ਸਾਂਝੀਆਂ ਧੀਆਂ

ਜੇ. ਬੀ. ਸਿੰਘ
ਕੈਂਟ, ਵਾਸ਼ਿੰਗਟਨ
ਪਿਛਲੇ ਪੱਚੀ ਸਾਲਾਂ ਤੋਂ ਸਰਪੰਚ ਬਣਦਾ ਆ ਰਿਹਾ ਸੱਜਣ ਸਿੰਘ, ਅੱਜ ਖੁਦ ਪੰਚਾਂ ਦੇ ਕਟਹਿਰੇ ਵਿਚ ਖੜ੍ਹਾ ਸੀ। ਭੋਲਾ ਰਾਮ ਦੀ ਸ਼ਿਕਾਇਤ ਸੀ ਕਿ ਸਰਪੰਚ ਦੀਆਂ ਮੱਝਾਂ ਨੇ ਉਸ ਦਾ ਖੇਤ ਉਜਾੜ ਦਿਤਾ। ਉਹ ਪੰਦਰਾਂ ਹਜ਼ਾਰ ਰੁਪਏ ਦਾ ਹਰਜਾਨਾ ਮੰਗ ਰਿਹਾ ਸੀ। ਅੱਜ ਪੰਚਾਂ ਨੇ ਉਨ੍ਹਾਂ ਦਾ ਫੈਸਲਾ ਸੁਣਾਉਣਾ ਸੀ।

ਪਿੰਡ ਦੇ ਲੋਕ ਭੋਲਾ ਰਾਮ ‘ਤੇ ਇਸ ਗੱਲੋਂ ਖਫਾ ਸਨ ਕਿ ਉਹਨੇ ਇਹ ਮਸਲਾ ਪੰਚਾਇਤ ਵਿਚ ਲਿਆਂਦਾ ਹੀ ਕਿਉਂ? ਉਨ੍ਹਾਂ ਨੂੰ ਯਕੀਨ ਸੀ ਕਿ ਜੇ ਭੋਲਾ ਰਾਮ ਸਿੱਧਾ ਜਾ ਕੇ ਸਰਪੰਚ ਨਾਲ ਗੱਲ ਕਰਦਾ ਤਾਂ ਉਸ ਨੂੰ, ਉਹਦੇ ਨੁਕਸਾਨ ਤੋਂ ਦੁਗਣੇ-ਤਿਗਣੇ ਪੈਸੇ ਮਿਲ ਜਾਣੇ ਸਨ। ਸਰਪੰਚ ਦੀ ਇਹ ਖੂਬੀ ਸੀ ਕਿ ਉਹ ਨਾ ਕਿਸੇ ਨਾਲ ਜ਼ਿਆਦਤੀ ਕਰਦਾ ਸੀ ਤੇ ਨਾ ਹੀ ਹੋਣ ਦਿੰਦਾ ਸੀ। ਉਹਦੇ ਕੀਤੇ ਸਾਰੇ ਫੈਸਲੇ ਨਿਆਂ ਦੀ ਤੱਕੜੀ ‘ਤੇ ਸੌ ਫੀਸਦੀ ਪੂਰੇ ਉਤਰਦੇ ਸਨ; ਤਾਂ ਹੀ ਤਾਂ ਉਹਨੂੰ ਹਰ ਸਾਲ ਸਰਪੰਚ ਦੀ ਕੁਰਸੀ ਮਿਲ ਜਾਂਦੀ ਸੀ, ਬਿਨਾ ਕਿਸੇ ਤਰੱਦਦ ਦੇ।
ਦੂਜੇ ਪਾਸੇ ਭੋਲਾ ਰਾਮ ਦੀ ਸਾਖ ਪਿੰਡ ਵਿਚ ਕੋਈ ਵਧੀਆ ਨਹੀਂ ਸੀ। ਲੋਕ ਉਸ ਦੀ ਕਿਸੇ ਵੀ ਗੱਲ ਦਾ ਯਕੀਨ ਨਹੀਂ ਸੀ ਕਰਦੇ, ਤੇ ਇਸ ਘਟਨਾ ਵਿਚ ਉਸ ਕੋਲ ਕੋਈ ਗਵਾਹ ਵੀ ਨਹੀਂ ਸੀ। ਸ਼ਾਇਦ ਇਸੇ ਕਰਕੇ ਲੋਕਾਂ ਦੀ ਹਮਦਰਦੀ ਜਿੱਤਣ ਵਾਸਤੇ, ਉਹਨੂੰ ਆਪਣੀ ਧੀ ਦੇ ਨਾਂ ਦਾ ਆਸਰਾ ਲੈਣਾ ਪਿਆ।
“ਦੇਖੋ, ਮੇਰੀ ਧੀ ਦਾ ਵਿਆਹ ਰੱਖਿਆ ਹੋਇਐ। ਸੋਚਿਆ ਸੀ, ਉਹਦੇ ਮਨ ਦੀਆਂ ਸਭ ਇਛਾਵਾਂ ਪੂਰੀਆਂ ਕਰਾਂਗਾਂ, ਪਰ ਸੱਜਣ ਸਿੰਘ ਦੀ ਲਾਪ੍ਰਵਾਹੀ ਕਰਕੇ, ਮੇਰੀ ਸਾਰੇ ਸਾਲ ਦੀ ਹੱਡ ਤੋੜ ਕੇ ਕੀਤੀ ਮਿਹਨਤ ਖੂਹ ਵਿਚ ਪੈ ਗਈ।”
ਵਿਆਹ ਵਾਲੀ ਗੱਲ ਸੱਚ ਸੀ। ਪਿੰਡ ਵਿਚ ਇਹ ਖਬਰ ਫੈਲੀ ਹੋਈ ਸੀ ਕਿ ਲੜਕੇ ਵਾਲਿਆਂ ਨੇ ਭੋਲਾ ਰਾਮ ਤੋਂ ਦਸ ਹਜ਼ਾਰ ਦੀ ਮੰਗ ਕੀਤੀ ਸੀ। ਇਸ ਕਰ ਕੇ ਉਨ੍ਹਾਂ ਨੂੰ ਯਕੀਨ ਸੀ ਕਿ ਭੋਲਾ ਰਾਮ ਵਿਆਹ ਵਾਸਤੇ ਪੈਸੇ ਇੱਕਠੇ ਕਰਨਾ ਚਾਹੁੰਦਾ ਹੈ ਤੇ ਨੁਕਸਾਨ ਐਵੇਂ ਬਹਾਨਾ ਹੀ ਹੈ, ਸੋ ਉਹ ਉਹਦੇ ਮੂੰਹ ‘ਤੇ ਹੀ ਕਹਿ ਦਿੰਦੇ,
“ਪਰ ਅਜ ਤਕ ਤਾਂ ਤੈਨੂੰ ਹੱਡ ਭੰਨ ਕੇ ਕੰਮ ਕਰਦਿਆਂ ਕਿਸੇ ਵੇਖਿਆ ਨਹੀਂ। ਹਰ ਸਾਲ ਘਾਟਾ-ਘਾਟਾ ਕਹਿ ਕੇ ਜਣੇ-ਖਣੇ ਤੋਂ ਉਧਾਰ ਮੰਗ ਕੇ ਦਿਨ ਟਪਾਂਦਾ ਰਿਹਾ ਹੈ। ਪਿੰਡ ਦਾ ਕਿਹੜਾ ਬੰਦਾ ਏ, ਜਿਸ ਦਾ ਤੂੰ ਉਧਾਰ ਨਹੀਂ ਦੇਣਾ? ਤੇਰੀ ਗੱਲ ‘ਤੇ ਯਕੀਨ ਕੌਣ ਕਰੇਗਾ?”
ਇਹ ਸੱਚ ਸੀ। ਭੋਲਾ ਰਾਮ ਜਿਸ ਤੋਂ ਵੀ ਉਧਾਰ ਮੰਗਦਾ, ਪੈਸੇ ਵਾਪਸ ਨਾ ਕਰਦਾ। ਜੋ ਆਪ ਕਮਾਉਂਦਾ, ਨਸ਼ੇ ਪੱਤੇ ਵਿਚ ਖਰਚ ਦਿੰਦਾ। ਜਨਾਨੀ ਉਹਦੀ ਲੋਕਾਂ ਦੇ ਘਰ ਜਾ ਕੇ ਭਾਂਡੇ ਮਾਂਜਦੀ, ਕੱਪੜੇ ਧੋਂਦੀ, ਸਫਾਈਆਂ ਕਰਦੀ, ਤਾਂ ਘਰ ਦਾ ਖਰਚਾ ਚਲਦਾ। ਪਿੰਡ ਵਿਚ ਤਰ੍ਹਾਂ ਤਰ੍ਹਾਂ ਦੇ ਲੋਕ ਸਨ। ਕੁਝ ਤਾਂ ਉਹਨੂੰ ਥੋੜ੍ਹਾ ਬਹੁਤਾ ਕਰਜ਼ਾ ਆਪ ਹੀ ਦੇ ਦਿੰਦੇ, ਬਿਨਾ ਮੰਗੇ। ਤੇ ਫਿਰ ਉਹਦੇ ਘਰ ਰੋਜ਼ ਚੱਕਰ ਮਾਰਦੇ। ਕੇਵਲ ਉਸ ਵਕਤ, ਜਦ ਉਹਦੀ ਧੀ ਘਰ ਇਕੱਲੀ ਹੰਦੀ। ਪਤਾ ਨਹੀਂ ਉਹ ਉਹਨੂੰ ਕੀ ਕੀ ਕਹਿੰਦੇ। ਮਾਂ ਦੇ ਘਰ ਆਉਂਦਿਆਂ ਹੀ ਕੁੜੀ ਰੋ ਪੈਂਦੀ ਤੇ ਮਿੰਨਤ ਕਰਦੀ, “ਮਾਂ, ਘਰ ਰੋਟੀ ਪੱਕੇ ਜਾਂ ਨਾ, ਪਰ ਇਨ੍ਹਾਂ ਕਮਬਖਤ ਮੁਸ਼ਟੰਡਿਆਂ ਦਾ ਕਰਜ਼ਾ ਪਹਿਲਾਂ ਲਾਹ।”
ਮਾਂ ਪੈਸੇ ਜੋੜਦੀ, ਕਰਜ਼ਾ ਲਾਹ ਦਿੰਦੀ, ਪਰ ਅਗਲੇ ਦਿਨ ਹੀ, ਉਹੀ ਕਮਬਖਤ ਭੋਲਾ ਰਾਮ ਨੂੰ ਬੁਲਾ ਕੇ ਦਾਰੂ ਪਿਲਾ ਦਿੰਦੇ, ਹਮਦਰਦੀ ਜਤਾਉਂਦੇ ਤੇ ਭੋਲਾ ਰਾਮ ਉਨ੍ਹਾਂ ਤੋਂ ਹੋਰ ਉਧਾਰ ਲੈ ਲੈਂਦਾ। ਉਨ੍ਹਾਂ ਦਾ ਇਹ ਸਿਲਸਿਲਾ ਇੰਜ ਹੀ ਚਲਦਾ ਰਿਹਾ। ਵਿਚਾਰੀ ਧੀ ਕਦੇ ਕਦੇ ਖੁਦਕੁਸ਼ੀ ਕਰਨ ਦੀ ਵੀ ਸੋਚ ਲੈਂਦੀ, ਪਰ ਮਾਂ ਦਾ ਖਿਆਲ ਆਉਣ ‘ਤੇ ਰੁਕ ਜਾਂਦੀ।
ਭੋਲਾ ਰਾਮ ਗੱਪਾਂ ਮਾਰਨ ਵਿਚ ਬੜਾ ਮਾਹਿਰ ਸੀ। ਜਦ ਕਰਜ਼ਾ ਲੈਣ ਜਾਂਦਾ ਤਾਂ ਐਸੀ ਗੱਪ ਛਡਦਾ ਕਿ ਦੂਜੇ ਨੂੰ ਉਹਦੇ ਪੈਸੇ ਦੂਣੇ ਵਾਪਸ ਮਿਲਣ ਦੀ ਉਮੀਦ ਦਿਵਾ ਦਿੰਦਾ। ਪਰ ਸਮਾਂ ਆਉਣ ‘ਤੇ ਕੋਈ ਨਾ ਕੋਈ ਬਹਾਨਾ ਘੜ੍ਹ ਦਿੰਦਾ। ਬਹਾਨੇ ਵੀ ਐਸੇ ਕਿ ਪੈਸੇ ਲੈਣ ਵਾਲਾ, ਉਹਨੂੰ ਕੁਝ ਹੋਰ ਪੈਸੇ ਦੇ ਕੇ ਘਰ ਮੁੜਦਾ। ਕਿਸੇ ਹੋਰ ਪਿੰਡ ਵਿਚ ਰਹਿੰਦੇ ਆਪਣੇ ਦੋ ਭਰਾਵਾਂ ਲਈ, ਗਰੀਬੀ ਜਾਂ ਬਿਮਾਰੀ ਦਾ ਬਹਾਨਾ ਲਾ ਕੇ, ਉਸ ਨੇ ਲੋਕਾਂ ਤੋਂ ਕਈ ਵਾਰ ਪੈਸੇ ਮਠੋਰੇ ਸਨ। ਆਪਣੇ ਚਾਚੇ, ਮਾਮੇ ਤੇ ਤਾਇਆਂ ਨੂੰ ਤਾਂ ਗੱਲਾਂ ਗੱਲਾਂ ਵਿਚ ਉਹ ਕਈ ਵਾਰ ਮਾਰ ਚੁਕਾ ਸੀ, ਸਿਰਫ ਉਧਾਰ ਲੈਣ ਖਾਤਰ। ਕਈਆਂ ਨੂੰ ਤਾਂ ਬਾਅਦ ਵਿਚ ਭੋਲੇ ਦੀ ਬੀਵੀ ਤੋਂ ਪਤਾ ਲੱਗਾ ਕਿ ਅਜਿਹੇ ਨਾਂਵਾਂ ਦਾ ਉਹਦਾ ਕੋਈ ਰਿਸ਼ਤੇਦਾਰ ਕਦੇ ਹੈ ਹੀ ਨਹੀਂ ਸੀ।
ਪਰ ਇਸ ਵਾਰ ਉਹ ਉਧਾਰ ਨਹੀਂ ਸੀ ਮੰਗ ਰਿਹਾ। ਕਹਿੰਦਾ ਸੀ, ਆਪਣੇ ਨੁਕਸਾਨ ਦਾ ਹਰਜਾਨਾ ਮੰਗ ਰਿਹਾਂ। ਕੋਈ ਦੋ ਹਜ਼ਾਰ ਦੇ ਨੁਕਸਾਨ ਲਈ ਪੰਦਰਾਂ ਹਜ਼ਾਰ ਮੰਗ ਰਿਹਾ ਸੀ। ਵਿਆਹ ਲਈ ਉਹਨੂੰ ਪੈਸੇ ਦੀ ਲੋੜ ਵੀ ਸੀ। ਹੁਣ ਤਾਂ ਅਜਿਹਾ ਕੋਈ ਘਰ ਵੀ ਨਹੀਂ ਸੀ ਰਿਹਾ, ਜੋ ਹੋਰ ਕਰਜ਼ਾ ਦੇਣ ਦੀ ਹਾਮੀ ਭਰਦਾ। ਹਰ ਕੋਈ ਘੱਟੋ ਘੱਟ ਦੋ ਵਾਰੀ ਪਹਿਲਾਂ ਹੀ ਧੋਖਾ ਖਾ ਚੁਕਾ ਸੀ। ਨਾਲੇ ਪਿੰਡ ਦੇ ਲੋਕਾਂ ਨੂੰ ਉਸ ‘ਤੇ ਗੁੱਸਾ ਵੀ ਸੀ ਕਿ ਮਾਮੂਲੀ ਜਿਹੇ ਨੁਕਸਾਨ ਪਿਛੇ ਉਹ ਪੰਚਾਇਤ ਕੋਲ ਗਿਆ ਸੀ, ਤੇ ਪੈਸੇ ਵੀ ਲੋਹੜੇ ਦੇ ਮੰਗ ਰਿਹਾ ਸੀ।
ਖੈਰ! ਫੈਸਲੇ ਦੀ ਤਾਰੀਖ ਰੱਖੀ ਗਈ ਤੇ ਉਹ ਦਿਨ ਵੀ ਆ ਗਿਆ। ਪੰਚਾਇਤ ਇੱਕਠੀ ਹੋਈ। ਭੋਲਾ ਰਾਮ ਨੂੰ ਪੁੱਛਿਆ ਗਿਆ, “ਕੀ ਤੂੰ ਪੰਚਾਇਤ ਕੋਲ ਆਉਣ ਤੋਂ ਪਹਿਲਾਂ ਸਰਪੰਚ ਸਾਹਿਬ ਨਾਲ ਖੁਦ ਗੱਲ ਕੀਤੀ ਸੀ?”
“ਨਹੀਂ ਹਜ਼ੂਰ, ਮੈਨੂੰ ਪਤਾ ਸੀ ਇਹਨੇ ਮੈਨੂੰ ਡਰਾ ਧਮਕਾ ਕੇ ਵਾਪਸ ਭੇਜ ਦੇਣਾ।” ਭੋਲਾ ਰਾਮ ਨੇ ਜਵਾਬ ਦਿਤਾ।
“ਤੇਰੇ ਕੋਲ ਕੋਈ ਸਬੂਤ ਹੈ ਕਿ ਇਹ ਨੁਕਸਾਨ ਸਰਪੰਚ ਸਾਹਿਬ ਨੇ ਕੀਤਾ ਹੈ?”
“ਜੀ ਹਜ਼ੂਰ, ਮੈਨੂੰ ਮੇਰੀ ਧੀ ਦੀ ਕਸਮ, ਮੈਂ ਖੁਦ ਦੇਖਿਆ ਹੈ, ਮੱਝਾਂ ਇਸੇ ਦੀਆਂ ਹੀ ਸਨ।”
“ਪਰ ਪਿੰਡ ਵਾਲੇ ਕਹਿੰਦੇ ਹਨ ਕਿ ਤੇਰਾ ਨੁਕਸਾਨ ਕੋਈ ਦੋ-ਤਿੰਨ ਹਜ਼ਾਰ ਤੋਂ ਵੱਧ ਨਹੀਂ।”
“ਲੋਕ ਤਾਂ ਕਹਿਣਗੇ ਹੀ, ਆਖਰ ਸਰਪੰਚ ਜੋ ਹੈ। ਕੱਲ ਨੂੰ ਉਨ੍ਹਾਂ ਦੇ ਫੈਸਲੇ ਇਸ ਦੇ ਹੱਥ ਵਿਚ ਹੀ ਹੋਣੇ ਨੇ।”
“ਪੰਜ ਹਜ਼ਾਰ ਦੀ ਤਾਂ ਤੇਰੀ ਸਾਰੀ ਫਸਲ ਵੀ ਨਹੀਂ ਹੋਣੀ ਸੀ।” ਸਭਾ ਵਿਚੋਂ ਕਿਸੇ ਨੇ ਚੋਟ ਮਾਰੀ।
ਭੋਲਾ ਰਾਮ ਚੁੱਪ ਰਿਹਾ।
“ਸਰਪੰਚ ਸਾਹਿਬ ਜੀ, ਤੁਸੀਂ ਆਪਣੀ ਸਫਾਈ ਵਿਚ ਕੁਝ ਕਹਿਣਾ ਚਾਹੋਗੇ?” ਇਕ ਪੰਚ ਨੇ ਪੁਛਿਆ।
“ਨਹੀਂ, ਮੈਂ ਆਪਣਾ ਦੋਸ਼ ਸਵੀਕਾਰ ਕਰਦਾਂ?”
“ਸੋ ਤੁਸੀਂ ਭੋਲਾ ਰਾਮ ਨੂੰ ਮੂੰਹ ਮੰਗਿਆ ਹਰਜ਼ਾਨਾ ਦੇਣਾ ਚਾਹੋਗੇ।”
“ਜੀ ਹਜ਼ੂਰ, ਮੈ ਹਰਜ਼ਾਨਾ ਭਰਨ ਨੂੰ ਤਿਆਰ ਹਾਂ, ਪਰ ਅੱਜ ਤੋਂ ਦਸ ਸਾਲ ਪਹਿਲਾਂ ਪਿੰਡ ਮਹਿਲਾਂ ਵਿਚ ਰਹਿੰਦੇ ਇਸ ਦੇ ਭਰਾ ਦੇ ਖੇਤ ਨੂੰ ਅੱਗ ਲਗ ਗਈ ਸੀ, ਜਿਸ ਵਿਚ ਇਸ ਦੇ ਭਤੀਜੇ ਦੀ ਜਾਨ ਚਲੀ ਗਈ ਸੀ। ਤਦ ਇਸ ਨੇ ਮੇਰੇ ਕੋਲੋਂ 10 ਹਜਾਰ ਰੁਪਏ ਦੀ ਰਕਮ ਆਪਣੇ ਭਰਾ ਦੀ ਮਦਦ ਲਈ ਉਧਾਰ ਲਈ ਸੀ, ਜਿਸ ਦਿਨ ਮੈਨੂੰ ਇਹ ਪੈਸੇ ਮੋੜ ਦੇਵੇਗਾ, ਮੈਂ ਇਸ ਦੇ ਨੁਕਸਾਨ ਦੀ ਮੂੰਹ ਮੰਗੀ ਕੀਮਤ ਦੇ ਦਿਆਂਗਾ।”
“ਭੋਲਾ ਰਾਮ, ਸਰਪੰਚ ਸਾਹਿਬ ਸੱਚ ਕਹਿੰਦੇ ਨੇ?”
“ਜੀ ਹਾਂ, ਪਰ ਮੈਂ ਤਾਂ ਇਨ੍ਹਾਂ ਕੋਲੋਂ ਆਪਣੇ ਭਰਾ ਲਈ ਮਦਦ ਮੰਗੀ ਸੀ, ਕੇਵਲ ਪਿੰਡ ਦਾ ਮੁਖੀਆ ਹੋਣ ਕਾਰਨ। ਉਧਾਰ ਤਾਂ ਨਹੀਂ ਸੀ ਲਿਆ!”
“ਤਾਂ ਤੈਨੂੰ ਸ਼ਰਮ ਆਉਣੀ ਚਾਹੀਦੀ ਏ, ਇਹ ਮੁਕੱਦਮਾ ਸਾਡੇ ਪਾਸ ਲਿਆਉਣ ਲਈ। ਕੀ ਤੂੰ ਇਥੋਂ ਤਕ ਗਿਰ ਚੁਕਾ ਹੈਂ ਕਿ ਦਸ ਹਜ਼ਾਰ ਦੀ ਮਦਦ ਕਰਨ ਵਾਲੇ ਇਨਸਾਨ ਤੋਂ ਛੋਟੇ ਜਿਹੇ ਨੁਕਸਾਨ ਦਾ ਇੰਨਾ ਹਰਜ਼ਾਨਾ ਮੰਗ ਰਿਹਾ ਹੈਂ?”
“ਪੰਚਾਇਤ ਸਰਪੰਚ ਸਾਹਿਬ ਨਾਲ ਸਹਿਮਤ ਹੈ, ਜਿਸ ਦਿਨ ਇਨ੍ਹਾਂ ਦਾ ਉਧਾਰ ਚੁਕਾਏਂਗਾ, ਉਸ ਦਿਨ ਤੇਰਾ ਹਰਜ਼ਾਨਾ ਤੈਨੂੰ ਮਿਲ ਜਾਵੇਗਾ।”
“ਪਰ ਉਹ ਪੈਸੇ ਮੇਰੇ ਭਰਾ ਨੇ ਵਰਤ ਲਏ ਸੀ। ਜੇ ਅਜ ਵੀ ਮੈਂ ਉਸ ਨੂੰ ਆਖਾਂ ਕਿ ਸਰਪੰਚ ਸਾਹਿਬ ਪੈਸੇ ਵਾਪਸ ਮੰਗਦੇ ਹਨ, ਤਾਂ ਵੀ ਉਸ ਨੂੰ ਕੋਈ ਛੇ ਮਹੀਨੇ ਇਹ ਰਕਮ ਇੱਕਠੀ ਕਰਨ ਨੂੰ ਲੱਗਣਗੇ। ਪਰ ਪੈਸੇ ਮੈਨੂੰ ਇਸ ਔਖੀ ਘੜੀ ਵਿਚ ਚਾਹੀਦੇ ਹਨ, ਮੇਰੀ ਧੀ ਦੀ ਸ਼ਾਦੀ ਰੱਖੀ ਹੋਈ ਹੈ।” ਭੋਲਾ ਰਾਮ ਨੇ ਬੱਚਿਆਂ ਵਾਂਗ ਗਿੜਗਿੜਾਉਂਦਿਆਂ ਕਿਹਾ।
“ਭੋਲਾ ਰਾਮ ਤੂੰ ਚਿੰਤਾ ਨਾ ਕਰ। ਮੈਂ ਇਸ ਸ਼ਾਦੀ ਤੋਂ ਪਹਿਲੇ ਹੀ, ਤੇਰੇ ਭਰਾ ਤੋਂ ਪੈਸੇ ਵਸੂਲ ਕਰ ਲਵਾਂਗਾ। ਮਹਿਲਾਂ ਪਿੰਡ ਦਾ ਸਰਪੰਚ ਮੇਰਾ ਛੋਟਾ ਭਰਾ ਈ ਏ।” ਸੱਜਣ ਸਿੰਘ ਨੇ ਕਿਹਾ।
ਭੋਲਾ ਰਾਮ ਕੋਲ ਕੋਈ ਜਵਾਬ ਨਹੀਂ ਸੀ। ਪੰਚਾਇਤ ਖਾਰਜ ਹੋ ਗਈ।
ਫਿਰ ਭੋਲਾ ਰਾਮ ਪਿੰਡ ਦੇ ਹਰ ਘਰ Ḕਚ ਗਿਆ ਤੇ ਆਪਣੀ ਧੀ ਦਾ ਵਾਸਤਾ ਪਾ ਉਧਾਰ ਮੰਗਣ ਲੱਗਾ, ਪਰ ਲੋਕ ਉਸ ਦੀ ਸਰਪੰਚ ਨਾਲ ਕੀਤੀ ਅਹਿਸਾਨ ਫਰਾਮੋਸ਼ੀ ਕਰ ਕੇ ਉਸ ਨੂੰ ਦੇਖਣ ਨੂੰ ਵੀ ਤਿਆਰ ਨਹੀਂ ਸਨ। ਵਿਆਹ ਦੇ ਦਿਨ ਨੇੜੇ ਆ ਰਹੇ ਸਨ। ਮੁੰਡੇ ਵਾਲੇ ਵਿਆਹ ਤੋਂ ਪਹਿਲਾਂ ਘਟੋ ਘਟ ਪੰਜ ਹਜਾਰ ਰੁਪਏ ਮੰਗ ਰਹੇ ਸਨ।
ਘਰ ਵਿਚ ਮਾਤਮ ਵਰਗਾ ਮਾਹੌਲ ਤੇ ਭੋਲਾ ਰਾਮ ਦਾ ਇਸ ਤਰ੍ਹਾਂ ਟੁੱਟ ਜਾਣਾ ਉਹਦੀ ਧੀ ਤੋਂ ਸਹਾਰਿਆ ਨਾ ਗਿਆ। ਅਗਲੇ ਦਿਨ ਉਹ ਖੁਦ ਉਨ੍ਹਾਂ ਕੋਲ ਗਈ, ਜਿਨ੍ਹਾਂ ਨੂੰ ਕਦੇ ਕਮਬਖਤ ਮੁਸ਼ਟੰਡੇ ਕਹਿੰਦੀ ਸੀ। ਪੈਰੀਂ ਪੈ ਕੇ ਕਹਿਣ ਲੱਗੀ, “ਮੈ ਉਹ ਸਭ ਕੁਝ ਦੇਣ ਨੂੰ ਤਿਆਰ ਹਾਂ, ਜੋ ਤੁਸੀਂ ਮੇਰੇ ਘਰ ਆ ਕੇ ਮੰਗਦੇ ਸੀ; ਕੇਵਲ ਪੰਜ ਹਜਾਰ ਰੁਪਏ ਦੀ ਲੋੜ ਏ, ਵਾਪਸ ਕਰ ਦੇਵਾਂਗੀ।”
ਮੁਸ਼ਟੰਡੇ ਹੱਸੇ, “ਪੰਜ ਹਜ਼ਾਰ! ਸ਼ਕਲ ਦੇਖੀ ਏ ਆਪਣੀ? ਇੰਨੀ ਕੀਮਤ ਵਿਚ ਤਾਂ ਤੇਰੇ ਜਿਹੀਆਂ ਪੰਜ ਸੋ ਕੁੜੀਆਂ ਮਿਲ ਜਾਣ। ਪੰਜਾਹ, ਸੌ ਦੀ ਗੱਲ ਕਰੇਂ ਤਾਂ ਤਿਆਰ ਆਂ ਅਸੀਂ।”
ਵਿਚਾਰੀ ਰੋਂਦੀ ਰਹੀ। ਮਿੰਨਤਾਂ ਕਰਦੀ ਰਹੀ। ਉਹ ਕੀਮਤ ਵਧਾਉਂਦੇ ਗਏ। ਇਕ ਸੌ ਵੀਹ, ਇਕ ਸੌ ਚਾਲੀ। ਢਾਈ ਸੌ ‘ਤੇ ਆ ਕੇ ਅੜ ਗਏ। ਇੰਨੇ ਕੁ ਪੈਸੇ ਹੀ ਉਹ ਭੋਲਾ ਰਾਮ ਨੂੰ ਉਧਾਰ ਦਿੰਦੇ ਹੁੰਦੇ ਸਨ।
ਉਹ ਵਾਪਸ ਪਰਤਣ ਲੱਗੀ।
“ਤੈਨੂੰ ਇਕ ਤਰੀਕਾ ਦੱਸਾਂ?” ਇਕ ਮੁਸ਼ਟੰਡੇ ਨੇ ਪਿਛੋਂ ਅਵਾਜ਼ ਦਿਤੀ।
ਉਹਨੇ ਫਿਰ ਮੂੰਹ ਉਨ੍ਹਾਂ ਵਲ ਮੋੜਿਆ।
“ਇਸ ਪਿੰਡ ਵਿਚ ਦੋ-ਤਿੰਨ ਬੁੱਢੇ, ਜਵਾਨ ਕੁੜੀ ਭਾਲ ਰਹੇ ਨੇ। ਕਿਸੇ ਇਕ ਦੇ ਲੜ ਲਗ ਜਾ। ਸਗੋਂ ਕੋਲੋਂ ਪੈਸੇ ਦੇਣਗੇ।”
ਉਹਦਾ ਵੱਸ ਚਲਦਾ ਤਾਂ ਉਨ੍ਹਾਂ ਮੁਸ਼ਟੰਡਿਆਂ ਨੂੰ ਉਥੇ ਹੀ ਜਮੀਨ ਵਿਚ ਗੱਡ ਦਿੰਦੀ, ਪਰ ਕਿਸੇ ਨੇ ਉਹਨੂੰ ਕਿਹੜਾ ਸੱਦਾ ਦਿਤਾ ਸੀ ਆਉਣ ਲਈ।
ਬਿਨਾ ਕੁਝ ਕਹੇ ਉਹ ਆਪਣੇ ਘਰ ਨੂੰ ਤੁਰ ਪਈ। ਰਾਹ ਵਿਚ ਸੋਚਦੀ, ਸ਼ਾਇਦ ਇਹ ਹੀ ਤਰੀਕਾ ਠੀਕ ਹੈ। ਘਰ ਵਿਚ ਵੀ ਸ਼ਾਂਤੀ ਹੋ ਜਾਵੇਗੀ। ਉਹਦਾ ਧਿਆਨ ਅਚਨਚੇਤ ਪਿੰਡ ਵਿਚ ਰਹਿੰਦੇ ਬੁੱਢੇ ਰੰਡਿਆਂ ਵਲ ਗਿਆ।
ਸਕੀਮਾਂ ਘੜਦੀ, ਉਹ ਘਰ ਪਹੁੰਚੀ। ਅੱਗੇ ਸਰਪੰਚ ਬੈਠਾ ਸੀ ਤੇ ਉਹਦੀ ਮਾਂ ਵੀ। ਮਾਂ ਦੀਆਂ ਅੱਖਾਂ Ḕਚ ਹੰਝੂ ਸਨ। ਸਰਪੰਚ ਉਹਦੇ ਹੱਥ ਸੌ ਸੌ ਰੁਪਿਆਂ ਦੇ ਨੋਟਾਂ ਦੀ ਗੁੱਥੀ ਫੜਾ ਰਿਹਾ ਸੀ। ਉਹ ਨਾਂਹ ਕਰ ਰਹੀ ਸੀ।
“ਮੈਂ ਇਹਦੇ ਪਿਉ ਨੂੰ ਲੱਭ ਕੇ ਲਿਆਉਂਨੀ ਆਂ। ਉਨ੍ਹਾਂ ਨਾਲ ਹੀ ਗੱਲ ਕਰਨਾ।” ਮਾਂ ਕਹਿ ਰਹੀ ਸੀ।
“ਲੌ ਆ ਗਈ ਜੇ ਰਾਣੋ।” ਉਸ ਨੂੰ ਅੰਦਰ ਵੜਦਿਆਂ ਦੇਖ ਮਾਂ ਨੇ ਕਿਹਾ।
“ਜਾਹ ਰਾਣੋ, ਸਰਪੰਚ ਸਾਹਿਬ ਲਈ ਚਾਹ ਬਣਾ।” ਮਾਂ ਨੇ ਧੀ ਨੂੰ ਕਿਹਾ।
ਰਾਣੋ ਅੰਦਰ ਰਸੋਈ ਵਲ ਚਲੀ ਗਈ। ਸਰਪੰਚ ਦਾ ਉਹਦੀ ਮਾਂ ਨੂੰ ਰੁਪਿਆਂ ਦੀ ਗੁੱਥੀ ਫੜਾਉਣਾ, ਮਾਂ ਵਲੋਂ ਨਾਂਹ ਕਰਨਾ ਤੇ ਪਿਓ ਨੂੰ ਬੁਲਾਉਣਾ, ਇਹ ਸਭ ਉਹਨੂੰ ਸਮਝ ਨਾ ਆਇਆ।
“ਸ਼ਾਇਦ ਮੇਰੇ ਮਾਪੇ ਸਚਮੁੱਚ ਹੀ ਇਹਦੇ ਲੜ ਲਾਉਣ ਲੱਗੇ ਨੇ। ਹੈ ਤਾਂ ਇਹ ਵੀ ਰੰਡਾ।” ਸੋਚ ਕੇ ਉਹਦਾ ਅੰਦਰ ਕੰਬਿਆ।
“ਪਰ ਸਾਡੇ ਕੋਲ ਕਿਹੜਾ ਕੋਈ ਹੋਰ ਰਾਹ ਏ। ਕਿੰਨੇ ਸਾਲਾਂ ਤੋਂ ਮਾਂ ਬਾਪ ਝੱਖ ਮਾਰ ਰਹੇ ਨੇ। ਹੁਣ ਵਾਲਾ ਰਿਸ਼ਤਾ ਵੀ ਟੁੱਟਣ ‘ਤੇ ਆਇਆ ਪਿਆ ਏ।” ਉਹਨੇ ਸੋਚਿਆ।
ਉਹਨੇ ਰਸੋਈ Ḕਚ ਚੁਲ੍ਹੇ ‘ਤੇ ਚਾਹ ਰੱਖੀ। ਹੇਠਾਂ ਮੱਠੀ ਜਿਹੀ ਅੱਗ ਬਾਲੀ ਤੇ ਆਪ ਗੁਸਲਖਾਨੇ ਚਲੀ ਗਈ। ਸ਼ੀਸ਼ੇ ਸਾਹਮਣੇ ਖੜ੍ਹ ਕੇ ਆਪਣੇ ਆਪ ਨੂੰ ਨਿਹਾਰਿਆ।
“ਕਿੰਨੀ ਖੂਬਸੂਰਤ ਹਾਂ ਮੈਂ! ਕਿਸੇ ਅਮੀਰ ਘਰ ਜੰਮਦੀ ਤਾਂ ਰਾਜ ਕੁਮਾਰ ਵੀ ਮਿੰਨਤਾਂ ਕਰਦੇ। ਗਰੀਬੀ ਨੇ ਮੈਨੂੰ ਕੌਡੀਆਂ ਦੇ ਭਾਅ ਕਰ ਦਿਤਾ।”
ਚਾਹ ਦਾ ਕੱਪ ਲਿਆ ਕੇ ਉਹਨੇ ਸਟੂਲ ‘ਤੇ ਰੱਖਿਆ। ਉਹਦਾ ਪਿਓ ਅਜੇ ਘਰ ਵਾਪਸ ਆ ਕੇ ਮੰਜੇ ‘ਤੇ ਬੈਠਾ ਹੀ ਸੀ। ਮੰਜੇ ‘ਤੇ ਪਏ ਨੋਟਾਂ ਵੱਲ ਇਸ਼ਾਰਾ ਕਰਦਿਆਂ ਸਰਪੰਚ ਨੇ ਕਿਹਾ, “ਲੈ ਭੋਲਾ ਰਾਮ ਆਪਣੇ ਪੈਸੇ।”
“ਮੇਰੇ ਪੈਸੇ?”
“ਕੱਲ ਪਿੰਡ ਗਿਆ ਸੀ, ਤੇਰੇ ਭਰਾ ਕੋਲ। ਉਹਨੇ ਪੈਸੇ ਮੋੜ ਦਿਤੇ ਹਨ।”
ਇਹ ਸੁਣ ਕੇ ਭੋਲਾ ਰਾਮ ਭੁੱਬਾਂ ਮਾਰ ਰੋਣ ਲੱਗਾ।
“ਕਿਉਂ ਮਜ਼ਾਕ ਕਰਦੇ ਓਂ ਸਰਪੰਚ ਸਾਹਿਬ! ਤੁਸੀਂ ਵੀ ਜਾਣਦੇ ਹੋ ਕਿ ਉਸ ਪਿੰਡ ਵਿਚ ਮੇਰਾ ਕੋਈ ਭਰਾ ਹੈ ਹੀ ਨਹੀਂ। ਪਿੰਡ ਵਿਚ ਤਾਂ ਕੀ, ਮੇਰਾ ਕੋਈ ਭਰਾ ਹੈ ਹੀ ਨਹੀਂ। ਨਾ ਭਰਾ, ਨਾ ਭਤੀਜਾ, ਨਾ ਕੋਈ ਖੇਤ, ਤੇ ਨਾ ਕੋਈ ਅੱਗ਼..ਉਹ ਤਾਂ ਮੈਂ ਤੁਹਾਥੋਂ ਪੈਸੇ ਲੈਣ ਲਈ ਇਕ ਝੂਠ ਬੋਲਿਆ ਸੀ। ਸੱਚ ਦਸੋ, ਇਹ ਕੀ ਬੁਝਾਰਤ ਪਾ ਰਹੇ ਹੋ?”
“ਭੋਲਾ ਰਾਮ, ਮੈਨੂੰ ਪਤਾ ਸੀ, ਉਸ ਪਿੰਡ ਵਿਚ ਤੇਰਾ ਕੋਈ ਰਿਸ਼ਤੇਦਾਰ ਨਹੀਂ, ਤੇ ਤੂੰ ਸ਼ਰਮ ਦਾ ਮਾਰਿਆ ਮੇਰੇ ਕੋਲੋਂ ਉਧਾਰ ਵੀ ਨਹੀਂ ਸੀ ਮੰਗ ਸਕਦਾ। ਤਾਂ ਹੀ ਮੈਨੂੰ ਆਪਣੀਆਂ ਮੱਝਾਂ ਤੇਰੇ ਖੇਤ ਵਿਚ ਛੱਡਣੀਆਂ ਪਈਆਂ, ਫਸਲਾਂ ਲਤਾੜਨ ਲਈ। ਮੈਨੂੰ ਯਕੀਨ ਸੀ, ਤੂੰ ਹਰਜ਼ਾਨਾ ਮੰਗੇਗਾ। ਕਮਲਿਆ! ਧੀਆਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ, ਤੇ ਮੇਰੇ ਪਿੰਡ ਦੀ ਕੋਈ ਧੀ ਪੈਸਿਆਂ ਖੁਣੋਂ ਵਿਆਹਣੋਂ ਰਹਿ ਜਾਏ, ਇਹ ਮੈਂ ਬਰਦਾਸ਼ਤ ਨਹੀਂ ਕਰ ਸਕਦਾ।”
ਅਗਲੇ ਪਲ ਭੋਲਾ ਰਾਮ ਸਰਪੰਚ ਦੇ ਪੈਰ ਆਪਣੇ ਹੰਝੂਆਂ ਨਾਲ ਧੋ ਰਿਹਾ ਸੀ।
ਸਰਪੰਚ ਨੇ ਰਾਣੋ ਦੇ ਸਿਰ ‘ਤੇ ਹੱਥ ਰੱਖਿਆ ਤੇ ਉਹਦੀ ਮਾਂ ਨੂੰ ਕਿਹਾ, “ਭੈਣ ਜੀ, ਕਿਸੇ ਚੀਜ਼ ਦੀ ਲੋੜ ਹੋਵੇ ਤੇ ਮੈਨੂੰ ਦੱਸਣਾ। ਇਹ ਮੇਰੀ ਵੀ ਤਾਂ ਧੀ ਹੈ।”