ਕਸ਼ਮੀਰ ਅੱਜ ਕੱਲ੍ਹ ਅੱਗ ਦੀ ਲਾਟਾਂ ਦਾ ਸੇਕ ਝੱਲ ਰਿਹਾ ਹੈ। ਕਸ਼ਮੀਰੀ ਆਗੂ ਸ਼ੇਖ ਅਬਦੁਲਾ ਨੇ ਆਪਣੀ ਸਵੈ-ਜੀਵਨੀ ‘ਆਤਿਸ਼-ਏ-ਚਿਨਾਰ’ ਵਿਚ ਕਸ਼ਮੀਰ ਦੀ ਜਿਹੜੀ ਕਥਾ ਬਿਆਨ ਕੀਤੀ ਹੈ, ਉਹ ਬੜੀ ਦਿਲਚਸਪ ਹੈ। ਇਸ ਕਿਤਾਬ ਬਾਰੇ ਚਰਚਾ ਡਾ. ਪਰਮਜੀਤ ਢੀਂਗਰਾ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ। ਰਤਾ ਕੁ ਗਹੁ ਨਾਲ ਪੜ੍ਹਿਆਂ ਕਸ਼ਮੀਰ ਦੇ ਅੱਜ ਦੇ ਸੰਕਟ ਦੇ ਝਲਕਾਰੇ ਇਸ ਲਿਖਤ ਵਿਚੋਂ ਸਹਿਜੇ ਹੀ ਮਿਲ ਜਾਂਦੇ ਹਨ।
-ਸੰਪਾਦਕ
ਡਾ. ਪਰਮਜੀਤ ਢੀਂਗਰਾ
ਕਸ਼ਮੀਰ ਨੂੰ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ। ਕੁਦਰਤ ਨੇ ਇਸ ਧਰਤੀ ਨੂੰ ਜਿੰਨੀ ਸੁੰਦਰਤਾ, ਆਨੰਦ ਅਤੇ ਸ਼ਕਤੀ ਦਿੱਤੀ ਹੈ, ਮਨੁੱਖ ਦੀ ਸੌੜੀ ਸੋਚ ਅਤੇ ਸਿਆਸੀ ਮੰਤਵਾਂ ਨੇ ਇਸ ਨੂੰ ਓਨਾ ਹੀ ਬਦਹਾਲ ਬਣਾ ਦਿੱਤਾ ਹੈ। ਇੰਜ ਜਾਪਦਾ ਹੈ, ਜਿਵੇਂ ਇਸ ਦੇ ਸੋਹਣੇ ਮੁਖੜੇ ਨੂੰ ਕਿਸੇ ਦੀ ਮਾੜੀ ਨਜ਼ਰ ਲੱਗ ਗਈ ਹੋਵੇ ਤੇ ਇਹਦੀ ਰੂਹ ਧੁਰ ਅੰਦਰ ਤਕ ਸਰਾਪੀ ਗਈ ਹੋਵੇ। ਇਹਦੇ ਠੰਢੇ, ਮਿੱਠੇ ਪਾਣੀਆਂ ਵਿਚ ਘੁਲਿਆ ਲਹੂ ਤੇ ਹਵਾ ਵਿਚਲੀ ਬਾਰੂਦੀ ਮੁਸ਼ਕ ਨੇ ਇਹਦਾ ਸਾਹ ਤਕ ਨੱਪ ਲਿਆ ਹੈ। ਫੌਜੀਆਂ ਅਤੇ ਅਰਧ-ਫੌਜੀਆਂ ਦੀਆਂ ਧਾੜਾਂ ਤੇ ਜ਼ੁਲਮ-ਓ-ਸਿਤਮ ਦੀ ਹਨੇਰੀ ਸੁਰੰਗ ਵਿਚ ਚਿਨਾਰ ਅਤੇ ਜ਼ਾਫਰਾਨ (ਕੇਸਰ) ਘੁਲ ਮਿਲ ਕੇ ਲਹੂ ਰੰਗੇ ਹੋ ਗਏ ਨੇ।
‘ਆਤਿਸ਼-ਏ-ਚਿਨਾਰ’ ਉਰਦੂ ਦੀ ਸ਼ਾਹਕਾਰ ਰਚਨਾ ਹੀ ਨਹੀਂ, ਸਗੋਂ ਕਸ਼ਮੀਰੀ ਅਵਾਮ ਦੇ ਪ੍ਰਸੰਗ ਵਿਚ ਇਹ ਅਹਿਮ ਦਸਤਾਵੇਜ਼ ਹੈ। ਜਿਸ ਤਰ੍ਹਾਂ ਮੌਲਾਨਾ ਅਬੁਲ ਕਲਾਮ ਆਜ਼ਾਦ ਦੀ ਸਵੈ-ਜੀਵਨੀ ‘ਇੰਡੀਆ ਵਿਨਜ਼ ਫਰੀਡਮ’ ਹਿੰਦ-ਪਾਕਿ ਮਹਾਂਦੀਪ ਵਿਚ ਚਰਚਾ ਦਾ ਵਿਸ਼ਾ ਰਹੀ ਹੈ, ਉਵੇਂ ਦਾ ਹੀ ਰੁਤਬਾ ‘ਆਤਿਸ਼-ਏ-ਚਿਨਾਰ’ ਨੂੰ ਪ੍ਰਾਪਤ ਹੈ। ਇਹ ਦੋਵੇਂ ਸਵੈ-ਜੀਵਨੀ ਲਿਖਤਾਂ ਦੋਵੇਂ ਮਹਾਨ ਸ਼ਖਸੀਅਤਾਂ ਦੇ ਦੇਹਾਂਤ ਤੋਂ ਬਾਅਦ ਪ੍ਰਕਾਸ਼ਿਤ ਹੋਈਆਂ। ਦੋਵੇਂ ਹੀ ਲਿਖੀਆਂ ਨਹੀਂ ਸਗੋਂ ਲਿਖਾਈਆਂ ਗਈਆਂ ਹਨ। ਫਰਕ ਸਿਰਫ ਇੰਨਾ ਹੈ ਕਿ ਮੌਲਾਨਾ ਦੀ ਸਵੈ-ਜੀਵਨੀ ਉਰਦੂ ਦਾ ਅੰਗਰੇਜ਼ੀ ਅਨੁਵਾਦ ਹੈ, ਜਦੋਂਕਿ ਆਤਿਸ਼-ਏ-ਚਿਨਾਰ ਨੂੰ ਸ਼ੇਖ ਅਬਦੁਲਾ ਨੇ ਮੂਲ ਰੂਪ ਵਿਚ ਹੀ ਰਹਿਣ ਦਿੱਤਾ ਹੈ। ਮੌਲਾਨਾ ਨੇ ਬੜੇ ਸੰਜਮ ਅਤੇ ਸੰਖੇਪ ਤੋਂ ਕੰਮ ਲਿਆ ਹੈ ਜਦੋਂਕਿ ਸ਼ੇਰ-ਏ-ਕਸ਼ਮੀਰ ਜਨਾਬ ਸ਼ੇਖ ਸਾਹਿਬ ਨੇ ਬੜੇ ਵਿਸਥਾਰ ਵਿਚ ਉਨ੍ਹਾਂ ਘਟਨਾਵਾਂ ਦੀਆਂ ਪਰਤਾਂ ਖੋਲ੍ਹੀਆਂ ਹਨ ਜਿਨ੍ਹਾਂ ਨਾਲ ਕਸ਼ਮੀਰੀ ਅਵਾਮ ਦਾ ਜੀਣਾ ਮਰਨਾ ਜੁੜਿਆ ਹੋਇਆ ਹੈ।
ਕਸ਼ਮੀਰੀ ਜੱਦੋਜਹਿਦ ਦੀ ਮੂਲ ਪ੍ਰੇਰਨਾ ਵਿਚ ਡਾ. ਇਕਬਾਲ ਦੀ ਸ਼ਖਸੀਅਤ, ਕਵਿਤਾ ਅਤੇ ਵਿਚਾਰਧਾਰਾ ਦਾ ਬੜਾ ਵੱਡਾ ਰੋਲ ਰਿਹਾ ਹੈ। ਉਹਦਾ ਦਿਲ ਹਮੇਸ਼ਾਂ ਕਸ਼ਮੀਰੀ ਅਵਾਮ ਦੇ ਦੁੱਖਾਂ ਦਰਦਾਂ ਨਾਲ ਤੜਫਦਾ ਰਿਹਾ ਹੈ। ਆਪਣੀਆਂ ਬਹੁਤ ਸਾਰੀਆਂ ਫਾਰਸੀ ਅਤੇ ਉਰਦੂ ਨਜ਼ਮਾਂ ਵਿਚ ਉਹਨੇ ਕਸ਼ਮੀਰ ਦੀ ਦੁਰਦਸ਼ਾ ਅਤੇ ਉਥੋਂ ਦੇ ਆਵਾਮ ਦੇ ਸ਼ੋਸ਼ਣ ਬਾਰੇ ਭਰਵੇਂ ਰੂਪ ਵਿਚ ਪ੍ਰਤੀਕਿਰਿਆ ਪ੍ਰਗਟਾਈ ਹੈ। ਇਸ ਤੋਂ ਇਲਾਵਾ ਉਸ ਨੇ ਆਲ ਇੰਡੀਆ ਕਸ਼ਮੀਰ ਕਮੇਟੀ ਦੇ ਪ੍ਰਧਾਨ ਵਜੋਂ ਮੁਸਲਿਮ ਲੀਗ ਵਿਚ ਦਿੱਤੇ ਆਪਣੇ ਪ੍ਰਧਾਨਗੀ ਭਾਸ਼ਨਾਂ ਵਿਚ ਵੀ ਕਸ਼ਮੀਰ ਦੀ ਸਮੱਸਿਆ ਨੂੰ ਪਹਿਲ ਦਿੱਤੀ। ਕਸ਼ਮੀਰੀ ਆਵਾਮ ਵਿਚ ਜਾਗ੍ਰਿਤੀ ਦਾ ਕਾਰਨ ਇਕਬਾਲ ਦੀਆਂ ਨਜ਼ਮਾਂ ਅਤੇ ਗ਼ਜ਼ਲਾਂ ਸਨ। ਪਿੱਛੇ ਜਿਹੇ ਇਰਾਨ ਦੇ ਰਾਸ਼ਟਰਪਤੀ ਖੁਮੇਨੀ ਅਤੇ ਇਰਾਨੀ ਵਿਦਵਾਨ ਡਾ. ਅਲੀ ਸ਼ਰੀਅਤੀ ਨੇ ਵੀ ਦਾਅਵਾ ਕੀਤਾ ਸੀ ਕਿ ਇਰਾਨ ਦੇ ਵਰਤਮਾਨ ਇਨਕਲਾਬ ਪਿੱਛੇ ਵੀ ਮੂਲ ਪ੍ਰੇਰਨਾ ਇਕਬਾਲ ਦੇ ਵਿਚਾਰਾਂ ਦੀ ਹੈ, ਕਿਉਂਕਿ ਉਹ ਸਭ ਤੋਂ ਪਹਿਲਾਂ ਇਰਾਨੀਆਂ ਨੂੰ ਹੀ ਮੁਖਾਤਬ ਹੋਇਆ ਸੀ।
ਸ਼ੇਰ-ਏ-ਕਸ਼ਮੀਰ ਸ਼ੇਖ ਅਬਦੁੱਲਾ ਨੇ ਆਪਣੀ ਸਵੈ-ਜੀਵਨੀ ਦਾ ਨਾਂ ‘ਆਤਿਸ਼-ਏ-ਚਿਨਾਰ’ ਵੀ ਇਕਬਾਲ ਦੇ ਇਸ ਸ਼ਿਅਰ ਤੋਂ ਲਿਆ ਹੈ:
ਜਿਸ ਖਾਨ ਕੇ ਜ਼ਮੀਰ ਮੇਂ ਹੋ ਆਤਿਸ਼ੇ-ਚਿਨਾਰ
ਮੁਮਕਿਨ ਨਹੀਂ ਕਿ ਸਰਦ ਹੋ ਵੋ ਖਾਕੇ-ਅਰਜ਼ਮੰਦ
ਅੱਗ ਜ਼ਿੰਦਗੀ, ਜੋਸ਼ ਤੇ ਗਤੀ ਦੀ ਪ੍ਰਤੀਕ ਹੈ ਅਤੇ ਚਿਨਾਰ ਕਸ਼ਮੀਰ ਦੀ ਸ਼ਨਾਖਤ ਹੈ। ਇਸ ਸ਼ਿਅਰ ਵਿਚ ਕਸ਼ਮੀਰ ਦੇ ਸੁਨਹਿਰੀ ਭਵਿਖ ਦੀ ਕਾਮਨਾ ਹੈ ਤੇ ਉਹਨੂੰ ਪੂਰਾ ਯਕੀਨ ਹੈ ਕਿ ਉਹਦੇ ਖੂਬਸੂਰਤ ਵਤਨ ਦਾ ਮੁਕੱਦਰ ਉਜਲਾ ਹੋਵੇਗਾ। ਇਸ ਤਰ੍ਹਾਂ ‘ਆਤਿਸ਼-ਏ-ਚਿਨਾਰ’ ਦਾ ਇਹ ਦੋ ਹਰਫੀ ਵਾਕੰਸ਼ ਸ਼ੇਖ ਸਾਹਿਬ ਦੀ ਜ਼ਿੰਦਗੀ ਦਾ ਮਕਸਦ ਬਣ ਗਿਆ।
ਕਸ਼ਮੀਰੀਆਂ ਦੀ ਜ਼ਿੰਦਗੀ ਨੂੰ ਸਭ ਤੋਂ ਵੱਡਾ ਅਜ਼ਾਬ ਅਕਬਰ ਮਹਾਨ ਦੇ ਸਮੇਂ ਲੱਗਿਆ, ਜਦੋਂ ਉਹਨੇ ਫਰਮਾਨ ਜਾਰੀ ਕਰਕੇ ਕਸ਼ਮੀਰੀਆਂ ਦੇ ਹਥਿਆਰ ਰੱਖਣ ਅਤੇ ਬੰਨ੍ਹਣ ‘ਤੇ ਪਾਬੰਦੀ ਲਾ ਦਿੱਤੀ। ਇਹਦਾ ਵੱਡਾ ਕਾਰਨ ਇਹ ਸੀ ਕਿ ਕਿਤੇ ਉਹ ਆਪਣੀ ਗੁਆਚੀ ਹੋਈ ਆਜ਼ਾਦੀ ਪ੍ਰਾਪਤ ਕਰਨ ਲਈ ਲਾਮਬੰਦ ਨਾ ਹੋ ਜਾਣ। ਕਸ਼ਮੀਰੀਆਂ ਨੂੰ ਆਪਣੀ ਧਰਤੀ ‘ਤੇ ਅਲੱਗ-ਥਲੱਗ ਕਰਨ ਦਾ ਇਹ ਪਹਿਲਾ ਯਤਨ ਸੀ। ਬਰਤਾਨਵੀ ਹਾਕਮਾਂ ਨੇ ਵੀ ਇਸੇ ਨੀਤੀ ਨੂੰ ਅਪਣਾਇਆ ਤੇ ਹਿੰਦੁਸਤਾਨੀਆਂ ਨੂੰ ਮਾਰਸ਼ਲ ਤੇ ਨਾਨ-ਮਾਰਸ਼ਲ ਕੌਮਾਂ ਵਿਚ ਵੰਡ ਦਿੱਤਾ। ਕਸ਼ਮੀਰ ਦੇ ਪਹਿਲੇ ਰਾਜਿਆਂ, ਜਿਨ੍ਹਾਂ ਵਿਚ ਪਠਾਣ, ਸਿੱਖ ਤੇ ਡੋਗਰੇ ਸ਼ਾਮਲ ਹਨ, ਨੇ ਵੀ ਇਹੀ ਨੀਤੀ ਅਪਣਾਈ ਰੱਖੀ। ਕਸ਼ਮੀਰੀਆਂ ਦਾ ਸ਼ੋਸ਼ਣ ਕਰਨ ਲਈ ਹਿੰਦੂ ਰਾਜਿਆਂ ਨੇ ਨਵਾਂ ਨੇਮ ਲਾਗੂ ਕਰ ਦਿੱਤਾ ਜਿਸ ਨੂੰ ‘ਦਾਗ਼-ਸ਼ਾਲ’ ਕਿਹਾ ਜਾਂਦਾ ਸੀ। ਇਸ ਬਾਰੇ ਵਿਭਾਗ ਵੀ ਕਾਇਮ ਕੀਤਾ ਗਿਆ ਜਿਸ ਵਿਚ ਕਰਿੰਦੇ ਤੋਂ ਲੈ ਕੇ ਅਫਸਰ ਤਕ ਸਾਰੇ ਹਿੰਦੂ ਸਨ। ਕਰਿੰਦੇ ਹਰ ਬੁਣੀ ਗਈ ਸ਼ਾਲ ‘ਤੇ ਸਰਕਾਰੀ ਮੋਹਰ ਦਾਗ ਦਿੰਦੇ ਸਨ ਤਾਂ ਕਿ ਟੈਕਸ ਆਦਿ ਦੇਣ ਤੋਂ ਕੋਈ ਬਚ ਨਾ ਸਕੇ। ਇਹ ਵੀ ਸਪਸ਼ਟ ਹੈ ਕਿ ਸ਼ਾਲ ਬੁਣਕਰ ਸਾਰੇ ਕਸ਼ਮੀਰੀ ਮੁਸਲਮਾਨ ਸਨ। ਮੁਗਲਾਂ ਨੇ ਭਾਵੇਂ ਕਸ਼ਮੀਰੀਆਂ ‘ਤੇ ਅਨੇਕਾਂ ਪਾਬੰਦੀਆਂ ਲਾਈਆਂ ਹੋਈਆਂ ਸਨ ਪਰ ਇਸ ਦੇ ਬਾਵਜੂਦ ਕਸ਼ਮੀਰੀਆਂ ਨੇ ਨਿਸ਼ਾਤ ਬਾਗ, ਸ਼ਾਲੀਮਾਰ ਬਾਗ, ਚਸ਼ਮਾ ਸ਼ਾਹੀ, ਪੱਥਰ ਮਸਜਿਦ ਆਦਿ ਵਰਗੀਆਂ ਖੂਬਸੂਰਤ ਯਾਦਗਾਰਾਂ ਦੇ ਤੋਹਫੇ ਦਿੱਤੇ।
ਡੋਗਰੇ ਰਾਜਿਆਂ ਨੇ ਕਈ ਕਾਨੂੰਨੀ ਬਰੀਕੀਆਂ ਅਤੇ ਵਿਧੀ ਵਿਧਾਨਾਂ ਦੁਆਰਾ ਕਸ਼ਮੀਰੀ ਮੁਸਲਮਾਨਾਂ ਨੂੰ ਉਚ ਸਿੱਖਿਆ ਦੇਣ ‘ਤੇ ਪਾਬੰਦੀਆਂ ਲਾਈਆਂ ਹੋਈਆਂ ਸਨ। ਮਹਾਰਾਜਾ ਹਰੀ ਸਿੰਘ ਦਾ ਪਰਿਵਾਰ ਜੰਮੂ ਵਿਚ ਰਹਿੰਦਾ ਸੀ। ਉਸ ਦੇ ਰਾਜ ਵਿਚ ਕਸ਼ਮੀਰੀਆਂ ਦੀ ਰੱਜ ਕੇ ਲੁੱਟ ਹੋਈ। ਸਿੱਖਿਆ ਵਾਂਗ ਉਚੇਰੀਆਂ ਨੌਕਰੀਆਂ ਦੇ ਦਰਵਾਜ਼ੇ ਵੀ ਕਸ਼ਮੀਰੀਆਂ ਲਈ ਬੰਦ ਸਨ। 60 ਫੀਸਦੀ ਨਿਯੁਕਤੀਆਂ ਨਾਮਜ਼ਦਗੀ ਰਾਹੀਂ ਭਰੀਆਂ ਜਾਂਦੀਆਂ ਸਨ। ਬਾਕੀ 40 ਫੀਸਦੀ ਕੁਲੀਨ ਵਰਗਾਂ ਲਈ ਹੁੰਦੀਆਂ ਸਨ। ਜੇ ਕੋਈ ਕਸ਼ਮੀਰੀ ਕਦੇ ਕਦਾਈਂ ਰੁਕਾਵਟਾਂ ਪਾਰ ਕਰਕੇ ਨਿਯੁਕਤ ਹੋ ਵੀ ਜਾਂਦਾ ਹੈ ਤਾਂ ਕਾਨੂੰਨ ਰਾਹੀਂ ਬਿਨਾ ਕੋਈ ਕਾਰਨ ਦੱਸਿਆਂ ਉਹਦੀ ਨਿਯੁਕਤੀ ਰੱਦ ਕੀਤੀ ਜਾ ਸਕਦੀ ਸੀ। ਉਚ ਸਿੱਖਿਆ ਦੀ ਪ੍ਰਾਪਤੀ ਲਈ ਕਸ਼ਮੀਰੀਆਂ ਨੂੰ ਲਾਹੌਰ ਤੇ ਅਲੀਗੜ੍ਹ ਦਾ ਪੈਂਡਾ ਤੈਅ ਕਰਨਾ ਪੈਂਦਾ ਸੀ। ਸਿੱਖਿਆ ਪ੍ਰਾਪਤੀ ਤੋਂ ਬਾਅਦ ਬੇਰੁਜ਼ਗਾਰੀ ਉਨ੍ਹਾਂ ਲਈ ਮੂੰਹ ਅੱਡੀ ਖੜ੍ਹੀ ਹੁੰਦੀ ਸੀ। ਨਤੀਜਾ ਨਾ ਸਿੱਖਿਆ ਕਿਸੇ ਕੰਮ ਆਉਂਦੀ ਨਾ ਸ਼ਾਲ ਦੁਸ਼ਾਲੇ ਬਣਾਉਣ ਕੀ ਕਲਾ। ਵੀਹਵੀਂ ਸਦੀ ਦੇ ਆਰੰਭ ਵਿਚ ਜਦੋਂ ਇਕਬਾਲ ਕਸ਼ਮੀਰ ਆਇਆ ਤਾਂ 1930 ਤਕ ਇਹ ਹਾਲਤ ਬਰਕਰਾਰ ਸੀ। ਇਸੇ ਸਮੇਂ ਜਦੋਂ ਸ਼ੇਖ ਅਬਦੁੱਲਾ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਤੋਂ ਐਮ.ਐਸ਼ਸੀ. ਦੀ ਡਿਗਰੀ ਲੈ ਕੇ ਕਸ਼ਮੀਰ ਪਰਤਿਆ ਤਾਂ ਇਕਬਾਲ ਨੇ ਸ਼ਿਅਰ ਲਿਖਿਆ ਸੀ:
ਸਰਮਾਂ ਕੀ ਹਵਾਓਂ ਮੇਂ ਊਰੀਆ ਹੈ ਬਦਨ ਉਸਕਾ
ਦੇਤਾ ਹੈ ਹੁਨਰ ਜਿਸਕਾ ਅਮੀਰੋਂ ਕੋ ਦੁਸ਼ਾਲਾ
ਅਰਥਾਤ ਸਰਦੀਆਂ ਦੀਆਂ ਠੰਢੀਆਂ ਸ਼ੀਤ ਹਵਾਵਾਂ ਵਿਚ ਉਹ ਕਸ਼ਮੀਰ ਨੰਗਾ ਹੈ, ਜਿਸ ਦੀ ਹੁਨਰੀ ਕਲਾ ਅਮੀਰਾਂ ਲਈ ਦੁਸ਼ਾਲੇ ਬੁਣਦੀ ਹੈ।
ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਦੇ ਨੇੜੇ ਸੂਰ੍ਹਾ ਬਸਤੀ ਵਿਚ ਸ਼ੇਖ ਮੁਹੰਮਦ ਅਬਦੁੱਲਾ ਦਾ ਜਨਮ ਹੋਇਆ। ਉਨ੍ਹਾਂ ਦੇ ਵੱਡੇ ਵਡੇਰੇ ਸਪਰੂ ਗੋਤ ਦੇ ਕਸ਼ਮੀਰੀ ਪੰਡਿਤ ਸਨ। ਅਫਗਾਨਾਂ ਦੇ ਰਾਜ ਸਮੇਂ ਉਨ੍ਹਾਂ ਦਾ ਵਡੇਰਾ ਰਘੂ ਰਾਮ ਕਿਸੇ ਸੂਫੀ ਸੰਤ ਦੀ ਪ੍ਰੇਰਨਾ ਨਾਲ ਇਸਲਾਮ ਵਿਚ ਪ੍ਰਵੇਸ਼ ਕਰ ਗਿਆ। ਉਸ ਦਾ ਦਾਦਾ ਗੁਲਾਮ ਰਸੂਲ ਉਨ੍ਹਾਂ ਦੀ ਕੁਲ ਵਿਚੋਂ ਸੀ। ਸ਼ੇਖ ਸਾਹਿਬ ਦਾ ਪਰਿਵਾਰਕ ਕਿੱਤਾ ਵਪਾਰ ਸੀ। ਉਹ ਆਪਣੇ ਛੋਟੇ ਜਿਹੇ ਕਾਰਖਾਨੇ ਵਿਚ ਸ਼ਾਲ-ਦੁਸ਼ਾਲੇ ਤਿਆਰ ਕਰਦੇ ਤੇ ਫਿਰ ਬਾਜ਼ਾਰ ਵਿਚ ਵੇਚ ਦਿੰਦੇ। ਉਨ੍ਹਾਂ ਦੇ ਅੱਬਾ ਜਾਨ ਸ਼ੇਖ ਮੁਹੰਮਦ ਇਬਰਾਹਿਮ ਨੇ ਮੁੱਢ ਵਿਚ ਛੋਟੇ ਪੱਧਰ ‘ਤੇ ਇਹ ਕਾਰੋਬਾਰ ਸ਼ੁਰੂ ਕੀਤਾ, ਪਰ ਮਿਹਨਤ, ਲਗਨ ਤੇ ਸਿਰੜ ਕਰਕੇ ਜਲਦੀ ਹੀ ਉਹ ਦਰਮਿਆਨੇ ਦਰਜੇ ਦੇ ਕਾਰਖਾਨੇਦਾਰ ਬਣ ਗਏ। ਸ਼ੇਖ ਸਾਹਿਬ ਦੇ ਪਰਿਵਾਰ ਦੀ ਹਾਲਤ ਔਸਤ ਦਰਜੇ ਦੇ ਘਰਾਣੇ ਵਾਲੀ ਸੀ। ਪਰ “ਘਰੋਂ ਬਾਹਰ ਮੇਰਾ ਸਾਰਾ ਆਲਾ-ਦੁਆਲਾ ਮਿਹਨਤ ਮਜ਼ਦੂਰੀ ਕਰਨ ਵਾਲਿਆਂ ਦਾ ਸੀ। ਮੇਰੇ ਗੁਆਂਢ ਵਿਚ ਪੱਛਮ ਵੱਲ ਸ਼ਾਲ ਬਾਫ (ਸ਼ਾਲ ਬੁਣਕਰ) ਰਹਿੰਦੇ ਸਨ, ਉਤਰ ਵੱਲ ਸ਼ਾਖ ਸਾਜ਼ (ਤੀਲਿਆਂ ਦਾ ਸਾਮਾਨ ਬਣਾਉਣ ਵਾਲੇ) ਅਤੇ ਮਿਹਨਤ ਮਜ਼ਦੂਰੀ ਕਰਨ ਵਾਲਿਆਂ ਦੀਆਂ ਝੌਂਪੜੀਆਂ ਸਨ। ਪੂਰਬ ਵੱਲ ਤੇਲੀ ਅਤੇ ਰਫੂਗਰ ਰਹਿੰਦੇ ਸਨ। ਇਨ੍ਹਾਂ ਦੇ ਬੱਚਿਆਂ ਨਾਲ ਖੇਡਦਿਆਂ ਮੇਰਾ ਬਚਪਨ ਬੀਤਿਆ। ਇਨ੍ਹਾਂ ਦੀ ਗ਼ਰੀਬੀ, ਦੀਨਤਾ ਅਤੇ ਮਸਕੀਨੀਆਂ ਵਾਲੇ ਮਾਹੌਲ ਵਿਚ ਮੈਂ ਕਈ ਕੁਝ ਸਿੱਖਿਆ। ਘਰਾਂ ਦੀਆਂ ਕੱਚੀਆਂ ਕੰਧਾਂ ਮੈਨੂੰ ਦੁੱਖਾਂ ਦਰਦਾਂ ਦੀਆਂ ਉਨ੍ਹਾਂ ਲਹਿਰਾਂ ਤੋਂ ਦੂਰ ਨਹੀਂ ਸਨ ਰੱਖ ਸਕਦੀਆਂ, ਜੋ ਮੇਰੇ ਚਾਰੇ ਪਾਸੇ ਉਛਲ ਰਹੀਆਂ ਸਨ।”
ਜਦੋਂ ਸ਼ੇਖ ਸਾਹਿਬ ਨੇ ਦੁੱਖਾਂ ਦਰਦਾਂ ਵਿਚ ਪਿਸਦੇ ਕਸ਼ਮੀਰੀ ਆਵਾਮ ਨੂੰ ਆਪਣੇ ਆਲੇ-ਦੁਆਲੇ ਫੈਲੇ ਦੇਖਿਆ ਤਾਂ ਉਹ ਲਿਖਦੇ ਹਨ: ‘ਅਚਾਨਕ ਮੇਰੇ ਦਿਲ ਵਿਚ ਹੂਕ ਉਠੀ ਕਿ ਮੈਂ ਆਪਣੀ ਜਾਤ ਦਾ ਕਿਲਾ ਤੋੜ ਕੇ ਜੱਦੋਜਹਿਦ ਵਿਚ ਕੁੱਦ ਪਵਾਂ ਤੇ ਮਜ਼ਲੂਮਾਂ ਨੂੰ ਜ਼ੁਲਮ-ਓ-ਸਿਤਮ ਤੋਂ ਨਿਜਾਤ ਦਿਵਾ ਸਕਾਂ ਜਾਂ ਫਿਰ ਇਸ ਜੱਦੋਜਹਿਦ ਵਿਚ ਆਪਣੀ ਜਾਨ ਦੇ ਦਿਆਂ।”
ਸ਼ੇਖ ਸਾਹਿਬ ਡਾਕਟਰ ਬਣਨਾ ਚਾਹੁੰਦੇ ਸਨ ਪਰ ਹੁਸ਼ਿਆਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਨਾ ਰਿਆਸਤ ਦੇ ਮੈਡੀਕਲ ਕਾਲਜ ਵਿਚ ਦਾਖਲਾ ਮਿਲਿਆ, ਨਾ ਜੰਮੂ ਦੇ ਸਾਇੰਸ ਕਾਲਜ ਵਿਚ। ਅਖੀਰ ਉਹ ਲਾਹੌਰ ਦੇ ਇਸਲਾਮੀਆ ਕਾਲਜ ਪਹੁੰਚੇ, ਜਿਥੋਂ ਉਨ੍ਹਾਂ ਬੀ.ਐਸ਼ਸੀ. ਦੀ ਡਿਗਰੀ ਲਈ। ਲਾਹੌਰ ਰਹਿੰਦਿਆਂ ਹੀ ਉਨ੍ਹਾਂ ਦੀ ਮੁਲਾਕਾਤ ਕਵੀ ਇਕਬਾਲ ਨਾਲ ਹੋਈ। ਲਾਹੌਰ ਕਿਆਮ ਬਾਰੇ ਉਨ੍ਹਾਂ ਲਿਖਿਆ ਹੈ:
“ਕਸ਼ਮੀਰੀ ਮੁਸਲਮਾਨਾਂ ਨੂੰ ਮੈਂ ਵੱਡੇ-ਵੱਡੇ ਕਾਫਲਿਆਂ ਦੇ ਰੂਪ ਵਿਚ ਆਪਣੇ ਸੋਹਣੇ ਵਤਨ ਤੋਂ ਪੰਜਾਬ ਦੇ ਚਟਾਨੀ ਤੇ ਪਥਰੀਲੇ ਮੈਦਾਨਾਂ ਵੱਲ ਕੂਚ ਕਰਦਿਆਂ ਦੇਖਿਆ ਹੈ। ਇਹ ਲੋਕ ਆਪਣੀਆਂ ਹਰੀਆਂ ਭਰੀਆਂ ਵਾਦੀਆਂ ਨੂੰ ਛੱਡ ਕੇ ਰੋਜ਼ੀ-ਰੋਟੀ ਦੀ ਤਲਾਸ਼ ਵਿਚ ਪੰਜਾਬ ਵੱਲ ਰੁਖ ਕਰਦੇ। ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਉਨ੍ਹਾਂ ਦੀਆਂ ਹਰੀਆਂ-ਭਰੀਆਂ ਵਾਦੀਆਂ ਉਨ੍ਹਾਂ ਦੇ ਢਿੱਡਾਂ ਦੀ ਅੱਗ ਬੁਝਾਉਣ ਦੇ ਸਿਲਸਿਲੇ ਵਿਚ ਬਾਂਝ ਕੁੱਖਾਂ ਵਰਗੀਆਂ ਹੋ ਗਈਆਂ ਸਨ, ਹਾਲਾਂਕਿ ਜਿਨ੍ਹਾਂ ਵਿਚ ਉਗਣ ਵਾਲਾ ਘਾਹ ਵੀ ਜਾਫਰਾਨ (ਕੇਸਰ) ਬਣ ਜਾਂਦਾ ਹੈ। ਜਿਵੇਂ ਉਰਫੀ ਵਰਗੇ ਕਵੀ ਨੇ ਇਹਦੀ ਪ੍ਰਸ਼ੰਸਾ ਕਰਦਿਆਂ ਲਿਖਿਆ ਸੀ ਕਿ ਜੇ ਕੋਈ ਅੱਗ ਵਿਚ ਝੁਲਸਿਆ ਪਰਿੰਦਾ ਵੀ ਕਸ਼ਮੀਰ ਪਹੁੰਚ ਜਾਵੇ ਤਾਂ ਉਸ ਵਿਚ ਨਵੀਂ ਜ਼ਿੰਦਗੀ ਧੜਕਨ ਲੱਗਦੀ ਹੈ। ਤੇ ਉਹਦੇ ਸਰੀਰ ‘ਤੇ ਨਵੇਂ ਰੋਏ ਨਿਕਲ ਆਉਂਦੇ ਹਨ। ਇਨ੍ਹਾਂ ਮਜ਼ਦੂਰਾਂ ਨੂੰ ਬਨੀਹਾਲ ਅਤੇ ਮਰੇ ਵਰਗੇ ਬਰਫਾਨੀ ਪਹਾੜ ਪੈਦਲ ਪਾਰ ਕਰਨੇ ਪੈਂਦੇ ਹਨ, ਕਈ ਵਾਰ ਪਹਾੜਾਂ ਦੀਆਂ ਚੋਟੀਆਂ ਲੰਘਦਿਆਂ ਇਹ ਬਰਫੀਲੇ ਤੂਫਾਨਾਂ ਦੀ ਭੇਟ ਚੜ੍ਹ ਜਾਂਦੇ ਹਨ। ਉਥੇ ਕਫਨ, ਦਫਨ ਦੀ ਨੌਬਤ ਹੀ ਨਹੀਂ ਆਉਂਦੀ ਤੇ ਨਾ ਜਨਾਜ਼ੇ ਅਤੇ ਫਾਤਿਹੇ ਦੀ ਲੋੜ ਪੈਂਦੀ ਹੈ।”
ਲਾਹੌਰ ਤੋਂ ਉਨ੍ਹਾਂ ਅਲੀਗੜ੍ਹ ਵੱਲ ਰੁਖ ਕੀਤਾ ਅਤੇ ਮੁਸਲਿਮ ਯੂਨੀਵਰਸਿਟੀ ਵਿਚ ਐਮ.ਐਸ਼ਸੀ. ਵਿਚ ਦਾਖਲਾ ਲੈ ਲਿਆ। ਦੇਸ਼ ਵਿਚ ਇਹ ਦੌਰ ਆਜ਼ਾਦੀ ਪ੍ਰਾਪਤੀ ਲਈ ਹੋ ਰਹੇ ਅੰਦੋਲਨਾਂ ਦੇ ਸਿਖਰ ਦਾ ਸੀ। 1930 ਵਿਚ ਸ਼ੇਖ ਸਾਹਿਬ ਡਿਗਰੀ ਲੈ ਕੇ ਕਸ਼ਮੀਰ ਵਾਪਸ ਆ ਗਏ। ਉਨ੍ਹਾਂ ਨੇ ਕਸ਼ਮੀਰੀ ਆਵਾਮ ਨੂੰ ਜਾਗ੍ਰਿਤ ਕਰਨ ਦਾ ਸੰਕਲਪ ਲਿਆ ਅਤੇ ਹਾਕਮਾਂ ਦੇ ਅਨਿਆਂ ਅਤੇ ਜ਼ਿਆਦਤੀਆਂ ਖਿਲਾਫ ਜੱਦੋਜਹਿਦ ਕਰਨ ਦਾ ਮਨ ਬਣਾ ਲਿਆ। ਉਸ ਵੇਲੇ ਉਨ੍ਹਾਂ ਕੋਲ ਨਾ ਤਾਂ ਕੋਈ ਸਾਧਨ ਸਨ ਤੇ ਨਾ ਹੀ ਅਜਿਹਾ ਕੋਈ ਪਲੇਟਫਾਰਮ ਸੀ, ਨਾ ਕੋਈ ਜਥੇਬੰਦ ਸਿਆਸੀ ਦਲ ਸੀ। ਉਨ੍ਹਾਂ ਨੇ ਇਹਦੀ ਸ਼ੁਰੂਆਤ ਰੀਡਿੰਗ ਰੂਮ ਤੋਂ ਕੀਤੀ। ਅਲੀਗੜ੍ਹ ਰਹਿੰਦਿਆਂ ਉਨ੍ਹਾਂ ਨੇ ਕਸ਼ਮੀਰੀ ਆਵਾਮ ਦੇ ਭੈੜੇ ਹਾਲਾਤ ਬਾਰੇ ਕਈ ਅਖਬਾਰਾਂ ਦੇ ਸੰਪਾਦਕਾਂ ਨੂੰ ਚਿੱਠੀਆਂ ਲਿਖੀਆਂ। ਇਥੇ ਆ ਕੇ ਉਨ੍ਹਾਂ ਪਹਿਲਾਂ ਵਾਲਾ ਇਹ ਸਿਲਸਿਲਾ ਦੁਬਾਰਾ ਸ਼ੁਰੂ ਕਰ ਦਿੱਤਾ ਤੇ ਹੁਣ ਪੰਜਾਬ ਦੀਆਂ ਮੁਸਲਿਮ ਅਖਬਾਰਾਂ ‘ਇਨਕਲਾਬ’ ਅਤੇ ‘ਜ਼ਿਮੀਦਾਰ’ ਨੂੰ ਪੱਤਰ ਲਿਖਣੇ ਸ਼ੁਰੂ ਕਰ ਦਿੱਤੇ, ਨਾਲ ਹੀ ਉਨ੍ਹਾਂ ਇੰਡੀਅਨ ਸਟੇਟਸ ਦੇ ਸੰਪਾਦਕ ਰਜਨੀ ਪਾਮ ਦੱਤ ਨਾਲ ਲੰਡਨ ਵਿਚ ਸੰਪਰਕ ਬਣਾਇਆ।
ਉਦੋਂ ਸਭ ਤੋਂ ਵੱਡੀ ਮੁਸੀਬਤ ਇਹ ਸੀ ਕਿ ਕਸ਼ਮੀਰੀਆਂ ਦੇ ਹੱਕ ਦੀ ਕੋਈ ਵੀ ਆਵਾਜ਼ ਬੁਲੰਦ ਕਰਦਾ ਤਾਂ ਰਿਆਸਤ ਵਿਚ ਉਹਦਾ ਦਾਖਲਾ ਬੰਦ ਕਰ ਦਿੱਤਾ ਜਾਂਦਾ। ਉਹਨੂੰ ਗਦਾਰ ਆਖ ਕੇ ਉਹਦਾ ਵਿਰੋਧ ਕੀਤਾ ਜਾਂਦਾ ਜੋ ਅਜੇ ਤਕ ਜਾਰੀ ਹੈ। ਇਸੇ ਦੌਰਾਨ ਦੂਜੇ ਯਤਨਾਂ ਵਜੋਂ ਉਚ ਅਫਸਰਾਂ ਅਤੇ ਰਾਜਿਆਂ ਨੂੰ ਮੈਮੋਰੰਡਮ ਦੇਣ ਅਤੇ ਉਨ੍ਹਾਂ ਨੂੰ ਮਿਲ ਕੇ ਆਵਾਮ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਾਉਣ ਦਾ ਹੰਭਲਾ ਮਾਰਿਆ ਗਿਆ। ਨੌਕਰੀਆਂ ਵਿਚ ਰਾਖਵੇਂਕਰਨ ਅਤੇ ਸਕੂਲਾਂ, ਕਾਲਜਾਂ ਵਿਚ ਕਸ਼ਮੀਰੀਆਂ ਨੂੰ ਦਾਖਲੇ ਦੇਣ ‘ਤੇ ਜ਼ੋਰ ਦਿੱਤਾ ਗਿਆ। ਕਸ਼ਮੀਰੀਆਂ ਵਿਚ ਚਿਣਗ ਤਾਂ ਸੀ ਲੋੜ ਬਸ ਇਕ ਚਿੰਗਾਰੀ ਦੀ ਸੀ ਕਿ ਜਵਾਲਾਮੁਖੀ ਫਟ ਗਿਆ। ਅਪਰੈਲ 1931 ਦੇ ਅਖੀਰ ਵਿਚ ਪੋਸਟਰ ਲਾਉਣ ਦੇ ਜੁਰਮ ਵਿਚ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਗਏ ਸ਼ਖਸ ਨੂੰ ਛੁਡਾਉਣ ਲਈ ਵੱਡੀ ਭੀੜ ਨੂੰ ਸ਼ੇਖ ਸਾਹਿਬ ਨੇ ਆਮਾ ਹਸ਼ਰ ਕਸ਼ਮੀਰੀ ਦੇ ਸ਼ਿਅਰ ਨਾਲ ਮੁਖਾਤਬ ਕੀਤਾ:
ਆਹ ਜਾਤੀ ਹੈ ਫਲਕ ਪਰ ਰਹਿਮ ਲਾਨੇ ਕੇ ਲੀਏ
ਬਾਦਲੋ ਹਟ ਜਾਓ ਦੇ ਦੋ ਰਾਹ ਜਾਨੇ ਕੇ ਲੀਏ
ਇਸ ਭਾਸ਼ਨ ਦਾ ਬੜਾ ਅਸਰ ਹੋਇਆ। ਆਵਾਮ ਜਾਗ ਉਠਿਆ। ਧੂੰਆਂਧਾਰ ਭਾਸ਼ਨਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਹਜ਼ਰਤ ਬਲ ਅਤੇ ਮੁਆਲਾ ਅਬਦੁੱਲਾ ਦੀ ਖਾਨਗਾਹ ‘ਤੇ ਦਿੱਤੇ ਗਏ ਭਾਸ਼ਨ ਯਾਦਗਾਰੀ ਬਣ ਗਏ। ਸ਼ੇਖ ਸਾਹਿਬ ਦੀ ਪ੍ਰਧਾਨਗੀ ਹੇਠ ‘ਆਲ ਜੰਮੂ ਐਂਡ ਕਸ਼ਮੀਰ ਮੁਸਲਿਮ ਕਾਨਫਰੰਸ’ ਬਣਾਈ ਗਈ। 24 ਜੂਨ 1938 ਨੂੰ ਵੱਡੇ ਸੰਮੇਲਨ ਦੌਰਾਨ ਸ਼ੇਖ ਸਾਹਿਬ ਅਤੇ ਉਨ੍ਹਾਂ ਦੇ ਸਾਥੀਆਂ ਨੇ ਮੁਸਲਿਮ ਕਾਨਫਰੰਸ ਨੂੰ ਨੈਸ਼ਨਲ ਕਾਨਫਰੰਸ ਵਿਚ ਬਦਲ ਦਿੱਤਾ।
ਠੋਸ ਆਰਥਿਕ ਪ੍ਰੋਗਰਾਮਾਂ ਦੀ ਘਾਟ ਕਰਕੇ ਛੋਟੀਆਂ ਮੋਟੀਆਂ ਜੱਦੋਜਹਿਦਾਂ ਜਲਦੀ ਦਮ ਤੋੜ ਜਾਂਦੀਆਂ। 1944 ਵਿਚ ਸ਼ੇਖ ਸਾਹਿਬ ਨੇ ‘ਨਵਾਂ ਕਸ਼ਮੀਰ ਮੈਨੀਫੈਸਟੋ’ ਜਾਰੀ ਕੀਤਾ। ਇਸ ਨੇ ਉਨ੍ਹਾਂ ਨੂੰ ਬੜੀ ਸ਼ਕਤੀ ਦਿੱਤੀ, ਕਿਉਂਕਿ ਇਸ ਵਿਚ ਨਤੀਜਾ-ਬੱਧ, ਠੋਸ ਪ੍ਰੋਗਰਾਮਾਂ ਦਾ ਉਲੇਖ ਕੀਤਾ ਗਿਆ ਸੀ। ਇਸ ਦੀ ਤਿਆਰੀ ਲਈ ਉਨ੍ਹਾਂ ਨੇ ਆਪਣੇ ਅਗਾਂਹਵਧੂ ਸੋਚ ਵਾਲੇ ਮਿੱਤਰ ਬੀ.ਬੀ.ਐਲ਼ ਵੇਦੀ ਦੀ ਸਹਾਇਤਾ ਲਈ। ਇਸ ਤੋਂ ਇਲਾਵਾ ਮੁਹੰਮਦ ਦੀਨ ਤਾਸ਼ੀਰ, ਕੇ.ਐਮ.ਅਸ਼ਰਫ, ਦਾਨਿਆਲ ਲਤੀਫੀ ਅਤੇ ਅਹਿਸਾਨ ਦਾਨਿਸ਼ ਵਰਗੇ ਮਿੱਤਰਾਂ ਤੋਂ ਵੀ ਮਦਦ ਲਈ।
ਇਸ ਮੈਨੀਫੈਸਟੋ ਨੂੰ ਖੁਦ ਸ਼ੇਖ ਸਾਹਿਬ ਇਨਕਲਾਬੀ ਦਸਤਾਵੇਜ਼ ਮੰਨਦੇ ਸਨ। ਇਸ ਮੋੜ ਤਕ ਪਹੁੰਚਦੇ-ਪਹੁੰਚਦੇ ਕਸ਼ਮੀਰੀ ਜੱਦੋਜਹਿਦ ਹਿੰਦੁਸਤਾਨੀ ਜੱਦੋਜਹਿਦ ਤੋਂ ਅੱਗੇ ਨਿਕਲ ਗਈ, ਕਿਉਂਕਿ ਜਿਥੇ ਨੈਸ਼ਨਲ ਕਾਨਫਰੰਸ ਮੁਸਲਿਮ, ਸਿੱਖ, ਹਿੰਦੂ ਏਕਤਾ ਦੇ ਬੁਨਿਆਦੀ ਸੂਤਰ ਵਿਚ ਬੱਝ ਚੁੱਕੀ ਸੀ, ਉਥੇ ਹਿੰਦੁਸਤਾਨ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਦੀਆਂ ਮੁੱਖ ਪਾਰਟੀਆਂ ਕਾਂਗਰਸ ਅਤੇ ਮੁਸਲਿਮ ਲੀਗ ਦਰਮਿਆਨ ਵਿਥ ਨੇ ਸੰਵਿਧਾਨਕ ਰੂਪ ਧਾਰਨ ਕਰ ਲਿਆ ਸੀ। ਹਿੰਦੁਸਤਾਨੀ ਬਹੁਗਿਣਤੀ ਜੇ ਸ਼ੇਖ ਸਾਹਿਬ ਵਾਲੀ ਨੀਤੀ ‘ਤੇ ਚਲਦੀ ਤਾਂ ਹਿੰਦੁਸਤਾਨ ਦਾ ਇਤਿਹਾਸ ਹੋਰ ਹੁੰਦਾ।
ਸ਼ੇਖ ਸਾਹਿਬ ਲਿਖਦੇ ਹਨ: “ਸਾਡੀ ਜੱਦੋਜਹਿਦ ਦਾ ਦਾਇਰਾ ਪਹਿਲਾਂ ਤਾਂ ਮੁਸਲਮਾਨਾਂ ਤਕ ਸੀਮਤ ਰਿਹਾ। ਉਸ ਸਮੇਂ ਉਹਦਾ ਰੈਲੀਇੰਗ ਪੁਆਇੰਟ ਇਸਲਾਮ ਸੀ ਪਰ ਜਦੋਜਹਿਦ ਦੇ ਦਰਵਾਜ਼ੇ ਸਾਰੇ ਧਰਮਾਂ ਦੇ ਲੋਕਾਂ ਲਈ ਖੋਲ੍ਹ ਦਿੱਤੇ ਗਏ ਤਾਂ ਸਾਂਝੇ ਮੋਰਚੇ ਦੀ ਲੋੜ ਮਹਿਸੂਸ ਹੋਈ। ਇਹ ਲੋੜ ਕੇਵਲ ਧਾਰਮਿਕ ਨਹੀਂ ਸਗੋਂ ਸਿਆਸੀ ਤੇ ਆਰਥਿਕ ਹੋ ਸਕਦੀ ਸੀ। ਜ਼ਿੰਦਗੀ ਅਤੇ ਜੱਦੋਜਹਿਦ ਦੇ ਅਨੁਭਵ ਨੇ ਸਾਨੂੰ ਕਾਇਲ ਕਰ ਦਿੱਤਾ ਕਿ ਆਵਾਮ ਦੇ ਵੱਖ-ਵੱਖ ਵਰਗਾਂ ਵਿਚ ਬੁਨਿਆਦੀ ਟੱਕਰ ਧਰਮਾਂ ਦੀ ਨਹੀਂ ਸਗੋਂ ਸਾਂਝੇ ਹਿਤਾਂ ਦੀ ਹੈ। ਇਕ ਪਾਸੇ ਸ਼ੋਸ਼ਣ ਕਰਨ ਵਾਲੇ ਹਨ, ਦੂਜੇ ਪਾਸੇ ਸ਼ੋਸ਼ਣ ਦਾ ਸ਼ਿਕਾਰ ਆਵਾਮ ਹੈ। ਸਾਡੀ ਲੜਾਈ ਦਾ ਮਨਸ਼ਾ ਅਤੇ ਮਕਸਦ ਮਜ਼ਲੂਮਾਂ ਦੀ ਹਮਾਇਤ ਅਤੇ ਜ਼ਾਲਮਾਂ ਦਾ ਵਿਰੋਧ ਸੀ। ਅਸੀਂ ਇਹ ਭਲੀ-ਭਾਂਤ ਸਮਝ ਚੁੱਕੇ ਸਾਂ ਕਿ ਸਾਡੀ ਟੱਕਰ ਜ਼ਾਲਮ ਵਿਵਸਥਾ ਨਾਲ ਹੈ, ਕਿਸੇ ‘ਕੱਲੇ ਕਾਰੇ ਬੰਦੇ ਨਾਲ ਨਹੀਂ। ਸਾਡਾ ਝਗੜਾ ਜਗੀਰਦਾਰੀ ਵਿਵਸਥਾ ਨਾਲ ਹੈ, ਜਗੀਰਦਾਰ ਦੀ ਜ਼ਾਤ ਨਾਲ ਨਹੀਂ।”
ਨਵੇਂ ਕਸ਼ਮੀਰ ਦੇ ਮੈਨੀਫੈਸਟੋ ਵਿਚ ਜ਼ਮੀਨ ਵਾਹੁਣ ਵਾਲੇ ਦੇ ਹਵਾਲੇ ਕਰਨ ਦਾ ਜੋ ਵਿਚਾਰ ਪੇਸ਼ ਕੀਤਾ ਗਿਆ ਸੀ, ਉਹਨੂੰ ਆਜ਼ਾਦੀ ਪ੍ਰਾਪਤੀ ਤੋਂ ਬਾਅਦ ਵੀ ਕਈ ਵਰ੍ਹਿਆਂ ਤਕ ਦੂਜੇ ਕਮਜ਼ੋਰ ਵਰਗਾਂ ਦੇ ਅਧਿਕਾਰਾਂ ਨੂੰ ਸੰਵਿਧਾਨਕ ਰੂਪ ਵਿਚ ਸੁਰੱਖਿਅਤ ਕਰਨ ਦਾ ਵਚਨ ਦਿੱਤਾ ਗਿਆ ਸੀ। ਸਮਾਜਵਾਦੀ ਪ੍ਰਭਾਵਾਂ ਬਾਰੇ ਉਨ੍ਹਾਂ ਨੇ ਬੜੇ ਸਪਸ਼ਟ ਰੂਪ ਵਿਚ ਲਿਖਿਆ ਹੈ- “ਜਿਥੋਂ ਤਕ ਸਮਾਜਵਾਦ ਦਾ ਸਬੰਧ ਹੈ, ਜਿਹੜਾ ਕੌਮਾਂਤਰੀ ਪੱਧਰ ‘ਤੇ ਮਿਹਨਤਕਸ਼ ਮਜ਼ਦੂਰਾਂ, ਕਿਸਾਨਾਂ ਦੇ ਹੱਕ ਵਿਚ ਭੁਗਤਦਾ ਹੈ, ਨੈਸ਼ਨਲ ਕਾਨਫਰੰਸ ਨੇ ਹਮੇਸ਼ਾਂ ਉਹਦੀ ਉਸਤਤ ਕੀਤੀ ਹੈ। ਜਦੋਂ ਅਸਾਂ ਨਵੇਂ ਕਸ਼ਮੀਰ ਨੂੰ ਅਪਣਾਇਆ ਤਾਂ ਮੁਸਲਿਮ ਨਵਾਬਾਂ ਦੇ ਨਾਲ-ਨਾਲ ਕਾਂਗਰਸੀ ਪ੍ਰਤੀਕਿਰਿਆਵਾਦੀ ਵੀ ਸਾਡੇ ‘ਤੇ ਔਖੇ ਹੋ ਗਏ, ਇਕ ਲੀਡਰ ਨੇ ਇਹਦੀ ਨਿੰਦਿਆ ਕਰਦਿਆਂ ਕਿਹਾ ਕਿ ਜੇ ਇਹਨੂੰ ਲਾਗੂ ਕਰ ਦਿੱਤਾ ਗਿਆ ਤਾਂ ਹਿੰਦੂ ਔਰਤਾਂ ਨੂੰ ਮੁਸਲਿਮ ਔਰਤਾਂ ਵਾਂਗ ਅਸਾਨੀ ਨਾਲ ਤਲਾਕ ਮਿਲ ਜਾਏਗਾ ਤੇ ਇੰਜ ਹਿੰਦੂ ਸੁਸਾਇਟੀ ਖਤਰੇ ਵਿਚ ਪੈ ਜਾਏਗੀ। ਇੰਡੀਅਨ ਨੈਸ਼ਨਲ ਕਾਂਗਰਸ ਦੇ ‘ਅਵਾਂੜੀ’ ਸੰਮੇਲਨ ਜਿਸ ਵਿਚ ਦੇਸ਼ ਦਾ ਮੁੱਖ ਉਦੇਸ਼ ਸਮਾਜਵਾਦੀ ਸਥਾਪਨਾ ਨਿਸ਼ਚਿਤ ਕੀਤਾ, ਇਹ ਅਸਲ ਵਿਚ ਨਵੇਂ ਕਸ਼ਮੀਰ ਦੇ ਵਿਚਾਰਾਂ ਦੀ ਪ੍ਰਤੀਧੁਨੀ ਸੀ।”
ਦੂਜੇ ਸੰਸਾਰ ਯੁੱਧ ਤੋਂ ਬਾਅਦ ਬਰਤਾਨੀਆ ਦਾ ਦਿਵਾਲਾ ਨਿਕਲ ਗਿਆ। ਗੁਲਾਮ ਮੁਲਕਾਂ ‘ਤੇ ਸ਼ਾਸਨ ਕਰਨਾ ਉਨ੍ਹਾਂ ਲਈ ਦਿਨੋ-ਦਿਨ ਮੁਹਾਲ ਹੁੰਦਾ ਜਾ ਰਿਹਾ ਸੀ। ਹਿੰਦੁਸਤਾਨ ਦੇ ਸਿਆਸੀ ਹਾਲਾਤ ਨੂੰ ਜਾਣਨ ਲਈ ਕੈਬਨਿਟ ਮਿਸ਼ਨ ਹਿੰਦੁਸਤਾਨ ਆਇਆ। ਰਿਆਸਤਾਂ ਬਾਰੇ ਕੈਬਨਿਟ ਮਿਸ਼ਨ ਕੋਲ ਮਾਮਲਾ ਵਿਚਾਰ ਅਧੀਨ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਰਿਆਸਤਾਂ ਦੇ ਰਾਜਿਆਂ ਅਤੇ ਨਵਾਬਾਂ ਨੂੰ ਅਧਿਕਾਰ ਹੋਵੇਗਾ ਕਿ ਉਹ ਦੋਵਾਂ ਮੁਲਕਾਂ ਵਿਚੋਂ ਜਿਸ ਨਾਲ ਜਾਣਾ ਚਾਹੁਣ ਚਲੇ ਜਾਣ। ਜਵਾਹਰ ਲਾਲ ਇਸ ਦਾ ਵਿਰੋਧੀ ਸੀ ਜਦੋਂਕਿ ਮੁਸਲਿਮ ਲੀਗ ਵਾਲੇ ਇਹਦੇ ਹਮਾਇਤੀ ਸਨ ਪਰ ਕਸ਼ਮੀਰੀ ਆਵਾਮ ਨੂੰ ਸ਼ੇਖ ਅਬਦੁੱਲਾ ਦੀ ਅਗਵਾਈ ਵਿਚ ਇਹ ਮਨਜ਼ੂਰ ਨਹੀਂ ਸੀ ਕਿ ਉਨ੍ਹਾਂ ਦੀ ਕਿਸਮਤ ਦਾ ਫੈਸਲਾ ਡੋਗਰਾ ਮਹਾਰਾਜਾ ਹਰੀ ਸਿੰਘ ਜਾਂ ਫਿਰ ਬਰਤਾਨਵੀ ਸ਼ਾਸਕ ਕਰਨ।
ਹੋਰਨਾਂ ਰਿਆਸਤਾਂ ਦੇ ਮੁਕਾਬਲੇ ਜੰਮੂ ਕਸ਼ਮੀਰ ਦੀ ਹਾਲਤ ਬਿਲਕੁਲ ਵੱਖਰੀ ਸੀ। ਹਿੰਦ-ਪਾਕਿਸਤਾਨ ਵੰਡ ਸਮੇਂ ਸ਼ੇਖ ਸਾਹਿਬ ਜੇਲ੍ਹ ਵਿਚ ਸਨ ਅਤੇ ਗਾਂਧੀ ਤੇ ਨਹਿਰੂ ਦੇ ਜ਼ੋਰ ਦੇਣ ‘ਤੇ ਉਨ੍ਹਾਂ ਨੂੰ 26 ਸਤੰਬਰ 1946 ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਆਜ਼ਾਦੀ ਤੋਂ ਬਾਅਦ ਕਸ਼ਮੀਰ ‘ਤੇ ਪਾਕਿਸਤਾਨੀ ਕਬਾਇਲੀ ਹਮਲੇ ਨੇ ਹਲਚਲ ਮਚਾ ਦਿੱਤੀ, ਕਿਉਂਕਿ ਉਥੇ ਕਾਫੀ ਲੋਕ ਪਾਕਿਸਤਾਨ ਦੇ ਸਮਰਥਕ ਸਨ। ਇਹ ਤਾਂ ਸ਼ੇਖ ਸਾਹਿਬ ਦੀ ਸੂਝਬੂਝ ਦਾ ਨਤੀਜਾ ਸੀ ਕਿ ਕਸ਼ਮੀਰੀ ਆਵਾਮ ਨੇ ਹਿੰਦੁਸਤਾਨ ਨੂੰ ਤਰਜੀਹ ਦਿੱਤੀ, ਨਹੀਂ ਤਾਂ ਇਹਦੀ ਹਾਲਤ ਅੱਜ ਹੋਰ ਹੁੰਦੀ। ਭਾਰਤੀ ਨੇਤਾਵਾਂ ਦਾ ਯੁੱਧ ਆਜ਼ਾਦੀ ਪ੍ਰਾਪਤੀ ਨਾਲ ਸਮਾਪਤ ਹੋ ਗਿਆ, ਜਦੋਂਕਿ ਕਸ਼ਮੀਰੀ ਆਵਾਮ ਤੇ ਸ਼ੇਖ ਅਬਦੁੱਲਾ ਦਾ ਸ਼ੁਰੂ ਹੋ ਗਿਆ। ਸ਼ੇਖ ਸਾਹਿਬ ਲਿਖਦੇ ਹਨ:
“ਹਿੰਦੁਸਤਾਨ ਦੇ ਵਾਤਾਵਰਨ ਨੂੰ ਮੇਰੇ ਖਿਲਾਫ ਖੜ੍ਹਾ ਕਰਨ ਲਈ ਜਿਹੜੀ ਮੁਹਿੰਮ ਛੇੜੀ ਗਈ ਸੀ ਉਹਦੇ ਪਿੱਛੇ ਜੋ ਕਾਰਨ ਸਨ, ਕਸ਼ਮੀਰ ਦੀ ਸਾਅਸੀ ਹਾਲਤ ਨੂੰ ਜਾਣਨ ਲਈ, ਇਨ੍ਹਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ। ਪਹਿਲੀ ਗੱਲ ਤਾਂ ਉਨ੍ਹਾਂ ਨੂੰ ਇਹ ਖਟਕਦੀ ਸੀ ਕਿ ਮੈਂ ਕਸ਼ਮੀਰੀ ਜੱਦੋਜਹਿਦ ਦਾ ਸੰਚਾਲਕ ਹਾਂ ਤੇ ਸਦੀਆਂ ਬਾਅਦ ਇਥੋਂ ਦੀ ਆਬਾਦੀ ਨੂੰ ਮੈਂ ਆਜ਼ਾਦੀ ਪ੍ਰਤੀ ਜਾਗ੍ਰਿਤ ਕੀਤਾ ਹੈ। ਇਹ ਸੰਯੋਗ ਹੀ ਸੀ ਕਿ ਜਾਗਣ ਵਾਲਿਆਂ ਵਿਚ ਬਹੁਗਿਣਤੀ ਮੁਸਲਮਾਨਾਂ ਦੀ ਸੀ। ਇਸੇ ਕਰਕੇ ਬਹੁਤੇ ਪਹਿਲੇ ਦਿਨ ਤੋਂ ਹੀ ਇਸ ਨੂੰ ਪਸੰਦ ਨਹੀਂ ਸਨ ਕਰਦੇ। ਉਨ੍ਹਾਂ ਨੇ ਮੇਰਾ ਸਾਥ ਤਾਂ ਕੀ ਦੇਣਾ ਸੀ ਸਗੋਂ ਉਹ ਮੈਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਸਮਝਦੇ ਸਨ। ਇਸ ਬਾਰੇ 1931 ਦੇ ਪੰਜਾਬ ਅਤੇ ਦਿੱਲੀ ਦੇ ਹਿੰਦੂ ਅਖਬਾਰ ਦੇਖੇ ਜਾ ਸਕਦੇ ਹਨ ਜੋ ਉਦੋਂ ਤੋਂ ਲੈ ਕੇ ਹੁਣ ਤਕ ਜ਼ਹਿਰ ਉਗਲ ਰਹੇ ਹਨ। ਦੂਜੀ ਗੱਲ ਇਹ ਹੈ ਕਿ ਅਣਵੰਡੇ ਹਿੰਦੁਸਤਾਨ ਦੀਆਂ ਰਿਆਸਤਾਂ ਨੂੰ ਉਨ੍ਹਾਂ ਦੀ ਆਬਾਦੀ ਦੇ ਲਿਹਾਜ਼ ਨਾਲ ਨਹੀਂ ਸਗੋਂ ਉਨ੍ਹਾਂ ਦੇ ਸ਼ਾਸਕਾਂ ਦੇ ਧਰਮਾਂ ਦੇ ਆਧਾਰ ‘ਤੇ ਹਿੰਦੂ ਜਾਂ ਮੁਸਲਿਮ ਜਾਂ ਸਿੱਖ ਰਿਆਸਤਾਂ ਦੇ ਤੌਰ ‘ਤੇ ਸ਼ਾਮਲ ਕੀਤੇ ਜਾਣ ਦਾ ਪ੍ਰਸਤਾਵ ਸੀ। ਹੈਦਰਾਬਾਦ ਦੇ ਨਿਜ਼ਾਮ ਦੀ ਬਹੁ-ਗਿਣਤੀ ਆਬਾਦੀ ਹਿੰਦੂ ਸੀ, ਜਦੋਂਕਿ ਮੁਸਲਮਾਨ ਇਸ ਨੂੰ ਮੁਸਲਿਮ ਰਿਆਸਤ ਸਮਝਦੇ ਸਨ। ਇਹਦੇ ਉਲਟ ਜੰਮੂ ਕਸ਼ਮੀਰ ਰਿਆਸਤ ਦੀ 85 ਫੀਸਦੀ ਤੋਂ ਵਧੇਰੇ ਆਬਾਦੀ ਮੁਸਲਮਾਨ ਸੀ ਪਰ ਹਿੰਦੂ ਇਸ ਨੂੰ ਹਿੰਦੂ ਰਿਆਸਤ ਗਰਦਾਨਦੇ ਸਨ। ਗਾਂਧੀ ਜੀ ਨੇ ਇਕ ਵਾਰ ਕਿਹਾ ਸੀ ਕਿ ਕਸ਼ਮੀਰ ਵਿਚ ਮੁਸਲਮਾਨਾਂ ਦਾ ਬਹੁਮਤ ਹੈ, ਇਸ ਲਈ ਉਸ ਨੂੰ ਪਾਕਿਸਤਾਨ ਵਿਚ ਜਾਣਾ ਚਾਹੀਦਾ ਹੈ। ਮੈਂ ਕਿਉਂਕਿ ਇਕ ਹਿੰਦੂ ਰਾਜੇ ਦੇ ਵਿਰੁਧ ਜੱਦੋਜਹਿਦ ਕਰ ਰਿਹਾ ਸਾਂ। ਇਸ ਲਈ ਹਿੰਦੂ ਮੂਲਵਾਦੀਆਂ ਦੀਆਂ ਨਜ਼ਰਾਂ ਵਿਚ ਮੈਂ ਰੇਤ ਦੇ ਕਿਣਕੇ ਵਾਂਗ ਰੜਕਦਾ ਸਾਂ। ਚੌਥੀ ਵਜ੍ਹਾ ਇਹ ਸੀ ਕਿ ਹਿੰਦੁਸਤਾਨ ਦੀ ਵੰਡ ਤੋਂ ਬਾਅਦ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਬੇਵਿਸ਼ਵਾਸੀ ਦਾ ਅਜਿਹਾ ਆਲਮ ਬਣ ਗਿਆ ਸੀ ਕਿ ਹਰ ਮੁਸਲਮਾਨ ਨੂੰ ਹਿੰਦੁਸਤਾਨ ਵਿਚ ਸ਼ੱਕ ਦੀ ਨਿਗ੍ਹਾ ਨਾਲ ਦੇਖਿਆ ਜਾਂਦਾ ਸੀ। ਇਸੇ ਕਰਕੇ ਮੇਰਾ ਵਿਰੋਧ ਹੋਇਆ ਅਤੇ ਜੰਮੂ ਵਿਚ ਮਹਾਰਾਜੇ ਹਰੀ ਸਿੰਘ ਨੇ ਮੇਰੇ ਵਿਰੁਧ ਰਿਆਸਤ ਵਿਚ ਵਿਰੋਧ ਖੜ੍ਹਾ ਕਰਨ ਲਈ ਤਿਜੌਰੀਆਂ ਦੇ ਮੂੰਹ ਖੋਲ੍ਹ ਦਿੱਤੇ।”
ਕਸ਼ਮੀਰ ਬਾਰੇ ਦਿੱਲੀ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਕੇਂਦਰ ਸਰਕਾਰ ਵਲੋਂ ਜਵਾਹਰ ਲਾਲ ਨਹਿਰੂ, ਮੌਲਾਨਾ ਆਜ਼ਾਦ, ਗੋਪਾਲਸੁਆਮੀ ਆਇੰਗਰ ਤੇ ਸਰ ਗਿਰਜਾਸ਼ੰਕਰ ਵਾਜਪਾਈ ਅਤੇ ਰਿਆਸਤ ਵਲੋਂ ਮੈਂ, ਬਖਸ਼ੀ ਗੁਲਾਮ ਮੁਹੰਮਦ ਅਤੇ ਮਿਰਜ਼ਾ ਅਫਜ਼ਲ ਬੇਗ ਗੱਲਬਾਤ ਕਰਨ ਲਈ ਸ਼ਾਮਲ ਹੋਏ। ਮੈਨੂੰ ਯਾਦ ਹੈ ਕਿ ਸਮਝੌਤੇ ਦੀ ਕਿਸੇ ਧਾਰਾ ‘ਤੇ ਬੜੀ ਬਹਿਸ ਹੋ ਰਹੀ ਸੀ। ਜਵਾਹਰ ਲਾਲ ਨੇ ਮੇਰੇ ਕੰਨ ਵਿਚ ਕਿਹਾ, ਸ਼ੇਖ ਸਾਹਿਬ ਜੇ ਤੁਸੀਂ ਸਾਡੇ ਨਾਲ ਖਲੋਣ ਤੋਂ ਝਕੋਗੇ ਤਾਂ ਅਸੀਂ ਤੁਹਾਡੇ ਗਲ ਵਿਚ ਸੋਨੇ ਦੀ ਜ਼ੰਜੀਰ ਪਾ ਦਿਆਂਗੇ। ਮੈਂ ਇਕ ਪਲ ਲਈ ਹੈਰਾਨ ਰਹਿ ਗਿਆ, ਫਿਰ ਮੁਸਕਰਾਉਂਦੇ ਹੋਏ ਕਿਹਾ, ‘ਅਜਿਹਾ ਹਰਗਿਜ਼ ਨਾ ਕਰਨਾ, ਕਿਉਂਕਿ ਇੰਜ ਤੁਸੀਂ ਸਦਾ ਲਈ ਕਸ਼ਮੀਰ ਤੋਂ ਹੱਥ ਧੋ ਬੈਠੋਗੇ।’ ਜਵਾਹਰ ਲਾਲ ਦੀ ਇਸ ਮਾਨਸਿਕਤਾ ਬਾਰੇ ਮੇਰੇ ਜ਼ਿਹਨ ਵਿਚ ਇਕਬਾਲ ਦਾ ਸ਼ਿਅਰ ਗੂੰਜਣ ਲੱਗਾ:
ਜਾਦੂ-ਏ-ਮਹਿਮੂਦ ਕੀ ਤਾਸੀਰ ਸੇ ਚਸ਼ਮੇ ਅਯਾਜ਼
ਦੇਖਤੀ ਹੈ ਹਲਕਏ ਗਰਦਨ ਮੇਂ ਸਾਜ਼ੇ-ਦਿਲਬਰੀ
ਪਰ ਜਵਾਹਰ ਲਾਲ ਇਹਦੇ ਉਲਟ ਸਾਡੀ ਮਾਨਸਿਕਤਾ ਬਾਰੇ ਗਲਤ ਕਿਆਫੇ ਲਾ ਰਿਹਾ ਸੀ। ਕਸ਼ਮੀਰ ਵਿਚ ਮੇਰੇ ਖਿਲਾਫ ਪਾਕਿਸਤਾਨੀ ਫੌਜੀ ਅਫਸਰਾਂ ਨੂੰ ਮਿਲਣ ਜਾਂ ਉਨ੍ਹਾਂ ਨਾਲ ਜੋੜ-ਤੋੜ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ; ਹਾਲਾਂਕਿ ਉਥੇ ਚਾਰੇ ਪਾਸੇ ਫੌਜ ਸੀ, ਸੀ.ਆਈ.ਡੀ. ਦਾ ਪਹਿਰਾ ਸੀ। ਇਹ ਸਾਰਾ ਕੁਝ ਦਰਅਸਲ ਸਾਡੇ ਕਸ਼ਮੀਰ ਮਿਸ਼ਨ ਦੀ ਬਰਬਾਦੀ ਲਈ ਕੀਤਾ ਜਾ ਰਿਹਾ ਸੀ।
ਜੇਲ੍ਹ ਬਾਰੇ ਆਪਣੇ ਅਨੁਭਵ ਬਿਆਨ ਕਰਦਿਆਂ ਉਨ੍ਹਾਂ ਲਿਖਿਆ ਕਿ ਜੇਲ੍ਹ ਪਹੁੰਚ ਕੇ ਮੇਰਾ ਸਰੀਰ ਤਾਂ ਆਰਾਮ ਅਨੁਭਵ ਕਰ ਰਿਹਾ ਸੀ ਪਰ ਮੇਰਾ ਦਿਲ ਦਿਮਾਗ ਕਸ਼ਮੀਰ ਦੀਆਂ ਵਾਦੀਆਂ, ਗਲੀਆਂ, ਬਾਜ਼ਾਰਾਂ ਵਿਚ ਭਟਕ ਰਿਹਾ ਸੀ। ਮੈਨੂੰ ਉਥੋਂ ਦੇ ਹਾਲਾਤ ਬਾਰੇ ਕਿਸੇ ਕਿਸਮ ਦੀ ਜਾਣਕਾਰੀ ਨਹੀਂ ਸੀ ਪਰ ਕਾਤਲਾਂ ਦੇ ਖੂਨੀ ਇਰਾਦਿਆਂ ਤੋਂ ਸਪਸ਼ਟ ਸੀ ਕਿ ਕਸ਼ਮੀਰ ਫਿਰ ਖੂਨ ਅਤੇ ਅੱਗ ਦੇ ਦਰਿਆਵਾਂ ਵਿਚੋਂ ਆਪਣੀ ਹੋਣੀ ਤਲਾਸ਼ ਰਿਹਾ ਹੋਵੇਗਾ। ਮੈਂ ਜੇਲ੍ਹ ਵਿਚ ਬੈਠਾ ਦੁਆ ਹੀ ਕਰ ਸਕਦਾ ਸਾਂ:
ਦਿਆਰ-ਏ-ਯਾਰ ਤਿਰੀ ਜੋਸ਼ੀਸ਼-ਏ-ਜਨੂੰ ਪੇ ਸਲਾਮ
ਮਿਰੇ ਵਤਨ ਤੇਰੇ ਦਾਮਾਨ-ਏ-ਤਾਰ-ਤਾਰ ਕੀ ਖੈਰ
ਰਹ-ਏ-ਯਕੀਂ ਤਿਰੀ ਅਫਸ਼ਾਨ-ਏ-ਖਾਕ-ਓ-ਖੂੰ ਪੇ ਸਲਾਮ
ਮਿਰੇ ਚਮਨ ਤਿਰੇ ਜ਼ਖਮੋਂ ਕੇ ਲਾਲਾ-ਜ਼ਾਰ ਕੀ ਖੈਰ
ਇਹ ਸੰਯੋਗ ਹੀ ਸੀ ਕਿ ਕੁਝ ਸਮੇਂ ਬਾਅਦ ਇਸ ਨਜ਼ਮ ‘ਤੇ ਆਪਣੇ ਦਸਤਖਤ ਕਰਕੇ ਫੈਜ਼ ਅਹਿਮਦ ਫੈਜ਼ ਨੇ ਮੈਨੂੰ ਭੇਜੀ ਸੀ।
ਉਧਰ ਸਰਹੱਦ ‘ਤੇ ਕਬਾਇਲੀਆਂ ਦੇ ਹਮਲੇ ਦੇ ਫਲਸਰੂਪ ਮਹਾਰਾਜਾ ਹਰੀ ਸਿੰਘ ਹੀਰੇ, ਜਵਾਹਰਾਂ ਅਤੇ ਕੀਮਤੀ ਸਾਮਾਨ ਨਾਲ ਲੱਦੇ ਸੌ ਤੋਂ ਵੱਧ ਮੋਟਰ ਗੱਡੀਆਂ ਦੇ ਕਾਫਲੇ ਨਾਲ ਜੰਮੂ ਵੱਲ ਭੱਜ ਪਿਆ। ਮੁਸੀਬਤ ਦੇ ਸਮੇਂ ਆਪਣੇ ਕਸ਼ਮੀਰੀ ਆਵਾਮ ਤੋਂ ਪਿੱਠ ਮੋੜ ਗਿਆ।
ਉਧਰ ਜਦੋਂ ਮਹਾਰਾਣੀ ਤਾਰਾ ਦੇਵੀ ਜੰਮੂ ਨੇੜੇ ਪਹੁੰਚੀ ਤਾਂ ਉਸ ਨੇ ਖੁੱਲ੍ਹੀ ਜੀਪ ਵਿਚ ਵਾਲ ਖਿਲਾਰ ਕੇ ਮੂਰਤੀ ਝੋਲੀ ਵਿਚ ਰੱਖ ਲਈ। ਇਹ ਸੰਦੇਸ਼ ਸੀ ਕਿ ਮੁਸਲਮਾਨ ਹੁਣ ਬਚ ਕੇ ਨਾ ਜਾਣ। ਪਾਕਿਸਤਾਨ ਭੇਜਣ ਦਾ ਝਾਂਸਾ ਦੇ ਕੇ ਮਹਾਰਾਜੇ ਨੇ ਮੁਸਲਮਾਨਾਂ ਨੂੰ ਇਕ ਪਾਰਕ ਵਿਚ ਇਕੱਠੇ ਕਰਕੇ ਟਰੱਕਾਂ ਵਿਚ ਭਰ ਕੇ ਪਹਾੜ ਤੋਂ ਥੱਲੇ ਉਤਰਦਿਆਂ ਮਸ਼ੀਨਗੰਨਾਂ ਨਾਲ ਉਡਾ ਦਿੱਤਾ। ਜੰਮੂ ਵਿਚ ਮੁਸਲਮਾਨਾਂ ਦੀ ਆਬਾਦੀ ਦੇ ਅਨੁਪਾਤ ਨੂੰ ਘੱਟ ਕਰਨ ਲਈ ਸਰਦਾਰ ਪਟੇਲ ਦੇ ਪਾਲਕ ਜਸਟਿਸ ਮਿਹਰ ਚੰਦ ਮਹਾਜਨ ਦੁਆਰਾ ਜੰਮੂ ਦੇ ਅਖਬਾਰਾਂ ਵਿਚ ਦਿੱਤਾ ਗਿਆ ਬਿਆਨ ਕਿ ਵਿਸ਼ੇਸ਼ ਕੰਮ ਪੂਰਾ ਕੀਤਾ ਜਾ ਰਿਹਾ ਹੈ, ਸਾਰੇ ਉਹ ਘਟਕ ਸਨ ਕਿ ਕਸ਼ਮੀਰ ਮਿਸ਼ਨ ਨੂੰ ਸਿਰੇ ਨਾ ਚੜ੍ਹਨ ਦਿੱਤਾ ਜਾਵੇ; ਸ਼ੇਖ ਸਾਹਿਬ ਲਿਖਦੇ ਹਨ:
‘ਇਧਰ ਅਸੀਂ ਕਬਾਇਲੀਆਂ ਨੂੰ ਪਿੱਛੇ ਧੱਕਣ ਵਿਚ ਲੱਗੇ ਹੋਏ ਸਾਂ ਤੇ ਉਧਰ ਮਹਾਰਾਜਾ ਹਰੀ ਸਿੰਘ ਜੰਮੂ ਵਿਚ ਫਿਰਕਾਪ੍ਰਸਤੀ ਦੀ ਅੱਗ ਭੜਕਾ ਰਿਹਾ ਸੀ। ਉਥੇ ਪਹੁੰਚ ਕੇ ਰਾਣੀ ਨੇ ਹਿੰਦੂ ਮੂਲਵਾਦੀਆਂ ਨੂੰ ਹਥਿਆਰ ਵੰਡੇ ਅਤੇ ਮੁਸਲਮਾਨਾਂ ਦੇ ਖਾਤਮੇ ਦਾ ਸੱਦਾ ਦਿੱਤਾ।
‘ਕਸ਼ਮੀਰ ਛੱਡ ਦਿਓ’ ਅੰਦੋਲਨ ਤੋਂ ਬਾਅਦ ਸ਼ੇਖ ਅਬਦੁੱਲਾ ਆਪਣੇ ਸਾਥੀਆਂ ਮਿਰਜ਼ਾ ਅਫਜ਼ਲ ਬੇਗ, ਪੰਡਿਤ ਕਸ਼ਿਅਪ ਬੰਧੂ, ਸਰਦਾਰ ਬੁੱਧ ਸਿੰਘ ਅਤੇ ਖਵਾਜਾ ਗੁਲਾਮ ਨਬੀ ਉਰਫ ਨਬਜੀ ਸਮੇਤ ਸਬ-ਜੇਲ੍ਹ ਰਿਆਸੀ ਵਿਚ ਕੈਦ ਸਨ। ਗਰਮੀਆਂ ਦੇ ਦਿਨ ਸਨ। ਜੇਲ੍ਹ ਵਿਚ ਮੱਛਰਾਂ, ਸੱਪਾਂ, ਕੰਨ ਖਜੂਰਿਆਂ ਦੀ ਭਰਮਾਰ ਸੀ। ਰੇਡੀਓ ਤੇ ਅਖਬਾਰਾਂ ਦੀ ਕੋਈ ਸਹੂਲਤ ਨਹੀਂ ਸੀ।
“ਪਰ ਇਕ ਗੱਲ ਚੰਗੀ ਸੀ ਕਿ ਮੇਰੇ ਸਾਥੀਆਂ ਨੇ ਖੂਬ ਰੰਗ ਬੰਨ੍ਹਿਆ ਹੋਇਆ ਸੀ। ਜਿਸ ਕਾਲ ਕੋਠੜੀ ਵਿਚ ਮੈਨੂੰ ਰੱਖਿਆ ਗਿਆ, ਮੇਰੇ ਸਾਥੀਆਂ ਨੇ ਇਹਨੂੰ ਗੋਦਾਮ ਦਾ ਰੂਪ ਦਿੱਤਾ ਹੋਇਆ ਸੀ। ਵੱਖ-ਵੱਖ ਚੀਜ਼ਾਂ ਨਾਲ ਉਨ੍ਹਾਂ ਨੇ ਹਾਂਡੀਆਂ ਭਰੀਆਂ ਹੋਈਆਂ ਸਨ। ਥਾਂ-ਥਾਂ ਪੁੜੀਆਂ ਲਟਕਾਈਆਂ ਹੋਈਆਂ ਸਨ। ਇਹ ਫਾਲਤੂ ਚੀਜ਼ਾਂ ਸਨ ਜਿਨ੍ਹਾਂ ਨੂੰ ਬਾਅਦ ਵਿਚ ਉਹ ਬਾਜ਼ਾਰ ਵਿਚ ਵੇਚ ਕੇ ਪੈਸੇ ਵੱਟ ਲੈਂਦੇ ਸਨ ਤਾਂ ਕਿ ਜਦੋਂ ਬਾਹਰ ਜਾਣ ਤਾਂ ਉਨ੍ਹਾਂ ਕੋਲ ਕੁਝ ਪੈਸੇ ਜੁੜ ਜਾਣ। ਜੇਲ੍ਹ ਵਿਚ ਵੀ ਉਹ ਕਸ਼ਮੀਰੀ ਆਵਾਮ ਦੀ ਮੁਕਤੀ ਲਈ ਚਿੰਤਨ ਕਰਦੇ ਰਹੇ।”
ਕਸ਼ਮੀਰੀ ਜੱਦੋਜਹਿਦ ਲਈ ਸਾਨੂੰ ਇਕ ਵਾਰ ਫਿਰ ਇਤਿਹਾਸ ਵੱਲ ਮੂੰਹ ਕਰਨਾ ਪਏਗਾ। ਦਿੱਲੀ ਦੇ ਕਿਸੇ ਰਾਜੇ ਦਾ ਕਸ਼ਮੀਰ ਨਾਲ ਇਹ ਪਹਿਲਾ ਵਿਸ਼ਵਾਸਘਾਤ ਨਹੀਂ ਸੀ। ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਸੀ। ਅਕਬਰ ਵਰਗੇ ਮਹਾਰਾਜੇ ਨੇ 1586 ਵਿਚ ਇਸੇ ਤਰ੍ਹਾਂ ਹੀ ਕੀਤਾ ਸੀ। ਅਕਬਰ ਅਤੇ ਰਾਜਾ ਭਗਵਾਨ ਦਾਸ ਵਿਚਕਾਰ ਹੋਏ ਸਮਝੌਤੇ ਅਨੁਸਾਰ ਸੁਲਤਾਨ ਯੂਸਫ ਸ਼ਾਹ ਨੇ ਅਟਕ ਦੇ ਜ਼ਿਲ੍ਹੇ ਵਿਚ ਅਕਬਰ ਸਾਹਮਣੇ ਪੇਸ਼ ਹੋਣਾ ਸੀ ਅਤੇ ਅਕਬਰ ਨੇ ਉਸ ਨੂੰ ਕਸ਼ਮੀਰ ਦਾ ਖੁਦਮੁਖਤਾਰ ਰਾਜਾ ਮੰਨਣਾ ਸੀ।
ਇਸ ਇਕਰਾਰਨਾਮੇ ਤੋਂ ਬਾਅਦ ਜਦੋਂ ਯੂਸਫ ਸ਼ਾਹ ਅਕਬਰ ਅੱਗੇ ਪੇਸ਼ ਹੋਣ ਲਈ ਅਟਕ ਦੇ ਕਿਲ੍ਹੇ ਵਿਚ ਪਹੁੰਚਿਆ ਤਾਂ ਬਾਦਸ਼ਾਹ ਨੇ ਧੋਖੇ ਨਾਲ ਉਹਨੂੰ ਕੈਦ ਕਰ ਲਿਆ। ਬਾਅਦ ਵਿਚ ਉਹਦੇ ਪੁੱਤਰ ਨੂੰ ਵੀ ਕੈਦ ਕਰਕੇ ਬਿਹਾਰ ਦੀ ਜੇਲ੍ਹ ਵਿਚ ਮਰਨ ਲਈ ਭੇਜ ਦਿੱਤਾ ਤੇ ਅਕਬਰ ਦੀਆਂ ਫੌਜਾਂ ਨੇ 1585 ਵਿਚ ਸਾਰੀ ਕਸ਼ਮੀਰ ਘਾਟੀ ‘ਤੇ ਕਬਜ਼ਾ ਕਰਕੇ ਇਸ ਨੂੰ ਹਿੰਦੁਸਤਾਨ ਦਾ ਸੂਬਾ ਬਣਾ ਲਿਆ।
ਕਸ਼ਮੀਰੀ ਸੁਲਤਾਨ ਜ਼ੈਨੁਲ ਆਬਿਦੀਨ ਨੇ ਜਗਨ ਨਾਥ ਪੁਰੀ, ਦਿੱਲੀ ਅਤੇ ਗੁਜਰਾਤ ਤਕ ਆਪਣੇ ਮਿਸ਼ਨ ਭੇਜੇ ਅਤੇ ਰੁੱਸੇ ਹੋਏ ਪੰਡਿਤਾਂ ਨੂੰ ਵਾਪਸ ਕਸ਼ਮੀਰ ਆਉਣ ਲਈ ਪ੍ਰੇਰਿਆ। ਹਿੰਦੂਆਂ ਦੀਆਂ ਪਵਿਤਰ ਪੁਸਤਕਾਂ ਦੀਆਂ ਉਤਮ ਹੱਥ ਲਿਖਤਾਂ, ਜਿਨ੍ਹਾਂ ਵਿਚ ਅਥਰਵ ਵੇਦ ਦੀ ਇਕ ਹੱਥ-ਲਿਖਤ ਵੀ ਸ਼ਾਮਲ ਹੈ, ਨੂੰ ਲੱਭ ਕੇ ਕਸ਼ਮੀਰ ਲਿਆਂਦਾ। ਕਸ਼ਮੀਰ ਵਿਚ ਪੰਡਿਤਾਂ ਨੂੰ ਉਹਨੇ ਉਚੇ ਅਹੁਦੇ ਤੇ ਜਗੀਰਾਂ ਬਖਸ਼ੀਆਂ। ਸੱਚ ਤਾਂ ਇਹ ਹੈ ਕਿ ਹਿੰਦੁਸਤਾਨ ਵਿਚ ਸੱਚਮੁੱਚ ਦੀਆਂ ਧਰਮ ਨਿਰਪੇਖ ਰਵਾਇਤਾਂ ਦੀ ਨੀਂਹ ਸਹੀ ਅਰਥਾਂ ਵਿਚ ਸੁਲਤਾਨ ਜ਼ੈਨੁਲ ਆਬਿਦੀਨ ਨੇ ਰੱਖੀ। ਸ਼ੇਖ ਅਬਦੁੱਲਾ ਦੀ ਮਹਾਨਤਾ ਇਸ ਵਿਚ ਹੈ ਕਿ ਵਾਰ-ਵਾਰ ਬੇਵਿਸ਼ਵਾਸੀਆਂ ਦੇ ਆਲਮ ਵਿਚ ਵੀ ਨਾ ਉਹਦਾ ਇਮਾਨ ਡੋਲਿਆ, ਨਾ ਕਦਮ ਲੜਖੜਾਏ। ਹਿੰਦੁਸਤਾਨ ਵਿਚ ਰਲੇਵੇਂ ਬਾਰੇ ਉਨ੍ਹਾਂ ਦਾ ਬੜਾ ਸਪਸ਼ਟ ਮੱਤ ਸੀ: ‘ਮੈਂ ਆਪਣੇ ਭਾਰਤੀ ਦੋਸਤਾਂ ਨੂੰ ਕਿਹਾ ਕਿ ਮੇਰਾ ਭਾਰਤ ਨਾਲ ਰਲੇਵੇਂ ਬਾਰੇ ਕੋਈ ਮੱਤਭੇਦ ਨਹੀਂ, ਹਾਂ ਰਲੇਵੇਂ ਦੀਆਂ ਸੀਮਾਵਾਂ ਬਾਰੇ ਜ਼ਰੂਰ ਮੱਤਭੇਦ ਹਨ। ਅਸਾਂ 1947 ਵਿਚ ਇਹ ਸੀਮਾਵਾਂ ਨਿਸ਼ਚਿਤ ਕਰਕੇ ਉਸ ਨੂੰ ਸਮਝੌਤੇ ਦੀ ਦ੍ਰਿਸ਼ਟੀ ਤੋਂ ਜਿਸ ਤਰ੍ਹਾਂ 370 ਦੇ ਰੂਪ ਵਿਚ ਨਿਸ਼ਚਿਤ ਕੀਤਾ ਸੀ, ਭਾਰਤੀ ਲੀਡਰਾਂ ਦੇ ਹਠੀ ਅਤੇ ਗੈਰ-ਵਾਜਬ ਵਤੀਰਿਆਂ ਅਤੇ ਮਨਮਾਨੀਆਂ ਨੇ ਇਹਨੂੰ ਪਲੀਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਗੱਲ ਸਾਡੇ ਰਾਹਾਂ ਦੇ ਵੱਖ ਹੋਣ ਦੀ ਬੁਨਿਆਦ ਹੈ। ਹੁਣ ਜੇ ਉਨ੍ਹਾਂ ਸ਼ਰਤਾਂ ਨੂੰ ਮੁੜ ਬਹਾਲ ਕਰ ਦਿੱਤਾ ਜਾਵੇ ਤਾਂ ਆਪਸੀ ਮੱਤਭੇਦ ਦੂਰ ਹੋ ਸਕਦੇ ਹਨ ਪਰ ਕਸ਼ਮੀਰ ਮਸਲਾ ਹੁਣ ਸ਼ੈਤਾਨ ਦੀ ਆਂਦਰ ਵਾਂਗ ਇੰਨਾ ਵਧ ਚੁੱਕਾ ਹੈ ਕਿ ਇਹਦਾ ਸਿਰਾ ਅੰਤਹੀਣ ਹੋ ਗਿਆ ਹੈ।
ਮੌਤ ਤੇ ਦਹਿਸ਼ਤ ਬਾਰੇ ਇਹ ਪੰਕਤੀਆਂ ਢੁੱਕਦੀਆਂ ਹਨ:
ਮਰ ਰਹੀ ਕਸ਼ਮੀਰੀਅਤ ਤੇ ਰੋ ਰਿਹਾ ਕਸ਼ਮੀਰ ਏ
ਪੱਟ ਵਿਚ ਗੋਲੀ ਲੱਗੀ ਏ, ਲੱਤ ਵਿਚ ਜ਼ੰਜੀਰ ਏ
ਇੱਜ਼ਤਾਂ ਤਾਂ ਖਤਮ, ਆਬਰੂ ਵੀ ਲੀਰੋ ਲੀਰ ਏ
ਖੂਨ ‘ਚ ਲੱਥ ਪੱਥ ਅੱਜ ਕਸ਼ਮੀਰ ਦੀ ਤਸਵੀਰ ਏ।