ਸਾਹਿਤ ਰਤਨ ਜਸਵੰਤ ਸਿੰਘ ਕੰਵਲ 27 ਜੂਨ 2019 ਨੂੰ ਸੌ ਸਾਲਾਂ ਦਾ ਹੋ ਗਿਐ। ਉਸ ਨੇ ਅੱਸੀ ਸਾਲ ਲਿਖਣ ਤੇ ਸੌ ਸਾਲ ਜਿਉਂਦੇ ਰਹਿਣ ਦਾ ਰਿਕਾਰਡ ਰੱਖ ਦਿੱਤੈ। ਵਿਸ਼ਵ ਭਰ ‘ਚ ਸ਼ਾਇਦ ਹੀ ਕੋਈ ਨਾਮੀ ਸਾਹਿਤਕਾਰ ਹੋਵੇ ਜਿਸ ਨੇ ਅੱਸੀ ਵਰ੍ਹੇ ਲਗਾਤਾਰ ਲਿਖਿਆ ਹੋਵੇ ਤੇ ਸੌ ਸਾਲ ਜੀਵਿਆ ਹੋਵੇ। ਬਰਨਾਰਡ ਸ਼ਾਅ, ਬਰਟਰੰਡ ਰੱਸਲ ਤੇ ਖੁਸ਼ਵੰਤ ਸਿੰਘ ਜਿਹੇ ਨਾਮੀ ਲੇਖਕ ਸੈਂਚਰੀ ਮਾਰਦੇ ਮਾਰਦੇ ਰਹਿ ਗਏ। ਆਖਰ ਇਹ ਸੈਂਚਰੀ ਇਕ ਪੰਜਾਬੀ ਲੇਖਕ ਦੇ ਹਿੱਸੇ ਆਈ। ਆਲੋਚਕ ਤੇ ਲੇਖਕ, ਸਭ ਮੰਨਦੇ ਹਨ ਕਿ ਕੰਵਲ ਨੇ ਪੰਜਾਬੀ ਦੇ ਸਭ ਤੋਂ ਵੱਧ ਪਾਠਕ ਪੈਦਾ ਕੀਤੇ ਹਨ।
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਜਸਵੰਤ ਸਿੰਘ ਕੰਵਲ ਦੀ ਮਾਤਾ ਹਰਨਾਮ ਕੌਰ 98 ਸਾਲ ਜੀਵੀ ਤੇ ਪਤਨੀ ਮੁਖਤਿਆਰ ਕੌਰ 2008 ਤਕ ਜਿਉਂਦੀ ਰਹੀ। ਉਹਦਾ ਛੋਟਾ ਭਰਾ ਹਰਬੰਸ ਸਿੰਘ ਵੀ ਨੱਬੇ ਸਾਲਾਂ ਤੋਂ ਵੱਧ ਜੀਵਿਆ। ਕੰਵਲ ਦਾ ਲਗਾਤਾਰ ਪੜ੍ਹਨ-ਲਿਖਣ ਵਿਚ ਰੁੱਝੇ ਰਹਿਣਾ ਉਹਦੇ ਸੌ ਸਾਲ ਜਿਉਣ ਦਾ ਰਾਜ਼ ਹੈ। ਅਨੂਪ ਵਿਰਕ ਉਹਦੇ ਬਾਰੇ ਲਿਖਦੈ:
ਉਹ ਚੰਨ ਚਾਨਣੀ ਰਾਤ ਜਿਹਾ
ਔੜਾਂ ਵਿਚ ਹੋਈ ਬਰਸਾਤ ਜਿਹਾ
ਉਹ ਸੁਪਨਾ ਸਾਹਿਤ ਸਮੁੰਦਰ ਦਾ
ਉਹ ਅਕਾਸ਼ ਦੀ ਖੁੱਲ੍ਹੀ ਕਿਤਾਬ ਜਿਹਾ
ਉਹ ਇਸ਼ਟ ਜਿਹਾ ਉਹ ਇਸ਼ਕ ਜਿਹਾ
ਮੇਰੇ ਸੀਨੇ ਅੰਦਰ ਲਿਸ਼ਕ ਰਿਹਾ।
28 ਜਨਵਰੀ 2018 ਨੂੰ ਅਸੀਂ ‘ਕੱਠਿਆਂ ਨੇ ਢੁੱਡੀਕੇ ਦਾ ਖੇਡ ਮੇਲਾ ਵੇਖਿਆ। ਮੈਂ ਕੈਨੇਡਾ ਤੋਂ ਢੁੱਡੀਕੇ ਗਿਆ ਸਾਂ। ਠੰਢ ਹੋਣ ਕਰਕੇ ਉਹ ਭੂਰੀ ਦੀ ਦੂਹਰੀ ਬੁੱਕਲ ਮਾਰੀ ਬੈਠਾ ਸੀ। ਮੈਂ ਮੇਲੇ ਜਾਣ ਨੂੰ ਆਖਿਆ ਤਾਂ ਉਹ ਜਕੋ-ਤਕੇ ਵਿਚ ਪੈ ਗਿਆ, ਪਰ ਮੈਂ ਇਹ ਕਹਿ ਕੇ ਤਿਆਰ ਕਰ ਲਿਆ, “ਕੀ ਪਤਾ ਮੁੜ ਕੇ ਇਕੱਠਿਆਂ ਮੇਲਾ ਵੇਖਣਾ ਨਸੀਬ ਹੋਵੇ ਜਾਂ ਨਾ!”
ਕੰਵਲ ਕਾਰ ਵਿਚ ਬਹਿਣ ਲੱਗਾ ਤਾਂ ਮੈਂ ਪਹਿਲੀ ਵਾਰ ਉਹਦੇ ਹੱਥ ‘ਚ ਖੂੰਡੀ ਵੇਖੀ, ਜੋ ਤੁਰਨ ਲੱਗਿਆਂ ਉਹਦੇ ਲੜਕੇ ਸਰਬਜੀਤ ਨੇ ਮੱਲੋ-ਮੱਲੀ ਫੜਾਈ ਸੀ। ਮੇਲੇ ‘ਚ ਸਟੇਜ ਦੀਆਂ ਉਚੀਆਂ ਪੌੜੀਆਂ ਚੜ੍ਹਨ ਦੀ ਥਾਂ ਅਸੀਂ ਹੇਠਲੀਆਂ ਕੁਰਸੀਆਂ ‘ਤੇ ਬੈਠ ਗਏ। ਮੇਲਾ ਵੇਖਦਿਆਂ ਉਸ ਨੇ ਕਿਹਾ, “ਲੈ ਮੈਂ ਹੁਣ ਸਾਲ ਭਰ ਨ੍ਹੀਂ ਡੋਲਦਾ!”
1961-62 ਵਿਚ ਜਦੋਂ ਮੈਂ ਮੁਕਤਸਰ ਬੀ. ਐਡ. ਕਰਦਾ ਸਾਂ ਤਾਂ ਇਹੋ ਜਿਹਾ ਡਾਇਲਾਗ ਹੀ ਮਾਘੀ ਦੇ ਮੇਲੇ ਵਿਚ ਇਕ ਛੜੇ ਦੇ ਮੂੰਹੋਂ ਸੁਣਿਆ ਸੀ। ਉਸ ਨੂੰ ਤੀਵੀਂ ਬਣੇ ਨਚਾਰ ਨੇ ਨੱਚਦਿਆਂ ਅੱਖ ਮਾਰੀ ਤਾਂ ਉਸ ਨੇ ਛਾਤੀ ‘ਤੇ ਹੱਥ ਰੱਖ ਕੇ ਕਿਹਾ ਸੀ, “ਲੈ ਮੈਂ ਹੁਣ ਛੇ ਮਹੀਨੇ ਨ੍ਹੀਂ ਡੋਲਦਾ!”
ਕੰਵਲ ਨਾਵਲਕਾਰ ਹੀ ਨਹੀਂ, ਕਹਾਣੀਕਾਰ, ਵਾਰਤਕਕਾਰ, ਕਵੀ, ਪੱਤਰਕਾਰ, ਰੇਖਾ ਚਿਤਰਕਾਰ, ਚਿੱਠੀ ਲੇਖਕ, ਸਾਹਿਤ ਸਭੀਆ, ਕਾਨਫਰੰਸੀਆ, ਅਵਾਰਡੀਆ, ਸੈਲਾਨੀ, ਸ਼ਤਰੰਜ ਦਾ ਖਿਡਾਰੀ, ਰਾਜਸੀ ਪਾਰਟੀਆਂ ਦਾ ਸਲਾਹਕਾਰ ਤੇ ਕਬੀਲਦਾਰ ਵੀ ਹੈ। ਉਸ ਨੇ ਖੇਤੀ ਵੀ ਕੀਤੀ ਤੇ ਆਸ਼ਕੀ ਵੀ। ਸਾਧ ਬਣਦਾ-ਬਣਦਾ ਬਚਿਆ। ਪਿੰਡ ਦੇ ਪਾਰਟੀਬਾਜ਼ੀ ਵਾਲੇ ਮਾਹੌਲ ਵਿਚ ਵੈਲੀ ਬਣਨ ਦੇ ਆਸਾਰ ਸਨ, ਪਰ ਉਹ ਵੈਲੀ ਬਣਨੋਂ ਵੀ ਬਚ ਗਿਆ। ਕਰਮਾਂ ਦੀ ਖੇਡ ਵੇਖੋ ਕਿ ਦਸਵੀਂ ਫੇਲ੍ਹ ਅਤੇ ਪੰਜ ਬੱਚਿਆਂ ਦੇ ਬਾਪ ਉਤੇ ਲਾਹੌਰ ਤੋਂ ਐਮ. ਬੀ. ਬੀ. ਐਸ਼ ਪਾਸ ਡਾ. ਜਸਵੰਤ ਗਿੱਲ ਮਰ ਮਿਟੀ, ਜਿਸ ਦੀ ਯਾਦ ਵਿਚ ਉਸ ਨੇ ‘ਪੁੰਨਿਆਂ ਦਾ ਚਾਨਣ’ ਤੇ ‘ਧੁਰ ਦਰਗਾਹ’ ਪੁਸਤਕਾਂ ਲਿਖੀਆਂ। ‘ਭਾਵਨਾ’ ਕਾਵਿ ਸੰਗ੍ਰਿਹ ਦੀ ਪਾਰਵਤੀ ਤਾਂ ਸੀ ਹੀ ਜਸਵੰਤ ਗਿੱਲ, ਜਿਸ ਦਾ ਕਈ ਸਾਲਾਂ ਬਾਅਦ ਪਤਾ ਲੱਗਾ। ਕੰਵਲ ਨੂੰ ‘ਭੇਤ’ ਛੁਪਾ ਕੇ ਰੱਖਣਾ ਵੀ ਆਉਂਦੈ। ਤੀਹ ਸਾਲ ਮੈਂ ਕੋਲ ਰਹਿੰਦਾ ਹੋਇਆ ਵੀ ਉਹਦਾ ਭੇਤ ਨਾ ਪਾ ਸਕਿਆ। ਬੜੀ ਦੇਰ ਬਾਅਦ ਉਸ ਨੇ ਕਿਹਾ, “ਲਿਖ ਦੇ ਜਸਵੰਤ ਗਿੱਲ ਮੇਰੀ ਪਤਨੀ ਹੈ।”
1978 ਦੇ ਦਿਨ ਸਨ। ਮੈਂ ਕਾਲਜੋਂ ਮੁੜਦਾ ਡਾਕਘਰ ਪੁੱਜਾ ਤਾਂ ਉਹ ਵੀ ਡਾਕ ਲੈਣ ਆਇਆ ਬੈਠਾ ਸੀ। ਡਾਕੀਏ ਨੇ ਮੇਰੇ ਦਸਤਖਤ ਕਰਾ ਕੇ ਰਜਿਸਟਰਡ ਪਾਰਸਲ ਦਿੱਤਾ। ਮੈਨੂੰ ਨਹੀਂ ਸੀ ਪਤਾ ਕਿ ਉਹਦੇ ਵਿਚ ਕੀ ਹੋਵੇਗਾ? ਕੰਵਲ ਨੇ ਟੇਵਾ ਲਾਇਆ, ਇਹਦੇ ‘ਚ ਕਿਤਾਬਾਂ ਹੋਣਗੀਆਂ। ਉਹੀ ਗੱਲ ਹੋਈ। ਨਵਯੁਗ ਪ੍ਰਕਾਸ਼ਕ ਨੇ ਮੇਰੀ ਪਹਿਲੀ ਕਿਤਾਬ ‘ਪੰਜਾਬ ਦੇ ਉਘੇ ਖਿਡਾਰੀ’ ਛਾਪ ਕੇ ਭੇਜ ਦਿੱਤੀ ਸੀ, ਜੋ ਮੇਰੇ ਲਈ ਹੈਰਾਨੀ ਵਾਲੀ ਗੱਲ ਸੀ। ਉਹ ਮੇਰੇ ‘ਆਰਸੀ’ ਵਿਚ ਛਪੇ ਰੇਖਾ ਚਿੱਤਰਾਂ ਦਾ ਸੰਗ੍ਰਿਹ ਸੀ। ਉਹ ਕਿਤਾਬ ਫਿਰ ਕੰਵਲ ਦੇ ਹੱਥੋਂ ਹੀ ਰਿਲੀਜ਼ ਕਰਵਾਈ।
ਉਨ੍ਹੀਂ ਦਿਨੀਂ ਮੈਂ ਸਵੇਰੇ ਸੈਰ ਨੂੰ ਨਿਕਲਿਆ ਤਾਂ ਕੰਵਲ ਆਪਣੇ ਘਰ ਦੇ ਬਾਰ ਮੂਹਰੇ ਮਿਲਿਆ। ਕਹਿਣ ਲੱਗਾ, “ਜਲੰਧਰ ਅੱਜ ਦਾਰੇ ਦੀ ਕੁਸ਼ਤੀ ਐ। ਤੂੰ ਕਈ ਵਾਰ ਕਹਿ ਚੁਕੈਂ, ਚੱਲ ਕਰ ਲਈਂ ਖੁੱਲ੍ਹੀਆਂ ਗੱਲਾਂ। ਮੈਂ ਕਾਦਰ ਕੋਲ ਦਾਰੇ ਨੂੰ ਸੁਨੇਹਾ ਭੇਜ ਦਿੱਤੈ।”
ਅਸੀਂ ਤਿੱਖੜ ਦੁਪਹਿਰੇ ਜਲੰਧਰ ਨੂੰ ਚੱਲੇ। ‘ਪੰਜਾਬ ਦੇ ਉਘੇ ਖਿਡਾਰੀ’ ਮੈਂ ਦਾਰਾ ਸਿੰਘ ਨੂੰ ਭੇਟ ਕਰਨ ਲਈ ਆਪਣੇ ਨਾਲ ਲੈ ਲਈ। ਅਸੀਂ ਅੱਡੇ ‘ਚੋਂ ਜਿਸ ਟਾਂਗੇ ਵਿਚ ਬੈਠੇ, ਉਹਦਾ ਘੋੜਾ ਵਿਹਰ ਗਿਆ। ਉਹ ਦਸ ਕਦਮ ਅਗਾਂਹ ਨੂੰ ਪੁੱਟਦਾ ਤੇ ਪੰਜ ਕਦਮ ਪਿਛਾਂਹ ਨੂੰ। ਘੋੜੇ ਨੂੰ ਛਮਕਾਂ ਮਾਰਦਾ ਟਾਂਗੇ ਵਾਲਾ ਅੱਡ ਪ੍ਰੇਸ਼ਾਨ ਸੀ। ਸ਼ਗਨ ਚੰਗਾ ਨਹੀਂ ਸੀ, ਪਰ ਅਸੀਂ ਚੁੱਪ ਚਾਪ ਬੈਠੇ ਰਹੇ। ਤੁਰਿਆ ਤਾਂ ਟਾਂਗਾ ਖਤਾਨਾਂ ‘ਚ ਡਿਗਣੋਂ ਮਸਾਂ ਬਚਿਆ। ਮੈਂ ਸੋਚਣ ਲੱਗਾ, “ਮਨਾਂ, ਕੰਵਲ ਤਾਂ ਖਾਧੀ ਪੀਤੀ ਫਿਰਦਾ ਹੈ। ਖਤਾਨਾਂ ‘ਚ ਜਾ ਡਿੱਗਾ ਤਾਂ ਵੀ ਕੋਈ ਗੱਲ ਨਹੀਂ। ਤੂੰ ਅਜੇ ਅੱਧ ਵਿਚਾਲੇ ਐਂ। ਛੱਡ ਖਹਿੜਾ ਟਾਂਗੇ ਦਾ। ਏਦੂੰ ਤਾਂ ਵਗ ਕੇ ਈ ਅਜੀਤਵਾਲ ਚਲੇ ਚੱਲਦੇ ਆਂ।”
ਅਸੀਂ ਰਸਤੇ ਵਿਚ ਈ ਟਾਂਗੇ ਤੋਂ ਉਤਰ ਖੜ੍ਹੇ ਤੇ ਪਿਛੋਂ ਆਉਂਦੀ ਟਰਾਲੀ ‘ਤੇ ਚੜ੍ਹ ਗਏ। ਦਾਰਾ ਜਲੰਧਰ ਦੇ ਸਕਾਈਲਾਰਕ ਹੋਟਲ ਵਿਚ ਠਹਿਰਿਆ ਹੋਇਆ ਸੀ। ਅਸੀਂ ਦਾਰਾ ਸਿੰਘ ਦੇ ਕਮਰੇ ਵਿਚ ਗਏ ਤਾਂ ਅੰਦਰ ਬੈਠੇ ਭਲਵਾਨਾਂ ‘ਚੋਂ ਇਕ ਨੇ ਕਿਹਾ, “ਦਾਰਾ ਜੀ ਹਾਲੇ ਨਹੀਂ ਆਏ। ਆਓ ਬੈਠੋ, ਉਹ ਆਉਣ ਈ ਵਾਲੇ ਨੇ।”
ਅਸੀਂ ਤਪਦੀ ਧੁੱਪ ‘ਚੋਂ ਗਏ ਸਾਂ। ਜਾਂਦਿਆਂ ਏਅਰ ਕੰਡੀਸ਼ਨਡ ਕਮਰੇ ਵਿਚ ਆਰਾਮ ਨਾਲ ਬੈਠ ਗਏ। ਮੈਂ ਭਲਵਾਨਾਂ ਦੇ ਜੁੱਸਿਆਂ, ਕਲੀਆਂ ਵਾਲੇ ਕੁੜਤਿਆਂ ਤੇ ਭੋਥਿਆਂ ਵੱਲ ਨਜ਼ਰ ਮਾਰੀ, ਉਹ ਜਾਨੀਆਂ ਵਾਂਗ ਸਜੇ ਬੈਠੇ ਸਨ। ਬੀਅਰ ਦੀਆਂ ਬੋਤਲਾਂ ਤੇ ਗਲਾਸ ਮੇਜ਼ ਉਤੇ ਪਏ ਸਨ। ਜਾਪਦਾ ਸੀ ਭਲਵਾਨ ਸਰਦਾਈ ਦੀ ਥਾਂ ਬੀਅਰ ਪੀ ਕੇ ਕੁਸ਼ਤੀਆਂ ਲਈ ਤਿਆਰ ਹੋ ਰਹੇ ਸਨ! ਬੀਅਰ ਦਾ ਨੀਮ ਗੁਲਾਬੀ ਨਸ਼ਾ ਉਨ੍ਹਾਂ ਦੀਆਂ ਅੱਖਾਂ ਵਿਚ ਲਿਸ਼ਕ ਰਿਹਾ ਸੀ। ਬਾਅਦ ਵਿਚ ਪਤਾ ਲੱਗਾ ਕਿ ਉਹ ਫਿਲਮੀ ਪਹਿਲਵਾਨ ਸਨ, ਜੋ ਦਾਰੇ ਨਾਲ ਮੌਜ ਮੇਲੇ ਲਈ ਆਏ ਸਨ।
ਸ਼ਾਮ ਨੂੰ ਸਾਡੀ ਦਾਰਾ ਸਿੰਘ ਨਾਲ ਮੁਲਾਕਾਤ ਹੋ ਸਕੀ। ਉਹ ਮੁਸਕਰਾ ਕੇ ਬੜੇ ਤਪਾਕ ਨਾਲ ਮਿਲਿਆ। ਕੰਵਲ ਤੋਂ ਘਰ ਪਰਿਵਾਰ ਦਾ ਹਾਲ ਚਾਲ ਪੁੱਛਿਆ। ਕੰਵਲ ਨੇ ਮੇਰੀ ਖੇਡ ਲੇਖਕ ਵਜੋਂ ਜਾਣ-ਪਛਾਣ ਕਰਾਈ। ਮੈਂ ਗੱਲਬਾਤ ਸ਼ੁਰੂ ਕਰਨ ਲੱਗਾ ਤਾਂ ਦੋ ਪੂਰਬੀਏ ਫੌਜੀ ਕਮਰੇ ਵਿਚ ਆ ਗਏ। ਉਨ੍ਹਾਂ ਨਾਲ ਇਕ ਫੋਟੋਗ੍ਰਾਫਰ ਸੀ। ਉਨ੍ਹਾਂ ਨੇ ਅਰਜ਼ ਗੁਜ਼ਾਰੀ, “ਪਹਿਲਵਾਨ ਜੀ, ਹਮ ਨੇ ਆਪ ਕੇ ਸਾਥ ਫੋਟੋ ਉਤਰਵਾਨੀ ਹੈ। ਮਿਹਰਬਾਨੀ ਕੀਜੀਏ।”
ਦਾਰਾ ਸਿੰਘ ਅੱਖਾਂ ਹੀ ਅੱਖਾਂ ਨਾਲ ਸਾਥੋਂ ਹਾਂ ਪੁੱਛ ਕੇ ਸੀਟ ਤੋਂ ਉਠ ਖੜ੍ਹਾ ਹੋਇਆ। ਦੋਵੇਂ ਫੌਜੀ ਉਹਦੀਆਂ ਕੱਛਾਂ ਹੇਠ ਆ ਗਏ। ਕੈਮਰੇ ਦੀ ਅੱਖ ਜਗੀ ਤਾਂ ਇਕ ਲਾਲਾ ਜੀ ਕਹਿਣ ਲੱਗੇ, “ਮੈਂ ਜੀ ਆਪਦੇ ਬੱਚੇ ਦੀ ਫੋਟੋ ਤੁਹਾਡੇ ਨਾਲ ਖਿਚਾਉਣੀ ਐਂ।” ਉਹ ਫੋਟੋ ਵੀ ਖਿੱਚੀ ਗਈ। ਫਿਰ ਹੋਟਲ ਦਾ ਬਹਿਰਾ ਫੋਟੋ ਖਿਚਾਉਣ ਲੱਗਾ। ਅਖੀਰ ਪਹਿਲਵਾਨ ਦਾ ਖਹਿੜਾ ਉਦੋਂ ਛੁੱਟਾ ਜਦੋਂ ਕੈਮਰੇ ਦੀ ਰੀਲ੍ਹ ਈ ਮੁੱਕ ਗਈ। ਫਿਰ ਉਹ ਮੇਰੇ ਕੋਲ ਗੋਡੇ ਨਾਲ ਗੋਡਾ ਜੋੜ ਕੇ ਬਹਿ ਗਿਆ। ਉਹਦੇ ਕਾਸ਼ਨੀ ਧਾਰੀਆਂ ਵਾਲੀ ਕਾਲੀ ਪਤਲੂਣ ਪਾਈ ਹੋਈ ਸੀ ਤੇ ਚਿੱਟੇ ਫੁੱਲਾਂ ਵਾਲੀ ਕਾਲੀ ਬੁਸ਼ਰਟ। ਗੋਡੇ ਨਾਲ ਗੋਡਾ ਜੋੜੀ ਮੈਂ ਰੁਸਤਮੇ ਜ਼ਮਾਂ ਪਹਿਲਵਾਨ ਦੀ ਛੋਹ ਪਹਿਲੀ ਵਾਰ ਮਹਿਸੂਸ ਕੀਤੀ। ਪੈਂਟ ਉਹਦੇ ਪੱਟਾਂ ਵਿਚ ਫਸੀ ਪਈ ਸੀ ਤੇ ਛਾਤੀ ਉਭਰੀ ਹੋਈ ਸੀ। ਹੱਥ ਵੱਡੇ ਤੇ ਨਿੱਗਰ ਸਨ।
ਮੈਂ ਕਿਹਾ, “ਤੁਸਾਂ ਚੰਗਾ ਕੀਤਾ। ਫੋਟੋ ਖਿਚਾ ਕੇ ਉਨ੍ਹਾਂ ਦਾ ਦਿਲ ਖੁਸ਼ ਕਰ ਦਿੱਤਾ। ਉਹ ਤੁਹਾਨੂੰ ਚੇਤੇ ਰੱਖਣਗੇ।” ਉਸ ਨੇ ਹੱਸਦਿਆਂ ਕਿਹਾ, “ਇਹ ਤਾਂ ਫੇਰ ਕਰਨਾ ਈ ਪੈਂਦਾ। ਇਹ ਨਾ ਕਰੀਏ ਤਾਂ ਅਗਲੇ ਦਾ ਮਨ ਦੁਖੀ ਹੁੰਦਾ। ਤੁਸੀਂ ਵੇਖੋ ਅਗਲੇ ਕਿੰਨਾ ਮਾਣ ਕਰਦੇ ਆ?”
“ਉਂਜ ਇਸ ਤਰ੍ਹਾਂ ਦੀ ਭੱਜ ਨੱਸ ਵਿਚ ਖੁਸ਼ ਤਾਂ ਰਹਿੰਦੇ ਓ?”
“ਹਾਂ, ਆਪਾਂ ਖੁਸ਼ ਈ ਰਹੀਦਾ। ਭਲਵਾਨ ਖੁਸ਼ ਈ ਹੁੰਦੇ ਨੇ।”
“ਮੈਂ ਤੇ ਕੰਵਲ ਸਾਹਿਬ ਰਸਤੇ ਵਿਚ ਤੁਹਾਡੇ ਬਾਰੇ ਗੱਲਾਂ ਕਰਦੇ ਆਏ ਆਂ। ਤੁਹਾਡੀਆਂ ਕਈ ਗੱਲਾਂ ਕੰਵਲ ਸਾਹਿਬ ਨੇ ਦੱਸੀਆਂ…।”
“ਇਹ ਜਾਣੀਜਾਣ ਜੁ ਹੋਏ।” ਦਾਰਾ ਸਿੰਘ ਨੇ ਵਿਚਕਾਰੋਂ ਹੀ ਕਿਹਾ ਤੇ ਹੱਸ ਪਿਆ।
ਕੰਵਲ ਸਾਹਿਬ ਨੇ ਹਾਸੇ ਵਿਚ ਕਿਹਾ, “ਬੇਫਿਕਰ ਰਹੋ, ਮੈਂ ਘਰ ਦੀ ਕੋਈ ਗੱਲ ਨਹੀਂ ਦੱਸੀ।” ਮਾਹੌਲ ਸਹਿਜ ਸੁਖਾਵਾਂ ਬਣ ਗਿਆ। ਹੁਣ ਇਕੋ ਡਰ ਸੀ ਕਿ ਕੋਈ ਹੋਰ ਨਾ ਫੋਟੋ ਖਿਚਾਉਣ ਆ ਜਾਵੇ। ਮੈਂ ਸੋਚਿਆ, ਪਹਿਲਵਾਨ ਨੇ ਦੁਨੀਆਂ ਘੁੰਮੀ ਐਂ। ਫਜ਼ੂਲ ਗੱਲਾਂ ‘ਚ ਸਮਾਂ ਗੁਆਉਣ ਦੀ ਥਾਂ ਜਿਹੜੇ ਗਿਣਤੀ ਦੇ ਮਿੰਟ ਹਨ, ਪਹਿਲਵਾਨ ਦੀਆਂ ਗੱਲਾਂ ਸੁਣੀਆਂ ਜਾਣ। ਕੰਵਲ ਸਦਕਾ ਉਹ ਇਕ ਯਾਦਗਾਰੀ ਮੁਲਾਕਾਤ ਰਹੀ।
ਕਿਸੇ ਲੇਖਕ ਨੂੰ ਕਿਤਾਬ ਭੇਟ ਕਰਨ ਲੱਗਾ ਕੰਵਲ ਕੁਝ ਇਹੋ ਜਿਹੇ ਸ਼ਬਦ ਲਿਖਦਾ ਹੈ, ਜੋ ਉਸ ਨੇ ਮੇਰੇ ਲਈ ਲਿਖੇ, “ਖੇਡਦੀ, ਖਿਡਾਉਂਦੀ ਤੇ ਸਦਾ ਜਾਗਦੀ ਸੰਸਾਰਕ ਰੂਹ ਨੂੰ, ਲਹਿਰਾਂ ਮਾਰਦੇ ਪਿਆਰ ਉਛਾਲੇ ਨਾਲ; ਪੰਜਾਬ ਦੀ ਨੁਮਾਇਆ ਆਤਮਾ ਸ਼ ਸਰਵਣ ਸਿੰਘ ਖਿਡਾਰਵਾਨ ਨੂੰ, ਵੱਲੋਂ ਡਾ. ਜਸਵੰਤ ਸਿੰਘ ਕੰਵਲ, 15-2-2011”
ਕੰਵਲ ਦੇ ਬਣਾਏ ਸਾਹਿਤ ਟਰੱਸਟ ਢੁੱਡੀਕੇ ਵੱਲੋਂ 1978-79 ‘ਚ ਪਹਿਲਾ ਬਾਵਾ ਬਲਵੰਤ ਅਵਾਰਡ ਸੰਤ ਰਾਮ ਉਦਾਸੀ ਨੂੰ ਦਿੱਤਾ ਗਿਆ ਸੀ। ਸਮਾਗਮ ਲੁਧਿਆਣੇ ਖੇਤੀ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਚ ਹੋਇਆ ਸੀ। ਉਦਾਸੀ ਨੇ ਗੀਤ ਗਾਇਆ ਸੀ, “ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ…।”
23 ਮਾਰਚ 1988 ਨੂੰ ਪਾਸ਼ ਦਾ ਕਤਲ ਹੋਇਆ। ਸ਼ਰਧਾਂਜਲੀ ਸਮਾਗਮ ‘ਤੇ ਕੰਵਲ ਤਲਵੰਡੀ ਸਲੇਮ ਪੁੱਜਾ, ਜਿਥੇ ਬਾਵਾ ਬਲਵੰਤ ਅਵਾਰਡ ਪਾਸ਼ ਦੇ ਪਰਿਵਾਰ ਨੂੰ ਭੇਟ ਕੀਤਾ। ਇਹ ਵੱਖਰੀ ਗੱਲ ਹੈ ਕਿ ਉਥੇ ਉਸ ਨੂੰ ਅਣਗੌਲਿਆਂ ਕੀਤਾ ਗਿਆ ਤੇ ਉਹ ਚੁੱਪ ਚਾਪ ਢੁੱਡੀਕੇ ਪਰਤ ਆਇਆ।
ਇਕ ਵਾਰ ਆਤਮ ਹਮਰਾਹੀ ਨੇ ਮਲੇਰਕੋਟਲੇ ਕਾਲਜ ਵਿਚ ਸਾਨੂੰ ਕਿਸੇ ਸਮਾਗਮ ‘ਤੇ ਸੱਦਿਆ। ਉਥੇ ਪਾਸ਼ ਵੀ ਕਵਿਤਾ ਪੇਸ਼ ਕਰਨ ਆਇਆ ਸੀ। ਕੰਵਲ ਇੰਗਲੈਂਡ ਤੋਂ ਪਰਤਿਆ ਸੀ। ਉਸ ਨੇ ਤਰਸੇਮ ਪੁਰੇਵਾਲ ਵੱਲੋਂ ਭੇਜੇ ਪੈਸੇ ਪਾਸ਼ ਨੂੰ ਦੇਣੇ ਸਨ। ਪਾਸ਼ ਉਨ੍ਹੀਂ ਦਿਨੀਂ ‘ਦੇਸ਼ ਪਰਦੇਸ’ ਲਈ ਕੰਮ ਕਰਦਾ ਸੀ। ਮੈਂ ਉਥੇ ਪਾਸ਼ ਨੂੰ ਪਹਿਲੀ ਵਾਰ ਮਿਲਿਆਂ ਸਾਂ। ਛੀਟਕਾ ਜਿਹਾ ਨੌਜੁਆਨ ਸੀ, ਜੀਹਦਾ ਚਿਹਰਾ ਸੰਗਾਊ ਤੇ ਵਾਲ ਘੁੰਗਰਾਲੇ ਸਨ। ਕੰਵਲ ਨੇ ਮਿਲਦਿਆਂ ਹੀ ਉਸ ਨੂੰ ਲਿਫਾਫਾ ਫੜਾਇਆ, ਜੀਹਦੇ ‘ਚ ਪੰਜ ਸੌ ਦੇ ਨੋਟ ਸਨ। ਪਾਸ਼ ਨੇ ਲਿਫਾਫਾ ਜੇਬ ‘ਚ ਪਾਇਆ ਤੇ ਬਿਨਾ ਕਵਿਤਾ ਪੇਸ਼ ਕਰੇ ਸਾਥੋਂ ਵੀ ਪਹਿਲਾਂ ਬੱਸ ਚੜ੍ਹ ਗਿਆ। ਅਸੀਂ ਕੀ, ਸਾਰੇ ਹੀ ਉਹਦੀ ਕਵਿਤਾ ਸੁਣਨੋਂ ਵਾਂਝੇ ਰਹਿ ਗਏ। ਕੰਵਲ ਮੁੜਦਾ ਕਹਿ ਰਿਹਾ ਸੀ, “ਆਪਾਂ ਯਾਰ ਪੈਸੇ ਬਾਅਦ ਵਿਚ ਫੜਾਉਣੇ ਸੀ।”
ਕੰਵਲ ਨੂੰ ਕੋਈ ਲੇਖਕ ‘ਚਿੱਕੜ ਵਿਚ ਉਗਿਆ ਕੰਵਲ’, ਕੋਈ ‘ਸਾਹਿਤ ਗਗਨ ਦਾ ਸੂਰਜ’, ਕੋਈ ‘ਪੰਜਾਬੀ ਨਾਵਲ ਦਾ ਸ਼ਾਹ ਅਸਵਾਰ’, ਕੋਈ ‘ਸਾਹਿਤ ਦਾ ਧਰੂ ਤਾਰਾ’, ਤੇ ਕੋਈ ‘ਹਨੇਰਿਆਂ ਵਿਰੁਧ ਲੜਦਾ ਸੂਰਜ’ ਲਿਖਦਾ ਹੈ। ਕੁਝ ਇਕਨਾਂ ਨੇ ਝੇਡਾਂ ਵੀ ਕੀਤੀਆਂ, ਨਹੋਰੇ ਵੀ ਮਾਰੇ ਤੇ ਤੋਹਮਤਾਂ ਵੀ ਲਾਈਆਂ। ਉਸ ਨੂੰ ‘ਭਿੰਡਰਾਂਵਾਲੇ ਦਾ ਧੌਲਦਾੜ੍ਹੀਆ ਪੁੱਤ’ ਤੇ ‘ਮੌਕਾਪ੍ਰਸਤਾਂ ਦਾ ਲਗੜਦਾਦਾ’ ਲਿਖਣ ਤਕ ਗਏ।
ਕੰਵਲ ਦੀ ਕੋਈ ਵੀ ਕਿਤਾਬ ਚੁੱਕ ਲਓ, ਉਹਦੇ ਮੁੱਖ ਬੰਦ ਹੇਠਾਂ ਲਿਖਿਆ ਦਿਸੇਗਾ: ਆਪਣੇ ਪਿਆਰੇ ਪਾਠਕਾਂ ਦਾ ਬਾਈ, ਤੁਹਾਡਾ ਪਿਆਰਾ ਦੋਸਤ, ਹਾਣੀ-ਸਾਥੀ ਤੇ ਹਮਰਾਹੀ, ਪੰਥ ਤੇ ਪੰਜਾਬ ਦਾ ਨਿਮਾਣਾ ਸੇਵਕ, ਤੁਹਾਡੇ ਪਿਆਰ ਦਾ ਹਾਲੇ ਵੀ ਦੇਣਦਾਰ, ਮੈਂ ਹਾਂ ਲੁੱਟੇ ਪੁੱਟੇ ਤੇ ਕਰਜ਼ਿਆਂ ਮਾਰੇ ਪੰਜਾਬ ਦਾ ਬੇਟਾ, ਸਿੱਖ ਪੰਥ ਦੇ ਜ਼ਖਮਾਂ ਦੀ ਪੀੜ ਦਾ ਝੰਜੋੜਿਆ ਇਕ ਲੇਖਕ, ਤੁਹਾਡੇ ਪਿਆਰ ਵਿਚ ਸਿਰ ਝੁਕਾਉਂਦਾ, ਤੁਹਾਡੇ ਚਰਨਾਂ ਵਿਚ ਕਲਮ ਟੇਕਦਾ, ਤੁਹਾਡੇ ਮੋਢੇ ਨਾਲ ਮੋਢਾ ਜੋੜਦਾ, ਕਾਮਿਓ ਤੇ ਕਿਸਾਨ ਭਰਾਓ ਤੁਹਾਡਾ ਹਮਦਰਦ ਭਰਾ, ਸਮੁੱਚੇ ਪੰਜਾਬ ਦਾ ਦੇਣਦਾਰ ਤੁਹਾਡਾ ਬਾਈ, ਮੇਰੀ ਦੁਖਾਂ ਦਰਦਾਂ ਵਿਚ ਭਿੱਜੀ ਫਤਿਹ ਪ੍ਰਵਾਨ ਕਰਨੀ, ਕੌਮੀ ਦਰਦਾਂ ਦਾ ਮਾਰਿਆ ਤੁਹਾਡਾ ਆਪਣਾ, ਗੁਰੂ ਪੰਥ ਦਾ ਦਾਸ ਮੁੜ ਫਤਿਹ ਬੁਲਾਉਂਦਾ, ਪੰਜਾਬ ਤੇਰੀ ਸਦਾ ਖੈਰ ਮੰਗਦਾ ਤੇਰਾ ਇਕ ਪੁੱਤਰ-ਜਸਵੰਤ ਸਿੰਘ ਕੰਵਲ
ਕੰਵਲ ਦੇ ਪੁੱਤਰ ਸਰਬਜੀਤ ਸਿੰਘ ਦਾ ਵਿਆਹ 1980 ਵਿਚ ਬੀਬੀ ਗੁਰਪ੍ਰੀਤ ਕੌਰ ਨਾਲ ਹੋਇਆ ਸੀ। ਉਨ੍ਹਾਂ ਦੇ ਦੋ ਪੁੱਤਰ ਹਨ-ਸੁਮੀਤ ਤੇ ਹਰਮੀਤ। ਅਰਸ਼ਦੀਪ ਪੋਤ ਨੂੰਹ ਹੈ ਤੇ ਅਮਾਨਤ ਪੜਪੋਤੀ। ਕੰਵਲ ਦੀ ਸਭ ਤੋਂ ਛੋਟੀ ਲੜਕੀ ਪ੍ਰੋ. ਰੁਪਿੰਦਰਜੀਤ ਕੌਰ ਡਾ. ਜਸਵੰਤ ਗਿੱਲ ਤੇ ਭਤੀਜੇ ਦਿਲਰਾਜ ਸਿੰਘ ਇੰਜੀਨੀਅਰ ਨਾਲ ਵਿਆਹੀ ਹੋਈ ਹੈ। ਕੰਵਲ ਦੀਆਂ ਪੋਤ ਨੂੰਹਾਂ ਤੇ ਪੋਤੇ ਕਾਲਜਾਂ ਵਿਚ ਪੜ੍ਹਾਉਂਦੇ ਹਨ ਤੇ ਸਾਰੇ ਢੁੱਡੀਕੇ ਹੀ ਰਹਿੰਦੇ ਹਨ। ਸਰਬਜੀਤ ਪਹਿਲਾਂ ਆਪ ਖੇਤੀ ਕਰਦਾ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਜ਼ਮੀਨ ਠੇਕੇ ‘ਤੇ ਦਿੰਦਾ ਆ ਰਿਹੈ। ਹੁਣ ਤਾਂ ਉਹ ਘਰ ‘ਚ ਲਵੇਰਾ ਵੀ ਨਹੀਂ ਰੱਖਦੇ, ਸਾਰਾ ਦੁੱਧ ਮੁੱਲ ਦਾ ਹੀ ਲੈਂਦੇ ਹਨ।
5 ਜਨਵਰੀ 2019 ਨੂੰ ਢੁੱਡੀਕੇ ਦੇ ਖੇਡ ਮੇਲੇ ਤੋਂ ਤਿੰਨ ਹਫਤੇ ਪਹਿਲਾਂ ਕੰਵਲ ਦੇ ਘਰ ਮੈਂ ਉਹਦੇ ਪੁੱਤ ਤੇ ਭਤੀਜੇ ਦੀ ਹਾਜ਼ਰੀ ਵਿਚ ਉਸ ਨੂੰ ਮਨਾ ਆਇਆਂ ਸਾਂ ਕਿ ਐਤਕੀਂ ਆਪਾਂ ਮੇਲੇ ‘ਚ ਝੰਡੀ ਕਰਨੀ ਐਂ। ਉਹਦਾ ਕੋਈ ਹਾਣੀ ਢੁੱਡੀਕਿਆਂ ਦੇ ਖੇਡ ਮੇਲੇ ਵਿਚ ਉਹਦੇ ਨਾਲ ਕੋਈ ਵੀ ਖੇਡ, ਖੇਡ ਕੇ ਵੇਖ ਲਵੇ!
ਇਕਰਾਰ ਮੂਜਬ ਅਸੀਂ ਮੇਲੇ ‘ਚ ਗਏ। ਕੰਵਲ ਦੀ ਉਮਰ ਉਸ ਦਿਨ 99 ਸਾਲ 7 ਮਹੀਨੇ 1 ਦਿਨ ਸੀ। ਦਰਸ਼ਕਾਂ ਦੀ ਮੰਗ ਉਤੇ ਮੈਂ ਮਾਈਕ ਫੜ ਕੇ ਸੌ ਸਾਲ ਨੂੰ ਢੁੱਕੇ ਵੈਟਰਨ ਖਿਡਾਰੀ ਕੰਵਲ ਨੂੰ ਕਬੱਡੀ ਦੇ ਦਾਇਰੇ ਵਿਚ ਲੈ ਗਿਆ। ਉਸ ਨੇ ਬੇਸ਼ਕ ਖੂੰਡੀ ਫੜੀ ਹੋਈ ਸੀ, ਫਿਰ ਵੀ ਬਾਂਹ ਉਚੀ ਕਰ ਕੇ ਝੰਡੀ ਕਰ ਹੀ ਦਿੱਤੀ। ਹੈ ਕੋਈ ਮਾਈ ਦਾ ਲਾਲ! ਆਵੇ ਨਿੱਤਰੇ ਜੀਹਨੇ ਨਿਤਰਨਾ! ਉਥੇ ਉਹਦਾ ਕੋਈ ਹਾਣੀ ਨਹੀਂ ਸੀ, ਜਿਸ ਕਰਕੇ ਕੋਈ ਵੀ ਨਾ ਨਿੱਤਰਿਆ। ਮਾਲੀ ਕੰਵਲ ਦੇ ਹੱਥ ਹੀ ਰਹੀ।
(ਸਮਾਪਤ)