ਸੁਖਬੀਰ ਬਾਦਲ ਭਾਰਤ ਦੀਆਂ 100 ਪ੍ਰਭਾਵਸ਼ਾਲੀ ਸ਼ਖਸੀਅਤਾਂ ਵਿਚ ਸ਼ੁਮਾਰ

‘ਇੰਡੀਅਨ ਐਕਸਪ੍ਰੈਸ’ ਦੀ ਸਾਲਾਨਾ ਸੂਚੀ ਵਿਚ ਪਹਿਲੀ ਵਾਰ ਨਾਂ ਦਰਜ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਅੰਗਰੇਜ਼ੀ ਦੀ ਮਸ਼ਹੂਰ ਰੋਜ਼ਾਨਾ ਅਖਬਾਰ ‘ਇੰਡੀਅਨ ਐਕਸਪ੍ਰੈਸ’ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਦੇਸ਼ ਦੀਆਂ 100 ਪ੍ਰਭਾਵਸ਼ਾਲੀ ਸ਼ਖਸੀਅਤਾਂ ਵਾਲੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਸੂਚੀ ਸਾਲ 2013 ਲਈ ਜਾਰੀ ਕੀਤੀ ਗਈ ਹੈ ਅਤੇ ਸੁਖਬੀਰ ਦਾ ਨਾਂ ਪਹਿਲੀ ਵਾਰ ਇਸ ਸੂਚੀ ਵਿਚ ਸ਼ਾਮਲ ਹੋਇਆ ਹੈ।
ਯਾਦ ਰਹੇ ਕਿ ਇਹ ਅਖਬਾਰ ਹਰ ਸਾਲ ਅਜਿਹੀ ਸੂਚੀ ਜਾਰੀ ਕਰਦੀ ਹੈ ਜਿਸ ਵਿਚ ਉਸ ਸਾਲ ਦੌਰਾਨ ਵੱਖ-ਵੱਖ ਖੇਤਰਾਂ ਵਿਚ ਅਹਿਮ ਅਤੇ ਵਿਲੱਖਣ ਭੂਮਿਕਾ ਨਿਭਾਉਣ ਵਾਲਿਆ ਦੇ ਨਾਂ ਸ਼ਾਮਲ ਕੀਤੇ ਜਾਂਦੇ ਹਨ। ਪੰਜਾਬ ਵਿਚੋਂ ਸੁਖਬੀਰ ਤੋਂ ਇਲਾਵਾ ਹੋਰ ਕਿਸੇ ਦਾ ਨਾਂ ਇਸ ਸੂਚੀ ਵਿਚ ਸ਼ਾਮਲ ਨਹੀਂ ਹੈ। ਹਾਂ, ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਦਾ ਨਾਂ ਜ਼ਰੂਰ ਸ਼ਾਮਲ ਹੈ। ਇਨ੍ਹਾਂ ਤੋਂ ਇਲਾਵਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਉਨ੍ਹਾਂ ਦਾ ਬੇਟਾ ਤੇ ਪਾਰਟੀ ਦਾ ਉਪ ਪ੍ਰਧਾਨ ਰਾਹੁਲ ਗਾਂਧੀ, ਭਾਜਪਾ ਆਗੂ ਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ, ਦੇਸ਼ ਦੇ ਗ੍ਰਹਿ ਮੰਤਰੀ ਪੀæ ਚਿਦੰਬਰਮ, ਭਾਜਪਾ ਦੀ ਸੁਸ਼ਮਾ ਸਵਰਾਜ, ਸੋਨੀਆ ਗਾਂਧੀ ਦੀ ਧੀ ਪ੍ਰਿਯੰਕਾ ਗਾਂਧੀ, ਬਸਪਾ ਆਗੂ ਮਾਇਆਵਤੀ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਨਾਂ ਵੀ ਸ਼ਾਮਲ ਹਨ।
ਸੂਚੀ ਵਿਚ ਸੁਖਬੀਰ ਬਾਰੇ ਟਿੱਪਣੀ ਕੀਤੀ ਗਈ ਹੈ ਕਿ ਉਹ ਆਪਣੇ ਮੁੱਖ ਮੰਤਰੀ ਪਿਤਾ ਪ੍ਰਕਾਸ਼ ਸਿੰਘ ਬਾਦਲ ਦਾ ਸਹੀ ਉਤਰਾਧਿਕਾਰੀ ਹੈ। ਨਾਲ ਹੀ ਕਿਹਾ ਗਿਆ ਹੈ ਕਿ ਉਹ ਨਾ ਤਾਂ ਆਪਣੇ ਪਿਤਾ ਦੇ ਦਾਬੇ ਵਿਚ ਰਹਿੰਦਾ ਹੈ ਅਤੇ ਨਾ ਹੀ ਪਿਤਾ ਦੀ ਅਥਾਰਿਟੀ ਦੀ ਅਵੱਗਿਆ ਹੀ ਕਰਦਾ ਹੈ। ਦਿੱਲੀ ਗੁਰਦੁਆਰਾ ਚੋਣਾਂ ਵਿਚ ਸਰਨਾ ਭਰਾਵਾਂ ਨੂੰ ਬੁਰੀ ਤਰ੍ਹਾਂ ਹਰਾਉਣ ਨੂੰ ਸੁਖਬੀਰ ਦੀ ਖਾਸ ਪ੍ਰਾਪਤੀ ਦੱਸਿਆ ਗਿਆ ਹੈ। ਇਸ ਜਿੱਤ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਫਲ ਚੋਣ ਮਸ਼ਕ ਆਖਿਆ ਗਿਆ ਹੈ।
ਇਸ ਬਾਰੇ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਸੁਖਬੀਰ ਚਰਚਾ ਵਿਚ ਰਹਿਣ ਲਈ ਜੁਗਾੜ ਆਮ ਨਾਲੋਂ ਵੱਧ ਕਰਦਾ ਹੈ। ਇਸੇ ਕਰ ਕੇ ਉਸ ਦਾ ਨਾਂ ਅਜਿਹੀਆਂ ਸੂਚੀਆਂ ਵਿਚ ਆ ਰਿਹਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੇ ਉਸ ਨੂੰ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦਾ ਪ੍ਰਧਾਨ ਤਾਂ ਪਹਿਲਾਂ ਹੀ ਬਣਾ ਦਿੱਤਾ ਸੀ, ਕੋਈ ਹੈਰਾਨੀ ਨਹੀਂ ਕਿ ਕਿਸੇ ਦਿਨ ਉਸ ਨੂੰ ਚੁੱਪ-ਚੁਪੀਤੇ ਮੁੱਖ ਮੰਤਰੀ ਦੀ ਗੱਦੀ ਉਤੇ ਬਿਠਾ ਦਿੱਤਾ ਜਾਵੇ। ਵਿਚਾਰਨ ਵਾਲਾ ਮੁੱਦਾ ਇਹ ਹੈ ਕਿ ਸੁਖਬੀਰ ਨੇ ਹੁਣ ਤੱਕ ਸੂਬੇ ਲਈ ਤਾਂ ਕੁਝ ਨਹੀਂ ਕੀਤਾ ਹੈ, ਪਰ ਆਪਣਾ ਨਿੱਜੀ ਕਾਰੋਬਾਰ ਵਧਾਉਣ ਲਈ ਅਹੁਦੇ ਦੀ ਵਰਤੋਂ ਉਹ ਰੱਜ ਕੇ ਕਰ ਰਿਹਾ ਹੈ। ਪਿਛਲੇ ਪੰਜ-ਸੱਤ ਸਾਲਾਂ ਦੌਰਾਨ ਬਾਦਲ ਪਰਿਵਾਰ ਦੀ ਆਮਦਨ ਵਿਚ ਕਈ ਗੁਣਾ ਵਾਧਾ ਹੋਇਆ ਹੈ।

Be the first to comment

Leave a Reply

Your email address will not be published.