ਨੀ ਧੰਨੋ ਤੇਰਾ ਧੰਨ ਜਿਗਰਾ…

ਪੈਸਾ ਜੋੜਨ ਲਈ ਨਹੀਂ, ਖਰਚਣ ਲਈ ਬਣਿਆ ਸੀ ਤੇ ਜਿਹੜੇ ਸਿਰਫ਼ ਪੈਸਾ ਜੋੜਨ ਲਈ ਜੰਮੇ ਸਨ, ਉਹ ਗੋਲਕ ਵਿਚ ਭਾਨ ਵੀ ਮਰਦੇ ਦਮ ਤੱਕ ਜੋੜਦੇ ਰਹੇ ਤੇ ਆਉਣ ਵਾਲੀਆਂ ਨਸਲਾਂ ਨੇ ਬਾਪੂ ਨੂੰ ਕਦੇ ਵੀ ਮੁਰਦਾਬਾਦ ਕਹਿਣ ਦੀ ਗੁਸਤਾਖ਼ੀ ਨਹੀਂ ਕੀਤੀ। ਪੈਸੇ ਦੇ ਲਾਲਚੀ ਲੋਕਾਂ ਦੀਆਂ ਬੀਵੀਆਂ ਨੂੰ ਸਾਰੀ ਉਮਰ ਸਮਝ ਨਹੀਂ ਪਿਆ ਕਿ ਵਿਆਹ ਕਰਵਾਉਣ ਦਾ ਕੀ ਮਤਲਬ ਸੀ? ਜਿਹੜਾ ਬੰਦਾ ਆਪਣੀ ਪਛਾਣ ਇਥੋਂ ਸ਼ੁਰੂ ਕਰੇ, “ਮੈਂ ਸਵਿੱਤਰੀ ਦਾ ਘਰਵਾਲਾ ਹਾਂ” ਜਾਂ ਕੋਈ ਇਸ ਵਾਕ ਨਾਲ ਆਪਣੀ ਪਛਾਣ ਦੇਵੇ, “ਨਰੰਜਣ ਕੌਰ ਮੇਰੀ ਪਤਨੀ ਹੈ”, ਉਸ ਨੂੰ ਮਰਦਾਂ ਦੀ ਕਤਾਰ ਵਿਚ ਚੁੱਪ-ਚਾਪ ਸਭ ਤੋਂ ਪਿੱਛੇ ਜਾ ਕੇ ਖੜ੍ਹੇ ਹੋ ਜਾਣਾ ਚਾਹੀਦਾ ਹੈ। ਸਾਧਾਂ ਦੇ ਚਰਨਾਂ ਵਿਚ ਲੀਡਰਾਂ ਦੇ ਸਿਰ ਨੀਵਾਂ ਕਰਨ ਦੀਆਂ ਅਫ਼ਵਾਹਾਂ ਹੀ ਹੋ ਸਕਦੀਆਂ ਹਨ, ਕਿਉਂਕਿ ਰਾਜਨੀਤੀ ਵਿਚ ਸਿਰ ਦਾ ਕੋਈ ਮਹੱਤਵ ਨਹੀਂ ਰਿਹਾ। ਸਾਰੇ ਬਿਆਨ ਸਿਰਫ਼ ਧੜ ਨਾਲ ਹੀ ਦਿੱਤੇ ਜਾ ਰਹੇ ਹਨ। ਇਸ ਗੱਲ ਨੂੰ ਤਾਂ ਅਸੀਂ ਮੰਨਦੇ ਹਾਂ ਕਿ ਸਾਰੀਆਂ ਚਮਕਦੀਆਂ ਚੀਜ਼ਾਂ ਸੋਨਾ ਨਹੀਂ ਹੁੰਦੀਆਂ, ਪਰ ਸੋਹਣੀਆਂ ਔਰਤਾਂ ਨੂੰ ਵੇਖ ਕੇ ਕਈ ‘ਬੀਬੇ’ ਬਿੰਦ ਨਹੀਂ ਲਾਉਂਦੇ ਇਹ ਕਹਿਣ ਨੂੰ ਕਿ ਇਹ ਸਾਰੀਆਂ ਬਣਾਈਆਂ ਹੀ ਰੱਬ ਨੇ ਪਿਆਰ ਕਰਨ ਲਈ ਹਨ। ਕਿਸੇ ਵੀ ਮਾਂ-ਬਾਪ ਨੇ ਆਪਣੇ ਘਰ ਰਾਂਝਾ ਜੰਮਣ ‘ਤੇ ਮੱਥੇ ਵੱਟ ਨਹੀਂ ਪਾਇਆ; ‘ਹੀਰਾਂ’ ਜੰਮਣ ‘ਤੇ ਖੁਸ਼ੀ ਮਨਾਈ ਹੈ ਕਿਉਂਕਿ ਉਹ ਸੋਚਦੇ ਨੇ ਕਿ ਜਾਂ ਤਾਂ ਇਹ ਗੁਆਂਢੀਆਂ ਦੇ ਜੰਮਦੀਆਂ ਹਨ, ਜਾਂ ਫਿਰ ਸਿਆਲਾਂ ਵਿਚ। ਬਾਂਦਰ ਵਿਚ ਹਾਲੇ ਤੱਕ ਜ਼ੁਰਅਤ ਨਹੀਂ ਕਿ ਉਹ ਜੰਗਲ ਦੀ ਰਾਣੀ ਸ਼ੇਰਨੀ ਨੂੰ ਦਰੱਖ਼ਤ ‘ਤੇ ਬੈਠਾ ਦੂਰੋਂ ਵੀ ਪੁੱਛ ਸਕੇ ਕਿ “ਭਾਬੀ ਕੀ ਹਾਲ ਐ?” ਜਿੱਦਣ ਅਜਿਹਾ ਹੋਇਆ, ਉੱਦਣ ਸ਼ੇਰ ਹਥਿਆਰ ਸੁੱਟ ਕੇ ਆਤਮ-ਹੱਤਿਆ ਕਰ ਲੈਣਗੇ; ਪਰ ਦਿੱਲੀ ਵਿਚ ਹਾਕਮਾਂ ਦੇ ਨੱਕ ਹੇਠ ਜੋ ਕੁਝ ਹੋ ਰਿਹਾ ਹੈ, ਤਾਂ ਲੱਗਦਾ ਨਹੀਂ ਕਿ ਜੰਗਲ ਤਾਂ ਮੁੱਕ ਗਏ ਹਨ, ਪਰ ਜੰਗਲ ਦਾ ਰਾਜ ਚੱਲ ਰਿਹਾ ਹੈ। ਜਿਨ੍ਹਾਂ ਨੇ ਵਿਆਹ ਕਰਵਾਉਣ ਲਈ ਸਿਰਫ਼ ਇਹ ਸ਼ਰਤ ਰੱਖੀ ਸੀ ਕਿ ਬੱਸ਼ææਉਹ ਸਿਰਫ਼ ਸੋਹਣੀ ਹੀ ਹੋਵੇ, ਇਨ੍ਹਾਂ ‘ਚੋਂ ਬਹੁਤੇ ਜ਼ਿੰਦਗੀ ਭਰ ਚਲੋ ‘ਜੀ ਜੀ’ ਤਾਂ ਕਰਦੇ ਰਹਿੰਦੇ, ਤਾਂ ਕੋਈ ਗੱਲ ਨਹੀਂ ਸੀ; ਇਹ ਪਤੀ ਘੱਟ ‘ਹੋਮਗਾਰਡੀਏ’ ਵੱਧ ਬਣੇ ਰਹੇ, ਤਾਂ ਦੱਸੋ ਜ਼ਮਾਨਾ ਕੀ ਕਰੇ? ਔਰਤ ਨੂੰ ਬਲਾਤਕਾਰ ਦੀ ਵਰਦਾਤ ਨੇ ਦੱਸਿਆ ਸੀ ਕਿ ਸੁਹੱਪਣ ਸਰਾਪ ਵੀ ਹੁੰਦਾ ਹੈ, ਪਰ ਮਰਦ ਜਦੋਂ ਦਾ ਵਹਿਸ਼ੀ ਤੇ ਦਰਿੰਦਾ ਬਣ ਗਿਆ ਹੈ, ਬੱਚੀਆਂ ਵੀ ਸੋਚਣ ਲੱਗੀਆਂ ਨੇ ਕਿ ਚੁਰਾਸੀ ਲੱਖ ਤੋਂ ਬਾਅਦ ਤਾਂ ਇਹ ਜੂਨ ਮਿਲੀ ਸੀ, ਰੱਬਾ ਹੁਣ ਬਚਾ ਕੇ ਰੱਖੀਂ। ਢੋਲ ਵਿਚ ਪੋਲ ਹੁੰਦੇ ਹਨ, ਇਹ ਤਾਂ ਸਾਰੇ ਜਾਣਦੇ ਹਨ ਪਰ ਇਹ ਵੀ ਸੱਚ ਹੈ ਕਿ ਇਹ ਪੋਲ ਹੀ ਢੋਲ ਦੀ ਪਛਾਣ ਹੈ; ਵਰਨਾ ਡਗਿਆਂ ਨਾਲ ਆਵਾਜ਼ ਹੀ ਪੈਦਾ ਨਹੀਂ ਹੋਣੀ ਸੀ। ਬੀਨ ਨਾਲ ਸੱਪ ਹੀ ਮੇਲ੍ਹ ਸਕਦਾ, ਬੰਦਾ ਨੱਚ ਨ੍ਹੀਂ ਸਕਦਾ ਪਰ ਦੇਖ ਲਵੋæææਯਤਨ ਫ਼ਿਰ ਵੀ ਕੀਤਾ ਜਾ ਰਿਹਾ ਹੈæææ।

ਐਸ ਅਸ਼ੋਕ ਭੌਰਾ
ਲੋਭੀ ਮਨੁੱਖ ਅੰਦਰੋਂ ਵਿਲਕ ਅਤੇ ਬਾਹਰੋਂ ਗਿੱਧਾ ਪਾ ਰਿਹਾ ਹੁੰਦਾ ਹੈ। ਇਨ੍ਹਾਂ ਲੋਕਾਂ ਨੇ ਲਾਲਚ ਦਾ ਸਾਜ਼ ਬਿਨਾਂ ਸਾਜ਼ਾਂ ਤੋਂ ਹੀ ਸਾਰੀ ਉਮਰ ਵਜਾਉਣਾ ਹੁੰਦਾ ਹੈ। ਸਬਰ-ਸੰਤੋਖ਼ ਦਾ ਹੱਦ-ਬੰਨਾ ਇਸ ਕਰ ਕੇ ਟੁੱਟ ਗਿਆ ਹੈ ਕਿਉਂਕਿ ਲਾਲਚ ਦੇ ਹੜ੍ਹ ਨੇ ਛੱਡਿਆਂ ਹੀ ਕੁਝ ਨਹੀਂ। ਸਰਕਾਰਾਂ ਦੇ ਦਾਅਵਿਆਂ ਵਾਂਗ ਸੰਤ ਜਾਂ ਮਹਾਂਪੁਰਸ਼ ਅਖਵਾਉਣ ਵਾਲੇ ਲੋਕਾਂ ਦੇ ਯਤਨ ਹੜ੍ਹ ਰੋਕਣ ਲਈ ਤਦੇ ਨਹੀਂ ਸਫ਼ਲ ਹੋ ਰਹੇ, ਕਿਉਂਕਿ ਇਸ ਧਰਤੀ ‘ਤੇ ਅਜਿਹੇ ਭੱਦਰ ਪੁਰਸ਼ ਹੈ ਹੀ ਨਹੀਂ। ਐਵੇਂ ਗੁਆਚੀ ਹੋਈ ਦੁਨੀਆਂ ਸਮਝ ਰਹੀ ਹੈ ਕਿ ਅਸੀਂ ਮਹਾਂਪੁਰਸ਼ਾਂ ਦੇ ਦਰਸ਼ਨ ਕਰ ਕੇ ਆਏ ਹਾਂ, ਜਾਂ ਇਨ੍ਹਾਂ ਦਾ ਸਤਿਸੰਗ ਸੁਣ ਕੇ ਆਏ ਹਾਂ। ਅਸਲ ਵਿਚ ਇਹ ਸਾਰੇ ਸਾਡੇ ਵਰਗੇ ਹੀ ਨੇ। ਇਨ੍ਹਾਂ ਨੇ ਕੁਝ ਜੁਗਾੜ ਅਜਿਹਾ ਕਰ ਲਿਆ ਹੈ ਕਿ ਬੀਬੇ ਬੰਦਿਆਂ ਜਾਂ ਦੁੱਖਾਂ ਮੁਸੀਬਤਾਂ ਵਿਚ ਫਸਿਆਂ ਨੂੰ ਇਹ ਕੁਝ ਖਾਸ ਜਿਹੇ ਲੱਗੀ ਜਾ ਰਹੇ ਹਨ।
ਜੋ ਕੁਝ ਆਲੇ-ਦੁਆਲੇ ਹੋ ਰਿਹਾ ਹੈ, ਉਹ ਸਹਿਣ ਤੇ ਬਰਦਾਸ਼ਤ ਕਰਨ ਯੋਗ ਨਹੀਂ। ਦਿੱਲੀ ਲੁੱਟੀ ਜਾ ਰਹੀ ਹੁੰਦੀ ਤਾਂ ਕੋਈ ਗੱਲ ਨਹੀਂ ਸੀ, ਦਿੱਲੀ ਜ਼ਖ਼ਮੀ ਹੋ ਜਾਂਦੀ ਤਾਂ ਵੀ ‘ਹੋਊ-ਪਰੇ’ ਕਹਿ ਛੱਡਦੇ, ਪਰ ਇਹਦੇ ਨਾਲ ਰੋਜ਼ ਜਬਰ ਜਨਾਹ ਹੋ ਰਿਹਾ ਹੈ। ਇਸ ਗੱਲ ਨਾਲ ਗੱਲ ਨਹੀਂ ਮੁੱਕਣੀ ਕਿ ਕਲਯੁੱਗ ਹੈ, ਤੇ ਨਾ ਹੀ ਜੋਗੀਆਂ ਦੇ ਪਹਾੜੋਂ ਉਤਰਨ ਦੀ ਉਮੀਦ ਬਚੀ ਹੈ। ਹੁਣ ਤਾਂ ਗਊਆਂ ਨੂੰ ਸਾਧਾਂ ਦੇ ਢਿੱਡ ਵਿਚ ਦੋਵੇਂ ਸਿੰਗ ਜੋੜ ਕੇ ਮਾਰਨੇ ਹੀ ਪੈਣਗੇ। ਲਾਹੌਰ ਦਾ ਕਿਲਾ ਢਹਿ ਜਾਂਦਾ ਤਾਂ ਰੀਤਾਂ ਮੁਤਾਬਿਕ ਜਾਇਜ਼ ਵੀ ਠਹਿਰਾ ਲੈਂਦੇ, ਪਰ ਲਾਹੌਰ ਵਿਚ ਬੰਬਾਂ ਦਾ ਢੋਲ ਚੀਕ-ਚਿਹਾੜਾ ਪਾ ਰਿਹਾ ਹੈ ਤਾਂ ਦੱਸੋ, ਕਿਹੜੇ ਤਾਨ ਸੇਨ ਨੂੰ ਜਾ ਕੇ ਪੁੱਛੀਏ ਕਿ ਰਾਗ ‘ਭੈਰਵੀ’ ਹੈ ਜਾਂ ‘ਮਾਲਕੌਂਸ।’ ਲਾਹੌਰ ਤੇ ਇਸਲਾਮਾਬਾਦ ‘ਕੱਠੇ ਕਹਿ ਰਹੇ ਨੇ, ਧਰਮ ਦਾ ਉਪਦੇਸ਼ ਹੈ ਬੰਬਾਂ ਦੇ ਚੱਲਣ ਪਿੱਛੋਂ ਇਹ ਵਧੇ-ਫੁੱਲੇਗਾ।
ਦੁਨੀਆਂ ਯੂਨਾਨ ਦੇ ਇਤਿਹਾਸ ਤੇ ਸੰਸਕ੍ਰਿਤੀ ਨੂੰ ਮੰਨਦੀ ਹੈ, ਪਰ ਯੂਨਾਨ ਕਈ ਵਾਰ ਆਪਣੇ ਹੀ ਗਲ ਲੱਗ ਕੇ ਰੋਂਦਾ ਵੇਖਿਆ ਹੈ। ਉਥੋਂ ਦੀ ਤਵਾਰੀਖ਼ ਮਾਣ ਕਰਦੀ ਹੈ ਕਿ ਸੁਕਰਾਤ ਸਾਡਾ ਸੀ, ਪਰ ਅੱਜ ਵੀ ਦਸ ਮਹਾਨ ਵਿਦਵਾਨਾਂ ਨੂੰ ਪੁੱਛੋ ਤਾਂ ਉਹ ਭੁੱਬੀਂ ਹੀ ਨਹੀਂ ਰੋਣਗੇ, ਸਗੋਂ ਵਿਲਕਣਗੇ ਕਿ ਸਾਡੇ ਮੱਥੇ ਤੋਂ ਸ਼ਰਮ ਦਾ ਇਹ ਟਿੱਕਾ ਵੀ ਕਦੇ ਨਹੀਂ ਲੱਥ ਸਕਦਾ ਕਿ ਅਸੀਂ ਸੁਕਰਾਤ ਨੂੰ ਜ਼ਹਿਰ ਦੇ ਕੇ ਵੀ ਮਾਰਿਆ ਸੀ। ਤੇ ਗ਼ਲਤੀਆਂ ਦੀ ਇਹ ਬੇੜੀ ਹਾਲੇ ਤੀਕਰ ਯੂਨਾਨੀਆਂ ਦੇ ਪੈਰਾਂ ‘ਚੋਂ ਨਹੀਂ ਲੱਥੀ।æææਪਰ ਆਪਣੇ ਮੁਲਕ ਦੇ ਹਾਕਮਾਂ ਦੇ ਪੈਰਾਂ ਵਿਚ ਬਿਨਾਂ ਘੁੰਗਰੂਆਂ ਵਾਲੀਆਂ ਪੰਜੇਬਾਂ ਹਨ। ਇਹ ਨੱਚ ਤਾਂ ਰਹੇ ਹਨ, ਖੜਾਕ ਨਹੀਂ ਹੋਣ ਦੇ ਰਹੇ। ਇਹ ਆਪਣੀ ਜ਼ਿੰਦਗੀ ਚਲਾਉਣ ਲਈ ਮੁਕੱਦਰਾਂ ਵਾਲਾ ਮੱਥਾ ਤਾਂ ਅੱਜ ਦੇ ਮਹਾਂਪੁਰਸ਼ਾਂ ਦੇ ਚਰਨਾਂ ਵਿਚ ਧਰ ਕੇ ਪੁੱਛ ਰਹੇ ਨੇ ਕਿ ਲੋਕ ‘ਹੱਕ’ ਦੀ ਮੋਹਰ ਸਾਡੇ ਹੱਕ ਵਿਚ ਲਾਉਣਗੇ?æææਤੇ ਮੋਹਰਾਂ ਲਾਉਣ ਵਾਲੇ ਸਿਆਹੀ ਨਾਲ ਹੱਥ ਲਬੇੜ ਕੇ ਵਹਿਮ ਕਰੀ ਜਾ ਰਹੇ ਨੇ ਕਿ ਇਹ ਲੋਕ ਆਪ ਨਾ ਵੀ ਚੱਲਣ, ਮੁਲਕ ਜ਼ਰੂਰ ਚਲਾ ਲੈਣਗੇ।
ਯੂਨਾਨ ਦੀ ਇਕ ਲੋਕ ਕਥਾ ਸੁਕਰਾਤ ਦੁਆਲੇ ਘੁੰਮਦੀ ਹੈ। ਕਿਹਾ ਇਹ ਜਾਂਦਾ ਹੈ ਕਿ ਵਿਦਵਾਨ ਸੁਕਰਾਤ ਲੋਕਾਂ ਨੂੰ ਉਨ੍ਹਾਂ ਦਾ ਭਵਿੱਖ ਵੀ ਦੱਸਦਾ ਹੁੰਦਾ ਸੀ। ਇਸੇ ਲਈ ਆਪਣੇ ਨਾਂ ਨਾਲ ਭ੍ਰਿਗੂ ਜੋਤਿਸ਼ੀ ਲਾਉਣ ਵਾਲੇ ਗਾਹਕ ਨੂੰ ਵਰਗਲਾਉਣ ਲਈ ਸੁਕਰਾਤ ਦਾ ਨਾਂ ਵੀ ਵਰਤ ਲੈਂਦੇ ਹਨ, ਪਰ ਉਸ ਨੂੰ ਗਿਆਨ ਦਾ ਇਕ ਪਾਠ ਪੜ੍ਹਾ ਕੇ ਇਕ ਸਾਧਾਰਨ ਔਰਤ ਨੇ ਹਨ੍ਹੇਰੇ ਵਿਚੋਂ ਬਾਹਰ ਕੱਢ ਲਿਆਂਦਾ ਸੀ। ਹੋਇਆ ਇਉਂ ਕਿ ਸੁਕਰਾਤ ਇਕ ਵਾਰ ਆਪਣੀ ਆਤਮਾ ਨਾਲ ਅੰਤਰ-ਧਿਆਨ ਹੋ ਕੇ ਕਿਧਰੇ ਜਾ ਰਿਹਾ ਸੀ ਕਿ ਅਚਾਨਕ ਅੰਨ੍ਹੇ ਖੂਹ ਵਿਚ ਡਿਗ ਪਿਆ। ਸਿਰਫ਼ ਇਕ ਔਰਤ ਨੇ ਅਜਿਹਾ ਹੁੰਦਾ ਆਪਣੀ ਅੱਖਾਂ ਨਾਲ ਵੇਖਿਆ ਸੀ। ਇਸ ਬੁੱਢੀ ਔਰਤ ਨੇ ਇਕ ਬੁੱਢੇ ਦਰੱਖ਼ਤ ਨਾਲ ਲਟਕਦੀ ਲੱਜ (ਰੱਸਾ) ਖੋਲ੍ਹ ਕੇ ਹੇਠਾਂ ਸੁੱਟੀ ਤੇ ਸੁਕਰਾਤ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ। ਨਵੀਂ ਜ਼ਿੰਦਗੀ ਮਿਲਣ ਕਰ ਕੇ ਖੁਸ਼ੀ ਵਿਚ ਪ੍ਰਸੰਨ ਤੇ ਖੀਵਾ ਹੋਇਆ ਸੁਕਰਾਤ ਉਸ ਬੁੱਢੀ ਔਰਤ ਨੂੰ ਆਖਣ ਲੱਗਾ,
“ਬੀਬੀ ਕੱਲ੍ਹ ਨੂੰ ਸਵੇਰੇ ਘਰੇ ਆਵੀਂ, ਏਥੇ ਨੇੜੇ ਹੀ ਰਹਿੰਦਾ ਮੈਂ।”
“ਕਿਉਂ ਕੀ ਗੱਲ?”
“ਤੂੰ ਮੇਰੇ ‘ਤੇ ਏਡਾ ਵੱਡਾ ਪਰਉਪਕਾਰ ਕੀਤੈ। ਮੈਂ ਇਹਦੇ ਬਦਲੇ ਤੈਨੂੰ ਕੁਝ ਦੇਣਾ ਚਾਹੁੰਨਾਂ।”
“ਕੀ ਦੇਵੇਂਗਾ ਮੈਨੂੰ?”
“ਮੈਂ ਤੈਨੂੰ ਤੇਰਾ ਭਵਿੱਖ ਦੱਸਾਂਗਾ ਕਿ ਤੇਰੀ ਬਾਕੀ ਬਚਦੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ। ਕੀ ਸਮੱਸਿਆਵਾਂ ਆਉਣਗੀਆਂ। ਉਨ੍ਹਾਂ ਦਾ ਹੱਲ ਕੀ ਕਰਨਾ ਹੈ?”
ਉੁਹ ਔਰਤ ਖਿੜ-ਖੜਾ ਕੇ ਹੱਸ ਪਈ। ਉਹਨੂੰ ਨਹੀਂ ਪਤਾ ਸੀ ਕਿ ਇਹ ਸੁਕਰਾਤ ਹੈ। ਆਂਹਦੀ, ਵੱਡਿਆ ਸਿਆਣਿਆਂæææਮੈਂ ਹਰਗਿਜ਼ ਨਹੀਂ ਆਵਾਂਗੀ।”
“ਵੇਖ ਬੀਬੀ, ਮੇਰੇ ਕੋਲ ਲੋਕ ਸਮਾਂ ਲੈ ਕੇ ਪੁੱਛਣ ਆਉਂਦੇ ਨੇ। ਮੇਰੇ ਘਰ ਦੇ ਬਾਹਰ ਲੰਮੀਆਂ ਕਤਾਰਾਂ ਲਗਦੀਆਂ ਨੇ ਭਵਿੱਖ ਜਾਨਣ ਵਾਲਿਆਂ ਦੀਆਂ, ਤੇ ਤੈਨੂੰ ਮੈਂ ਆਪ ਬੁਲਾ ਰਿਹਾਂ।”
ਉਹ ਔਰਤ ਖਿਝ ਕੇ ਕਹਿਣ ਲੱਗੀ, “ਜੇ ਤੂੰ ਏਡਾ ਈ ਅੰਤਰਜਾਮੀ ਸੀ ਤਾਂ ਤੈਨੂੰ ਇਹ ਨਹੀਂ ਪਤਾ ਸੀ ਕਿ ਮੈਂ ਅੱਜ ਅੰਨ੍ਹੇ ਖੂਹ ਵਿਚ ਡਿਗ ਪੈਣਾ, ਬਚ ਨੇ ਰਹਾਂ?”
æææਤੇ ਸੁਕਰਾਤ ਨੂੰ ਲੱਗਾ ਸੀ ਕਿ ਜ਼ਹਿਰ ਖੰਡ ਵਿਚ ਵੀ ਹੋ ਸਕਦੀ ਹੈ, ਤੇ ਘਰੇ ਜਾ ਕੇ ਉਹਨੇ ਪੱਤਰੀਆਂ ਵਿਹੜੇ ਵਿਚ ਰੱਖ ਕੇ ਫੂਕ ਦਿੱਤੀਆਂ ਸਨ।
ਅਸਲ ਵਿਚ ਸਿਆਣੇ ਬੰਦੇ ਲੋੜਾਂ ਨਾਲ ਖਹਿਬੜਦੇ ਨਹੀਂ, ਇਨ੍ਹਾਂ ਨੂੰ ਪੂਰਿਆਂ ਕਰਨ ਲਈ ਸੰਘਰਸ਼ ਕਰਦੇ ਹਨ।
ਪਤੀ ਤੇ ਪਤਨੀ ਵਿਚ, ਮਾਂ ਤੇ ਧੀ ਵਿਚ, ਪਿਉ ਤੇ ਪੁੱਤ ਵਿਚ ਅਤੇ ਹਾਕਮ ਤੇ ਪਰਜਾ ਵਿਚ ਇਕ ਖਾਸ ਕਿਸਮ ਦੀ ਦਰਜਾਬੰਦੀ ਹੁੰਦੀ ਹੈ, ਪਰ ਪਿਆਰ ਵਿਚ ਦਰਜਾਬੰਦੀ ਦੀ ਕੋਈ ਥਾਂ ਨਹੀਂ। ਸੁਕਰਾਤ ਨੂੰ ਪਿਆਰ ਕਰਨ ਵਾਲੇ ਇਕ ਹੱਦ ਦਰਜੇ ਦੇ ਜਨੂੰਨੀ ਮਨੁੱਖ ਨੇ ਕਿਹਾ ਸੀ, “ਸੁਕਰਾਤ ਨੂੰ ਜ਼ਹਿਰ ਦੇ ਕੇ ਨਾ ਮਾਰੋ। ਨਾ ਖੱਟੋ ਸਦੀਆਂ ਦਾ ਕਲੰਕ। ਏਸ ਬੁੱਢੇ ਨੇ ਹੋਰ ਦੋ-ਚਾਰ ਸਾਲਾਂ ਨੂੰ ਊਂ ਵੀ ਮਰ ਜਾਣਾ ਹੈ”, ਪਰ ਹਾਕਮਾਂ ਨੂੰ ਦੇਸ਼ ਪਿਆਰ ਦਾ ਨਕਲੀ ਰੋਗ ਇਸ ਪਾਪ ਲਈ ਵੈਦ ਕੋਲ ਖਿੱਚ ਕੇ ਲੈ ਹੀ ਗਿਆ ਤੇ ਆਹ ਤੁਹਾਡੇ ‘ਤੇ ਛੱਡਦਾ ਹਾਂ ਕਿ ਇਹ ਪਾਪ ਸੀ ਜਾਂ ਪੁੰਨ, ਤੇ ਜਾਂ ਫ਼ਿਰ ਪਿਆਰ ਦੀ ਕਿਹੜੀ ਦਰਜਾਬੰਦੀ?
ਮੁਕਲਾਵੇ ਦੇ ਚਾਅ ਵਿਚ ਜਦੋਂ ਧੰਨੋ ਬਤਨੇ ਦੇ ਪਿੱਛੇ ਛਾਲ ਮਾਰ ਕੇ ਟਾਂਗੇ ਵਿਚ ਬਹਿਣ ਲੱਗੀ ਤਾਂ ਫੁਲਕਾਰੀ ਦਾ ਲੜ ਇਕ ਕੁੰਡੀ ਵਿਚ ਫਸ ਕੇ ਮੂੰਹ ਤੋਂ ਪੱਲਾ ਹੀ ਨਹੀਂ ਲੱਥਾ, ਸਗੋਂ ਡਿਗਦੀ ਨੂੰ ਟਾਂਗੇ ਵਾਲੇ ਰਲਾ ਸਿੰਘ ਨੇ ਆਏਂ ਦਬੋਚ ਲਿਆ ਜਿਵੇਂ ਪੀਂਘ ਤੋਂ ਡਿਗਣ ਲੱਗੀ ਹੋਵੇ। ਲੱਡੂ-ਜਲੇਬੀ ਤੋਂ ਵਿਰਵੇਂ ਬੈਠੇ ਬੰਦੇ ਦੇ ਮੂੰਹ ਵਿਚ ਖੋਏ ਦੀ ਬਰਫ਼ੀ ਆਣ ਪਵੇ ਤਾਂ ਚੰਗਾ ਭਲਾ ਬੰਦਾ ਵੀ ਸ਼ੁਦਾਈ ਹੋਣ ਨੂੰ ਫਿਰਦੈ। ਰਲਾ ਸਿੰਘ ਦੇ ਸਾਰੇ ਸਰੀਰ ਨੂੰ ਝੁਣਝੁਣੀ ਜਿਹੀ ਆ ਗਈ। ਮੁਖੜਾ ਵੇਖ ਕੇ ਉਹਨੂੰ ਲੱਗਾ ਕਿ ਹੀਰ ਦੂਜੇ ਜਨਮ ਆ ਗਈ ਐ। ਉਹਨੂੰ ਆਪਣੇ ਛੜੇ ਹੋਣ ‘ਤੇ ਸ਼ਰਮ ਵੀ ਆਈ।æææਤੇ ਨਾਲ ਲਗਦਾ ਈ ਉਹਨੇ ਜਦੋਂ ਬਤਨੇ ਦੇ ਮੂੰਹ ਵੱਲ ਵੇਖਿਆ ਤਾਂ ਉਹਦੇ ਢਿੱਡ ਵਿਚ ਮੱਠਾ ਮੱਠਾ ਦਰਦ ਵੀ ਉਠਿਆ ਕਿ ਪਰੀ ਪਤਾ ਨਹੀਂ ਲੰਗੂਰ ਦੇ ਲੜ ਕਿਉਂ ਲਾ ਦਿੱਤੀ ਗਈ ਹੈ?
ਘੋੜੇ ਦੇ ਪਰੈਣ ਮਾਰਨ ਤੋਂ ਪਹਿਲਾਂ ਰਲਾ ਸਿੰਘ ਨੇ ਧੰਨੋ ਦੀ ਇਕ ਪੰਜੇਬ ਹੇਠਾਂ ਡਿਗੀ ਵੇਖੀ। ਲਗਾਮ ਖਿੱਚ ਕੇ ਉਹਨੇ ਜਿਵੇਂ ਛੇ ਸਲੰਡਰ ਗੱਡੀ ਬਰੇਕ ਲਾ ਕੇ ਰੋਕ ਲਈ ਹੋਵੇ। ਧੰਨੋ ਦੇ ਹੱਥ ਫੜਾਉਂਦਿਆਂ ਜਦੋਂ ਪੰਜੇਬਾਂ ਤੋਂ ਪਹਿਲਾਂ ਮਹਿੰਦੀ ਰੰਗੇ ਹੱਥ, ਹੱਥ ਨਾਲ ਲੱਗੇ ਤਾਂ ਉਹ ਕੰਬ ਜਿਹਾ ਗਿਆ। ਮੂੰਹ ਉਤਾਂਹ ਚੁੱਕ ਕੇ ਵੇਖਿਆ ਤਾਂ ਨਜ਼ਰਾਂ ਬਾਅਦ ਵਿਚ ਮਿਲੀਆਂ, ਅੱਖਾਂ ਨੇ ਇਕ-ਦੂਜੇ ਦਾ ਪਹਿਲਾਂ ਹਾਲ-ਚਾਲ ਪੁੱਛ ਲਿਆ। ਜਿਵੇਂ ਪਰਿਵਾਰ ਵਿਛੋੜੇ ਦੇ ਅੱਥਰੂ ਮੁਸਕਰਾ ਪਏ ਹੋਣ। ਇਉਂ ਲੱਗ ਰਿਹਾ ਸੀ ਜਿਵੇਂ ਸੱਸੀ ਨੇ ਪੁਨੂੰ ਛੱਡ ਕੇ ਬਲੋਚਾਂ ਦੇ ਗਲ ਬਾਹਾਂ ਪਾ ਦਿੱਤੀਆਂ ਹੋਣ।
æææਤੇ ਉਡਦੀ ਧੂੜ ‘ਚ ਟਾਂਗਾ ਹਵਾ ਹੋ ਗਿਆ। ਜਿਵੇਂ ਪਿੱਛੇ ਕਸ਼ਮੀਰ ਤੇ ਅੱਗੇ ਜੰਮੂ ਹੋਵੇ, ਤੇ ਨਾਲ ਬੈਠਾ ਗੁਆਂਢੀ ਮੁਲਕ ਵਾਂਗ ਊਂ ਈ ਕੋਈ ਤੀਂਗੜਦਾ ਹੋਵੇ। ਜਾਂ ਇਉਂ ਕਿ ਕਮਾਉਂਦਾ ਕੋਈ ਹੋਰ ਰਿਹਾ ਤੇ ਟੈਕਸ ਕਿਸੇ ਹੋਰ ਨੂੰ ਅਦਾ ਕਰਨਾ ਪਿਆ ਹੋਵੇ।
ਅਸਲ ਵਿਚ ਰਲਾ ਸਿੰਘ 1914 ਦੀ ਪਹਿਲੀ ਸੰਸਾਰ ਜੰਗ ਵਿਚ ਇਕ ਬਾਂਹ ਵਿਚਾਲਿਉਂ ਗੁਆ ਬੈਠਾ ਸੀ। ਭਰਤੀ ਉਹ ਸਿਪਾਹੀ ਹੀ ਹੋਇਆ ਸੀ, ਪਰ ਜੰਗ ਤੋਂ ਦੋ-ਤਿੰਨ ਸਾਲ ਪਿੱਛੋਂ ਜਦੋਂ ਉਹ ਘਰ ਵੱਲ ਮੁੜਿਆ ਤਾਂ ਖਿਤਾਬ ਤਾਂ ਹੌਲਦਾਰ ਦਾ ਮਿਲ ਗਿਆ ਸੀ, ਪਰ ਵੱਤੋਂ ਲੰਘਣ ਕਰ ਕੇ ਪਹਿਲਾਂ ਕਿਸੇ ਨੇ ਰਿਸ਼ਤਾ ਕਰਵਾਉਣ ਦੀ ਹਾਮੀ ਨਹੀਂ ਭਰੀ, ਤੇ ਪਿੱਛੋਂ ਰਲਾ ਸਿੰਘ ਨੇ ਇਹ ਖਾਹਿਸ਼ ਆਪ ਹੀ ਜ਼ਿੰਦਗੀ ਭਰ ਲਈ ਮੁਲਤਵੀ ਕਰ ਦਿੱਤੀ। ਹਾਲਾਂਕਿ ਇਹ ਗੱਲ ਸੱਚ ਸੀ ਕਿ ਅੱਖਾਂ ਤੋਂ ਬਿੱਲੇ ਤੇ ਰੱਜ ਕੇ ਸੁਨੱਖੇ ਰਲਾ ਸਿੰਘ ਬਾਰੇ ਪਿੰਡ ਦੇ ਲੋਕ ਕਿਹਾ ਕਰਦੇ ਸਨ ਕਿ ਘਰਦੇ ਜੇ ਕਿਤੇ ਨਾਂ ਥੋੜ੍ਹਾ ਸੋਚ ਕੇ ਰੱਖਦੇ ਤਾਂ ਲੋਕਾਂ ਨੇ ਇਹਦਾ ਨਾਂ ਲੈ ਕੇ ਯੂਸਫ਼ ਦੀ ਰਾਸ਼ੀ ਵੇਖਿਆ ਕਰਨੀ ਸੀ। ਉਂਜ ਇਕ ਬਾਂਹ ਜਾਂਦੀ ਲੱਗਣ ਨਾਲ ਉਹਦੇ ਸਰੀਰਕ ਟੌਹਰ-ਟੱਪੇ ਵਿਚ ਇੰਨਾ ਕੁ ਫ਼ਰਕ ਪਿਆ ਹੋਵੇਗਾ ਜਿਵੇਂ ਕਿਸੇ ਸੁਨੱਖੀ ਔਰਤ ਦਾ ਬਾਕੀ ਹਾਰ-ਸ਼ਿੰਗਾਰ ਤਾਂ ਠੀਕ ਸੀ, ਪਰ ਮੱਥੇ ਤੋਂ ਬਿੰਦੀ ਡਿਗ ਪਈ ਸੀ।
ਬਤਨਾ ਉਮਰ ਵਿਚ ਤਾਂ ਭਾਵੇਂ ਰਲਾ ਸਿੰਘ ਤੋਂ ਪੰਜ-ਸੱਤ ਸਾਲ ਛੋਟਾ ਹੋਊ, ਪਰ ਆੜੀ ਦੋਵੇਂ ਸਿਰੇ ਦੇ ਸਨ। ਫ਼ਰਕ ਸਿਰਫ਼ ਇੰਨਾ ਸੀ ਕਿ ਬਤਨੇ ਦਾ ਰੰਗ ਤਾਂ ਚਲੋ ਪੱਕਾ ਹੁੰਦਾ, ਕੋਈ ਗੱਲ ਨ੍ਹੀਂ ਸੀ, ਜਿਹੜੀ ਵੱਡੀ ਮਾਤਾ ਨਿਕਲਣ ਨਾਲ ਚਿਹਰੇ ‘ਤੇ ਦਾਗ਼ ਪਏ ਸਨ, ਉਹ ਮਾੜੇ-ਮੋਟੇ ਬਚਦੇ ਨੈਣ-ਨਕਸ਼ਾਂ ਨੂੰ ਵੀ ਖਾ ਗਏ ਸਨ। ਤੇ ਕਦੇ ਕਦੇ ਰਲਾ ਸਿੰਘ ਮਸ਼ਕਰੀ ਨਾਲ ਉਹਨੂੰ ਆਖ ਵੀ ਦਿੰਦਾ ਸੀ ਕਿ ਜੇ ਕਿਤੇ ਉਦੋਂ ਚੇਚਕ ਦਾ ਇਲਾਜ ਲੱਭ ਪੈਂਦਾ ਤਾਂ ਬਤਨਿਆਂ, ਤੇਰੀ ਟੌਹਰ ਹੀ ਹੋਰ ਹੋਣੀ ਸੀ।
ਪਿੰਡ ਵਾਲਿਆਂ ਨੂੰ ਇਹ ਤਾਂ ਯਕੀਨ ਹੋ ਗਿਆ ਸੀ ਕਿ ਰਲਾ ਸਿੰਘ ਹੁਣ ਵਿਆਹ ਨਹੀਂ ਕਰਵਾਏਗਾ ਤੇ ਇਹ ਵਿਸ਼ਵਾਸ ਸਮਾਂ ਲੰਘਣ ਨਾਲ ਬਣਦਾ ਜਾ ਰਿਹਾ ਸੀ ਕਿ ਬਤਨੇ ਦਾ ਵਿਆਹ ਹੋਣ ਦੇ ਆਸਾਰ ਨਹੀਂ ਬਚੇ। ਇਹ ਗੱਲ ਤਾਂ ਚੇਤੇ ਵਿਚ ਵੀ ਨਹੀਂ ਸੀ ਕਿ ਬੱਦਲੀ ਤਾਂ ਨਿੱਕੀ ਜਿਹੀ ਸੀ, ਤੇ ਲਿਆ’ਤਾ ਹੜ੍ਹ! ਵਿਚ-ਵਿਚਾਲੇ ਲੋਕ ਇਹ ਵੀ ਕਹੀ ਜਾਂਦੇ ਸਨ ਕਿ ਚਿੱਬ-ਖੜਿੱਬੇ ਨੂੰ ਤੀਵੀਂ ਪਤਾ ਨ੍ਹੀਂ ਕਿਥੋਂ ਥਿਆ ਗਈ ਏਦਾਂ ਦੀ। ਡੇਢ ਕਨਾਲ ਵੇਚੀ ਸੀ। ਵਿਚੋਲੇ ਨੂੰ ਖੁਆ’ਤੀ ਹੋਣੀ ਆਂ ਸਾਰੀ। ਪਿਉ ਤਾਂ ਨਿੱਕੇ ਹੁੰਦੇ ਦਾ ਮਰ ਗਿਆ ਸੀ। ਮਾਂ ਪ੍ਰਤਾਪੀ ਮਰੀ ਹੋਣ ਕਰ ਕੇ ਕਿਸੇ ਸਿਆਣੇ ਨੇ ਸੋਚਿਆ ਹੋਣਾ ਕਿ ਚਲੋ ਰੋਟੀ ਪੱਕਦੀ ਕਰ ਦਿਉæææ।
ਹੋਇਆ ਇਹ, ਪਈ ਧੰਨੋ ਦੇ ਹੁਸਨ ਦੀ ਚਰਚਾ ਹੀਰ ਵਾਂਗ ਚੌਧਰੀਆਂ ਦੇ ਪਿੰਡ ਤਖ਼ਤ ਹਜ਼ਾਰੇ ਤੱਕ ਪਹੁੰਚ ਗਈ ਸੀ। ਹਾਲੇ ਹੱਟੀ ਭੱਠੀ ‘ਤੇ ਗੱਲਾਂ ਚਲਦੀਆਂ ਹੀ ਸਨ ਕਿ ਖ਼ਬਰ ਆ ਗਈ, ਪਈ ਬਤਨੇ ਦੇ ਜੁਆਕ ਜੰਮ ਪਿਆ। ਤੇ ਨਾਲ ਹੀ ਚੁੰਝ-ਚਰਚਾ ਇਹ ਵੀ ਚਲਦੀ ਕਿ ਸੁਨੱਖਾ ਵੀ ਮਾਂ ਵਰਗਾ ਲਗਦੈ। ਬੋਹੜ ਹੇਠ ਬੈਠਿਆਂ ਇਕ ਦਿਨ ਅਮਲੀ ਕੈਲਾ, ਰਲਾ ਸਿੰਘ ਨੂੰ ਪੁੱਛਣ ਲੱਗਾ, “ਰਲਿਆ, ਭਲਾ ਸੁਣਿਐ ਜਦੋਂ ਦੀ ਤਾਈ ਠਾਕਰੀ ਤੁਰ ਗਈ ਐ, ਤੂੰ ਵੀ ਮਾਂ ਦਾ ਵਿਯੋਗ ਬਾਲ੍ਹਾ ਈ ਲਾ ਲਿਆ ਮਨ ਨੂੰ। ਚੱਲ ਊਂ ਤੇਰਾ ਸੂਤ ਐ, ਹੱਥ ਨਹੀਂ ਲੂਹਣੇ ਪੈਂਦੇ। ਬਤਨੇ ਦੇ ਪੱਕੀ ਪਕਾਈ ਛਕ ਆਉਨੈ। ਖੈਰ, ਦੁੱਧ ਨਾਲ ਬਦਾਮ ਮਿਲੀ ਜਾਣ ਤਾਂ ਸਿਹਤ ਠੀਕ ਵੀ ਰਹਿੰਦੀ ਐ।”
“ਉਏ ਕੈਲਿਆ, ਸਾਲਿਆ ਲੱਤ ਜਿੱਡਾ ਬੰਦੈਂ, ਚੱਕ ਕੇ ਟੋਏ ਵਿਚ ਮਾਰੂੰ। ਛਟਾਂਕ ਭੁੱਕੀ ਪੀ ਕੇ ਗੱਲਾਂ ਮਾਰਦੈ। ਬਤਨਾ ਮੇਰਾ ਭਰਾ ਐ। ਮੈਂ ਖਾਵਾਂ ਜਾਂ ਨਾ ਖਾਵਾਂ, ਤੇਰੇ ਢਿੱਡ ਵਿਚ ਜਲਣ ਹੁੰਦੀ ਐ।”
“ਐਵੇਂ ਠੀਕਰ ਭੰਨਣ ਲੱਗਿਐਂ ਗੁੱਸੇ ਵਿਚ। ਦੋ ਫੁਲਕਿਆਂ ਦਾ ਕੀ ਐæææਧੰਨੋ ਨੂੰ ਚਾਰ ਕਿਲੇ ਵੀ ਦੀਂਹਦੇ ਐ। ਰਲਾ ਸਿਹਾਂ, ਦਾਈਆਂ ਨੂੰ ਪਤਾ ਈ ਹੁੰਦੈ ਕਿ ਵਧੇ ਹੋਏ ਪੇਟ ਦਾ ਕੀ ਮਤਲਬ ਹੁੰਦਾ।”
ਤੇ ਸਾਫ਼ਾ ਗਿੱਟਿਆਂ ਵਿਚ ਮਾਰਦਾ ਕੈਲਾ ਵੈਲੀ ਤਾਂ ਬੋਹੜ ਹੇਠੋਂ ਉਠ ਕੇ ਚਲਾ ਗਿਆ, ਪਰ ਰਲਾ ਸਿੰਘ ਸੋਚਦਾ ਰਿਹਾ, ਇਨ੍ਹਾਂ ਲੋਕਾਂ ਦਾ ਕੀ ਕਰੀਏ? ਵਿਆਹ ਆਲੇ ਦਿਨ ਤੋਂ ਬਾਅਦ ਮੈਂ ਤਾਂ ਕਦੇ ਧੰਨੋ ਵੱਲ ਅੱਖ ਚੁੱਕ ਕੇ ਨ੍ਹੀਂ ਵੇਖੀ ਤੇ ਨਾ ਹੀ ਉਹ ਵਿਚਾਰੀæææ।”
ਰਲਾ ਸਿੰਘ ਹਾਲੇ ਸੋਚਾਂ ਵਿਚ ਦਿਮਾਗ ‘ਤੇ ਬੋਝ ਪਾ ਹੀ ਰਿਹਾ ਸੀ ਕਿ ਜਦੇ ਕੋਲੋਂ ਲੰਘਦੀ ਨੰਦੋ ਮਰਾਸਣ ਨੇ ਆਰ ਲਾ’ਤੀ, “ਵੇ ਰਲਿਆ, ਲੋਹੜੀ ਤੈਨੂੰ ਵੰਡਣੀ ਚਾਹੀਦੀ ਸੀ, ਤੇ ਵਿਚਾਰਾ ਔਖਾ ਬਤਨਾ ਹੋਈ ਫ਼ਿਰਦੈ।”
“ਭਾਬੀ ਮੈਂ ਕਾਹਤੋਂ ਵੰਡਾਂ?”
“ਲੈ, ਸੰਤ ਬਣਦਾ ਫ਼ਿਰਦਾ ਕਿਤੇ। ਆਸਰੀ ਦਾਈ ਨੇ ਤਾਂ ਉਦਣੇ ਦੁਹਾਈ ਪਾ’ਤੀ ਸੀ, ਪਈ ਮੜੰਗਾ ਮੁੰਡੇ ਦਾ ਐਨ ਰਲੇ ‘ਤੇ ਆ।”
æææਤੇ ਰਲਾ ਸਿੰਘ ਵਿਚਾਰਾ ਲਾਜਵੰਤੀ ਵਾਂਗ ਹੋਰ ‘ਕੱਠਾ ਹੋ ਗਿਆ, ਜਿਵੇਂ ਕਿਸੇ ਨੇ ਕਰਜ਼ਾ ਤਾਂ ਚੁੱਕਿਆ ਈ ਨ੍ਹੀਂ, ਵਿਆਜ ਸਣੇ ਕਿਸ਼ਤ ਪਹਿਲਾਂ ਆ ਗਈ।
ਉਧਰ ਚੀਨ ਦੇ ਸ਼ੰਘਈ ਸ਼ਹਿਰ ਵਿਚ ਨਵੇਂ ਨਵੇਂ ਪੁਲ ਬਣਨ ਲੱਗੇ ਸਨ। ਪਿੰਡ ਦੇ ਕਾਫੀ ਬੰਦੇ ਇਸ ਲੰਬੇ ਕੰਮ ‘ਤੇ ਜਾ ਰਹੇ ਸਨ। ਬਤਨੇ ਨੇ ਸੋਚਿਆ, ਮੈਂ ਵੀ ਦੋ-ਚਾਰ ਸਾਲ ਲਾ ਆਉਨਾ ਆਂ।
ਗੱਲ ਬਣ ਗਈ। ਹੱਡੀਂ-ਪੈਰੀਂ ਖੁੱਲ੍ਹਾ ਹੋਣ ਕਾਰਨ ਠੇਕੇਦਾਰ ਨੇ ਉਹਦੇ ਲਈ ਵੀ ‘ਹਾਂ’ ਭਰ’ਤੀ, ਤੇ ਘਰ ਦੀ ਗਰੀਬੀ ਧੋਣ ਲਈ ਬਤਨਾ ਸ਼ੰਘਈ ਜਾਣ ਤੋਂ ਪਹਿਲਾਂ ਰਲਾ ਸਿੰਘ ਨੂੰ ਜਿਵੇਂ ਲਾਕਰ ਦੀਆਂ ਚਾਬੀਆਂ ਫੜਾ ਗਿਆ ਹੋਵੇ। ਕਹਿਣ ਲੱਗਾ, “ਮਿੱਤਰਾ, ਜਦੋਂ ਤੱਕ ਮੁੜਦਾ ਨ੍ਹੀਂ, ਧੰਨੋ ਤੇ ਦੋਵੇਂ ਜੁਆਕਾਂ ਦਾ ਖਿਆਲ ਰੱਖੀਂ। ਸਮਝ ਲੈ ਹੁਸਨੇ ਬਾਣੀਏ ਵਾਂਗ ਬਹੀ ਵੀ ਤੇਰੇ ਨਾਂ, ਤੇ ਖਾਤਾ ਵੀ।æææਤੇ ਇਉਂ ਰਲਾ ਸਿੰਘ ਨੂੰ ਦਾਲ-ਫੁਲਕੇ ਦੇ ਨਾਲ ਨਾਲ ਬਤਨੇ ਦੇ ਘਰ ਦੀ ਚਾਬੀ ਵੀ ਮਿਲ ਗਈ ਸੀ।
ਹਾਲਾਤ ਇੱਦਾਂ ਦੇ ਬਣੇ ਸਨ ਕਿ ਬਾਤ ਪੈ ਹੀ ਨਹੀਂ ਰਹੀ ਸੀ, ਪਰ ਹੁੰਗਾਰਾ ਚਾਰੇ ਪਾਸੇ ਐਵੇਂ ਹੀ ਭਰਿਆ ਜਾ ਰਿਹਾ ਸੀ। ਖਰਬੂਜੇ ਨੂੰ ਖਰਬੂਜਾ ਟੱਕਰਨ ਕਰ ਕੇ ਪਿੰਡ ਦੇ ਕੁਝ ਲੋਕਾਂ ਨੇ ਸ਼ੱਕ ਦਾ ਐਵੇਂ ਨਕਲੀ ਸੂਈਆਂ ਵਾਲਾ ਘੰਟਾ ਘਰ ਉਸਾਰ ਲਿਆ ਸੀ।
ਰਲਾ ਸਿੰਘ ਦੇ ਦੋ ਕੋਠੇ ਜਿੱਡੇ ਜਵਾਨ ਭਤੀਜੇ ਅੰਦਰੋਂ ਤਾਂ ਤਾਏ ਨਾਲ ਲੋਕਾਂ ਦੀਆਂ ਗੱਲਾਂ ਸੁਣ ਕੇ ਲੋਹੇ-ਲਾਖੇ ਰਹਿੰਦੇ ਸਨ, ਪਰ ਚਾਰ ਕਿੱਲਿਆਂ ਦਾ ਲਾਲਚ ਮੱਲੋ-ਮੱਲੀ ਤਾਏ ਦੇ ਹੱਕ ਵਿਚ ਜੈਕਾਰੇ ਛੱਡਣ ਲਈ ਮਜਬੂਰ ਕਰਦਾ ਸੀ।
ਪਿੰਡ ਵਿਚ ਕਿਹੜੀਆਂ ਤੂਤੀਆਂ ਬੋਲੀਆਂ ਜਾਂਦੀਆਂæææਜਾਣਦੀ ਤਾਂ ਧੰਨੋ ਵੀ ਸਭ ਕੁਝ ਸੀ, ਪਰ ਉਹਨੂੰ ਵਿਸ਼ਵਾਸ ਸੀ ਕਿ ਸੋਨੇ ਨੂੰ ਜੰਗ ਨਹੀਂ ਪੈ ਸਕਦਾ। ਬਤਨੇ ਦੇ ਜਾਣ ਪਿੱਛੋਂ ਜਦੋਂ ਸਾਢੇ ਕੁ ਸੱਤੀਂ ਮਹੀਨੀਂ ਧੰਨੋ ਨੇ ਤੀਜੇ ਜੁਆਕ ਨੂੰ ਜਨਮ ਦਿੱਤਾ ਤਾਂ ਜਿਵੇਂ ਪਿੰਡ ਵਿਚ ਬੰਬ ਚੱਲ ਗਿਆ ਹੋਵੇ। ਇੰਤਕਾਲ ਰਲਾ ਸਿੰਘ ਦੇ ਨਾਂ। ਬਿਨਾਂ ਹਿਸਾਬ ਕਿਤਾਬ ਲਾਏ, ਲੋਕ ਵਿਚਾਰੀ ਧੰਨੋ ਦੇ ਕਾਲਖ ਮਲੀ ਜਾਣ, “ਬਤਨੇ ਗਏ ਨੂੰ ਤਾਂ ਡੂਢ ਸਾਲ ਹੋ ਗਿਆ। ਕਰ’ਲੀ ਅੰਦਰ ਖਾਤੇ ਧੰਨੋ ਤੇ ਰਲੇ ਨੇ ਚਾਦਰਦਾਰੀ।”
ਫ਼ਿਰ ਇਕ ਦਹਾਕੇ ਤੋਂ ਵੱਧ ਸਮਾਂ ਲੰਘ ਗਿਆ। ਨਾ ਬਤਨਾ ਆਇਆ, ਤੇ ਨਾ ਕੋਈ ਖ਼ਤ ਪੱਤਰ। ਦੂਜੇ ਪਾਸੇ ਰਲਾ ਸਿੰਘ ਦੇ ਅੰਦਰ ਮਰਦਾਂ ਵਾਲੀ ਮੱਤ ਜਾਗਣ ਲੱਗ ਪਈ। ਲੋਕਾਂ ਨੇ ਹੁਣ ਕਹਿ ਲਿਆ ਜੋ ਕਹਿਣਾ ਸੀ। ਇਕ ਦਿਨ ਅੱਧੀ ਰਾਤੀਂ ਗਰਮੀਆਂ ਦੇ ਦਿਨੀਂ ਮੀਂਹ-ਹਨ੍ਹੇਰੀ ‘ਕੱਠੇ ਆ ਗਏ। ਰਲਾ ਸਿੰਘ ਮੰਜੇ ਬਿਸਤਰੇ ਸਣੇ ਵਿਹੜੇ ਵਿਚੋਂ ਉਠ ਕੇ ਅੰਦਰ ਗਿਆ। ਦੀਵੇ ਨੂੰ ਫੂਕ ਮਾਰ ਕੇ ਧੰਨੋ ਦੀ ਬਾਂਹ ਫੜ ਲਈ।
“ਨਹੀਂ, ਅੱਜ ਉਹ ਦਿਨ ਨਹੀਂ ਐ ਜਿੱਦਣ ਫੁਲਕਾਰੀ ਟਾਂਗੇ ਵਿਚ ਫਸੀ ਸੀ। ਲੋਕ ਜੋ ਮਰਜ਼ੀ ਕਹਿਣ, ਪਰ ਤੈਨੂੰ ਮੈਂ ਆਪਣੇ ਸਹੁਰੇ ਸਮਾਨ ਮੰਨਦੀ ਹਾਂ।”
ਜੰਗ ਹਾਰਦਾ ਦੇਖ ਕੇ ਰਲਾ ਸਿੰਘ ਸ਼ਰਮ ਲਾਲਚ ਵਿਚ ਲਪੇਟ ਕੇ ਕਹਿਣ ਲੱਗਾ, “ਆਪਣੇ ਹਿੱਸੇ ਦੀ ਜ਼ਮੀਨ ਤੇਰੇ ਨਾਂ ਲੁਆ ਦਿਆਂਗਾæææਕਹਿਣਾ ਮੰਨ ਲੈ। ਵਾਅਦਾ ਕਰਦਾਂ।”
“ਨਹੀਂ, ਮੇਰਾ ਇਕਰਾਰ ਇਹ ਹੈ ਕਿ ਮੈਂ ਮਰਦੇ ਦਮ ਤੱਕ ਸੇਵਾ ਕਰਾਂਗੀ ਪਿਉ ਸਮਝ ਕੇ।”
ਰਲਾ ਸਿੰਘ ਫ਼ਿਰ ਕਈ ਦਿਨ ਧੰਨੋ ਦੇ ਘਰ ਨਾ ਆਇਆ, ਜਿਵੇਂ ਕਲਯੁੱਗ ਸਤਿਯੁੱਗ ਦੇ ਗਲ ਲੱਗ ਕੇ ਰੋਣ ਲੱਗ ਪਿਆ ਹੋਵੇ।
ਜਿੱਦਣ ਆਇਆ ਹੱਥ ਵਿਚ ਕਾਗਜ਼ ਸੀ। ਧੰਨੋ ਹੱਥ ਫੜਾ ਕੇ ਕਹਿਣ ਲੱਗਾ, “ਹੁਣ ਮੈਂ ਪੁੰਨ ਦਾ ਰਾਸਤਾ ਪਾਪ ਨਾਲ ਨਹੀਂ ਕੱਟਾਂਗਾ। ਤੂੰ ਮੇਰੀ ਬੱਸ ਧੀ ਰਹੇਂਗੀ। ਆਹ ਮੇਰੇ ਹਿੱਸੇ ਦੇ ਚਾਰ ਕਿੱਲੇ ਤੇਰੇ ਨਾਂ ਵਸੀਅਤ ਐ, ਸੰਭਾਲ ਲੈ।”
ਰਲਾ ਸਿੰਘ ਅੰਦਰ ਜਿਵੇਂ ਕੋਈ ਗਮ ਬੈਠ ਗਿਆ ਹੋਵੇ। ਉਹ ਮੰਜੇ ‘ਤੇ ਲੇਟਿਆ ਰਹਿੰਦਾ। ਧੰਨੋ ਨੇ ਪੁੱਛਿਆ, “ਗੱਲ ਕੀ ਐ?” ਕਹਿਣ ਲੱਗਾ, “ਜ਼ਮੀਰ ਨੂੰ ਕੋਹੜ ਹੋ ਗਿਆ ਹੈ।” ਪਹਿਲਾਂ ਮੱਠਾ ਮੱਠਾ ਬੁਖਾਰ ਚੜ੍ਹਿਆ, ਫ਼ਿਰ ਖੰਘ ਨੇ ਘੇਰਿਆ, ਤੇ ਫਿਰ ਤਾਂ ਮੰਜੇ ‘ਤੇ ਪਿਆ ਆਖਿਰ ਮੰਜੇ ਨਾਲ ਹੀ ਲੱਗ ਗਿਆ। ਸਵਾ ਮਹੀਨਾ ਛਿਲੇ ਵਾਂਗ ਬਿਮਾਰੀਆਂ ‘ਕੱਠੀਆਂ ਹੋ ਕੇ ਮੌਤ ਦਾ ਬਿਸਤਰਾ ਬੰਨ੍ਹਦੀਆਂ ਰਹੀਆਂ।æææਤੇ ਮਰਨ ਤੋਂ ਇਕ ਦਿਨ ਪਹਿਲਾਂ ਬਤਨਾ ਵੀ ਬਾਰੀਂ ਬਰਸੀਂ ਖੱਟ ਕੇ ਘਰੇ ਆ ਮੁੜਿਆ, ਤੇ ਅਗਲੇ ਦਿਨ ਰਲਾ ਸਿੰਘ ਦੇ ਸੁਆਸ ਬਤਨੇ ਦੇ ਹੱਥਾਂ ਵਿਚ ਨਿਕਲ ਗਏ।
ਅਫਸੋਸ ਕਰਨ ਗਏ ਪਟਵਾਰੀ ਨੇ ਭਤੀਜਿਆਂ ਨੂੰ ਤਾਏ ਰਲੇ ਦੀ ਵਸੀਅਤ ਦਾ ਭੇਤ ਵੀ ਦੱਸ ਦਿੱਤਾ ਕਿ ਸਭ ਕੁਝ ਧੰਨੋ ਦੇ ਨਾਂ ਕਰਵਾ ਗਿਆ ਹੈ। ਭਤੀਜਿਆਂ ਨੇ ਸੰਸਕਾਰ ਤੋਂ ਮੁੜਦਿਆਂ ਧੰਨੋ ਤੇ ਬਤਨੇ ਦੀ ਅਲਖ ਮੁਕਾਉਣ ਲਈ ਟਕੂਏ ਦਾਤ ਬੁੱਕਲਾਂ ਹੇਠ ਦੇ ਲਏ।
ਲਾਬੂੰ ਲਾਉਣ ਤੋਂ ਪਹਿਲਾਂ ਭੱਜੀ ਆਉਂਦੀ ਧੰਨੋ ਨੇ ਕੜਕ ਨੇ ਕਿਹਾ, “ਇਹ ਮੇਰਾ ਪਿਉ ਸੀ। ਮੇਰੇ ਨਾਂ ਆਪ ਵਸੀਅਤ ਕਰਾ ਕੇ ਗਿਆ ਸੀ। ਇਹ ਪਾੜ ਕੇ ਮੈਂ ਉਹਦੀ ਚਿਤਾ ਵਿਚ ਸੁੱਟਦੀ ਆਂ। ਤੁਸੀਂ ਵੀ ਬੇਗੁਨਾਹ ਦੇ ਗੁਨਾਹ ਨੂੰ ਫੂਕ ਕੇ ਜਾਇਓæææ।
ਦੋਵਾਂ ਭਤੀਜਿਆਂ ਦੇ ਸਿਰ ਧੰਨੋ ਦੇ ਕਦਮਾਂ ਵਿਚ ਸਨ ਤੇ ਪੂਰਾ ਪਿੰਡ ਰਲਾ ਸਿੰਘ ਦੀ ਮੌਤ ‘ਤੇ ਨਹੀਂ, ਇਸ ਕਰ ਕੇ ਦੁਖੀ ਸੀ ਕਿ ਦਾਗ਼ ਧੰਨੋ ਦੇ ਨਹੀਂ, ਪਿੰਡ ਦੇ ਪਿੰਡੇ ‘ਤੇ ਪੈ ਗਿਆ ਸੀ।
ਲਗਦਾ ਨਹੀਂ ਕਿ ਕੁਝ ਲੋਕ ਸ਼ਿਕਾਰ ਖੇਡਣ ਗਏ ਸਨ, ਹਥਿਆਰ ਗੁਆ ਕੇ ਘਰਾਂ ਨੂੰ ਆ ਗਏ।
__________________________________
ਗੱਲ ਬਣੀ ਕਿ ਨਹੀਂ
ਐਸ ਅਸ਼ੋਕ ਭੌਰਾ
ਦਿੱਲੀ ਤੇ ਧੀਆਂ
ਦਿੱਲੀ ਦਹਿਲ ਗਈ ਵੇਖ ਲੈ ਫਿਰ ਮਿੱਤਰਾ, ਦਿਲ ਕੰਬਿਆ ਬੀਬਿਆਂ ਰਾਣਿਆਂ ਦਾ।
ਇਹ ਉਜੜਦੀ ਤੇ ਵਸਦੀ ਆਈ ਸੁਣਿਐ, ਬਣੂ ਹੁਣ ਕੀ ਇਨ੍ਹਾਂ ਕਹਾਣਿਆਂ ਦਾ।
ਧੀਆਂ, ਬਾਲੜੀਆਂ ਜਬਰ ਦੀ ਭੇਟ ਚੜ੍ਹੀਆਂ ‘ਲਾਜ ਕਰੀਏ ਕੀ ਟੁੱਟਿਆਂ ਤਾਣਿਆਂ ਦਾ।
ਹੁੰਦਾ ਹਾਕਮਾਂ ਦੇ ਨੱਕ ਦੇ ਹੇਠ ਸਭ ਕੁਝ, ਮੂੰਹ ਮੋੜ ਨ੍ਹੀਂ ਹੁੰਦਾ ਮੁਹਾਣਿਆਂ ਦਾ।
ਫਾਹੇ ਟੰਗਣ ਦੇ ਬਣਨ ਕਾਨੂੰਨ ਡਾਢੇ, ਕੀ ਪੀਠਾਂਗੇ ਇਨ੍ਹਾਂ ਦੇ ਛਾਣਿਆਂ ਦਾ।
ਮਾਪੇ ਵਿਲਕਦੇ ਆਂਦਰਾਂ ਰੋਣ ਭੁੱਬੀਂ, ਉਠੇ ਸੂਰਮਾ ਬਚਾਵੇ ਪੱਤ ਸਾਡੀ।
‘ਭੌਰੇ’ ਬਿੱਲੀ ਦੇ ਗਲ ਨਾ ਪਵੇ ਟੱਲੀ, ਚੁੱਕੀ ਲੁੱਚਿਆਂ ਲੋਫਰਾਂ ਅੱਤ ਡਾਢੀ।

Be the first to comment

Leave a Reply

Your email address will not be published.