਮੂ-ਕਸ਼ਮੀਰ ਦੇ ਮਸਲੇ ਬਾਰੇ ਅਟੱਲ ਬਿਹਾਰੀ ਵਾਜਪਾਈ ਦੀ ਸੋਚ ਦੀ ਕੋਈ ਜਾਣਕਾਰੀ ਨਹੀਂ, ਜੋ ਕੰਟਰੋਲ ਰੇਖਾ ਨੂੰ ਆਧਾਰ ਬਣਾ ਕੇ ਗੱਲ ਤੋਰਨ ਦਾ ਇਛੁੱਕ ਸੀ।
ਪੰਜਾਬੀ ਪਾਠਕ ਵਾਜਪਾਈ ਦੀ ਧਾਰਨਾ ਜਾਣਨਾ ਚਾਹੁਣ ਤਾਂ ਦੁੱਲਤ ਦੀ ਪੁਸਤਕ ਦਾ ਪੰਜਾਬੀ ਅਨੁਵਾਦ Ḕਕਸ਼ਮੀਰ ਦੀ ਦਾਸਤਾਨḔ (ਲੋਕ ਗੀਤ ਪ੍ਰਕਾਸ਼ਨ, ਮੁਹਾਲੀ) ਪੜ੍ਹ ਸਕਦੇ ਹਨ। ਉਸ ਦੇ ਉਲਟ ਅਮਿਤ ਸ਼ਾਹ ਤਾਂ ਯੁੱਧਬੰਦੀ (ਸੀਜ਼ਫਾਇਰ) ਦਾ ਆਦੇਸ਼ ਦੇਣ ਵਾਲੀ ਕਾਂਗਰਸ ਪਾਰਟੀ ਉਤੇ ਵੀ ਤਾਬੜਤੋੜ ਹਮਲੇ ਕਰ ਰਿਹਾ ਹੈ। ਜ਼ਬਾਨੀ-ਕਲਾਮੀ ਵਾਜਪਾਈ ਬਾਰੇ ਕੁਝ ਵੀ ਕਹੇ, ਉਸ ਦੇ ਭਾਸ਼ਣ ਵਿਚ ਵਾਜਪਾਈ ਦੀ ਧਾਰਨਾ ਦਾ ਕੋਈ ਸਤਿਕਾਰ ਨਹੀਂ। ਉਹ ਲੋਕਤੰਤਰ ਦੇ ਨਿਯਮਾਂ ਬਾਰੇ ਆਪਣੇ ਤੋਂ ਸਿਆਣਾ ਕਿਸੇ ਨੂੰ ਨਹੀਂ ਮੰਨਦਾ। ਉਸ ਨੂੰ ਕਿਸੇ ਤੋਂ ਸਬਕ ਸਿੱਖਣ ਦੀ ਲੋੜ ਨਹੀਂ।
ਜੰਮੂ-ਕਸ਼ਮੀਰ ਦੀ ਵਿਧਾਨ ਸਭਾ ਤਾਂ ਕਿਹੜੇ ਬਾਗ ਦੀ ਮੂਲੀ ਹੈ। ਭਾਜਪਾ ਬਹੁਮਤ ਦੇ ਥਮਲੇ ਉਤੇ ਖਲੋਤਾ ਉਹ ਕਿਸੇ ਵੀ ਅਪੀਲ, ਦਲੀਲ ਤੇ ਵਕੀਲ ਦਾ ਕਾਇਲ ਨਹੀਂ। ਉਸ ਦੀ ਧਾਰਨਾ ਅਨੁਸਾਰ ਤਾਂ ਦੇਸ਼ ਦੀ ਸੁਤੰਤਰਤਾ ਦੇ ਸਿਰਜਕ ਪੰਡਿਤ ਨਹਿਰੂ ਵਰਗੇ ਦਾਨਿਸ਼ਵਰ ਨਹੀਂ, ਸਗੋਂ ਹਿੰਦੂਤਵ ਧਾਰਨਾ ਵਾਲੇ ਮਹਾਰਥੀ ਸਨ। ਉਸ ਦੇ ਭਾਸ਼ਣ ਵਿਚ ਗ੍ਰਹਿ ਮੰਤਰੀ ਦੇ ਸਲੀਕੇ ਦੀ ਥਾਂ ਪਾਰਟੀ ਪ੍ਰਧਾਨ ਦੀ ਹੈਂਕੜ ਛਾਈ ਹੋਈ ਸੀ। ਜੇ ਇਸ ਨੂੰ ਪੰਜਾਬੀ ਦੇ ਕਿਸੇ ਟੋਟਕੇ ਰਾਹੀਂ ਬਿਆਨ ਕਰਨਾ ਹੋਵੇ ਤਾਂ ਗੀਤਕਾਰ ਸ਼ਮਸ਼ੇਰ ਸੰਧੂ ਦੀ ਮਦਦ ਲਵਾਂਗਾ,
ਤੂੰ ਨ੍ਹੀਂ ਬੋਲਦੀ ਰਕਾਨੇ ਤੂੰ ਨ੍ਹੀਂ ਬੋਲਦੀ
ਤੇਰੇ Ḕਚ ਤੇਰਾ ਯਾਰ ਬੋਲਦਾ।
ਅਜੋਕੇ ਪ੍ਰਸੰਗ ਵਿਚ ਰਕਾਨ ਅਮਿਤ ਸ਼ਾਹ ਹੈ ਤੇ ਉਸ ਦਾ ḔਯਾਰḔ ਆਰ. ਐਸ਼ ਐਸ਼। ਅਮਿਤ ਸ਼ਾਹ ਪਾਰਟੀ ਪ੍ਰਧਾਨ ਦੀ ਹੈਂਕੜ ਛੱਡ ਕੇ ਗ੍ਰਹਿ ਮੰਤਰੀਆਂ ਵਾਲਾ ਸਲੀਕਾ ਕਦੋਂ ਅਪਨਾਉਂਦਾ ਹੈ, ਸਮੇਂ ਨੇ ਦੱਸਣਾ ਹੈ। ਹਾਲ ਦੀ ਘੜੀ ਤਾਂ ਨਰਿੰਦਰ ਮੋਦੀ ਉਸ ਦਾ ਨਾਇਕ ਹੈ ਤੇ ਪੰਡਿਤ ਨਹਿਰੂ ਖਲਨਾਇਕ। ਰੱਬ ਖੈਰ ਕਰੇ!
ਕੰਵਲ ਬਾਈ ਦਾ ਸੈਂਕੜਾ: ਪੰਜਾਬੀ ਨਾਵਲਕਾਰੀ ਦੇ ਮਹਾਰਥੀ ਜਸਵੰਤ ਸਿੰਘ ਕੰਵਲ ਨੇ ਆਪਣੀ ਉਮਰ ਦਾ ਸੈਂਕੜਾ ਮਾਰ ਕੇ ਭਾਈ ਨੂੰ ਮਾਤ ਪਾ ਦਿੱਤਾ ਹੈ। ਭਾਈ ਜੋਧ ਸਿੰਘ ਸੈਂਕੜਾ ਮਾਰਨ ਤੋਂ 6 ਮਹੀਨੇ ਪਹਿਲਾਂ ਤੁਰ ਗਿਆ ਸੀ ਤੇ ਖੁਸ਼ਵੰਤ ਸਿੰਘ ਸੌ ਤੋਂ ਸਾਢੇ ਦਸ ਮਹੀਨੇ ਪਹਿਲਾਂ। ਰਚਨਾਕਾਰੀ ਵਿਚ ਤਿੰਨੇ ਆਪੋ ਆਪਣੇ ਖੇਤਰ ਦੇ ਸ਼ਾਹ ਅਸਵਾਰ ਮੰਨੇ ਜਾਂਦੇ ਹਨ। ਭਾਈ ਸਾਹਿਬ ਦੇ ਅੰਤਲੇ ਦਿਨਾਂ ਵਿਚ ਮੈਂ ਇੱਕ ਸਮਾਗਮ ਸਮੇਂ ਤੱਕਿਆ ਤਾਂ ਉਨ੍ਹਾਂ ਦੇ ਹੱਥ ਵਾਲਾ ਚਾਹ ਦਾ ਪਿਆਲਾ ਏਦਾਂ ਡਿਕੋ ਡੋਲੇ ਖਾ ਰਿਹਾ ਸੀ ਜਿਵੇਂ ਪਲੇਟ ਵਿਚੋਂ ਨਿਕਲ ਕੇ ਡਿਗਣ ਲੱਗਾ ਹੋਵੇ। ਮੈਂ ਮਦਦ ਲਈ ਅੱਗੇ ਵਧਿਆ ਤਾਂ ਭਾਈ ਸਾਹਿਬ ਨਿਸ਼ਚਿੰਤ ਸਨ। ਕਹਿਣ ਲੱਗੇ, ḔḔਕਿਧਰੇ ਨ੍ਹੀਂ ਜਾਂਦਾ ਚਿੰਤਾ ਨਾ ਕਰੋ।” ਉਨ੍ਹਾਂ ਦੇ ਸ਼ਬਦਾਂ ਦੀ ਸ਼ਕਤੀ ਮੈਂ ਆਪਣੇ ਅੱਖੀਂ ਨਿਭਦੀ ਤੱਕੀ। ਉਧਰ ਖੁਸ਼ਵੰਤ ਸਿੰਘ ਵੀ ਅੰਤਿਮ ਸਵਾਸ ਲੈਣ ਤੱਕ ਕਾਲਮ-ਨਵੀਸੀ ਕਰਦਾ ਰਿਹਾ। ਏਧਰ ਕੰਵਲ ਬਾਈ ਸੈਂਕੜਾ ਮਾਰ ਕੇ ਵੀ ਚੰਗਾ ਭਲਾ ਹੈ। ਹੁਣ ਉਸ ਦਾ ਟਾਕਰਾ ਸਾਹਿਤਕਾਰੀ ਤੋਂ ਬਾਹਰ ਦੀ ਦੁਨੀਆਂ ਨਾਲ ਹੈ, ਬੇਬੇ ਮਾਨ ਕੌਰ ਵਰਗਿਆਂ ਨਾਲ, ਜੋ 105 ਵਰ੍ਹੇ ਦੀ ਹੋ ਕੇ ਵੀ ਦੌੜਾਂ ਵਿਚ ਹਿੱਸਾ ਲੈਂਦੀ ਹੈ। ਇਨ੍ਹਾਂ ਵਰਗੇ ਹੋਰ ਵੀ ਹੋ ਸਕਦੇ ਹਨ। ਦੁਨੀਆਂ ਪਰੇ ਤੋਂ ਪਰੇ ਹੈ, ਪਰ ਇਹ ਗੱਲ ਦਾਅਵੇ ਨਾਲ ਕਹੀਂ ਜਾ ਸਕਦੀ ਹੈ ਕਿ ਉਨ੍ਹਾਂ ਨੇ ਉਹ ਨਾਮਣਾ ਨਹੀਂ ਖੱਟਿਆ, ਜੋ ਇਨ੍ਹਾਂ ਨੇ। ਜਸਵੰਤ ਸਿੰਘ ਕੰਵਲ ਜ਼ਿੰਦਾਬਾਦ! ਦਾਸ ਦੀਆਂ ਮੁਬਾਰਕਾਂ!
ਇੱਕ ਲੱਖ ਰੁਪਏ ਦੀਆਂ ਪੁਸਤਕਾਂ ਦਾ ਦਾਜ: ਪੱਛਮੀ ਤੇ ਪੂਰਬੀ ਬੰਗਾਲ ਦੀ ਸਾਰੀ ਵਸੋਂ ਪੜ੍ਹਨ-ਪੜ੍ਹਾਉਣ ਦੀ ਰੁਚੀ ਲਈ ਜਾਣੀ ਜਾਂਦੀ ਹੈ। ਪਤਾ ਲੱਗਿਆ ਹੈ ਕਿ ਪੱਛਮੀ ਬੰਗਾਲ ਦੇ ਪੂਰਬੀ ਮਿਦਨਾਪੁਰ ਦੇ ਵਾਸੀ ਸੂਰਯਾਕਾਂਤ ਨੂੰ ਦਾਜ ਵਿਚ ਉਹਦੇ ਸਹੁਰਿਆਂ ਵਲੋਂ ਇੱਕ ਲੱਖ ਰੁਪਏ ਦੀਆਂ ਪੁਸਤਕਾਂ ਮਿਲੀਆਂ ਹਨ। ਇਨ੍ਹਾਂ ਵਿਚ ਰਾਬਿੰਦਰ ਨਾਥ ਟੈਗੋਰ, ਬੰਕਮ ਚੰਦਰ ਚੈਟਰਜੀ ਤੇ ਸ਼ਰਤ ਚੰਦਰ ਬੋਸ ਦੀ ਸਮੁੱਚੀ ਰਚਨਾ ਵੀ ਸ਼ਾਮਲ ਹੈ। ਸੂਰਯਾਕਾਂਤ ਖੁਦ ਅਧਿਆਪਕ ਹੈ ਤੇ ਉਸ ਦੀ ਨਵਵਿਆਹੀ ਪਤਨੀ ਪ੍ਰਿਅੰਕਾ ਦੇ ਪੇਕੇ ਵੀ ਮਿਦਨਾਪੁਰ ਵਿਚ ਹੀ ਹਨ। ਇੰਨੀਆਂ ਪੁਸਤਕਾਂ ਦੀ ਚੋਣ ਕਿਹੜੇ ਕਿਹੜੇ ਸ਼ਹਿਰ ਤੋਂ ਕੀਤੀ ਤੇ ਕਿਵੇਂ ਲੈ ਕੇ ਆਏ, ਹੈਰਾਨ ਕਰਨ ਵਾਲੀ ਗੱਲ ਹੈ! ਹੁਣ ਇਨ੍ਹਾਂ ਵਿਚ ਹੋਰ ਪੁਸਤਕਾਂ ਮਿਲਾ ਕੇ ਸੂਰਯਾਕਾਂਤ ਆਪਣੀ ਰਿਹਾਇਸ਼ Ḕਤੇ ਇਕ ਲਾਇਬਰੇਰੀ ਸਥਾਪਤ ਕਰ ਰਿਹਾ ਹੈ, ਜਿਸ ਵਿਚ ਪ੍ਰਿਅੰਕਾ ਦੀ ਇੱਛਾ ਅਨੁਸਾਰ ਵੱਧ ਪੁਸਤਕਾਂ ਬਾਲ ਸਾਹਿਤ ਨਾਲ ਸਬੰਧਤ ਰੱਖਣੀਆਂ ਹਨ। ਪਤੀ-ਪਤਨੀ ਨੂੰ ਪੁਸਤਕ ਰੁਚੀ ਮੁਬਾਰਕ ਤੇ ਸਮੁੱਚੇ ਬੰਗਾਲੀਆਂ ਨੂੰ ਪੜ੍ਹਨਾ ਪੜ੍ਹਾਉਣਾ!
ਅੰਤਿਕਾ: ਸੁਖਵਿੰਦਰ ਅੰਮ੍ਰਿਤ
ਮੈਂ ਇੰਜ ਤੜਪਾਂ ਮੈਂ ਇੰਜ ਸਿਸਕਾਂ
ਇੰਜ ਦੇਵਾਂ ਸਦਾ ਉਸ ਨੂੰ,
ਮੇਰਾ ਦਰਿਆ, ਮੇਰੀ ਖਾਤਰ
ਸਮੁੰਦਰ Ḕਚੋਂ ਵੀ ਲੌਟ ਆਏ।